ਕਲਮਾਂ ਵਾਲੀਆਂ: ਪਾਠਕ ਲਈ ਨਵੀਂ ਦੁਨੀਆ ਦੇ ਦਰ ਖੋਲ੍ਹਦੀ ਸੁਰਿੰਦਰ ਨੀਰ

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਸੁਰਿੰਦਰ ਨੀਰ ਪੰਜਾਬੀ ਗਲਪ ਦਾ ਜਾਣਿਆ-ਪਛਾਣਿਆ ਨਾਂ ਹੈ। ਲੇਖਕ ਅਤੇ ਜਾਣ-ਪਛਾਣ ਦਾ ਵਰਤਾਰਾ ਅਨੋਖਾ ਹੈ। ਕੁਝ ਲੇਖਕ ਲੰਮੇ ਸਮੇਂ ਤੱਕ ਲਿਖਦੇ ਰਹਿੰਦੇ ਹਨ ਅਤੇ ਬੇਪਛਾਣੇ ਰਹਿੰਦਿਆਂ ਕੀਤੀ ਜਾਂਦੀ ਇਸ ਕਲਮੀ ਯਾਤਰਾ ਦੌਰਾਨ ਕਿਤੇ ਕਾਫ਼ੀ ਅੱਗੇ ਚੱਲ ਕੇ ਪਾਠਕ ਉਨ੍ਹਾਂ ਨੂੰ ਪਛਾਣਨ ਲਗਦੇ ਹਨ। ਕੁਝ ਲੇਖਕ ਅਜਿਹੇ ਵੀ ਹੁੰਦੇ ਹਨ ਕਿ ਸਾਹਿਤ ਦੇ ਵਿਹੜੇ ਪੈਰ ਰਖਦਿਆਂ ਹੀ, ਭਾਵ ਪਹਿਲੀ ਪੁਸਤਕ ਛਪਦਿਆਂ ਹੀ ਉਹ ਪਾਠਕਾਂ ਦੀ ਸਵਾਗਤੀ “ਜੀ ਆਇਆਂ” ਦੇ ਅਧਿਕਾਰੀ ਹੋ ਜਾਂਦੇ ਹਨ। ਸੁਰਿੰਦਰ ਨੀਰ ਅਜਿਹੀ ਹੀ ਖ਼ੁਸ਼ਕਿਸਮਤ ਗਲਪਕਾਰ ਹੈ।

ਜਦੋਂ 2002 ਵਿਚ ਉਸ ਦਾ ਪਹਿਲਾ ਕਹਾਣੀ-ਸੰਗ੍ਰਹਿ ‘ਦਸਤਕ ਦੀ ਉਡੀਕ’ ਛਪਿਆ ਤਾਂ ਗਲਪ ਦਾ ਵਿਹੜਾ ਜਿਵੇਂ ਉਸ ਦੀ ਦਸਤਕ ਦੀ ਉਡੀਕ ਤੋਂ ਬਿਨਾਂ ਹੀ ਬੂਹਾ ਖੋਲ੍ਹ ਕੇ ਉਸ ਦੀ ਉਡੀਕ ਕਰ ਰਿਹਾ ਸੀ। ਉਸ ਦਾ ਦੂਜਾ ਕਹਾਣੀ-ਸੰਗ੍ਰਹਿ ‘ਖੁਲ ਜਾ ਸਿਮਸਿਮ’ ਸੱਤ ਸਾਲ ਮਗਰੋਂ, 2009 ਵਿਚ ਛਪਿਆ। ਪਰ ਏਨੇ ਸਾਲਾਂ ਵਿਚ ਵੀ ਪਾਠਕ ਉਸ ਦੇ ਪਹਿਲੇ, ਇਕਲੌਤੇ ਕਹਾਣੀ-ਸੰਗ੍ਰਹਿ ਨੂੰ ਭੁੱਲੇ ਨਹੀਂ ਸਨ। ਕੁਦਰਤੀ ਸੀ ਕਿ ਦੂਜੇ ਕਹਾਣੀ-ਸੰਗ੍ਰਹਿ ਨੇ ਉਸ ਦੀ ਪਛਾਣ ਹੋਰ ਪੁਖ਼ਤਾ ਕਰ ਦਿੱਤੀ। ਪਰ ਉਹਦੀ ਤੀਜੀ ਪੁਸਤਕ ਕਹਾਣੀ-ਸੰਗ੍ਰਹਿ ਨਹੀਂ ਸੀ। ਅਗਲੇ ਹੀ ਸਾਲ, 2010 ਵਿਚ ਉਸ ਨੇ ‘ਸ਼ਿਕਾਰਗਾਹ’ ਨਾਂ ਦਾ ਨਾਵਲ ਪਾਠਕਾਂ ਦੀ ਝੋਲ਼ੀ ਪਾ ਦਿੱਤਾ। ਤਿੰਨ ਸਾਲ ਮਗਰੋਂ ਆਏ ਨਾਵਲ ‘ਮਾਇਆ’ ਦੀ ਏਨੀ ਚਰਚਾ ਹੋਈ ਕਿ ਉਸ ਦਾ ਕਹਾਣੀਕਾਰ ਹੋਣਾ ਪਿੱਛੇ ਰਹਿ ਗਿਆ ਤੇ ਉਸ ਦੀ ਪਛਾਣ ਨਾਵਲਕਾਰ ਵਜੋਂ ਵਧੀਕ ਬਣ ਗਈ। ‘ਚਸ਼ਮਿ-ਬੁਲਬੁਲ’ ਉਸ ਦੀ ਪੰਜਵੀਂ ਪੁਸਤਕ ਤੇ ਤੀਜਾ ਨਾਵਲ ਹੈ।
ਕਿਸੇ ਲੇਖਕ ਦਾ ਕਹਾਣੀਕਾਰ ਤੋਂ ਨਾਵਲਕਾਰ ਬਣਨਾ ਇਕ ਦਿਲਚਸਪ ਵਰਤਾਰਾ ਹੈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਿਸੇ ਸੰਘਣੀ ਕਹਾਣੀ ਨੂੰ ਵਧਾ ਕੇ, ਉਸ ਵਿਚ ਸੰਬੰਧਿਤ-ਅਸੰਬੰਧਿਤ ਗੱਲਾਂ ਜੋੜ ਕੇ, ਭਾਵ ਉਸ ਵਿਚ ਪਾਣੀ ਪਾ ਕੇ ਉਸ ਨੂੰ ਨਾਵਲ ਬਣਾਇਆ ਜਾ ਸਕਦਾ ਹੈ। ਸਾਹਿਤ ਦੇ ਸਿਆਣਿਆਂ ਦਾ ਮੱਤ ਹੈ ਤੇ ਇਹ ਠੀਕ ਮੱਤ ਹੈ ਕਿ ਕਹਾਣੀ ਤੇ ਨਾਵਲ ਵਿਚ, ਦੋਵੇਂ ਕਥਾ-ਆਧਾਰਿਤ ਤੇ ਪਾਤਰ-ਆਧਾਰਿਤ ਹੋਣ ਦੇ ਬਾਵਜੂਦ, ਸਿਰਫ਼ ਆਕਾਰ ਦਾ ਹੀ ਫ਼ਰਕ ਨਹੀਂ ਹੁੰਦਾ ਸਗੋਂ ਇਹ ਦੋ ਵੱਖ ਵੱਖ ਵਿਧਾਵਾਂ ਹਨ ਜਿਨ੍ਹਾਂ ਦੀ ਆਪਣੀ ਆਪਣੀ ਨੇਮਾਵਲੀ ਤੇ ਮਰਯਾਦਾ ਹੈ। ਤਾਂ ਵੀ ਕਹਾਣੀ ਬਾਰੇ ਇਹ ਕਹਿਣਾ ਗ਼ਲਤ ਨਹੀਂ ਕਿ ਉਹ ਕਿਸੇ ਹੱਦ ਤੱਕ ਨਾਵਲ-ਰਚਨਾ ਲਈ ਅਭਿਆਸ ਸਿੱਧ ਹੁੰਦੀ ਹੈ।
ਸੁਰਿੰਦਰ ਦੇ ਦੋਵਾਂ ਕਹਾਣੀ-ਸੰਗ੍ਰਹਿਆਂ ਵਿਚ ਕਈ ਕਹਾਣੀਆਂ ਅਜਿਹੀਆਂ ਮਿਲਦੀਆਂ ਹਨ ਜਿਨ੍ਹਾਂ ਦੇ ਪਾਤਰਾਂ ਦੀਆਂ ਨਿੱਖਰਵੀਆਂ ਸ਼ਖ਼ਸੀਅਤਾਂ ਤੇ ਘਟਨਾਵਾਂ ਦਾ ਸ਼ਕਤੀਸ਼ਾਲੀ ਵੇਗ ਦੇਖ ਕੇ ਸਿਆਣੇ ਪਾਠਕ ਨੂੰ ਉਨ੍ਹਾਂ ਵਿਚ ਨਾਵਲ ਦੇ ਬੀ ਸਾਫ਼ ਨਜ਼ਰ ਆ ਜਾਂਦੇ ਹਨ। ਇਸ ਦੇ ਨਾਲ਼ ਹੀ ਲੇਖਿਕਾ ਦਾ ਪਾਤਰਾਂ ਤੇ ਘਟਨਾਵਾਂ ਦੀ ਪੇਸ਼ਕਾਰੀ ਦਾ ਭਾਸ਼ਾਈ ਤੇ ਗਲਪੀ ਸੁਚੱਜ ਵੀ ਉਸ ਦੀਆਂ ਨਾਵਲਕਾਰੀ ਸੰਭਾਵਨਾਵਾਂ ਸਪੱਸ਼ਟ ਕਰ ਦਿੰਦਾ ਹੈ।
‘ਚਸ਼ਮਿ-ਬੁਲਬੁਲ’ ਇਕ ਅਜਿਹੇ ਕਸ਼ਮੀਰੀ ਮੁਸਲਮਾਨ ਪਰਿਵਾਰ ਦੀ ਕਹਾਣੀ ਹੈ ਜੋ ਪੁਸ਼ਤ-ਦਰ-ਪੁਸ਼ਤ ਕਾਨੀ ਸ਼ਾਲ ਬੁਣਦਾ ਆਇਆ ਹੈ, ਜਿਸ ਨੂੰ ਭਾਰਤ ਦੀਆਂ ਸਭ ਤੋਂ ਜਟਿਲ ਬੁਣਤੀਆਂ ਅਤੇ ਕਸ਼ਮੀਰ ਦੀਆਂ ਸਭ ਤੋਂ ਪੁਰਾਣੀਆਂ ਹੱਥ-ਕਲਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਕਾਨੀ ਤੋਂ ਭਾਵ ਪੰਜਾਬ ਵਾਲ਼ੀ ਕਾਨੀ ਹੀ ਹੈ। ਸ਼ਾਲ ਵਿਚ ਜਿੰਨੇ ਰੰਗ ਪਾਉਣੇ ਹੋਣ, ਕਾਠ ਦੀਆਂ ਓਨੀਆਂ ਕਾਨੀਆਂ ਉੱਤੇ ਰੰਗਦਾਰ ਧਾਗੇ ਲਪੇਟ ਕੇ
ਛੇ ਸੂਹੇ, ਦੋ ਗੁਲਾਬੀ, ਅੱਠ ਅਸਮਾਨੀ ਤੇ ਫਿਰ ਅਗਲਾ…
ਅੱਠ ਸੂਹੇ, ਦੋ ਗੁਲਾਬੀ, ਛੇ ਅਸਮਾਨੀ ਤੇ ਫਿਰ ਅਗਲਾ …
ਚਾਰ ਸੂਹੇ, ਚਾਰ ਗੁਲਾਬੀ, ਛੇ ਅਸਮਾਨੀ ਤੇ ਫਿਰ ਅਗਲਾ
ਜਿਹਾ ਗੀਤ ਗਾਉਂਦਿਆਂ ਕਾਨੀਕਾਰ ਤਾਣੇ ਵਿਚੋਂ ਕਾਨੀਆਂ ਲੰਘਾਉਂਦਿਆਂ ਰੰਗ-ਬਰੰਗਾ ਬਾਣਾ ਬੁਣਦਾ ਜਾਂਦਾ ਹੈ। ਇਹ ਕਲਾ ਭਾਵੇਂ ਸਿਰਫ਼ ਇਕ ਪਿੰਡ ‘ਕਾਨੀਗਾਮ’ ਦੀ ਹੀ ਵਿਸ਼ੇਸ਼ਤਾ ਹੈ ਪਰ ਸਮੁੱਚੇ ਕਸ਼ਮੀਰ ਦੇ ਦਸਤਕਾਰ ਸੁਚੱਜ ਦੀ ਪ੍ਰਤੀਕ ਮੰਨੀ ਜਾਂਦੀ ਹੈ।
ਅਸਲ ਵਿਚ ਇਸ ਕਾਰਜ ਨੂੰ ਸ਼ਾਲ ਬੁਣਨਾ ਆਖਣਾ ਕਾਨੀ ਸ਼ਾਲ ਦੀ ਪੂਰੀ ਕਲਾਕਾਰੀ ਨੂੰ ਉਜਾਗਰ ਨਹੀਂ ਕਰਦਾ। ਕਾਨੀ ਸ਼ਾਲ ਇਕ ਕਲਾ ਹੈ, ਸਿਰਜਨਾ ਹੈ। ਇਸ ਦੀ ਬਰੀਕੀ ਤੇ ਸੂਖ਼ਮਤਾ ਦਾ ਕੁਝ ਅੰਦਾਜ਼ਾ ਇਥੋਂ ਲੱਗ ਸਕਦਾ ਹੈ ਕਿ ਜਿਥੇ ਪਸ਼ਮੀਨੇ ਦੀ ਇਕ ਸਾਧਾਰਨ ਸ਼ਾਲ ਬੁਣਨ ਵਿਚ ਇਕ ਕਾਰੀਗਰ ਨੂੰ ਤਿੰਨ-ਚਾਰ ਹਫ਼ਤੇ ਲਗਦੇ ਹਨ, ਕਾਨੀ ਸ਼ਾਲ ਦਸ ਘੰਟੇ ਕੰਮ ਕਰਨ ਵਾਲ਼ੇ ਦੋ ਕਾਰੀਗਰਾਂ ਦਾ ਪੂਰਾ ਸਾਲ ਲੈ ਲੈਂਦੀ ਹੈ। ਲੇਖਿਕਾ ਠੀਕ ਹੀ ਇਸ ਨੂੰ “ਸਰੀਰ ਦੁਆਲ਼ੇ ਲਪੇਟਿਆ ਜਾਣ ਵਾਲ਼ਾ ਕੱਪੜਾ” ਹੋਣ ਦੀ ਥਾਂ “ਕਸ਼ਮੀਰ ਤੇ ਕਸ਼ਮੀਰੀਅਤ ਦੀ ਆਪਮੁਹਾਰੇ ਬੋਲਦੀ ਪਹਿਚਾਣ” ਅਤੇ “ਸਾਰੀ ਦੁਨੀਆ ਦੇ ਨਫ਼ਾਸਤਪਸੰਦ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲ਼ੀ ਕਲਾ” ਆਖਦੀ ਹੈ। ਨਾਵਲ ਨੇ ਕਾਨੀ ਸ਼ਾਲ ਬਾਰੇ ਹੋਰ ਬਹੁਤਾ ਜਾਣਨ ਦੀ ਮੇਰੀ ਤੇਹ ਤਿੱਖੀ ਕਰ ਦਿੱਤੀ ਤਾਂ ਮੈਂ ਦੇਖਿਆ, “ਦੁਨੀਆ ਦੇ ਨਫ਼ਾਸਤਪਸੰਦ ਲੋਕਾਂ ਦੇ ਦਿਲਾਂ ਤੇ ਰਾਜ ਕਰਨ” ਦਾ ਇਹ ਕਥਨ ਐਵੇਂ ਇਕ ਸਾਹਿਤਕ ਵਡਿਆਈ ਹੀ ਨਹੀਂ ਹੈ ਸਗੋਂ ਇਕ ਨਿੱਗਰ ਹਕੀਕਤ ਹੈ। ਇਹ ਪੈਰਿਸ, ਨਿਊਯਾਰਕ ਤੇ ਲੰਡਨ ਦੇ ਸੰਸਾਰ-ਪ੍ਰਸਿੱਧ ਕਲਾ-ਭਵਨਾਂ ਵਿਚ ਕਲਾ-ਕਿਰਤ ਵਜੋਂ ਸਜੀ ਹੋਈ ਹੈ। ਪੈਰਿਸ ਦੇ ਲੂਵ ਮਿਊਜ਼ੀਅਮ ਵਿਚ ਤਾਂ ਫ਼ਰਾਂਸ ਦੀ 19ਵੀਂ ਸਦੀ ਦੀ ਮਹਾਰਾਣੀ ਜੋਜ਼ਫ਼ੀਨ ਦੇ ਪੋਰਟਰੇਟ ਸਜੇ ਹੋਏ ਹਨ ਜਿਨ੍ਹਾਂ ਵਿਚ ਉਸ ਨੇ ਕਾਨੀ ਸ਼ਾਲ ਪਹਿਣੀ ਹੋਈ ਹੈ।
ਪਰ ਇਸ ਦਾ ਇਹ ਭਾਵ ਨਹੀਂ ਕਿ ਜਿੰਨੀ ਕਲਾਮਈ ਤੇ ਮਹਿੰਗੀ ਇਹ ਸੁੰਦਰ ਸ਼ਾਲ ਹੈ, ਓਨਾ ਹੀ ਖ਼ੁਸ਼ਹਾਲ ਤੇ ਸੁੰਦਰ ਇਸ ਦੇ ਸਿਰਜਕ ਕਲਾਕਾਰਾਂ ਦਾ ਜੀਵਨ ਹੈ। ਕਸ਼ਮੀਰ ਦੀ ਸੁੰਦਰਤਾ ਤਾਂ ਆਦਿ-ਜੁਗਾਦੀ ਹੈ। ਬਾਰਵੀਂ ਸਦੀ ਦੇ ਕਸ਼ਮੀਰੀ ਕਵੀ, ‘ਰਾਜਤਰੰਗਨੀ’ ਦੇ ਕਰਤਾ, ਕਲਹਨ ਨੇ ਲਿਖਿਆ ਸੀ:
ਜਿਥੇ ਸੂਰਜ ਕੋਸੀ ਧੁੱਪ ਲਿਆਵੇ,
ਗਿਆਨ ਦਾ ਚਾਨਣ,
ਕਲਕਲ ਵਗਦੇ ਸੀਤਲ ਪਾਣੀ,
ਖ਼ੁਸ਼ਬੂ ਕੇਸਰ ਦੀ, ਅੰਗੂਰ ਦਾ ਜ਼ਾਇਕਾ,
ਜੋ ਨਾ ਮਿਲਦੇ ਵਿਚ ਸਵਰਗਾਂ!
ਤ੍ਰੈਲੋਕੀ ਵਿਚ ਸਭ ਤੋਂ ਸੁੰਦਰ ਹੈ ਕੈਲਾਸ਼,
ਕੈਲਾਸ਼ ਦੇ ਵਿਚੋਂ ਹਿਮਾਲੇ ਦੀ ਰੀਸ ਨਾ ਕੋਈ,
ਹਿਮਾਲੇ ਵਿਚੋਂ ਕੌਣ ਹੈ ਜੋ ਕਸ਼ਮੀਰ ਦਾ ਸਾਨੀ!
ਡੇਢ ਸਦੀ ਮਗਰੋਂ ਮਹਾਨ ਕਵੀ ਅਮੀਰ ਖ਼ੁਸਰੋ ਨੇ ਆਪਣੇ ਇਸ ਫ਼ਾਰਸੀ ਸ਼ਿਅਰ ਨਾਲ਼ ਕਲਹਨ ਦੇ ਕਥਨ ਦੀ ਪੁਸ਼ਟੀ ਕੀਤੀ:
ਗਰ ਫ਼ਿਰਦੌਸ ਬਰ ਰੂ-ਏ-ਜ਼ਮੀਨ ਅਸਤ।
ਹਮੀਂ ਅਸਤੋ ਹਮੀਂ ਅਸਤੋ ਹਮੀਂ ਅਸਤ।
ਹੋਰ ਤਿੰਨ ਸਦੀਆਂ ਬੀਤੀਆਂ ਤਾਂ ਕਸ਼ਮੀਰ ਦੀ ਸੁੰਦਰਤਾ ਦੇ ਮਤਵਾਲੇ ਬਾਦਸ਼ਾਹ ਜਹਾਂਗੀਰ ਨੇ ਅਮੀਰ ਖ਼ੁਸਰੋ ਦਾ ਇਹ ਸ਼ਿਅਰ ਦੁਹਰਾ-ਦੁਹਰਾ ਕੇ ਅਭੁੱਲ-ਅਮਰ ਬਣਾ ਦਿੱਤਾ। ਸਿੱਧੇ ਸ਼ਬਦਾਂ ਵਿਚ ਇਸ ਦਾ ਅਰਥ ਹੈ, “ਜੇ ਧਰਤੀ ਉੱਤੇ ਕਿਤੇ ਸਵਰਗ ਹੈ, ਇਹੋ ਹੈ, ਇਹੋ ਹੈ, ਇਹੋ ਹੈ!” ਸੁਰਿੰਦਰ ਨੀਰ ਦੇ ਨਾਵਲ ਵਿਚੋਂ ਇਸ ਸਵਰਗ-ਰੂਪੀ ਕਸ਼ਮੀਰ ਦੇ ਦਰਸ਼ਨ ਹੁੰਦੇ ਹਨ।
ਕਸ਼ਮੀਰ ਦੀ ਧਰਤੀ ਦੀ ਸੁੰਦਰਤਾ ਤੇ ਉਥੋਂ ਦੇ ਵਸਨੀਕਾਂ ਦੀ ਮੰਦਹਾਲੀ ਦਾ ਰਿਸ਼ਤਾ ਸਾਡੇ ਵਿਦਿਆਰਥੀ ਜੀਵਨ ਵਿਚ ਹੀ ਭਾਈ ਵੀਰ ਸਿੰਘ ਨੇ ਬਾਖ਼ੂਬੀ ਸਮਝਾ ਦਿੱਤਾ ਸੀ। ‘ਕਸ਼ਮੀਰ ਤੇ ਸੁੰਦਰਤਾ’ ਨਾਂ ਦੀ ਕਵਿਤਾ ਵਿਚ ਉਹ ਲਿਖਦੇ ਹਨ:
ਜਿੱਕੁਰ ਰੁਲਦੇ ਸੇਬ ਤੇ ਨਸ਼ਪਾਤੀਆਂ,
ਵਿੱਚ ਗਿਰਾਂ ਕਸ਼ਮੀਰ ਇੱਕਰ ਰੁਲ ਰਹੀ,
ਸੁੰਦਰਤਾ ਵਿਚ ਖਾਕ ਲੀਰਾਂ ਪਾਟੀਆਂ।
ਜਿੱਕੁਰ ਫੁੱਲ ਗੁਲਾਬ ਟੁੱਟਾ ਢਹਿ ਪਵੇ,
ਮਿੱਟੀ ਘੱਟੇ ਵਿਚ ਹੋਏ ਨਿਮਾਨੜਾ!
ਹਾਲਤ ਦਾ ਯਥਾਰਥ ਅਤੇ ਵਿਅੰਗ ਦੇਖੋ ਕਿ ਭਾਈ ਵੀਰ ਸਿੰਘ ਤੋਂ ਤੇ ਉਸ ਦੀ ਕਵਿਤਾ ਤੋਂ ਬਿਲਕੁਲ ਅਨਜਾਣ, ਨਾਵਲ ਦਾ ਪਾਤਰ ਅਕਬਰ ਅਲੀ ਸਾਰੰਗੀ ਨਾਲ਼ ਗਾਉਂਦਿਆਂ ਹੂਬਹੂ ਇਹੋ ਭਾਵ ਪਰਗਟ ਕਰਦਾ ਹੈ:
ਮੈਂ ਬੁਣਕਰ ਜੋ ਸ਼ਾਲ ਬੁਣਾਂ,
ਉਹ ਰਾਜੇ ਵਸਤਰ ਪਾਵਣ…
ਪਰ ਬੁਣਕਰ ਦਾ ਫਟਿਆ ਪਿਰਹਨ,
ਲੀਰਾਂ ਲਮਕੀਆਂ ਜਾਵਣ!
ਕਾਨੀ ਸ਼ਾਲ ਵਾਂਗ ਹੀ ਦੁਨੀਆ ਭਰ ਵਿਚ ਮਸ਼ਹੂਰ ਬਨਾਰਸੀ ਸਾੜ੍ਹੀ ਦੀ ਅਦੁਭੁਤ ਕਲਾਕਾਰੀ ਅਤੇ ਉਹਦੇ ਕਲਾਕਾਰਾਂ ਦੀ ਮੰਦਹਾਲੀ ਦੀ ਵੀ ਇਹੋ ਕਹਾਣੀ ਹੈ। ਹੱਥ-ਕਲਾ ਕੋਈ ਵੀ ਹੋਵੇ, ਕਲਾਕਾਰਾਂ ਲਈ ਮੁਸ਼ੱਕਤ ਤੇ ਮੰਦਹਾਲੀ, ਦੌਲਤਮੰਦਾਂ ਲਈ ਸ਼ਾਨ ਤੇ ਸਜਾਵਟ ਅਤੇ ਮੁਫ਼ਤਖ਼ੋਰ ਵਿਚੋਲੇ ਕਾਰੋਬਾਰੀਆਂ ਲਈ ਖ਼ੁਸ਼ਹਾਲੀ! ‘ਚਸ਼ਮਿ-ਬੁਲਬੁਲ’ ਕਲਾਕਾਰਾਂ ਦੀ ਇਸ ਮੰਦਹਾਲੀ ਨੂੰ ਵੀ ਪਾਠਕ ਦੀ ਜਾਣਕਾਰੀ ਵਿਚ ਲਿਆਉਂਦਾ ਹੈ।
ਇਥੇ ਮੈਨੂੰ ਇਕ ਘਟਨਾ ਚੇਤੇ ਆ ਗਈ ਹੈ ਜੋ ਜੱਦੀ-ਪੁਸ਼ਤੀ ਕਸ਼ਮੀਰੀ ਪੰਡਿਤ ਅਲਾਮਾ ਇਕਬਾਲ ਦੇ ਇਸ ਸ਼ਿਅਰ ਵਾਂਗ ਸਾਡੇ ਦੇਸ ਵਿਚ ਕਿਸੇ ਕਦਰਦਾਨ ਨੂੰ ਉਡੀਕਦੀਆਂ ਬੇਜੋੜ ਪ੍ਰੰਪਰਕ ਕਲਾਵਾਂ ਦਾ ਹਾਲ ਬਿਆਨ ਕਰਦੀ ਹੈ:
ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ!
ਪਰ ਇਸ ਉਡੀਕ ਨੂੰ ਫਲ ਲਾਉਣ ਵਾਲ਼ਾ ਕਦਰਦਾਨ ਆਮ ਕਰ ਕੇ ਫੇਰ ਵੀ ਨਹੀਂ ਆਉਂਦਾ। ਜੇ ਕਿਸੇ ਸੂਰਤ ਉਹ ਆ ਜਾਵੇ ਤਾਂ ਸਿੱਟੇ ਹੈਰਾਨ ਕਰਨ ਵਾਲ਼ੇ ਨਿਕਲਦੇ ਹਨ।
ਪ੍ਰਸਿੱਧ ਚਿੱਤਰਕਾਰ ਤੇ ਲੇਖਕ ਜੇ. ਸਵਾਮੀਨਾਥਨ ਮੇਰੇ ਇਕ ਸਹਿਕਰਮੀ ਦਾ ਮਿੱਤਰ ਹੋਣ ਸਦਕਾ ਮੇਰਾ ਵੀ ਵਾਕਿਫ਼ ਹੋ ਗਿਆ। ਉਹ ਆਉਂਦਾ ਤਾਂ ਕਲਾ ਤੇ ਕਲਾਕਾਰਾਂ ਦੀਆਂ ਦਿਲਚਸਪ ਗੱਲਾਂ ਸੁਣਾਉਂਦਾ। 1980 ਦੇ ਨੇੜੇ ਇਕ ਵਾਰ ਉਹ ਉਸ ਸਮੇਂ ਦੇ ਮੱਧ ਪ੍ਰਦੇਸ ਦੇ ਆਦਿਵਾਸੀਆਂ ਦੀ ਪ੍ਰੰਪਰਕ ਕਲਾ ਅਤੇ ਉਸ ਦਾ ਉਨ੍ਹਾਂ ਦੇ ਰਹਿਣ-ਸਹਿਣ ਨਾਲ਼ ਤਾਲਮੇਲ ਦੇਖਣ ਉਨ੍ਹਾਂ ਦੇ ਇਲਾਕੇ ਵਿਚ ਡੂੰਘਾ ਚਲਿਆ ਗਿਆ। ਉਥੇ ਉਹਨੇ ਜੋ ਕੁਝ ਦੇਖਿਆ, ਇਕ ਚਿੱਤਰਕਾਰ ਵਜੋਂ ਉਸ ਦੀਆਂ ਅੱਖਾਂ ਖੋਲ੍ਹਣ ਵਾਲ਼ਾ ਸੀ। ਕੁਝ ਪੀੜ੍ਹੀਆਂ ਪਹਿਲਾਂ ਦੀਆਂ ਸੁਚੱਜੀਆਂ ਪੇਂਡੂ ਪੰਜਾਬਣਾਂ ਵਾਂਗ ਉਨ੍ਹਾਂ ਨੇ ਆਪਣੇ ਕੱਚੇ ਘਰਾਂ ਦੀਆਂ ਕੰਧਾਂ ਚਿੱਤਰਾਂ ਨਾਲ਼ ਸਜਾਈਆਂ ਹੋਈਆਂ ਸਨ। ਪੰਜਾਬਣਾਂ ਦੀ ਕੰਧ-ਕਲਾ ਨਾਲੋਂ ਫ਼ਰਕ ਇਹ ਸੀ ਕਿ ਇਕ ਤਾਂ ਉਨ੍ਹਾਂ ਦੀ ਚਿੱਤਰਕਾਰੀ ਗਿਣਤੀ ਦੇ ਫੁੱਲ-ਬੂਟਿਆਂ ਤੇ ਚਿੜੀ-ਜਨੌਰਾਂ ਤੱਕ ਸੀਮਤ ਨਹੀਂ ਸੀ ਸਗੋਂ ਕੰਧਾਂ ਦੀਆਂ ਕੰਧਾਂ ਭਰੀਆਂ ਹੋਈਆਂ ਸਨ। ਦੂਜੇ, ਪੰਜਾਬ ਦੇ ਉਲਟ ਉਸ ਚਿੱਤਰਕਾਰੀ ਵਿਚ ਸਿਰਫ਼ ਔਰਤਾਂ ਦੀ ਥਾਂ ਪਰਿਵਾਰਾਂ ਦੇ ਪਰਿਵਾਰ, ਪੁਰਖ, ਔਰਤਾਂ ਤੇ ਬੱਚੇ, ਭਾਗੀਦਾਰ ਬਣਦੇ ਸਨ।
ਉਹ ਸ਼ਹਿਰ ਆਇਆ ਤੇ ਲੰਮੀ-ਉੱਚੀ ਕੰਧ ਜਿੱਡੀ ਵੱਡੀ ਕੈਨਵਸ ਬਣਵਾ ਕੇ ਲੈ ਗਿਆ। ਉਹਨੇ ਇਕ ਬਜ਼ੁਰਗ ਨੂੰ ਪੁੱਛਿਆ, “ਇਹ ਜੋ ਕੁਝ ਤੁਸੀਂ ਆਪਣੀਆਂ ਕੰਧਾਂ ਉੱਤੇ ਬਣਾਇਆ ਹੈ, ਆਪਣੀ ਮਿਹਨਤ ਦਾ ਮੁੱਲ ਲੈ ਕੇ ਇਸ ਕੱਪੜੇ ਉੱਤੇ ਬਣਾ ਦਿਉਗੇ?” ਨੇਕੀ ਤੇ ਉਹ ਵੀ ਪੁੱਛ-ਪੁੱਛ! ਉਨ੍ਹਾਂ ਨੂੰ ਹੋਰ ਕੀ ਚਾਹੀਦਾ ਸੀ! ਦਿਹਾੜੀਆਂ ਲੱਗਣਗੀਆਂ, ਮਜ਼ਦੂਰੀ ਮਿਲੇਗੀ, ਚੁੱਲ੍ਹਾ ਤਪੇਗਾ! ਉਨ੍ਹਾਂ ਨੇ ਆਪਣੇ ਸਥਾਨਕ ਰੰਗ ਤਿਆਰ ਕੀਤੇ ਅਤੇ ਪੁਰਖਾਂ, ਔਰਤਾਂ ਤੇ ਛੋਟਿਆਂ ਨੇ ਲੱਗ ਕੇ ਕੁਝ ਦਿਨਾਂ ਵਿਚ ਕੈਨਵਸ ਭਰ ਦਿੱਤੀ। ਪੈਸੇ ਪੁੱਛਿਆਂ ਤੋਂ ਬਜ਼ੁਰਗ ਉਂਗਲਾਂ ਭੰਨਣ ਲਗਿਆ, “ਮਰਦ ਦੀ ਦਿਹਾੜੀ ਐਨੀ ਤੇ ਕੁੱਲ ਐਨੀਆਂ ਦਿਹਾੜੀਆਂ, ਔਰਤ ਦੀ ਉਸ ਤੋਂ ਪੌਣੀ ਦਿਹਾੜੀ ਤੇ ਕੁੱਲ ਐਨੀਆਂ ਦਿਹਾੜੀਆਂ, ਛੋਟਿਆਂ ਦੀ ਅੱਧੀ ਦਿਹਾੜੀ ਤੇ ਕੁੱਲ ਐਨੀਆਂ ਦਿਹਾੜੀਆਂ” ਤੇ ਉਹਨੇ ਹਿਸਾਬ ਲਾ ਕੇ ਕੁੱਲ ਪੈਸੇ ਦੱਸ ਦਿੱਤੇ।
ਸਵਾਮੀਨਾਥਨ ਨੂੰ ਹੈਰਾਨੀ ਦੇ ਨਾਲ਼ ਨਾਲ਼ ਪਰੇਸ਼ਾਨੀ ਵੀ ਹੋਈ ਕਿ ਉਨ੍ਹਾਂ ਨੇ ਦਿਹਾੜੀ ਦੇ ਪੈਸੇ ਉਹ ਲਾਏ ਸਨ ਜੋ ਉਨ੍ਹਾਂ ਨੇ ਉਸ ਸੂਰਤ ਵਿਚ ਵੀ ਲਾਉਣੇ ਸਨ ਜੇ ਉਨ੍ਹਾਂ ਤੋਂ ਸੜਕ ਉੱਤੇ ਮਿੱਟੀ ਪੁਆਈ ਜਾਂਦੀ ਜਾਂ ਹੋਰ ਕੋਈ ਸਰੀਰਕ ਕੰਮ ਕਰਵਾਇਆ ਜਾਂਦਾ। ਉਹਨੇ ਬਹੁਤ ਵੱਧ ਪੈਸੇ ਦੇ ਕੇ ਕਿਹਾ, “ਤੁਹਾਨੂੰ ਪਤਾ ਹੈ, ਇਹ ਜੋ ਤੁਸੀਂ ਬਣਾਇਆ ਹੈ, ਇਸ ਦਾ ਮੁੱਲ ਅੰਗਣਾ ਵੀ ਔਖਾ ਹੈ?”
ਇਹ ਗੱਲ ਵੀ ਉਨ੍ਹਾਂ ਦੀ ਸਮਝੋਂ ਬਾਹਰ ਸੀ ਕਿ ਕੱਪੜੇ ਉੱਤੇ ਉਨ੍ਹਾਂ ਦੇ ਪਾਏ ਇਨ੍ਹਾਂ ਬਿਰਛ-ਬੂਟਿਆਂ ਤੇ ਚਿੜੀਆਂ-ਮੋਰਾਂ ਵਿਚ ਅਜਿਹਾ ਕੀ ਹੈ ਜੋ ਕੀਮਤੀ ਹੈ।
ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ਼ ਸਵਾਮੀਨਾਥਨ ਦੀ ਚੰਗੀ ਜਾਣ-ਪਛਾਣ ਸੀ। ਉਹਨੇ ਉਹ ਕੈਨਵਸ ਉਹਦੇ ਵਿਹੜੇ ਵਿਚ ਵਿਛਾ ਕੇ ਦਿਖਾਈ ਤਾਂ ਉਹ ਵੀ ਕਲਾ ਦਾ ਉੱਚਾ ਮਿਆਰ ਦੇਖ ਕੇ ਦੰਗ ਰਹਿ ਗਈ ਤੇ ਪੁੱਛਿਆ, “ਕਿਸ ਦੀ ਸਿਰਜਨਾ ਹੈ ਇਹ?”
ਉਹਨੇ ਪੂਰੀ ਵਾਰਤਾ ਸੁਣਾ ਕੇ ਕਿਹਾ, “ਇਹ ਤੁਹਾਡੇ ਦੇਸ ਦੇ ਉਨ੍ਹਾਂ ਮਹਾਨ ਕਲਾਕਾਰਾਂ ਦਾ ਕਾਰਨਾਮਾ ਹੈ, ਜਿਹੜੇ ਇਹ ਵੀ ਨਹੀਂ ਜਾਣਦੇ ਕਿ ਕਲਾ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ ਤੇ ਉਨ੍ਹਾਂ ਨੇ ਹੋਰ ਸਰੀਰਕ ਕੰਮਾਂ ਵਾਂਗ ਇਹ ਚਿੱਤਰ-ਸਮੂਹ ਦਿਹਾੜੀਆਂ ਦੀ ਮਜ਼ਦੂਰੀ ਲੈ ਕੇ ਸਿਰਜਿਆ ਹੈ। ਪ੍ਰਧਾਨ ਮੰਤਰੀ ਹੋ, ਕਲਾ ਨੂੰ ਸਮਝਣ ਵਾਲ਼ੇ ਕਦਰਦਾਨ ਹੋ, ਕਰੋ ਕੁਝ ਅਜਿਹੀਆਂ ਕਲਾਵਾਂ ਲਈ!”
ਨਤੀਜੇ ਵਜੋਂ 1982 ਵਿਚ ਭੂਪਾਲ ਦਾ ਭਾਰਤ ਭਵਨ ਬਣ ਕੇ ਸੰਪੂਰਨ ਹੋਇਆ ਜਿਸ ਦਾ ਕੰਮ ਬਹੁਭਾਂਤੀ ਆਦਿਵਾਸੀ ਕਲਾਵਾਂ ਨੂੰ ਪਛਾਨਣਾ, ਸਾਂਭਣਾ ਤੇ ਉਤਸਾਹ ਦੇਣਾ ਮਿਥਿਆ ਗਿਆ। ਇਹ ਜਾਣਨਾ ਵੀ ਦਿਲਚਸਪ ਹੋਵੇਗਾ ਕਿ ਅੱਜ ਦੇ ਕੌਮਾਂਤਰੀ ਪ੍ਰਸਿੱਧੀ ਵਾਲ਼ੇ ਗੌਂਡ ਆਦਿਵਾਸੀ ਚਿੱਤਰਕਾਰ ਜਨਗੜ੍ਹ ਸਿੰਘ ਸ਼ਿਆਮ ਨੂੰ ਸਵਾਮੀਨਾਥਨ ਨੇ ਆਪਣੀਆਂ ਕੰਧਾਂ ਨੂੰ ਸ਼ਿੰਗਾਰਨ ਤੱਕ ਸੀਮਤ ਉਨ੍ਹਾਂ ਲੋਕਾਂ ਵਿਚੋਂ ਹੀ ਪਛਾਣਿਆ ਤੇ ਦੁਨੀਆ ਦੇ ਰੂਬਰੂ ਕਰਵਾਇਆ ਸੀ।
ਕਾਨੀ ਸ਼ਾਲ ਹੋਵੇ ਜਾਂ ਆਦਿਵਾਸੀ ਜਾਂ ਕੋਈ ਹੋਰ ਕਲਾ, ਸਾਡੇ ਦੇਸ ਵਿਚ ਸਭ ਕਲਾਕਾਰਾਂ ਦੀ ਹੋਣੀ ਇਹੋ ਹੈ। ਪਰ ਕਲਾਕਾਰ ਵਾਸਤੇ ਕਲਾ ਆਪਣੇ ਆਪ ਵਿਚ ਇਕ ਪਰਾਪਤੀ, ਇਕ ਤਸੱਲੀ ਹੁੰਦੀ ਹੈ। ਇਸੇ ਕਰਕੇ ਸਭ ਮੁਸ਼ਕਿਲਾਂ ਵਿਚੋਂ ਲੰਘਦਿਆਂ ਵੀ ਨਾਵਲ ਦੇ ਅੰਤ ਵਿਚ ਕਾਨੀਕਾਰ ਬੁਲਬੁਲ ਸਿਰਜੀ ਜਾ ਰਹੀ ਸ਼ਾਲ ਵਿਚ ਚਮਕਦੇ-ਲਿਸ਼ਕਦੇ ਰੰਗ ਵੀ ਬੁਣ ਰਹੀ ਹੈ ਤੇ ਕਾਣੀਕਾਰਾਂ ਦਾ ਪ੍ਰੰਪਰਕ ਗੀਤ ਵੀ ਗਾ ਰਹੀ ਹੈ। ਤਦੇ ਮੁਸਤਫ਼ਾ ਸਾਰੰਗੀ ਚੁੱਕ ਲੈਂਦਾ ਹੈ। ਕਮਰੇ ਵਿਚ ਸਾਰੇ ਟੱਬਰ ਨੇ ਗੀਤ-ਸੰਗੀਤ ਦੀ ਛਹਿਬਰ ਲਾਈ ਤਾਂ ਸ਼ਤੀਰੀ ਉੱਤੇ ਬੈਠੀ ਚਿੜੀ ਵੀ ਫ਼ਰਸ਼ ਉੱਤੇ ਉੱਤਰ ਕੇ ਫੁਦਕਦੀ-ਨਚਦੀ ਤੇ ਚੀਂ-ਚੀਂ ਦਾ ਗੀਤ ਗਾਉਂਦੀ ਉਨ੍ਹਾਂ ਵਿਚ ਸ਼ਾਮਿਲ ਹੋ ਗਈ। ਗੀਤ-ਸੰਗੀਤ ਹੈ, ਹੁਲਾਸੇ ਬੋਲ ਹਨ, ਵਜਦ ਵਿਚ ਆਈ ਸਾਰੰਗੀ ਹੈ, ਇਲਾਹੀ ਸੁਰ ਹੈ, ਪਾਕ ਜਜ਼ਬੇ ਹਨ, ਮਿੱਠੀਆਂ ਮੁਸਕਰਾਹਟਾਂ ਹਨ ਤੇ ਚਿਹਰਿਆਂ ਵਿਚੋਂ ਫੁਟਦੀਆਂ ਆਨੰਦ ਦੀਆਂ ਕਿਰਨਾਂ ਹਨ!
ਚੰਗੀ ਰਚਨਾ ਦਾ ਇਕ ਲਾਜ਼ਮੀ ਗੁਣ ਇਹ ਹੁੰਦਾ ਹੈ ਕਿ ਉਹ ਕੋਈ ਨਵੀਂ ਗੱਲ ਕਰੇ, ਜੀਵਨ ਦਾ ਕੋਈ ਅਣਦੇਖਿਆ ਪੱਖ ਪਾਠਕ ਦੇ ਰੂਬਰੂ ਕਰੇ। ਸੁਰਿੰਦਰ ਨੀਰ ਦਾ ਨਾਵਲ ‘ਚਸ਼ਮਿ-ਬੁਲਬੁਲ’ ਪੰਜਾਬੀ ਪਾਠਕ ਨੂੰ ਅਜਿਹੀ ਦੁਨੀਆ ਵਿਚ ਲੈ ਜਾਂਦਾ ਹੈ ਜਿਥੇ ਉਹ ਕਦੀ ਗਿਆ ਨਹੀਂ ਪਰ ਜਿਥੇ ਜਾਣਾ ਇਕ ਹਾਸਲ ਹੈ। ਸਭੇ ਹਨੇਰੀਆਂ-ਝੱਖੜਾਂ ਦੇ ਬਾਵਜੂਦ ਪੰਛੀਆਂ ਵਰਗੇ ਅਨਭੋਲ ਕਸ਼ਮੀਰੀ ਲੋਕਾਂ ਦੀ ਰਹਿਤਲ ਤੇ ਉਨ੍ਹਾਂ ਦੇ ਸਭਿਆਚਾਰ ਦੇ ਭਰਪੂਰ ਦਰਸ਼ਨ ਹੁੰਦੇ ਹਨ। ਮੇਰੀ ਉਮੀਦ ਵੀ ਹੈ ਤੇ ਅਸੀਸ ਵੀ ਕਿ ਸੁਰਿੰਦਰ ਸ਼ਬਦ-ਸਿਰਜਨਾ ਦੇ ਮਾਰਗ ਉੱਤੇ ਇਸੇ ਅਡੋਲਤਾ ਤੇ ਜ਼ਿੰਮੇਦਾਰੀ ਦੀ ਭਾਵਨਾ ਨਾਲ਼ ਤੁਰਦੀ ਰਹੇਗੀ!