ਵਿਸ਼ਵ ਦੇ ਮਹਾਨ ਖਿਡਾਰੀ: ਬਰਲਿਨ ਦੀਆਂ ਓਲੰਪਿਕ ਖੇਡਾਂ ਦਾ ਹੀਰੋ ਜੇਸੀ ਓਵੇਂਜ਼

ਪ੍ਰਿੰ. ਸਰਵਣ ਸਿੰਘ
ਜੇਸੀ ਓਵੇਂਜ ਮਨੁੱਖੀ ਜੁੱਸੇ ਵਿਚ ਤਾਕਤ ਦਾ ਬੰਬ ਸੀ। ਜਦ ਦੌੜਦਾ ਤਾਂ ਇਉਂ ਲੱਗਦਾ ਜਿਵੇਂ ਉਹਦੇ ਪੈਰਾਂ ਹੇਠ ਅੱਗ ਮੱਚਦੀ ਹੋਵੇ। ਉਹ ਵੀਹਵੀਂ ਸਦੀ ਦੇ ਪਹਿਲੇ ਅੱਧ ਦਾ ਸਭ ਤੋਂ ਤੇਜ਼ਤਰਾਰ ਦੌੜਾਕ ਸਾਬਤ ਹੋਇਆ। ਉਸ ਨੇ 5 ਮਈ 1935 ਨੂੰ 45 ਮਿੰਟਾਂ ਦੌਰਾਨ ਤਿੰਨ ਵਿਸ਼ਵ ਰਿਕਾਰਡ ਤੋੜੇ ਤੇ ਚੌਥਾ ਬਰਾਬਰ ਕੀਤਾ। ਉਹਦਾ ਲੰਮੀ ਛਾਲ ਦਾ ਵਿਸ਼ਵ ਰਿਕਾਰਡ 24 ਸਾਲ ਉਹਦੇ ਨਾਂ ਖੜ੍ਹਾ ਰਿਹਾ! ਬਰਲਿਨ ਦੀਆਂ ਓਲੰਪਿਕ ਖੇਡਾਂ-1936 ਵਿਚ ਉਹ 100, 200 ਤੇ 4+100 ਮੀਟਰ ਰਿਲੇਅ ਦੌੜਾਂ ਦੇ ਨਾਲ ਲੰਮੀ ਛਾਲ ਦੇ ਮੁਕਾਬਲੇ ਨਵੇਂ ਓਲੰਪਿਕ ਤੇ ਵਿਸ਼ਵ ਰਿਕਾਰਡਾਂ ਨਾਲ ਜਿੱਤਿਆ। ਉਹਦਾ ਬਚਪਨ ਬੇਸ਼ੱਕ ਅੰਤਾਂ ਦੀ ਗ਼ਰੀਬੀ `ਚ ਗੁਜ਼ਰਿਆ ਸੀ ਪਰ ਉਹ ਗੋਦੜੀ ਦਾ ਲਾਲ ਸਾਬਤ ਹੋਇਆ।

ਜੇਸੀ ਉਸ ਦਾ ਅਸਲੀ ਨਾਂ ਨਹੀਂ ਸੀ। ਉਸ ਦਾ ਜਮਾਂਦਰੂ ਨਾਂ ਜੇਮਜ਼ ਕਲੀਵਲੈਂਡ ਓਵੇਂਜ਼ ਸੀ। ਜਦ ਉਹ ਨੌਂ ਸਾਲ ਦੀ ਉਮਰੇ ਆਪਣੇ ਜਨਮ ਸਥਾਨ ਤੋਂ ਉੱਜੜ ਕੇ ਕਲੀਵਲੈਂਡ, ਓਹਾਇਓ ਦੇ ਸਕੂਲ ਵਿਚ ਪੜ੍ਹਨ ਲੱਗਾ ਤਾਂ ਅਧਿਆਪਕਾ ਨੇ ਉਸ ਦਾ ਨਾਂ ਪੁੱਛਿਆ। ਉਸ ਨੇ ਨਾਂ ਮੂਹਰਲੇ ਅੱਖਰਾਂ ਮੁਤਾਬਿਕ ਜੇ ਸੀ ਦੱਸਿਆ ਤਾਂ ਮੈਡਮ ਨੇ ਰਜਿਸਟਰ ਵਿਚ ਜੇਸੀ ਲਿਖ ਲਿਆ। ਬਾਅਦ ਵਿਚ ਲੋਕ ਜੇਮਜ਼ ਕਲੀਵਲੈਂਡ ਨੂੰ ਭੁੱਲ ਗਏ ਤੇ ਉਹ ‘ਜੇਸੀ’ ਨਾਂ ਨਾਲ ਹੀ ਮਸ਼ਹੂਰ ਹੋਇਆ। ਉਹ ਅਫਰੀਕੀ ਮੂਲ ਦਾ ਸਿਆਹਫ਼ਾਮ ਅਮਰੀਕਨ ਅਥਲੀਟ ਸੀ। ਉਹਦੇ ਦਾਦੇ ਪੜਦਾਦੇ ਗੋਰੇ ਅਮਰੀਕਨਾਂ ਦੇ ਗ਼ੁਲਾਮ ਸਨ।
ਉਹਦਾ ਜਨਮ 12 ਸਤੰਬਰ 1913 ਨੂੰ ਮਾਤਾ ਮੇਰੀ ਐਮਾ ਫਿਟਸ਼ਰਾਲਟ ਦੀ ਕੁੱਖੋਂ ਪਿਤਾ ਹੈਨਰੀ ਕਲੀਵਲੈਂਡ ਓਵੇਂਜ਼ ਦੇ ਘਰ ਓਕਵਿੱਲ, ਅਲਬਾਮਾ ਵਿਚ ਹੋਇਆ ਸੀ। ਉਹ ਤਿੰਨ ਭੈਣਾਂ ਤੇ ਸੱਤ ਭਰਾਵਾਂ ਵਿਚੋਂ ਸਭ ਤੋਂ ਛੋਟਾ ਸੀ। ਉਸ ਨੂੰ ਬਚਪਨ ਵਿਚ ਹੀ ਬੜੇ ਔਖੇ ਤੇ ਕਰੜੇ ਕੰਮ ਕਰਨੇ ਪਏ ਜਿਸ ਨਾਲ ਉਹਦਾ ਜੁੱਸਾ ਸਖ਼ਤ ਤੇ ਹੰਢਣਸਾਰ ਹੋ ਗਿਆ ਜੋ ਬਾਅਦ ਵਿਚ ਦੌੜਾਂ ਦੌੜਨ ਤੇ ਛਾਲਾਂ ਲਾਉਣ ਦੇ ਕੰਮ ਆਇਆ। ਜੁਆਨੀ ਵਿਚ ਉਹਦਾ ਕੱਦ 5 ਫੁੱਟ 11 ਇੰਚ ਤੇ ਵਜ਼ਨ 75 ਕਿੱਲੋਗਰਾਮ ਸੀ। ਨੌਂ ਸਾਲਾਂ ਦਾ ਸੀ ਕਿ ਅਮਰੀਕਾ ਦੀ ‘ਗ੍ਰੇਟ ਮਾਈਗ੍ਰੇਸ਼ਨ’ (1910-1940) ਦੌਰਾਨ ਉਨ੍ਹਾਂ ਦਾ ਪਰਿਵਾਰ ਓਕਵਿੱਲ ਅਲਬਾਮਾ ਤੋਂ ਕਲੀਵਲੈਂਡ ਓਹਾਇਓ ਚਲਾ ਗਿਆ। ਉਥੇ ਉਸ ਨੇ ਸਕੂਲ ਤੇ ਕਾਲਜ ਦੀ ਪੜ੍ਹਾਈ ਕੀਤੀ ਤੇ ਕੋਚ ਲੈਰੀ ਸਨਾਈਡਰ ਦੀ ਕੋਚਿੰਗ ਨਾਲ 1935 `ਚ ਐਨਆਰਬਰ ਮਿਸ਼ੀਗਨ ਯੂਨੀਵਰਸਿਟੀ ਵਿਚ ਵਿਸ਼ਵ ਦੇ ਚਾਰ ਰਿਕਾਰਡ ਨਵਿਆਏ।
ਉਹ ਸਕੂਲ ਦਾ ਵਿਦਿਆਰਥੀ ਸੀ ਕਿ ਉਸ ਦਾ 1915 ਵਿਚ ਜੰਮੀ ਮਿਨੀ ਰੁਥ ਸੋਲੋਮਨ ਨਾਲ ਪਿਆਰ ਹੋ ਗਿਆ। ਅਣਵਿਆਹੀ ਮਿਨੀ ਨੇ 1932 ਵਿਚ ਉਸ ਦੀ ਧੀ ਗਲੋਰੀਆ ਨੂੰ ਜਨਮ ਦਿੱਤਾ। 1935 ਵਿਚ ਉਨ੍ਹਾਂ ਨੇ ਵਿਆਹ ਕਰਵਾ ਲਿਆ ਤੇ ਦੋ ਬੱਚੇ ਹੋਰ ਪੈਦਾ ਕੀਤੇ। ਮਿਨੀ ਰੁੱਥ ਤੇ ਜੇਸੀ ਦੀ ਅਖ਼ੀਰ ਤਕ ਨਿਭੀ। ਉਹ 86 ਸਾਲ ਜੀਵੀ, 21 ਸਾਲ ਰੰਡੇਪਾ ਕੱਟਿਆ ਤੇ 2001 ਵਿਚ ਮਰੀ।
ਜਰਮਨੀ ਦੇ ਡਿਕਟੇਟਰ ਹਿਟਲਰ ਦੀ ਤਾਨਾਸ਼ਾਹੀ ਵੇਲੇ ਬਰਲਿਨ ਦੀਆਂ ਓਲੰਪਿਕ ਖੇਡਾਂ `ਚ ਕਾਲੇ ਜੇਤੂਆਂ ਦਾ ਆਗਮਨ ਸ਼ੁਰੂ ਹੋਇਆ ਸੀ। ਪਹਿਲੀ ਵਾਰ ਅਮਰੀਕਾ ਦੇ ਖਿਡਾਰੀ ਦਲ ਵਿਚ ਅਫਰੀਕੀ ਮੂਲ ਦੇ 18 ਅਮਰੀਕਨ ਖਿਡਾਰੀ ਸ਼ਾਮਲ ਕੀਤੇ ਗਏ ਸਨ। ਉਥੇ ਜੇਸੀ ਨੇ ਉਹ ਜਲਵੇ ਵਿਖਾਏ ਕਿ ਬਰਲਿਨ ਦੀਆਂ ਓਲੰਪਿਕ ਖੇਡਾਂ ਨੂੰ ਜੇਸੀ ਓਵੇਂਜ਼ ਦੀਆਂ ਖੇਡਾਂ ਕਹਿ ਕੇ ਯਾਦ ਕੀਤਾ ਜਾਂਦੈ। ਉਸ ਨੇ ਉਪਰੋਥਲੀ ਸੋਨੇ ਦੇ ਚਾਰ ਤਮਗ਼ੇ ਜਿੱਤੇ। ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਅਥਲੀਟ ਨੇ ਇਕੋ ਓਲੰਪਿਕਸ ਵਿਚੋਂ ਚਾਰ ਗੋਲਡ ਮੈਡਲ ਜਿੱਤੇ ਹੋਣ।
ਬਰਲਿਨ ਨੇ ਖੇਡਾਂ ਕਰਾਉਣ ਦੀ ਤਿਆਰੀ ਵਿਸ਼ਾਲ ਪੈਮਾਨੇ ਉੱਤੇ ਕੀਤੀ ਸੀ। ਓਲੰਪਿਕ ਸਟੇਡੀਅਮ ਵਿਚ ਇਕ ਲੱਖ ਦਸ ਹਜ਼ਾਰ ਦਰਸ਼ਕ ਸਮਾ ਸਕਦੇ ਸਨ। ਜਰਮਨ ਸਿੱਧ ਕਰਨਾ ਚਾਹੁੰਦੇ ਸਨ ਕਿ ਨਾਜ਼ੀਆਂ ਜਿਹਾ ਹੋਰ ਕੋਈ ਨਹੀਂ ਤੇ ਉਨ੍ਹਾਂ ਦੀ ਆਰੀਅਨ ਨਸਲ ਸਰਬੋਤਮ ਹੈ। ਪਹਿਲੇ ਹੀ ਮੁਕਾਬਲੇ ਵਿਚ ਜਰਮਨੀ ਦੇ ਗੋਲਾ ਸੁਟਾਵੇ ਹਾਂਸਵੋਲਕੇ ਨੇ ਨਵੇਂ ਓਲੰਪਿਕ ਰਿਕਾਰਡ ਨਾਲ ਗੋਲਡ ਮੈਡਲ ਜਿੱਤਿਆ ਤਾਂ ਉਸ ਨੂੰ ਹਿਟਲਰ ਕੋਲ ਲਿਜਾਇਆ ਗਿਆ। ਹਿਟਲਰ ਨੇ ਹੱਥ ਮਿਲਾ ਕੇ ਉਹਨੂੰ ਸ਼ਾਬਾਸ਼ ਦਿੱਤੀ। ਉਸ ਪਿੱਛੋਂ ਅਮਰੀਕਾ ਦੇ ਸਾਂਵਲੇ ਅਥਲੀਟ ਸੀ. ਜਾਨ੍ਹਸਨ ਨੇ 2.03 ਮੀਟਰ ਉੱਚੀ ਛਾਲ ਲਾ ਕੇ ਨਵੇਂ ਓਲੰਪਿਕ ਰਿਕਾਰਡ ਨਾਲ ਸੋਨ-ਤਗਮਾ ਜਿੱਤਿਆ ਤਾਂ ਹਿਟਲਰ ਆਪਣੀ ਸੀਟ ਤੋਂ ਉਠ ਕੇ ਚਲਾ ਗਿਆ ਤਾਂ ਜੋ ਉਸ ਨਾਲ ਹੱਥ ਨਾ ਮਿਲਾਉਣਾ ਪਵੇ!
ਜੇਸੀ ਓਵੇਂਜ਼ ਨੇ ਪਹਿਲਾ ਸੋਨ-ਤਗਮਾ 100 ਮੀਟਰ ਦੀ ਦੌੜ `ਚੋਂ ਜਿੱਤਿਆ। ਉਹਨੇ ਸੱਤ-ਫੁੱਟੇ ਕਦਮਾਂ ਨਾਲ 10.03 ਸੈਕੰਡ ਵਿਚ ਦੌੜ ਪੂਰੀ ਕੀਤੀ। ਦੂਜਾ ਸੋਨ-ਤਗਮਾ 8.06 ਮੀਟਰ ਲੰਮੀ ਛਾਲ ਲਾ ਕੇ ਜਿੱਤਿਆ। ਤੀਜਾ ਸੋਨੇ ਦਾ ਤਗਮਾ 200 ਮੀਟਰ ਦੌੜ ਵਿਚ 20.07 ਸੈਕੰਡ ਦੇ ਸਮੇਂ ਨਾਲ ਹਾਸਲ ਕੀਤਾ ਤੇ ਚੌਥਾ ਸੋਨ-ਤਗਮਾ 4+100 ਮੀਟਰ ਰੀਲੇਅ ਦੌੜ ਵਿਚੋਂ ਪ੍ਰਾਪਤ ਕੀਤਾ। ਜੈਸੀ ਓਵੇਂਜ਼ ਨਾਲ ਹੋਰਨਾਂ ‘ਸਾਂਵਲਿਆਂ’ ਨੇ 14 ਮੈਡਲ ਜਿੱਤੇ ਜਿਸ ਨਾਲ ਨੀਗਰੋ ਨਸਲ ਦੀ ਬੱਲੇ-ਬੱਲੇ ਹੋ ਗਈ।
ਓਲੰਪਿਕ ਪਿੰਡ 136 ਏਕੜ ਰਕਬੇ ਵਿਚ ਵਸਾਇਆ ਗਿਆ ਸੀ ਜਿੱਥੇ ਪਹਿਰੇ ਏਨੇ ਸਖ਼ਤ ਸਨ ਕਿ ਨਾਜ਼ੀ ਸਿਪਾਹੀਆਂ ਦੀਆਂ ਭੂਰੀਆਂ ਵਰਦੀਆਂ ਖਿਡਾਰੀਆਂ ਦੇ ਟਰੈਕ ਸੂਟਾਂ ਤੋਂ ਵਧੇਰੇ ਦਿਸਦੀਆਂ ਰਹੀਆਂ। ਭਾਰਤ ਵੱਲੋਂ ਓਲੰਪਿਕ ਖੇਡਾਂ ਵਿਚ ਪੰਜ ਅਥਲੀਟ ਭੇਜੇ ਗਏ ਸਨ। ਉਨ੍ਹਾਂ `ਚ ਪੰਜਾਬ ਦੇ ਰੌਣਕ ਸਿੰਘ ਤੇ ਨਿਰੰਜਨ ਸਿੰਘ ਸਨ। ਭਾਰਤੀ ਹਾਕੀ ਟੀਮ ਦੇ ਕਪਤਾਨ, ਤੀਜੀ ਵਾਰ ਓਲੰਪਿਕ ਖੇਡ ਰਹੇ ਧਿਆਨ ਚੰਦ ਸਨ। ਉਨ੍ਹਾਂ ਨੂੰ ਹਾਕੀ ਦਾ ਜਾਦੂਗਰ ਕਿਹਾ ਜਾਂਦਾ ਸੀ। ਭਾਰਤ ਨੇ ਹੰਗਰੀ ਨੂੰ 4-0, ਅਮਰੀਕਾ ਨੂੰ 7-0, ਜਪਾਨ ਨੂੰ 9-0, ਫਰਾਂਸ ਨੂੰ 10-0 ਤੇ ਫਾਈਨਲ ਮੈਚ ਵਿਚ ਜਰਮਨੀ ਨੂੰ 8-1 ਗੋਲਾਂ ਦੇ ਵੱਡੇ ਫਰਕ ਨਾਲ ਹਰਾ ਕੇ ਲਗਾਤਾਰ ਤੀਜੀ ਵਾਰ ਸੋਨੇ ਦਾ ਤਮਗ਼ਾ ਜਿੱਤਿਆ ਸੀ। ਉਂਜ ਸਭ ਤੋਂ ਬਹੁਤੇ ਮੈਡਲ ਜਰਮਨੀ ਨੇ ਜਿੱਤੇ ਸਨ ਤੇ ਅਮਰੀਕਾ ਦੋਇਮ ਰਿਹਾ ਸੀ। ਜਰਮਨੀ ਦੇ 33 ਸੋਨੇ, 26 ਚਾਂਦੀ ਤੇ 12 ਤਾਂਬੇ ਦੇ ਮੈਡਲ ਜਦ ਕਿ ਅਮਰੀਕਾ ਦੇ 24 ਸੋਨੇ, 20 ਚਾਂਦੀ ਤੇ 12 ਤਾਂਬੇ ਦੇ ਮੈਡਲ ਸਨ। ਉਨ੍ਹਾਂ ਵਿਚ 8 ਸੋਨੇ, 3 ਚਾਂਦੀ ਤੇ 2 ਤਾਂਬੇ ਦੇ ਤਗਮੇ ਪਹਿਲੀ ਵਾਰ ਭਾਗ ਲੈ ਰਹੇ ਨੀਗਰੋਆਂ ਦੇ ਸਨ।
1935 ਵਿਚ ਲਾਈ 26 ਫੁੱਟ 5 ਇੰਚ ਲੰਮੀ ਛਾਲ ਨਾਲ ਜੇਸੀ ਦੀਆਂ ਧੁੰਮਾਂ ਕੁਲ ਦੁਨੀਆ ਵਿਚ ਪੈ ਗਈਆਂ ਸਨ। ਇਹੋ ਕਾਰਨ ਸੀ ਕਿ ਆਮ ਜਰਮਨ ਵਾਸੀ ਉਸ ਨੂੰ ਬਰਲਿਨ ਦੀਆਂ ਓਲੰਪਿਕ ਖੇਡਾਂ ਵਿਚ ਦੌੜਦੇ ਤੇ ਛਾਲਾਂ ਲਾਉਂਦੇ ਵੇਖਣਾ ਚਾਹੁੰਦੇ ਸਨ। ਹਿਟਲਰ ਨੇ ਉਸ ਨੂੰ ਹਰਾਉਣ ਲਈ ਇਕ ਜਰਮਨ ਨੌਜਵਾਨ ਲੁਜ਼ ਲੌਂਗ ਨੂੰ ਉਹਲਾ ਰੱਖ ਕੇ ਤਿਆਰੀ ਕਰਵਾਈ ਸੀ। ਉਸ ਦੀ ਛਾਲ਼ ਓਲੰਪਿਕ ਰਿਕਾਰਡ ਤੋਂ ਵੱਧ ਲੱਗਣ ਲੱਗ ਪਈ ਸੀ।
ਤਿੰਨ ਟਰਾਇਲ ਛਾਲਾਂ ਵਿਚ ਕੁਆਲੀਫਾਈ ਕਰਨਾ ਜ਼ਰੂਰੀ ਸੀ। ਜੇਸੀ ਨੇ ਪਹਿਲੀ ਛਾਲ ਵੈਸੇ ਹੀ ਪ੍ਰੈਕਟਿਸ ਵਜੋਂ ਲਾਈ ਜੋ ਫਾਊਲ ਸੀ ਪਰ ਜੱਜਾਂ ਨੇ ਉਹ ਪਹਿਲੀ ਟਰਾਇਲ ਛਾਲ ਗਿਣ ਲਈ। ਪਿੱਛੇ ਰਹਿ ਗਈਆਂ ਦੋ ਟਰਾਇਲ ਛਾਲਾਂ। ਲੁਜ਼ ਲੌਂਗ ਪਹਿਲੀ ਛਾਲ਼ ਨਾਲ ਹੀ ਫਾਈਨਲ ਮੁਕਾਬਲੇ ਲਈ ਕੁਆਲੀਫ਼ਾਈ ਕਰ ਗਿਆ। ਜੇਸੀ ਓਵੇਂਜ਼ ਉਹਦੀ 26 ਫੁੱਟ ਦੀ ਛਾਲ ਤੋਂ ਹੱਕਾ-ਬੱਕਾ ਰਹਿ ਗਿਆ! ਸੋਚਣ ਲੱਗਾ ਇਹ ਅਫ਼ਲਾਤੂਨ ਕਿੱਥੋਂ ਨਿਕਲ ਆਇਆ? ਹਿਟਲਰ ਦੇ ਨਸਲਵਾਦ ਨੇ ਜੇਸੀ ਦਾ ਪਾਰਾ ਚੜ੍ਹਾ ਦਿੱਤਾ। ਰੋਹ ਵਿਚ ਆਇਆ ਜੇਸੀ ਦੂਜੀ ਛਾਲ ਫਾਊਲ ਕਰ ਬੈਠਾ। ਅਣਗਹਿਲੀ `ਚ ਉਹਦਾ ਪੈਰ ਛਾਲ਼ ਚੁੱਕਣ ਵਾਲੀ ਫੱਟੀ ਤੋਂ ਮਾਮੂਲੀ ਅੱਗੇ ਚਲਾ ਗਿਆ ਸੀ। ਬੱਸ ਇਕੋ ਮੌਕਾ ਹੋਰ ਸੀ। ਜੇਸੀ ਦੀ ਘਬਰਾਹਟ ਹੋਰ ਵਧ ਗਈ। ਜੇ ਆਖ਼ਰੀ ਛਾਲ਼ ਵੀ ਫ਼ਾਊਲ ਹੋ ਜਾਂਦੀ ਜਾਂ ਮਿੱਥੀ ਦੂਰੀ ਤੋਂ ਘੱਟ ਰਹਿ ਜਾਂਦੀ ਤਾਂ ਸਾਲਾਂ ਦੀ ਮਿਹਨਤ `ਤੇ ਪਾਣੀ ਫਿਰ ਜਾਣਾ ਸੀ।
ਆਖ਼ਰੀ ਟਰਾਇਲ ਦੀ ਉਡੀਕ ਵਿਚ ਉਹ ਗੁੱਸੇ ਨਾਲ਼ ਜ਼ਮੀਨ `ਤੇ ਠੁੱਡੇ ਮਾਰ ਰਿਹਾ ਸੀ ਕਿ ਇਕ ਹਮਦਰਦ ਹੱਥ ਉਸ ਦੇ ਮੋਢੇ `ਤੇ ਆ ਟਿਕਿਆ। ਉਸ ਨੇ ਮੁੜ ਕੇ ਵੇਖਿਆ ਤਾਂ 26 ਫੁੱਟ ਛਾਲ ਲਾਉਣ ਵਾਲਾ ਲੁਜ਼ ਲੌਂਗ ਖੜ੍ਹਾ ਸੀ। ਗੋਰਾ ਨਿਸ਼ੋਹ, ਪਤਲਾ, ਲੰਮਾ, ਬਿੱਲੀਆਂ ਅੱਖਾਂ ਤੇ ਭੂਰੇ ਵਾਲ਼ਾਂ ਵਾਲਾ। ਉਸ ਨੇ ਜੇਸੀ ਨਾਲ਼ ਹੱਥ ਮਿਲਾਇਆ ਤੇ ਹਮਦਰਦੀ ਨਾਲ ਕਿਹਾ, “ਅੱਜ ਤੈਨੂੰ ਕੀ ਹੋ ਗਿਆ ਜੇਸੀ? ਨਾਰਮਲ ਰਹਿ ਕੇ ਛਾਲ ਲਾ। ਤੂੰ ਤਾਂ ਜੰਪਿੰਗ ਪਿੱਟ ਤੋਂ ਇਕ ਫ਼ੁੱਟ ਪਿੱਛੋਂ ਛਾਲ਼ ਚੁੱਕੇਂ ਤਾਂ ਵੀ ਕੁਆਲੀਫ਼ਾਈ ਕਰ ਸਕਦੈਂ। ਗੁੱਡ ਲੱਕ!” ਲੁਜ਼ ਲੌਂਗ ਦੀ ਹਮਦਰਦੀ ਨਾਲ਼ ਓਵੇਂਜ਼ ਨਾਰਮਲ ਹੋ ਗਿਆ। ਉਸ ਨੇ ਤੀਜੀ ਛਾਲ਼ ਫੱਟੀ ਤੋਂ ਪਿੱਛੇ ਰੱਖੇ ਤੌਲੀਏ ਦੀ ਨਿਸ਼ਾਨੀ ਕੋਲੋਂ ਚੁੱਕੀ ਤੇ ਆਸਾਨੀ ਨਾਲ ਕੁਆਲੀਫ਼ਾਈ ਕਰ ਗਿਆ।
ਉਸੇ ਦਿਨ ਪਿਛਲੇ ਪਹਿਰ ਫ਼ਾਈਨਲ ਮੁਕਾਬਲੇ ਵਿਚ ਦੋਹਾਂ ਅਥਲੀਟਾਂ ਨੇ ਗੋਲਡ ਮੈਡਲ ਜਿੱਤਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ। ਲੁਜ਼ ਲੌਂਗ ਨੇ ਆਪਣੇ ਖੇਡ ਕਰੀਅਰ ਦੀ ਸਭ ਤੋਂ ਲੰਬੀ ਛਾਲ਼ ਲਾਈ, ਪਰ ਜੇਸੀ ਓਵੇਂਜ਼ ਉਸ ਤੋਂ ਵੀ ਵੱਧ ਲੰਮੀ ਛਾਲ਼ ਲਾ ਕੇ ਸੋਨੇ ਦਾ ਤਗਮਾ ਜਿੱਤ ਗਿਆ। ਲੁਜ਼ ਲੌਂਗ ਨੇ ਸੁਹਿਰਦ ਖੇਡ ਭਾਵਨਾ ਨਾਲ ਜੇਸੀ ਦਾ ਹੱਥ ਘੁੱਟ ਕੇ ਵਧਾਈ ਦਿੱਤੀ ਤੇ ਉਸ ਨਾਲ ਫ਼ੋਟੋ ਖਿਚਵਾਏ। ਕੈਬਿਨ `ਚ ਬੈਠਾ ਹਿਟਲਰ ਅਕਲਕਾਂਦ ਹੋ ਉੱਠਿਆ। ਲੁਜ਼ ਨੇ ਉਸ ਵੱਲ ਵੇਖਿਆ ਪਰ ਕੋਈ ਪਰਵਾਹ ਨਾ ਕੀਤੀ। ਇਸ ਦੀ ਸਜ਼ਾ ਉਸ ਨੂੰ ਆਪਣੀ ਜਾਨ ਦੇ ਕੇ ਭੁਗਤਣੀ ਪਈ ਕਿਉਂਕਿ ਬਾਅਦ ਵਿਚ ਹਿਟਲਰ ਨੇ ਉਸ ਨੂੰ ਜੰਗ ਵਿਚ ਝੋਕ ਦਿੱਤਾ ਸੀ।
ਉਸੇ ਰਾਤ ਜੇਸੀ ਓਵੇਂਜ਼, ਲੁਜ਼ ਲੌਂਗ ਦਾ ਧੰਨਵਾਦ ਕਰਨ ਉਹਦੇ ਕਮਰੇ ਵਿਚ ਗਿਆ। ਉਹ ਦੋ ਘੰਟੇ ਦੋਸਤਾਨਾ ਗੱਲਾਂ ਕਰਦੇ ਰਹੇ। ਲੁਜ਼ ਲੌਂਗ ਨੂੰ ਹਿਟਲਰ ਦੇ ਨਸਲਵਾਦ ਵਿਚ ਵਿਸ਼ਵਾਸ ਨਹੀਂ ਸੀ ਤੇ ਨਾ ਹੀ ਉਹ ਉਸ ਤੋਂ ਡਰਦਾ ਸੀ। ਉਥੇ ਦੋਹਾਂ ਮਹਾਨ ਅਥਲੀਟਾਂ ਵਿਚਕਾਰ ਨਸਲਵਾਦ ਦੀਆਂ ਹੱਦਾਂ ਨਕਾਰਦੀ ਗੂੜ੍ਹੀ ਦੋਸਤੀ ਹੋ ਗਈ ਜੋ ਪਿੱਛੋਂ ਪਰਿਵਾਰਕ ਸਬੰਧਾਂ `ਚ ਬਦਲ ਗਈ। ਜੇਸੀ ਓਵੇਂਜ਼ ਉਸ ਦੋਸਤੀ ਨੂੰ ਆਪਣੇ ਸਾਰੇ ਤਮਗਿਆਂ ਤੋਂ ਕਿਤੇ ਅਣਮੁੱਲੀ ਸਮਝਦਾ ਰਿਹਾ। ਇਹ ਸੀ ਖੇਡਾਂ ਦੀ ਸੱਚੀ-ਸੁੱਚੀ ਭਾਵਨਾ! ਰਿਕਾਰਡ ਬਣਦੇ ਤੇ ਟੁੱਟਦੇ ਰਹਿੰਦੇ ਹਨ, ਪਰ ਖੇਡ ਭਾਵਨਾ ਅਮਰ ਰਹਿੰਦੀ ਹੈ। ਬਦਕਿਸਮਤੀ ਨਾਲ ਲੁਜ਼ ਲੌਂਗ ਦੂਜੇ ਵਿਸ਼ਵ ਯੁੱਧ `ਚ ਲੜਦਾ 1943 `ਚ 30 ਸਾਲ ਦੀ ਜੁਆਨ ਉਮਰੇ ਤਾਨਾਸ਼ਾਹੀ ਦੀ ਭੇਟ ਚੜ੍ਹ ਗਿਆ, ਪਰ ਉਹਦੀ ਖੇਡ ਭਾਵਨਾ ਖੇਡਾਂ ਦੇ ਇਤਿਹਾਸ ਵਿਚ ਅਮਰ ਹੋ ਗਈ। ਹੁਣ ਵੀ ਲੋਕ ਲੰਮੀ ਛਾਲ ਦੇ ਉਸ ਮੁਕਾਬਲੇ ਨੂੰ ਇੰਟਰਨੈੱਟ `ਤੇ ਵੇਖਦੇ ਹਨ ਤੇ ਵਿਦਿਆਰਥੀ ਸਕੂਲਾਂ/ਕਾਲਜਾਂ ਦੀਆਂ ਕਿਤਾਬਾਂ ਦੇ ਪਾਠਕ੍ਰਮ ਵਿਚ ਪੜ੍ਹਦੇ ਹਨ। ਅਮਰ ਰਹੇ ਲੁਜ਼ ਲੌਂਗ!
ਜੇਸੀ ਵਾਪਸ ਅਮਰੀਕਾ ਮੁੜਿਆ ਤਾਂ ਹੋਰਨਾਂ ਗੋਰੇ ਜੇਤੂਆਂ ਸੰਗ ਸਾਂਵਲੇ ਖਿਡਾਰੀਆਂ ਨੂੰ ਵ੍ਹਾਈਟ ਹਾਊਸ ਨਾ ਸੱਦਿਆ ਗਿਆ। ਉਦੋਂ ਉਸ ਨੂੰ ਕੋਈ ਵੱਡੇ ਮਾਣ ਸਨਮਾਨ ਨਾ ਮਿਲੇ ਤੇ ਨਾ ਚੱਜ ਦਾ ਰੁਜ਼ਗਾਰ। 1940 ਤੇ 44 ਦੀਆਂ ਓਲੰਪਿਕ ਖੇਡਾਂ ਦੂਜੀ ਵਿਸ਼ਵ ਜੰਗ ਦੀ ਭੇਟ ਚੜ੍ਹ ਗਈਆਂ। ਜੇਸੀ ਨਿੱਕੀਆਂ ਮੋਟੀਆਂ ਨੌਕਰੀਆਂ ਕਰਦਾ ਰਿਹਾ ਜਿਨ੍ਹਾਂ ਵਿਚ ਘੋੜਿਆਂ ਬਰਾਬਰ ਦੌੜ ਕੇ ਡਾਲਰ ਕਮਾਉਣਾ ਵੀ ਸੀ। ਇਸ ਦੌਰਾਨ ਉਹ ਚੇਨ ਸਮੋਕਰ ਬਣ ਗਿਆ ਜਿਸ ਨਾਲ ਫੇਫੜਿਆਂ ਦਾ ਕੈਂਸਰ ਹੋ ਗਿਆ। ਆਖ਼ਰ 31 ਮਾਰਚ 1980 ਨੂੰ ਉਹ ਟਕਸਨ, ਐਰੀਜ਼ੋਨਾ ਵਿਚ ਫੌਤ ਹੋ ਗਿਆ। ਉਸ ਨੂੰ ਲੇਕ ਆਫ਼ ਮੈਮਰੀਜ਼ ਐਟ ਓਕਵੁੱਡਜ਼ ਸੀਮੈਟਰੀ ਸਿ਼ਕਾਗੋ ਵਿਚ ਦਫਨਾ ਦਿੱਤਾ ਗਿਆ। ਬਰਲਿਨ ਦੀਆਂ ਓਲੰਪਿਕ ਖੇਡਾਂ ਦੇ ਦਫਨਾਏ ਗਏ ਹੀਰੋ ਨੂੰ ਕੋਈ ਸਾਰ ਨਹੀਂ ਕਿ ਪਿਛੋਂ ਉਹਦੀਆਂ ਅਨੇਕ ਫਿਲਮਾਂ ਬਣੀਆਂ, ਪੁਸਤਕਾਂ ਛਪੀਆਂ, ਡਾਕ ਟਿਕਟਾਂ ਨਿਕਲੀਆਂ ਅਤੇ ਅਮਰੀਕਾ ਤੇ ਵਿਸ਼ਵ ਦੇ ਵੱਡੇ ਤੋਂ ਵੱਡੇ ਮਾਣ ਸਨਮਾਨ ਮਿਲੇ। ਕਾਸ਼! ਉਹ ਤਾਕਤ ਦਾ ਜਿਸਮਾਨੀ ਬੰਬ ਅਜੋਕੇ ਸਮਿਆਂ `ਚ ਜੰਮਿਆ ਹੁੰਦਾ।