ਨੋਬੇਲ ਇਨਾਮ: ਨਿਰੋਲਤਾ ਦੀ ਭਾਲ ਅਤੇ ਪੇਚੀਦਗੀ ਦੀਆਂ ਪਰਤਾਂ

ਦਲਜੀਤ ਅਮੀ
ਫੋਨ: +91-72919-7714
ਨੋਬੇਲ ਪੁਰਸਕਾਰ ਹਾਸਿਲ ਕਰਨ ਵਾਲੇ ਵਿਗਿਆਨੀਆਂ, ਸਾਹਿਤਕਾਰਾਂ ਅਤੇ ਅਰਥ ਸ਼ਾਸਤਰੀਆਂ ਦੇ ਕੰਮ ਅਤੇ ਜ਼ਿੰਦਗੀ ਦਾ ਬਿਆਨੀਆ ਤਿਆਰ ਕਰਨਾ ਮੀਡੀਆ ਅਤੇ ਵਿਦਿਅਕ ਅਦਾਰਿਆਂ ਦੀ ਦਿਲਚਸਪੀ ਰਿਹਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਨੋਬੇਲ ਇਨਾਮ ਜੇਤੂਆਂ ਬਾਰੇ ਉਚੇਚੇ ਸਮਾਗਮ ਕਰਵਾਏ ਜਿਨ੍ਹਾਂ ਬਾਰੇ ਵਿਸਥਾਰ ਸਹਿਤ ਚਰਚਾ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਕੀਤੀ ਹੈ।

ਨੋਬੇਲ ਪੁਰਸਕਾਰ ਪੰਜ ਵੱਖ-ਵੱਖ ਵਿਸ਼ਿਆਂ ਵਿਚ ਉੱਚ ਮਿਆਰੀ ਖੋਜ ਕਰਨ ਵਾਲੇ ਵਿਗਿਆਨੀਆਂ ਅਤੇ ਅਰਥ ਸ਼ਾਸਤਰੀਆਂ ਅਤੇ ਸਾਹਿਤਕਾਰਾਂ ਨੂੰ ਦਿੱਤਾ ਜਾਂਦਾ ਹੈ। ਵਿਗਿਆਨ ਵਿਚ ਤਿੰਨ ਵਿਸ਼ੇ ਭੌਤਿਕ ਵਿਗਿਆਨ, ਸਰੀਰ ਵਿਗਿਆਨ ਅਤੇ ਰਾਸਾਇਣ ਵਿਗਿਆਨ ਹਨ। ਅਰਥ ਸ਼ਾਸਤਰ ਅਤੇ ਸਾਹਿਤ ਹਨ। ਇਨ੍ਹਾਂ ਤੋਂ ਇਲਾਵਾ ਅਮਨ ਕਾਇਮ ਕਰਨ ਲਈ ਕੀਤੇ ਉਪਰਾਲਿਆਂ ਲਈ ਨੋਬੇਲ ਪੁਰਸਕਾਰ ਦਿੱਤਾ ਜਾਂਦਾ ਹੈ। ਸਵੀਡਿਸ਼ ਖੋਜੀ ਅਤੇ ਸਨਅਤਕਾਰ ਐਲਫਰਡ ਨੋਬੇਲ ਦੀ ਵਸੀਅਤ ਮੁਤਾਬਕ ਉਸ ਦੀ ਪੂੰਜੀ ਨਾਲ 1901 ਤੋਂ ਪੰਜ ਨੋਬੇਲ ਪੁਰਸਕਾਰ ਦਿੱਤੇ ਜਾਂਦੇ ਹਨ ਅਤੇ ਅਰਥ ਸ਼ਾਸਤਰ ਦਾ ਛੇਵਾਂ ਨੋਬੇਲ ਪੁਰਸਕਾਰ ਦਰਅਸਲ ਸਵੀਰਿਗਜ਼ ਰੀਕਸਬੈਂਕ ਪ੍ਰਾਈਜ਼ ਹੈ ਜੋ ਐਲਫਰਡ ਨੋਬੇਲ ਦੀ ਯਾਦ ਵਿਚ ਅਰਥ ਵਿਗਿਆਨ ਦੇ ਵਿਸ਼ੇ ਵਿਚ 1968 ਤੋਂ ਬੈਂਕ ਆਫ ਸਵੀਡਨ ਨੇ ਸ਼ੁਰੂ ਕੀਤਾ ਸੀ ਅਤੇ 1969 ਵਿਚ ਪਹਿਲੀ ਵਾਰ ਦਿੱਤਾ ਗਿਆ। ਇਹ ਤਕਨੀਕੀ ਪੱਖੋਂ ਨੋਬੇਲ ਪੁਰਸਕਾਰ ਨਹੀਂ ਹੈ ਪਰ ਇਸ ਦੀ ਪਛਾਣ ਨੋਬੇਲ ਪੁਰਸਕਾਰਾਂ ਨਾਲ ਬੱਝੀ ਹੋਈ ਹੈ ਕਿਉਂਕਿ ਪੁਰਸਕਾਰ ਹਾਸਿਲ ਕਰਨ ਵਾਲਿਆਂ ਦੇ ਨਾਮਾਂ ਦਾ ਐਲਾਨ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ ਇੱਕੋ ਸਮਾਗਮ ਵਿਚ ਤਕਸੀਮ ਕੀਤੇ ਜਾਂਦੇ ਹਨ।
ਨੋਬੇਲ ਪੁਰਸਕਾਰ ਹਾਸਿਲ ਕਰਨ ਵਾਲੇ ਵਿਗਿਆਨੀਆਂ, ਸਾਹਿਤਕਾਰਾਂ ਅਤੇ ਅਰਥ ਸ਼ਾਸਤਰੀਆਂ ਦੇ ਕੰਮ ਅਤੇ ਜ਼ਿੰਦਗੀ ਦਾ ਬਿਆਨੀਆ ਤਿਆਰ ਕਰਨਾ ਮੀਡੀਆ ਅਤੇ ਵਿਦਿਅਕ ਅਦਾਰਿਆਂ ਦੀ ਦਿਲਚਸਪੀ ਰਿਹਾ ਹੈ। ਇਹ ਬਿਆਨੀਆ ਪਾਠਕਾਂ, ਸਰੋਤਿਆਂ ਅਤੇ ਦਰਸ਼ਕਾਂ ਦੇ ਮੁਹਾਂਦਰੇ ਮੁਤਾਬਕ ਸੰਖੇਪ ਜਾਂ ਤਫ਼ਸੀਲ ਅਤੇ ਰਸਾਈ ਨੂੰ ਧਿਆਨ ਵਿਚ ਰੱਖ ਕੇ ਸੰਘਣਾ ਜਾਂ ਪੇਤਲਾ ਤਿਆਰ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਵੱਖ-ਵੱਖ ਬੋਲੀਆਂ ਵਿਚ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਰਸਾਈ ਦਾ ਘੇਰਾ ਮੋਕਲਾ ਹੋ ਸਕੇ। ਇਸ ਲੇਖ ਦਾ ਬੁਨਿਆਦੀ ਮਕਸਦ ਪੰਜਾਬੀ ਯੂਨੀਵਰਸਿਟੀ ਵਿਚ ਸ਼ੁਰੂ ਕੀਤੇ ਸਾਲਾਨਾ ਸਮਾਗਮ ਦੇ ਹਵਾਲੇ ਨਾਲ ਵੱਖ-ਵੱਖ ਵਿਸ਼ਿਆਂ ਦੇ ਗਿਆਨ ਨਾਲ ਉਭਰਦੀਆਂ ਸਾਂਝੀਆਂ ਤੰਦਾਂ ਦੀ ਨਿਸ਼ਾਨਦੇਹੀ ਕਰਨਾ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਨੋਬੇਲ ਪੁਰਸਕਾਰਾਂ ਦੇ ਹਵਾਲੇ ਨਾਲ ਸਾਲਾਨਾ ਸਮਾਗਮ ਦੀ ਵਿਉਂਤਬੰਦੀ ਕੀਤੀ ਹੈ ਜਿਸ ਵਿਚ ਨੋਬੇਲ ਪੁਰਸਕਾਰ ਹਾਸਿਲ ਕਰਨ ਵਾਲੇ ਵਿਗਿਆਨੀਆਂ, ਅਰਥ ਸ਼ਾਸਤਰੀਆਂ ਅਤੇ ਸਾਹਿਤਕਾਰਾਂ ਦੇ ਕੰਮ ਦਾ ਬਿਆਨੀਆ ਪੰਜਾਬੀ ਵਿਚ ਉਸੇ ਵਿਸ਼ੇ ਦੇ ਮਾਹਿਰ ਰਾਹੀਂ ਪੇਸ਼ ਕੀਤਾ ਜਾਵੇਗਾ। ਇੱਕ ਸਮਾਗਮ ਵਿਚ ਪੰਜ ਖ਼ਸੂਸੀ ਭਾਸ਼ਨਾਂ ਰਾਹੀਂ ਇਹ ਬਿਆਨੀਆ ਪੇਸ਼ ਹੋਵੇਗਾ ਜਿਸ ਦੀ ਸ਼ੁਰੂਆਤ 2022 ਦੇ ਨੋਬੇਲ ਪੁਰਸਕਾਰਾਂ ਬਾਰੇ ਪਹਿਲੀ ਫਰਵਰੀ 2023 ਨੂੰ ਕੀਤੇ ਸਮਾਗਮ ਨਾਲ ਕੀਤੀ ਗਈ ਹੈ।
ਪੰਜਾਬੀ ਯੂਨੀਵਰਸਿਟੀ ਦੇ ਸਮਾਗਮ ਦੀ ਖ਼ਾਸੀਅਤ ਇਹ ਹੈ ਕਿ ਸਾਰੇ ਵਿਸ਼ਿਆਂ ਦਾ ਬਿਆਨੀਆ ਇੱਕ ਮੰਚ ਉੱਤੇ ਪੇਸ਼ ਕੀਤਾ ਜਾਵੇਗਾ। ਹਾਲੀਆ ਦੌਰ ਵਿਚ ਵਿਦਿਅਕ ਅਦਾਰਿਆਂ ਅੰਦਰ ਵਿਸ਼ਿਆਂ ਦੀ ਘੇਰਾਬੰਦੀ ਜਾਂ ਖ਼ਾਨਾਬੰਦੀ ਇਸ ਤਰ੍ਹਾਂ ਹੋ ਗਈ ਹੈ ਕਿ ਖ਼ਸੂਸੀ ਵਿਸ਼ੇ ਦਾ ਗਿਆਨ ਉਸੇ ਤੱਕ ਮਹਿਦੂਦ ਰਹਿ ਜਾਂਦਾ ਹੈ। ਇਸ ਮਸ਼ਕ ਦੇ ਲਗਾਤਾਰ ਜਾਰੀ ਰਹਿਣ ਨਾਲ ਹਰ ਵਿਸ਼ੇ ਦੀ ਆਪਣੀ ਪੇਸ਼ੇਵਰ ਬੋਲੀ ਅਜਿਹੀ ਹੋ ਜਾਂਦੀ ਹੈ ਕਿ ਇਸ ਨਾਲ ਦੂਜੇ ਵਿਸ਼ਿਆਂ ਵਿਚ ਕਾਰਜਸ਼ੀਲ ਜਗਿਆਸੂ ਮਨੁੱਖ ਤੱਕ ਦਾ ਵੀ ਉਤਸ਼ਾਹ ਮੱਠਾ ਪੈ ਜਾਂਦਾ ਹੈ। ਨੋਬੇਲ ਪੁਰਸਕਾਰ ਤਕਸੀਮ ਕਰਨ ਵਾਲੇ ਸਮਾਗਮ ਤੋਂ ਬਾਅਦ ਇਨ੍ਹਾਂ ਦਾ ਬਿਆਨੀਆ ਵਿਸ਼ਿਆਂ ਦੀ ਘੇਰਾਬੰਦੀ ਤੱਕ ਮਹਿਦੂਦ ਹੋ ਜਾਂਦਾ ਹੈ ਅਤੇ ਇਸ ਦੀ ਅਵਾਮੀ ਰਸਾਈ ਦਾ ਕੰਮ ਮੀਡੀਆ ਅਦਾਰਿਆਂ ਦੇ ਹਿੱਸੇ ਆਉਂਦਾ ਹੈ ਜੋ ਜ਼ਿਆਦਾਤਰ ਪੇਤਲਾ ਅਤੇ ਡੰਗ-ਟਪਾਊ ਹੋ ਜਾਂਦਾ ਹੈ। ਇਹ ਬਿਆਨੀਆ ਜਗਿਆਸੂ ਮਨੁੱਖ ਨੂੰ ਜਾਣਕਾਰੀ ਦਿੰਦਾ ਹੈ ਪਰ ਉਸ ਦੇ ਗਿਆਨ ਵਿਚ ਵਾਧਾ ਕਰਨ ਦਾ ਤਰੱਦਦ ਨਹੀਂ ਕਰਦਾ।
ਇਸ ਪੱਖੋਂ ਪੰਜਾਬੀ ਯੂਨੀਵਰਸਿਟੀ ਦਾ ਉਪਰਾਲਾ ਨਿਵੇਕਲਾ ਹੈ ਜੋ ਪੰਜਾਬੀ ਮਨੁੱਖ ਲਈ ਇਹ ਬਿਆਨੀਆ ਤਿਆਰ ਕਰਨ ਦਾ ਕੰਮ ਕਰੇਗਾ। ਅਜਿਹੀ ਮਸ਼ਕ ਦਾ ਮਕਸਦ ਪਹਿਲੇ ਸਮਾਗਮ ਵਿਚ ਨਜ਼ਰ ਆਇਆ ਜਿੱਥੇ ਪ੍ਰੋ. ਹਿਮੇਂਦਰ ਭਾਰਤੀ, ਪ੍ਰੋ. ਪੁਸ਼ਪਿੰਦਰ ਸਿਆਲ, ਪ੍ਰੋ. ਅਰਵਿੰਦ, ਪ੍ਰੋ. ਪੂਨਮ ਪਤਿਆਰ ਅਤੇ ਡਾ. ਰਾਕੇਸ਼ ਕੁਮਾਰ ਨੇ ਕ੍ਰਮਵਾਰ ਸਰੀਰ ਵਿਗਿਆਨ, ਸਾਹਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਅਰਥ ਵਿਗਿਆਨ ਦੇ ਨੋਬੇਲ ਪੁਰਸਕਾਰਾਂ ਬਾਰੇ ਭਾਸ਼ਨ ਦਿੱਤੇ।
ਹਿਮੇਂਦਰ ਭਾਰਤੀ ਨੇ ਸਵਾਂਤੇ ਪਾਬੋ ਦੀ ਨੋਬੇਲ ਪੁਰਸਕਾਰ ਹਾਸਿਲ ਕਰਨ ਵਾਲੀ ਖੋਜ ਬਾਰੇ ਦੱਸਿਆ ਕਿ ਇਸ ਖੋਜ ਨਾਲ ਮਨੁੱਖੀ ਵਿਗਾਸ ਬਾਰੇ ਸੂਝ ਵਿਚ ਚੋਖਾ ਵਾਧਾ ਹੋਇਆ ਹੈ। ਇਸ ਖੋਜ ਨਾਲ ਮਨੁੱਖ ਦੇ ਨਸਲੀ ਤੱਤ, ਧਰਤੀ ਉੱਤੇ ਮਨੁੱਖੀ ਆਮਦ ਦੇ ਸਫ਼ਰ, ਅੰਤਰ-ਨਸਲੀ ਰਿਸ਼ਤਿਆਂ ਅਤੇ ਇਨ੍ਹਾਂ ਰਿਸ਼ਤਿਆਂ ਰਾਹੀਂ ਹੋਏ ਵਿਗਾਸ ਬਾਰੇ ਸਮਝ ਵਧੀ ਹੈ। ਇਸ ਖੋਜ ਦਾ ਅਸਰ ਵਿਗਿਆਨ ਦੇ ਨਾਲ-ਨਾਲ ਸਮਾਜਿਕ ਵਿਗਿਆਨ ਦੀ ਸਮਝ ਵਿਚ ਤਬਦੀਲੀਆਂ ਆਉਣ ਵਾਲੀਆਂ ਹਨ। ਹਿਮੇਂਦਰ ਨੇ ਤਫ਼ਸੀਲ ਨਾਲ ਬਿਆਨੀਆ ਦਿੱਤਾ ਕਿ ਸਵਾਂਤੇ ਪਾਬੋ ਨੇ ਦਹਾਕਿਆਂ ਬੱਧੀ ਖੋਜ ਕੀਤੀ ਹੈ ਜਿਸ ਨਾਲ ਇੱਕ ਪਾਸੇ ਤਾਂ ਡੀ.ਐੱਨ.ਏ. ਦੀ ਪੜ੍ਹਤ ਲਈ ਲੋੜੀਂਦੀ ਮਿਕਦਾਰ ਅਤੇ ਮਿਆਰ ਦਾ ਹਿਸਾਬ ਬਿਹਤਰ ਹੋ ਗਿਆ ਹੈ। ਮਨੁੱਖ ਦੀ ਆਪਣੇ ਮੁੱਢ ਬਾਰੇ ਜਗਿਆਸਾ ਨੇ ਗਿਆਨ ਦੀ ਨਵੀਂ ਪੌੜੀ ਚੜ੍ਹੀ ਹੈ। ਪਾਬੋ ਦੀ ਖੋਜ ਨੇ ਸਾਬਿਤ ਕੀਤਾ ਹੈ ਕਿ ਵਿਗਾਸ ਦੌਰਾਨ ਨਿਆਂਨਡਰਥਾਲ ਅਤੇ ਡੈਨੀਸੋਬਾ ਵਰਗੇ ਫ਼ਨਾਹ ਹੋ ਚੁੱਕੇ ਜੀਵ ਮਨੁੱਖੀ ਪੁਰਖਿਆਂ ਵਿਚ ਸ਼ੁਮਾਰ ਸਨ। ਇਹ ਪੁਰਖੇ ਮਨੁੱਖ ਦੇ ਵੇਲ ਵਾਧੇ ਵਿਚ ਸੰਗ-ਸੇਜ ਰਹੇ ਹਨ। ਇਨ੍ਹਾਂ ਪੁਰਖਿਆਂ ਦੇ ਨਸਲੀ ਤੱਤ ਦੇ ਮਨੁੱਖੀ ਵਿਗਾਸ ਵਿਚ ਅਸਰਅੰਦਾਜ਼ ਹੋਣ ਨਾਲ ਮਨੁੱਖ ਕਈ ਬਿਮਾਰੀਆਂ ਨਾਲ ਲੜਨ ਦੇ ਕਾਬਿਲ ਹੋਇਆ ਹੈ ਅਤੇ ਕਈਆਂ ਦੀ ਜੱਦ ਵਿਚ ਆਇਆ ਹੈ। ਮਨੁੱਖ, ਨਿਆਂਨਡਰਥਾਲ ਅਤੇ ਡੈਨੀਸੋਬਾ ਦੀ ਸੰਗ-ਸੇਜੀ ਵਿਚੋਂ ਹੋਇਆ ਵੇਲ ਵਾਧਾ ਇਹ ਸਮਝਣ ਵਿਚ ਸਹਾਈ ਹੋਇਆ ਹੈ ਕਿ ਧਰਤੀ ਉੱਤੇ ਮਨੁੱਖ ਨੇ ਆਪਣੇ ਵਧਾਰੇ ਦਾ ਸਫ਼ਰ ਕਿਵੇਂ ਕੀਤਾ ਹੈ। ਸਵਾਂਤੇ ਪਾਬੋ ਨੇ ਡੀ.ਐੱਨ.ਏ. ਦੇ ਅਧਿਐਨ ਰਾਹੀਂ ਮਨੁੱਖ ਦੇ ਪੁਰਖਿਆਂ ਦੇ ਨਸਲੀ-ਘੋਲ-ਮੇਲ ਦੀ ਥਾਹ ਪਾਈ ਹੈ। ਉਨ੍ਹਾਂ ਦੀ ਖੋਜ ਵਿਚ ਇੱਕ ਪਾਸੇ ਪ੍ਰਯੋਗਸ਼ਾਲਾਵਾਂ ਅੰਦਰ ਹੋਇਆ ਕੰਮ ਹੈ ਅਤੇ ਦੂਜੇ ਪਾਸੇ ਪੁਰਾਤਤਵ ਵਿਗਿਆਨ ਦਾ ਸਹੇਜਿਆ ਗਿਆਨ ਕੰਮ ਆਇਆ ਹੈ। ਹਿਮੇਂਦਰ ਨੇ ਸਾਫ਼ ਸ਼ਬਦਾਂ ਵਿਚ ਸਪਸ਼ਟ ਕੀਤਾ ਕਿ ‘ਨਿਰੋਲ ਨਸਲ` ਦੀ ਧਾਰਨਾ ਬੇਮਾਇਨਾ ਹੈ ਅਤੇ ਉਸ ਦੀ ਬੁਨਿਆਦ ਉੱਤੇ ਬਣੀ ਮਜ਼ਹਬੀ-ਸਿਆਸੀ ਸਮਝ ਅਗਿਆਨਤਾ ਹੈ। ਨਸਲੀ ਖੋਟ ਵਿਗਾਸ ਦਾ ਸਦੀਵੀ ਤੱਤ ਹੈ ਜਿਸ ਨਾਲ ਨਸਲੀ ਤਬਦੀਲੀਆਂ ਆਉਂਦੀਆਂ ਹਨ। ਨਵੀਆਂ ਨਸਲਾਂ ਬਣਦੀਆਂ ਹਨ। ਪੁਰਾਣੀਆਂ ਅਤੇ ਨਵੀਆਂ ਨਾਲੋ-ਨਾਲ ਵਿਚਰਦੀਆਂ ਹਨ। ਕਈ ਵਾਰ ਪੁਰਾਣੀਆਂ ਖ਼ਤਮ ਹੋ ਜਾਂਦੀਆਂ ਹਨ। ਕਈ ਵਾਰ ਪੁਰਾਣੀਆਂ ਆਪਣਾ ਨਸਲੀ ਖ਼ਾਸਾ ਤਬਦੀਲ ਕਰ ਲੈਂਦੀਆਂ ਹਨ। ਇਹ ਸਮੁੱਚਾ ਰੁਝਾਨ ਆਪਣੀ ਪੇਚੀਦਗੀ ਸਮੇਤ ਲਗਾਤਾਰ ਸਰਗਰਮ ਰਹਿੰਦਾ ਹੈ। ਇਸ ਗਤੀ ਵਿਚ ਵੇਲ-ਵਾਧਾ ਹੁੰਦਾ ਹੈ ਜੋ ਬੁਨਿਆਦੀ ਖ਼ਾਸਾ ਕਾਇਮ ਰੱਖਦਾ ਹੋਇਆ ਹਰ ਮੋੜ ਉੱਤੇ ਖੋਟ ਨਾਲ ਨਵੀਂ ਜ਼ਰਬ-ਤਕਸੀਮ ਕਰਦਾ ਹੈ, ਜਮ੍ਹਾ-ਮਨਫ਼ੀ ਹੁੰਦਾ ਹੈ।
ਸਾਹਿਤ ਵਿਚ ਇਸ ਵਾਰ ਦਾ ਨੋਬੇਲ ਪੁਰਸਕਾਰ ਐਨੀ ਅਰਨੌਕਸ ਨੂੰ ਮਿਲਿਆ ਹੈ ਜੋ ਫਰਾਂਸ ਦੀ ਸ਼ਹਿਰੀ ਹੈ। ਸਮਾਜ ਵਿਗਿਆਨ ਪੜ੍ਹਾਉਂਦੀ ਰਹੀ ਹੈ। ਪੁਸ਼ਪਿੰਦਰ ਸਿਆਲ ਨੇ ਐਨੀ ਅਰਨੌਕਸ ਦੀ ਸ਼ਖ਼ਸੀਅਤ ਅਤੇ ਸਾਹਿਤ ਦਾ ਬਿਆਨੀਆ ਪੇਸ਼ ਕੀਤਾ। ਐਨੀ ਅਰਨੌਕਸ ਨੂੰ ਪੁਰਸਕਾਰ ਉਨ੍ਹਾਂ ਦੀ ‘ਦਲੇਰੀ ਅਤੇ ਤੁਰਸ਼ਬਿਆਨੀ` ਲਈ ਦਿੱਤਾ ਗਿਆ ਹੈ ਜਿਸ ਰਾਹੀਂ ਉਹ ‘ਜੜ੍ਹਾਂ, ਬੇਗਾਨਗੀ ਅਤੇ ਨਿੱਜ ਉੱਤੇ ਲੱਗੇ ਸਮਾਜਿਕ ਬੰਧੇਜ` ਦੀਆਂ ਰਮਜ਼ਾਂ ਫਰੋਲਦੀ ਹੈ। ਪੁਸ਼ਪਿੰਦਰ ਸਿਆਲ ਨੇ ਐਨੀ ਅਰਨੌਕਸ ਦੇ ਸਾਹਿਤ ਨੂੰ ਕਈ ਰਵਾਇਤਾਂ ਦੀ ਲਗਾਤਾਰਤਾ ਵਿਚ ਰੱਖ ਕੇ ਪੇਸ਼ ਕੀਤਾ। ਫਰਾਂਸ ਦੀ ਸਾਹਿਤ ਦੀ ਰੀਤ ਹੈ ਅਤੇ ਸਮਾਜ ਵਿਗਿਆਨ ਦੀ ਰੀਤ ਹੈ। ਉਸ ਦੀ ਲਿਖਤ ਵਿਚ ਨਾਰੀਵਾਦੀ ਸੋਚ ਅਤੇ ਲਹਿਰਾਂ ਦਾ ਅਸਰ ਹੈ। ਉਸ ਉੱਤੇ ਫਰਾਂਸ ਦੇ ਇਤਿਹਾਸ ਦਾ ਵੇਗ ਅਸਰਅੰਦਾਜ਼ ਹੁੰਦਾ ਹੈ। ਉਸ ਦੀ ਆਪਣੀ ਜ਼ਿੰਦਗੀ ਦਾ ਤਜਰਬਾ ਹੈ ਅਤੇ ਕਾਮਾ ਮੇਲ ਦੇ ਮਾਪਿਆਂ ਦੀਆਂ ਯਾਦਾਂ ਹਨ। ਦੂਜੀ ਆਲਮੀ ਜੰਗ ਦਾ ਪਰਛਾਵਾਂ ਪੈਂਦਾ ਹੈ ਅਤੇ ਵੀਹਵੀਂ ਸਦੀ ਦੇ ਦੂਜੇ ਅੱਧ ਦੀ ਭੰਨ-ਟੁੱਟ ਹੈ। ਜਰਮਨ ਦਾ ਖ਼ੌਫ਼ ਫਰਾਂਸ ਦੀ ਸੋਚ ਉੱਤੇ ਤਾਰੀ ਹੈ ਕਿ ਫਰਾਂਸ ਵਿਚ ਬਿਮਾਰੀਆਂ ਦੇ ਨਾਮ ਜਰਮਨ ਬੋਲੀ ਦੇ ਸ਼ਬਦ ਹਨ। ਐਨੀ ਅਰਨੌਕਸ ਸਿਆਸੀ ਸਰਗਰਮੀਆਂ ਵਿਚ ਹਿੱਸਾ ਲੈਂਦੀ ਹੈ। ਫਲਸਤੀਨ ਦੀ ਹਮਾਇਤ ਕਰਦੀ ਹੈ। ਇਸਰਾਈਲ ਦੇ ਫਰਾਂਸ ਨਾਲ ਵਧ ਰਹੇ ਤਾਲਮੇਲ ਉੱਤੇ ਸੁਆਲ ਕਰਦੀ ਹੈ। ਪੁਸ਼ਪਿੰਦਰ ਸਿਆਲ ਨੇ ਦਲੀਲ ਦਿੱਤੀ ਕਿ ਐਨੀ ਅਰਨੌਕਸ ਦਾ ਸਾਹਿਤ ਇਸ ਸਤਨਾਜੇ ਵਿਚੋਂ ਵਿਗਸਦਾ ਹੈ। ਉਹ ਸ਼ਰਧਾਲੂ ਜਾਂ ਪੀੜਤ ਰਹਿਣ ਦੀ ਥਾਂ ਆਪਣੇ ਬੌਧਿਕ ਤੇਜ਼ ਨਾਲ ਪੜਚੋਲੀਆ ਨਜ਼ਰੀਆ ਉਸਾਰਦੀ ਹੈ। ਉਹ ਲਿੰਗ, ਜਮਾਤ ਅਤੇ ਬੋਲੀ ਦੀਆਂ ਨਾਬਰਾਬਰੀਆਂ ਵਿਚ ਫਸੀ ਹੋਈ ਜ਼ਿੰਦਗੀ ਨੂੰ ਲਗਾਤਾਰ ਵੱਖ-ਵੱਖ ਜ਼ਾਵੀਏ ਤੋਂ ਪੇਸ਼ ਕਰਦੀ ਹੈ। ‘ਨਿਰੋਲ ਨਸਲ` ਦਾ ਧੜਵੈਲ ਤਜਰਬੇ ਦੀਆਂ ਯਾਦਾਂ ਨਾਲ ਜਿਊਣ ਵਾਲੀ ਐਨੀ ਅਰਨੌਕਸ ਆਪਣੀ ਸਾਹਿਤ ਰਾਹੀਂ ਇਹ ਰਮਜ਼ ਫਰੋਲ ਰਹੀ ਹੈ ਕਿ ‘ਨਿਰੋਲ` ਦੀ ਭਾਲ ਬੇਮਾਇਨਾ ਹੈ। ਰੀਤਾਂ, ਤਜਰਬਿਆਂ, ਯਾਦਾਂ, ਜਗਿਆਸਾ, ਬੌਧਿਕ ਮਸ਼ਕ ਅਤੇ ਇਨਸਾਫ਼ਪਸੰਦੀ ਦੇ ਤਕਾਜ਼ੇ ਦਾ ਪੇਚੀਦਾ ਤਾਣਾ-ਬਾਣਾ ਸਾਹਿਤ ਪੈਦਾ ਕਰਦਾ ਹੈ ਜਿਸ ਦੀ ਰਸਾਈ ਇਸੇ ਪੇਚੀਦਗੀ ਨਾਲ ਹੋਣੀ ਹੈ।
ਭੌਤਿਕ ਵਿਗਿਆਨ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਅਲੇਨ ਅਸਪੈਕਟ, ਜੌਨ ਕਲੌਜ਼ਰ ਅਤੇ ਐਂਟਨ ਜ਼ੈਲਿੰਗਰ ਨੂੰ ਮਿਲਿਆ ਹੈ। ਪ੍ਰੋ. ਅਰਵਿੰਦ ਨੇ ਇਨ੍ਹਾਂ ਵਿਗਿਆਨੀਆਂ ਦੀ ਖੋਜ ਦਾ ਬਿਆਨੀਆ ਪੇਸ਼ ਕਰਦਿਆਂ ਕਿਹਾ ਕਿ ਕਿ ਭੌਤਿਕ ਵਿਗਿਆਨ ਦੇ ਇਤਿਹਾਸ ਵਿਚ ਇਹ ਨਵਾਂ ਮੋੜ ਹੈ ਜੋ ਮਨੁੱਖੀ ਜਗਿਆਸਾ ਨੂੰ ਗਿਆਨ ਦੀਆਂ ਨਵੀਂਆਂ ਸੰਭਾਵਨਾਵਾਂ ਦੇ ਮੁਖਾਤਬ ਕਰਦਾ ਹੈ। ਵੱਖ-ਵੱਖ ਪੜਾਵਾਂ ਉੱਤੇ ਭੌਤਿਕ ਵਿਗਿਆਨ ਦਾ ਦਾਅਵਾ ਰਿਹਾ ਹੈ ਕਿ ਮਾਦੇ ਦੀ ਬਣਤਰ ਅਤੇ ਕਿਰਿਆਸ਼ੀਲਤਾ ਬਾਰੇ ਮੁਕੰਮਲ ਗਿਆਨ ਹੋ ਚੁੱਕਿਆ ਹੈ ਜਾਂ ਹੋਣ ਵਾਲਾ ਹੈ। ਵਿਗਿਆਨਕ ਖੋਜ ਨੇ ਮੁਕੰਮਲ ਗਿਆਨ ਪ੍ਰਾਪਤੀ ਦੇ ਦਾਅਵਿਆਂ ਉੱਤੇ ਤਫ਼ਸੀਲ ਦੀ ਬਾਰੀਕੀ ਅਤੇ ਪਸਾਰੇ ਦੀ ਵਿਸ਼ਾਲਤਾ ਪੱਖੋਂ ਲਗਾਤਾਰ ਕਾਟਾ ਮਾਰਿਆ ਹੈ। ਅਲੇਨ ਅਸਪੈਕਟ ਨੇ 1980-81 ਵਿਚ ਕੁਆਂਟਮ ਮਕੈਨਿਕਸ ਵਿਚ ਖੋਜ ਅੱਗੇ ਵਧਾਈ ਕਿ ਦੋ ਜਾਂ ਦੋ ਤੋਂ ਜ਼ਿਆਦਾ ਕਣ ਬੱਝੀ ਹੋਈ ਹਾਲਤ ਵਿਚ ਹਨ ਪਰ ਜੇ ਬੱਝੇ ਹੋਏ ਜੋਟੇ ਦਾ ਕੋਈ ਕਣ ਨਿਖੜ ਜਾਂਦਾ ਹੈ ਅਤੇ ਉਨ੍ਹਾਂ ਵਿਚਕਾਰ ਫ਼ਾਸਲਾ ਆ ਜਾਂਦਾ ਹੈ ਤਾਂ ਕੀ ਹੋਵੇਗਾ? ਅਲੇਨ ਅਸਪੈਕਟ ਨੇ ਬੱਝੇ ਹੋਏ ਰੌਸ਼ਨੀ ਦੇ ਕਣਾਂ, ਫੋਟੋਨ ਨਾਲ ਨਵੀਂ ਲੀਹ ਪਾਉਣ ਵਾਲੇ ਤਜਰਬੇ ਕੀਤੇ ਜਿਨ੍ਹਾਂ ਨਾਲ ਕੁਆਂਟਮ ਕੰਪਿਊਟਰ, ਕੁਆਂਟਮ ਨੈੱਟਵਰਕ ਅਤੇ ਕੁਆਂਟਮ ਸੰਚਾਰ ਦੇ ਰਾਹ ਖੁੱਲ੍ਹ ਗਏ। ਅਲੇਨ ਅਸਪੈਕਟ ਦੀ ਖੋਜ ਦੀ ਬੁਨਿਆਦ ਜੌਨ ਕਲੌਜ਼ਰ ਦੇ 1972 ਵਿਚ ਕੀਤੇ ਗਏ ਤਜਰਬੇ ਸਨ ਜੋ ਐਂਟਨ ਜ਼ੈਲਿੰਗਰ ਦੇ 1997-98 ਵਿਚ ਕੀਤੇ ਤਜਰਬਿਆਂ ਨਾਲ ਹੋਰ ਅੱਗੇ ਵਧੇ। ਇਸ ਖੋਜ ਰਾਹੀਂ ਕੁਆਂਟਮ ਸੰਚਾਰ ਵਿਗਿਆਨ ਵਿਚ ਖੋਜ ਦੀ ਹੋਰ ਗੁੰਜਾਇਸ਼ ਸਾਹਮਣੇ ਆਈ ਹੈ। ਪ੍ਰੋ ਅਰਵਿੰਦ ਨੇ ਦਲੀਲ ਪੇਸ਼ ਕੀਤੀ ਕਿ ਵਿਗਿਆਨ ਦਾ ਵਧਾਰਾ ਸਾਂਝ ਉੱਤੇ ਟਿਕਿਆ ਹੈ ਜਿਸ ਰਾਹੀਂ ਨਵੇਂ ਦਿਸਹੱਦੇ ਤੈਅ ਹੁੰਦੇ ਹਨ। ਜਾਣੇ ਅਤੇ ਅਣਜਾਣੇ ਦਾ ਦਿਸਹੱਦਾ ਬਦਲਦਾ ਹੈ। ਇਹ ਪੁਰਸਕਾਰ 1972 ਤੋਂ 1997-98 ਦੇ ਤਿੰਨ ਵਿਗਿਆਨੀਆਂ ਦੇ ਪਰਚਿਆਂ ਨੂੰ ਤਸਲੀਮ ਕਰਦਾ ਹੈ ਪਰ ਖੋਜ ਇਸ ਤੋਂ ਪਹਿਲਾਂ ਜਾਰੀ ਸੀ ਜਿਸ ਦਾ ਪਰਚਾ 1972 ਵਿਚ ਛਪਿਆ ਅਤੇ 1997-98 ਤੋਂ ਬਾਅਦ ਵੀ ਜਾਰੀ ਹੈ ਜਿਸ ਦੀ ਅਹਿਮੀਅਤ ਨੂੰ ਹੁਣ ਪਛਾਣ ਮਿਲੀ ਹੈ। ਇਹ ਤਿੰਨ ਵਿਗਿਆਨੀ ਤਿੰਨ ਮੁਲਕਾਂ ਤੋਂ ਹਨ: ਅਲੇਨ ਅਸਪੈਕਟ ਦਾ ਮੁਲਕ ਫਰਾਂਸ ਹੈ, ਜੌਨ ਕਲੌਜ਼ਰ ਦੀ ਪੈਦਾਇਸ਼ ਅਮਰੀਕਾ ਦੀ ਹੈ ਅਤੇ ਐਂਟਨ ਜ਼ੈਲਿੰਗਰ ਦਾ ਵਤਨ ਆਸਟਰੀਆ ਹੈ। ਇਨ੍ਹਾਂ ਦਾ ਪੈਦਾ ਕੀਤਾ ਵਿਗਿਆਨ ਆਲਮੀ ਸਰਮਾਇਆ ਹੈ।
ਰਸਾਇਣ ਵਿਗਿਆਨ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ਉੱਤੇ ਦਿੱਤਾ ਗਿਆ ਹੈ ਜੋ ਅਮਰੀਕਾ ਦੀ ਕੈਰੋਲਿਨ ਆਰ. ਬਾਰਟੋਜ਼ੀ, ਡੈਨਮਾਰਕ ਦਾ ਮੌਰਟਨ ਮੈਲਡਲ ਅਤੇ ਅਮਰੀਕਾ ਦਾ ਕੇ. ਬੈਰੀ ਸ਼ਾਰਪਲੈੱਸ ਹਨ। ਇਸ ਪੁਰਸਕਾਰ ਦਾ ਬਿਆਨੀਆ ਪ੍ਰੋ. ਪੂਨਮ ਪੇਤੀਆਰ ਨੇ ਦਿੱਤਾ। ਰਾਸਾਇਣ ਵਿਗਿਆਨ ਦਾ ਖ਼ਾਸਾ ਅਣੂ ਦੀ ਪੇਚੀਦਗੀ ਦੀ ਥਾਹ ਪਾਉਣਾ ਹੈ ਜੋ ਬਹੁਤ ਸਰਮਾਏ ਅਤੇ ਸਮੇਂ ਪੱਖੋਂ ਮਹਿੰਗਾ ਕੰਮ ਰਿਹਾ ਹੈ। ਕਲਿੱਕ ਰਾਸਾਇਣ ਵਿਗਿਆਨ ਵਿਚ ਅਣੂਆਂ ਦਾ ਆਪਸੀ ਜੋੜ ਚਟਕ ਨਾਲ ਬਣਦਾ ਹੈ ਅਤੇ ਨਿਪੁੰਨ ਹੁੰਦਾ ਹੈ। 2002 ਵਿਚ ਮੌਰਟਨ ਮੈਲਡਲ ਅਤੇ ਕੇ. ਬੈਰੀ ਸ਼ਾਰਪਲੈੱਸ ਨੇ ਆਪੋ-ਆਪਣੇ ਤੌਰ ‘ਤੇ ਨਫ਼ੀਸ ਅਤੇ ਨਿਪੁੰਨ ਰਸਾਇਣਕ ਪ੍ਰਤੀਕਰਮ ਵਿਕਸਿਤ ਕੀਤਾ ਜਿਸ ਦੀ ਵਰਤੋਂ ਹੁਣ ਦਵਾਈਆਂ ਬਣਾਉਣ ਵਾਲੀ ਸਨਅਤ ਕਰਦੀ ਹੈ। ਇਸ ਦੇ ਨਾਲ ਇਸ ਦੀ ਵਰਤੋਂ ਡੀ.ਐੱਨ.ਏ. ਦੀ ਨਕਸ਼ਾਨਵੀਸੀ ਅਤੇ ਨਵਾਂ ਮਾਦਾ ਪੈਦਾ ਕਰਨ ਲਈ ਕੀਤੀ ਜਾਂਦੀ ਹੈ। ਪ੍ਰੋ. ਪੂਨਮ ਨੇ ਰਾਸਾਇਣ ਵਿਗਿਆਨ ਦੀ ਇਸ ਖੋਜ ਦੇ ਹਵਾਲੇ ਨਾਲ ਕਿਹਾ ਕਿ ਖੋਜ ਦਾ ਮਿਆਰ ਮਨੁੱਖੀ ਤਾਲਮੇਲ ਅਤੇ ਸਾਂਝ ਨਾਲ ਉੱਚਾ ਹੁੰਦਾ ਹੈ ਜਿਸ ਵਿਚ ਔਰਤਾਂ ਦਾ ਹਿੱਸਾ ਜ਼ਿਕਰ ਗੋਚਰਾ ਹੈ।
ਐਲਫਰਡ ਨੋਬੇਲ ਦੀ ਯਾਦ ਵਿਚ ਅਰਥ ਵਿਗਿਆਨ ਦਾ ਸਵੀਰਿਗਜ਼ ਰੀਕਸਬੈਂਕ ਪੁਰਸਕਾਰ ਤਿੰਨ ਅਰਥ ਸ਼ਾਸਤਰੀਆਂ ਨੂੰ ਦਿੱਤਾ ਗਿਆ। ਬੈਨ ਐੱਸ. ਬਰਨਾਨਕੇ, ਡਗਲਸ ਡਬਲਿਊ. ਡਾਇਮੰਡ ਅਤੇ ਫਿਲਪ ਐੱਚ. ਡਿਵਿੰਗ ਨੂੰ ‘ਬੈਂਕਾਂ ਅਤੇ ਵਿੱਤੀ ਸੰਕਟ` ਬਾਰੇ ਕੀਤੀ ਖੋਜ ਲਈ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ। ਮਹਾਂਮੰਦੀ ਨੇ 1930ਵਿਆਂ ਵਿਚ ਸਮੁੱਚੀ ਦੁਨੀਆ ਦੇ ਅਰਥਚਾਰੇ ਦੀਆਂ ਚੂਲਾਂ ਹਿਲਾ ਦਿੱਤੀਆਂ ਸਨ ਜਿਸ ਦਾ ਅਸਰ ਕਈ ਸਾਲਾਂ ਤੱਕ ਕਾਇਮ ਰਿਹਾ ਅਤੇ ਇਹ ਸਮਾਜ ਉੱਤੇ ਕਈ ਪੱਖੋਂ ਅਸਰਅੰਦਾਜ਼ ਹੋਇਆ। ਇਸ ਤੋਂ ਬਾਅਦ ਵੀ ਵਿੱਤੀ ਸੰਕਟ ਆਏ ਪਰ ਉਨ੍ਹਾਂ ਨਾਲ ਨਜਿੱਠਣ ਦਾ ਇੰਤਜ਼ਾਮ ਬਿਹਤਰ ਸਾਬਤ ਹੋਇਆ ਜਿਸ ਦਾ ਸਿਹਰਾ ਇਸ ਸਾਲ ਇਹ ਇਨਾਮ ਜਿੱਤਣ ਵਾਲੇ ਅਰਥ ਸ਼ਾਸਤਰੀਆਂ ਦੇ ਸਿਰ ਬੱਝਦਾ ਹੈ। ਇਨ੍ਹਾਂ ਦੀ ਖੋਜ ਨੇ ਦਰਸਾਇਆ ਕਿ ਬੈਂਕਾਂ ਨੂੰ ਡਿਗਣ ਤੋਂ ਬਚਾਉਣ ਦੀ ਕੀ ਅਹਿਮੀਅਤ ਹੈ। ਪ੍ਰੋ. ਰਾਕੇਸ਼ ਕੁਮਾਰ ਨੇ ਇਨ੍ਹਾਂ ਅਰਥ ਸ਼ਾਸਤਰੀਆਂ ਦੀ ਖੋਜ ਦਾ ਬਿਆਨੀਆ ਹਾਲੀਆ ਦੌਰ ਦੀਆਂ ਮਿਸਾਲਾਂ ਨਾਲ ਪੇਸ਼ ਕੀਤਾ। ਇਸ ਖੋਜ ਨਾਲ ਜੁੜੇ ਬੁਨਿਆਦੀ ਸੁਆਲ ਇਹ ਸਨ ਕਿ ਅਰਥਚਾਰੇ ਅਤੇ ਸਮਾਜ ਵਿਚ ਬੈਂਕਾਂ ਦੀ ਕੀ ਭੂਮਿਕਾ ਹੈ? ਇਨ੍ਹਾਂ ਦੇ ਡਿਗਣ ਨਾਲ ਕੀ ਹੁੰਦਾ ਹੈ? ਬੈਂਕਾਂ ਬਾਰੇ ਅਜੋਕੀ ਖੋਜ ਦੀ ਨੀਂਹ ਬੈਨ ਐੱਸ. ਬਰਨਾਨਕੇ, ਡਗਲਸ ਡਬਲਿਊ. ਡਾਇਮੰਡ ਅਤੇ ਫਿਲਪ ਐੱਚ. ਡੇਵਿੱਗ ਨੇ 1980ਵਿਆਂ ਦੇ ਸ਼ੁਰੂ ਵਿਚ ਰੱਖੀ ਸੀ। ਇਨ੍ਹਾਂ ਨੇ ਅੰਕੜਾ ਪੜਚੋਲ ਦੇ ਨਾਲ-ਨਾਲ ਇਤਿਹਾਸਕ ਸਰੋਤਾਂ ਦਾ ਇਸਤੇਮਾਲ ਕਰਦੇ ਹੋਏ ਦਰਸਾਇਆ ਸੀ ਕਿ 1930ਵਿਆਂ ਦੀ ਮਹਾਂਮੰਦੀ ਵਿਚ ਬੈਂਕਾਂ ਦੇ ਨਾਕਾਮਯਾਬ ਹੋਣ ਵਾਲਾ ਤੱਤ ਫ਼ੈਸਲਾਕੁਨ ਸੀ। ਬਰਨਾਨਕੇ ਦੀ ਖੋਜ ਨੇ ਸਾਬਤ ਕੀਤਾ ਕਿ ਬੈਂਕਾਂ ਦੇ ਸੰਕਟ ਦਾ ਅਰਥਚਾਰੇ ਉੱਤੇ ਮਾਰੂ ਅਸਰ ਪੈਂਦਾ ਹੈ। ਇਸੇ ਨੁਕਤੇ ਦੀ ਵਿਆਖਿਆ ਵਿਚ ਉਨ੍ਹਾਂ ਬੈਂਕਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਅਸਰਦਾਰ ਨੇਮਾਂ ਦੀ ਅਹਿਮੀਅਤ ਨੂੰ ਉਘਾੜਿਆ ਸੀ। ਡਗਲਸ ਡਬਲਿਊ. ਡਾਇਮੰਡ ਅਤੇ ਫਿਲਪ ਐੱਚ. ਡੇਵਿੱਗ ਨੇ ਉਹ ਸਿਧਾਂਤਕ ਚੌਖਟਾ ਤਿਆਰ ਕੀਤਾ ਜਿਸ ਰਾਹੀਂ ਬੈਂਕਾਂ ਦੀ ਹੋਂਦ ਦਾ ਬਿਆਨੀਆ ਤਿਆਰ ਕੀਤਾ। ਇਨ੍ਹਾਂ ਦੀ ਖੋਜ ਨੇ ਦਰਸਾਇਆ ਕਿ ਬੈਂਕਾਂ ਦੀ ਸਮਾਜਿਕ ਭੂਮਿਕਾ ਕਾਰਨ ਇਨ੍ਹਾਂ ਦੇ ਡੁੱਬ ਜਾਣ ਦੀਆਂ ਅਫ਼ਵਾਹਾਂ ਇਨ੍ਹਾਂ ਨੂੰ ਨਿਤਾਣਾ ਕਰ ਦਿੰਦੀਆਂ ਹਨ ਅਤੇ ਸਮਾਜ ਹੀ ਇਨ੍ਹਾਂ ਦਾ ਨਿਤਾਣਾਪਣ ਘਟਾ ਸਕਦਾ ਹੈ। ਅਜੋਕੇ ਬੈਂਕ ਨੇਮਾਂ ਦੀ ਬੁਨਿਆਦ ਇਨ੍ਹਾਂ ਖੋਜਾਂ ਉੱਤੇ ਟਿਕੀ ਹੋਈ ਹੈ। ਪ੍ਰੋ. ਰਾਕੇਸ਼ ਕੁਮਾਰ ਨੇ ਹਾਲੀਆ ਦੌਰ ਦੀਆਂ ਮਿਸਾਲਾਂ ਨਾਲ ਦੱਸਿਆ ਕਿ ਜਦੋਂ ਗਾਹਕਾਂ ਵਿਚ ਬੇਭਰੋਸਗੀ ਕਾਰਨ ਲੋਕ ਯੈੱਸ ਬੈਂਕ ਵਿਚੋਂ ਲਗਾਤਾਰ ਪੈਸਾ ਕਢਵਾ ਰਹੇ ਸਨ ਤਾਂ ਰਿਜ਼ਰਵ ਬੈਂਕ ਨੇ ਪੰਜ ਲੱਖ ਤੱਕ ਦੀ ਬਚਤ ਦਾ ਜ਼ਿੰਮਾ ਆਪਣੇ ਸਿਰ ਲਿਆ ਸੀ ਅਤੇ ਨਾਲ ਪੈਸੇ ਕਢਵਾਉਣ ਦੀ ਹੱਦ ਮਿੱਥ ਦਿੱਤੀ ਸੀ। ਇਸ ਨਾਲ ਗਾਹਕਾਂ ਵਿਚ ਭਰੋਸਾ ਵਧਿਆ ਅਤੇ ਬੈਂਕ ਦੇ ਸਰਮਾਏ ਨੂੰ ਖੋਰਾ ਲੱਗਣਾ ਬੰਦ ਹੋਇਆ। ਇੱਕ ਪਾਸੇ ਤਾਂ ਇਹ ਬੈਂਕ ਡੁਬਣ ਤੋਂ ਬਚ ਗਿਆ ਅਤੇ ਦੂਜੇ ਪਾਸੇ ਹੋਰ ਬੈਂਕ ਇਸ ਦੇ ਮਾਰੂ ਅਸਰ ਤੋਂ ਬਚ ਗਏ ਜਿਸ ਕਾਰਨ ਵਿੱਤੀ ਬੇਭਰੋਸਗੀ ਜ਼ਿਆਦਾ ਨਹੀਂ ਫੈਲੀ। ਇਸ ਸਮੁੱਚੀ ਖੋਜ ਨਾਲ ਅਰਥਚਾਰੇ ਦੇ ਠਹਿਰਾਉ ਵਿਚ ਸਰਕਾਰੀ ਦਖ਼ਲਅੰਦਾਜ਼ੀ ਅਤੇ ਪੂੰਜੀ ਦਾ ਪੇਚੀਦਾ ਰਿਸ਼ਤਾ ਸਾਹਮਣੇ ਆਉਂਦਾ ਹੈ।
ਨੋਬੇਲ ਪੁਰਸਕਾਰ ਮਨੁੱਖਤਾ ਦੇ ਭਲੇ ਲਈ ਕੀਤੀਆਂ ਬੌਧਿਕ ਪ੍ਰਾਪਤੀਆਂ ਨੂੰ ਤਸਲੀਮ ਕਰਨ ਲਈ ਦਿੱਤੇ ਜਾਂਦੇ ਹਨ। ਅਮਨ ਲਈ ਕੀਤੇ ਉਪਰਾਲਿਆਂ ਲਈ ਦਿੱਤੇ ਜਾਣ ਵਾਲੇ ਨੋਬੇਲ ਪੁਰਸਕਾਰ ਦੀ ਸਿਆਸਤ ਲਗਾਤਾਰ ਚਰਚਾ ਵਿਚ ਰਹੀ ਹੈ। ਸਾਹਿਤ ਦੇ ਨੋਬੇਲ ਪੁਰਸਕਾਰ ਦੀ ਇਹ ਚਰਚਾ ਲਗਾਤਾਰ ਰਹੀ ਹੈ ਕਿ ਕਿਸ ਤਰ੍ਹਾਂ ਦੀ ਸੋਚ ਵਾਲੇ ਸਾਹਿਤਕਾਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਹੈ ਅਤੇ ਕਿਸ ਸੋਚ ਦੇ ਸਾਹਿਤ ਨੂੰ ਥਾਪੜਾ ਮਿਲਦਾ ਹੈ। ਮੁਕਾਬਲਤਨ ਭੌਤਿਕ ਵਿਗਿਆਨ, ਸਰੀਰ ਵਿਗਿਆਨ ਅਤੇ ਰਸਾਇਣ ਵਿਗਿਆਨ ਦੇ ਵਿਸ਼ਿਆਂ ਵਿਚ ਇਹ ਚਰਚਾ ਘੱਟ ਰਹੀ ਹੈ ਪਰ ਉੱਤਰੀ ਅਮਰੀਕੀ ਅਤੇ ਪੱਛਮੀ ਯੂਰਪ ਦੀਆਂ ਪ੍ਰਯੋਗਸ਼ਾਲਾਵਾਂ ਜਾਂ ਖੋਜ ਅਦਾਰਿਆਂ ਦਾ ਇਨ੍ਹਾਂ ਪੁਰਸਕਾਰਾਂ ਉੱਤੇ ਗ਼ਲਬਾ ਰਿਹਾ ਹੈ। ਇਸ ਟੀਰ ਦੇ ਬਾਵਜੂਦ ਨੋਬੇਲ ਪੁਰਸਕਾਰ ਖੋਜ ਅਤੇ ਸਾਹਿਤ ਦੇ ਮਿਆਰ ਲਈ ਆਲਮੀ ਪਛਾਣ ਕਾਇਮ ਕਰ ਸਕਿਆ ਹੈ ਅਤੇ ਚਰਚਾ ਦਾ ਸਬੱਬ ਬਣਦਾ ਹੈ।
ਪੰਜਾਬੀ ਯੂਨੀਵਰਸਿਟੀ ਦੀ ਇਸ ਪਹਿਲਕਦਮੀ ਨਾਲ ਵੱਖ-ਵੱਖ ਵਿਸ਼ਿਆਂ ਦੀ ਖੋਜ ਦੇ ਸਾਂਝੇ ਨੁਕਤੇ ਸਹਿਜੇ ਹੀ ਸਾਹਮਣੇ ਆ ਗਏ ਹਨ। ਇੱਕ ਪਾਸੇ ਤਾਂ ਗਿਆਨ-ਵਿਗਿਆਨ ਅਤੇ ਸਾਹਿਤ ਸਿਰਜਣਾ ਦਾ ਸਮਾਜਿਕ ਪੱਖ ਹੈ ਕਿ ਇਹ ਸਾਂਝੇ ਤਜਰਬੇ ਦੀ ਉਪਜ ਹੈ ਅਤੇ ਦੂਜਾ ਪਾਸਾ ਇਹ ਹੈ ਕਿ ਨਿਰੋਲ ਜਾਂ ਪਾਕੀਜ਼ਗੀ ਦੀ ਹਰ ਧਾਰਨਾ ਜਾਂ ਸੋਚ ਮਹਿਜ ਅਗਿਆਨਤਾ ਹੈ। ਪ੍ਰੋ. ਹਿਮੇਂਦਰ ਭਾਰਤੀ ਨੇ ਆਪਣੀ ਤਕਰੀਰ ਦੇ ਅਖ਼ੀਰ ਵਿਚ ਬਾਂਦਰ ਤੋਂ ਮਨੁੱਖ ਤੱਕ ਦੇ ਵਿਗਾਸ ਨੂੰ ਪੇਸ਼ ਕਰਨ ਲਈ ਵਰਤੀ ਜਾਂਦੀ ਤਸਵੀਰ ਦਿਖਾ ਕੇ ਕਿਹਾ ਕਿ ‘ਬਾਂਦਰ ਤੋਂ ਮਨੁੱਖ ਤੱਕ ਦੀ ਲੜੀ` ਦੀ ਇਹ ਸਿੱਧੜ ਜਿਹੀ ਪੇਸ਼ਕਾਰੀ ਵਿਗਾਸ ਦੇ ਸਮੁੱਚੇ ਰੁਝਾਨ ਦੀ ਪੇਚੀਦਗੀ ਖ਼ਤਮ ਕਰ ਦਿੰਦੀ ਹੈ। ਇਸ ਪੇਚੀਦਗੀ ਦਾ ਪੰਜ ਪੁਰਸਕਾਰਾਂ ਦੇ ਹਵਾਲੇ ਨਾਲ ਬਿਆਨੀਆ ਦੇ ਕੇ ਪੰਜਾਬੀ ਯੂਨੀਵਰਸਿਟੀ ਨੇ ਇਹ ਪਿਰਤ ਪਾਉਣ ਦੀ ਪਹਿਲਕਦਮੀ ਕੀਤੀ ਹੈ ਕਿ ਨਵੇਂ ਦਿਸਹੱਦੇ ਛੂਹਣ ਵਾਲਾ ਗਿਆਨ ਪੰਜਾਬੀ ਵਿਚ ਵਰਤਾਇਆ ਜਾ ਸਕਦਾ ਹੈ।