ਸਿਰਦਾਰ ਕਪੂਰ ਸਿੰਘ ਰਚਿਤ ਪਾਰਾਸ਼ਰ-ਪ੍ਰਸ਼ਨ ਦੇ ਪੰਜਾਬੀ ਅਨੁਵਾਦ ਦੀ ਅਨੁਵਾਦਕੀ ਵਿਚ ਪ੍ਰੋ. ਹਰਪਾਲ ਸਿੰਘ ਪਨੂੰ ਲਿਖਦੇ ਹਨ, “ਡਾ. ਧਰਮਾਨੰਤ ਸਿੰਘ ਦੀ ਦੋ ਜਿਲਦਾਂ ਵਿਚ ਛਪੀ ਕਿਤਾਬ “ਵੈਦਿਕ ਗੁਰਮਤਿ” ਦੇ ਪਾਠ ਉਪਰੰਤ ਲਗਦਾ ਹੈ ਕਿ ਜਿਵੇਂ ਗੁਰਮਤਿ ਅਤੇ ਵੈਦਿਕ ਮਤਿ ਵਿਚ ਕੋਈ ਫਰਕ ਨਹੀਂ। ਪ੍ਰਸ਼ਨ ਹੈ ਜੇ ਕੋਈ ਫਰਕ ਨਹੀਂ, ਤਦ ਗੁਰਮਤਿ ਦੀ ਲੋੜ ਨਹੀਂ ਸੀ। ਵੈਦਿਕ ਮਤਿ ਨੂੰ ਗੁਰਮੁਖੀ ਲਿਪੀ ਅਤੇ ਪੰਜਾਬੀ ਜਬਾਨ ਵਿਚ ਸਮਝਿਆ ਸਮਝਾਇਆ ਜਾ ਸਕਦਾ ਸੀ। ਸਿਰਦਾਰ ਕਪੂਰ ਸਿੰਘ ਗੁਰਮਤਿ ਦਾ ਪੁਰਾਤਨ ਸ੍ਰੋਤ ਵੈਦਿਕ ਮਤਿ ਨੂੰ ਮੰਨਣ ਤੋਂ ਝਿਜਕਦੇ ਨਹੀਂ ਪਰ ਸਿਖ ਗੁਰੂ ਸਾਹਿਬਾਨ ਨੇ ਉਸ ਵਿਚੋਂ ਕੀ ਲਿਆ, ਕੀ ਛਡਿਆ, ਇਸ ਵਿਚ ਨਿਖੇੜਾ ਕਰਦੇ ਹਨ।”
ਦਰਅਸਲ ਇਹ ਨਿਖੇੜਾ ਹੀ ਗੁਰਮਤਿ ਦੀ ਮੌਲਿਕਤਾ ਨੂੰ ਪ੍ਰਗਟ ਕਰਦਾ ਹੈ। ਸਿਰਦਾਰ ਕਪੂਰ ਸਿੰਘ ਦੇ ਕਥਨ ਅਨੁਸਾਰ, “ਬ੍ਰਹਮ ਸੂਤਰ ਹਿੰਦੂ ਮਤਿ ਦੀ ਆਧਾਰਸ਼ਿਲਾ ਹਨ। ਬ੍ਰਹਮ ਸੂਤਰ ਵੇਦਾਂਤ ਦੀ ਨੀਂਹ ਹਨ ਅਤੇ ਵੇਦਾਂਤ ਹਿੰਦੂ ਮਤਿ ਦਾ ਦ੍ਰਾਸ਼ਨਿਕ ਤਤਸਾਰ ਹੈ। ਬ੍ਰਹਮ ਸੂਤਰਾਂ ਦਾ ਮਤਲਬ ਬ੍ਰਹਮ ਨੂੰ ਜਾਣਨ ਵਾਸਤੇ ਸਹਾਈ ਕੁੰਜੀਪਾਠ ਹੈ।”
“ਬ੍ਰਹਮਸੂਤਰ ਸੂਤ੍ਰ ਸਾਹਿਤ ਦੀ ਚਰਮਸੀਮਾ ਹਨ। ਇਨ੍ਹਾਂ ਦੇ ਕਰਤਾ ਬਾਦ੍ਰਾਇਣ ਨੇ ਉਪਨਿਸ਼ਦਾਂ ਵਿਚਲੇ ਚਿੰਤਨ ਦੀ ਦਿਸ਼ਾ ਨੂੰ ਨੇਮਬਧ ਕੀਤਾ। ਬਾਦ੍ਰਾਇਣ ਦਾ ਬ੍ਰਹਮਸੂਤਰ ਵੇਦਾਂਤ ਸਕੂਲ ਦਾ ਇਕੋਇਕ ਗ੍ਰੰਥ ਨਹੀਂ ਪਰ ਹਾਂ, ਇਹ ਸ਼ਾਇਦ ਆਖਰੀ ਤੇ ਬਿਹਤਰੀਨ ਹੈ। ਭਾਰਤ ਵਿਚਲੇ ਸਾਰੇ ਹਿੰਦੂ ਸੰਪਰਦਾਏ ਇਸ ਕਾਰਜ ਨੂੰ ਮਹਾਨ ਮੰਨਦੇ ਹਨ।”
ਉਪਨਿਸ਼ਦਾਂ (ਵੇਦਾਂਤ) ਵਿਚ ਬ੍ਰਹਮ ਦਾ ਜਿ਼ਕਰ ਇਸ ਰੂਪ ਵਿਚ ਕੀਤਾ ਗਿਆ ਹੈ –
“ਬ੍ਰਹਮ ਨੂੰ ਯਕਸ਼ ਦੇ ਰੂਪ ਵਿਚ ਵੇਖਣ ਕਾਰਨ ਅਗਨੀ ਵਾਯੂ ਤੇ ਇੰਦਰ ਦੂਜੇ ਦੇਵਤਿਆਂ ਤੋਂ ਉਤਮ ਮੰਨੇ ਜਾਂਦੇ ਹਨ, ਕਿਉਂਕਿ ਇਨ੍ਹਾਂ ਦੇਵਤਿਆਂ ਨੇ ਬ੍ਰਹਮ ਨੂੰ ਨੇੜੇ ਤੋਂ ਵੇਖਿਆ ਹੈ ਤੇ ਇਨ੍ਹਾਂ ਨੂੰ ਹੀ ਸਭ ਤੋਂ ਪਹਿਲਾਂ ਗਿਆਨ ਹੋਇਆ ਕਿ ਬ੍ਰਹਮ ਦੀ ਹੋਂਦ ਹੈ। ਅਗਨੀ ਤੇ ਵਾਯੂ ਤੋਂ ਇੰਦਰ ਦਾ ਮਹਤਵ ਜ਼ਿਆਦਾ ਹੈ, ਕਿਉਂਕਿ ਉਸ ਨੇ ਬ੍ਰਹਮ ਬਹੁਤ ਨੇੜੇ ਤੋਂ ਵੇਖਿਆ ਹੈ ਅਤੇ ਸਭ ਤੋਂ ਪਹਿਲਾਂ ਉਸ ਨੂੰ ਹੀ ਇਹ ਗਿਆਨ ਹੋਇਆ ਕਿ ਬ੍ਰਹਮ ਦੀ ਹੋਂਦ ਹੈ।” (ਕੇਨ ਉਪਨਿਸ਼ਦ, ਸਫਾ 37)
“ਬ੍ਰਹਮ ਨੇ ਦੇਵਤਿਆਂ ਵਾਸਤੇ ਜਿਤ ਪ੍ਰਾਪਤ ਕੀਤੀ। ਬ੍ਰਹਮ ਦੀ ਜਿਤ ਨਾਲ ਦੇਵਤਿਆਂ ਦਾ ਮਾਣ ਵਧਿਆ। ਉਨ੍ਹਾਂ ਨੇ ਸੋਚਿਆ, “ਇਹ ਸਾਡੀ ਹੀ ਜਿਤ ਹੈ, ਇਹ ਸਾਡੀ ਹੀ ਮਹਿਮਾ ਹੈ”। ਉਹ ਹੰਕਾਰ ਵਿਚ ਆ ਗਏ। ਆਪਣੇ ਆਪ ਨੂੰ ਬ੍ਰਹਮ ਨਾਲਂੋ ਵਡਾ ਸਮਝਣ ਲਗ ਪਏ। ਬ੍ਰਹਮ ਦੇਵਤਿਆਂ ਦੇ ਇਸ ਭਾਵ ਨੂੰ ਜਾਣ ਗਿਆ ਤੇ ਉਨ੍ਹਾਂ ਦੇ ਸਾਹਮਣੇ ਪ੍ਰਗਟ ਹੋਇਆ। ਪਰ ਦੇਵਤੇ ਉਸ ਨੂੰ ਸਮਝ ਨਾ ਸਕੇ। ਉਹ ਆਪਸ ਵਿਚ ਸੋਚਣ ਲਗੇ ਕਿ ਇਹ ਯਕਸ਼ ਕੌਣ ਹੈ?”
ਉਨ੍ਹਾਂ ਨੇ ਅਗਨੀ ਨੂੰ ਕਿਹਾ – “ਹੇ ਜਾਤਵੇਦ! ਤੂੰ ਇਹ ਜਾਣਨ ਦੀ ਖੇਚਲ ਕਰ ਕਿ ਇਹ ਯਕਸ਼ ਕੌਣ ਹੈ।”
ਉਸ ਨੇ ਕਿਹਾ – “ਠੀਕ ਹੈ”।
ਉਹ ਉਸ ਕੋਲ ਆਇਆ। ਉਸ ਨੂੰ ਯਕਸ਼ ਨੇ ਪੁੱਛਿਆ – “ਤੂੰ ਕੌਣ ਹੈਂ?”
ਉਸ ਨੇ ਕਿਹਾ – “ਮੈਂ ਅਗਨੀ ਹਾਂ, ਮੈਂ ਜਾਤਵੇਦਾ ਹਾਂ।”
ਯਕਸ਼ ਨੇ ਫਿਰ ਪੁੱਛਿਆ – “ਅਛਾ, ਤਾਂ ਤੇਰੇ ਵਿਚ ਕੀ ਸ਼ਕਤੀ ਹੈ?”
ਅਗਨੀ ਨੇ ਕਿਹਾ – “ਮੈਂ ਇਹ ਸਭ ਕੁਝ ਜਲਾ ਸਕਦਾ ਹਾਂ, ਜੋ ਕੁਝ ਵੀ ਇਸ ਪ੍ਰਿਥਵੀ ਉਤੇ ਹੈ।”
ਯਕਸ਼ ਨੇ ਉਸ ਦੇ ਸਾਹਮਣੇ ਇਕ ਤਿਨਕਾ ਰਖਿਆ ਅਤੇ ਕਿਹਾ – “ਇਸ ਨੂੰ ਜਲਾ।”
ਅਗਨੀ ਪੂਰੀ ਸ਼ਕਤੀ ਨਾਲ ਉਸ ਤਿਨਕੇ ਕੋਲ ਗਿਆ ਪਰ ਉਹ ਉਸ ਨੂੰ ਜਲਾ ਨਾ ਸਕਿਆ ਅਤੇ ਚੁਪ ਚਾਪ ਵਾਪਸ ਆ ਗਿਆ। ਵਾਪਸ ਆ ਕੇ ਉਸ ਨੇ ਦੇਵਤਿਆਂ ਨੂੰ ਕਿਹਾ – “ਮੈਂ ਤਾਂ ਇਹ ਜਾਣ ਨਹੀਂ ਸਕਿਆ ਕਿ ਇਹ ਯਕਸ਼ ਕੌਣ ਹੈ।”
ਫਿਰ ਉਨ੍ਹਾਂ ਨੇ ਵਾਯੂ ਨੂੰ ਕਿਹਾ – “ਹੇ ਵਾਯੂ। ਤੂੰ ਇਸ ਦੀ ਜਾਣਕਾਰੀ ਲਿਆ ਤੇ ਪਤਾ ਕਰ ਕਿ ਇਹ ਯਕਸ਼ ਕੌਣ ਹੈ?”
ਉਸ ਨੇ ਕਿਹਾ – “ਠੀਕ ਹੈ”।
ਉਹ ਉਸ ਕੋਲ ਆਇਆ। ਉਸ ਨੂੰ ਯਕਸ਼ ਨੇ ਪੁਛਿਆ – “ਤੂੰ ਕੌਣ ਹੈ?”
ਉਸ ਨੇ ਕਿਹਾ – “ਮੈਂ ਵਾਯੂ ਹਾਂ, ਮੈਂ ਮਾਤਰਿਸ਼੍ਵਾ ਹਾਂ।”
ਯਕਸ਼ ਨੇ ਫਿਰ ਪੁੱਛਿਆ – “ਅੱਛਾ, ਤਾਂ ਤੇਰੇ ਵਿਚ ਕੀ ਸ਼ਕਤੀ ਹੈ?”
ਵਾਯੂ ਨੇ ਕਿਹਾ – “ਮੈਂ ਇਹ ਸਭ ਕੁਝ ਉੜਾ ਸਕਦਾ ਹਾਂ, ਜੋ ਕੁਝ ਵੀ ਇਸ ਪ੍ਰਿਥਵੀ ਉਤੇ ਹੈ।”
ਯਕਸ਼ ਨੇ ਉਸ ਦੇ ਸਾਹਮਣੇ ਇਕ ਤਿਨਕਾ ਰੱਖਿਆ ਅਤੇ ਕਿਹਾ – “ਇਸ ਨੂੰ ਉੜਾ।”
ਵਾਯੂ ਪੂਰੀ ਸ਼ਕਤੀ ਨਾਲ ਉਸ ਤਿਨਕੇ ਕੋਲ ਗਿਆ ਪਰ ਉਹ ਉਸ ਨੂੰ ਉੜਾ ਨਾ ਸਕਿਆ ਅਤੇ ਵਾਪਸ ਆ ਗਿਆ। ਵਾਪਸ ਆ ਕੇ ਉਸ ਨੇ ਦੇਵਤਿਆਂ ਨੂੰ ਕਿਹਾ – “ਮੈਂ ਤਾਂ ਇਹ ਜਾਣ ਨਹੀਂ ਸਕਿਆ ਕਿ ਇਹ ਯਕਸ਼ ਕੌਣ ਹੈ।”
ਫਿਰ ਉਨ੍ਹਾਂ ਨੇ ਇੰਦਰ ਨੂੰ ਕਿਹਾ – “ਹੇ ਮਘਵਨ! ਤੂੰ ਇਸ ਦੀ ਜਾਣਕਾਰੀ ਲਿਆ ਤੇ ਪਤਾ ਕਰ ਕਿ ਇਹ ਯਕਸ਼ ਕੌਣ ਹੈ?”
ਉਸ ਨੇ ਕਿਹਾ, “ਠੀਕ ਹੈ।”
ਜਦੋਂ ਉਹ ਉਸ ਦੇ ਨੇੜੇ ਆਇਆ ਤਾਂ ਯਕਸ਼ ਉਸ ਦੇ ਸਾਹਮਣੇ ਗਾਇਬ ਹੋ ਗਿਆ। ਪਰ ਉਸੇ ਵੇਲੇ ਆਕਾਸ਼ ਵਿਚ ਬੜੀ ਸ਼ੋਭਾ ਵਾਲੀ ਹੈਮਵਤੀ ਉਮਾ ਦੇਵੀ ਪ੍ਰਗਟ ਹੋਈ। ਇੰਦਰ ਨੇ ਉਸ ਨੂੰ ਪੁੱਛਿਆ – “ਇਹ ਯਕਸ਼ ਕੌਣ ਸੀ?”
ਉਹ ਬੋਲੀ – “ਇਹ ਬ੍ਰਹਮ ਸੀ। ਬ੍ਰਹਮ ਦੀ ਇਸ ਜਿਤ ਨਾਲ ਤੁਹਾਡਾ ਮਾਣ ਵਧਿਆ ਹੈ”,
ਤਾਂ ਇੰਦਰ ਨੂੰ ਗਿਆਨ ਹੋਇਆ ਕਿ ਇਹ ਬ੍ਰਹਮ ਹੈ।
ਅਗਨੀ, ਵਾਯੂ ਤੇ ਇੰਦਰ ਦਾ ‘ਬ੍ਰਹਮ’ ਦੇ ਪ੍ਰਸੰਗ ਵਿਚ ਉਕਤ ਸੰਵਾਦ ਸਪੱਸ਼ਟ ਕਰਦਾ ਹੈ ਕਿ ਬ੍ਰਹਮ ਸਾਰੇ ਦੇਵਤਿਆਂ ਤੋਂ ਸਰਬ ਸ਼ਕਤੀਮਾਨ ਹੈ ਅਤੇ ਸਾਰੇ ਦੇਵਤੇ ਬ੍ਰਹਮ ਦੇ ਅਧੀਨ ਹਨ। ਬ੍ਰਹਮ ਦੇ ਹੁਕਮ ਤੋਂ ਬਿਨਾਂ ਅਗਨੀ ਦੇਵਤਾ ਇਕ ਤਿਨਕਾ ਵੀ ਨਹੀਂ ਸਾੜ ਸਕਦਾ, ਵਾਯੂ ਦੇਵਤਾ ਇਕ ਤਿਨਕਾ ਵੀ ਨਹੀਂ ਉਡਾ ਸਕਦਾ ਤੇ ਇੰਦਰ ਦੇਵਤਾ ਬ੍ਰਹਮ ਉਤੇ ਆਪਣਾ ਹੁਕਮ ਨਹੀਂ ਚਲਾ ਸਕਦਾ।
ਸਭ ਤਤਾਂ ਵਿਚ ਉਹ ਪਛਾਣ ਕੇ।
ਆਪਣੇ ਅੰਦਰ ਝਾਤ ਮਾਰ ਕੇ।
ਬ੍ਰਹਮ-ਲੀਨ ਫਿਰ ਉਹ ਹੋਏ ਨੇ।
ਬ੍ਰਹਮ-ਪਰਾਇਣ ਉਹ ਫਿਰ ਹੋ ਕੇ।
ਜਨਮ ਮਰਣ ਤੋਂ ਉਹ ਛੁਟਦੇ ਨੇ। (ਸ਼੍ਵੈਤਾਸ਼੍ਵਤਰ ਉਪਨਿਸ਼ਦ, ਸਫਾ 609)
ਬ੍ਰਹਮ ਗਿਆਨੀ ਮਨੁੱਖ ਬ੍ਰਹਮ ਨੂੰ ਜਾਣ ਕੇ ਤੇ ਸਾਰੇ ਤੱਤਾਂ ਵਿਚ ਉਸ ਦੀ ਹੋਂਦ ਪਛਾਣ ਕੇ ਜਦੋਂ ਆਪਣੇ ਅੰਦਰ ਭਾਵ ਆਪਣੇ ਆਤਮ ਵਿਚ ਝਾਤੀ ਮਾਰਦਾ ਹੈ ਤਾਂ ਉਸ ਨੂੰ ਆਪਣੀ ਹਕੀਕਤ ਸਮਝ ਆਉਂਦੀ ਹੈ। ਫਿਰ ਉਹ ਬ੍ਰਹਮ ਵਿਚ ਲੀਨ ਹੋ ਕੇ ਬ੍ਰਹਮ ਦੇ ਆਸਰੇ ਜਨਮ ਮਰਨ ਦੇ ਭਰਮ ਤੋਂ ਛੁੱਟ ਜਾਂਦਾ ਹੈ।
ਬ੍ਰਹਮ ਤਤ ਹੀ ਇਹ ਆਤਮ ਹੈ।
ਉਪਨਿਸ਼ਦਾਂ ਦਾ ਇਹੀ ਸਾਰ ਹੈ।
ਬ੍ਰਹਮ-ਤਤ ਹੀ ਪਰਮ-ਤਤ ਹੈ।
ਉਪਨਿਸ਼ਦਾਂ ਦਾ ਇਹੀ ਸਾਰ ਹੈ। (ਸ਼੍ਵੈਤਾਸ਼੍ਵਤਰ ਉਪਨਿਸ਼ਦ, ਸਫਾ 615)
ਬ੍ਰਹਮ ਦੀ ਏਨੀ ਸਪੱਸ਼ਟ ਵਿਆਖਿਆ ਹੋਣ ਦੇ ਬਾਵਜੂਦ ਉਪਨਿਸ਼ਦਾਂ ਦੇ ਇਸੇ ਦੌਰ ਵਿਚ ਕੁਝ ਲੋਕ ਬ੍ਰਹਮ ਦੇ ਵਿਅਕਤੀ ਰੂਪ ਦੀ ਪੂਜਾ ਸ਼ੁਰੂ ਕਰ ਦੇਂਦੇ ਹਨ, ਜਿਸ ਦੀ ਖੁਦ ਉਪਨਿਸ਼ਦਾਂ ਵਿਚ ਆਲੋਚਨਾ ਕੀਤੀ ਗਈ ਹੈ।
ਬਾਣੀ ਜਿਸ ਨੂੰ ਜਾਣ ਨਾ ਸਕਦੀ।
ਬਾਣੀ ਜਿਸ ਤੋਂ ਸਭ ਕੁਝ ਜਾਣੇ।
ਬ੍ਰਹਮ ਉਸੀ ਨੂੰ ਸਮਝੋ ਭਾਈ।
ਨਾ ਇਹ ਜਿਸ ਨੂੰ ਲੋਕ ਪੂਜਦੇ। (ਕੇਨ ਉਪਨਿਸ਼ਦ, ਸਫਾ 31)
ਮਨ ਤੋਂ ਜਿਸ ਦਾ ਮਨਨ ਨ ਹੋਈ।
ਮਾਨਸ ਜਿਸ ਤੋਂ ਸਭ ਕੁਝ ਜਾਣੇ।
ਬ੍ਰਹਮ ਉਸ ਨੂੰ ਸਮਝੋ ਭਾਈ।
ਨਾ ਇਹ ਜਿਸ ਨੂੰ ਲੋਕ ਪੂਜਦੇ। (ਕੇਨ ਉਪਨਿਸ਼ਦ, ਸਫਾ 31)
ਪ੍ਰਾਣਾਂ ਰਾਹੀਂ ਜੀਵੇ ਨਾਹੀਂ।
ਪ੍ਰਾਣ ਉਸੇ ਤੋਂ ਕਾਰਜ ਕਰਦੇ।
ਬ੍ਰਹਮ ਉਸੀ ਨੂੰ ਸਮਝੋ ਭਾਈ।
ਨਾ ਇਹ ਜਿਸ ਨੂੰ ਲੋਕ ਪੂਜਦੇ। (ਕੇਨ ਉਪਨਿਸ਼ਦ, ਸਫਾ 31)
ਬ੍ਰਹਮ ਦਾ ਮਨ ਤੋਂ ਮਨਨ ਨਹੀਂ ਹੋ ਸਕਦਾ। ਭਾਵ ‘ਬ੍ਰਹਮ’ ਮਨੁੱਖ ਦੇ ਆਪਣੇ ਸਰੀਰੀ ਮਨ ਦੀ ਅਨੁਭਵੀ ਪਕੜ ਵਿਚ ਨਹੀਂ ਆ ਸਕਦਾ। ਬਲਕਿ ਮਨ ਸਾਰਾ ਕੁਝ ਉਸ ਬ੍ਰਹਮ ਤੋਂ ਜਾਣਦਾ ਹੈ ਅਤੇ ਇਹ ਬ੍ਰਹਮ ਉਹ ਨਹੀਂ ਹੈ ਜਿਸ ਦੀ ਲੋਕ (ਬ੍ਰਹਮਾ ਦੇ ਰੂਪ ਵਿਚ) ਪੂਜਾ ਕਰਦੇ ਹਨ। ਇਹ ਬ੍ਰਹਮ ਮਨੁੱਖ ਵਾਂਗ ਪ੍ਰਾਣਾਂ ਰਾਹੀਂ ਜੀਵਨ ਨਹੀਂ ਪਾਉਂਦਾ ਸਗੋਂ ਪ੍ਰਾਣ ਇਸ ਬ੍ਰਹਮ ਤੋਂ ਜੀਵਨ ਪਾਉਂਦੇ ਹਨ। ਬ੍ਰਹਮ ਉਹ ਨਹੀਂ ਹੈ, ਜਿਸ ਦੀ ਲੋਕ ਪੂਜਾ ਕਰਦੇ ਹਨ ਸਗੋਂ ਇਹ ਬ੍ਰਹਮ ਸਮੁੱਚੇ ਜੀਵਨ ਦਾ ਮੂਲ ਆਧਾਰ ਹੈ।
ਉਪਨਿਸ਼ਦਾਂ ਦਾ ਗਿਆਨ ਇਸ ਸਚਾਈ ਬਾਰੇ ਸਪੱਸ਼ਟ ਹੈ ਕਿ ‘ਬ੍ਰਹਮ’ ਉਹ ਨਹੀਂ ਹੈ, ਜਿਸ ਦੀ ਲੋਕ ਬ੍ਰਹਮਾ ਦੇ ਰੂਪ ਵਿਚ ਪੂਜਾ ਕਰਦੇ ਹਨ। ਸਗੋਂ ਬ੍ਰਹਮ ਉਹ ਹੈ ਜਿਹੜਾ ਸਗਲ ਬ੍ਰਹਿਮੰਡੀ ਪਸਾਰੇ ਭਾਵ ਬ੍ਰਹਮ ਦੇ ਆਕਾਰ ਰੂਪ ਵਿਚ ਮਨੁੱਖੀ ਸੋਚ ਦੀ ਸੀਮਾ ਤੋਂ ਪਾਰ ਹੈ, ਜਿਸ ਦਾ ਅੰਤ ਜਾਣਿਆ ਨਹੀਂ ਜਾ ਸਕਦਾ, ਜਿਹੜਾ ਮਨੁੱਖ ਦੇ ਆਪਣੇ ਸਰੀਰੀ ਮਨ ਦੇ ਅਨੁਭਵ ਦੀ ਪਕੜ ਵਿਚ ਨਹੀਂ ਆ ਸਕਦਾ ਤੇ ਜਿਸ ਨੂੰ ਸ਼ਬਦ ਬਿਆਨ ਨਹੀਂ ਕਰ ਸਕਦੇ। ਜਿਹੜਾ ਅਸੀਮ ਹੈ ਤੇ ਮਨੁੱਖੀ ਸੋਚ ਤੋਂ ਪਾਰ ਹੈ। ਇਸੇ ਲਈ ਇਸ ਨੂੰ ਪਾਰਬ੍ਰਹਮ ਵੀ ਕਿਹਾ ਜਾਂਦਾ ਹੈ। ਵੈਦਿਕ ਫਿਲਾਸਫੀ ਅਨੁਸਾਰ ਇਹ ਬ੍ਰਹਮ ਹੀ ਸਾਰੇ ਜੀਵਾਂ ਦੇ ਪ੍ਰਾਣਾਂ ਦਾ ਮੂਲ ਆਧਾਰ ਹੈ।
ਪਰ ਜਾਪਦਾ ਹੈ ਕਿ ਬੌਧਿਕ ਊਣਤਾਈ ਦੇ ਇਸ ਦੌਰ ਵਿਚ ਬ੍ਰਹਮ ਦੇ ਪੁਰਖ ਰੂਪ ਮਨ-ਕਲਪਿਤ ਬ੍ਰਹਮਾ ਦੀ ਹੋਂਦ ਨੂੰ ਮਾਨਤਾ ਮਿਲਣੀ ਆਰੰਭ ਹੋ ਗਈ ਹੈ। ਹੌਲੀ-ਹੌਲੀ ਬ੍ਰਹਮ ਦਾ ਸੰਕਲਪ ਓਝਲ ਹੁੰਦਾ ਗਿਆ ਅਤੇ ਬ੍ਰਹਮਾ ਦਾ ਸੰਕਲਪ ਲੋਕ ਮਾਨਤਾ ਪ੍ਰਾਪਤ ਕਰਦਾ ਗਿਆ। ਮਨੂ ਸਿਮ੍ਰਿਤੀ ਦੇ ਐਨ ਮੁਢ ਵਿਚ ਬ੍ਰਹਮਾ ਦੇ ਪੈਦਾ ਹੋਣ ਬਾਰੇ ਇਹ ਜਾਣਕਾਰੀ ਦਿੱਤੀ ਗਈ ਹੈ:
ਕਾਲ ਦਾ ਸਮਾਂ ਹੈ। ਇਕ ਸਥਾਨ ਉਤੇ ਮਹਾਂਰਿਸ਼ੀ ਲੋਗ ਇਕਾਗਰ-ਚਿੱਤ ਤੇ ਸੁਖੀ ਆਸਣ ਵਿਚ ਬੈਠੇ ਭਗਵਾਨ ਮਨੂ ਦੇ ਕੋਲ ਪੂਰੀ ਸ਼ਰਧਾ ਭਗਤੀ ਨਾਲ ਜਾ ਕੇ ਪ੍ਰਸ਼ਨ ਕਰਤਾ ਦੇ ਰੂਪ ਵਿਚ ਬੋਲੇ :
“ਹੇ ਭਗਵਾਨ! ਸਾਰੇ ਵਰਣਾਂ – ਬ੍ਰਾਹਮਣ, ਖਤਰੀ, ਵੈਸ਼ ਤੇ ਸ਼ੂਦਰ ਅਤੇ ਬ੍ਰਾਹਮਣ ਵਰਣ ਦੇ ਪਿਤਾ ਤੇ ਵੈਸ਼ ਵਰਣ ਦੀ ਮਾਤਾ ਦੇ ਸੰਜੋਗ ਭਾਵ ਉਚ ਵਰਣ ਦੇ ਪਿਤਾ ਤੇ ਹੇਠਲੇ ਵਰਣ ਦੀ ਮਾਤਾ ਦੇ ਸੰਜੋਗ ਤੋਂ, ਬ੍ਰਾਹਮਣ ਵਰਣ ਦੇ ਪਿਤਾ ਤੇ ਖਤਰੀ ਵਰਣ ਦੀ ਮਾਤਾ ਦੇ ਸੰਜੋਗ ਤੋਂ ਤਥਾ ਇਸ ਦੇ ਉਲਟ ਹੇਠਲੇ ਵਰਣ ਦੇ ਪੁਰਸ਼ ਅਤੇ ਬ੍ਰਾਹਮਣ ਵਰਣ ਦੀ ਮਾਤਾ ਦੇ ਸੰਜੋਗ ਤੋਂ ਪੈਦਾ ਹੋਈ ਔਲਾਦ ਦੇ ਕਰਮਵਾਰ ਨਿਭਾਹੇ ਜਾਣ ਵਾਲੇ ਧਰਮ ਨੂੰ ਕਹਿਣ ਦੇ ਤੁਸੀਂ ਯੋਗ ਹੋ, ਇਸ ਲਈ ਕਿਰਪਾ ਕਰ ਕੇ ਉਹ ਕਹੋ!
ਅੰਡਜ (ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਭਾਵ ਸੱਪ, ਮਛੀ, ਪੰਛੀ ਆਦਿ), ਜੇਰਜ (ਜੇਰ ਤੋਂ ਪੈਦਾ ਹੋਣ ਵਾਲੇ ਜੀਵ ਭਾਵ ਮਨੁੱਖ, ਪਸ਼ੂ ਆਦਿ), ਸੇਤਜ (ਮੈਲ ਤੋਂ ਪੈਦਾ ਹੋਣ ਵਾਲੇ ਜੀਵ ਭਾਵ ਖਟਮਲ, ਜੂੰਆਂ ਆਦਿ), ਉਤਭੁਜ (ਭਾਵ ਬੀਜ ਤੋਂ ਪੈਦਾ ਹੋਣ ਵਾਲੀ ਬਨਸਪਤੀ) ਸਾਰੇ ਜੀਵ ਸਮੂਹਾਂ ਦੇ ਜਨਮ ਅਤੇ ਮੌਤ, ਉਨ੍ਹਾਂ ਦੇ ਕਰਨ ਵਾਲੇ ਤੇ ਨਾ ਕਰਨ ਵਾਲੇ ਕੰਮਾਂ, ਉਨ੍ਹਾਂ ਦੇ ਵਿਸ਼ਵਾਸਾਂ ਅਤੇ ਉਨ੍ਹਾਂ ਦੇ ਆਚਾਰ ਨੂੰ ਯਥਾਯੋਗ ਅਤੇ ਇੱਛਾ ਅਨੁਸਾਰ ਕਹਿਣ ਦੇ ਤੁਸੀਂ ਯੋਗ ਹੋ। ਕਿਉਂਕਿ ਹੇ ਪ੍ਰਭੂ! ਸਿਰਫ ਤੁਸੀਂ ਹੀ ਇਕ ਪੂਰਨ ਅਲੌਕਿਕ ਈਸ਼ਵਰ, ਮਨੁਖੀ ਸੋਚ ਤੋਂ ਪਾਰ ਤਥਾ ਅਮਿਤ ਵੇਦ ਦੇ ਸਦੀਵੀ ਗਿਆਨ ਦੇ ਜਾਣਨਹਾਰ, ਯਗ ਕਰਤਾ ਅਤੇ ਬ੍ਰਹਮਾ ਨੂੰ ਜਾਣਨ ਵਾਲੇ ਮੰਨੇ ਗਏ ਹੋ, ਇਸ ਲਈ ਕਿਰਪਾ ਕਰ ਕੇ ਉਨ੍ਹਾਂ ਨੂੰ ਕਹੋ!’
ਫਿਰ ਮਹਾਂਰਿਸ਼ੀਆਂ ਵਲੋਂ ਇਸ ਤਰ੍ਹਾਂ ਪੁੱਛੇ ਗਏ ਸੁਆਲਾਂ ਬਾਰੇ ਅਪਾਰ ਗਿਆਨ ਵਾਲੇ ਮਨੂ ਉਨ੍ਹਾਂ ਸਾਰੇ ਮਹਾਂਰਿਸ਼ੀਆਂ ਦਾ ਉਚਿਤ ਸਤਿਕਾਰ ਕਰ ਕੇ ਬੋਲੇ :
“ਸੁਣੋਂ! ਪਰਲੋ ਕਾਲ ਵਿਚ ਇਹ ਸੰਸਾਰ ਹਨੇਰੇ ਵਿਚ ਲੀਨ, ਅਣਜਾਣ, ਚਿਹਨ ਰਹਿਤ, ਪ੍ਰਮਾਣ ਆਦਿ ਤਰਕ ਤੋਂ ਹੀਣ, ਅਣਜਾਣਿਆ ਤਥਾ ਪੂਰਨ ਰੂਪ ਵਿਚ ਸੁਪਤ ਅਵਸਥਾ ਵਿਚ ਸੀ ਤਾਂ ਫਿਰ ਆਪਣੀ ਇਛਾ ਨਾਲ ਸਰੀਰ ਧਾਰਨ ਕਰਨ ਵਾਲੇ, ਮਨੁਖੀ ਇੰਦ੍ਰੀਆਂ ਦੀ ਪਕੜ ਵਿਚ ਨਾ ਆਉਣ ਵਾਲੇੇ ਅਦ੍ਰਿਸ਼ਟ, ਅਮਿਤ ਸਰਬਸ਼ਕਤੀਮਾਨ ਹਨੇਰੇ ਨੂੰ ਦੂਰ ਕਰਨ ਵਾਲੇ ਭਗਵਾਨ ਆਕਾਸ਼ ਆਦਿ ਮੂਲ ਤਤਾਂ ਸਮੇਤ ਪ੍ਰਗਟ ਹੋਏ। ਜਿਹੜੇ ਭਗਵਾਨ ਮਨੁਖੀ ਗਿਆਨ ਇੰਦ੍ਰੀਆਂ ਦੀ ਪਹੁੰਚ ਤੇ ਸਮੂਹ ਪ੍ਰਾਣੀਆਂ ਦੀ ਸੋਚ ਤੋਂ ਪਾਰ, ਸੂਖਮ ਸਰੂਪ, ਅਗਮ, ਸਦਾ ਰਹਿਣ ਵਾਲੇ ਹਨ, ਉਹ ਖੁਦ ਪ੍ਰਗਟ ਹੋਏ। ਫਿਰ ਉਸ ਪਰਮਾਤਮਾ ਨੇ ਅਨੇਕ ਤਰ੍ਹਾਂ ਦੀ ਪਰਜਾ ਦੀ ਸਿਰਜਣਾ ਕਰਨ ਦੀ ਇਛਾ ਨਾਲ ਸਭ ਤੋਂ ਪਹਿਲਾਂ ਪਾਣੀ ਦੀ ਸਿਰਜਣਾ ਕੀਤੀ ਅਤੇ ਉਸ ਪਾਣੀ ਵਿਚ ਸ਼ਕਤੀ ਰੂਪੀ ਬੀਜ ਬੀਜਿਆ। ਇਸ ਬੀਜ ਨੇ ਹਜਾਰਾਂ ਸੂਰਜਾਂ ਦੇ ਬਰਾਬਰ ਪ੍ਰਕਾਸ਼ ਵਾਲੇ ਸੋਨੇ ਵਰਗੇ ਸ਼ੁਧ ਆਂਡੇ ਦਾ ਰੂਪ ਧਾਰਨ ਕਰ ਲਿਆ ਤੇ ਫਿਰ ਉਸ ਆਂਡੇ ਵਿਚੋਂ ਸਮੂਹ ਲੋਕਾਂ ਦੀ ਸਿਰਜਣਾ ਕਰਨ ਵਾਲੇ ਬ੍ਰਹਮਾ ਜੀ ਪੈਦਾ ਹੋਏ।”
… “ਉਸ ਮਹਾਨ ਤੇਜ ਵਾਲੇ ਬ੍ਰਹਮਾਂ ਨੇ ਇਸ ਲੋਕ ਦੀ ਰਖਿਆ ਲਈ ਆਪਣੇ ਮੂੰਹ ਬਾਹਾਂ ਜੰਘਾ ਤੇ ਪੈਰਾਂ ਵਿਚੋਂ ਕਰਮਵਾਰ ਚੌਹਾਂ ਵਰਣਾਂ ਨੂੰ ਪੈਦਾ ਕੀਤਾ ਅਤੇ ਇਨ੍ਹਾਂ ਦੇ ਕੰਮ ਅਡ-ਅਡ ਨਿਸ਼ਚਿਤ ਕਰ ਦਿਤੇ। ਈਸ਼ਵਰ ਨੇ ਸ਼ੂਦਰਾਂ ਲਈ ਇਹ ਹੀ ਕੰਮ ਕਰਨ ਦਾ ਆਦੇਸ਼ ਦਿਤਾ ਕਿ ਉਹ ਦੂਜੇ ਤਿੰਨਾਂ ਵਰਣਾਂ ਦੀ ਸੇਵਾ ਕਰਨ। ਰਾਜੇ ਨੂੰ ਚਾਹੀਦਾ ਹੈ ਕਿ ਉਹ ਸਖਤੀ ਨਾਲ ਸ਼ੂਦਰਾਂ ਨੂੰ ਉਨ੍ਹਾਂ ਲਈ ਨੀਯਤ ਕੀਤੇ ਹੋਏ ਕੰਮ ਕਰਨ ਲਈ ਲਾਵੇ। ਅਗਰ ਉਹ ਆਪਣੇ ਨੀਯਤ ਕੀਤੇ ਕੰਮ ਤੋਂ ਮੁਨਕਿਰ ਹੋਣਗੇ ਤਾਂ ਉਹ ਸਾਰੇ ਜਗਤ ਨੂੰ ਹੀ ਪ੍ਰੇਸ਼ਾਨੀ ਵਿਚ ਪਾ ਦੇਣਗੇੇ।”
ਇੰਝ ਸਮਾਂ ਪਾ ਕੇ ਬ੍ਰਹਮ ਦਾ ਸੰਕਲਪ ਧੁੰਦਲਾ ਪੈਂਦਾ ਗਿਆ ਅਤੇ ਮਨੂ ਸਿਮ੍ਰਿਤੀ ਦਾ ਇਹੀ ਮਨ-ਕਲਪਿਤ ਬ੍ਰਹਮਾ ਜਾਤਪਾਤੀ ਬ੍ਰਾਹਮਣਵਾਦ ਦਾ ਆਧਾਰ ਬਣ ਗਿਆ, ਜਿਹੜਾ ਹੁਣ ਤਕ ਲੋਕ ਮਨਾਂ ਵਿਚ ਆਪਣੀ ਥਾਂ ਬਣਾਈ ਬੈਠਾ ਹੈ।
ਗੁਰਮਤਿ ਨੇ ਮਨੂ ਸਿਮ੍ਰਿਤੀ ਦੇ ਇਸ ਮਨ-ਕਲਪਿਤ ‘ਰੱਬੀ ਹਸਤੀ’ ਬ੍ਰਹਮਾ ਦੀ ਕਰਤਾਰੀ ਹੋਂਦ ਨੂੰ ਮੂਲੋਂ ਹੀ ਨਕਾਰ ਦਿੱਤਾ ਹੈ।
ਬ੍ਰਹਮਾ ਬਿਸਨੁ ਮਹੇਸੁ ਨ ਕੋਈ॥ (ਪੰਨਾ 1035)
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ॥ (ਪੰਨਾ 559)
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇਦੁੰ ਤਪੈ ਭੇਖਾਰੀ॥
ਮਾਨੈ ਹੁਕਮ ਸੋਹੈ ਦਰ ਸਾਚੈ ਆਕੀ ਮਰਹਿ ਅਫਾਰੀ॥ (ਪੰਨਾ 991)
ਤਥਾ ਬ੍ਰਹਮਾ ਬਿਸਨ ਮਹੇਸ ਦੀ ਕੋਈ ਹੋਂਦ ਨਹੀਂ। ਬ੍ਰਹਮਾ ਦੇ ਨਾਂ ਉਤੇ ਜਿਹੜਾ ਵੇਦਾਂ ਦਾ ਗਿਆਨ ਦਿੱਤਾ ਜਾ ਰਿਹਾ ਹੈ, ਇਹ ਸਾਰਾ ਮਨ-ਕਲਪਿਤ ਝੂਠ ਹੈ। ਬ੍ਰਹਮਾ ਬਿਸਨ ਤੇ ਸਾਰੇ ਰਿਖੀ ਮੁਨੀ ਸ਼ੰਕਰ (ਸ਼ਿਵਜੀ) ਇੰਦਰ ਅਤੇ ਹੋਰ ਵੀ ਸਾਰੇ ਤਪੇ ਭਾਵ ਤਪ ਕਰਨ ਵਾਲੇ ਉਸ ਸੱਚੇ ਮਾਲਕ ਏਕੋ ਬ੍ਰਹਮ ਦੇ ਦਰਬਾਰ ਵਿਚ ਮੰਗਤੇ ਹਨ। ਜਿਹੜੇ ਉਸਦੇ ਹੁਕਮ ਵਿਚ ਚੱਲਦੇ ਹਨ, ਸਿਰਫ ਓਹੀ ਉਸ ਦੇ ਦਰ ਉਤੇ ਸੋਹਣੇ ਲੱਗਦੇ ਹਨ ਬਾਕੀ ਸਾਰੇ ਆਪਣੇ ਹੰਕਾਰ ਵਿਚ ਆਫਰੇ ਹੀ ਮਰ ਜਾਂਦੇ ਹਨ।
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ (ਪੰਨਾ 1128)
ਯਥਾ ਜਾਤ-ਪਾਤ ਨੂੰ ਮੰਨਣ ਵਾਲਾ ਜਾਂ ਜਾਤ ਦਾ ਹੰਕਾਰ ਕਰਨ ਵਾਲਾ ਮਨੁੱਖ ਮੂਰਖ ਤੇ ਗਵਾਰ ਹੈ। ਕਿਉਂਕਿ ਜਾਤ ਦਾ ਹੰਕਾਰ ਕਰਨ ਵਾਲੇ ਮਨੁੱਖ ਦੇ ਮਨ ਵਿਚ ਬਹੁਤ ਵਿਕਾਰ ਪੈਦਾ ਹੋ ਜਾਂਦੇ ਹਨ। ਜਾਤੀ ਹੰਕਾਰ ਕਿਸੇ ਦੂਜੇ ਮਨੁੱਖ ਨੂੰ ਨੁਕਸਾਨ ਬਾਅਦ ਵਿਚ ਪਹੁੰਚਾਉਂਦਾ ਹੈ, ਪਹਿਲਾਂ ਇਹ ਹੰਕਾਰ ਮਨੁੱਖ ਦੇ ਆਪਣੇ ਮਨ ਵਿਚ ਵਿਗਾੜ ਪੈਦਾ ਕਰਦਾ ਹੈ। ਜਾਤੀ ਹੰਕਾਰ ਮਨੁੱਖ ਦੀ ਆਪਣੀ ਚੇਤਨਾ ਤੇ ਆਪਣੇ ਮਨ ਵਿਚਲੀ ਆਪਣੀ ਸਮਾਜੀ ਹੋਂਦ ਨੂੰ ਛੋਟਾ ਕਰ ਲੈਂਦਾ ਹੈ। ਉਹ ਖੁਦ ਹੀ ਆਪਣਾ ਸਮਾਜੀ ਦਾਇਰਾ ਸੀਮਤ ਕਰ ਲੈਂਦਾ ਹੈ। ਇਹ ਸੀਮਤਾਈ ਉਸ ਦੀ ਸਮਾਜੀ ਸੂਝ ਨੂੰ ਜਿ਼ੰਦਗੀ ਭਰ ਪੂਰਨ ਰੂਪ ਵਿਚ ਖਿੜਨ ਨਹੀਂ ਦੇਂਦੀ ਤੇ ਫਿਰ ਇਹੀ ਜਾਤੀ ਹੰਕਾਰ ਸਮਾਜ ਵਿਚ ਵੰਡੀਆਂ ਪਾਉਣ ਦਾ ਕਾਰਨ ਬਣਦਾ ਹੈ। ਸਮਾਜੀ ਜਿੰ਼ਦਗੀ ਵਿਚ ਲੜਾਈ ਝਗੜਿਆਂ ਦਾ ਆਧਾਰ ਬਣਦਾ ਹੈ।
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ॥ ਮਾਇਆ ਮੋਹੁ ਪਸਰਿਆ ਪਸਾਰਾ॥
ਮੂਰਖ ਪੜਹਿ ਸਬਦੁ ਨ ਬੂਝਹਿ ਗੁਰਮੁਖਿ ਵਿਰਲੈੈ ਜਾਤਾ ਹੇ॥ (ਪੰਨਾ 1053)
ਯਥਾ ਸਿਮ੍ਰਤੀਆਂ ਤੇ ਸ਼ਾਸਤਰਾਂ ਵਿਚ ਜਿੰਨਾ ਵਿਸਥਾਰ ਹੈ, ਇਹ ਸਾਰਾ ਮਨ-ਕਲਪਿਤ ਝੂਠ ਅਤੇ ਝੂਠੇ ਪਿਆਰ ਦਾ ਪਸਾਰਾ ਹੈ। ਮੂਰਖ ਮਨੁੱਖ ਇਨ੍ਹਾਂ ਨੂੰ ਪੜ੍ਹਦਾ ਹੈ ਪਰ ਸਬਦੁ ਵਿਚਲੇ ਆਤਮਿਕ ਗਿਆਨ ਦਾ ਭੇਦ ਨਹੀਂ ਪਾ ਸਕਦਾ। ਗੁਰੂ ਦੇ ਗਿਆਨ ਵੱਲ ਮੂੰਹ ਕਰਨ ਵਾਲੇ ਕਿਸੇ ਵਿਰਲੇ ਮਨੁੱਖ ਨੂੰ ਹੀ ਇਸ ਸਚਾਈ ਦਾ ਭੇਦ ਪਤਾ ਲੱਗਦਾ ਹੈ।
ਸਮਾਂ ਪਾ ਕੇ ਵੈਦਿਕ ਫਿਲਾਸਫੀ ਦੀਆਂ ਦੋ ਧਾਰਾਵਾਂ ਬਣ ਗਈਆਂ। ਬ੍ਰਹਮ ਦੀ ਸਤਿ ਹੋਂਦ ਨੂੰ ਬੁਲੰਦ ਕਰਦੀ ਗੁਰਮਤਿ ਦੀ ਬ੍ਰਹਮਵਾਦੀ ਧਾਰਾ ਤੇ ਬ੍ਰਹਮਾ ਦੀ ਮਨ ਕਲਪਿਤ ਹੋਂਦ ਨੂੰ ਸਥਾਪਿਤ ਕਰਦੀ ਬ੍ਰਾਹਮਣਵਾਦੀ ਧਾਰਾ। ਮਨੂਵਾਦ ਬ੍ਰਹਮਾ ਦੇ ਨਾਂ ਉਤੇ ਕੀਤਾ ਗਿਆ ਬ੍ਰਾਹਮਣਵਾਦ ਦਾ ਵਿਸਥਾਰ ਹੈ। ਮਨੂ ਸਿਮ੍ਰਿਤੀ ਵਿਚ ਹੀ ਵਰਣ ਵੰਡ ਦੇ ਰੂਪ ਵਿਚ ਜਾਤ-ਪਾਤ ਦੇ ਬੀਜ ਬੀਜੇ ਗਏ ਹਨ। ਔਰਤਾਂ ਨੂੰ ਸ਼ੂਦਰਾਂ ਦਾ ਦਰਜਾ ਦਿੱਤਾ ਗਿਆ ਹੈ। ਇਹੀ ਮਨੂਵਾਦੀ ਸੋਚ ਤੇ ਇਸ ਦੇ ਆਧਾਰ ਉਤੇ ਬਣੀ ਬ੍ਰਾਹਮਣਵਾਦੀ ਮਾਨਸਿਕਤਾ ਨੇ ਵਰਣ ਵੰਡ ਨੂੰ ਜਾਤ-ਪਾਤ ਦਾ ਰੂਪ ਦੇ ਕੇ ਸਾਰੇ ਸਮਾਜ ਨੂੰ ਦਰਜਾ-ਬਦਰਜੀ ਖਾਨਿਆਂ ਵਿਚ ਵੰਡ ਦਿੱਤਾ। ਇਹੀ ਵੰਡ ਅਜੋਕੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਇਸ ਵੰਡ ਦੇ ਆਧਾਰ ਉਤੇ ਬਣੀ ਮਾਨਸਿਕਤਾ ਸਮੂਹ ਲੋਕਾਂ ਦਾ ਇਕ ਭਾਈਚਾਰਾ ਬਣਨ ਵਿਚ ਸਭ ਤੋਂ ਵੱਡੀ ਰੁਕਾਵਟ ਹੈ। ਆਰ ਐਸ ਐਸ ਇਸੇ ਬ੍ਰਾਹਮਣਵਾਦ ਦੀ ਪੈਰੋਕਾਰ ਹੈ ਅਤੇ ਮੋਦੀਕੇ ਇਸੇ ਬ੍ਰਾਹਮਣਵਾਦ ਨੂੰ ਆਧਾਰ ਬਣਾ ਕੇ ਰਾਜਨੀਤੀ ਕਰ ਰਹੇ ਹਨ।
ਅੱਜ ਆਰ ਐਸ ਐਸ ਤੇ ਮੋਦੀਕਿਆਂ ਦੀ ਰਾਤਨੀਤੀ ਨੂੰ ਧਰਮ ਨਿਰਪੱਖਤਾ ਜਾਂ ਜਮਾਤੀ ਆਧਾਰ ਉਤੇ ਜਥੇਬੰਦੀਆਂ ਬਣਾ ਕੇ ਭਾਂਜ ਨਹੀਂ ਦਿੱਤੀ ਜਾ ਸਕਦੀ ਬਲਕਿ ਗੁਰਮਤਿ ਦੀ ਬ੍ਰਹਮਵਾਦੀ ਧਾਰਾ ਨੂੰ ਆਧਾਰ ਬਣਾ ਕੇ ਹੀ ਉਸ ਨੂੰ ਸਮਾਜ ਅਤੇ ਰਾਜਨੀਤੀ ਵਿਚੋਂ ਪਛਾੜਿਆ ਜਾ ਸਕਦਾ ਹੈ। ਬਾਬਾ ਸਾਹਿਬ ਅੰਬੇਡਕਰ ਨੇ ਵੀ ਇਸੇ ਬ੍ਰਹਮਵਾਦੀ ਧਾਰਾ ਦੀ ਪੁਸ਼ਟੀ ਕੀਤੀ ਹੈ।
ਸ਼ਾਇਦ ਇਹੀ ਸੋਚ ਕੇ ਸਿਰਦਾਰ ਕਪੂਰ ਸਿੰਘ ਨੇ “ਪਾਰਾਸ਼ਰ-ਪ੍ਰਸ਼ਨ” ਵਿਚ ਲਿਖਿਆ ਹੈ, “ਹਿੰਦੂਵਾਦ ਦੀ ਬੁਨਿਆਦੀ ਆਤਮਾ ਨੂੰ ਬਚਾਇਆ ਜਾਣਾ ਜ਼ਰੂਰੀ ਹੈ। ਰਾਜਸੀ ਅਹਿਮੀਅਤ ਤੇ ਸਮਾਜੀ ਤੰਦਰੁਸਤੀ ਗੁਆਏ ਬਗੈਰ ਜੇ ਇਸ ਗੁੰਝਲ (ਪ੍ਰੰਪਰਾ ਤੇ ਆਧੁਨਿਕਤਾ ਵਿਚਲੇ ਟਕਰਾਅ) ਦਾ ਕੋਈ ਹਲ ਨਿਕਲਦਾ ਹੈ, ਉਹ ਸਿਖ ਧਰਮ ਹੈ। ਕੇਵਲ ਭਵਿਖ ਤਹਿ ਕਰੇਗਾ, ਜਿਹੜੇ ਦੇਸ ਦੀ ਵਾਗਡੋਰ ਸਿਖ ਸੰਭਾਲਣਗੇ, ਉਹ ਵਿਆਪਕ ਦੂਰਅੰਦੇਸ਼ੀ ਅਤੇ ਕਰਮ ਦੇ ਬਲੀ ਹੋਣਗੇ ਨਾ ਕਿ ਹਠਧਰਮੀ ਦੇ ਤੰਗ ਨਜਰੀਏ ਵਾਲੇ।”