(ਉਸ ਦੇ ਕਹਿਰੀ ਆਕਰੋਸ਼ ਦਾ ਆਖ਼ਰ ਕਾਰਨ ਕੀ ਹੈ?)
ਹਜ਼ਾਰਾ ਸਿੰਘ ਮਿਸੀਸਾਗਾ
(647)685-5997
ਖ਼ਬਰ ਹੈ ਕਿ ਡੀ.ਐਸ.ਪੀ. ਬਲਵਿੰਦਰ ਸੇਖੋਂ ਨੂੰ ਅਦਾਲਤ ਦੀ ਹੱਤਕ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਵਾਲਾਂ ਦਾ ਸਵਾਲ ਇਹ ਹੈ ਕਿ ਇਹ ਸਿਰਫ਼ ਅਦਾਲਤੀ ਹੱਤਕ ਦਾ ਮਾਮਲਾ ਹੈ ਜਾਂ ਅਦਾਲਤਾਂ ਵੱਲੋਂ ਬਣਦੇ ਫ਼ਰਜ਼ ਨਾ ਨਿਭਾਏ ਜਾਣ ਦਾ ਮਾਮਲਾ ਵੀ ਹੈ?
ਪੰਜਾਬ ਸੂਬੇ ਵਿਚ ਡਰੱਗ ਦੀ ਮਾਰ ਕਾਰਨ ਇਕ ਪਾਸੇ ਤ੍ਰਾਹ-ਤ੍ਰਾਹ ਹੋਈ ਪਈ ਹੈ ਅਤੇ ਦੂਸਰੇ ਪਾਸੇ ਕਈ ਲੋਕ ਧਨਵਾਨ ਹੋ ਰਹੇ ਹਨ। ਲੋਕਾਂ ਵਿਚ ਚਰਚੇ ਹਨ ਕਿ ਡਰੱਗ ਦੇ ਧੰਦੇ ਵਿਚ ਸਿਆਸਤਦਾਨ, ਪੁਲੀਸ ਅਤੇ ਅਪਰਾਧੀ ਰਲ ਕੇ ਮੋਟੀ ਕਮਾਈ ਕਰ ਰਹੇ ਹਨ। ਸਾਬਕਾ ਡੀਜੀਪੀ ਸ਼ਸ਼ੀਕਾਂਤ ਕਿਹਾ ਕਰਦਾ ਸੀ ਕਿ ਇਹ ਪੰਜ ਹਜ਼ਾਰ ਕਰੋੜ ਪ੍ਰਤੀ ਮਹੀਨੇ ਦਾ ਧੰਦਾ ਹੋ ਰਿਹਾ ਹੈ। ਲੋਕਾਂ ਦੀ ਹਾਲ ਪਾਹਰਿਆ ਦੌਰਾਨ ਸਿਆਸੀ ਪਾਰਟੀਆਂ ਨੇ ਵੀ ਡਰੱਗ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਪਰ ਨਸੇ਼ ਖਤਮ ਨਾ ਹੋਏ। ਅਦਾਲਤਾਂ ਵੱਲੋਂ ਜਾਂਚ ਕਰਵਾ ਕੇ ਰਿਪੋਰਟਾਂ ਮੰਗਵਾਈਆਂ ਗਈਆਂ ਪਰ ਹਾਈ ਕੋਰਟ ਦੇ ਜੱਜ ਇਹ ਰਿਪੋਰਟਾਂ ਖੋਲ੍ਹਣ ਦਾ ਹੌਸਲਾ ਨਾ ਕਰ ਸਕੇ। ਪੰਜ ਸਾਲਾਂ ਤੋਂ ਲੋਕ ਉਡੀਕ ਰਹੇ ਹਨ ਕਿ ਹਾਈ ਕੋਰਟ ਰਿਪੋਰਟਾਂ ਕਦੋਂ ਖੋਲ੍ਹਦੀ ਹੈ। ਪੰਜ ਸਾਲ ਦਾ ਲੰਮਾ ਸਮਾਂ ਲੰਘ ਜਾਣ ‘ਤੇ ਲੋਕਾਂ ਮਨਾਂ ਇਹ ਸਵਾਲ ਉਪਜਣੇ ਕੁਦਰਤੀ ਹਨ ਕਿ ਆਖਰ ਇਨਸਾਫ਼ ਦੀਆਂ ਵੱਡੀਆਂ ਕੁਰਸੀਆਂ ‘ਤੇ ਬੈਠੀਆਂ ਨਿਆਂ ਮੂਰਤੀਆਂ ਇਹ ਰਿਪੋਰਟਾਂ ਖੋਲ੍ਹ ਕਿਉਂ ਨਹੀਂ ਰਹੀਆਂ? ਇਸਦੇ ਪਿੱਛੇ ਕੋਈ ਡਰ ਹੈ ਜਾਂ ਲਾਲਚ ਹੈ ਜਾਂ ਅਪਰਾਧੀਆਂ ਨਾਲ ਸਾਂਝ ਭਿਆਲੀ? ਲੋਕਤੰਤਰ ਵਿਚ ਅਦਾਲਤਾਂ ਸਿਰ ਵੀ ਵੱਡੀ ਜਿ਼ੰਮੇਵਾਰੀ ਹੁੰਦੀ ਹੈ। ਡਰੱਗ ਵਪਾਰ ਦੀ ਲਾਅਨਤ ਤੋਂ ਪੀੜਤ ਲੋਕਾਂ ਨੂੰ ਅਦਾਲਤਾਂ ਤੋਂ ਵੱਡੀ ਆਸ ਸੀ, ਪਰ ਅਦਾਲਤ ਵੱਲੋਂ ਪੰਜ ਸਾਲ ਬਾਅਦ ਵੀ ਜਾਂਚ ਰਿਪੋਰਟਾਂ ਨੂੰ ਨਾ ਖੋਲ੍ਹਣ ਕਾਰਨ ਲੋਕਾਂ ਦੀ ਇਸ ਆਸ ਨੂੰ ਖੋਰਾ ਲੱਗਾ ਹੈ।
ਸੇਵਾ ਮੁਕਤ ਡੀ ਐਸ ਪੀ ਬਲਵਿੰਦਰ ਸਿੰਘ ਸੇਖੋਂ ਨੇ ਲੋਕਾਂ ਦੀ ਇਸ ਬੁੱਝਦੀ ਆਸ ਨੂੰ ਜ਼ਬਾਨ ਦੇਣ ਲਈ ਤੱਤੇ ਥਾਂ ਪੈਰ ਧਰਨ ਦਾ ਹੌਸਲਾ ਕਰ ਕੇ ਇਤਿਹਾਸਕ ਕਾਰਜ ਕੀਤਾ ਹੈ। ਸੇਖੋਂ ਦੇ ਸ਼ਬਦਾਂ ਕਾਰਨ ਅਦਾਲਤੀ ਹੱਤਕ ਦਾ ਮੁੱਦਾ ਅਤੇ ਇਸ ਕਾਰਨ ਸੇਖੋਂ ਨੂੰ ਮਿਲਣ ਵਾਲੀ ਸਜ਼ਾ ਨਿਗੂਣੇ ਮੁੱਦੇ ਹਨ। ਅਸਲ ਮੁੱਦਾ ਅਦਾਲਤ ਵੱਲੋਂ ਜਾਂਚ ਰਿਪੋਰਟਾਂ ਖੋਲ੍ਹਣ ਵਿਚ ਕੀਤੀ ਬੇਲੋੜੀ ਦੇਰੀ ਕਾਰਨ ਲੋਕਤੰਤਰ ਦੀ ਕੀਤੀ ਗਈ ਹੱਤਕ ਹੈ। ਲੋਕਤੰਤਰ ਵਿਚ ਇਹ ਜਾਨਣਾ ਲੋਕਾਂ ਦਾ ਹੱਕ ਹੈ ਕਿ ਹੁਣ ਤੱਕ ਇਹ ਰਿਪੋਰਟਾਂ ਕਿਉਂ ਨਹੀ ਖੋਲ੍ਹੀਆਂ ਗਈਆਂ? ਜੇ ਜਾਂਚ ਰਿਪੋਰਟਾਂ ਦਾ ਅਦਾਲਤਾਂ ਵਿਚ ਇਹੋ ਹਸ਼ਰ ਹੋਣਾ ਹੈ ਤਾਂ ਨਿਆਂ ਦੀ ਆਸ ਅਤੇ ਲੋਕਾਂ ਦਾ ਅਦਾਲਤਾਂ ਵਿਚ ਭਰੋਸਾ ਕਿਵੇਂ ਬਣਿਆ ਰਹੇਗਾ? ਭਾਰਤੀ ਸਮਾਜਿਕ ਪਰੰਪਰਾ ਤਾਂ ਇਸ ਧਰਤੀ ਨੂੰ ਹੀ ਨਿਆਂ ‘ਤੇ ਖੜ੍ਹੀ ਮੰਨਦੀ ਹੈ। ਜਿਸਦਾ ਭਾਵ ਹੈ ਜਦ ਅਨਿਆਂ ਹੋਏਗਾ ਤਾਂ ਇਹ ਧਰਤੀ ਡੋਲ ਜਾਵੇਗੀ, ਰੱਬ ਤੱਕ ਦਾ ਸਿੰਘਾਸਨ ਹਿੱਲ ਜਾਏਗਾ। ‘ਵਾਰਿਸ ਹੱਕ ਦੇ ਥੋਂ ਜਦੋਂ ਹੱਕ ਖੁੱਥਾ, ਅਰਸ਼ ਰੱਬ ਦਾ ਤਦੋਂ ਤਰਥੱਲਿਆ ਈ।’
ਕੈਪਟਨ ਅਮਰਿੰਦਰ ਸਿੰਘ ਵੱਲੋਂ ਨਸੇ਼ ਖਤਮ ਕਰਨ ਦਾ ਵਾਇਦਾ ਨਾ ਨਿਭਾਏ ਜਾਣ ‘ਤੇ ਲੋਕ ਗੁੱਸੇ ਸਨ। ਇਸੇ ਤਰ੍ਹਾਂ ਅਦਾਲਤਾਂ ਵੱਲੋਂ ਬਣਦੀ ਕਾਰਵਾਈ ਨਾ ਕੀਤੇ ਜਾਣ ਕਾਰਨ ਵੀ ਲੋਕ ਨਾਰਾਜ਼ ਹਨ, ਗੁੱਸੇ ਵਿਚ ਹਨ ਅਤੇ ਆਪਣੇ ਆਪ ਨੂੰ ਬੇਬੱਸ ਮਹਿਸੂਸ ਕਰ ਰਹੇ ਹਨ। ਸੇਖੋਂ ਨੇ ਇਨ੍ਹਾਂ ਭਾਵਨਾਵਾਂ ਨੂੰ ਧੜੱਲੇਦਾਰ ਤਰੀਕੇ ਨਾਲ ਪ੍ਰਗਟ ਕਰ ਕੇ ਜਿਊਂਦੇ ਸਮਾਜਿਕ ਪ੍ਰਾਣੀ ਹੋਣ ਦਾ ਫਰਜ਼ ਨਿਭਾ ਕੇ ਲੋਕਤੰਤਰ ਦੇ ਕੁਮਲਾ ਰਹੇ ਬੂਟੇ ਦੀਆਂ ਜੜ੍ਹਾਂ ਵਿਚ ਪਾਣੀ ਪਾਉਣ ਦੀ ਇਤਿਹਾਸਕ ਸੇਵਾ ਕੀਤੀ ਹੈ। ਅਦਾਲਤੀ ਹੱਤਕ ਨਾਲੋਂ ਅਦਾਲਤਾਂ ਵੱਲੋਂ ਲੋਕਤੰਤਰ ਦੀ ਕੀਤੀ ਜਾ ਰਹੀ ਹੱਤਕ ਵੱਡਾ ਮੁੱਦਾ ਹੈ। ਸੇਖੋਂ ਨੇ ਅਦਾਲਤਾਂ ਪ੍ਰਤੀ ਸਮੁੱਚੇ ਸਮਾਜ ਨੂੰ ਕੁੱਝ ਗੰਭੀਰ ਸਵਾਲਾਂ ਸਾਹਮਣੇ ਲਿਆ ਖੜ੍ਹਾ ਕੀਤਾ ਹੈ। ਸਮਾਜ ਨੂੰ ਹੁਣ ਇਹ ਸੰਵਾਦ ਭਖਾਉਣਾ ਪਵੇਗਾ ਕਿ ਸਾਡੀਆਂ ਅਦਾਲਤਾਂ ਵਿਚ ਸਮਾਜ ਦੀਆਂ ਆਸਾਂ ਅਨੁਸਾਰ ਕੰਮ ਕਿਉਂ ਨਹੀ ਹੋ ਰਿਹਾ? ਕੀ ਅਦਾਲਤਾਂ ਆਜ਼ਾਦ ਹਨ? ਕੀ ਜੱਜ ਨਿਰਭਉ ਅਤੇ ਨਿਰਵੈਰ ਹਨ? ਕੀ ਅਦਾਲਤਾਂ ਸਮਾਜ ਦੀ ਕਿਸੇ ਸੰਸਥਾ ਨੂੰ ਜਵਾਬਦੇਹ ਵੀ ਹਨ? ਕੀ ਅਦਾਲਤ ਤੇ ਉੱਠੇ ਕਿਸੇ ਸਵਾਲ ਨੂੰ ਅਦਾਲਤ ਦੀ ਹੱਤਕ ਕਹਿ ਕੇ ਦਬਾਅ ਦੇਣਾ ਲੋਕਤੰਤਰ ਲਈ ਸਿਹਤਮੰਦ ਹੈ? ਸੱਚ ਇਹ ਹੈ ਕਿ ਸਮਾਜ ਦਾ ਵੱਡਾ ਹਿੱਸਾ ਲੋਕਤੰਤਰ ਦੇ ਖਰਾਬ ਹੋਏ ਸਾਰੇ ਥੰਮ੍ਹਾਂ ਤੋਂ ਹੀ ਤੰਗ ਆਇਆ ਹੋਇਆ ਹੈ। ਹਾਲਾਤ, ‘ਅੰਧ ਰਾਜਾ ਬੇਦਾਦ ਨਗਰੀ, ਝੂਠਾ ਦੇ ਦਿਲਾਸੜਾ ਮਾਰਿਆ ਈ’, ਵਾਲੇ ਬਣੇ ਹੋਏ ਹਨ। ਐਸੇ ਵਿਚ ਸਮਾਜ ਦੇ ਸਿਆਣੇ ਲੋਕਾਂ ਨੂੰ ਸੰਵਾਦ ਰਚਾ ਕੇ ਅਦਾਲਤੀ ਢਾਂਚੇ ਦੀ ਖੁਰਦੀ ਜਾ ਰਹੀ ਸਾਖ ਨੂੰ ਬਚਾਉਣ ਲਈ ਹੰਭਲਾ ਮਾਰਨਾ ਸਮੇਂ ਦੀ ਲੋੜ ਹੈ। ਬਲਵਿੰਦਰ ਸੇਖੋਂ, ਪ੍ਰਦੀਪ ਸ਼ਰਮਾ, ਬਲਜੀਤ ਪਰਮਾਰ, ਡਾ. ਦਲੇਰ ਸਿੰਘ ਅਤੇ ਉਸਦੇ ਹੋਰ ਸਾਥੀਆਂ ਨੇ ਇਸ ਦਿਸ਼ਾ ਵਿਚ ਜੋ ਆਵਾਜ਼ ਬੁਲੰਦ ਕੀਤੀ ਹੈ ਉਹ ਪੀੜਤ ਸਮਾਜ ਦੀ ਅੰਤਰੀਵ ਪੀੜ ਹੈ ਜਿਸ ਨੂੰ ਅਦਾਲਤੀ ਹੱਤਕ ਦੇ ਮਾਮਲੇ ਤੋਂ ਉੱਪਰ ਉਠ ਕੇ ਵੱਡੇ ਸਮਾਜਿਕ- ਮਿਥਿਹਾਸਕ ਪ੍ਰਸੰਗ ਵਿਚ ਵੇਖਣ, ਵਿਚਾਰਨ ਅਤੇ ਨਜਿੱਠਣ ਦੀ ਲੋੜ ਹੈ।
ਅੱਜ ਤੋਂ ਪੰਜ ਕੁ ਸਾਲ ਪਹਿਲਾਂ ਨਵਜੋਤ ਸਿੱਧੂ ਨੇ ਲੁਧਿਆਣਾ ਸ਼ਹਿਰ ਦੇ ਈਸ਼ਰ ਨਗਰ ਇਲਾਕੇ ਵਿਚ ਗਰੈਂਡ ਮੇਨਰ ਹੋਮਜ਼, ਰੈਜ਼ੀਡੈਂਸ਼ੀਅਲ ਪ੍ਰੋਜੈਕਟ ਵਿਚ ਸਕੈਂਡਲ ਦੀ ਪੜਤਾਲ ਕਰਨ ਦੀ ਜਿ਼ੰਮੇਵਾਰੀ ਜਦੋਂ ਸੌਂਪੀ ਸੀ ਤਾਂ ਉਸ ਨੇ ਖਬਰੇ ਸੇਖੋਂ ਨੂੰ ਆਪਣੇ ਵਰਗਾ ਹੀ ਸਮਝ ਲਿਆ ਹੋਣੈ। ਉਸ ਨੂੰ ਤਾਂ ਚਿੱਤ ਚੇਤਾ ਵੀ ਨਹੀਂ ਹੋਣਾ ਕਿ ਸੇਖੋਂ ਨੂੰ ਇਹ ਕੰਮ ਸੌਂਪ ਕੇ ਉਹ ਅਣਜਾਣੇ ਵਿਚ ਹੀ ਦੂਸਰਾ ਮਹਾਭਾਰਤ ਰਚਣ ਦਾ ਕੰਟਰੈਕਟ ਦੇ ਬੈਠਾ ਹੈ। ਇਸ ਵਿਚ ਇਕੱਲੇ ਭਾਰਤ ਆਸ਼ੂ ਨੇ ਹੀ ਨਹੀਂ ਸੀ ਫਸਣਾ ਬਲਕਿ ਮੁੱਖ ਮੰਤਰੀ ‘ਦੁਰਯੋਜਨ ਸਿੰਘ’ ਦੇ ਕੁੱਲ ਜਰਨੈਲਾਂ, ਪੰਜਾਬ ਦੀ ਸਾਰੀ ਮੋਹਰੀ ਅਫ਼ਸਰਸ਼ਾਹੀ, ਪੁਲਿਸ ਪ੍ਰਣਾਲੀ, ਨਿਆਂਪਾਲਿਕਾ, ਪੂਰੇ ਅਕਾਲੀ ਕੋੜਮੇ ਅਤੇ ਭਗਵੰਤ ਮਾਨ ਦੀਆਂ ਲਾਡਲੀਆਂ ਫੌਜਾਂ ਸਮੇਤ ਖੁਦ ਉਸ ਨੇ ਵੀ ਬਹੁਤ ਬੁਰੀ ਤਰ੍ਹਾਂ ਲਪੇਟਿਆ ਜਾਣਾ ਹੈ। ਉਹ ਪੰਜਾਬੀਆਂ ਨੂੰ ਅਨੋਖੇ ਹੀ ‘ਧਰਮ ਯੁੱਧ’ ਦਾ ਟਰੇਲਰ ਵਿਖਾਉਣ ਦਾ ਪੰਗਾ ਸਹੇੜ ਬੈਠਾ ਹੈ!
ਸੇਖੋਂ ਵਲੋਂ ਪਿਛਲੇ ਪੰਜ ਵਰ੍ਹਿਆਂ ਤੋਂ ਸਿਰਜੇ ਜਾ ਰਹੇ ‘ਮਹਾਂਕਾਵਿ’ ਦੀਆਂ ਮਹਾਭਾਰਤ ਵਾਂਗ ਹੀ ਇਕਹਿਰੀਆਂ, ਦੂਹਰੀਆਂ ਨਹੀਂ ਬਲਕਿ ਅਨੇਕ ਪਰਤਾਂ ਹਨ। ਉਸ ਦੀ ਗ੍ਰਿਫ਼ਤਾਰੀ ਦੀ ਅਜਿਹੇ ਨਾਜ਼ਕ, ਇਤਿਹਾਸਕ ਮੌਕੇ ਉਸ ਵਲੋਂ ਉਬਾਰੇ ਬਹੁਪਰਤੀ ਮੁਦਿਆਂ ਨੂੰ ਪਿੱਛੇ ਪਾ ਕੇ ਅਤੇ ਸਾਰਾ ਜ਼ੋਰ ਉਸ ਦੀ ਆਕਰੋਸ਼ ਭਰੀ ਅੱਖੜ ਭਾਸ਼ਾ `ਤੇ ਲਗਾ ਕੇ ਮਸਲੇ ਨੂੰ ਘੱਟਿEਂ ਕੌਡੀ ਰਲਾਉਣ ਦੀ ਬੇਇਮਾਨੀ ਨਹੀਂ ਕਰਨੀ ਚਾਹੀਦੀ, ਜਿਸ ਤਰ੍ਹਾਂ ਕਿ ਹਮੀਰ ਸਿੰਘ ਵਰਗੇ ਕਈ ਦਾਨੇ ਅਤੇ ਸੁਘੜ-ਸਿਆਣੇ ਪੱਤਰਕਾਰਾਂ ਅਤੇ ਹੋਰ ਭੱਦਰ-ਪੁਰਸ਼ਾਂ ਵਲੋਂ ਕਰਨ ਦੀ ਕੋਸਿ਼ਸ਼ ਕੀਤੀ ਗਈ ਹੈ। ਹਮੀਰ ਸਿੰਘ ਨੇ ਹਰਜਿੰਦਰ ਸਿੰਘ ਰੰਧਾਵਾ ਨਾਲ ਪੰਜਾਬ ਟੀ ਵੀ ਉਪਰ ਹਾਈ ਕੋਰਟ ਅੰਦਰ ਸੇਖੋਂ-ਪ੍ਰਦੀਪ ਸ਼ਰਮਾ ਜੋੜੀ ਵਲੋਂ ਖੇਡੇ ਗਏ ‘ਤਾਂਡਵ ਨ੍ਰਿਤ’ `ਤੇ ਲੰਮਾ ਚੌੜਾ ਤਬਸਰਾ ਕੀਤਾ ਹੈ। ਉਸ ਨੇ ਸੇਖੋਂ ਦੀ ਵਿਲੱਖਣ ਮੁਹਿੰਮ ਨੂੰ ਛੁਟਿਆਉਣ ਲਈ ਹਲੀਮੀ ਦੀਆਂ ਬਰਕਤਾਂ ਗਿਣਾਈਆਂ ਹਨ। ਇਹ ਬਰਕਤਾਂ ਗਿਣਾਉਣ ਲਈ ਉਸ ਨੇ ਪੰਚਮ ਪਾਤਸ਼ਾਹ ਦੀ ਸ਼ਹਾਦਤ, ਦਮਸ ਪਾਤਸ਼ਾਹ ਵਲੋਂ ਔਰੰਗਜ਼ੇਬ ਨੂੰ ਲਿਖੇ ਜ਼ਫਰਨਾਮੇ ਦੀ ਸਲੀਕੇ ਵਾਲੀ ਭਾਸ਼ਾ, ਮਹਾਤਮਾ ਗਾਂਧੀ ਦੇ ਸੱਤਿਆਗ੍ਰਹਿ, ਪੰਜਾਬ ਸਾਹਿਬ ਦੇ ਸਾਕੇ ਅਤੇ ਨਨਕਾਣਾ ਸਾਹਿਬ ਦੇ ਮਹਾਨ ਸ਼ਹੀਦਾਂ ਤਕ ਪੂਰੀ ਸਿੱਖ ਅਰਦਾਸ ਨੂੰ ਹੀ ਆਪਣੀ ਦਲੀਲ ਦੇ ਹੱਕ ਵਿਚ ਭੁਗਤਾ ਮਾਰਿਆ ਹੈ। ਕਮਾਲ ਦੀ ਗੱਲ ਹੈ ਕਿ ਹਮੀਰ ਸਿੰਘ ਹਿੰਦੁਸਤਾਨ ਤਕ ਹੀ ਸੀਮਤ ਨਹੀਂ ਰਿਹਾ, ਸਗੋਂ ਉਸ ਨੇ ਨੈਲਸਨ ਮੰਡੇਲਾ ਨੂੰ ਵੀ ਨਹੀਂ ਬਖਸਿ਼ਆ। ਵੇਖੋ ਸੇਖੋਂ ਨੇ ਪਿਛਲੇ 4-5 ਸਾਲਾਂ ਦੌਰਾਨ ਜੋ ਮਸਲੇ ਉਭਾਰੇ ਹਨ, ਉਹ ਪੂਰੀ ਤਰ੍ਹਾਂ ਪੰਜਾਬ ਦੀ ਹੋਣੀ ਨਾਲ ਜੁੜੇ ਹੋਏ ਹਨ। ਇਸ ਕਰਕੇ ਇਸ ਤਰ੍ਹਾਂ ਦੀ ਗੈਰ ਸੰਜੀਦਾ ਚੁੰਝ ਚਰਚਾ ਠੀਕ ਨਹੀਂ ਹੈ।
16 ਤਰੀਕ ਸ਼ਾਮ ਨੂੰ ਸਾਡੇ ਬਹੁਤ ਹੀ ਸਤਿਕਾਰਤ ਅਤੇ ਬਜ਼ੁਰਗ ਮਿੱਤਰ ਗੁਰਦੇਵ ਸਿੰਘ ਮਾਨ ਦਾ ਮੈਨੂੰ ਫੋਨ ਆਇਆ, ਉਹ ਸੇਖੋਂ-ਪ੍ਰਦੀਪ ਵਾਲੀ ਵੀਡੀE ਨੂੰ ਸੁਣ ਕੇ ਹਟੇ ਸਨ ਅਤੇ ਕਹਿ ਰਹੇ ਸਨ ਕਿ ਭਾਈ ਇਨ੍ਹਾਂ ਦੋਵਾਂ ਮੁੰਡਿਆਂ ਨੇ ਤਾਂ ਕਮਾਲ ਕਰ ਦਿੱਤੀ ਹੈ। ਹਮੀਰ ਸਿੰਘ ਨੂੰ ਦੱਸਣਾ ਚਾਹੁੰਦੇ ਹਾਂ ਕਿ ਮਾਨ ਸਾਹਿਬ ਨੂੰ ਮੈਂ ਪਿਛਲੇ 32 ਕੁ ਵਰ੍ਹਿਆਂ ਤੋਂ ਜਾਣਦਾ ਹਾਂ ਅਤੇ ਅੱਜ ਤਕ ਉਨ੍ਹਾਂ ਨੂੰ ਕਦੀ ਅਜਿਹੀ ਲਾਊਡ ਸੁਰ ਵਿਚ ਗੱਲ ਕਰਦੇ ਨਹੀਂ ਸੁਣਿਆ ਤੇ ਨਾ ਹੀ ਕਿਸੇ ਸਖਸ਼ ਦੀ ਪ੍ਰੋੜਤਾ ਕਰਦਿਆਂ ਹੀ ਵੇਖਿਆ ਹੈ। ਕੀ ਹਮੀਰ ਸਿੰਘ ਵਰਗੇ ਸੱਜਣ ਸੋਚਣਗੇ ਕਿ ਮਾਨ ਸਾਹਿਬ ਨੂੰ ਸੇਖੋਂ ਦੀਆਂ ਕੂਕਾਂ ਤੇ ਚੀਕਾਂ ਵਿਚ; ਉਸ ਦੇ ਅੱਖੜ ਬੋਲਾਂ ਦੇ ਹੇਠਾਂ ਉਹ ਸਭ ਗੱਲਾਂ ਨਜ਼ਰ ਨਾ ਆਈਆਂ ਜਿਨ੍ਹਾਂ ਦਾ ਗੁੱਡਾ ਉਸ ਨੇ ਰੰਧਾਵੇ ਨਾਲ ਆਪਣੀ ਗੁਫਤਗੂ ਵਿਚ ਬੰਨ੍ਹਣ ਦੀ ਕੋਸਿ਼ਸ਼ ਕੀਤੀ ਹੈ।
ਮੈਨੂੰ ਯਾਦ ਹੈ ਸੇਖੋਂ ਦੀ ਪਹਿਲੀ ਇੰਟਰਵਿਊ ਮੈਂ ਯੂਟਿਊਬ ਦੇ ਜੱਗਬਾਣੀ ਚੈਨਲ ਉਪਰ ਸਾਲ 2019 ਦੇ ਅਖੀਰਲੇ ਦਿਨਾਂ ਵਿਚ ਕਿਤੇ ਸੁਣੀ ਸੀ ਅਤੇ ਆਖਰੀ ਇੰਟਰਵਿਊ ਉਸ ਬਾਰੇ ਵੈਨਕੂਵਰ, ਸਰੀ ਤੋਂ ‘ਸਾਂਝਾ ਟੀਵੀ’ ਉਪਰ ਐਂਕਰ ਕੁਲਦੀਪ ਸਿੰਘ ਨਾਲ ਉਸ ਦੇ ਪੁਰਾਣੇ ਆੜੀ ਐਡਵੋਕੇਟ ਦਿਨੇਸ਼ ਰਾਏ ਢਾਡਾ ਨਾਲ ਇੰਟਰਵਿਊ ਵਿਚ ਸੁਣੀ ਹੈ। ਸੇਖੋਂ ਦੀ ਪੀੜਤ ਕਥਾ ਸੁਣਦਿਆਂ ਪੱਥਰ ਦਿਲ ਆਦਮੀ ਵੀ ਪਿਘਲ ਜਾਵੇਗਾ।
ਮੈਨੂੰ ਆਸ ਹੈ ਅੱਜ ਦੀ ਔਖੀ ਘੜੀ ਪੰਜਾਬ ਦੇ ਲੋਕ ਸੇਖੋਂ ਦੀ ਮੁਹਿੰਮ ਦੀ ਅਹਿਮੀਅਤ ਨੂੰ ਸਮਝਣਗੇ ਅਤੇ ਉਸ ਦੇ ਸਿਰ ‘ਤੇ ਹੱਥ ਰੱਖਣ ਲਈ ਭਗਵਾਨ ਕ੍ਰਿਸ਼ਨ ਬਣ ਕੇ ਬਹੁੜਨਗੇ!