ਹਰਿਮੰਦਰ ਸਾਹਿਬ ਦੀ ਤਰਜ਼ `ਤੇ ਗੁਰਦੁਆਰਾ ਉਸਾਰਨ ਖਿਲਾਫ ਮਰਨ ਵਰਤ

ਭਵਾਨੀਗੜ੍ਹ: ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਹਰਿਮੰਦਰ ਸਾਹਿਬ ਦੀ ਤਰਜ਼ ਉਤੇ ਬਣਾਏ ਗਏ ਗੁਰਦੁਆਰੇ ਵਿਚ ਤਬਦੀਲੀ ਨਾ ਕਰਨ ਦੇ ਰੋਸ ਵਜੋਂ ਪੰਥਕ ਵਿਚਾਰ ਮੰਚ ਦੇ ਆਗੂ ਜਥੇਦਾਰ ਪਰਸ਼ੋਤਮ ਸਿੰਘ ਫੱਗੂਵਾਲਾ ਵੱਲੋਂ ਬੀਤੇ ਦਿਨ ਤੋਂ ਆਪਣੇ ਪਿੰਡ ਫੱਗੂਵਾਲਾ ਵਿਚਲੇ ਘਰ ਵਿਚ ਹੀ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ। ਇਸ ਦੌਰਾਨ ਜਥੇਦਾਰ ਫੱਗੂਵਾਲਾ ਨੇ ਪ੍ਰਣ ਲਿਆ ਕਿ ਜਦੋਂ ਤੱਕ ਗੁਰੂ ਘਰ ਦੀ ਇਮਾਰਤ ਵਿਚ ਤਬਦੀਲੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਕੁਝ ਵੀ ਗ੍ਰਹਿਣ ਨਹੀਂ ਕਰਨਗੇ।

ਇਸ ਸਬੰਧੀ ਆਪਣੇ ਨਿਵਾਸ ‘ਤੇ ਗੱਲਬਾਤ ਕਰਦਿਆਂ ਜਥੇਦਾਰ ਫੱਗੂਵਾਲਾ ਨੇ ਕਿਹਾ ਕਿ ਮਸਤੂਆਣਾ ਸਾਹਿਬ ਦੀ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ, ਜਿਸ ਸਬੰਧੀ ਕਮੇਟੀ ਤੇ ਮਸਤੂਆਣਾ ਸਾਹਿਬ ਟਰੱਸਟ ਦਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਵਿਚਾਰ ਅਧੀਨ ਹੈ। ਇਸ ਟਰੱਸਟ ਦੇ ਪ੍ਰਧਾਨ ਇਕ ਸੀਨੀਅਰ ਅਕਾਲੀ ਆਗੂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਾਜ਼ਿਸ਼ ਤਹਿਤ ਸ੍ਰੀ ਹਰਿਮੰਦਰ ਸਾਹਿਬ ਵਰਗਾ ਗੁਰੂ ਘਰ ਬਣਾ ਕੇ ਸਿੱਖਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਦੇ ਵਿਰੋਧ ਵਿੱਚ ਉਹ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਿਲ ਕੇ ਕਈ ਵਾਰ ਸ਼ਿਕਾਇਤ ਕੀਤੀ ਗਈ ਪਰ ਹਰਿਮੰਦਰ ਸਾਹਿਬ ਵਰਗੇ ਗੁਰੂ ਘਰ ਵਿਚ ਤਬਦੀਲੀ ਨਹੀਂ ਕਰਵਾਈ ਗਈ। ਉਨ੍ਹਾਂ ਐਲਾਨ ਕੀਤਾ ਕਿ ਉਹ ਆਖਰੀ ਦਮ ਤੱਕ ਆਪਣਾ ਸੰਘਰਸ਼ ਜਾਰੀ ਰੱਖਣਗੇ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਤੇ ਸ਼੍ਰੋਮਣੀ ਕਮੇਟੀ ਤੁਰਤ ਇਸ ਮਾਮਲੇ ‘ਚ ਦਖਲ ਦੇਵੇ।