ਮੰਤਰੀਆਂ-ਵਿਧਾਇਕਾਂ `ਤੇ ਹੀ ਭਾਰੂ ਪੈਣ ਲੱਗੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਛੇੜੀ ਮੁਹਿੰਮ ਆਮ ਆਦਮੀ ਪਾਰਟੀ ਦੇ ਆਪਣੇ ਵਿਧਾਇਕਾਂ ਤੇ ਮੰਤਰੀਆਂ ਉਤੇ ਹੀ ਭਾਰੀ ਪੈਣ ਲਗੀ ਹੈ। ਦੋ ਕੈਬਨਿਟ ਮੰਤਰੀਆਂ ਦੀ ਬਲੀ ਲੈਣ ਤੋਂ ਬਾਅਦ ਆਪ ਦਾ ਇਕ ਹੋਰ ਵਿਧਾਇਕ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਘਿਰ ਗਿਆ ਹੈ।

ਵਿਜੀਲੈਂਸ ਨੇ ਬਠਿੰਡਾ (ਦਿਹਾਤੀ) ਹਲਕੇ ਤੋਂ ‘ਆਪ` ਵਿਧਾਇਕ ਅਮਿਤ ਰਤਨ ਦੇ ਕਰੀਬੀ ਰੇਸ਼ਮ ਗਰਗ ਨੂੰ ਚਾਰ ਲੱਖ ਰੁਪਏ ਲੈਂਦੇ ਦਬੋਚਿਆ ਹੈ। ਬਠਿੰਡਾ ਦੇ ਪਿੰਡ ਘੁੱਦਾ ਦੀ ਮਹਿਲਾ ਸਰਪੰਚ ਤੋਂ ਇਹ ਕਰੀਬੀ ਗਰਾਂਟਾਂ ਜਾਰੀ ਕਰਵਾਉਣ ਬਦਲੇ ਪੈਸੇ ਮੰਗ ਰਿਹਾ ਸੀ ਅਤੇ ਪੈਸਾ ਲੈਣ ਲਈ ਸਰਕਟ ਹਾਊਸ ਬਠਿੰਡਾ ਵਿਚ ਪੁੱਜਿਆ ਸੀ। ਅਹਿਮ ਸੂਤਰਾਂ ਅਨੁਸਾਰ ‘ਆਪ` ਸਰਕਾਰ ਦੀ ਪਿਛਲੇ ਕੁਝ ਸਮੇਂ ਤੋਂ ਬਠਿੰਡਾ (ਦਿਹਾਤੀ) ਹਲਕੇ `ਤੇ ਅੱਖ ਸੀ, ਜਿੱਥੋਂ ਦੀਆਂ ਕਾਫੀ ਸ਼ਿਕਾਇਤਾਂ ਸਰਕਾਰ ਕੋਲ ਪੁੱਜੀਆਂ ਸਨ। ‘ਆਪ` ਸਰਕਾਰ ਨੂੰ ਬਠਿੰਡਾ ਦਿਹਾਤੀ ਹਲਕੇ ਵਿਚ ਜਦੋਂ ਸਭ ਕੁਝ ਸਹੀ ਨਾ ਹੋਣ ਦੀ ਭਿਣਕ ਪਈ ਤਾਂ ਸਰਕਾਰ ਨੇ ਗੁਪਤ ਤੌਰ `ਤੇ ਇਕ ਰਿਪੋਰਟ ਹਾਸਲ ਕੀਤੀ। ਇਸ ਰਿਪੋਰਟ ਮਗਰੋਂ ਸਰਕਾਰ ਹਰਕਤ ਵਿਚ ਆ ਗਈ ਕਿਉਂਕਿ ਕਿਸੇ ਹਲਕੇ ਤੋਂ ਅਜਿਹੀ ਰਿਪੋਰਟ ਸਿਆਸੀ ਹਲਕਿਆਂ ਨੂੰ ਵੀ ਪਰੇਸ਼ਾਨ ਕਰਨ ਵਾਲੀ ਸੀ। ਸੂਤਰ ਦੱਸਦੇ ਹਨ ਕਿ ਇਸ ਗੁਪਤ ਰਿਪੋਰਟ ਵਿਚ ਫੜੇ ਗਏ ਰੇਸ਼ਮ ਗਰਗ ਸਣੇ ਤਿੰਨ ਹੋਰਾਂ ਦੇ ਨਾਮ ਵੀ ਦਰਜ ਹਨ। ਵਿਜੀਲੈਂਸ ਨੂੰ ਪਹਿਲਾਂ ਹੀ ਇਨ੍ਹਾਂ ਲੋਕਾਂ `ਤੇ ਨਜ਼ਰ ਰੱਖਣ ਲਈ ਆਖਿਆ ਗਿਆ ਸੀ।
‘ਆਪ` ਸਰਕਾਰ ਨੇ ਪਹਿਲਾਂ ਆਪਣੇ ਹੀ ਸਿਹਤ ਮੰਤਰੀ ਵਿਜੈ ਸਿੰਗਲਾ ਦੀ ਛੁੱਟੀ ਕਰ ਦਿੱਤੀ ਸੀ ਅਤੇ ਉਸ ਮਗਰੋਂ ਇਕ ਹੋਰ ਮੰਤਰੀ ਨੂੰ ਵੀ ਵਿਹਲਾ ਕਰ ਦਿੱਤਾ। ਰੇਸ਼ਮ ਗਰਗ ਦੇ ਫੜੇ ਜਾਣ ਮਗਰੋਂ ਹੁਣ ‘ਆਪ` ਵਿਧਾਇਕ ਅਮਿਤ ਰਤਨ ਵੀ ਸ਼ੱਕ ਦੇ ਘੇਰੇ ਵਿਚ ਆ ਗਏ ਹਨ। ਸੂਤਰ ਦੱਸਦੇ ਹਨ ਕਿ ਸਰਕਾਰ ਕੋਲ ਰਿਪੋਰਟ ਪੁੱਜੀ ਸੀ ਕਿ ਹਲਕਾ ਬਠਿੰਡਾ ਦਿਹਾਤੀ ਵਿਚ ਸੰਗਤ ਮੰਡੀ ਦੇ ਵਾਰਡ ਨੰਬਰ-9 ਦਾ ਇਕ ਵਿਅਕਤੀ ਜੂਏ ਦਾ ਧੰਦਾ ਚਲਾ ਰਿਹਾ ਹੈ। ਮਾਲ ਮਹਿਕਮੇ ਤੇ ਪੁਲਿਸ ਮਹਿਕਮੇ ਵਿਚ ਤਾਇਨਾਤੀਆਂ ਵਿਚ ਘਪਲਾ ਹੋ ਰਿਹਾ ਹੈ। ਦੀਵਾਲੀ `ਤੇ ਤੋਹਫ਼ੇ ਮੰਗੇ ਜਾਣ ਦੀ ਗੱਲ ਵੀ ਸਰਕਾਰ ਤੱਕ ਪੁੱਜੀ ਹੈ। ਦੱਸਣਯੋਗ ਹੈ ਕਿ ਅਮਿਤ ਰਤਨ ਨੇ ਬਠਿੰਡਾ ਦਿਹਾਤੀ ਹਲਕੇ ਤੋਂ ਬਤੌਰ ਅਕਾਲੀ ਉਮੀਦਵਾਰ ਸਾਲ 2017 ਵਿਚ ਵਿਧਾਨ ਸਭਾ ਚੋਣ ਲੜੀ ਸੀ ਪਰ ਉਹ ‘ਆਪ` ਉਮੀਦਵਾਰ ਰੁਪਿੰਦਰ ਕੌਰ ਰੂਬੀ ਤੋਂ ਚੋਣ ਹਾਰ ਗਏ ਸਨ। ਚੋਣ ਹਾਰਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਹਲਕਾ ਇੰਚਾਰਜ ਵਜੋਂ ਤਾਇਨਾਤ ਕਰ ਦਿੱਤਾ ਸੀ। 2018 ਵਿਚ ਅਮਿਤ ਰਤਨ ਉਸ ਵਕਤ ਵਿਵਾਦਾਂ ਦੇ ਘੇਰੇ ਵਿਚ ਆ ਗਏ ਸਨ, ਜਦੋਂ ਅਕਾਲੀ ਵਰਕਰਾਂ ਨੇ ਉਨ੍ਹਾਂ `ਤੇ ਇਲਜ਼ਾਮ ਲਗਾਏ ਸਨ। ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੇ ਅਮਿਤ ਰਤਨ ਨੂੰ ਪਾਰਟੀ `ਚੋਂ ਕੱਢ ਦਿੱਤਾ ਸੀ।
ਉਧਰ, ਵਿਰੋਧੀ ਧਿਰਾਂ ਨੇ ਵੀ ਆਪ ਸਰਕਾਰ ਨੂੰ ਘੇਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਕੀ ਉਹ ਬਠਿੰਡਾ ਦਿਹਾਤੀ ਤੋਂ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਬਚਾਅ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਰਤਨ ਦੇ ਦੋ ਨੰਬਰ ਦੇ ਪੈਸੇ ਵਿਚੋਂ ਹਿੱਸਾ ਮਿਲਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ` ਸਰਕਾਰ ਬਠਿੰਡਾ ਤੋਂ ਕਥਿਤ ਭ੍ਰਿਸ਼ਟ ਵਿਧਾਇਕ ਨੂੰ ਪਿੰਡ ਘੁੱਦਾ ਦੇ ਸਰਪੰਚ ਤੋਂ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਬਾਅਦ ਤੁਰਤ ਉਸ ਦੇ ਬਚਾਅ ਵਿਚ ਨਿੱਤਰ ਵਿਚ ਆਈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਬਠਿੰਡਾ ਸਰਕਟ ਹਾਊਸ `ਚ ਮੌਜੂਦ ਹੋਣ ਵੇਲੇ ਵੀਡੀਓ ਬਣਾਈ ਗਈ ਜਦੋਂ ਉਸ ਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਬੂਤਾਂ ਦੇ ਬਾਵਜੂਦ ਅਮਿਤ ਰਤਨ ਦਾ ਬਚਾਅ ਕਰ ਕੇ ਸਾਰਾ ਦੋਸ਼ ਉਸ ਦੇ ਪੀਏ ਸਿਰ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਹੁਣ ਉਸ ਨੂੰ ਵੀ ਪ੍ਰਾਈਵੇਟ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਹੈ।
ਪੰਜਾਬ ਦੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ‘ਆਪ` ਸਰਕਾਰ `ਤੇ ਭ੍ਰਿਸ਼ਟਾਚਾਰ ਅਤੇ ਮਾਫੀਆ ਦੇ ਮੁੱਦੇ `ਤੇ ਦੋਗਲੀ ਨੀਤੀ ਅਪਣਾਉਣ ਦੇ ਦੋਸ਼ ਲਾਏ ਹਨ। ਮਜੀਠੀਆ ਨੇ ਦੋਸ਼ ਲਾਇਆ ਕਿ ਬਠਿੰਡਾ (ਦਿਹਾਤੀ) ਤੋਂ ਵਿਧਾਇਕ ਦੇ ਸਹਾਇਕ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ, ਜਦਕਿ ਸ਼ਿਕਾਇਤਕਰਤਾ ਸ਼ਰੇਆਮ ਵਿਧਾਇਕ ਵੱਲੋਂ ਪੈਸੇ ਮੰਗੇ ਜਾਣ ਦਾ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਸਰਾਰੀ ਦੇ ਮਾਮਲੇ ਵਿਚ ਵੀ ਕਾਰਵਾਈ ਕਰਨ ਦੀ ਥਾਂ ਅਸਤੀਫਾ ਲੈ ਕੇ ਖਾਨਾਪੂਰਤੀ ਕਰ ਦਿੱਤੀ ਗਈ ਹੈ ਤੇ ਵਿਜੈ ਸਿੰਗਲਾ ਦੇ ਮਾਮਲੇ ਵਿਚ ਤਾਂ ਹੁਣ ਤੱਕ ਦੋਸ਼ ਪੱਤਰ ਵੀ ਦਾਖਲ ਨਹੀਂ ਕੀਤਾ ਗਿਆ।
ਅਮਿਤ ਰਤਨ ਨੂੰ ਗ੍ਰਿਫ਼ਤਾਰ ਕੀਤਾ ਜਾਵੇ: ਬਾਜਵਾ
ਚੰਡੀਗੜ੍ਹ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਜੇ ਭਗਵੰਤ ਮਾਨ ਰਿਸ਼ਵਤ ਮਾਮਲੇ ਵਿਚ ਵਿਧਾਇਕ ਅਮਿਤ ਰਤਨ ਦੀ ਗ੍ਰਿਫ਼ਤਾਰੀ ਯਕੀਨੀ ਨਹੀਂ ਬਣਾਉਣਗੇ ਤਾਂ ਵਿਰੋਧੀ ਧਿਰ ਉਨ੍ਹਾਂ ਨੂੰ ਸਲਾਖਾਂ ਪਿੱਛੇ ਡੱਕਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗੀ। ਉਨ੍ਹਾਂ ਕਿਹਾ ਕਿ ਅਮਿਤ ਰਤਨ ਦੇ ਮੁੱਦੇ `ਤੇ ਮੁੱਖ ਮੰਤਰੀ ਵੱਲੋਂ ਕੋਈ ਬਿਆਨ ਨਾ ਦੇਣਾ ਮੰਦਭਾਗਾ ਹੈ। ਬਾਜਵਾ ਨੇ ਕਿਹਾ ਕਿ 11 ਮਹੀਨੇ ਦੇ ਕਾਰਜਕਾਲ ਵਿਚ ਹੀ ਵਿਜੇ ਸਿੰਗਲਾ, ਸਰਾਰੀ ਤੇ ਹੁਣ ਅਮਿਤ ਰਤਨ ਵਿਰੁੱਧ ਭ੍ਰਿਸ਼ਟਾਚਾਰੀ ਦੇ ਦੋਸ਼ ਪੰਜਾਬ ਦੇ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਨੂੰ ਦਰਸਾਉਂਦੇ ਹਨ।