ਬੰਦੀ ਸਿੰਘਾਂ ਦੀ ਰਿਹਾਈ ਲਈ ਹਲਕਾ ਪੱਧਰੀ ਮੁਹਿੰਮ ਸ਼ੁਰੂ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਗਈ ਦਸਤਖ਼ਤੀ ਮੁਹਿੰਮ ਹੁਣ ਹਲਕਾ ਪੱਧਰ `ਤੇ ਆਰੰਭ ਦਿੱਤੀ ਗਈ ਹੈ। ਇਸ ਮੌਕੇ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਯਤਨਸ਼ੀਲ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਜਿੱਥੇ ਕਾਨੂੰਨੀ ਪੱਖ ਤੋਂ ਚਾਰਾਜੋਈ ਕੀਤੀ ਜਾ ਰਹੀ ਹੈ, ਉਥੇ ਸਿੱਖ ਭਾਵਨਾਵਾਂ ਨੂੰ ਸਰਕਾਰਾਂ ਤੱਕ ਪਹੁੰਚਾਉਣ ਲਈ ਦਸਤਖ਼ਤੀ ਮੁਹਿੰਮ ਅਰੰਭੀ ਗਈ ਹੈ, ਜਿਸ ਤਹਿਤ ਹੁਣ ਤੱਕ 16 ਲੱਖ ਤੋਂ ਵੱਧ ਫ਼ਾਰਮ ਭਰੇ ਜਾ ਚੁੱਕੇ ਹਨ।

ਹਲਕਾ ਪੱਧਰ ਉਤੇ ਮੁਹਿੰਮ ਵਿੱਢਣ ਮਗਰੋਂ ਪਹਿਲਾ ਸਮਾਗਮ ਅਟਾਰੀ ਵਿਧਾਨ ਸਭਾ ਹਲਕੇ ਦੇ ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ ਵਿਚ ਕੀਤਾ ਗਿਆ। ਸ੍ਰੀ ਧਾਮੀ ਨੇ ਕਿਹਾ ਕਿ ਸੰਗਤ ਨੂੰ ਇਸ ਲਹਿਰ ਨਾਲ ਜੋੜਨ ਲਈ ਪੰਜਾਬ ਦੇ ਹਰ ਹਲਕੇ ਵਿਚ ਸਮਾਗਮ ਕੀਤੇ ਜਾਣਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਮੰਗਵਿੰਦਰ ਸਿੰਘ ਖਾਪੜਖੇੜੀ ਨੇ ਵੀ ਕਮੇਟੀ ਪ੍ਰਧਾਨ ਨੂੰ ਇਸ ਮੁਹਿੰਮ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਪਰਫਾਰਮੇ ਵੀ ਭਰੇ।
ਉਧਰ, ਖਾਲਸਾ ਪੰਥ ਦੇ ਜਾਹੋ-ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ-ਮਹੱਲਾ ਇਸ ਵਾਰ ਬੰਦੀ ਸਿੰਘਾਂ ਦੀ ਰਿਹਾਈ ਦੀ ਮੁਹਿੰਮ ਦੇ ਰੰਗ ਵਿਚ ਰੰਗਿਆ ਨਜ਼ਰ ਆਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੋਲਾ-ਮਹੱਲਾ ਮੌਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਦਸਤਖ਼ਤੀ ਮੁਹਿੰਮ ਨੂੰ ਹੋਰ ਪ੍ਰਚੰਡ ਕਰਦਿਆਂ 9 ਬੰਦੀ ਸਿੰਘਾਂ ਦੇ ਨਾਵਾਂ ਵਾਲੇ 9 ਵੱਖ-ਵੱਖ ਦਸਤਖ਼ਤੀ ਸਟਾਲ ਲਾਏ ਜਾਣਗੇ। ਇਹ ਪ੍ਰਗਟਾਵਾ ਇਥੇ ਜਥੇਦਾਰ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਹੋਲਾ-ਮਹੱਲਾ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਸਬੰਧੀ ਕੀਤੀ ਬੈਠਕ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਦੱਸਿਆ ਕਿ ਸਰਕਾਰੀ ਜਬਰ ਕਾਰਨ ਹਥਿਆਰਬੰਦ ਸੰਘਰਸ਼ ਦੇ ਰਾਹ ਪੈਣ ਲਈ ਮਜਬੂਰ ਹੋਏ ਬਹੁਤ ਸਾਰੇ ਬੰਦੀ ਸਿੰਘ ਤਿੰਨ-ਤਿੰਨ ਦਹਾਕਿਆਂ ਤੋਂ ਜੇਲ੍ਹਾਂ ਵਿਚ ਨਜ਼ਰਬੰਦ ਹਨ, ਜਦੋਂਕਿ ਕਾਨੂੰਨ ਅਨੁਸਾਰ ਉਮਰ ਕੈਦੀ ਨੂੰ 10-15 ਸਾਲਾਂ ਦੀ ਕੈਦ ਤੋਂ ਬਾਅਦ ਰਿਹਾਅ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ 9 ਬੰਦੀ ਸਿੰਘਾਂ ਦੇ ਸਿੱਖ ਸੰਘਰਸ਼ ਵਿਚ ਯੋਗਦਾਨ, ਸੰਘਰਸ਼ਮਈ ਜੀਵਨ, ਕੁਰਬਾਨੀ ਅਤੇ ਉਨ੍ਹਾਂ ਦੀ ਜੇਲ੍ਹ ਯਾਤਰਾ ਬਾਰੇ ਜਾਣਕਾਰੀ ਸਬੰਧੀ ਕਿਤਾਬਚੇ ਛਪਵਾ ਕੇ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨੇੜੇ ਇਕ ਵੱਡ-ਅਕਾਰੀ ਐੱਲ.ਸੀ.ਡੀ. ਸਕਰੀਨ ਲਗਾ ਕੇ ਵੀ ਬੰਦੀ ਸਿੰਘਾਂ ਦੇ ਜੀਵਨ ਤੇ ਸੰਘਰਸ਼ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਭਾਈ ਗਰੇਵਾਲ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਦੀ ਰਿਹਾਈ ਲਈ ਕਮੇਟੀ ਵੱਲੋਂ ਸ਼ੁਰੂ ਕੀਤੀ ਦਸਤਖ਼ਤੀ ਮੁਹਿੰਮ ਦਾ ਦੂਜਾ ਪੜਾਅ ਵੀ ਇਥੋਂ ਹੀ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਪਿੰਡ-ਪਿੰਡ `ਤੇ ਪਹੁੰਚ ਕੀਤੀ ਜਾਵੇਗੀ ਜੋ ਵਿਸਾਖੀ ਤੱਕ ਚੱਲੇਗਾ। ਉਨ੍ਹਾਂ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਗੁਰਬਾਣੀ ਪ੍ਰਸਾਰਣ ਟੀਵੀ ਚੈਨਲ ਸ਼ੁਰੂ ਕਰਨ ਦੀ ਕਾਰਵਾਈ ਚੱਲ ਰਹੀ ਹੈ ਅਤੇ ਬਹੁਤ ਜਲਦ ਯੂ ਟਿਊਬ ਚੈਨਲ ਸ਼ੁਰੂ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਸਾਲਾਨਾ ਬਜਟ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਸ੍ਰੀ ਗਰੇਵਾਲ ਨੇ ਕਿਹਾ ਕਿ ਇਸ ਵਾਰ ਦਾ ਬਜਟ ਸੰਗਤਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਕੀਮਤੀ ਸੁਝਾਵਾਂ `ਤੇ ਪੂਰਾ ਅਮਲ ਵੀ ਕੀਤਾ ਜਾਵੇਗਾ।
ਬਾਦਲ ਪਿਉ-ਪੁੱਤ ਨੇ ਫਾਰਮ ਭਰੇ
ਲੰਬੀ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿੱਢੀ ਦਸਤਖ਼ਤ ਮੁਹਿੰਮ ਤਹਿਤ ਪਰਫਾਰਮੇ ਭਰੇ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੇ ਪਿੰਡ ਬਾਦਲ ਵਿਚ ਰਿਹਾਇਸ਼ ‘ਤੇ ਬੰਦੀ ਸਿੰਘਾਂ ਦੀ ਰਿਹਾਈ ਪ੍ਰਤੀ ਲਿਖਤੀ ਤੌਰ ‘ਤੇ ਹਾਅ ਦਾ ਨਾਅਰਾ ਮਾਰਿਆ ਅਤੇ ਸਰਕਾਰਾਂ ਨੂੰ ਤੁਰਤ ਕਦਮ ਚੁੱਕਣ ਦੀ ਅਪੀਲ ਕੀਤੀ। ਇਸ ਮਗਰੋਂ ਪਿੰਡ ਬਾਦਲ ਦੇ ਗੁਰਦੁਆਰੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਰਫਾਰਮਾ ਭਰਿਆ। ਉਨ੍ਹਾਂ ਕਿਹਾ ਕਿ ਸਜ਼ਾਵਾਂ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਨਾ ਹੋਣ ਵਿਚ ਕੇਂਦਰ ਸਰਕਾਰ ਅਤੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹਨ।