ਚੰਡੀਗੜ੍ਹ: ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉਤੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਪੱਕੇ ਮੋਰਚੇ ਉਤੇ ਹੀ ਸਵਾਲ ਉਠ ਖਲੋਤੇ ਹਨ। ਬੰਦੀ ਸਿੰਘਾਂ ਦੀ ਸੂਚੀ ਵਿਚ ਸ਼ਾਮਲ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸਾਫ ਆਖ ਦਿੱਤਾ ਹੈ ਕਿ ਉਨ੍ਹਾਂ ਦਾ ਕੌਮੀ ਇਨਸਾਫ਼ ਮੋਰਚੇ ਨਾਲ ਕੋਈ ਸਬੰਧ ਨਹੀਂ ਹੈ ਤੇ ਜੇਕਰ ਇਸ ਮੋਰਚੇ ਵਾਲੀ ਥਾਂ ‘ਤੇ ਉਸ ਦੀ ਕੋਈ ਤਸਵੀਰ ਲੱਗੀ ਹੋਈ ਹੈ ਤਾਂ ਉਹ ਹਟਾਅ ਦਿੱਤੀ ਜਾਵੇ।
ਚੇਤੇ ਰਹੇ ਕਿ ਜਿਨ੍ਹਾਂ ਬੰਦੀ ਸਿੰਘ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇਹ ਮੋਰਚਾ ਲਾਇਆ ਗਿਆ ਹੈ, ਉਨ੍ਹਾਂ ਵਿਚ ਰਾਜੋਆਣਾ ਦਾ ਨਾਮ ਸਭ ਤੋਂ ਮੋਹਰੀ ਹੈ। ਰਾਜੋਆਣਾ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਹੱੱਤਿਆ ਕੇਸ ਵਿਚ ਫਾਂਸੀ ਦੀ ਸਜ਼ਾ ਤਹਿਤ ਪਟਿਆਲਾ ਜੇਲ੍ਹ ‘ਚ ਬੰਦ ਹੈ। ਰਾਜੋਆਣਾ ਨੇ ਸਾਫ ਆਖਿਆ ਹੈ ਕਿ ਇਸ ਮੋਰਚੇ ਨਾਲ ਉਸ ਦੀ ਕੋਈ ਸਹਿਮਤੀ ਨਹੀਂ ਹੈ। ਯਾਦ ਰਹੇ ਕਿ ਬਲਵੰਤ ਰਾਜੋਆਣਾ ਨੂੰ ਦੰਦਾਂ ‘ਚ ਦਰਦ ਕਾਰਨ ਜਾਂਚ ਲਈ ਪਟਿਆਲਾ ਜੇਲ੍ਹ ਤੋਂ ਭਾਰੀ ਸੁਰੱਖਿਆ ਹੇਠ ਡੈਂਟਲ ਕਾਲਜ ਲਿਆਂਦਾ ਗਿਆ ਸੀ। ਇਸ ਮੌਕੇ ਉਨ੍ਹਾਂ ਆਖਿਆ ਕਿ ਉਹ ਅਕਾਲੀ ਹਨ ਅਤੇ ਅਕਾਲੀ ਹੀ ਰਹਿਣਗੇ। ਉਨ੍ਹਾਂ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਨੂੰ ਆਖਿਆ ਕਿ ਜੇਕਰ ਨੈਤਿਕਤਾ ਹੈ ਤਾਂ ਇਨਸਾਫ਼ ਮੋਰਚੇ ਵਾਲੇ ਸਪਸ਼ਟ ਕਰਨ ਕਿ ਉਹ ਕਿਹੜੀਆਂ ਸਿਆਸੀ ਧਿਰਾਂ ਨਾਲ ਸਬੰਧਤ ਹਨ। ਰਾਜੋਆਣਾ ਦੇ ਇਸ ਬਿਆਨ ਤੋਂ ਬਾਅਦ ਮੋਰਚੇ ਉਤੇ ਸਵਾਲ ਖੜ੍ਹੇ ਹੋਣ ਲੱਗੇ ਹਨ। ਇਸ ਮੋਰਚੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਬਾਦਲ ਨੂੰ ਹੁਣ ਤੱਕ ਨੇੜੇ ਨਹੀਂ ਲੱਗਣ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਇਕ ਵਾਰ ਮੋਰਚੇ ਵਿਚ ਗਏ ਸਨ ਜਿਨ੍ਹਾਂ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ।
ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉਤੇ ਲੱਗੇ ਇਸ ਮੋਰਚੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਕਿਸਾਨੀ ਮੁੱਦਿਆਂ ਦੇ ਨਾਲ-ਨਾਲ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ ‘ਚ ਲੱਗੇ ਕੌਮੀ ਇਨਸਾਫ਼ ਮੋਰਚੇ ਦੀ ਹਮਾਇਤ ਵਿਚ ਵੀ ਖੁੱਲ੍ਹ ਕੇ ਨਿੱਤਰ ਆਈਆਂ ਹਨ। ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉਤੇ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਵਾਲੇ ਹਾਲਾਤ ਬਣੇ ਹੋਏ ਹਨ। ਕਈ ਕਿਲੋਮੀਟਰ ਤੱਕ ਸੰਘਰਸ਼ੀਆਂ ਦੇ ਕਾਫਲੇ ਹੀ ਕਾਫਲੇ ਨਜ਼ਰ ਆ ਰਹੇ ਹਨ। ਪਿਛਲੇ ਲੰਬੇ ਸਮੇਂ ਤੋਂ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਸਿੱਖ ਮਸਲਿਆਂ ਉਤੇ ਲੱਗੇ ਮੋਰਚੇ ਨੂੰ ਇੰਨੇ ਵੱਡੇ ਪੱਧਰ ਉਤੇ ਹੁੰਗਾਰਾ ਮਿਲਿਆ ਹੋਇਆ। ਹਾਲਾਂਕਿ ਬੰਦੀ ਸਿੰਘਾਂ ਵਿਚੋਂ ਇਕ ਰਾਜੋਆਣਾ ਵੱਲੋਂ ਮੋਰਚੇ ਦੇ ਸਿਆਸੀ ਹੋਣ ਬਾਰੇ ਕੀਤੇ ਇਸ਼ਾਰੇ ਨੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।