ਨਵੀਂ ਦਿੱਲੀ: ਸਰਕਾਰ ਨੇ ਜੰਮੂ ਕਸ਼ਮੀਰ ਗਜ਼ਨਵੀ ਫੋਰਸ (ਜੇ.ਕੇ.ਜੀ.ਐਫ.) `ਤੇ ਪਾਬੰਦੀ ਲਾ ਦਿੱਤੀ ਹੈ। ਪਾਬੰਦੀ ਅਤਿਵਾਦ ਵਿਰੋਧੀ ਕਾਨੂੰਨ ਦੀਆਂ ਸਖ਼ਤ ਧਾਰਾਵਾਂ ਤਹਿਤ ਲਾਈ ਗਈ ਹੈ। ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਜਿਹੀਆਂ ਦਹਿਸ਼ਤੀ ਜਥੇਬੰਦੀਆਂ ਦੇ ਕੇਡਰਾਂ ਵਿਚੋਂ ਹੀ ਜੇ.ਕੇ.ਜੀ.ਐਫ. ਦਾ ਗਠਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਕ ਵੱਖਰੇ ਨੋਟੀਫਿਕੇਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਦੇ ਵਸਨੀਕ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਨੂੰ ਦਹਿਸ਼ਤਗਰਦ ਐਲਾਨ ਦਿੱਤਾ ਹੈ।
ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਜੇ.ਕੇ.ਜੀ.ਐੱਫ. ਦੀ ਘੁਸਪੈਠ ਦੀਆਂ ਕੋਸ਼ਿਸ਼ਾਂ, ਨਸ਼ਿਆਂ ਤੇ ਹਥਿਆਰਾਂ ਦੀ ਤਸਕਰੀ, ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਦਹਿਸ਼ਤੀ ਹਮਲਿਆਂ ਵਿਚ ਸ਼ਮੂਲੀਅਤ ਸੀ ਤੇ ਜਥੇਬੰਦੀ ਸੁਰੱਖਿਆ ਬਲਾਂ ਲਈ ਵੱਡੀ ਵੰਗਾਰ ਸੀ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੇੇ.ਕੇ.ਜੀ.ਐਫ. ਨੇ ਆਪਣੇ ਸੰਗਠਨ ਵਿਚ ਲਸ਼ਕਰ-ਏ-ਤਇਬਾ, ਜੈਸ਼-ਏ-ਮੁਹੰਮਦ, ਤਹਿਰੀਕ-ਉਲ-ਮੁਜਾਹਿਦੀਨ, ਹਰਕਤ-ਉਲ-ਜੇਹਾਦ-ਏ-ਇਸਲਾਮੀ ਤੇ ਹੋਰਨਾਂ ਜਥੇਬੰਦੀਆਂ ਤੋਂ ਆਏ ਮੈਂਬਰਾਂ ਨੂੰ ਥਾਂ ਦਿੱਤੀ ਸੀ। ਉਧਰ, ਸੰਧੂ ਉਰਫ ਰਿੰਦਾ, ਜੋ ਪੰਜਾਬ ਨਾਲ ਸਬੰਧਤ ਹੈ ਤੇ ਇਸ ਵੇਲੇ ਲਾਹੌਰ ਵਿਚ ਹੈ, ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜਿਆ ਹੋਇਆ ਹੈ। ਮੰਤਰਾਲੇ ਨੇ ਰਿੰਦਾ ਨੂੰ ਦਹਿਸ਼ਤਗਰਦ ਐਲਾਨਿਆ ਹੈ। ਰਿੰਦਾ, ਸਾਲ 2021 ਵਿੱਚ ਪੰਜਾਬ ਪੁਲਿਸ ਦੇ ਮੁਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ `ਤੇ ਰਾਕੇਟ ਹਮਲੇ ਦੇ ਮੁੱਖ ਸਾਜ਼ਿਸ਼ਘਾੜਿਆਂ ਵਿਚੋਂ ਇਕ ਹੈ। ਇੰਟਰਪੋਲ ਉਸ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਪਹਿਲਾਂ ਹੀ ਜਾਰੀ ਕਰ ਚੁੱਕਾ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਜੇ.ਕੇ.ਜੀ.ਐਫ. ਜੰਮੂ ਕਸ਼ਮੀਰ ਦੇ ਲੋਕਾਂ ਨੂੰ ਭਾਰਤ ਖ਼ਿਲਾਫ਼ ਦਹਿਸ਼ਤੀ ਸੰਗਠਨਾਂ `ਚ ਸ਼ਾਮਲ ਹੋਣ ਲਈ ਉਕਸਾਉਣ ਵਾਸਤੇ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਦਹਿਸ਼ਤੀ ਜਥੇਬੰਦੀ ਦੇਸ਼ ਦੀ ਪ੍ਰਭੂਸੱਤਾ ਤੇ ਕੌਮੀ ਸੁਰੱਖਿਆ ਲਈ ਘਾਤਕ ਹੈ ਤੇ ਕਈ ਦਹਿਸ਼ਤੀ ਸਰਗਰਮੀਆਂ `ਚ ਸ਼ਾਮਲ ਹੈ। ਨੋਟੀਫਿਕੇਸ਼ਨ ਮੁਤਾਬਕ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ ਤਹਿਤ ਮਿਲੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਜੇ.ਕੇ.ਜੀ.ਐਫ. ਨੂੰ ਦਹਿਸ਼ਤੀ ਸੰਗਠਨ ਐਲਾਨਿਆ ਗਿਆ ਹੈ। ਇਹ ਪਾਬੰਦੀ ਜੇ.ਕੇ.ਜੀ.ਐਫ. ਤੇ ਇਸ ਨਾਲ ਜੁੜੀਆਂ ਸਾਰੀਆਂ ਸੰਸਥਾਵਾਂ `ਤੇ ਲਾਗੂ ਹੋਵੇਗੀ। ਜੇ.ਕੇ.ਜੀ.ਐੱਫ. 43ਵਾਂ ਸਮੂਹ ਹੈ, ਜਿਸ ਨੂੰ ਅਤਿਵਾਦ ਵਿਰੋਧੀ ਕਾਨੂੰਨ ਤਹਿਤ ਗੈਰਕਾਨੂੰਨੀ ਐਲਾਨਿਆ ਗਿਆ ਹੈ।
ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹਰਵਿੰਦਰ ਸਿੰਘ ਸੰਧੂ ਪਾਕਿਸਤਾਨ ਅਧਾਰਿਤ ਦਹਿਸ਼ਤੀ ਸਮੂਹਾਂ ਨਾਲ ਸਿੱਧੇ ਤੌਰ `ਤੇ ਜੁੜਿਆ ਸੀ ਤੇ ਉਹ ਸਰਹੱਦ ਪਾਰੋਂ ਹੁੰਦੀ ਹਥਿਆਰਾਂ, ਗੋਲੀਸਿੱਕੇ ਤੇ ਫੌਜੀ ਸਾਜੋ-ਸਮਾਨ ਦੀ ਤਸਕਰੀ ਵਿਚ ਸ਼ਾਮਲ ਸੀ। ਸਿੰਘ 54ਵਾਂ ਵਿਅਕਤੀ ਵਿਸ਼ੇਸ਼ ਹੈ, ਜਿਸ ਨੂੰ ਸਰਕਾਰ ਨੇ ਦਹਿਸ਼ਤਗਰਦ ਮਨੋਨੀਤ ਕੀਤਾ ਹੈ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਦੀਆਂ ਦੋ ਪ੍ਰਤੀਨਿਧ ਜਥੇਬੰਦੀਆਂ `ਤੇ ਪਾਬੰਦੀ ਲਾਉਣ ਤੋਂ ਇਲਾਵਾ ਚਾਰ ਜਣਿਆਂ ਨੂੰ ਦਹਿਸ਼ਤਗਰਦ ਵਜੋਂ ਨਾਮਜ਼ਦ ਕੀਤਾ ਸੀ।