-ਆਮਨਾ ਕੌਰ
ਅਦਾਕਾਰਾ ਵਾਮਿਕਾ ਗੱਬੀ ਅਤੇ ਅਦਾਕਾਰ ਇਸ਼ਾਨ ਖੱਟਰ ਦੀ ਲਘੂ ਫਿਲਮ ‘ਫੁਰਸਤ` ਵਿਚ ਕੀਤੇ ਕੰਮ ਲਈ ਭਰਪੂਰ ਸ਼ਲਾਘਾ ਹੋ ਰਹੀ ਹੈ। ਇਸ ਫਿਲਮ ਲਈ ਦੋਵੇਂ ਅਦਾਕਾਰਾਂ ਨੇ ਵਿਸ਼ੇਸ਼ ਤੌਰ ’ਤੇ ਨੱਚਣ ਦੀ ਸਿਖਲਾਈ ਵੀ ਲਈ। ਵਾਮਿਕਾ ਗੱਬੀ ਦੱਸਦੀ ਹੈ, “ਇਸ ਫਿਲਮ ਵਿਚ ਵਿਸ਼ਾਲ ਨੇ ਡਾਂਸ ਨੂੰ ਭਾਸ਼ਾ ਵਜੋਂ ਵਰਤਿਆ ਹੈ। ਇਸ ਫਿਲਮ ਵਿਚ ਜ਼ਿਆਦਾਤਰ ਕੰਟੈਂਪਰੇਰੀ ਡਾਂਸ ਹੈ। ਮੈਨੂੰ ਪਹਿਲਾਂ ਸਿਰਫ਼ ਇਹੀ ਪੁੱਛਿਆ ਗਿਆ ਸੀ ਕਿ ਮੈਨੂੰ ਇਹ ਡਾਂਸ ਕਿੰਨਾ ਕੁ ਆਉਂਦਾ ਹੈ। ਇਸ ਡਾਂਸ ਲਈ ਹਰ ਇਕ ਨੂੰ ਸ਼ੀਸ਼ੇ ਸਾਹਮਣੇ ਖੜ੍ਹ ਕੇ ਇੱਕ ਦੂਜੇ ਵੱਲ ਤੱਕਦੇ ਹੋਏ ਨੱਚਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਟਾਈਮਿੰਗ ਇਸ ਡਾਂਸ ਦੀ ਕੁੰਜੀ ਹੈ। ਹਾਲਾਂਕਿ ਮੈਂ ਕੱਥਕ ਸਿੱਖਿਆ ਹੋਇਆ ਹੈ ਪਰ ਮੈਂ ਦੋ ਹਫ਼ਤੇ ਕੰਟੈਂਪਰੇਰੀ ਡਾਂਸ ਸਿੱਖਿਆ ਅਤੇ ਆਪਣੀ ਸ਼ੂਟਿੰਗ ਦੌਰਾਨ ਮਿਲਣ ਵਾਲੇ ਫੁਰਸਤ ਦੇ ਪਲਾਂ ਵਿਚ ਇਸ ਦਾ ਅਭਿਆਸ ਕੀਤਾ।”
ਯਾਦ ਰਹੇ ਕਿ ਹਾਲ ਹੀ ਵਿਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਕਲੀ ਜੋਟਾ’ ਵਿਚ ਖੂਬਸੂਰਤ ਅਦਾਕਾਰੀ ਲਈ ਵਾਮਿਕਾ ਗੱਬੀ ਦੀ ਖੂਬ ਤਾਰੀਫ ਹੋਈ ਹੈ। ਇਸ ਫਿਲਮ ਵਿਚ ਮੁੱਖ ਭੂਮਿਕਾਵਾਂ ਭਾਵੇਂ ਉਘੇ ਗਾਇਕ ਸਤਿੰਦਰ ਸਰਤਾਜ ਅਤੇ ਉਘੀ ਅਦਾਕਾਰਾ ਨੀਰੂ ਬਾਜਵਾ ਦੀਆਂ ਹਨ ਪਰ ਵਾਮਿਕਾ ਗੱਬੀ ਨੇ ਆਪਣੀ ਅਦਾਕਾਰੀ ਨਾਲ ਵਕੀਲ ਦੇ ਕਿਰਦਾਰ ਵਿਚ ਜੋ ਰੰਗ ਭਰਿਆ ਹੈ, ਉਸ ਨੇ ਸਭ ਦਾ ਧਿਆਨ ਖਿੱਚਿਆ ਹੈ। ਆਪਣੀ ਸਹਿਜ ਅਦਾਕਾਰੀ ਨੇ ਵਾਮਿਕਾ ਗੱਬੀ ਨੇ ਸਭ ਦਾ ਮਨ ਮੋਹ ਲਿਆ।