ਤਾਲਿਬਾਨ ਦਾ ਕਾਬੁਲ ਨਿਰਾਸ਼ਾ ਦੇ ਸਮੇਂ ਵਿਚ

ਉਬੈਦ-ਉੱਲਾ ਵਾਰਦਕ
ਪੇਸ਼ਕਸ਼: ਦਲਜੀਤ ਅਮੀ
ਤਾਲਿਬਾਨ ਨੇ ਅਫਗਾਨਿਸਤਾਨ ਵਿਚ ਔਰਤਾਂ ਦੀ ਸਿੱਖਿਆ ਉੱਤੇੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਕਾਬੁਲ ਯੂਨੀਵਰਸਿਟੀ ਵਿਚ ਗਣਿਤ ਦੇ ਅਧਿਆਪਕ ਉਬੈਦ-ਉੱਲਾ ਵਾਰਦਕ ਨੇ ਔਰਤਾਂ ਦੀ ਸਿੱਖਿਆ ਉੱਤੇੇ ਪਾਬੰਦੀ ਖਿਲਾਫ ਆਪਣਾ ਵਿਰੋਧ ਦਰਜ ਕਰਵਾਉਣ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਇਹ ਲੇਖ ਪੰਜਾਬੀ ਯੂਨੀਵਰਸਿਟੀ ਦੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ ਦੇ ਡਾਇਰੈਕਟਰ ਦਲਜੀਤ ਅਮੀ ਨੇ ਉਸ ਨਾਲ ਇੱਕ ਲੰਮੀ ਇੰਟਰਵਿਊ ਦੇ ਆਧਾਰ ਉੱਤੇੇ ਲਿਖਿਆ ਹੈ। ਇਸ ਵਿਚ ਉਬੈਦ-ਉੱਲਾ ਵਾਰਦਕ ਨੇ ਸਮੁੱਚੇ ਹਾਲਾਤ ਬਾਰੇ ਟਿੱਪਣੀ ਕੀਤੀ ਹੈ।

ਫੋਨ ਉੱਤੇੇ ਆਪਣੇ ਦੋਸਤ ਦਾ ਸੁਨੇਹਾ ਮਿਲਿਆ ਜਿਸ ਦਾ ਖ਼ਦਸ਼ਾ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਲਗਾਤਾਰ ਬਣਿਆ ਹੋਇਆ ਸੀ। ਇਸ ਖਦਸ਼ੇ ਦੀ ਆਮਦ ਦੇ ਠੋਸ ਸੰਕੇਤ ਲਗਾਤਾਰ ਉਨ੍ਹਾਂ ਦੇ ਫ਼ੈਸਲਿਆਂ ਵਿਚੋਂ ਦਿਸਦੇ ਸਨ। ਕਾਬੁਲ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਿਚ ਇਸ ਬਾਰੇ ਚਰਚਾ ਲਗਾਤਾਰ ਚੱਲ ਰਹੀ ਸੀ। ਇਸ ਦੇ ਬਾਵਜੂਦ ਇਹ ਸੁਨੇਹਾ ਪ੍ਰੇਸ਼ਾਨ ਕਰਨ ਵਾਲਾ ਸੀ।
ਤਾਲਿਬਾਨ ਦੇ ਆਉਣ ਤੋਂ ਬਾਅਦ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਮੁਹੰਮਦ ਉਸਮਾਨ ਬਾਬਰੀ ਦੀ ਥਾਂ ਤਾਲਿਬਾਨ ਦੇ ਵਫ਼ਾਦਾਰ ਮੁਹੰਮਦ ਅਸ਼ਰਫ਼ ਗੈਰਤ ਨੂੰ ਨਿਯੁਕਤ ਕੀਤਾ ਗਿਆ ਸੀ। ਉਸ ਨੇ ਤੁਰੰਤ ਸਹੁੰ ਚੁੱਕੀ ਕਿ ‘ਕਾਬੁਲ ਯੂਨੀਵਰਸਿਟੀ ਨੂੰ ਪੱਛਮੀ ਅਤੇ ਕਾਫ਼ਰ ਸੋਚ ਤੋਂ ਮੁਕਤ ਕੀਤਾ ਜਾਵੇਗਾ`। ਉਨ੍ਹਾਂ ਸਪੱਸ਼ਟ ਕਿਹਾ ਕਿ ‘ਜਦੋਂ ਤੱਕ ਅਸਲ ਵਿਚ ਇਸਲਾਮੀ ਮਾਹੌਲ ਨਹੀਂ ਬਣ ਜਾਂਦਾ, ਉਦੋਂ ਤੱਕ ਔਰਤਾਂ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਨ ਜਾਂ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।` ਬਾਅਦ ਵਿਚ ਉਸਾਮਾ ਅਜ਼ੀਜ਼ ਨੂੰ ਮੁਹੰਮਦ ਅਸ਼ਰਫ਼ ਗੈਰਤ ਦੀ ਥਾਂ ਕਾਬੁਲ ਯੂਨੀਵਰਸਿਟੀ ਦਾ ਚਾਂਸਲਰ ਬਣਾਇਆ ਗਿਆ।
ਪਿਛਲੇ ਸਾਲ ਅਗਸਤ ਵਿਚ ਸੱਤਾ ਵਿਚ ਆਉਣ ਤੋਂ ਬਾਅਦ ਤਾਲਿਬਾਨ ਨੇ ਔਰਤਾਂ ਉੱਤੇੇ ਕਈ ਪਾਬੰਦੀਆਂ ਲਗਾ ਦਿੱਤੀਆਂ ਸਨ। ਯੂਨੀਵਰਸਿਟੀਆਂ ਵਿਚ ਔਰਤਾਂ ਦੇ ਦਾਖ਼ਲੇ ਉੱਤੇੇ ਪਾਬੰਦੀ ਲਗਾਉਣ ਤੋਂ ਪਹਿਲਾਂ ਅਜਿਹੀਆਂ ਪਾਬੰਦੀਆਂ ਦੀ ਪੂਰੀ ਲੜੀ ਹੈ। ਪਹਿਲਾਂ ਇਹ ਪਾਬੰਦੀਆਂ ਸਕੂਲਾਂ ਉੱਤੇੇ ਲਗਾਈਆਂ ਗਈਆਂ ਸਨ, ਯੂਨੀਵਰਸਿਟੀਆਂ ਵਿਚ ਕੁਝ ਵਿਸ਼ਿਆਂ ਦੀ ਚੋਣ ਉੱਤੇੇ ਪਾਬੰਦੀ ਸੀ। ਉਨ੍ਹਾਂ ਉੱਤੇੇ ਕੰਪਿਊਟਰ, ਇੰਜਨੀਅਰਿੰਗ, ਵੈਟਰਨਰੀ ਸਾਇੰਸ, ਅਰਥ ਸ਼ਾਸਤਰ ਅਤੇ ਖੇਤੀਬਾੜੀ ਸਮੇਤ ਵਿਗਿਆਨ ਦੇ ਵਿਸ਼ਿਆਂ ਨੂੰ ਗ਼ੈਰ-ਇਸਲਾਮਿਕ ਦੱਸ ਕੇ ਪੜ੍ਹਨ ਉੱਤੇੇ ਪਾਬੰਦੀ ਲਗਾ ਦਿੱਤੀ ਗਈ ਸੀ। ਔਰਤਾਂ ਲਈ ਪੱਤਰਕਾਰੀ ਦੀ ਪੜ੍ਹਾਈ ਵੀ ਸੀਮਤ ਕਰ ਦਿੱਤੀ ਗਈ ਸੀ। ਇਸਤਰੀ ਅਤੇ ਪੁਰਸ਼ ਵਿਦਿਆਰਥੀਆਂ ਦੀਆਂ ਜਮਾਤਾਂ ਪਹਿਲਾਂ ਵੱਖ ਕੀਤੀਆਂ ਗਈਆਂ, ਫਿਰ ਔਰਤਾਂ ਦੀ ਸਿੱਖਿਆ ਸਵੇਰੇ ਅਤੇ ਮਰਦਾਂ ਦੀ ਸਿੱਖਿਆ ਸ਼ਾਮ ਨੂੰ, ਫਿਰ ਵੱਖ-ਵੱਖ ਦਿਨਾਂ ਉੱਤੇੇ ਕੀਤੀ ਗਈ। ਹੁਣ ਔਰਤਾਂ ਦੇ ਪੜ੍ਹਨ ਅਤੇ ਪੜ੍ਹਾਉਣ ਉੱਤੇੇ ਪਾਬੰਦੀ ਲਗਾਈ ਗਈ ਹੈ ਜਿਸ ਬਾਰੇ ਮੈਂ ਸੁਨੇਹਾ ਪੜ੍ਹ ਰਿਹਾ ਸੀ।
ਇਸ ਤੋਂ ਪਹਿਲਾਂ ਬਿਊਟੀ ਸੈਲੂਨ ਉੱਤੇੇ ਅਤੇ ਬਾਅਦ ਵਿਚ ਜਨਤਕ ਥਾਵਾਂ ਉੱਤੇੇ ਔਰਤਾਂ ਦੇ ਇਕੱਲੇ ਜਾਣ ਉੱਤੇੇ ਪਾਬੰਦੀ ਲਗਾਈ ਗਈ ਹੈ। ਜਦੋਂ ਔਰਤਾਂ ਦੇ ਪਾਰਕ ਵਿਚ ਜਾਣ ਉੱਤੇੇ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਉਹ ਆਪਣੇ ਬੱਚਿਆਂ ਨਾਲ ਪਾਰਕ ਵਿਚ ਨਾ ਜਾਣ ਦਾ ਸੰਤਾਪ ਭੋਗ ਰਹੀਆਂ ਹਨ। ਇਸ ਸਮੇਂ ਪਾਰਕਾਂ ਵਿਚ ਖੇਡਦੇ ਬੱਚਿਆਂ ਦੀ ਯਾਦ ਵਿਚ ਉਨ੍ਹਾਂ ਦੀਆਂ ਦਾਦੀਆਂ, ਨਾਨੀਆਂ, ਮਾਵਾਂ, ਭੈਣਾਂ ਅਤੇ ਗੁਆਂਢਣਾਂ ਨਹੀਂ ਹੋਣਗੀਆਂ।
ਮੈਂ ਤਾਲਿਬਾਨ ਦੇ ਇਨ੍ਹਾਂ ਫ਼ੈਸਲਿਆਂ ਦੀ ਲਗਾਤਾਰ ਆਲੋਚਨਾ ਕੀਤੀ ਹੈ ਅਤੇ ਜਦੋਂ ਵੀ ਸੰਭਵ ਹੋਇਆ, ਇਨ੍ਹਾਂ ਫ਼ੈਸਲਿਆਂ ਖ਼ਿਲਾਫ਼ ਪ੍ਰਦਰਸ਼ਨਾਂ ਵਿਚ ਸ਼ਾਮਲ ਹੋਇਆ ਹਾਂ। ਫ਼ੈਸਲੇ ਦੇ ਐਲਾਨ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨ ਘੱਟ ਕਰਨ ਲਈ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਗਈਆਂ ਸਨ। ਮੈਂ ਇਸ ਫ਼ੈਸਲੇ ਦਾ ਵਿਰੋਧ ਕਰਨਾ ਸੀ ਜੋ ਮੈਂ ਕਿਸੇ ਵੀ ਕੀਮਤ ਉੱਤੇੇ ਕਰਨਾ ਸੀ। ਕਾਬੁਲ ਯੂਨੀਵਰਸਿਟੀ ਵਿਚ ਬੈਠੇ ਦੀ ਮੇਰੀ ਜ਼ਿੰਦਗੀ ਬੜੀ ਤੇਜ਼ੀ ਨਾਲ ਮੇਰੀਆਂ ਅੱਖਾਂ ਅੱਗੋਂ ਤੈਰ ਰਹੀ ਸੀ।
ਮੈਂ ਅਫ਼ਗ਼ਾਨਿਸਤਾਨ ਦੇ ਵਾਰਦਕ ਸੂਬੇ ਤੋਂ ਹਾਂ ਅਤੇ ਸਾਧਾਰਨ ਪਰਿਵਾਰ ਤੋਂ ਹਾਂ। ਮੇਰੇ ਪਰਿਵਾਰ ਵਿਚੋਂ ਕੋਈ ਜੀਅ ਸਿਆਸੀ ਤੌਰ ਉੱਤੇੇ ਸਰਗਰਮ ਨਹੀਂ ਰਿਹਾ ਅਤੇ ਨਾ ਹੀ ਕੋਈ ਸਰਕਾਰੀ ਅਹੁਦੇ ਉੱਤੇੇ ਰਿਹਾ ਹੈ। ਮੈਂ ਆਪਣੀ ਸਕੂਲ ਦੀ ਪੜ੍ਹਾਈ ਆਪਣੇ ਸੂਬੇ ਵਿਚੋਂ ਕੀਤੀ ਹੈ। ਇਹ ਪਹਿਲੀ ਤਾਲਿਬਾਨ ਹਕੂਮਤ ਤੋਂ ਬਾਅਦ ਅਤੇ ਨਵੀਂ ਤਾਲਿਬਾਨ ਸ਼ਾਸਨ ਦੇ ਵਿਚਕਾਰ ਦਾ ਸਮਾਂ ਸੀ। ਮੇਰੇ ਪਿੰਡ ਵਿਚ ਬੱਚੇ ਮਸਜਿਦ ਵਿਚ ਪੜ੍ਹਨ ਲਈ ਜਾਂਦੇ ਸਨ ਅਤੇ ਉਨ੍ਹਾਂ ਦੀ ਤਾਲੀਮ ਇਸਲਾਮੀ ਸਿੱਖਿਆ ਦੀ ਮੁੱਢਲੀ ਸਿੱਖਿਆ ਹੀ ਸੀ। ਪਿੰਡ ‘ਚ ਕੁੜੀਆਂ ਦੀ ਪੜ੍ਹਾਈ ਦਾ ਕੋਈ ਇੰਤਜ਼ਾਮ ਨਹੀਂ ਸੀ। ਕੁਝ ਲੋਕਾਂ ਨੇ ਆਪਣੀਆਂ ਕੁੜੀਆਂ ਦੀ ਪੜ੍ਹਾਈ ਦਾ ਆਪੋ-ਆਪਣਾ ਇੰਤਜ਼ਾਮ ਕੀਤਾ ਹੋਇਆ ਸੀ ਜੋ ਕਦੇ ਘਰ ਅਤੇ ਕਦੇ ਮਸਜਿਦ ਵਿਚ ਹੁੰਦਾ ਸੀ।
ਉਸ ਸਮੇਂ ਵਿਦੇਸ਼ੀ ਵਿੱਤੀ ਮਦਦ ਨਾਲ ਸਿੱਖਿਆ ਦੇ ਖੇਤਰ ਵਿਚ ਬਹੁਤ ਸਾਰੇ ਉਪਰਾਲੇ ਕੀਤੇ ਜਾ ਰਹੇ ਸਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਪੜ੍ਹਾਈ ਲਈ ਆਉਣ ਵਾਲੇ ਬੱਚਿਆਂ (ਸਿਰਫ਼ ਲੜਕਿਆਂ) ਨੂੰ ਕਿਤਾਬਾਂ, ਕਾਪੀਆਂ ਅਤੇ ਪੈੱਨ-ਪੈਨਸਿਲਾਂ ਮੁਹੱਈਆ ਕਰਵਾਉਣ ਤੱਕ ਸੀਮਤ ਸਨ। ਉਸ ਸਮੇਂ ਹਾਲਾਤ ਤਾਲਿਬਾਨ ਹਕੂਮਤ ਵਾਂਗ ਮਾੜੇ ਨਹੀਂ ਸਨ ਪਰ ਬਹੁਤੇ ਚੰਗੇ ਵੀ ਨਹੀਂ ਸਨ। ਵਿਦੇਸ਼ੀ ਮਾਇਆ (ਇਮਦਾਦ) ਲਈ ਸਿੱਖਿਆ ਸਹੂਲਤਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਬਾਰੇ ਅੰਕੜੇ ਪੈਦਾ ਕੀਤੇ ਜਾ ਰਹੇ ਸਨ ਪਰ ਜ਼ਮੀਨੀ ਪੱਧਰ ਉੱਤੇੇ ਅਜਿਹਾ ਕੁਝ ਨਹੀਂ ਸੀ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਸੀ। ਮੈਂ ਹੁਣ ਕਹਿ ਸਕਦਾ ਹਾਂ ਕਿ ਭ੍ਰਿਸ਼ਟਾਚਾਰ ਦੀ ਗੱਲ ਬੇਬੁਨਿਆਦ ਨਹੀਂ ਸੀ। ਵਿਦੇਸ਼ੀ ਮਾਇਆ ਦਾ ਬਹੁਤਾ ਹਿੱਸਾ ਭ੍ਰਿਸ਼ਟਾਚਾਰ ਦੀ ਝੋਲੀ ਪੈ ਰਿਹਾ ਸੀ।
ਸਾਡੇ ਪਿੰਡ ਵਿਚ ਖੇਤੀ ਬਹੁਤੀ ਨਹੀਂ ਹੈ। ਅਸੀਂ ਪਿੰਡ ਦੇ ਉਨ੍ਹਾਂ ਕੁਝ ਪਰਿਵਾਰਾਂ ਵਿਚੋਂ ਸਾਂ ਜਿਨ੍ਹਾਂ ਦੀ ਆਰਥਿਕ ਹਾਲਤ ਗ਼ਰੀਬੀ ਤੋਂ ਬਿਹਤਰ ਸੀ ਪਰ ਬਹੁਤੀ ਚੰਗੀ ਨਹੀਂ ਸੀ। ਮੇਰੇ ਪਿਤਾ ਸਾਊਦੀ ਅਰਬ ਵਿਚ ਕੰਮ ਕਰਦੇ ਸਨ ਅਤੇ ਸਾਡੇ ਗੁਜ਼ਾਰੇ ਲਈ ਪੈਸੇ ਭੇਜਦੇ ਸਨ। ਸਾਡੇ ਵਾਂਗ ਕਈ ਪਰਿਵਾਰ ਵੀ ਇਸੇ ਤਰ੍ਹਾਂ ਵਿਦੇਸ਼ਾਂ ਤੋਂ ਆਉਣ ਵਾਲੀ ਆਮਦਨ ਉੱਤੇੇ ਗੁਜ਼ਰ-ਬਸਰ ਕਰਦੇ ਸਨ। ਬਿਹਤਰ ਆਰਥਿਕ ਸਥਿਤੀ ਵਾਲੇ ਲੋਕ ਸਾਊਦੀ ਅਰਬ ਵਰਗੇ ਦੇਸ਼ਾਂ ਵਿਚ ਜਾਂਦੇ ਸਨ ਪਰ ਗ਼ਰੀਬ ਲੋਕ ਗ਼ੈਰ-ਕਾਨੂੰਨੀ ਤਰੀਕੇ ਨਾਲ ਗੁਆਂਢੀ ਦੇਸ਼ ਇਰਾਨ ਜਾਂਦੇ ਸਨ। ਇਨ੍ਹਾਂ ਗ਼ੈਰ-ਕਾਨੂੰਨੀ ਵਸਨੀਕਾਂ ਨੂੰ ਘੱਟ ਤਨਖ਼ਾਹ ਉੱਤੇੇ ਔਖਾ ਕੰਮ ਦਿੱਤਾ ਜਾਂਦਾ ਸੀ ਅਤੇ ਉਨ੍ਹਾਂ ਦੀ ਉੱਥੇ ਦੇ ਕਾਇਦੇ-ਕਾਨੂੰਨ ਵਿਚ ਕੋਈ ਹੋਂਦ ਨਹੀਂ ਸੀ। ਇਰਾਨ ਤੋਂ ਅਫ਼ਗ਼ਾਨ ਮੂਲ ਦੇ ਗ਼ੈਰ-ਕਾਨੂੰਨੀ ਪਰਵਾਸੀਆਂ ਦੀਆਂ ਦਿਲ-ਕੰਬਾਉਣ ਵਾਲੀਆਂ ਕਹਾਣੀਆਂ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਸ਼ੁਮਾਰ ਸਨ ਅਤੇ ਉਨ੍ਹਾਂ ਦੇ ਪਾਤਰ ਸਾਡੇ ਚਾਰੇ ਪਾਸੇ ਰਹਿੰਦੇ ਸਨ।
ਅਸੀਂ ਚਾਰ ਭੈਣ-ਭਰਾ ਸਾਂ ਅਤੇ ਵੱਡੇ ਸਾਂਝੇ ਪਰਿਵਾਰ ਵਿਚ ਰਹਿੰਦੇ ਸਾਂ। ਪਿੰਡ ਦੀਆਂ ਬਾਕੀ ਕੁੜੀਆਂ ਵਾਂਗ ਸਾਡੀ ਇਕਲੌਤੀ ਭੈਣ ਕਦੇ ਸਕੂਲ ਨਹੀਂ ਜਾਂਦੀ ਸੀ। ਤੀਜੀ ਜਮਾਤ ਤੋਂ ਬਾਅਦ ਮੈਂ ਲਾਗਲੇ ਪਿੰਡ ਦੇ ਸਕੂਲ ਜਾਣ ਲੱਗਿਆ। ਦਸਵੀਂ ਜਮਾਤ ਤੋਂ ਬਾਅਦ, ਸਾਡੇ ਪਰਿਵਾਰ ਨੇ ਲੜਕਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਸਾਡਾ ਪਿੰਡ ਅਤੇ ਜੱਦੀ ਸੂਬਾ ਛੱਡ ਕੇ ਮੁਲਕ ਦੀ ਰਾਜਧਾਨੀ ਕਾਬੁਲ ਜਾਣ ਦਾ ਫ਼ੈਸਲਾ ਕੀਤਾ। ਅਸੀਂ ਸਾਊਦੀ ਅਰਬ ਤੋਂ ਆਉਣ ਵਾਲੇ ਡਾਲਰਾਂ ਨਾਲ ਹੀ ਗੁਜ਼ਾਰਾ ਕਰਦੇ ਸਾਂ। ਅਫ਼ਗ਼ਾਨਿਸਤਾਨ ਦੇ ਸ਼ਹਿਰਾਂ ਵਿਚ ਸਰਕਾਰੀ ਸਿੱਖਿਆ ਪ੍ਰਣਾਲੀ ਦੇ ਨਾਲ-ਨਾਲ ਕੰਪਿਊਟਰ ਸਿਖਲਾਈ, ਅੰਗਰੇਜ਼ੀ ਸਿਖਲਾਈ ਦੀਆਂ ਸਹੂਲਤਾਂ ਦੇ ਨਾਲ-ਨਾਲ ਪ੍ਰਾਈਵੇਟ ਟਿਊਸ਼ਨ ਸੈਂਟਰ ਵੀ ਹਨ।
ਅਫ਼ਗ਼ਾਨਿਸਤਾਨ ਵਿਚ ਲਿੰਗ ਦੇ ਆਧਾਰ ਉੱਤੇੇ ਸਹਿ-ਸਿੱਖਿਆ ਬਹੁਤ ਘੱਟ ਹੈ। ਕੋਈ ਸਹਿ-ਵਿਦਿਅਕ ਸਕੂਲ ਨਹੀਂ ਹਨ। ਜੇ ਸਾਂਝੇ ਸਕੂਲ ਹਨ ਤਾਂ ਜਮਾਤਾਂ ਵੱਖਰੀਆਂ ਹਨ। ਮੈਨੂੰ ਕਾਬੁਲ ਸ਼ਹਿਰ ਵਿਚ ਕੰਪਿਊਟਰ ਸਿਖਲਾਈ ਕੇਂਦਰਾਂ, ਅੰਗਰੇਜ਼ੀ ਸਿਖਲਾਈ ਕੇਂਦਰਾਂ ਦੇ ਨਾਲ-ਨਾਲ ਪ੍ਰਾਈਵੇਟ ਟਿਊਸ਼ਨ ਕੇਂਦਰਾਂ ਵਿਚ ਕੁੜੀਆਂ ਨਾਲ ਪੜ੍ਹਨ ਦਾ ਮੌਕਾ ਮਿਲਿਆ। ਉੱਥੇ ਲੜਕੇ-ਲੜਕੀਆਂ ਵੱਖੋ-ਵੱਖਰੇ ਬੈਠਦੇ ਸਨ ਅਤੇ ਉਨ੍ਹਾਂ ਦੀ ਆਪਸ ਵਿਚ ਨਾਮਾਤਰ ਗੱਲਬਾਤ ਕਿਤਾਬਾਂ ਅਤੇ ਨੋਟਸ ਲੈਣ-ਦੇਣ ਤੱਕ ਸੀਮਤ ਸੀ।
ਅਫ਼ਗ਼ਾਨਿਸਤਾਨ ਦੀਆਂ ਯੂਨੀਵਰਸਿਟੀਆਂ ਵਿਚ ਦਾਖ਼ਲਾ ਲੈਣ ਲਈ ‘ਕਨਕੌਰ` ਨਾਮ ਦਾ ਇਮਤਿਹਾਨ ਦੇਣਾ ਪੈਂਦਾ ਸੀ। ਮੈਂ ‘ਕਨਕੌਰ` ਇਮਤਿਹਾਨ ਪਾਸ ਕੀਤਾ ਅਤੇ ਸਕੂਲ ਤੋਂ ਬਾਅਦ ਕਾਬੁਲ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਸਾਰਕ ਯੂਨੀਵਰਸਿਟੀ (ਸਾਊਥ ਏਸ਼ੀਅਨ ਯੂਨੀਵਰਸਿਟੀ, ਨਵੀਂ ਦਿੱਲੀ) ਦਾ ਦਾਖ਼ਲਾ ਇਮਤਿਹਾਨ ਹੁੰਦਾ ਹੈ ਜਿਸ ਵਿਚ ਅੱਧੇ ਵਿਦਿਆਰਥੀ ਭਾਰਤ ਅਤੇ ਅੱਧੇ ਸਾਰਕ ਦੇ ਦੂਜੇ ਮੁਲਕਾਂ ਤੋਂ ਲਏ ਜਾਂਦੇ ਹਨ। ਇਸ ਵੇਲੇ ਮੈਂ ਦਿੱਲੀ ਦੀ ਸਾਊਥ ਏਸ਼ੀਅਨ ਯੂਨੀਵਰਸਿਟੀ ਤੋਂ ਗਣਿਤ ਵਿਸ਼ੇ ਵਿਚ ਪੀ.ਐੱਚ.ਡੀ. ਕਰ ਰਿਹਾ ਹਾਂ ਅਤੇ ਤਕਰੀਬਨ ਦਸ ਸਾਲਾਂ ਤੋਂ ਕਾਬੁਲ ਯੂਨੀਵਰਸਿਟੀ ਵਿਚ ਪੜ੍ਹਾ ਰਿਹਾ ਹਾਂ।
“ਅਫ਼ਗਾਨਿਸਤਾਨ ਦੀਆਂ ਯੂਨੀਵਰਸਿਟੀਆਂ ਵਿਚ ਔਰਤਾਂ ਦੇ ਦਾਖ਼ਲੇ ਉੱਤੇੇ ਪਾਬੰਦੀ ਆਇਦ ਕੀਤੀ ਗਈ ਹੈ ਕਿਉਂਕਿ ਵਿਦਿਆਰਥਣਾਂ ਨੇ ਸਲੀਕੇਵਾਰ ਕੱਪੜੇ ਨਹੀਂ ਪਾਏ ਸਨ। ਉਹ ਅਜਿਹੇ ਕੱਪੜੇ ਪਾ ਕੇ ਯੂਨੀਵਰਸਿਟੀ ਜਾਂਦੀਆਂ ਸਨ ਜਿਵੇਂ ਉਹ ਕਿਸੇ ਵਿਆਹ ਵਿਚ ਜਾ ਰਹੀਆਂ ਹੋਣ।” ਮੇਰੇ ਮੋਬਾਈਲ ਉੱਤੇੇ ਆਏ ਇਸ ਸੁਨੇਹੇ ਨੇ ਮੇਰੀ ਜ਼ਿੰਦਗੀ ਵਿਚ ਨਵਾਂ ਮੋੜ ਲਿਆਂਦਾ। ਕਿਹਾ ਜਾ ਰਿਹਾ ਹੈ ਕਿ ਇਹ ਪਾਬੰਦੀ ਆਰਜ਼ੀ ਤੌਰ ਉੱਤੇੇ ਲਗਾਈ ਗਈ ਹੈ ਪਰ ਇਤਿਹਾਸ ਗਵਾਹ ਹੈ ਕਿ ਪਹਿਲਾਂ ਵੀ ਅਜਿਹੀਆਂ ਪਾਬੰਦੀਆਂ ਆਰਜ਼ੀ ਤੌਰ ਉੱਤੇੇ ਲਗਾਈਆਂ ਗਈਆਂ ਹਨ ਅਤੇ ਬਾਅਦ ਵਿਚ ਉਨ੍ਹਾਂ ਦਾ ਮੁਕਾਮ ਪੱਕਾ ਹੋ ਗਿਆ। ਇਸ ਲਈ ਇਨ੍ਹਾਂ ਨੂੰ ਪੱਕੀਆਂ ਪਾਬੰਦੀਆਂ ਹੀ ਮੰਨਿਆ ਜਾਣਾ ਚਾਹੀਦਾ ਹੈ। ਪਿਛਲੀ ਵਾਰ ਵੀ ਤਾਲਿਬਾਨ ਨੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਸਨ।
ਤਕਰੀਬਨ ਦਸ ਸਾਲ ਕਾਬੁਲ ਯੂਨੀਵਰਸਿਟੀ ਵਿਚ ਪੜ੍ਹਾਉਣ ਤੋਂ ਬਾਅਦ ਅਸਤੀਫ਼ਾ ਮੇਰੇ ਲਈ ਆਖ਼ਰੀ ਰਾਹ ਸੀ। ਮੈਨੂੰ ਪਤਾ ਹੈ ਕਿ ਇਹ ਕੋਈ ਬਹੁਤ ਵਧੀਆ ਰਾਹ ਨਹੀਂ ਹੈ ਪਰ ਇਸ ਤੋਂ ਬਿਨਾਂ ਆਵਾਜ਼ ਬੁਲੰਦ ਕਰਨ ਦਾ ਕੋਈ ਰਾਹ ਨਹੀਂ ਸੀ। ਅਸੀਂ ਆਪਣੀ ਆਵਾਜ਼ ਬੁਲੰਦ ਕਰਨ ਅਤੇ ਅਫ਼ਗ਼ਾਨਿਸਤਾਨ ਦੇ ਲੋਕਾਂ ਦੇ ਨਾਲ-ਨਾਲ ਕੌਮਾਂਤਰੀ ਭਾਈਚਾਰੇ ਨੂੰ ਆਪਣੀ ਆਵਾਜ਼ ਸੁਣਾਉਣ ਲਈ ਆਪਣੀਆਂ ਨੌਕਰੀਆਂ ਛੱਡ ਦਿੱਤੀਆਂ ਹਨ।
ਕਾਬੁਲ ਦੀ ਯੂਨੀਵਰਸਿਟੀ ਦੀ ਵੈੱਬਸਾਈਟ ਨੂੰ ਅਜੇ ਨਵੇਂ ਫ਼ੈਸਲਿਆਂ ਮੁਤਾਬਕ ਅਪਡੇਟ ਨਹੀਂ ਕੀਤਾ ਗਿਆ ਹੈ। ਵੈੱਬਸਾਈਟ ਉੱਤੇੇ ਦਰਜ ਹੈ ਕਿ ਇਸ ਯੂਨੀਵਰਸਿਟੀ ਦੀ ਸਥਾਪਨਾ 1932 ਵਿਚ ਹੋਈ ਸੀ। ਇਸ ਵੇਲੇ ਕਾਬੁਲ ਯੂਨੀਵਰਸਿਟੀ ਵਿਚ 22 ਫੈਕਲਟੀ ਅਤੇ 101 ਵਿਭਾਗ, ਤਕਰੀਬਨ 900 ਅਧਿਆਪਕ ਅਤੇ 25,000 ਤੋਂ ਵੱਧ ਵਿਦਿਆਰਥੀ ਹਨ। ਵੈੱਬਸਾਈਟ ਦੱਸਦੀ ਹੈ ਕਿ ਵਿਦਿਆਰਥਣਾਂ ਦੀ ਗਿਣਤੀ 41% ਹੈ; ਮਤਲਬ, ਹਾਲੀਆ ਫ਼ੈਸਲੇ ਨੇ ਇਕੱਲੀ ਕਾਬੁਲ ਯੂਨੀਵਰਸਿਟੀ ’ਚ ਤਕਰੀਬਨ 10,000 ਵਿਦਿਆਰਥਣਾਂ ਦੀ ਪੜ੍ਹਾਈ ਖ਼ਤਮ ਕਰ ਦਿੱਤੀ।
ਅਫ਼ਗ਼ਾਨਿਸਤਾਨ ਦੇ ਲੋਕ ਇਸ ਸਮੇਂ ਖੁਸ਼ ਨਹੀਂ ਹਨ। ਤਾਲਿਬਾਨ ਦੀਆਂ ਆਗੂ ਸਫ਼ਾਂ ਤੋਂ ਬਾਹਰਲੇ ਉਨ੍ਹਾਂ ਦੇ ਹਮਾਇਤੀ ਵੀ ਖੁਸ਼ ਨਹੀਂ ਹਨ। ਉਹ ਅਜਿਹੇ ਸਾਰੇ ਫ਼ੈਸਲਿਆਂ ਦੇ ਕਾਰਨ ਜਾਣਨਾ ਚਾਹੁੰਦੇ ਹਨ। ਹਥਿਆਰਬੰਦ ਤਾਲਿਬਾਨ ਯੂਨੀਵਰਸਿਟੀਆਂ ਵਿਚ ਦਾਖ਼ਲ ਹੋ ਗਏ ਹਨ ਤੇ ਉਹ ਇਕੱਠੇ ਕਰਨ ਅਤੇ ਤਿੰਨ-ਚਾਰ ਲੋਕਾਂ ਨੂੰ ਇੱਕ-ਦੂਜੇ ਨਾਲ ਗੱਲ ਕਰਨ ਤੋਂ ਵੀ ਰੋਕ ਰਹੇ ਹਨ। ਉਨ੍ਹਾਂ ਨੇ ਕਿਸੇ ਵੀ ਤਰ੍ਹਾਂ ਦੇ ਰੋਸ ਮੁਜ਼ਾਹਰੇ ਨੂੰ ਰੋਕਣ ਲਈ ਯੂਨੀਵਰਸਿਟੀਆਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਹਨ। ਮਹਿਲਾ ਵਿਦਿਆਰਥੀਆਂ ਅਤੇ ਹੋਰ ਕਾਰਕੁਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀਆਂ ਖ਼ਬਰਾਂ ਹਨ।
ਅਸਤੀਫ਼ਾ ਦੇਣ ਤੋਂ ਪਹਿਲਾਂ ਮੈਂ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਗੱਲ ਕੀਤੀ ਸੀ ਪਰ ਕੋਈ ਵੀ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਸੀ। ਇੱਕ ਪਾਸੇ ਹਾਲਤ ਬਹੁਤ ਖ਼ਰਾਬ ਹਨ ਅਤੇ ਦੂਜੇ ਪਾਸੇ ਲੋਕ ਮਹਿਸੂਸ ਕਰ ਰਹੇ ਹਨ ਕਿ ਅਜਿਹੇ ਅਸਤੀਫ਼ਿਆਂ ਦੇ ਦਬਾਅ ਕਾਰਨ ਤਾਲਿਬਾਨ ਆਪਣਾ ਫ਼ੈਸਲਾ ਬਦਲਣ ਵਾਲੇ ਨਹੀਂ ਹਨ। ਮੈਨੂੰ ਲੱਗਿਆ ਕਿ ਮੈਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਫ਼ੈਸਲਿਆਂ ਤੋਂ ਬਾਅਦ ਨਾ ਤਾਂ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਹੈ ਅਤੇ ਨਾ ਹੀ ਅਫ਼ਗ਼ਾਨਿਸਤਾਨ ਦਾ ਭਵਿੱਖ। ਮੇਰੇ ਅਸਤੀਫ਼ੇ ਨਾਲ ਹਾਲਾਤ ਨਹੀਂ ਬਦਲਣਗੇ ਪਰ ਘੱਟੋ-ਘੱਟ ਮੈਂ ਪੁਰ-ਸਕੂਨ ਹਾਂ। ਮੇਰੇ ਪਿਤਾ ਨੂੰ ਇਹ ਫ਼ੈਸਲਾ ਪਸੰਦ ਨਹੀਂ ਆਇਆ ਪਰ ਬਾਅਦ ਵਿਚ ਉਹ ਮੰਨ ਗਏ। ਮੇਰੇ ਕੋਲ ਸਾਰਕ ਯੂਨੀਵਰਸਿਟੀ ਤੋਂ ਫੈਲੋਸ਼ਿਪ ਹੈ ਪਰ ਘਰ ਪਿਤਾ ਜੀ ਦੀ ਮਦਦ ਨਾਲ ਹੀ ਚੱਲਦਾ ਹੈ। ਮੇਰੀ ਪਤਨੀ ਦੁਬਿਧਾ ਵਿਚ ਹੈ। ਇੱਕ ਪਾਸੇ ਉਹ ਮੌਜੂਦਾ ਹਾਲਾਤ ਤੋਂ ਡਰੀ ਹੋਈ ਹੈ ਅਤੇ ਦੂਜੇ ਪਾਸੇ ਉਹ ਖੁਸ਼ ਹੈ ਕਿ ਮੈਂ ਔਰਤਾਂ ਦੇ ਮੁੱਦੇ ਨੂੰ ਅਹਿਮ ਮੰਨਿਆ ਹੈ। ਮੈਨੂੰ ਵੱਖ-ਵੱਖ ਤਰੀਕਿਆਂ ਨਾਲ ਜ਼ਬਾਨਬੰਦੀ ਦੀਆਂ ਸਲਾਹਾਂ ਦਿੱਤੀਆਂ ਦਿੱਤੀਆਂ ਜਾ ਰਹੀਆਂ ਹਨ। ਸਮਝਾਉਣੀ ਸੁਰ ਵਿਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕੌਮਾਂਤਰੀ ਭਾਈਚਾਰੇ ਨੂੰ ਅਫ਼ਗ਼ਾਨਿਸਤਾਨ ਦਾ ਹਵਾਲਾ ਦਿੰਦੇ ਹੋਏ ਮਨੁੱਖੀ ਹਕੂਕ ਦੇ ਹਵਾਲੇ ਤਹਿਤ ਸਿੱਖਿਆ ਦੇ ਹਕੂਕ ਦੀ ਗੱਲ ਕਰਨੀ ਚਾਹੀਦੀ ਹੈ। ਅਸੀਂ ਮਹਿਸੂਸ ਕਰਦੇ ਹਾਂ ਕਿ ਕੌਮਾਂਤਰੀ ਭਾਈਚਾਰਾ ਇਸ ਤਰ੍ਹਾਂ ਦੇ ਫ਼ੈਸਲਿਆਂ ਉੱਤੇੇ ਆਪਣਾ ਅਸਰ-ਰਸੂਖ਼ ਵਰਤਣ ਲਈ ਸਰਗਰਮ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਕੌਮਾਂਤਰੀ ਭਾਈਚਾਰਾ ਘੱਟੋ-ਘੱਟ ਕੁਝ ਮਾਮਲਿਆਂ ਵਿਚ ਤਬਦੀਲੀ ਦੀ ਅਲੰਬਰਦਾਰੀ ਕਰੇ। ਪਿਛਲੇ 16 ਮਹੀਨਿਆਂ ਵਿਚ ਕਈ ਮੁਲਕਾਂ ਅਤੇ ਕਈ ਬਰਾਦਰੀਆਂ ਨੇ ਬਿਆਨ ਜਾਰੀ ਕੀਤੇ ਹਨ ਪਰ ਇਹ ਬਿਆਨ ਨਾਕਾਫ਼ੀ ਹਨ। ਕੁਝ ਹੱਦ ਤੱਕ ਅਸੀਂ ਦੋਹਾ ਸਮਝੌਤੇ ਰਾਹੀਂ ਇਹ ਸਭ ਕੁਝ ਮੁਮਕਿਨ ਬਣਾਉਣ ਲਈ ਕੌਮਾਂਤਰੀ ਭਾਈਚਾਰੇ ਨੂੰ ਦੋਸ਼ੀ ਠਹਿਰਾ ਸਕਦੇ ਹਾਂ। ਖ਼ਸੂਸੀ ਤੌਰ ਉੱਤੇ ਅਮਰੀਕਾ ਕਸੂਰਵਾਰ ਹੈ ਕਿਉਂਕਿ ਉਸ ਨੂੰ ਅਫ਼ਗ਼ਾਨਿਸਤਾਨ ਦੇ ਹਾਲਾਤ ਦਾ ਪਤਾ ਸੀ ਅਤੇ ਉਹ ਤਾਲਿਬਾਨ ਦੀ ਵਿਚਾਰਧਾਰਾ ਨੂੰ ਜਾਣਦਾ ਸੀ ਪਰ ਉਸ ਨੇ ਇਨ੍ਹਾਂ ਹਾਲਾਤ ਵਿਚ ਰਹਿਣ ਲਈ ਅਫ਼ਗ਼ਾਨਿਸਤਾਨ ਨੂੰ ਇਕੱਲਾ ਛੱਡ ਗਿਆ। ਕੌਮਾਂਤਰੀ ਭਾਈਚਾਰਾ ਅਜਿਹੀਆਂ ਸਮੱਸਿਆਵਾਂ ਦਾ ਅਨਿੱਖੜਵਾਂ ਅੰਗ ਹੈ। ਅਸੀਂ ਉਮੀਦ ਕਰਦੇ ਹਾਂ ਕਿ ਕੌਮਾਂਤਰੀ ਭਾਈਚਾਰਾ ਇਨ੍ਹਾਂ ਸਮੱਸਿਆਵਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇਗਾ। ਸਾਡੇ ਹਾਲਾਤ ਸਾਜ਼ਗਾਰ ਨਹੀਂ ਹਨ। ਅਸੀਂ ਕੌਮਾਂਤਰੀ ਦਖ਼ਲ ਉੱਤੇੇ ਭਰੋਸਾ ਨਹੀਂ ਕਰ ਸਕਦੇ ਪਰ ਕੌਮਾਂਤਰੀ ਭਾਈਚਾਰੇ ਤੋਂ ਬਿਨਾ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ। ਇੱਥੇ ਜਾਨ, ਜਾਇਦਾਦ ਅਤੇ ਭਵਿੱਖ ਸੁਰੱਖਿਅਤ ਨਹੀਂ ਹਨ। ਨਿਰਾਸ਼ਾ ਦੇ ਸਮੇਂ ਵਿਚ ਆਪਣੀ ਆਵਾਜ਼ ਬੁਲੰਦ ਕਰਨਾ ਮੁਸ਼ਕਿਲ ਹੈ।