ਬਦਲਦੇ ਵਕਤ ਅਤੇ ਖੇਤਰੀ ਭਾਸ਼ਾਵਾਂ

ਡਾ. ਪਰਮਜੀਤ ਸਿੰਘ ਢੀਂਗਰਾ
ਫੋਨ: +91-94173-58120
ਭਾਰਤ ਦੀਆਂ ਖੇਤਰੀ ਮਾਤ-ਭਾਸ਼ਾਵਾਂ ਦੀ ਹਾਲਤ ਅੱਜ ਕੱਲ੍ਹ ਬੜੀ ਪੇਚੀਦਾ ਨਜ਼ਰ ਆਉਂਦੀ ਹੈ। ਭਾਰਤ ਵੱਡੇ ਭੂਗੋਲਿਕ ਘੇਰੇ ਵਾਲਾ ਬਹੁ-ਭਾਸ਼ੀ, ਬਹੁ-ਸਭਿਆਚਾਰਕ, ਬਹੁ-ਨਸਲੀ ਅਤੇ ਬਹੁ-ਧਰਮੀ ਦੇਸ਼ ਹੈ ਪਰ ਅੱਜ ਦੇ ਹੁਕਮਰਾਨ ਮੁਲਕ ਵਿਚ ‘ਇਕ ਮੁਲਕ ਇਕ ਭਾਸ਼ਾ’ ਦਾ ਨਾਅਰਾ ਦੇ ਰਹੇ ਹਨ। ਇਹ ਸਭ ਫਿਰਕੂ ਧਰੁਵੀਕਰਨ ਲਈ ਕੀਤਾ ਜਾ ਰਿਹਾ ਹੈ ਜਿਸ ਦਾ ਸਭ ਤੋਂ ਵੱਧ ਨੁਕਸਾਨ ਖੇਤਰੀ ਭਾਸ਼ਾਵਾਂ ਨੂੰ ਹੋਣਾ ਹੈ। ਇਸ ਬਾਰੇ ਵਿਸਥਾਰ ਸਹਿਤ ਚਰਚਾ ਡਾ. ਪਰਮਜੀਤ ਸਿੰਘ ਢੀਂਗਰਾ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਮਾਤ-ਭਾਸ਼ਾ ਨੂੰ ਮਨੁੱਖ ਦਾ ਗਹਿਣਾ ਕਿਹਾ ਗਿਆ ਹੈ। ਬੱਚੇ ਦੇ ਜਨਮ ਦੇ ਨਾਲ ਹੀ ਭਾਸ਼ਾ ਸੰਸਕਾਰ ਵਾਂਗ ਜੁੜ ਜਾਂਦੀ ਹੈ। ਜਿਵੇਂ-ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ, ਤਿਵੇਂ-ਤਿਵੇਂ ਉਹ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ, ਸੰਚਾਰ ਕਰਨ ਤੇ ਆਪਣੀ ਪ੍ਰਗਟਾ ਸਮਰੱਥਾ ਵਧਾਉਣ ਦੇ ਕਾਬਲ ਹੁੰਦਾ ਜਾਂਦਾ ਹੈ ਪਰ ਮਾਤ-ਭਾਸ਼ਾ ਨਾਲ ਜੁੜੇ ਮਸਲੇ ਏਨੇ ਸਾਧਾਰਨ ਨਹੀਂ ਜਿੰਨੇ ਲੱਗਦੇ ਹਨ। ਹਰ ਵਿਅਕਤੀ ਜਿਸ ਭਾਸ਼ਾਈ ਖੇਤਰ ਵਿਚ ਵਸਦਾ ਹੈ, ਉਥੋਂ ਦੀ ਸਥਾਨਕ ਬੋਲੀ ਹੀ ਉਹਦੀ ਮਾਤ-ਭਾਸ਼ਾ ਹੁੰਦੀ ਹੈ। ਇਸ ਲਿਹਾਜ਼ ਨਾਲ ਜਿੰਨੀਆਂ ਬੋਲੀਆਂ ਹਨ, ਓਨੀਆਂ ਹੀ ਮਾਤ-ਭਾਸ਼ਾਵਾਂ ਹਨ। ਮਾਂ ਦੀ ਬੋਲੀ ਨੂੰ ‘ਮਾਤ-ਭਾਸ਼ਾ’ ਕਿਹਾ ਜਾਂਦਾ ਹੈ ਪਰ ਕਿਉਂ? ਪਿਤਾ ਦੀ ਭਾਸ਼ਾ ਜਾਂ ਭੈਣ-ਭਰਾਵਾਂ ਦੀ ਭਾਸ਼ਾ ਕਿਉਂ ਨਹੀਂ? ਇਸ ਦਾ ਕਾਰਨ ਇਹ ਕਿ ਵਿਗਿਆਨੀਆਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬੱਚਾ ਜਦੋਂ ਮਾਂ ਦੇ ਗਰਭ ਵਿਚ ਪਲ ਰਿਹਾ ਹੁੰਦਾ ਹੈ ਤਾਂ ਉਹ ਅੰਦਰ ਮਾਂ ਦੀਆਂ ਆਵਾਜ਼ਾਂ ਸੁਣਦਾ ਹੈ। ਮਾਂ ਦੇ ਡਰਨ, ਰੋਣ, ਹੱਸਣ, ਦੁਖੀ ਹੋਣ ‘ਤੇ ਉਹ ਹੁੰਗਾਰਾ ਭਰਦਾ ਹੈ। ਇਹੀ ਕਾਰਨ ਹੈ ਕਿ ਜਨਮ ਤੋਂ ਬਾਅਦ ਵੀ ਉਹ ਸਭ ਤੋਂ ਵੱਧ ਮਾਂ ਦੀ ਆਵਾਜ਼ ਨੂੰ ਪਛਾਣਦਾ ਹੈ। ਮੁਢਲੇ ਰੂਪ ਵਿਚ ਉਹ ਮਾਂ ਕੋਲੋਂ ਨਿੱਕੇ-ਨਿੱਕੇ ਲਫ਼ਜ਼ ਸਿੱਖਦਾ ਹੈ। ਉਹਦੀਆਂ ਨਕਲਾਂ ਲਾਹੁੰਦਾ ਹੈ, ਭਾਸ਼ਾ ਦੇ ਛੋਟੇ-ਛੋਟੇ ਮਰਮ ਸਿੱਖਦਾ ਤੇ ਉਹਨੂੰ ਵਰਤਦਾ ਹੈ। ਇਹ ਸਾਰੀ ਪ੍ਰਕਿਰਿਆ ਅੱਗੇ ਜਾ ਕੇ ਉਹਦੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦੀ ਹੈ। ਇਸੇ ਕਰ ਕੇ ਕਿਹਾ ਜਾਂਦਾ ਹੈ ਕਿ ਭਾਸ਼ਾ ਮਨੁੱਖ ਦੀ ਹੋਂਦ, ਉਹਦੀ ਪਛਾਣ ਹੈ। ਆਪਣੇ ਦੁੱਖਾਂ, ਸੁੱਖਾਂ, ਹਾਸਿਆਂ, ਰੋਣਿਆਂ, ਸੁਪਨਿਆਂ ਨੂੰ ਉਹਦੀ ਭਾਸ਼ਾ ਜ਼ਬਾਨ ਦਿੰਦੀ ਹੈ। ਭਾਵੇਂ ਕੋਈ ਕਿੰਨੀਆਂ ਵੀ ਭਾਸ਼ਾਵਾਂ ਸਿੱਖ ਲਵੇ, ਉਨ੍ਹਾਂ ਵਿਚ ਮੁਹਾਰਤ ਹਾਸਲ ਕਰ ਲਵੇ ਪਰ ਮਾਤ-ਭਾਸ਼ਾ ਸੁੱਤੇ ਸਿੱਧ ਉਹਦੇ ਵਿਹਾਰ ਨੂੰ ਪ੍ਰਗਟਾ ਦਿੰਦੀ ਹੈ।
ਜਿਵੇਂ ਇਕ ਕਹਾਣੀ ਪ੍ਰਚੱਲਿਤ ਹੈ- ਇਕ ਵਾਰ ਅਕਬਰ ਬਾਦਸ਼ਾਹ ਦੇ ਦਰਬਾਰ ਵਿਚ ਇਕ ਬੰਦਾ ਆਇਆ। ਉਹ ਮਾਤ-ਭਾਸ਼ਾ ਵਾਂਗ ਕਈ ਬੋਲੀਆਂ ਬੜੀ ਮੁਹਾਰਤ ਨਾਲ ਬੋਲ ਲੈਂਦਾ ਸੀ। ਉਹਨੇ ਬੜੀ ਮੁਹਾਰਤ ਨਾਲ ਬਾਦਸ਼ਾਹ ਨੂੰ ਕਈ ਭਾਸ਼ਾਵਾਂ ਬੋਲ ਕੇ ਸੁਣਾਈਆਂ। ਉਹ ਹਰ ਰੋਜ਼ ਇਕ ਭਾਸ਼ਾ ਵਿਚ ਕੋਈ ਨਵੀਂ ਗੱਲ ਸੁਆਦਲੇ ਤਰੀਕੇ ਨਾਲ ਬਾਦਸ਼ਾਹ ਨੂੰ ਸੁਣਾ ਦਿੰਦਾ। ਬਾਦਸ਼ਾਹ ਖੁਸ਼ ਹੋ ਜਾਂਦਾ। ਕੁਝ ਦਿਨ ਇਹ ਸਿਲਸਿਲਾ ਨਿਰਵਿਘਨ ਚਲਦਾ ਰਿਹਾ ਪਰ ਇਕ ਦਿਨ ਬਾਦਸ਼ਾਹ ਦੇ ਮਨ ਵਿਚ ਸੁਆਲ ਪੈਦਾ ਹੋਇਆ ਕਿ ਇਹਦੀ ਮਾਤ-ਭਾਸ਼ਾ ਕਿਹੜੀ ਹੈ। ਉਹਨੇ ਬੀਰਬਲ ਨੂੰ ਪੁੱਛਿਆ ਤਾਂ ਉਹ ਅੱਗੋਂ ਕਹਿਣ ਲੱਗਾ ਕਿ ਮੈਂ ਇਹਦਾ ਪਤਾ ਲਾਉਣ ਦੀ ਕੋਸ਼ਿਸ਼ ਕਰਦਾ ਹਾਂ। ਰਾਤ ਨੂੰ ਜਦੋਂ ਉਹ ਅਜਨਬੀ ਸੌਂ ਗਿਆ ਤਾਂ ਬੀਰਬਲ ਨੇ ਪਾਣੀ ਦੀ ਭਰੀ ਬਾਲਟੀ ਸੁੱਤੇ ਪਏ ‘ਤੇ ਪਲਟ ਦਿੱਤੀ। ਫਿਰ ਉਹ ਅੱਗ ਬਗੂਲਾ ਹੋ ਕੇ ਜਿਸ ਭਾਸ਼ਾ ਵਿਚ ਬੋਲਣ ਅਤੇ ਗਾਲ੍ਹਾਂ ਕੱਢਣ ਲੱਗਾ, ਉਹ ਉਹਦੀ ਮਾਤ-ਭਾਸ਼ਾ ਸੀ।
ਬੇਸ਼ੱਕ ਅੱਜ ਇਕ ਭਾਸ਼ਾ ਨਾਲ ਗੁਜ਼ਾਰਾ ਨਹੀਂ ਹੋ ਸਕਦਾ ਤੇ ਬਹੁ-ਭਾਸ਼ੀ ਹੋਣਾ ਸਮੇਂ ਦੀ ਲੋੜ ਹੈ ਪਰ ਦੂਸਰੀ ਭਾਸ਼ਾ ਵਿਚ ਵੀ ਤਾਂ ਹੀ ਸਮਰੱਥ ਹੋਇਆ ਜਾ ਸਕਦਾ ਹੈ ਜੇ ਆਪਣੀ ਭਾਸ਼ਾ ਵਿਚ ਮੁਹਾਰਤ ਹਾਸਲ ਹੋਵੇ।
ਇਸ ਪ੍ਰਸੰਗ ਵਿਚ ਜੇ ਭਾਰਤ ਦੀਆਂ ਖੇਤਰੀ ਮਾਤ-ਭਾਸ਼ਾਵਾਂ ਦੀ ਸਥਿਤੀ ਦੇਖੀਏ ਤਾਂ ਬੜੀ ਪੇਚੀਦਾ ਨਜ਼ਰ ਆਉਂਦੀ ਹੈ। ਭਾਰਤ ਆਪਣੇ ਆਪ ਵਿਚ ਵੱਡੇ ਭੂਗੋਲਿਕ ਘੇਰੇ ਵਾਲਾ ਬਹੁ-ਭਾਸ਼ੀ, ਬਹੁ-ਸੱਭਿਆਚਾਰਕ, ਬਹੁ-ਨਸਲੀ ਤੇ ਬਹੁ-ਧਰਮੀ ਦੇਸ਼ ਹੈ। ਇਸ ਦੇ ਨਾਲ ਹੀ ਇਹ ਬਹੁ-ਕੌਮੀ, ਬਹੁ-ਜਾਤੀ ਤੇ ਬਹੁ-ਵਿਸ਼ਵਾਸੀ ਦੇਸ਼ ਵੀ ਹੈ। ਇਥੇ ਭਾਸ਼ਾਈ ਝਗੜੇ ਕਈ ਵਾਰ ਖੂਨੀ ਝੜਪਾਂ ਵਿਚ ਵੀ ਬਦਲ ਚੁੱਕੇ ਹਨ ਤੇ ਦੇਸ਼ ਵੰਡ ਦਾ ਇਕ ਆਧਾਰ ਭਾਸ਼ਾਈ ਵਿਭਿੰਨਤਾ ਵੀ ਸੀ।
ਸੰਵਿਧਾਨਕ ਤੌਰ ਉੱਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੱਖ-ਵੱਖ ਪ੍ਰਦੇਸ਼ਾਂ ਤੇ ਰਿਆਸਤਾਂ ਦਾ ਪੁਨਰਗਠਨ ਭਾਸ਼ਾਵਾਂ ਦੇ ਆਧਾਰ ਉੱਤੇ ਕੀਤਾ ਗਿਆ। ਬਸਤੀਵਾਦੀ ਦੌਰ ਵਿਚ ਅੰਗਰੇਜ਼ਾਂ ਨੇ ਲੋਕਾਂ ਵਿਚਲੀ ਨਸਲੀ ਵਿਭਿੰਨਤਾ ਨੂੰ ਭਾਸ਼ਾ ਤੇ ਧਰਮ ਦੀ ਆੜ ਵਿਚ ਵੰਡ ਕੇ ਕਈ ਬਖੇੜੇ ਖੜ੍ਹੇ ਕਰ ਦਿੱਤੇ। ਅੰਗਰੇਜ਼ਾਂ ਦੀ ਆਮਦ ਤੋਂ ਪਹਿਲਾਂ ਭਾਸ਼ਾਈ ਝਗੜੇ ਨਜ਼ਰ ਨਹੀਂ ਆਉਂਦੇ, ਉਲਟਾ ਭਾਸ਼ਾਵਾਂ ਵਿਚ ਆਪਸੀ ਲੈਣ-ਦੇਣ ਪੱਖੋਂ ਉਦਾਰਤਾ ਨਜ਼ਰ ਆਉਂਦੀ ਸੀ। ਬਿਨਾ ਕਿਸੇ ਰੋਕ-ਟੋਕ ਤੇ ਵੈਰ-ਵਿਰੋਧ ਦੇ ਭਾਸ਼ਾਵਾਂ ਵਿਚ ਲੈਣ-ਦੇਣ ਹੁੰਦਾ ਰਿਹਾ ਪਰ ਬਸਤੀਵਾਦੀ ਦੌਰ ਵਿਚ ਅੰਗਰੇਜ਼ੀ ਦੀ ਸੁਪਰਮੇਸੀ ਅਥਵਾ ਏਕਾਧਿਕਾਰ ਸਥਾਪਤ ਕਰਨ ਲਈ ਇਸ ਨੂੰ ਭਾਰਤੀ ਭਾਸ਼ਾਵਾਂ ‘ਤੇ ਠੋਸਿਆ ਗਿਆ। ਅੰਗਰੇਜ਼ਾਂ ਨੇ ਸੁਚੇਤ ਰੂਪ ਵਿਚ ਭਾਰਤ ਵਿਚ ਜਿਹੜੀ ਭਾਸ਼ਾ ਨੀਤੀ ਘੜੀ, ਉਸ ਨਾਲ ਆਪਣੇ ਬਸਤੀਵਾਦੀ ਸਾਮਰਾਜ ਦੇ ਢਾਂਚੇ ਨੂੰ ਏਕੀਕ੍ਰਿਤ ਕੀਤਾ ਤੇ ਨਾਲ ਹੀ ਭਾਰਤੀ ਸਮਾਜ ਦੇ ਅੰਦਰੂਨੀ ਢਾਂਚੇ ਨੂੰ ਖੇਰੂੰ-ਖੇਰੂੰ ਕਰ ਕੇ ਭਾਸ਼ਾਈ ਤੌਰ ਉੱਤੇ ਤ੍ਰੇੜ ਦਿੱਤਾ। ਭਾਸ਼ਾਈ ਤੌਰ ਉੱਤੇ ਇਹ ਖ਼ਤਰਨਾਕ ਖੇਡ ਸੀ ਜਿਸ ਦਾ ਸਿੱਟਾ ਅੱਗੇ ਜਾ ਕੇ ਦੇਸ਼ ਦੀ ਵੰਡ ਵਿਚ ਨਿਕਲਿਆ। ਇਸ ਤੋਂ ਪਹਿਲਾਂ ਆਏ ਵਿਦੇਸ਼ੀ ਧਾੜਵੀਆਂ ਨੇ ਅਜਿਹਾ ਕੁਝ ਨਹੀਂ ਸੀ ਕੀਤਾ ਜਿਸ ਨਾਲ ਭਾਸ਼ਾਵਾਂ ਤੇ ਦੇਸ਼ ਨੂੰ ਨੁਕਸਾਨ ਹੋਵੇ। ਅੰਗਰੇਜ਼ਾਂ ਦੇ ਉਲਟ ਬਹੁਤੇ ਜੇਤੂਆਂ ਨੇ ਆਪਣੇ-ਆਪ ਨੂੰ ਭਾਰਤੀ ਸਮਾਜ ਵਿਚ ਆਤਮਸਾਤ ਕਰ ਲਿਆ ਜਦਕਿ ਅੰਗਰੇਜ਼ਾਂ ਨੇ ਆਪਣੀ ਹਓਂ ਆਸਰੇ ਦੇਸ਼ ਦੀ ਵਿਭਿੰਨਤਾ ਨੂੰ ਵੈਰ-ਵਿਰੋਧ ਵਾਲੇ ਚੱਕਰਵਿਊ ਵਿਚ ਪਾ ਦਿੱਤਾ। ਆਜ਼ਾਦੀ ਤੋਂ ਪਹਿਲਾਂ ਤੱਕ ਇਹ ਭਾਸ਼ਾਵਾਂ ਅਲਪ ਰੂਪ ਵਿਚ ਸਿਰਫ਼ ਸੰਚਾਰ ਤੇ ਸਕੂਲੀ ਸਿੱਖਿਆ ਦਾ ਮਾਧਿਅਮ ਬਣੀਆਂ ਰਹੀਆਂ। ਆਜ਼ਾਦੀ ਤੋਂ ਬਾਅਦ ਪ੍ਰਦੇਸ਼ਾਂ ਤੇ ਰਿਆਸਤਾਂ ਦਾ ਪੁਨਰਗਠਨ ਭਾਸ਼ਾਵਾਂ ਦੇ ਆਧਾਰ ਉੱਤੇ ਕਰਕੇ ਇਨ੍ਹਾਂ ਨੂੰ ਸੰਵਿਧਾਨਕ ਤੌਰ ‘ਤੇ ਤਾਂ ਪੁਖਤਾ ਕਰਨ ਦਾ ਵਚਨ ਦਿੱਤਾ ਗਿਆ ਪਰ ਵਿਹਾਰਕ ਰੂਪ ਵਿਚ ਇਨ੍ਹਾਂ ਦੀ ਦੁਰਦਸ਼ਾ ਹੀ ਹੁੰਦੀ ਰਹੀ।
ਮਾਤ-ਭਾਸ਼ਾ ਬੋਲਣ ਵਾਲਿਆਂ ਨੂੰ ਆਪਣਾ ਭਾਸ਼ਾਈ ਅਧਿਕਾਰ ਲੈਣ ਲਈ ਅਨੇਕਾਂ ਸੰਘਰਸ਼ ਕਰਨੇ ਪਏ ਜੋ ਅੱਜ ਵੀ ਬਰਕਰਾਰ ਹਨ। ਮਿਸਾਲ ਦੇ ਤੌਰ ‘ਤੇ ਰਾਜਸਥਾਨੀਆਂ ‘ਤੇ ਸਰਕਾਰੀ ਭਾਸ਼ਾ ਹਿੰਦੀ ਥੋਪੀ ਗਈ ਹੈ ਜਦਕਿ ਇਹ ਰਾਜਸਥਾਨ ਦੇ ਕਿਸੇ ਵੀ ਇਲਾਕੇ ਵਿਚ ਨਹੀਂ ਬੋਲੀ ਜਾਂਦੀ। ਰਾਜਸਥਾਨ ਦੀਆਂ ਆਪਣੀਆਂ ਮਾਤ-ਭਾਸ਼ਾਵਾਂ ਮਾਰਵਾੜੀ, ਪੁਧਰੀ, ਹੜੌਤੀ, ਮਾਲਵੀ, ਮਵਾੜੀ, ਧੁੰਧਾਰੀ, ਬਾਗੜੀ, ਮੇਵਾਤੀ ਆਦਿ ਨੂੰ ਸਿੱਖਿਆ, ਸੰਚਾਰ, ਪ੍ਰਸ਼ਾਸਨ ਵਿਚ ਕੋਈ ਸਥਾਨ ਨਹੀਂ ਦਿੱਤਾ ਗਿਆ। ਰਾਜਸਥਾਨ ਦੇ ਲੋਕ ਇਹਦੀ ਮੰਗ ਕਰ ਰਹੇ ਹਨ, ਅੰਦੋਲਨ ਕਰ ਰਹੇ ਹਨ ਪਰ ਸਰਕਾਰ ਦਾ ਹਠੀ ਰਵੱਈਆ ਲੋਕਾਂ ਦੀ ਮਾਤ-ਭਾਸ਼ਾ ਦੇ ਅਧਿਕਾਰ ਨੂੰ ਮਸਲ ਰਿਹਾ ਹੈ।
ਇਹੀ ਹਾਲ ਹਰਿਆਣੇ ਦਾ ਹੈ। ਹਰਿਆਣੇ ਦੀ ਸਰਕਾਰੀ ਮਾਨਤਾ ਪ੍ਰਾਪਤ ਭਾਸ਼ਾ ਹਿੰਦੀ ਹੈ ਜਦਕਿ ਇਹ ਉਥੇ ਕਿਤੇ ਵੀ ਬੋਲੀ ਨਹੀਂ ਜਾਂਦੀ। 1966 ਤੋਂ ਪਹਿਲਾਂ ਹਰਿਆਣਾ ਪੰਜਾਬ ਦਾ ਹਿੱਸਾ ਸੀ ਤੇ ਉਥੇ ਪੰਜਾਬੀ ਤੇ ਸਥਾਨਕ ਮਾਤ-ਭਾਸ਼ਾਵਾਂ ਬੋਲੀਆਂ ਜਾਂਦੀਆਂ ਸਨ ਜਿਨ੍ਹਾਂ ਵਿਚ ਬਾਂਗਰੂ, ਬਾਗੜੀ, ਦੇਸ਼ਵਾਲੀ, ਜੱਟੂ, ਅਹੀਰਵਟੂ, ਮੇਵਾਤੀ, ਪੁਆਧੀ ਆਦਿ ਬੋਲੀਆਂ ਸ਼ਾਮਿਲ ਸਨ। ਅੱਜ ਵੀ ਸਥਾਨਕ ਵਾਸੀਆਂ ਦੀਆਂ ਇਹ ਮਾਤ-ਭਾਸ਼ਾਵਾਂ ਹਨ ਪਰ ਸਿੱਖਿਆ, ਸੰਚਾਰ, ਪ੍ਰਸ਼ਾਸਨ, ਨਿਆਂ, ਕਾਨੂੰਨ ਵਿਚ ਇਨ੍ਹਾਂ ਸਭ ‘ਤੇ ਹਿੰਦੀ ਠੋਸ ਦਿੱਤੀ ਗਈ ਹੈ। ਇਹ ਅਸਲ ਵਿਚ ਸੌੜੀ ਰਾਜਨੀਤੀ ਦਾ ਸਿੱਟਾ ਹੈ ਜੋ ਮਾਤ-ਭਾਸ਼ਾ ਦੀ ਅਹਿਮੀਅਤ ਪੱਖੋਂ ਨਹੀਂ ਸਗੋਂ ਵੋਟ ਬੈਂਕ ਖਾਤਰ ਲਿਆ ਗਿਆ ਫੈਸਲਾ ਹੈ। ਹਿਮਾਚਲ ਦੀ ਸਥਿਤੀ ਵੀ ਇਹੋ ਜਿਹੀ ਹੈ। ਹਰਿਆਣੇ ਵਾਂਗ 1966 ਤੋਂ ਪਹਿਲਾਂ ਇਹ ਵੀ ਪੰਜਾਬ ਦਾ ਹਿੱਸਾ ਸੀ। ਏਥੇ ਸਿਰਮੌਰੀ, ਮਹਾਸੁਵੀ, ਬਘਾਟੀ, ਕਹਿਲੂਰੀ, ਮੰਡਿਆਲੀ, ਕਾਂਗੜੀ, ਕਿੰਨੌਰੀ, ਚੰਬਿਆਲੀ ਆਦਿ ਮਾਤ-ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪਰ ਸਿੱਖਿਆ, ਸੰਚਾਰ, ਨਿਆਂ, ਪ੍ਰਸ਼ਾਸਨ, ਕਾਨੂੰਨ ਆਦਿ ਵਿਚ ਕਿਤੇ ਵੀ ਇਨ੍ਹਾਂ ਦੀ ਵਰਤੋਂ ਨਹੀਂ ਹੁੰਦੀ। ਇਨ੍ਹਾਂ ਦੀ ਨੇੜਤਾ ਪੰਜਾਬੀ ਨਾਲ ਹੈ। ਹੁਣੇ ਜਿਹੇ ਪੰਜਾਬੀ ਯੂਨੀਵਰਸਿਟੀ ਦੇ ਇਕ ਖੋਜਾਰਥੀ ਨੇ ਸਿਰਮੌਰੀ ਦਾ ਸਰਵੇਖਣ ਕਰਕੇ ਇਹ ਸਿੱਟਾ ਕੱਢਿਆ ਹੈ ਕਿ ਇਸ ਵਿਚ ਬਹੁਤ ਵੱਡੀ ਗਿਣਤੀ ਵਿਚ ਪੰਜਾਬੀ ਸ਼ਬਦ ਹਨ ਜੋ ਖੁਰਦੇ ਜਾ ਰਹੇ ਹਨ। ਇਥੇ ਵੀ ਹਿੰਦੀ ਬੋਲਣ ਵਾਲਾ ਕੋਈ ਖੇਤਰ ਨਹੀਂ ਪਰ ਰਾਜ ਭਾਸ਼ਾ ਹਿੰਦੀ ਬਣਾ ਦਿੱਤੀ ਗਈ ਹੈ।
ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਵੀ ਪਹਿਲਾਂ ਡੋਗਰ ਅਥਵਾ ਜੰਮੂ ਦਾ ਇਲਾਕਾ ਪੰਜਾਬ ਨਾਲ ਜੁੜਵਾਂ ਰਿਹਾ ਹੈ। ਇਥੇ ਬੋਲੀ ਜਾਣ ਵਾਲੀ ਮਾਤ-ਭਾਸ਼ਾ ਡੋਗਰੀ ਨੂੰ ਜੋ ਪੰਜਾਬੀ ਦੀ ਉਪਬੋਲੀ ਸੀ, ਹਿੰਦੀ ਨਾਲ ਜੋੜ ਦਿੱਤਾ ਗਿਆ। 1931 ਦੀ ਮਰਦਮਸ਼ੁਮਾਰੀ ਰਿਪੋਰਟ ਦੀ ਜਿਲਦ 24 ਭਾਗ ਪਹਿਲਾ ਦੇ ਪੰਨਾ 282 ‘ਤੇ ਦਰਜ ਹੈ ਕਿ ਜੰਮੂ ਤੇ ਇਹਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਬੋਲੀ ਜਾਣ ਵਾਲੀ ਭਾਸ਼ਾ ਜੋ ਕਿ ਡੋਗਰੀ ਹੈ, ਪੰਜਾਬੀ ਦੀ ਉਪ-ਬੋਲੀ ਹੈ। ਡੋਗਰ ਅਥਵਾ ਡੁੱਗਰ ਸ਼ਬਦ 12ਵੀਂ ਸਦੀ ਵਿਚ ਰਚੇ ਬਾਬਾ ਫ਼ਰੀਦ ਦੇ ਸਲੋਕਾਂ ਵਿਚ ਮਿਲਦਾ ਹੈ। ਰਾਜਨੀਤਕ ਕੁਚਾਲਾਂ ਕਰਕੇ ਹੀ ਡੋਗਰੀ ਨੂੰ ਪਹਿਲਾਂ ਪੰਜਾਬੀ ਤੋਂ ਤੋੜਿਆ, ਫਿਰ ਇਸ ਨੂੰ ਮੁਕੰਮਲ ਭਾਸ਼ਾ ਵਜੋਂ ਮਾਨਤਾ ਦੇ ਦਿੱਤੀ ਗਈ ਤੇ ਇਹਦੇ ‘ਤੇ ਦੇਵਨਾਗਰੀ ਲਿਪੀ ਥੋਪ ਦਿੱਤੀ ਗਈ। ਬਿਹਾਰ ਵਿਚ ਸਥਿਤੀ ਹੋਰ ਵੀ ਅਜੀਬੋ ਗ਼ਰੀਬ ਹੈ। ਭਾਗਲਪੁਰ ਜ਼ਿਲ੍ਹੇ ਦੇ 1288 ਲੋਕਾਂ ਨੇ ਆਪਣੀ ਮਾਤ-ਭਾਸ਼ਾ ਭਾਗਲਪੁਰੀ ਦੱਸੀ, ਮੋਂਘਰ ਦੇ ਨਾਂ ‘ਤੇ 31 ਆਦਮੀਆਂ ਨੇ ਆਪਣੀ ਮਾਤ-ਭਾਸ਼ਾ ਮੋਂਘਰੀਆ ਦੱਸੀ, ਮੁਜ਼ੱਫਰਪੁਰ ਜ਼ਿਲ੍ਹੇ ਦੇ 25 ਲੋਕਾਂ ਨੇ ਮੁਜ਼ੱਫਰਪੁਰੀ ਨੂੰ ਤੇ ਤਾਮਾਰ ਜ਼ਿਲ੍ਹੇ ਦੇ 5045 ਲੋਕਾਂ ਨੇ ਆਪਣੀ ਮਾਤ-ਭਾਸ਼ਾ ਤਮਾਰੀਆ ਲਿਖਵਾਈ। ਹੋਰ ਵੱਖ-ਵੱਖ ਜ਼ਿਲ੍ਹਿਆਂ ਵਿਚ ਲੋਕਾਂ ਨੇ ਬਿਹਾਰੀ ਤੇ ਸਥਾਨਕ ਭਾਸ਼ਾਵਾਂ ਆਪਣੀਆਂ ਮਾਂ-ਬੋਲੀਆਂ