ਸਾਮਰਾਜੀ ਦੌਰ ਵਿਚ ਗੁਰਮਤਿ ਤੇ ਮਾਰਕਸਵਾਦ ਦੀ ਪ੍ਰਸੰਗਿਕਤਾ

ਗੁਰਬਚਨ ਸਿੰਘ
ਸ. ਹਰਚਰਨ ਸਿੰਘ ਪਰਹਾਰ ਲਿਖਦੇ ਹਨ, ‘1984 ਤੋਂ ਵੀ ਪਹਿਲਾਂ ਅੱਧੀ ਸਦੀ ਤੋਂ ਕਾਮਰੇਡ ਧਿਰਾਂ ਦੀ ਲੋਕ-ਹਿੱਤਾਂ ਲਈ ਸੰਘਰਸ਼ਾਂ ਦੀ ਆਪਣੀ ਵਿਰਾਸਤ ਸੀ, ਸਮਝ ਸੀ, ਵਿਚਾਰਧਾਰਾ ਸੀ। ਉਹ ਆਪਣੀ ਵਿਚਾਰਧਾਰਾ ਅਨੁਸਾਰ ਵੱਖ-ਵੱਖ ਢੰਗਾਂ ਨਾਲ ਲਗਾਤਾਰ ਸੰਘਰਸ਼ ਕਰ ਰਹੇ ਸਨ। ਉਹ ਆਪਣੇ ਇਸ ਜਮਾਤੀ ਵਿਰਸੇ ਨੂੰ ਛੱਡ ਕੇ ਅਕਾਲੀਆਂ ਦੇ ‘ਤਬਕਾਤੀ ਮੰਗਾਂ’ ਦੇ ਧਾਰਮਿਕ ਰੰਗ ਵਾਲੇ ਮੋਰਚੇ ਵਿਚ ਕਿੰਝ ਆ ਜਾਂਦੇ? ਕੀ ਅਜਿਹਾ ਸਵਾਲ ਗੁਰਬਚਨ ਸਿੰਘ ਵਰਗੇ ਸਿੱਖ ਚਿੰਤਕਾਂ ਨੂੰ ਨਹੀਂ ਪੁੱਛਿਆ ਜਾਣਾ ਚਾਹੀਦਾ? ਕੀ ਅਜਿਹੇ ਸਵਾਲਾਂ ਨੂੰ ਸੰਬੋਧਨ ਹੋਣਾ ਹਰ ਉਸ ਪੰਜਾਬੀ ਦਾ ਨੈਤਿਕ ਫਰਜ਼ ਨਹੀਂ ਬਣਦਾ ਜੋ ਪੰਜਾਬ ਲਈ ਫਿਕਰਮੰਦ ਹੈ; ਖਾਸਕਰ ਜਿਨ੍ਹਾਂ ਨੇ `84 ਦਾ ਸੰਤਾਪ ਹੰਢਾਇਆ ਸੀ, ਭਾਵੇਂ ਉਹ ਕਿਸੇ ਵੀ ਧਰਮ, ਜਾਤ, ਫਿ਼ਰਕੇ ਨਾਲ ਸਬੰਧਤ ਹੋਵੇ? ਕਹਿਣ ਨੂੰ ਇਹ ਮੋਰਚਾ ਸ਼ਾਂਤਮਈ ਸੀ ਪਰ ਕੀ ਸ਼ਾਂਤਮਈ ਲੜਾਈਆਂ ਇਸ ਤਰ੍ਹਾਂ ਲੜੀਆਂ ਜਾਂਦੀਆਂ ਹਨ?’

ਸ. ਹਰਚਰਨ ਸਿੰਘ ਪਰਹਾਰ ਦਾ ਇਹ ਸੁਆਲ ਅਹਿਮ ਤੇ ਵਾਜਿਬ ਹੈ। ਪਰ ਇਸ ਸੁਆਲ ਦਾ ਜੁਆਬ ਪੰਜਾਬ (ਸਿੱਖ ਲਹਿਰ), ਬਰਤਾਨਵੀ ਸਾਮਰਾਜ ਅਤੇ ਆਲਮੀ ਕਮਿਊਨਿਸਟ ਲਹਿਰ ਦੇ ਇਤਿਹਾਸਕ ਪਿਛੋਕੜ ਵਿਚੋਂ ਲੱਭਿਆ ਜਾ ਸਕਦਾ ਹੈ।
ਕਮਿਊਨਿਸਟ ਲਹਿਰ ਦੀ ਸਿਧਾਂਤ ਤੇ ਅਮਲ ਦੇ ਖੇਤਰ ਵਿਚ ਕੀਤੀ ਗਈ ਹੁਣ ਤਕ ਦੀ ਪੜਚੋਲ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮਾਰਕਸ ਦੀ ਤਰਕ-ਵਿਧੀ ਅਤੇ ਉਸਦੇ ਕਮਿਊਨਿਸਟ ਸੰਕਲਪਾਂ ਨੂੰ ਗਹਿਰਾਈ ਨਾਲ ਸਮਝਿਆ ਹੀ ਨਹੀਂ ਗਿਆ। ਕਮਿਊਨਿਸਟ ਲਹਿਰ ਦਾ ਇਤਿਹਾਸ ਦੱਸਦਾ ਹੈ ਕਿ ਮਾਰਕਸ ਦੇ ਬਹੁਤੇ ਪੈਰੋਕਾਰਾਂ ਨੇ ਉਸ ਨੂੰ ਅਧੂਰੇ ਅਤੇ ਮਸ਼ੀਨੀ ਢੰਗ ਨਾਲ ਸਮਝਿਆ। ਸਿੱਟੇ ਵਜੋਂ ਉਹ ਕੁਰਾਹੇ ਪੈ ਕੇ ਬੜੇ ਖਤਰਨਾਕ ਉਲਟ ਇਨਕਲਾਬੀ ਵਿਚਾਰਧਾਰਕ ਸਿੱਟਿਆਂ ਅਤੇ ਅਮਲ ਵੱਲ ਉਲਰ ਗਏ। ਇਸੇ ਉਲਾਰਪੁਣੇ ਦਾ ਸਿੱਟਾ ਰੂਸ ਅਤੇ ਪੱਛਮੀ ਸਾਮਰਾਜ ਵਿਚਕਾਰ ਯੂਕਰੇਨ ਅੰਦਰ ਲੜੀ ਜਾ ਰਹੀ ਜੰਗ ਹੈ।
ਮਾਰਕਸ ਨੂੰ ਇਸ ਗੱਲ ਦਾ ਪਹਿਲਾਂ ਹੀ ਖਦਸ਼ਾ ਸੀ, ‘‘ਅਸੀਂ ਪੂਰੀ ਦ੍ਰਿੜ੍ਹਤਾ ਨਾਲ ਇਸ ਗੱਲ ਦੇ ਕਾਇਲ ਹਾਂ ਕਿ (ਕਮਿਊਨਿਸਟ ਲਹਿਰ ਨੂੰ) ਅਸਲੀ ਖਤਰਾ ਅਮਲੀ ਯਤਨਾਂ ਤੋਂ ਨਹੀਂ ਸਗੋਂ ਕਮਿਊਨਿਸਟ ਸੰਕਲਪਾਂ ਨੂੰ ਸਿਧਾਂਤਕ ਤੌਰ ਉਤੇ ਲਾਗੂ ਕਰਨ ਦਾ ਹੈ। ਕਿਉਂਕਿ ਅਮਲੀ ਯਤਨ, ਇੱਥੋਂ ਤਕ ਕਿ ਵਸੀਹ ਲੋਕ ਯਤਨ ਵੀ ਜਦੋਂ ਖਤਰਨਾਕ ਬਣਦੇ ਹਨ, ਤਾਂ ਉਨ੍ਹਾਂ ਦਾ ਜੁਆਬ ਤੋਪਾਂ ਨਾਲ ਦਿੱਤਾ ਜਾ ਸਕਦਾ ਹੈ, ਪਰ ਜਿਹੜੇ ਸੰਕਲਪ ਸਾਡੀ ਬੌਧਿਕਤਾ ਨੂੰ ਜਿਤ ਲੈਣ ਅਤੇ ਸਾਡੇ ਦ੍ਰਿਸ਼ਟੀਕੋਣ ਨੂੰ ਕਾਬੂ ਕਰ ਲੈਣ, ਜਿਨ੍ਹਾਂ ਦਾ ਤਰਕ ਸਾਡੀ ਅੰਤਰ-ਆਤਮਾ (ਚੇਤੰਨ ਸੋਚ) ਨੂੰ ਜਕੜ ਲਵੇ, ਇਹੋ ਜਿਹੀਆਂ ਬੇੜੀਆਂ ਹਨ, ਜਿਹੜੀਆਂ ਟੁੱਟੇ ਹੋਏ ਦਿਲ ਤੋਂ ਬਿਨਾਂ ਆਪਣੇ-ਆਪ ਖਹਿੜਾ ਨਹੀਂ ਛੱਡਦੀਆਂ। ਇਹ ਸੰਕਲਪ ਇਹੋ ਜਿਹੇ ਦੈਂਤ ਹਨ, ਜਿਨ੍ਹਾਂ ਤੋਂ ਮਨੁੱਖ ਉਨ੍ਹਾਂ ਸਾਹਮਣੇ ਸਿਰਫ ਹਥਿਆਰ ਸੁੱਟ ਕੇ ਹੀ ਆਪਣਾ ਖਹਿੜਾ ਛੁਡਾ ਸਕਦਾ ਹੈ।’’ (ਮਾਰਕਸ, ਸਮੂਹਿਕ ਲਿਖਤਾਂ, ਜਿਲਦ 1, ਸਫਾ 220-21)
ਪਹਿਲੀ ਸੰਸਾਰ ਜੰਗ ਵਿਚ ਕਮਿਊਨਿਸਟ ਲਹਿਰ ਤੋਂ ਭਗੌੜੇ ਹੋਏ ਕੌਟਸਕੀ ਦੇ ਚੇਲੇ ਬਾਲਕਿਆਂ ਨੇ ਇਕ ਅਸਲੋਂ ਹੀ ਗਲਤ ਧਾਰਨਾ ਕਮਿਊਨਿਸਟਾਂ ਦੀ ਚੇਤਨਾ ਵਿਚ ਵਸਾ ਦਿੱਤੀ ਕਿ ਜਾਗੀਰਦਾਰੀ ਤੋਂ ਬਾਅਦ ਪੂੰਜੀਵਾਦ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਪੂੰਜੀਵਾਦ ਨੇ ਆਪਣੇ ਉਚਤਮ ਪੜਾਅ ਸਾਮਰਾਜ ਵਿਚ ਵਿਕਸਿਤ ਹੋ ਕੇ ਹੀ ਸਮਾਜਵਾਦੀ ਸਮਾਜ ਲਈ ਹਾਲਤਾਂ ਪੈਦਾ ਕਰਨੀਆ ਹਨ। ਇਸ ਲਈ ਪਛੜੇ ਮੁਲਕਾਂ ਵਿਚ ਜਾਗੀਰਦਾਰੀ ਤੋਂ ਬਾਅਦ ਪੂੰਜੀਵਾਦੀ ਪੈਦਾਵਾਰੀ ਤਾਕਤਾਂ ਦਾ ਵਿਕਾਸ ਕਰਨਾ ਕਮਿਊਨਿਸਟਾਂ ਦਾ ਮੁੱਖ ਕੰਮ ਹੈ। ਇਸ ਗਲਤ ਧਾਰਨਾ ਨੇ ਕਮਿਊਨਿਸਟਾਂ ਨੂੰ ਪੂੰਜੀਵਾਦ ਤੇ ਅਜੋਕੇੇ ਯੁੱਗ ਵਿਚ ਇਸ ਦੇ ਵਿਰਾਟ ਰੂਪ ਸਾਮਰਾਜੀ ਮਾਲੀ ਪੂੰਜੀ ਦੇ ਪ੍ਰਸੰ਼ਸਕ ਤੇ ਭੁੱਖੇ ਬਣਾ ਦਿੱਤਾ। ਉਹ ਸਾਮਰਾਜੀ ਰਾਜਪ੍ਰਬੰਧ ਤੇ ਸਾਮਰਾਜੀ ਖਪਤਕਾਰੀ ਤਰਜੇ ਜਿੰ਼ਦਗੀ ਦੇ ਪੈਰੋਕਾਰ ਬਣ ਗਏ। ਉਨ੍ਹਾਂ ਦੀ ਚੇਤਨਾ ਵਿਚ ਇਹ ਧਾਰਨਾ ਵਸੀ ਹੋਈ ਹੈ ਕਿ ਹੋਰ ਵਧੇਰੇ ਪੂੰਜੀਵਾਦੀ ਵਿਕਾਸ ਤੋਂ ਬਿਨਾਂ ਸਾਰੇ ਲੋਕਾਂ ਦੀਆਂ ਪਦਾਰਥਕ ਲੋੜਾਂ ਪੂਰੀਆਂ ਨਹੀਂ ਹੋ ਸਕਦੀਆਂ। ਏਸੇ ਹੀ ਗਲਤ ਧਾਰਨਾ ਨੇ ਨੇਪਾਲ ਦੀ ਮਾਓਵਾਦੀ ਕਮਿਊਨਿਸਟ ਪਾਰਟੀ ਨੂੰ ਹੁਣ ਦੀ ਤਰਸਯੋਗ ਹਾਲਤ ਵਿਚ ਪੁਚਾਇਆ ਹੈ।
ਆਪਣੀ ਸਾਰੀ ਉਮਰ ਮਾਰਕਸ ਤੇ ਏਂਗਲਜ ਬਾਹਰਮੁਖੀ ਹਾਲਤਾਂ ਦੀ ਉਪਜ ਕਿਰਤੀ ਜਮਾਤ ਦੇ ਸੰਘਰਸ਼ਾਂ ਨਾਲ ਕਮਿਊਨਿਸਟ ਚੇਤਨਾ ਦਾ ਸੁਮੇਲ ਕਰਨ ਦੇ ਨਿਰੰਤਰ ਯਤਨ ਕਰਦੇ ਰਹੇ। ਪਰ ਜਦੋਂ ਰੂਸੀ ਕਮਿਊਨਿਸਟਾਂ ਦੇ ਹੱਥ ਹਕੂਮਤ ਆਈ ਤਾਂ ਇਹ ਕਾਰਜ ਵਿਸਰ ਗਿਆ। ਇੱਥੋਂ ਹੀ ਪੂੰਜੀਵਾਦੀ ਆਪ-ਮੁਹਾਰਿਤਾ ਅਤੇ ਸੁਚੇਤ ਕਮਿਊਨਿਸਟ ਅਗਵਾਈ ਵਿਚ ਪਾੜ ਪੈ ਗਿਆ। ਆਪ-ਮੁਹਾਰੇ ਲੋਕ ਤਾਂ ਆਤਮਿਕ ਪੱਖੋਂ ਕੰਗਾਲ ਅਤੇ ਉਜਡ ਪਦਾਰਥਵਾਦ ਤਕ ਹੀ ਪਹੁੰਚ ਸਕਦੇ ਹਨ, ਕਮਿਊਨਿਸਟ ਚੇਤਨਾ ਤਕ ਨਹੀਂ। ਖਾਸ ਕਰਕੇ ਉਦੋਂ, ਜਦੋਂ ਧਰਮ ਦਾ ਕੱਟੜ ਵਿਰੋਧ ਮਨੁੱਖੀ ਚੇਤਨਾ ਵਿਚ ਕਿਸੇ ਕਲਪਿਤ ਰੱਬ ਦੀ ਥਾਂ ਜੀਵੰਤ ਕੁਦਰਤ ਨੂੰ ਦਿੱਤੇ ਬਗੈਰ ਹੋ ਰਿਹਾ ਹੋਵੇ। ਇਹੀ ਘਾਟ ਚੀਨੀ ਕਮਿਊਨਿਸਟ ਪਾਰਟੀ ਦੀ ਰਹੀ। ਮਾਓ-ਜੇ-ਤੁੰਗ ਨੇ ‘ਮਹਾਨ ਕਿਰਤੀ ਸਭਿਆਚਾਰਕ ਇਨਕਲਾਬ’ ਦੇ ਰੂਪ ਵਿਚ ਇਸ ਘਾਟ ਨੂੰ ਪੂਰਾ ਕਰਨ ਦੇ ਯਤਨ ਕੀਤੇ ਪਰ ਉਦੋਂ ਤਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਕਮਿਊਨਿਸਟ ਖੁਦ ਹੀ ਸਾਮਰਾਜੀ ਖਪਤਕਾਰੀ ਦੇ ਵਹਿਸ਼ੀ ਜਾਲ ਵਿਚ ਫਸ ਗਏ। ਸਾਮਰਾਜੀ ਰੂਸ, ਚੀਨ ਅਤੇ ਇਹ ਤੀਜੀ ਸੰਸਾਰ ਸਾਮਰਾਜੀ ਜੰਗ ਇਸੇ ਦਾ ਸਿੱਟਾ ਹੈ।
ਗੁਰਮਤਿ ਨਾਲ ਵੀ ਕੁਝ ਇਵੇਂ ਹੀ ਵਾਪਰਿਆ ਹੈ। ਸਿੱਖਾਂ ਦੀ ਮੌਜੂਦਾ ਧਾਰਮਿਕ-ਸਮਾਜੀ-ਰਾਜਸੀ ਮੰਦਹਾਲੀ ਦਾ ਮੁੱਖ ਕਾਰਨ ਸਿੰਘ ਸਭਾ ਲਹਿਰ ਵੇਲੇ ਸਿੱਖੀ ਦੀ ਵਿਆਖਿਆ ਕਰਦਿਆਂ ‘ਹਮ ਹਿੰਦੂ ਨਹੀਂਂ’, ਦਾ ਘੜਿਆ ਗਿਆ ਨਕਾਰੀ ਬਿਰਤਾਂਤ (ਨੈਰੇਟਿਵ) ਹੈ। ਜਦੋਂ ਸੋਚ ਦੀ ਨੀਂਹ ਗਲਤ ਰੱਖ ਦਿੱਤੀ ਜਾਏ, ਤਾਂ ਇਮਾਰਤ ਦੀ ਉਸਾਰੀ ਠੀਕ ਕਿਵੇਂ ਹੋ ਸਕਦੀ ਹੈ। ਸਿੱਖੀ ਦੇ ਇਸ ਨਕਾਰੀ ਬਿਰਤਾਂਤ ਨੇ ਗੁਰਮਤਿ ਫਿਲਾਸਫੀ ਦਾ ਕਬਾੜਾ ਕਰ ਦਿੱਤਾ ਹੈ। ਅਜੋਕੇ ਪ੍ਰਸੰਗ ਵਿਚ ਇਹ ਧਾਰਨਾ ਨਾ ਸਿਰਫ ਗੁਰਮਤਿ ਨੂੰ ਛੁਟਿਆਉਣ ਦਾ ਕਾਰਨ ਬਣ ਰਹੀ ਹੈ ਬਲਕਿ ਇਸ ਨੇ ਪੰਜਾਬ ਵਿਚ ਇਕ ਅਜਿਹਾ ਸਮਾਜੀ ਤੇ ਰਾਜਸੀ ਮਾਹੌਲ ਸਿਰਜਿਆ ਹੈ, ਜਿਸ ਨੇ ਦੋ ਪੰਜਾਬੀ ਭਾਈਚਾਰਿਆਂ ਨੂੰ ਇਕ-ਦੂਜੇ ਦੇ ਵਿਰੋਧ ਵਿਚ ਖੜ੍ਹਾ ਕਰ ਦਿੱਤਾ ਹੈ ਅਤੇ ਤੀਜੇ ਭਾਈਚਾਰੇ ਦੀ ਹੋਂਦ ਨੂੰ ਗ੍ਰਹਿਣ ਲਾ ਦਿੱਤਾ ਹੈ। ਜੂਨ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਨੇ ਸਿੱਖ ਮਨਾਂ ਵਿਚ ਇਹ ਬਿਰਤਾਂਤ ਹੋਰ ਵੀ ਪੀਡਾ ਕਰ ਦਿੱਤਾ ਹੈ। ਦਰਅਸਲ ਇਹ ਸਿੱਖੀ ਦੀ ਵਿਆਖਿਆ ਦਾ ਨਕਾਰੀ ਬਿਰਤਾਂਤ ਹੈ।
ਸਿੱਖੀ ਕਿਸੇ ਵੀ ਭਾਈਚਾਰੇ ਜਾਂ ਧਰਮ ਦੇ ਵਿਰੋਧ ਜਾਂ ਨਿਖੇਧ ਵਿਚ ਪ੍ਰਗਟ ਨਹੀਂ ਹੋਈ। ਗੁਰੂ ਦੇ ਸਿੱਖ ਦੀ ਮਨੁੱਖੀ ਹੋਂਦ ਬ੍ਰਹਿਮੰਡੀ ਹੈ। ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ॥ ਇਸੇ ਕਰਕੇ ਸਿੱਖ ਇਕ ਅਕਾਲ ਦਾ ਪੁਜਾਰੀ ਹੈ। ਇਸੇ ਕਰਕੇ ਉਹ ਹਰ ਵੇਲੇ ਸਰਬੱਤ ਦੇ ਭਲੇ ਤੇ ਸਰਬ-ਸਾਂਝੀਵਾਲਤਾ ਦੀ ਅਰਦਾਸ ਕਰਦਾ ਹੈ। ਇਹ ਪਛਾਣ ਧਰਤੀ ਦੇ ਕਿਸੇ ਇਕ ਖਿੱਤੇ ਨਾਲ ਬੱਝੀ ਹੋਈ ਨਹੀਂ ਬਲਕਿ ਸੰਸਾਰ ਭਰ ਦੇ ਲੋਕਾਂ ਦੀ ਆਤਮਿਕ ਮੁਕਤੀ ਵਾਸਤੇ ਸੰਘਰਸ਼ਸ਼ੀਲ ਹੋਣ ਲਈ ਵਚਨਬੱਧ ਹੈ।
‘ਆਪ ਮੁਕਤੁ ਮੁਕਤੁ ਕਰੈ ਸੰਸਾਰ’ ਦੇ ਸਰਬ-ਵਿਆਪੀ ਨਿਸ਼ਾਨੇ ਨੂੰ ਮੁੱਖ ਰੱਖ ਕੇ ਸਿਰਜਿਆ ਪੰਥ ਜਦੋਂ ਆਪਣੀ ਹੋਂਦ ਦਾ ਨਿਰਣਾ ‘ਹਮ ਹਿੰਦੂ ਨਹੀਂ ਹੈਂ’ ਦੇ ਬਿਰਤਾਂਤ ਵਿਚੋਂ ਕਰਦਾ ਹੈ, ਤਾਂ ਇਹ ਸਾਰਾ ਕੁਝ ਰਲਗੱਡ ਕਰ ਦੇਂਦਾ ਹੈ। ਸਿੱਖ ਪੰਥ ਵਿਚ ਪੱਸਰੀ ਮੌਜੂਦਾ ਨਿਰਾਸ਼ਾ ਤੇ ਹੀਣ ਭਾਵਨਾ ਦਾ ਇਕ ਕਾਰਨ ਇਹ ਬਿਰਤਾਂਤ ਵੀ ਹੈ। ਕਿਉਂਕਿ ਇਸ ਬਿਰਤਾਂਤ ਅਨੁਸਾਰ ਜਦੋਂ ਸਿੱਖ ਆਪਣਾ ਮੁਕਾਬਲਾ ਹਿੰਦੂ ਭਾਈਚਾਰੇ ਦੀ ਭਾਰੀ ਗਿਣਤੀ ਨਾਲ ਕਰਦੇ ਹਨ ਤੇ ਉਨ੍ਹਾਂ ਦੇ ਮੁਕਾਬਲੇ ਆਪਣੇ ਆਪ ਨੂੰ ਬਹੁਤ ਘੱਟ ਗਿਣਤੀ ਵਿਚ ਵੇਖਦੇ ਹਨ, ਤਾਂ ਉਹ ਸਹਿਮ ਜਾਂਦੇ ਹਨ। ਉਹ ਆਪਣੇ-ਆਪ ਨੂੰ ਹਿੰਦੂ ਬਹੁ-ਗਿਣਤੀ ਦੀ ਕੁੜਿੱਕੀ ਵਿਚ ਫਸਿਆ ਹੋਇਆ ਮਹਿਸੂਸ ਕਰਦੇ ਹਨ। ਜਦੋਂ ਕਿ ਸਿੱਖ ਪੰਥ ਦੀ ਤਾਕਤ ਗਿਣਤੀ ਨਹੀਂ ਸਗੋਂ ਗੁਰਮਤਿ ਵਿਚ ਦਰਜ ਆਤਮਿਕ ਗਿਆਨ ਹੈ, ਜਿਹੜਾ ਮਾੜੀਆਂ ਤੋਂ ਮਾੜੀਆਂ ਹਾਲਤਾਂ ਵਿਚ ਵੀ ਉਨ੍ਹਾਂ ਦੇ ਮਨਾਂ ਅੰਦਰ ਚੜਦੀਕਲ੍ਹਾ ਦਾ ਜਜ਼ਬਾ ਭਰੀ ਰੱਖਦਾ ਹੈ।
ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਅਦ ਹਿੰਦੂ-ਮੁਸਲਮਾਨ ਬਿਰਤਾਂਤ ਬਦਲ ਚੁੱਕਾ ਹੈ। ਇਸ ਬਿਰਤਾਂਤ ਨੂੰ ਅੰਗਰੇਜ਼ ਸਾਮਰਾਜੀਆਂ ਨੇ ਵਿਗਾੜਿਆ ਅਤੇ ਸਿੰਘ ਸਭਾਈਆਂ ਦੀ ਇਕ ਧਿਰ ਨੇ ਉਨ੍ਹਾਂ ਦਾ ਸਾਥ ਦਿੱਤਾ। ਗੁਰਮਤਿ ਦਾ ਇਹ ਗਿਆਨ ਆਪਣੇ ਤੋਂ ਪਹਿਲੀ ਸਾਰੀ ਮਨੁੱਖੀ ਸਿਆਣਪ ਨੂੰ ਆਪਣੇ ਵਿਚ ਆਤਮਸਾਤ ਕਰ ਕੇ ਹੋਂਦ ਵਿਚ ਆਇਆ ਹੈ। ਇਸ ਗਿਆਨ ਵਿਚ ਆਪਣੇ ਤੋਂ ਪਹਿਲੇ ਵਿਕਸਿਤ ਹੋਏ ਸਾਰੇ ਧਰਮਾਂ ਦਾ ਆਤਮਿਕ ਗਿਆਨ ਸ਼ਾਮਲ ਹੈ। ਇਸ ਗਿਆਨ ਨੂੰ ਨਕਾਰ ਕੇ ਇਸ ਤੋਂ ਪਹਿਲੀ ਕਿਸੇ ਵੀ ਫਿਲਾਸਫੀ ਦੀ ਅਜੋਕੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਇਸ ਲਈ ਜਦੋਂ ਅਸੀਂ ਕਹਿੰਦੇ ਹਾਂ ਕਿ ਸਿੱਖ ਹਿੰਦੂ ਨਹੀਂ ਜਾਂ ਸਿੱਖ ਮੁਸਲਮਾਨ ਨਹੀਂ, ਤਾਂ ਅਸੀਂ ਨਾ ਸਿਰਫ ਗੁਰਮਤਿ ਨੂੰ ਛੁਟਿਆ ਰਹੇ ਹੁੰਦੇ ਹਾਂ ਬਲਕਿ ਮਨੁੱਖ ਜਾਤੀ ਨੂੰ ਗੁਰਮਤਿ ਨੇ ਜੋ ਨਵਾਂ ਆਤਮਿਕ ਗਿਆਨ ਦਿੱਤਾ ਹੈ, ਉਸ ਨੂੰ ਵੀ ਅਣਗੌਲਿਆ ਕਰ ਰਹੇ ਹੁੰਦੇ ਹਾਂ।
ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਹਮ ਹਿੰਦੂ ਨਹੀਂਂ’ ਦਾ ਪਿਛੋਕੜ ਇਕ ਸਿੱਖ ਆਰੀਆ ਸਮਾਜੀ ਜਗਤ ਸਿੰਘ ਵਲੋਂ ‘ਰਿਸਾਲਾ ਸਤ ਪ੍ਰਕਾਸ਼’ ਵਿਚ ਛਪੀ ਇਕ ਲਿਖਤ ਸੀ। ਜਿਸ ਵਿਚ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਸਿੱਖ ਧਰਮ ਆਰੀਆ ਸਮਾਜੀ ਲਹਿਰ ਦਾ ਇਕ ਪੁਰਾਤਨ ਰੂਪ ਹੈ। ਆਰੀਆ ਸਮਾਜੀ ਬਾਵਾ ਨਾਰਾਇਣ ਸਿੰਘ ਤੇ ਲਾਲਾ ਠਾਕਰ ਦਾਸ ਨੇ – ‘ਸਿੱਖ ਹਿੰਦੂ ਹੈਂ’ ਲਿਖ ਕੇ ਜਗਤ ਸਿੰਘ ਦੇ ਇਸ ਕਥਨ ਦੀ ਹਾਮੀ ਭਰੀ। ਇਸ ਲਿਖਤ ਦੇ ਜੁਆਬ ਵਿਚ ਭਾਈ ਕਾਨ੍ਹ ਸਿੰਘ ਨਾਭਾ ਨੇ ‘ਹਮ ਹਿੰਦੂ ਨਹੀਂ ਹੈਂ’ ਲਿਖੀ। ਇਹ ਲਿਖਤ ਉਸ ਖਾਸ ਮੌਕੇ ਦੀ ਦੇਣ ਸੀ, ਜਦੋਂ ਹਿੰਦੂਆਂ ਤੇ ਮੁਸਲਮਾਨਾਂ ਵਿਚਕਾਰ ਆਪੋ ਆਪਣੀ ਗਿਣਤੀ ਵਧਾਉਣ ਦੀ ਹੋੜ ਲੱਗੀ ਹੋਈ ਸੀ। ਪੰਜਾਬ ਵਿਚ ਅੰਗਰੇਜ਼ ਸਾਮਰਾਜੀਆਂ ਦੇ ਆਉਣ ਨਾਲ ਪੱਛਮੀ ਜਮਹੂਰੀਅਤ ਦਾ ਸੰਕਲਪ ਲੋਕ-ਮਨਾਂ ਵਿਚ ਆਪਣੀਆ ਜੜ੍ਹਾਂ ਜਮਾਉਣ ਲੱਗਾ ਸੀ ਤੇ ਜਿਸਦੇ ਲਾਜ਼ਮੀ ਸਿੱਟੇ ਵਜੋਂ ਗੁਣਾਂ ਦੀ ਬਜਾਇ ਸਿਰਾਂ ਦੀ ਗਿਣਤੀ ਜੋ਼ਰ ਫੜ ਰਹੀ ਸੀ। ਇਸ ਬਹੁਗਿਣਤੀ-ਘੱਟਗਿਣਤੀ ਦੀ ‘ਸੋਚ’ ਨੇ ਆਪਣੀ ਆਪਣੀ ਗਿਣਤੀ ਵਧਾਉਣ ਦੀ ਹੋੜ ਨੂੰ ਹੋਰ ਤੇਜ਼ ਕੀਤਾ।
ਪੰਜਾਬੀ ਹਿੰਦੂਆਂ ਦੀ ਇਕ ਨਵੀਂ, ਆਧੁਨਿਕ ਧਾਰਮਿਕ ਪ੍ਰੰਪਰਾ ਸਿਰਜਣ ਦੇ ਯਤਨਾਂ ਨੇ ਉਨ੍ਹਾਂ ਦੇ ਆਪਣੇ ਸਨਾਤਨੀ ਭਾਈਚਾਰੇ ਤਕ ਸੀਮਤ ਨਾ ਰਹਿ ਕੇ ਪੰਜਾਬ ਅੰਦਰਲੇ ਬਾਕੀ ਭਾਈਚਾਰਿਆਂ – ਮੁਸਲਮਾਨਾਂ ਤੇ ਸਿੱਖਾਂ – ਨਾਲ ਉਨ੍ਹਾਂ ਦੇ ਰਿਸ਼ਤਿਆਂ ਨੂੰ ਵੀ ਬਦਲ ਦਿੱਤਾ। ਇਕ ਅੰਗਰੇਜ਼ੀ ਪੜ੍ਹਿਆ ਲਿਖਿਆ ਸ੍ਰੇਸ਼ਠ ਹਿੰਦੂ ਵਰਗ ਹੋਂਦ ਵਿਚ ਆਇਆ। ਇਹ ਵਰਗ ਸਤਾਨਤੀ ਹਿੰਦੂ ਭਾਈਚਾਰੇ ਦੀਆਂ ਕਦਰਾਂ-ਕੀਮਤਾਂ ਤੋਂ ਟੁੱਟਿਆ ਹੋਇਆ ਤੇ ਹਿੰਦੂ ਸਮਾਜ ਦੇ ਬਾਹਰਲੇ ਹਾਸ਼ੀਏ ਉਤੇ ਬੈਠਾ ਹੋਇਆ ਸੀ। ਇਸ ਵਰਗ ਨੇ ਪੁਰਾਣੇ ਸੰਸਾਰ ਦੀ ਨਵੀਂ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਤਰ੍ਹਾਂ ਕਰਦਿਆਂ ਨਵਾਂ ਵਿਚਾਰਧਾਰਕ ਸੋਚ ਪ੍ਰਬੰਧ ਸਿਰਜਿਆ। ਜਿਸਦਾ ਮੰਤਵ ਬੀਤੇ ਤੇ ਵਰਤਮਾਨ ਦੀ ਨਵੀਂ ਵਿਆਖਿਆ ਕਰਨਾ ਤੇ ਭਵਿੱਖ ਲਈ ਨਵਾਂ ਦ੍ਰਿਸ਼ਟੀਕੋਣ ਸਿਰਜਣਾ ਸੀ। ਪੁਰਾਣੇ ਵਿਚਾਰਾਂ ਦੀ ਨਵੀਂ ਵਿਆਖਿਆ, ਵਿਸਥਾਰ ਅਤੇ ਪ੍ਰਚਾਰ ਨੇ ਜਿੱਥੇ ਸਮੂਹਿਕ ਚੇਤਨਾ ਪੈਦਾ ਕੀਤੀ, ਉਥੇ ਇਸ ਵਰਗ ਵਿਚ ਆਪਣੇ ਨਿਵੇਕਲੇਪਣ ਦਾ ਅਹਿਸਾਸ ਵੀ ਪੈਦਾ ਕੀਤਾ ਅਤੇ ਇਨ੍ਹਾਂ ਨਵੇਂ ਵਿਸ਼ਵਾਸਾਂ ਨੂੰ ਮੰਨਣ ਤੇ ਨਾ ਮੰਨਣ ਵਾਲੇ ਵਰਗਾਂ ਵਿਚਕਾਰ ਇਕ ਦੂਰੀ ਵੀ ਪੈਦਾ ਕੀਤੀ।
ਆਪਣੀ ਪਛਾਣ ਦੀ ਮੁੜ-ਵਿਆਖਿਆ ਦੇ ਇਸ ਵਰਤਾਰੇ ਨੇ ਉਨੀਵੀਂ ਸਦੀ ਦੇ ਪਿਛਲੇ ਦਹਾਕਿਆਂ ਅੰਦਰ, ਪੰਜਾਬ ਵਿਚ ਇਕ ਐਸੀ ਹਲਚਲ ਮਚਾਈ ਕਿ ਇਸ ਨਾਲ ਵਧੇ ਵਿਚਾਰਧਾਰਕ ਤੇ ਧਾਰਮਿਕ ਤਣਾਅ ਨੇ ਸਾਰੇ ਧਾਰਮਿਕ ਭਾਈਚਾਰਿਆਂ ਵਿਚਕਾਰ ਬਹਿਸਾਂ ਦੇ ਮਾਹੌਲ ਨੂੰ ਭਖਾ ਦਿੱਤਾ। ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਨੇ ਆਪੋ-ਆਪਣੇ ਧਾਰਮਿਕ ਸੰਕਲਪਾਂ ਨੂੰ ਸਾਹਮਣੇ ਲਿਆਉਣਾ ਆਰੰਭ ਕੀਤਾ, ਜਿਸਨੇ ਦੂਜੇ ਭਾਈਚਾਰਿਆਂ ਨਾਲ ਤੇ ਆਪਣੇ ਭਾਈਚਾਰੇ ਅੰਦਰਲੇ ਵਿਚਾਰਧਾਰਕ ਸੰਘਰਸ਼ ਨੂੰ ਹੋਰ ਤੇਜ਼ ਕੀਤਾ। ਇਸ ਵਰਤਾਰੇ ਨੇ ਪੰਜਾਬੀ ਧਾਰਮਿਕ ਭਾਈਚਾਰਿਆਂ ਵਿਚਲੇ ਰਿਸ਼ਤੇ ਸਥਾਈ ਰੂਪ ਵਿਚ ਬਦਲ ਦਿੱਤੇ। ਇਸ ਤੋਂ ਵੀ ਵਧੇਰੇ ਬੁਨਿਆਦੀ ਤਬਦੀਲੀ ਇਹ ਵਾਪਰੀ ਕਿ ਇਸਨੇ ਬਹੁਤ ਸਾਰੇ ਸਮੂਹਾਂ ਅੰਦਰਲੇ ਆਪਣੇ ਧਾਰਮਿਕ ਸੰਕਲਪਾਂ ਨੂੰ ਵੀ ਬਦਲ ਦਿੱਤਾ। ਅੰਗਰੇਜ਼ੀ ਪੜ੍ਹੇ-ਲਿਖੇ ਤੇ ਪੂੰਜੀਵਾਦੀ ਸਾਮਰਾਜੀ ਆਰਥਿਕ ਰਿਸ਼ਤਿਆਂ ਦੀ ਬਦੌਲਤ ਨਵੇਂ-ਨਵੇਂ ਅਮੀਰ ਬਣੇ ਇਸ ਸ੍ਰੇਸ਼ਠ ਹਿੰਦੂ ਵਰਗ ਰਾਹੀਂ ਪੰਜਾਬ ਅੰਦਰ ਪਹਿਲਾਂ ਬ੍ਰਹਮੋ ਸਮਾਜ ਤੇ ਫਿਰ ਆਰੀਆ ਸਮਾਜ ਦੀ ਆਮਦ ਹੋਈ। ਆਰੀਆ ਸਮਾਜ ਦੀ ਆਮਦ ਨੇ ਪੰਜਾਬ ਅੰਦਰ ਹਿੰਦੂ-ਸਿੱਖ ਤੁਫਰਕਾ ਪੈਦਾ ਕੀਤਾ, ਜਿਸ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਕੀਤਾ ਹੈ।
ਪ੍ਰਸਿੱਧ ਇਤਿਹਾਸਕਾਰ ਡਾ. ਗੰਡਾ ਸਿੰਘ ਦੇ ਕਥਨ ਅਨੁਸਾਰ ਪੰਜਾਬ ਅੰਦਰ ਹਿੰਦੂ-ਸਿੱਖ ਤਣਾਅ ਦਾ ਆਰੰਭ ਆਰੀਆ ਸਮਾਜ ਦੇ ਆਉਣ ਨਾਲ ਹੋਇਆ। ‘ਪੰਜਾਬ ਬੀਤਿਆ ਤੇ ਵਰਤਮਾਨ’ ਦੇ ਅਕਤੂਬਰ 1977 ਦੇ ਅੰਕ ਵਿਚ ਉਨ੍ਹਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ, ‘‘ਸਿੱਖ ਰਾਜ ਤੋਂ ਲੈ ਕੇ ਪਿਛਲੀ (19ਵੀਂ) ਸਦੀ ਦੇ ਅੱਧ ਤਕ ਪੰਜਾਬ ਅੰਦਰ ਹਿੰਦੂ ਸਿੱਖ ਤਣਾਅ ਨਾਂ ਦੀ ਕੋਈ ਚੀਜ਼ ਨਹੀਂ ਸੀ। … ਇਤਿਹਾਸਕ ਤੌਰ ਉਤੇ ਵੇਖਿਆਂ ਇਸ ਤਣਾਅ ਦਾ ਮੁੱਢ ਆਰੀਆ ਸਮਾਜ ਦੇ ਬਾਨੀ ਸੁਆਮੀ ਦਇਆ ਨੰਦ ਵਲੋਂ ਆਪਣੀ ਪੁਸਤਕ ‘ਸਤਿਆਰਥ ਪ੍ਰਕਾਸ਼’ ਵਿਚ (ਜਿਹੜੀ 1875 ਵਿਚ ਛਪੀ, ਜਿਸ ਸਾਲ 10 ਅਪ੍ਰੈਲ ਨੂੰ ਬੰਬੇ ਵਿਚ ਪਹਿਲੇ ਆਰੀਆ ਸਮਾਜ ਦੀ ਸਥਾਪਨਾ ਹੋਈ) ਗੁਰੂ ਨਾਨਕ ਤੇ ਉਸ ਦੇ ਸ਼ਰਧਾਲੂਆਂ ਪ੍ਰਤੀ ਮਾੜੀ ਭਾਸ਼ਾ ਵਰਤਣ ਕਰਕੇ ਹੋਇਆ।’’
ਜੂਨ 1984 ਵਿਚ ਦਰਬਾਰ ਸਾਹਿਬ ਉਤੇ ਹੋਏ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਦੀ ਵੱਡੀ ਧਿਰ ਆਪਣੀ ਹੋਂਦ ਇਸੇ ਬਿਰਤਾਂਤ ਵਿਚੋਂ ਲੱਭ ਰਹੀ ਹੈ। ਹਿੰਦੂ ਰਾਸ਼ਟਰਵਾਦ ਦੇ ਨਾਅਰੇ ਹੇਠ ਕੇਂਦਰ ਵਿਚ ਨਰਿੰਦਰ ਮੋਦੀ ਦੀ ਸਰਕਾਰ ਬਣਨ ਨਾਲ ਸਿੱਖਾਂ ਦੀ ਇਸ ਧਿਰ ਨੂੰ ਜਾਪਦਾ ਹੈ, ਕਿ ਉਨ੍ਹਾਂ ਦੇ ਮਨਾਂ ਵਿਚ ਬਣੇ ਇਸ ਬਿਰਤਾਂਤ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਗੁਰੂ ਸਾਹਿਬ ਨੇ ਸਿੱਖ ਪੰਥ ਦੀ ਸਿਰਜਣਾ ਇਸ ਤੋਂ ਕਿਤੇ ਵੱਡੇ ਨਿਸ਼ਾਨੇ ਨੂੰ ਮੁੱਖ ਰੱਖ ਕੇ ਕੀਤੀ ਹੈ।
ਇਸ ਲਿਖਤ ਵਿਚ ਹੀ ਦਰਜ ਹੈ – ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾ ਛਾਡੇ ਦੋਊ॥
ਪੰਡਿਤ ਮੁਲਾਂ ਜੋ ਲਿਖ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ (ਭੈਰਉ ਕਬੀਰ ਜੀ)
ਬਾਬੇ ਨੂੰ ਹਾਜੀਆਂ ਨੇ ਪੁੱਛਿਆ, ‘ਹੇ ਫਕੀਰ! ਤੂੰ ਹਿੰਦੂ ਹੈ ਕਿ ਮੁਸਲਮਾਨ?’ ਤਾਂ ਬਾਬਾ ਬੋਲਿਆ, ‘ਮੈਂ ਹਿੰਦੂ ਮੁਸਲਮਾਨ ਦੁਹਾਂ ਦਾ ਗਵਾਹ ਹਾਂ।’’ (ਭਾਈ ਮਨੀ ਸਿੰਘ ਜੀ ਗਯਾਨ ਰਤਨਾਵਲੀ)
ਖਾਲਸਾ ਹਿੰਦੂ ਮੁਸਲਮਾਨ ਕੀ ਕਾਣ ਕੋ ਮੇਟੇ। (ਰਹਿਤਨਾਮਾ ਭਾਈ ਦਯਾ ਸਿੰਘ)
ਏਨੀ ਸਪੱਸ਼ਟਤਾ ਦੇ ਬਾਵਜੂਦ 120 ਸਾਲ ਬਾਅਦ ਵੀ ਇਹ ਬਿਰਤਾਂਤ ਸਿੱਖ ਮਨਾਂ ਵਿਚ ਆਪਣੀ ਥਾਂ ਬਣਾਈ ਬੈਠਾ ਹੈ। ਇਸ ਧਾਰਨਾ ਨੇ ਪੰਜਾਬ ਦੇ ਦੋ ਭਾਈਚਾਰਿਆਂ ਦੇ ਮਨਾਂ ਵਿਚ ਦਰਾਰ ਪੈਦਾ ਕੀਤੀ ਹੈ ਅਤੇ ਤੀਜਾ ਭਾਈਚਾਰਾ ਸਾਰੇ ਦ੍ਰਿਸ਼ ਵਿਚੋਂ ਹੀ ਅਲੋਪ ਹੋ ਗਿਆ ਹੈ। ਸਿੱਖੀ ਵਿਰੋਧੀ ਧਿਰਾਂ ਨੂੰ ਇਹ ਦਰਾਰ ਰਾਜਸੀ ਤੌਰ ਉਤੇ ਬਹੁਤ ਰਾਸ ਆਉਂਦੀ ਹੈ। ਪਰ ਸਿੱਖਾਂ ਦੀ ਨਾ ਸਿਰਫ ਇਹ ਰਾਜਸੀ ਬਲਕਿ ਸਿਧਾਂਤਕ ਲੋੜ ਹੈ ਕਿ ਉਹ ਮੌਜੂਦਾ ਪ੍ਰਸੰਗ ਵਿਚ ਗੁਰਮਤਿ ਦੇ ਇਸ ਤੋਂ ਵੀ ਕਿਤੇ ਵੱਡੇ ਅਤੇ ਮੌਲਿਕ ਨਿਸ਼ਾਨੇ ਨੂੰ ਪ੍ਰਗਟ ਕਰਨ। ਗੁਰਮਤਿ ਦੇ ਵੱਡੇ ਤੇ ਮੌਲਿਕ ਨਿਸ਼ਾਨੇ ਨੂੰ ਪ੍ਰਗਟ ਕਰ ਕੇ ਹੀ ਸਿੱਖ ਪੰਜਾਬ ਨੂੰ ਕੋਈ ਨਵੀਂ ਰਾਜਸੀ ਦਿਸ਼ਾ ਦੇਣ ਦੇ ਯੋਗ ਹੋ ਸਕਦੇ ਹਨ।
ਪੁੱਛਿਆ ਜਾ ਸਕਦਾ ਹੈ ਕਿ ਸਿੱਖਾਂ ਨੂੰ ਇਹ ਬਿਰਤਾਂਤ ਬਦਲਣ ਦੀ ਹੁਣ ਹੀ ਲੋੜ ਕਿਉਂ ਆਣ ਪਈ ਹੈ? ਇਸ ਦਾ ਕਾਰਨ ਦਿੱਲੀ ਵਿਚ ਮੋਦੀ ਸਰਕਾਰ ਦਾ ਬਣਨਾ ਹੈ। ਦੁਨੀਆ ਭਰ ਦੇ ਬਹੁਗਿਣਤੀ ਲੋਕਾਂ ਨੂੰ ਪਤਾ ਹੈ ਕਿ ਮੋਦੀ ਸਰਕਾਰ ‘ਹਿੰਦੂ ਰਾਸ਼ਟਰਵਾਦ’ ਦੇ ਜਾਅਲੀ ਨਾਹਰੇ ਹੇਠ ਦੇਸ਼ ਭਰ ਦੇ ਲੋਕਾਂ ਨੂੰ ਗੁਮਰਾਹ ਕਰ ਕੇ ਹੋਂਦ ਵਿਚ ਆਈ ਹੈ। ਹਿੰਦੂ ਰਾਸ਼ਟਰਵਾਦ ਦੇ ਸੰਕਲਪ ਦਾ ਕੋਈ ਇਤਿਹਾਸਕ ਆਧਾਰ ਨਹੀਂ ਹੈ ਅਤੇ ਜਿਸ ਸੰਕਲਪ ਦਾ ਕੋਈ ਇਤਿਹਾਸਕ ਆਧਾਰ ਨਾ ਹੋਵੇ, ਉਸਦਾ ਅੰਤ ਯਕੀਨੀ ਹੈ। ਹਿੰਦੂ ਰਾਸ਼ਟਰਵਾਦ ਦਾ ਅਖੌਤੀ ਇਤਿਹਾਸ ਸਿਰਫ ਕੁਝ ਦਹਾਕੇ ਪੁਰਾਣਾ ਹੈ, ਜਦੋਂ ਕਿ ਹਿੰਦੂ ਇਸ ਦੇਸ ਵਿਚ ਹਜ਼ਾਰਾਂ ਸਾਲਾਂ ਤੋਂ ਰਹਿੰਦੇ ਆ ਰਹੇ ਹਨ। ਹਿੰਦੂ ਸ਼ਬਦ ਵੀ ਮਹਿਜ਼ 6-7 ਸੌ ਸਾਲ ਪੁਰਾਣਾ ਹੈ। ਇਹ ਨਾਂ ਵੀ ਇਸ ਦੇਸ ਦੇ ਲੋਕਾਂ ਨੂੰ ਮੁਸਲਮਾਨਾਂ ਨੇ ਦਿੱਤਾ ਹੈ। ਹਿੰਦੂ ਰਾਸ਼ਟਰਵਾਦ 18-19 ਵੀਂ ਸਦੀ ਵਿਚ ਪੱਛਮ ਅੰਦਰ ਪੈਦਾ ਹੋਏ ਕੌਮਵਾਦ ਤੇ 20ਵੀਂ ਸਦੀ ਵਿਚ ਦੂਜੀ ਸੰਸਾਰ ਸਾਮਰਾਜੀ ਜੰਗ ਤੋਂ ਪਹਿਲਾਂ ਜਰਮਨੀ ਵਿਚ ਪੈਦਾ ਹੋਏ ਹਿਟਲਰਵਾਦ ਦਾ ਰਲੇਵਾਂ ਹੈ। ਜਿਵੇਂ ਹਿਟਲਰ ਨੇ ਪੂੰਜੀਵਾਦੀ ਆਰਥਿਕ ਸੰਕਟ ਦੀ ਮਾਰ ਹੇਠ ਆਏ ਜਰਮਨ ਲੋਕਾਂ ਨੂੰ ਸੰਕਟ ਦੇ ਅਸਲ ਕਾਰਨ ਦੱਸਣ ਦੀ ਬਜਾਇ, ਉਨ੍ਹਾਂ ਨੂੰ ਯਹੂਦੀ ਭਾਈਚਾਰੇ ਵਿਰੁੱਧ ਲਾਮਬੰਦ ਕਰ ਕੇ ਸਾਮਰਾਜੀ ਜੰਗ ਦੀ ਭੇਟ ਚੜ੍ਹਾਇਆ ਸੀ, ਐਨ ਉਸੇ ਤਰ੍ਹਾਂ ਅਤੇ ਉਸ ਤੋਂ ਵੀ ਕਿਤੇ ਵੱਡੇ ਆਰਥਿਕ ਅਤੇ ਪ੍ਰਬੰਧਕੀ ਸੰਕਟ ਦੀ ਮਾਰ ਝੱਲ ਰਹੇ ਦੇਸ ਦੇ ਲੋਕਾਂ ਨੂੰ ਮੋਦੀ ਨੇ ਮੁਸਲਮਾਨਾਂ ਵਿਰੁੱਧ ਗੁੰਮਰਾਹ ਕਰਨ ਦਾ ਯਤਨ ਕੀਤਾ ਹੈ। ਜੇ ਇੰਦਰਾ ਗਾਂਧੀ ਦਾ ਹਿੰਦੂ ਰਾਸ਼ਟਰਵਾਦ ਸਿੱਖਾਂ ਵਿਰੁੱਧ ਸੇਧਤ ਸੀ ਤਾਂ ਨਰਿੰਦਰ ਮੋਦੀ ਨੇ ਇਸ ਦੀ ਧਾਰ ਮੁਸਲਮਾਨਾਂ ਵਿਰੁੱਧ ਸੇਧਤ ਕਰ ਦਿੱਤੀ ਹੈ।
ਸਿੱਖਾਂ ਕੋਲ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਇਕ ਅਜਿਹਾ ਸਿਧਾਂਤ ਮੌਜੂਦ ਹੈ, ਜਿਹੜਾ ਵੈਦਿਕ ਫਿਲਾਸਫੀ ਤੇ ਇਸਲਾਮ ਵਿਚਕਾਰ ਪੁਲ ਦਾ ਕੰਮ ਕਰ ਸਕਦਾ ਹੈ। ਇਸੇ ਕਰਕੇ ਗੁਰੂ ਸਾਹਿਬ ਸਿੱਖੀ ਨੂੰ ਦੋਹਾਂ ਧਰਮਾਂ ਤੋਂ ਨਿਆਰਾ ਤੇ ਦੋਹਾਂ ਧਰਮਾਂ ਵਿਚਲੀ ਕਾਣ ਮੇਟਣ ਵਾਲੇ ਧਰਮ ਵਜੋਂ ਪੇਸ਼ ਕੀਤਾ ਹੈ। ਪੱਛਮ ਵਿਚ ਧਰਮ ਬਾਰੇ ਵਰਤੇ ਜਾਂਦੇ ਸ਼ਬਦ ਰਿਲੀਜਨ ਤੇ ਪੂਰਬ ਵਿਚਲੇ ਸ਼ਬਦ ਧਰਮ ਦੇ ਸੰਕਲਪ ਵੱਖੋ-ਵੱਖਰੇ ਹਨ ਤੇ ਵੈਦਿਕ ਫਿਲਾਸਫੀ ਤੇ ਬੁੱਧ ਮਤਿ ਵਿਚ ਵਰਤੇ ਗਏ ਧਰਮ ਸ਼ਬਦ ਦੇ ਸੰਕਲਪ ਦੀ ਸਭ ਤੋਂ ਵਧੇਰੇ ਸਪੱਸ਼ਟ ਵਿਆਖਿਆ ਗੁਰਮਤਿ ਨੇ ਕੀਤੀ ਹੈ। ਧਰਮ ਦਾ ਇਹੀ ਸੰਕਲਪ ਹਿੰਦੂਆਂ, ਮੁਸਲਮਾਨਾਂ ਸਮੇਤ ਪੰਜਾਬ ਦੇ ਸਾਰੇ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਸਕਦਾ ਹੈ। ਵੱਡੀ ਉਥਲ ਪੁਥਲ ਵਿਚੋਂ ਲੰਘ ਰਹੇ ਸੰਸਾਰ ਨੂੰ ਸਹੀ ਦਿਸ਼ਾ ਦਿਖਾਉਣ ਲਈ ਸਿੱਖਾਂ ਨੂੰ ਆਪਣੀ ਇਹ ਜਿੰ਼ਮੇਵਾਰੀ ਸਮਝਣ ਦੀ ਲੋੜ ਹੈ।