ਮਾਂ ਬੋਲੀ ਪੰਜਾਬੀ : ਕੱਲ੍ਹ, ਅੱਜ ਤੇ (ਭਲਕ)

ਰਵਿੰਦਰ ਸਿੰਘ ਸਹਿਰਾਅ
ਫੋਨ: 717-575-7529
ਮਾਂ ਤੇ ਬੋਲੀ ਦੋਵੇਂ ਇਕ ਦੂਜੇ ਦੇ ਪੂਰਕ ਹਨ। ਮਾਂ ਜਣਨੀ ਹੈ ਤੇ ਬੋਲੀ, ਸਾਡੀ ਪਛਾਣ। ਬੱਚਾ ਜਦ ਜਨਮ ਲੈਂਦਾ ਹੈ ਤਾਂ ਸਭ ਤੋਂ ਪਹਿਲਾਂ ਮਾਂ ਦੇ ਮਿੱਠੜੇ ਬੋਲ ਹੀ ਉਸਦੇ ਕੰਨਾਂ ਵਿਚ ਪੈਂਦੇ ਹਨ। ਬੱਚਾ ਰੋਂਦਾ ਹੈ ਤਾਂ ਮਾਂ ਆਪਣੀ ਬੋਲੀ ਵਿਚ ਉਸਨੂੰ ਦੁਲਾਰਦੀ ਹੈ, ਪਤਿਆਉਂਦੀ ਹੈ, ਨਿੱਕੀਆਂ-ਨਿੱਕੀਆਂ ਸ਼ਹਿਦ ਨਾਲੋਂ ਵੀ ਮਿੱਠੀਆਂ ਗੱਲਾਂ ਨਾਲ ਬੱਚਾ ਪਰਚ ਜਾਂਦਾ ਹੈ। ਮਾਂ ਬੋਲੀ ਦੇ ਬੋਲ ਉਸ ਨੂੰ ਖਾਬਾਂ ਦੀ ਦੁਨੀਆ ਵਿਚ ਲੈ ਜਾਂਦੇ ਹਨ। ਮਾਂ ਬੋਲੀ ਵਿਚ ਦਿੱਤੀਆਂ ਲੋਰੀਆਂ ਨਾਲ ਬੱਚਾਂ ਮਸਤ ਹੋ ਜਾਂਦਾ ਹੈ। ਬੱਚਾ ਜਦ ਹੱਸਦਾ ਹੈ ਤਾਂ ਮਾਂ ਉਸ ਨਾਲ ਆਪਣੀ ਬੋਲੀ ਵਿਚ ਲਾਡ-ਲਡਾਉਂਦੀ ਹੈ। ਉਸ ਨੂੰ ਭਾਂਤ-ਭਾਂਤ ਦੇ ਨਾਵਾਂ ਨਾਲ ਬੁਲਾਉਂਦੀ ਹੈ।

ਸਾਡੀ ਮਾਂ ਬੋਲੀ ਪੰਜਾਬੀ ਪੀਰਾਂ, ਫਕੀਰਾਂ ਅਤੇ ਗੁਰੂਆਂ ਦੇ ਮੁਖਾਰਬਿੰਦ ’ਚੋਂ ਉਚਾਰੀ ਹੋਈ ਬੋਲੀ ਹੈ। ਇਹ ਪਾਕਿ ਪਵਿੱਤਰ ਬੋਲੀ ਮਾਂ ਜਿੰਨੀ ਹੀ ਸਤਿਕਾਰਤ ਹੈ। ਜਿਵੇਂ ਮਾਂ ਦਾ ਦਰਜਾ ਕਿਸੇ ਦੂਜੀ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ ਹੈ ਇਸੇ ਤਰ੍ਹਾਂ ਕਿਸੇ ਹੋਰ ਬੋਲੀ ਨੂੰ ਆਪਣੀ ਬੋਲੀ ਦੀ ਜਗ੍ਹਾ ਨਹੀਂ ਦਿੱਤੀ ਜਾ ਸਕਦੀ।
ਬਾਰ੍ਹਵੀਂ ਸਦੀ ਵਿਚ ਜਨਮੇ ਸ਼ੇਖ ਫ਼ਰੀਦ ਸ਼ਕਰਗੰਜ ਜੀ ਪੰਜਾਬੀ ਦੇ ਪਹਿਲੇ ਕਵੀ ਮੰਨੇ ਜਾਂਦੇ ਹਨ। ਦੁਨਿਆਵੀ ਨਸੀਹਤਾਂ ਨਾਲ ਉਨ੍ਹਾਂ ਦੇ ਸ਼ਬਦ ਤੇ ਸ਼ਲੋਕ ਅਨੇਕਾਂ ਭੁੱਲੇ ਭਟਕੇ ਜਿਊੜਿਆਂ ਦਾ ਰਾਹ ਦਸੇਰਾ ਬਣਦੇ ਆ ਰਹੇ ਹਨ:
ਕੰਨਾਂ, ਦੰਦਾਂ ਅੱਖੀਆਂ, ਸਭਨਾਂ ਦਿੱਤੀ ਹਾਰ।
ਵੇਖ ਫਰੀਦਾ ਛੱਡ ਗਏ, ਮੁੱਢ ਕਦੀਮੀ ਯਾਰ।
ਫਰੀਦਾ ਖਾਕ ਨਾ ਨਿੰਦੀਐ, ਖਾਕੁ ਜੇਡ ਨਾ ਕੋਇ
ਜੀਵਦਿਆ ਪੈਰਾ ਤਲੈ ਮੋਇਆ ਉਪਰਿ ਹੋਏ।
ਫਰੀਦਾ ਹਾਥੀ ਸੋਨ ਅੰਬਰੀਆ, ਪੀਛੇ ਕਟਕ ਹਜਾਰ
ਜਾ ਸਿਰ ਆਈ ਆਪਣੇ, ਤਾ ਕੋ ਮੀਤ ਨਾ ਯਾਰ।
ਮਾਂ ਬੋਲੀ ਪੰਜਾਬੀ ਨੂੰ ਬਾਬਾ ਬੁੱਲੇ੍ਹ ਸ਼ਾਹ, ਸ਼ਾਹ ਹੁਸੈਨ, ਸ਼ਾਹ ਮੁਹੰਮਦ, ਸੁਲਤਾਨ ਬਾਹੂ, ਅਲੀ ਹੈਦਰ ਮੁਲਤਾਨੀ, ਖਵਾਜਾ ਗੁਲਾਮ ਫ਼ਰੀਦ, ਮੀਆਂ ਮੁਹੰਮਦ ਬਖਸ਼, ਮੌਲਵੀ ਗੁਲਾਮ ਰਸੂਲ ਅਤੇ ਫੇਰ ਗੁਰੂਆਂ ਨੇ ਜਿਸ ਤਰ੍ਹਾਂ ਮਾਣ-ਇੱਜ਼ਤ ਬਖਸ਼ੀ ਉਸਦਾ ਦੇਣ ਨਹੀਂ ਦਿੱਤਾ ਜਾ ਸਕਦਾ। ਸੂਫੀ ਕਵੀਆਂ ਧਰਮ ਵਜੋਂ ਮੁਸਲਮਾਨ ਹੁੰਦਿਆਂ ਵੀ ਆਪਣੀ ਮਾਂ ਬੋਲੀ ਨੂੰ ਅਖੋਂ ਪਰੋਖੇ ਨਹੀਂ ਹੋਣ ਦਿੱਤਾ। ਅੱਜ ਵੀ ਉਨ੍ਹਾਂ ਦੀਆਂ ਰਚਨਾਵਾਂ ਪੜ੍ਹ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਬੁੱਲ੍ਹੇ ਸ਼ਾਹ ਨੂੰ ਪੜ੍ਹਦਿਆਂ ਤਾਂ ਬੰਦਾ ਆਪ ਮੁਹਾਰੇ ਵਜਦ ਵਿਚ ਆ ਜਾਂਦਾ ਹੈ।
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ।
ਸੱਦੋ ਨੀ ਮੈਨੂੰ ਧੀਦੋ ਰਾਂਝਾ ਹੀਰ ਨਾ ਆਖੋ ਕੋਈ।
ਉੱਠ ਜਾਗ ਘੁਰਾੜੇ ਮਾਰ ਨਹੀਂ।
ਇਹ ਸੌਣ ਤੇਰੇ ਦਰਕਾਰ ਨਹੀਂ।

ਹਾਜੀ ਲੋਕ ਮੱਕੇ ਨੂੰ ਜਾਂਦੇ
ਮੇਰਾ ਰਾਂਝਣ ਮਾਹੀ ਮੱਕਾ, ਨੀ ਮੈਂ ਕਮਲੀ ਹਾਂ।
ਬੁੱਲ੍ਹੇ ਸ਼ਾਹ ਚੱਲ ਓਥੇ ਚਲੀਏ, ਜਿੱਥੇ ਸਾਰੇ ਹੋਵਣ ਅੰਨੇ੍ਹ।
ਨਾ ਕੋਈ ਸਾਡੀ ਜਾਤ ਪਛਾਣੇ, ਨਾ ਕੋਈ ਸਾਨੂੰ ਮੰਨੇ।
ਸਾਂਝੇ ਪੰਜਾਬ ਦੇ ਬਹੁਤ ਸਾਰੇ ਨਵੇਂ ਕਵੀਆਂ ਨੇ ਮਾਂ ਬੋਲੀ ਦੀ ਉਸਤਤ ਵਿਚ ਢੇਰ ਸਾਰਾ ਕਲਾਮ ਰਚਿਆ। ਉਸਤਾਦ ਦਾਮਨ ਦੀਆਂ ਇਹ ਸਤਰਾਂ ਸਾਡਾ ਵਿਸ਼ੇਸ਼ ਧਿਆਨ ਖਿੱਚਦੀਆਂ ਹਨ:
ਉਰਦੂ ਦਾ ਮੈਂ ਦੋਖੀ ਨਹੀਂ ਤੇ ਦੁਸ਼ਮਣ ਨਹੀਂ ਅੰਗ੍ਰੇਜ਼ੀ ਦਾ
ਪੁਛਦੇ ਓ ਮੇਰੇ ਦਿਲ ਦੀ ਬੋਲੀ, ਹਾਂ ਜੀ ਹਾਂ ਪੰਜਾਬੀ ਏ।
ਬੁੱਲਾ ਮਿਲਿਆ ਏਸੇ ਵਿਚੋਂ, ਏੇਸੇ ਵਿਚੋਂ ਵਾਰਿਸ ਵੀ,
ਧਾਰਾਂ ਮਿਲੀਆਂ ਏੇਸੇ ਵਿਚੋਂ, ਮੇਰੀ ਮਾਂ ਪੰਜਾਬੀ ਏ।
ਵਾਰਿਸ ਸ਼ਾਹ ਨੇ ਹੀਰ ਲਿਖ ਕੇ ਜੋ ਇੱਜ਼ਤ ਪੰਜਾਬੀ ਨੂੰ ਦਿੱਤੀ ਉਹਦੀ ਮਿਸਾਲ ਲੱਭਣੀ ਔਖੀ ਹੈ। ਉਸਦੇ ਲਿਖੇ ਬੰਦ ਲੋਕ ਕਹਾਵਤਾਂ ਬਣ ਕੇ ਲੋਕਾਂ ਨੇ ਦਿਲਾਂ ਵਿਚ ਸਾਂਭੇ ਹੋਏ ਹਨ-
ਵਾਰਿਸ਼ ਸ਼ਾਹ ਲੁਕਾਈਏ ਜੱਗ ਕੋਲੋਂ
ਭਾਵੇਂ ਆਪਣਾ ਹੀ ਗੁੜ ਖਾਈਏ ਜੀ।

ਬਾਬੂ ਫੀਰੋਜ਼ ਦੀਨ ਸ਼ਰਫ ਲਿਖਦੇ ਹਨ:
ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ
ਬੋਲੀ ਆਪਣੀ ਨਾਲ ਪਿਆਰ ਰੱਖਾਂ
ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ।

ਅਵਾਮੀ ਸ਼ਾਇਰ ਬਾਬੂ ਰਜਬ ਅਲੀ ਲਿਖਦੇ ਹਨ:
ਖੰਡ ਤੋਂ ਮਿਠੀ ਬੋਲੀ ਪਿਆਰੇ ਵਤਨ ਪੰਜਾਬ ਦੀ।
ਮੁੱਖ ’ਚੋਂ ਲਪਟਾਂ ਮਾਰਨ ਜੈਸੇ ਅਤਰ ਗੁਲਾਬ ਦੀ।
ਕੈਲੇਫੋਰਨੀਆ, ਵਸਦਾ ਪੰਜਾਬੀ ਸ਼ਾਇਰ ਹਰਜਿੰਦਰ ਕੰਗ ਲਿਖਦਾ ਹੈ:-
ਅੱਖਰਾਂ ’ਚ ਲਹੂ ਦੀ ਕਹਾਣੀ ਘੁਲੀ ਹੋਈ ਏ
ਸਾਡੀ ਬੋਲੀ ਵਿਚ ਸੱਚੀ ਬਾਣੀ ਘੁਲੀ ਹੋਈ ਏ।

ਪਰ ਅੱਜ ਅਸੀਂ ਪੰਜਾਬੀ ਖੁਦ ਆਪਣੀ ਮਾਂ ਬੋਲੀ ਤੋਂ ਮੁਨਕਰ ਹੁੰਦੇ ਜਾ ਰਹੇ ਹਾਂ। ਬੱਚਿਆਂ ਨਾਲ ਹਿੰਦੀ ਅਤੇ ਅੰਗਰੇਜ਼ੀ ਬੋਲ ਬੋਲ ਕੇ ਇਸ ਦਾ ਸੱਤਿਆਨਾਸ ਕਰ ਰਹੇ ਹਾਂ। ਇਸ ਨੂੰ ਗਵਾਰਾਂ ਦੀ ਭਾਸ਼ਾ ਕਹਿ ਕੇ ਇਸ ਦਾ ਨਿਰਾਦਰ ਕਰ ਰਹੇ ਹਾਂ। ਭਲਾ ਮਾਂ ਬੋਲੀ ਦੀ ਥਾਂ ਵੀ ਕੋਈ ਲੈ ਸਕਦਾ ਹੈ? ਕਦੇ ਵੀ ਨਹੀਂ। ਦੁਨੀਆ ਦੇ ਸਾਰੇ ਵੱਡੇ ਲੇਖਕਾਂ ਨੇ ਆਪਣੀ ਮਾਂ ਬੋਲੀ ਨੂੰ ਤਰਜੀਹ ਦਿੱਤੀ ਹੈ। ਅੱਜ ਪੰਜਾਬ ਵਿਚ ਜਾ ਕੇ ਦੇਖੋ ਸਰਕਾਰੀ ਸਕੂਲ ਬੰਦ ਕੀਤੇ ਜਾ ਰਹੇ ਹਨ। ਜਿਹੜੇ ਬੱਚੇ ਉਥੇ ਪੜ੍ਹਦੇ ਹਨ, ਉਹ ਦੂਜੇ ਸੂਬਿਆਂ ਵਿਚੋਂ ਮਜ਼ਦੂਰੀ ਕਰਨ ਆਏ ਕਾਮਿਆਂ ਦੇ ਹੀ ਹਨ। ਸਾਡੇ ਬੱਚੇ ਮਹਿੰਗੇ ਪ੍ਰਾਈਵੇਟ ਸਕੂਲਾਂ ਵਿਚ ਪੜ੍ਹਦੇ ਹਨ। ਉਨ੍ਹਾਂ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਇੱਥੋਂ ਤਕ ਕਿ ਸਰਕਾਰੀ ਅਧਿਆਪਾਕ ਖੁਦ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਤੋਂ ਮੁਨਕਰ ਹਨ। ਸਰਕਾਰਾਂ ਦਾ ਰਵੱਈਆਂ ਅੱਖਾਂ ਬੰਦ ਕਰ ਕੇ ਕੰਨੀ ਕਤਰਾਉਣ ਵਾਲਾ ਹੈ। ਅੱਜ ਜਿੰਨੀ ਬੇਕਦਰੀ ਪੰਜਾਬੀ ਦੀ ਸਾਡੇ ਪੰਜਾਬ ਵਿਚ ਹੋ ਰਹੇ ਰਹੀ ਹੈ। ਉਹ ਸ਼ਾਇਦ ਕਿਤੇ ਵੀ ਨਹੀਂ। ਅੱਜ ਕੈਨੇਡਾ, ਇੰਗਲੈਂਡ ਤੇ ਆਸਟ੍ਰੇਲੀਆ ਵਰਗੇ ਮੁਲਕ ਪੰਜਾਬੀ ਨੂੰ ਬਣਦਾ ਸਤਿਕਾਰ ਦੇ ਰਹੇ ਹਨ ਪਰ ਸਾਡਾ ਪੰਜਾਬ ਇਸ ਤੋਂ ਅਵੇਸਲਾ ਹੈ। ਲਹਿੰਦੇ ਪੰਜਾਬ ਦਾ ਸ਼ਾਇਰ ਹਬੀਬ ਜਾਲਿਬ ਤਾਂ ਹੀ ਤਾਂ ਕਹਿੰਦਾ ਹੈ…
ਪੁੱਤਰਾਂ ਤੇਰੀ ਚਾਦਰ ਲਾਹੀ।
ਹੋਰ ਕਿਸੇ ਦਾ ਦੋਸ਼ ਨਾ ਮਾਈ।
ਕਵੀ ਧਨੀ ਰਾਮ ਚਾੜ੍ਰਿਕ ਜੀ ਲਿਖਦੇ ਹਨ:
ਜਾਗੋ ਵੇ ਮੇਰਿਓ ਸ਼ੇਰੋ ਵੇ, ਕਿਉਂ ਦੇਰ ਲਗਾਈ ਵੇ।
ਮੈਂ ਲੁੱਟ ਲਈ ਦਿਨ ਦੀਵੀਂ ਵੇ, ਕੋਈ ਸੁਣੋ ਦੁਹਾਈ ਵੇ।
ਬਾਬੇ ਨਾਨਕ ਦੀ ਵਡਿਆਈ, ਬੁੱਲੇ ਨੇ ਮੈਥੋਂ ਪਾਈ ਏ।
ਅਵਤਾਰਾਂ ਪੀਰਾਂ ਫਕੀਰਾਂ ਦੀ ਮੈਂ ਤਖਤ ਬਹਾਈ ਏ।
ਪੰਜਾਬੀ ਨੂੰ ਅਣਡਿੱਠ ਕਰਨ ਵਾਲਿਆਂ ਨੂੰ ਬਾਪੂ ਰਜਬ ਅਲੀ ਨੇ ਵੀ ਤਾਅਨੇ ਮਾਰੇ ਹਨ! –
ਮਾਦਰੀ ਜੁਬਾਨ ਛੱਡ ਗੈਰਾਂ ਦੇ ਮਗਰ ਲੱਗਾ,
ਏਦੂੰ ਵੱਧ ਬੇਵਕੂਫੀ ਕਿਹੜੀ ਗੱਲ ਪਾਪ ਦੀ।
ਬਾਬੂ ਜੀ ਪੰਜਾਬੀ ਫਿਰੇ ਸਿੱਖਦਾ ਜੁਬਾਨਾਂ ਹੋਰ
ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ
ਇਸੇ ਤਰ੍ਹਾਂ ਕਵੀ ਹਰਵਿੰਦਰ ਚੰਡੀਗੜ੍ਹ ਆਪਣੇ ਇਕ ਗੀਤ ਰਾਹੀਂ ਆਪਣਾ ਇਤਰਾਜ਼ ਜ਼ਾਹਿਰ ਕਰਦਾ ਹੈ:
ਜਿਹੜੀ ਦਿੰਦੀ ਸੀ ਅਸੀਸ ਸੁੱਚੇ ਸ਼ਬਦਾਂ ਦੇ ਨਾਲ
ਮੇਰੇ ਸਾਹਮਣੇ ਉਹ ਮਾਂ ਬੋਲੀ ਮਰੀ ਜਾਂਦੀ ਆ
ਜਿਹੜੀ ਆਖਦੀ ਸੀ ਜਿਊਂਦਾ ਰਵੇਂ ਜਿਊਣ-ਜੋਗਿਆ
ਮੇਰੇ ਸਾਹਮਣੇ ਹੀ ਮਾਂ ਉਹੋ ਮਰੀ ਜਾਂਦੀ ਆ।

ਜੇ ਪੰਜਾਬੀ ਬੋਲੀ ਦਾ ਆਉਣ ਵਾਲਾ ਕੱਲ੍ਹ ਅਸੀਂ ਸੁਨਹਿਰਾ ਦੇਖਣਾ ਚਾਹੁੰਦੇ ਹਾਂ ਹਾਂ ਤਾਂ ਸਾਨੂੰ ਖੁਦ ਹੀ ਪਹਿਲ ਕਰਨੀ ਪਏਗੀ। ਪਹਿਲ ਕਰਨੀ ਪਏਗੀ ਆਪਣੇ ਘਰ ਤੋਂ, ਆਪਣੇ ਬੱਚਿਆਂ ਤੋਂ, ਆਪਣੇ ਆਂਢ-ਗੁਆਂਢ ਤੋਂ, ਆਪਣੇ ਆਲੇ ਦੁਆਲੇ ਤੋਂ। ਇਹ ਪੱਕਾ ਨਿਰਣਾ ਕਰ ਲੈਣਾ ਚਾਹੀਦਾ ਹੈ ਕਿ ਅਸੀਂ ਘਰ ਵਿਚ ਆਪਣੇ ਬੱਚਿਆਂ ਨਾਲ ਸਿਰਫ ਤੇ ਸਿਰਫ ਪੰਜਾਬੀ ਵਿਚ ਹੀ ਗੱਲ ਕਰਾਂਗੇ। ਆਪਣੇ ਘਰ ਵਿਚ ਪੰਜਾਬੀ ਕਿਤਾਬਾਂ ਦੀ ਸੁੰਦਰ ਲਾਇਬ੍ਰੇਰੀ ਬਣਾਈਏ। ਭਾਈ ਕਾਹਨ ਸਿੰਘ ਨਾਭਾ ਦੇ ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ‘ਮਹਾਨ ਕੋਸ਼’ ਅਣਮੋਲ ਖਜ਼ਾਨਾ ਹੈ। ਘੱਟੋ ਘੱਟ ਇਸ ਦੀ ਇਕ ਕਾਪੀ ਤਾਂ ਹਰ ਪੰਜਾਬੀ ਦੇ ਘਰ ਵਿਚ ਹੋਣੀ ਬੇਹੱਦ ਜ਼ਰੂਰੀ ਹੈ। ਸਾਡੇ ਸੋਹਣੇ ਘਰ ਇਸ ਨਾਲ ਹੋਰ ਵੀ ਖੂਬਸੂਰਤ ਲੱਗਣਗੇ। ਸਾਡੀ ਅਗਲੀ ਪੀੜ੍ਹੀ ਇਸ ਉੱਪਰ ਮਾਣ ਕਰਿਆ ਕਰੇਗੀ।
ਇਸ ਦਾ ਮਤਲਬ ਇਹ ਵੀ ਨਾ ਸਮਝਿਆ ਜਾਵੇ ਕਿ ਅੱਜ ਸਾਰੇ ਪੰਜਾਬੀ ਪਿਆਰੇ ਮੁੱਕ ਗਏ ਹਨ। ਇਸ ਦਾ ਬੀਜ ਨਾਸ਼ ਨਹੀਂ ਹੋਇਆ। ਅੱਜ ਚੜ੍ਹਦੇ ਤੇ ਲਹਿੰਦੇ ਪੰਜਾਬ ਵਿਚ ਇਸ ਨੂੰ ਬਣਦੀ ਥਾਂ ਦੁਆਉਣ ਲਈ ਹੰਭਲੇ ਸਾਰੇ ਜਾ ਰਹੇ ਹਨ। ਲਹਿੰਦੇ ਪੰਜਾਬ ਦਾ ਅਵਾਮੀ ਸ਼ਾਇਰ ਬਾਬਾ ਨਜ਼ਮੀ ਲਿਖਦਾ ਹੈ-
ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।
ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ ਪੰਜਾਬੀ ਦਾ।
ਮਨ ਦਾ ਮਾਸ ਖਵਾ ਦਿੰਦਾ ਏ, ਜਿਹੜਾ ਏਹਨੂੰ ਪਿਆਰ ਕਰੇ
ਕੋਈ ਵੀ ਜਬਰਨ ਕਰ ਨਹੀਂ ਸਕਦਾ ਵਿੰਗਾ ਵਾਲ ਪੰਜਾਬੀ ਦਾ।
21 ਫਰਵਰੀ ਕੌਮਾਂਤਰੀ ਮਾਂ ਬੋਲੀ ਦਿਹਾੜਾ ਹੈ। ਇਸ ਦਿਹਾੜੇ `ਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਪੰਜਾਬੀ ਨੂੰ ਆਪਣੀ ਮਾਂ ਜਿੰਨਾ ਹੀ ਆਦਰ ਮਾਣ ਦਈਏ। ਹੋਰ ਬੋਲੀਆਂ ਜਿੰਨੀਆਂ ਵੀ ਹੋ ਸਕਣ ਸਿੱਖੀਏ। ਆਪਣੇ ਮੱਥੇ ਦੀ ਲੋਅ ਹੋਰ ਵੀ ਰੁਸ਼ਨਾਈਏ ਪਰ ਆਪਣੀ ਮਾਂ ਬੋਲੀ ਨੂੰ ਗੁਰੂਆਂ, ਪੀਰਾਂ ਫਕੀਰਾਂ ਦੀ ਬੋਲੀ ਨੂੰ ਮਾਂ ਜਿੰਨਾ ਹੀ ਪਿਆਰ ਕਰੀਏ। ਲਹਿੰਦੇ ਪੰਜਾਬ ਦਾ ਸ਼ਾਇਰ ਆਸ਼ਕ ਲਾਹੌਰ ਲਿਖਦਾ ਹੈ:
ਇਸ ਵਿਚ ਪੜ੍ਹ ਤੂੰ ਇਸ ਵਿਚ ਲਿਖ ਤੂੰ,
ਇਸ ਵਿਚ ਕਰ ਤਕਰੀਰਾਂ।
ਮਾਂ ਬੋਲੀ ਦਾ ਪੱਲਾ ਫੜੇ ਲੈ,
ਬਣ ਜਾਸਨ ਤਕਦੀਰਾਂ।
ਬਣ ਜਾਸਨ ਤਕਦੀਰਾਂ।