ਹਿੰਡਨਬਰਗ ਰਿਪੋਰਟ ਅਤੇ ਅਡਾਨੀ ਬਾਰੇ ਡਟ ਕੇ ਲਿਖਣ ਵਾਲੇ ਪੱਤਰਕਾਰ ਠਾਕੁਰਤਾ ਨੇ ਚੁੱਪ ਤੋੜੀ

ਪੇਸ਼ਕਸ਼: ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਅਹਿਮਦਾਬਾਦ ਦੀ ਇਕ ਅਦਾਲਤ ਵੱਲੋਂ ਉੱਘੇ ਪੱਤਰਕਾਰ ਪਰੰਜੋਏ ਗੁਹਾ ਠਾਕੁਰਤਾ ਨੂੰ ਹੁਕਮ ਸੁਣਾਇਆ ਗਿਆ ਸੀ ਕਿ ਉਹ ਕੁਝ ਵੀ ਐਸਾ ਬੋਲੇਗਾ ਜਾਂ ਲਿਖੇਗਾ ਨਹੀਂ ਜੋ ਅਡਾਨੀ ਸਮੂਹ ਦੇ ਹਿਤਾਂ ਦੇ ਵਿਰੁੱਧ ਜਾ ਸਕਦਾ ਹੋਵੇ। ਅਦਾਲਤ ਦੁਆਰਾ ਇਉਂ ਜ਼ਬਾਨਬੰਦੀ ਦਾ ਫਰਮਾਨ ਸੁਣਾਉਣ ਤੋਂ ਢਾਈ ਸਾਲ ਬਾਅਦ ਪਰੰਜੋਏ ਗੁਹਾ ਠਾਕੁਰਤਾ ਨੇ ਆਪਣੀ ਚੁੱਪ ਤੋੜੀ ਹੈ। ਹਿੰਡਨਬਰਗ ਰਿਸਰਚ ਰਿਪੋਰਟ ਜਿਸ ਨਾਲ ਅਡਾਨੀ ਸਮੂਹ ਦੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਭੂਚਾਲ ਆ ਗਿਆ ਅਤੇ ਜਿਸ ਨੇ ਕਾਰਪੋਰੇਟ ਗਵਰਨੈਂਸ ਵਿਚ ਭਾਰਤੀ ਇਮਾਨਦਾਰੀ ਦਾ ਪਾਜ ਕੌਮਾਂਤਰੀ ਪੱਧਰ ‘ਤੇ ਉਘੇੜ ਦਿੱਤਾ, ਵਿਚ ਪਰੰਜੋਏ ਗੁਹਾ ਠਾਕੁਰਤਾ ਦਾ ਪ੍ਰਮੁੱਖਤਾ ਨਾਲ ਜ਼ਿਕਰ ਕੀਤਾ ਗਿਆ ਹੈ। ਇਥੇ ਅਸੀਂ ‘ਦਿ ਟੈਲੀਗ੍ਰਾਫ’ ਦੀ ਪਰੰਜੋਏ ਗੁਹਾ ਠਾਕੁਰਤਾ ਨਾਲ ਹੋਈ ਗੱਲਬਾਤ ਦੇ ਅੰਸ਼ ਪੇਸ਼ ਕਰ ਰਹੇ ਹਾਂ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ।

ਸਵਾਲ: ਅਡਾਨੀ ਸਮੂਹ ਵਿਚ ਤੁਹਾਡੀ ਦਿਲਚਸਪੀ ਕਿਸ ਚੀਜ਼ ਨੇ ਪੈਦਾ ਕੀਤੀ?
ਪਰੰਜੋਏ ਗੁਹਾ ਠਾਕੁਰਤਾ: ਮੈਂ ਅਡਾਨੀ ਸਮੂਹ ਬਾਰੇ ਲਿਖਣਾ ਸ਼ੁਰੂ ਕੀਤਾ ਕਿਉਂਕਿ ਮੈਂ ਕਾਰਪੋਰੇਟ ਸੈਕਟਰ, ਅਰਥ-ਵਿਵਸਥਾ ਬਾਰੇ ਲਿਖਦਾ ਹਾਂ – ਬਤੌਰ ਪੱਤਰਕਾਰ ਮੇਰੀ ਦਿਲਚਸਪੀ ਦਾ ਖੇਤਰ ਸਿਆਸੀ ਆਰਥਿਕਤਾ ਹੈ। ਮੈਂ 45 ਸਾਲਾਂ ਤੋਂ ਪੱਤਰਕਾਰ ਹਾਂ ਅਤੇ ਹੁਣ ਮੈਂ 67 ਸਾਲਾਂ ਦਾ ਹਾਂ। ਅਡਾਨੀ ਸਮੂਹ ਦਾ ਉਭਾਰ ਸੱਚਮੁੱਚ ਅਸਾਧਾਰਨ ਰਿਹਾ ਹੈ। 20 ਸਾਲ ਪਹਿਲਾਂ ਅਡਾਨੀ ਗਰੁੱਪ ਬਾਰੇ ਬਹੁਤ ਘੱਟ ਲੋਕ ਜਾਣਦੇ ਸਨ। 10 ਦਿਨ ਪਹਿਲਾਂ ਤੱਕ ਉਹ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਆਦਮੀ ਅਤੇ ਏਸ਼ੀਆ ਦਾ ਸਭ ਤੋਂ ਅਮੀਰ ਆਦਮੀ ਸੀ। ਹੁਣ, ਉਸ ਦੀਆਂ ਸੂਚੀਬੱਧ ਕੰਪਨੀਆਂ ਦੇ ਸ਼ੇਅਰ ਲੁੜਕਣ ਤੋਂ ਬਾਅਦ ਉਹ ਉਸ ਮੁਕਾਮ ਤੋਂ ਹੇਠਾਂ ਆ ਡਿਗਿਆ ਹੈ। ਲਿਹਾਜ਼ਾ, ਜੇਕਰ ਅਡਾਨੀ ਸਮੂਹ ਦਾ ਉਭਾਰ ਹੈਰਾਨੀਜਨਕ ਰਿਹਾ ਹੈ ਤਾਂ ਇਸ ਦਾ ਪਤਨ ਤਾਂ ਹੋਰ ਵੀ ਹੈਰਾਨੀਜਨਕ ਰਿਹਾ ਹੈ। 24 ਜਨਵਰੀ ਨੂੰ ਹਿੰਡਨਬਰਗ ਰਿਸਰਚ ਰਿਪੋਰਟ ਦੇ ਖ਼ੁਲਾਸੇ ਹੋਣ ਤੋਂ ਪਹਿਲਾਂ ਮੇਰੇ ਸਮੇਤ ਸਾਡੇ ਵਿਚੋਂ ਬਹੁਤ ਘੱਟ ਲੋਕਾਂ ਨੇ ਕਦੇ ਕਲਪਨਾ ਕੀਤੀ ਹੋਵੇਗੀ ਕਿ ਅਡਾਨੀ ਸਮੂਹ ਦਾ ਵਾਧਾ ਜਾਰੀ ਨਹੀਂ ਰਹੇਗਾ।
ਸਵਾਲ: ਅਡਾਨੀ ਸਮੂਹ ਦਾ ਹੋਰ ਬਹੁਤ ਸਾਰੇ ਭਾਰਤੀ ਕਾਰਪੋਰੇਟਾਂ ਤੋਂ ਵੱਖਰਾ ਕੀ ਹੈ?
ਪਰੰਜੋਏ ਗੁਹਾ ਠਾਕੁਰਤਾ: ਜੋ ਦਰਅਸਲ ਅਸਾਧਾਰਨ ਹੈ, ਉਹ ਹੈ ਅਡਾਨੀ ਸਮੂਹ ਦਾ ਭਾਰਤੀ ਅਰਥਚਾਰੇ ਦੇ ਬਹੁਤ ਸਾਰੇ ਖੇਤਰਾਂ ਅਤੇ ਹਿੱਸਿਆਂ ‘ਤੇ ਦਬਦਬਾ ਬਣਾਉਣ ਦਾ ਤਰੀਕਾ। ਇਹ ਭਾਰਤ ਵਿਚ ਸਭ ਤੋਂ ਵੱਡਾ ਵਪਾਰਕ ਬੰਦਰਗਾਹ ਅਪਰੇਟਰ ਹੈ। ਇਹ ਭਾਰਤ ਦੇ ਪੱਛਮੀ ਅਤੇ ਪੂਰਬੀ ਤੱਟ ਦੇ ਨਾਲ ਇਕ ਦਰਜਨ ਬੰਦਰਗਾਹਾਂ ਦਾ ਸੰਚਾਲਨ ਕਰਦਾ ਹੈ। ਕੌਮਾਂਤਰੀ ਪੱਧਰ ‘ਤੇ ਇਸ ਕੋਲ ਇਜ਼ਰਾਈਲ ਵਿਚ ਹਾਇਫ਼ਾ ਬੰਦਰਗਾਹ ਅਤੇ ਆਸਟਰੇਲੀਆ ਵਿਚ ਐਬੋਟ ਪੁਆਇੰਟ ਬੰਦਰਗਾਹ ਹੈ।
ਅਡਾਨੀ ਨਿੱਜੀ ਖੇਤਰ ਦੇ ਸਭ ਤੋਂ ਵੱਡੇ ਏਅਰਪੋਰਟ ਅਪਰੇਟਰਾਂ ਵਿਚੋਂ ਇਕ ਹੈ, ਇਹ ਸੀ.ਆਈ.ਐੱਲ. (ਕੋਲ ਇੰਡੀਆ ਲਿਮਟਿਡ) ਤੋਂ ਬਾਅਦ ਕੋਲਾ ਖਾਣਾਂ ਦਾ ਦੂਜਾ ਸਭ ਤੋਂ ਵੱਡਾ ਅਪਰੇਟਰ ਹੈ; ਇੰਡੋਨੇਸ਼ੀਆ ਅਤੇ ਆਸਟਰੇਲੀਆ ਵਿਚ ਇਸ ਦੀਆਂ ਖਾਣਾਂ ਹਨ। ਇਹ ਭਾਰਤ ਲਈ ਕੋਲੇ ਦਾ ਸਭ ਤੋਂ ਵੱਡਾ ਆਯਾਤ ਕਰਤਾ ਹੈ, ਇਹ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਤੋਂ ਬਾਅਦ ਕੋਲੇ ਤੋਂ ਬਿਜਲੀ ਬਣਾਉਣ ਵਾਲਾ ਦੂਜਾ ਸਭ ਤੋਂ ਵੱਡਾ ਉਤਪਾਦਨ ਕਰਤਾ ਹੈ।… 15 ਸਾਲ ਪਹਿਲਾਂ ਅਡਾਨੀ ਸਮੂਹ ਕੱਟ ਕੇ ਪਾਲਿਸ਼ ਕੀਤੇ ਹੀਰਿਆਂ ਦਾ ਸਭ ਤੋਂ ਵੱਡਾ ਕਾਰੋਬਾਰੀ ਵੀ ਹੁੰਦਾ ਸੀ – ਇਸ ਖੇਤਰ ਦੇ ਹਿਤ ਇਸ ਨੇ ਜਤਿਨ ਮਹਿਤਾ ਦੇ ਵਿੰਸਮ ਡਾਇਮੰਡਜ਼ ਸਮੇਤ ਹੋਰ ਕਾਰੋਬਾਰੀਆਂ ਦੇ ਹਵਾਲੇ ਕਰ ਦਿੱਤੇ ਜੋ ਵਿਨੋਦ ਅਡਾਨੀ ਦੀ ਧੀ (ਵਿਨੋਦ ਗੌਤਮ ਅਡਾਨੀ ਦਾ ਭਰਾ ਹੈ) ਦਾ ਸਹੁਰਾ, ਯਾਨੀ ਉਸ ਦਾ ਕੁੜਮ ਹੈ। ਜਤਿਨ ਮਹਿਤਾ ਇਸ ਸਮੇਂ ਮੁਲਕ ਤੋਂ ਬਾਹਰ ਹੈ। ਵਿੰਸਮ ਡਾਇਮੰਡਜ਼ ਬੈਂਕਾਂ ਦੇ ਡੁੱਬੇ ਹੋਏ ਕਰਜ਼ਿਆਂ ਦੇ ਮਾਮਲੇ ‘ਚ ਸਭ ਤੋਂ ਵੱਡੇ ਕਰਜ਼ਾਈਆਂ ‘ਚੋਂ ਹੈ।
ਸਵਾਲ: ਤੁਸੀਂ ਅਡਾਨੀ ਗਰੁੱਪ ਬਾਰੇ ਪਹਿਲੀ ਵਾਰ ਕਦੋਂ ਲਿਖਿਆ?
ਪਰੰਜੋਏ ਗੁਹਾ ਠਾਕੁਰਤਾ: 2015 ਵਿਚ ਮੇਰਾ ਲੇਖ ਉਸ ਸਮੱਗਰੀ ਦਾ ਸੰਗ੍ਰਹਿ ਸੀ ਜੋ ਪਹਿਲਾਂ ਹੀ ਜਨਤਕ ਖੇਤਰ ਵਿਚ ਸਨ। ਪਹਿਲਾ ਲੇਖ ਜਿਸ ਨੂੰ ਕੋਈ ਨਿਵੇਕਲਾ ਕਹਿ ਸਕਦਾ ਹੈ, ਉਹ ਅਪਰੈਲ 2016 ਵਿਚ ਛਪਿਆ ਜਦੋਂ ਮੈਂ ਇਕਨਾਮਿਕ ਐਂਡ ਪੋਲੀਟੀਕਲ ਵੀਕਲੀ (ਈ.ਪੀ.ਡਬਲਿਊ.) ਦਾ ਸੰਪਾਦਕ ਸੀ। ਮੈਂ ਈ.ਪੀ.ਡਬਲਿਊ. ਵਿਚ ਕਈ ਲੇਖ ਲਿਖੇ ਜਿਸ ਵਿਚ ਇਸ ਗਰੁੱਪ ਉੱਪਰ ਕੱਟ ਕੇ ਪਾਲਿਸ਼ ਕੀਤੇ ਹੀਰਿਆਂ ਦੇ ਕਾਰੋਬਾਰ ਦੇ ਲਾਭਾਂ ਦੀ ਦੁਰਵਰਤੋਂ, ਪਾਵਰ ਦੀ ਕੀਮਤ ਦੇ ਦੋਸ਼ ਸ਼ਾਮਲ ਹਨ। ਮੈਂ ਜੋ ਆਖ਼ਰੀ ਲੇਖ ਈ.ਪੀ.ਡਬਲਿਊ. ਲਈ ਜੂਨ 2017 ਵਿਚ ਲਿਖਿਆ, ਉਹ ਐੱਸ.ਈ.ਜ਼ੈੱਡ. (ਵਿਸ਼ੇਸ਼ ਆਰਥਕ ਖੇਤਰਾਂ) ਵਿਚ ਬਿਜਲੀ ਪ੍ਰੋਜੈਕਟਾਂ ਨਾਲ ਸੰਬੰਧਿਤ ਨਿਯਮਾਂ ਵਿਚ ਫੇਰ-ਬਦਲ ਨਾਲ ਸੰਬੰਧਿਤ ਸੀ… ਇਸ ਵਿਚ ਇਸ ਬਾਰੇ ਵੀ ਗੱਲ ਕੀਤੀ ਗਈ ਸੀ ਕਿ ਕਿਵੇਂ ਸਰਕਾਰ – ਵਿੱਤ ਮੰਤਰਾਲਾ ਅਤੇ ਵਣਜ ਮੰਤਰਾਲਾ – 500 ਕਰੋੜ ਰੁਪਏ ਤੋਂ ਵੱਧ ਦੀ ਕਸਟਮ ਡਿਊਟੀ ਵਾਪਸ ਦੇਣ ਲਈ ਅਰਜ਼ੀ ‘ਤੇ ਕਾਰਵਾਈ ਕਰ ਰਹੇ ਸਨ, ਇਹ ਜਾਂਚ ਕੀਤੇ ਬਿਨਾ ਕਿ ਡਿਊਟੀ ਦਾ ਭੁਗਤਾਨ ਕੀਤਾ ਗਿਆ ਹੈ ਜਾਂ ਨਹੀਂ। ਮਾਮਲਾ ਸੰਸਦ ਤੱਕ ਪਹੁੰਚ ਗਿਆ।
ਸਵਾਲ: ਤੁਸੀਂ ਇਸ ਤੋਂ ਥੋੜ੍ਹੀ ਦੇਰ ਬਾਅਦ ਈ.ਪੀ.ਡਬਲਿਊ. ਤੋਂ ਅਸਤੀਫ਼ਾ ਦੇ ਦਿੱਤਾ ਸੀ?
ਪਰੰਜੋਏ ਗੁਹਾ ਠਾਕੁਰਤਾ: ਜਿਵੇਂ ਤੁਸੀਂ ਜਾਣਦੇ ਹੋ, ਮੈਂ ਜੁਲਾਈ 2017 ਵਿਚ ਅਸਤੀਫ਼ਾ ਦੇ ਦਿੱਤਾ ਸੀ ਜਦੋਂ ਈ.ਪੀ.ਡਬਲਿਊ. ਦੇ ਟਰੱਸਟੀ ਬੋਰਡ ਨੇ ਕਿਹਾ ਕਿ ਮੈਨੂੰ ਆਪਣੇ ਨਾਮ ‘ਤੇ ਲੇਖ ਨਹੀਂ ਲਿਖਣੇ ਚਾਹੀਦੇ ਕਿਉਂਕਿ ਮੈਥੋਂ ਪਹਿਲੇ ਸੰਪਾਦਕ ਇਹੀ ਕਰਦੇ ਰਹੇ ਸਨ। ਮੈਨੂੰ ਦੱਸਿਆ ਗਿਆ ਕਿ ਉਹ ਮੇਰੇ ਨਾਲ ਸਹਿ-ਸੰਪਾਦਕ ਲਗਾਉਣ ਬਾਰੇ ਸੋਚ ਰਹੇ ਹਨ; ਕਿ ਮੈਂ ਵੱਕਾਰੀ ਪ੍ਰਕਾਸ਼ਨ ਦੇ ਚਰਿੱਤਰ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਜੋ ਸੰਸਥਾ ਵਾਂਗ ਹੈ। ਮੈਨੂੰ ਦੱਸਿਆ ਗਿਆ ਕਿ ਮੈਂ ਪ੍ਰਕਾਸ਼ਕ, ਪ੍ਰਿੰਟਰ, ਲੇਖਕ ਅਤੇ ਲੇਖ ਦੇ ਸੰਪਾਦਕ ਨੂੰ ਭੇਜੇ ਗਏ ਕਾਨੂੰਨੀ ਨੋਟਿਸ ਦਾ ਜਵਾਬ ਦੇਣ ਲਈ ਵਕੀਲ ਦੀਆਂ ਸੇਵਾਵਾਂ ਬਿਨਾ ਫ਼ੀਸ ਦਿੱਤੇ ਲੈ ਕੇ ਗੰਭੀਰ ਗੈਰ-ਵਾਜਿਬ ਕੰਮ ਕੀਤਾ ਹੈ; ਤੇ ਆਖ਼ਰਕਾਰ ਮੈਨੂੰ ਵੈੱਬਸਾਈਟ ਤੋਂ ਲੇਖ ਹਟਾ ਦੇਣ ਅਤੇ ਲੇਖ ਨੂੰ ਹਟਾਏ ਜਾਣ ਤੱਕ ਕਮਰੇ ਤੋਂ ਬਾਹਰ ਨਾ ਜਾਣ ਲਈ ਕਿਹਾ ਗਿਆ। ਮੈਂ ਆਪਣੇ ਇਕ ਸਾਥੀ ਨੂੰ ਬੁਲਾਇਆ, ਲੇਖ ਹਟਾ ਦਿੱਤਾ, ਕਾਗਜ਼ ਲਿਆ ਅਤੇ ਆਪਣਾ ਅਸਤੀਫ਼ਾ ਲਿਖ ਦਿੱਤਾ।
ਸਵਾਲ: ਪਰ ਕੀ ਤੁਸੀਂ ਅਡਾਨੀ ਸਮੂਹ ਬਾਰੇ ਲਿਖਣਾ ਜਾਰੀ ਰੱਖਿਆ?
ਪਰੰਜੋਏ ਗੁਹਾ ਠਾਕੁਰਤਾ: ਈ.ਪੀ.ਡਬਲਿਊ. ਵੱਲੋਂ ਹਟਾਇਆ ਗਿਆ ਲੇਖ ‘ਦਿ ਵਾਇਰ’ (ਨਿਊਜ਼ ਪੋਰਟਲ) ਵੱਲੋਂ ਪ੍ਰਕਾਸ਼ਤ ਕੀਤਾ ਗਿਆ। ਪ੍ਰੋਫੈਸਰ ਅਮਰਤਿਆ ਸੇਨ ਅਤੇ ਉੱਘੇ ਵਿਦਵਾਨ ਨੌਮ ਚੌਮਸਕੀ ਸਮੇਤ ਕਈ ਲੋਕ ਮੇਰੀ ਹਮਾਇਤ ‘ਚ ਅੱਗੇ ਆਏ। ਇਸ ਤੋਂ ਬਾਅਦ ਅਡਾਨੀ ਗਰੁੱਪ ਬਾਰੇ ਮੇਰੇ ਲੇਖ ਵੱਡੇ ਪੱਧਰ ‘ਤੇ ਹੋਰ ਪ੍ਰਕਾਸਨਾਵਾਂ, ਖ਼ਾਸ ਤੌਰ ‘ਤੇ ਨਿਊਜ਼ਕਲਿੱਕ ਵਿਚ ਛਪੇ। ਮਈ 2018 ਵਿਚ ਮੈਂ ਨਿਊਜ਼ਕਲਿੱਕ ਦਾ ਸਲਾਹਕਾਰ ਬਣਿਆ।
ਸਵਾਲ: ਕੀ ਤੁਹਾਡੇ ਵਿਰੁੱਧ ਆਪਣਾ ਮੂੰਹ ਬੰਦ ਰੱਖਣ ਦਾ ਕੋਈ ਅਦਾਲਤੀ ਹੁਕਮ ਨਹੀਂ ਹੈ?
ਪਰੰਜੋਏ ਗੁਹਾ ਠਾਕੁਰਤਾ: ਮੈਂ ਭਾਰਤ ਦਾ ਇਕਲੌਤਾ ਨਾਗਰਿਕ ਹਾਂ ਜਿਸ ਦੇ ਖ਼ਿਲਾਫ਼ ਗੌਤਮ ਅਡਾਨੀ ਦੀ ਅਗਵਾਈ ਵਾਲੀਆਂ ਕੰਪਨੀਆਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਨੇ ਮਾਣਹਾਨੀ ਦੇ ਛੇ ਕੇਸ ਕੀਤੇ ਹੋਏ ਹਨ ਜੋ ਅਜੇ ਵੀ ਅਦਾਲਤਾਂ ‘ਚ ਚੱਲ ਰਹੇ ਹਨ। ਦੋ ਕੇਸ ਗੁਜਰਾਤ ਦੇ ਮੁੰਦਰਾ ਵਿਖੇ ਪਹਿਲੇ ਦਰਜੇ ਦੇ ਨਿਆਂਇਕ ਮੈਜਿਸਟਰੇਟ ਦੇ ਸਾਹਮਣੇ, ਦੋ ਅਹਿਮਦਾਬਾਦ, ਗੁਜਰਾਤ ਦੀਆਂ ਅਦਾਲਤਾਂ ਵਿਚ, ਇਕ ਰਾਜਸਥਾਨ ਦੇ ਬਾਰਨ ਜ਼ਿਲ੍ਹੇ ਵਿਚ ਅਤੇ ਇਕ ਦਿੱਲੀ ਵਿਚ ਦਾਇਰ ਹਨ।
ਸਤੰਬਰ 2020 ‘ਚ ਅਹਿਮਦਾਬਾਦ ਦੀਆਂ ਅਦਾਲਤਾਂ ਨੇ ਮੇਰੇ, ਮੇਰੇ ਸਹਿ-ਲੇਖਕ ਅਬੀਰ ਦਾਸਗੁਪਤਾ ਅਤੇ ਪ੍ਰਬੀਰ ਪੁਰਕਾਯਸਥ ਦੀ ਅਗਵਾਈ ਵਾਲੇ ਨਿਊਜ਼ਕਲਿੱਕ ਵਿਰੁੱਧ ਮੂੰਹ ਨਾ ਖੋਲ੍ਹਣ ਦਾ ਹੁਕਮ ਜਾਰੀ ਕੀਤਾ ਕਿ ਅਸੀਂ ਐਸੀ ਕੋਈ ਗੱਲ ਬੋਲ, ਕਹਿ ਜਾਂ ਲਿਖ ਨਹੀਂ ਸਕਦੇ ਜੋ ਗੌਤਮ ਅਡਾਨੀ ਅਤੇ ਉਸ ਦੇ ਸਮੂਹ ਦੇ ਹਿੱਤਾਂ ਦੇ ਵਿਰੁੱਧ ਜਾਂਦੀ ਹੋਵੇ।
ਇਕ ਲੇਖ ਐਸਾ ਸੀ ਜਿਸ ਨੂੰ ਮਾਣਹਾਨੀ ਤਾਂ ਮੰਨਿਆ ਗਿਆ ਪਰ ਲੇਖ ਦੀ ਸਮੱਗਰੀ ਨੂੰ ਚੁਣੌਤੀ ਨਹੀਂ ਦਿੱਤੀ ਗਈ। ਸਿਰਲੇਖ ਨੂੰ ਮਾਣਹਾਨੀ ਮੰਨਿਆ ਗਿਆ ਸੀ… ਇਹ ਤਿੰਨ ਲੇਖਾਂ ਦੀ ਲੜੀ ਵਿਚੋਂ ਆਖ਼ਰੀ ਸੀ। ਮੇਰੇ, ਮੇਰੇ ਸਾਥੀਆਂ ਅਤੇ ਨਿਊਜ਼ਕਲਿੱਕ ਉੱਪਰ ਦੋਸ਼ ਇਹ ਸੀ ਕਿ ਅਸੀਂ ਅਵਾਮ ਦੀਆਂ ਨਜ਼ਰਾਂ ‘ਚ ਨਿਆਂਪਾਲਿਕਾ ਦਾ ਮਾਣ ਘਟਾਇਆ ਹੈ। ਇਹ ਕੇਸ ਫ਼ਿਲਹਾਲ ਵਿਚਾਰ ਅਧੀਨ ਹੈ ਅਤੇ ਮੈਂ ਇਸ ਬਾਰੇ ਹੋਰ ਕੁਝ ਨਹੀਂ ਕਹਿ ਸਕਦਾ। ਹਾਲ ਹੀ ਵਿਚ ਰਾਜਸਥਾਨ ਵਾਲੇ ਕੇਸ ਵਿਚ ਸਾਡੇ ਵਿਚੋਂ ਕਈ ਜਣੇ ਬਾਰਨ ਜ਼ਿਲ੍ਹੇ ਦੇ ਗ੍ਰਾਮੀਣ ਨਿਆਲਿਆ ਵਿਚ ਮੈਜਿਸਟਰੇਟ ਦੇ ਸਾਹਮਣੇ ਜ਼ਮਾਨਤ ਬਾਂਡ ਅਤੇ ਜ਼ਮਾਨਤੀ ਬਾਂਡਾਂ ਲਈ ਜ਼ਮਾਨਤਾਂ ਦੇਣ ਲਈ ਪੇਸ਼ ਹੋਏ।
ਜੋ ਲੇਖ ਈ.ਪੀ.ਡਬਲਿਊ. ਵੱਲੋਂ ਹਟਾ ਦਿੱਤਾ ਗਿਆ ਸੀ, ਉਸ ਨੂੰ ਅਡਾਨੀ ਸਮੂਹ ਵੱਲੋਂ ਇਹ ਕਹਿੰਦੇ ਹੋਏ ਚੁਣੌਤੀ ਦਿੱਤੀ ਗਈ ਕਿ ਇਹ ਮਾਣਹਾਨੀ ਕਰਨ ਵਾਲਾ ਸੀ। ‘ਦਿ ਵਾਇਰ’ ਨੂੰ ਚਲਾਉਣ ਵਾਲੀਆਂ ਸੰਸਥਾਵਾਂ, ਮੇਰੇ ਸਹਿ-ਲੇਖਕਾਂ ਅਤੇ ਮੇਰੇ ਵਿਰੁੱਧ ਭੁਜ (ਗੁਜਰਾਤ) ਦੀ ਸਿਵਲ ਅਦਾਲਤ ਅਤੇ ਮੁੰਦਰਾ ਦੀ ਫ਼ੌਜਦਾਰੀ ਅਦਾਲਤ ਵਿਚ ਦਰਜ ਕਰਾਏ ਗਏ ਸਨ ਪਰ ਹੁਣ ਇਹ ਦੋਵੇਂ ਕੇਸ ਮੁੰਦਰਾ ਵਿਚ ਹਨ।
ਸਵਾਲ: ਕੀ ਤੁਹਾਨੂੰ ਗ੍ਰਿਫ਼ਤਾਰ ਕਰਨ ਦੀ ਕੋਈ ਕੋਸ਼ਿਸ਼ ਕੀਤੀ ਗਈ ਸੀ, ਜਿਵੇਂ ਹਿੰਡਨਬਰਗ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ? ਕੀ ਤੁਹਾਨੂੰ ਜੇਲ੍ਹ ਵਿਚ ਬੰਦ ਕੀਤਾ ਗਿਆ ਸੀ?
ਪਰੰਜੋਏ ਗੁਹਾ ਠਾਕੁਰਤਾ: ਜਨਵਰੀ 2021 ਵਿਚ ਜਦੋਂ ਮਹਾਮਾਰੀ ਚੱਲ ਰਹੀ ਸੀ, ਮੁੰਦਰਾ ਵਿਚ ਪਹਿਲੇ ਦਰਜੇ ਦੇ ਨਿਆਂਇਕ ਮੈਜਿਸਟਰੇਟ ਦੁਆਰਾ ਮੇਰੇ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਗਿਆ ਸੀ। ਮੇਰੇ ਵਕੀਲ ਨੇ ਦਲੀਲ ਦਿੱਤੀ ਕਿ ਇਹ ਗ਼ੈਰ-ਜ਼ਮਾਨਤੀ ਵਾਰੰਟ ਕਾਨੂੰਨ ਦੇ ਹਿਸਾਬ ਨਾਲ ਠੀਕ ਨਹੀਂ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਫ਼ੈਸਲਿਆਂ ਦਾ ਹਵਾਲਾ ਦਿੱਤਾ ਜਿੱਥੇ ਇਹ ਲਿਖਿਆ ਗਿਆ ਸੀ ਕਿ ਜੇਕਰ ਕੋਈ ਵਿਅਕਤੀ ਅਦਾਲਤ ਵਿਚ ਪੇਸ਼ ਹੋਣ ਵਿਚ ਅਸਫ਼ਲ ਰਹਿੰਦਾ ਹੈ ਤਾਂ ਤੁਸੀਂ ਜ਼ਮਾਨਤੀ ਵਾਰੰਟ ਜਾਰੀ ਕਰ ਸਕਦੇ ਹੋ। ਜੇਕਰ ਉਹ ਫਿਰ ਵੀ ਪੇਸ਼ ਨਹੀਂ ਹੁੰਦਾ ਹੈ ਤਾਂ ਅਦਾਲਤ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕਰ ਸਕਦੀ ਹੈ। ਇਹ ਮਾਮਲਾ ਈ.ਪੀ.ਡਬਲਿਊ. ਤੋਂ ਹਟਾਏ ਗਏ ਲੇਖ ਨਾਲ ਸੰਬੰਧਿਤ ਹੈ ਅਤੇ ਜਿਸ ਨੂੰ ਬਾਅਦ ਵਿਚ ‘ਦਿ ਵਾਇਰ’ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ।
ਮਈ 2019 ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਪਹਿਲਾਂ ਅਡਾਨੀ ਗਰੁੱਪ ਨੇ ਹੋਰ ਸਾਰਿਆਂ ‘ਦਿ ਵਾਇਰ’, ਮੇਰੇ ਤਿੰਨ ਸਹਿ-ਲੇਖਕਾਂ – ਵਿਰੁੱਧ ਕੇਸ ਵਾਪਸ ਲੈ ਲਏ ਪਰ ਮੈਂ ਇਕੱਲਾ ਵਿਅਕਤੀ ਹਾਂ ਜਿਸ ਦੇ ਖ਼ਿਲਾਫ਼ ਕੇਸ ਚੱਲ ਰਹੇ ਹੈ। ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਮੈਨੂੰ ਕਦੇ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।
ਸਵਾਲ: ਕੀ ਤੁਸੀਂ ਹਿੰਡਨਬਰਗ ਖੋਜ ਨਾਲ ਸਹਿਯੋਗ ਕੀਤਾ ਸੀ?
ਪਰੰਜੋਏ ਗੁਹਾ ਠਾਕੁਰਤਾ: ਰਿਪੋਰਟ ਆਉਣ ਤੋਂ ਪਹਿਲਾਂ ਮੈਂ ਇਸ ਬਾਰੇ ਕਦੇ ਨਹੀਂ ਸੁਣਿਆ; ਹਾਲਾਂਕਿ, ਇਸ ਰਿਪੋਰਟ ਨੂੰ ਜਿਸ ਦੇ 32000 ਸ਼ਬਦ ਹਨ, ਜੇਕਰ ਕਿਤਾਬ ਦੇ ਰੂਪ ਵਿਚ ਛਾਪਿਆ ਜਾਵੇ ਤਾਂ ਇਹ 150 ਪੰਨਿਆਂ ਦੀ ਕਿਤਾਬ ਬਣ ਸਕਦੀ ਹੈ। ਇਸ ਵਿਚ ਮੇਰੇ ਅਤੇ ਅਬੀਰ ਦਾਸਗੁਪਤਾ ਵਰਗੇ ਸੁਤੰਤਰ ਪੱਤਰਕਾਰਾਂ ਦੁਆਰਾ ਕੀਤੇ ਗਏ ਕੰਮ ਦੇ ਕਈ ਹਵਾਲੇ ਦਿੱਤੇ ਗਏ ਹਨ ਜਿਨ੍ਹਾਂ ਨਾਲ ਮੈਂ ਮਿਲ ਕੇ ਕੰਮ ਕੀਤਾ ਪਰ ਉਨ੍ਹਾਂ (ਹਿੰਡਨਬਰਗ) ਨੇ ਜ਼ਰੂਰ ਹੀ ਜਨਤਕ ਖੇਤਰ ਵਿਚ ਮੌਜੂਦ ਸਮੱਗਰੀ ਤੱਕ ਪਹੁੰਚ ਕੀਤੀ ਹੋਵੇਗੀ।
ਸਵਾਲ: ਕੀ ਤੁਸੀਂ ਅੱਜ ਹਿੰਡਨਬਰਗ ਰਿਸਰਚ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੀ ਗੱਲ ਸਹੀ ਸਾਬਤ ਹੋਈ ਹੈ?
ਪਰੰਜੋਏ ਗੁਹਾ ਠਾਕੁਰਤਾ: ਹਾਂ, ਮੈਂ ਕਰਦਾ ਹਾਂ।
ਸਵਾਲ: ਕੀ ਤੁਸੀਂ ਗੌਤਮ ਅਡਾਨੀ ਨੂੰ ਮਿਲੇ ਹੋ?
ਪਰੰਜੋਏ ਗੁਹਾ ਠਾਕੁਰਤਾ: ਮੈਂ ਗੌਤਮ ਅਡਾਨੀ ਨੂੰ ਦੋ ਮੌਕਿਆਂ ‘ਤੇ ਮਿਲਿਆ ਸੀ – ਮਈ 2017 ‘ਚ ਮੁੰਬਈ ਵਿਚ, ਤੇ ਫਿਰ ਫਰਵਰੀ 2021 ਵਿਚ। ਪਿੱਛੇ ਜਿਹੇ ਮੇਰੀ ਉਨ੍ਹਾਂ ਨਾਲ ਟੈਲੀਫ਼ੋਨ ਉੱਪਰ ਲੰਮੀ ਗੱਲਬਾਤ ਹੋਈ ਸੀ ਪਰ ਇਨ੍ਹਾਂ ਵਿਚੋਂ ਹਰ ਇੱਕ ਮੌਕੇ ‘ਤੇ ਮੇਰੇ ਨਾਲ ਇਸ ਸ਼ਰਤ ‘ਤੇ ਮੁਲਾਕਾਤ ਕੀਤੀ ਗਈ ਕਿ ਇਹ ਰਿਕਾਰਡ ਨਹੀਂ ਕੀਤੀ ਜਾਵੇਗੀ। ਮੈਂ ਉਹ ਗੱਲਬਾਤ ਰਿਕਾਰਡ ਨਹੀਂ ਕੀਤੀ। ਟੈਲੀਫੋਨ ਕਾਲ ਨੂੰ ਛੱਡ ਕੇ ਹਰ ਗੱਲਬਾਤ ਦੌਰਾਨ ਮੇਰੇ ਨਾਲ ਹੋਰ ਲੋਕ ਸਨ।
2017 ‘ਚ ਇਕ ਸਾਬਕਾ ਸਹਿਯੋਗੀ ਮੇਰੇ ਨਾਲ ਸੀ ਅਤੇ 2021 ‘ਚ ਗੌਤਮ ਅਡਾਨੀ ਤੇ ਮੇਰੀ ਪਤਨੀ ਸਮੇਤ ਅਸੀਂ ਕਮਰੇ ਵਿਚ ਪੰਜ ਜਣੇ ਸੀ। ਪਹਿਲੀ ਮੀਟਿੰਗ ਲੱਗਭੱਗ ਇਕ ਘੰਟਾ ਚੱਲੀ ਜਦੋਂ ਕਿ ਦੂਜੀ ਇਕ ਘੰਟਾ 55 ਮਿੰਟ ਤੱਕ ਚੱਲੀ। ਫ਼ੋਨ ਕਾਲ ਲੱਗਭੱਗ 15 ਮਿੰਟ ਚੱਲੀ।
ਸਵਾਲ: ਕੀ ਗੱਲਬਾਤ ਤੁਸੀਂ ਆਪ ਸ਼ੁਰੂ ਕੀਤੀ ਸੀ?
ਪਰੰਜੋਏ ਗੁਹਾ ਠਾਕੁਰਤਾ: ਪਹਿਲੀ ਮੁਲਾਕਾਤ ਮੇਰੇ ਕਹਿਣ ‘ਤੇ ਹੋਈ ਸੀ। ਦੂਜੀ ਮੇਰੇ ਵਕੀਲ ਆਨੰਦ ਯਾਗਨਿਕ ਵੱਲੋਂ ਸੀ ਜਿਸ ਨੇ ਇਸ ਉਮੀਦ ਨਾਲ ਮੁਲਾਕਾਤ ਕਰਵਾਈ ਸੀ ਕਿ ਅਦਾਲਤ ਤੋਂ ਬਾਹਰ ਸਮਝੌਤਾ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਆਖ਼ਰੀ ਫੋਨ ਕਾਲ ਮੇਰੇ ਵੱਲੋਂ ਕੇਸਾਂ ਨੂੰ ਵਾਪਸ ਲੈਣ ਦੀ ਬੇਨਤੀ ਸੀ।
ਸਵਾਲ: ਉਸ ਦਾ ਕੀ ਜਵਾਬ ਸੀ?
ਪਰੰਜੋਏ ਗੁਹਾ ਠਾਕੁਰਤਾ: ਉਸ ਨੇ ਕੋਈ ਵਾਅਦਾ ਨਹੀਂ ਕੀਤਾ। ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਕੇਸ ਅਜੇ ਵੀ ਚੱਲ ਰਹੇ ਹਨ।
ਸਵਾਲ: ਤੁਸੀਂ ਕਿਉਂਕਿ ਚੋਟੀ ਦੀਆਂ ਕੰਪਨੀਆਂ ਅਤੇ ਸਮੂਹਾਂ ਵਿਰੁੱਧ ਕਈ ਲੇਖ ਲਿਖੇ ਹਨ, ਕੀ ਤੁਹਾਨੂੰ ਪਹਿਲਾਂ ਵੀ ਅਦਾਲਤੀ ਕੇਸਾਂ ਦਾ ਸਾਹਮਣਾ ਕਰਨਾ ਪਿਆ?
ਪਰੰਜੋਏ ਗੁਹਾ ਠਾਕੁਰਤਾ: ਬਹੁਤ ਸਾਰੇ ਕਾਰਪੋਰੇਟਾਂ ਨੇ ਮੈਨੂੰ ਕਾਨੂੰਨੀ ਨੋਟਿਸ ਜ਼ਰੂਰ ਭੇਜੇ ਪਰ ਦਰਅਸਲ ਕੋਈ ਵੀ ਮੈਨੂੰ ਅਦਾਲਤ ਵਿਚ ਨਹੀਂ ਲੈ ਕੇ ਗਿਆ। ਦੋਵਾਂ ਅੰਬਾਨੀ ਭਰਾਵਾਂ ਦੀ ਅਗਵਾਈ ਵਾਲੇ ਕਾਰਪੋਰੇਟ ਅਦਾਰਿਆਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲਾਂ ਵੱਲੋਂ ਸਾਨੂੰ ਕਾਨੂੰਨੀ ਨੋਟਿਸ ਭੇਜੇ ਗਏ ਸਨ। ਸਹਾਰਾ ਦਾ ਸੁਬਰਾਤਾ ਰਾਏ ਮੈਨੂੰ ਕਦੇ ਵੀ ਅਦਾਲਤ ਵਿਚ ਨਹੀਂ ਲੈ ਕੇ ਗਿਆ।
ਸਵਾਲ: ਇਨ੍ਹਾਂ ਕੇਸਾਂ ਦਾ ਤੁਹਾਡੇ ਉੱਪਰ ਮਾੜਾ ਅਸਰ ਪਿਆ ਹੋਵੇਗਾ?
ਪਰੰਜੋਏ ਗੁਹਾ ਠਾਕੁਰਤਾ: ਹਾਂ, ਇਨ੍ਹਾਂ ਕੇਸਾਂ ਦਾ ਮੇਰੇ ਅਤੇ ਮੇਰੀ ਜ਼ਿੰਦਗੀ ‘ਤੇ ਅਸਰ ਪਿਆ ਹੈ। ਇਨ੍ਹਾਂ ‘ਚ ਸਮਾਂ ਖ਼ਰਾਬ ਹੁੰਦਾ ਹੈ ਅਤੇ ਖ਼ਰਚ ਵੀ ਹੁੰਦਾ ਹੈ ਪਰ ਜੇ ਤੁਸੀਂ ਮੈਨੂੰ ਇਹ ਪੁੱਛਦੇ ਹੋ ਕਿ ਕੀ ਮੈਂ ਕੁਝ ਵੱਖਰਾ ਕੀਤਾ ਹੁੰਦਾ, ਤਾਂ ਮੈਂ ਕਹਾਂਗਾ ‘ਨਹੀਂ’।