ਖੱਟਰ ਵੱਲੋਂ ਅਰਦਾਸ `ਚ ਨੰਗੇ ਸਿਰ ਖੜ੍ਹੇ ਹੋਣ `ਤੇ ਵਿਵਾਦ ਭਖਿਆ

ਅੰਮ੍ਰਿਤਸਰ: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਅਰਦਾਸ ਸਮੇਂ ਨੰਗੇ ਸਿਰ ਖੜ੍ਹੇ ਹੋਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਵਿਵਾਦ ਵਧ ਗਿਆ ਹੈ ਜਿਸ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਮਰਿਆਦਾ ਦੀ ਉਲੰਘਣਾ ਦੱਸਦਿਆਂ ਇਸ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਉਨ੍ਹਾਂ ਨੂੰ ਸੰਗਤ ਕੋਲੋਂ ਮੁਆਫ਼ੀ ਮੰਗਣ ਲਈ ਆਖਿਆ ਹੈ।

ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਵਿਚ ਅਰਦਾਸ ਹੋ ਰਹੀ ਹੈ। ਇਸ ਮੌਕੇ ਕਈ ਗੈਰ ਸਿੱਖ ਵਿਅਕਤੀਆਂ ਨੇ ਸਿਰ ਢਕੇ ਹੋਏ ਹਨ ਜਦਕਿ ਹਰਿਆਣਾ ਦੇ ਮੁੱਖ ਮੰਤਰੀ ਬਿਨਾਂ ਸਿਰ ਢਕੇ ਹੀ ਖੜ੍ਹੇ ਹਨ। ਉਹ ਅਰਦਾਸ ਵੇਲੇ ਅਰਦਾਸੀ ਸਿੱਖ ਨੂੰ ਭੇਟਾ ਵੀ ਦਿੰਦੇ ਦਿਖਾਈ ਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਦੇ ਫਰੀਦਾਬਾਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ, ਜਿਸ ਦੇ ਸਮਾਗਮ ਮੌਕੇ ਸ੍ਰੀ ਖੱਟਰ ਦੀ ਇਹ ਵੀਡੀਓ ਸਾਹਮਣੇ ਆਈ ਹੈ।
ਉਨ੍ਹਾਂ ਕਿਹਾ ਕਿ ਸ੍ਰੀ ਖੱਟਰ ਪੰਜਾਬੀ ਮੂਲ ਨਾਲ ਸਬੰਧਤ ਹਨ ਅਤੇ ਉਨ੍ਹਾਂ ਨੂੰ ਸਿੱਖ ਮਰਿਆਦਾ ਬਾਰੇ ਪੂਰੀ ਜਾਣਕਾਰੀ ਹੈ। ਇਸ ਦੇ ਬਾਵਜੂਦ ਉਨ੍ਹਾਂ ਮਰਿਆਦਾ ਦਾ ਉਲੰਘਣ ਕੀਤਾ ਹੈ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਸਮਾਗਮ ਦੌਰਾਨ ਨਵੀਂ ਬਣੀ ਹਰਿਆਣਾ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਵੀ ਮੁੱਖ ਮੰਤਰੀ ਨਾਲ ਖੜ੍ਹੇ ਨਜ਼ਰ ਆ ਰਹੇ ਹਨ ਪਰ ਉਨ੍ਹਾਂ ਵੱਲੋਂ ਵੀ ਮੁੱਖ ਮੰਤਰੀ ਨੂੰ ਰੋਕਿਆ ਨਹੀਂ ਗਿਆ। ਸ੍ਰੀ ਧਾਮੀ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਤੁਰੰਤ ਮੁਆਫ਼ੀ ਮੰਗਣ ਤੇ ਉਥੇ ਮੌਜੂਦ ਹਰਿਆਣਾ ਦੇ ਸਥਾਨਕ ਸਿੱਖ ਆਗੂ ਵੀ ਆਪਣਾ ਪੱਖ ਸਪੱਸ਼ਟ ਕਰਨ।