ਪਾਵਨ ਸਰੂਪ ਲਾਪਤਾ ਨਹੀਂ ਹੋਏ ਤੇ ਨਾ ਹੀ ਕੋਈ ਬੇਅਦਬੀ ਹੋਈ: ਧਾਮੀ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਥੇ ਮੁੜ ਦਾਅਵਾ ਕੀਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜਿਨ੍ਹਾਂ 328 ਪਾਵਨ ਸਰੂਪਾਂ ਦੇ ਲਾਪਤਾ ਹੋਣ ਦੀ ਗੱਲ ਕਹੀ ਜਾ ਰਹੀ ਹੈ, ਉਹ ਅਸਲ ਵਿਚ ਲਾਪਤਾ ਨਹੀਂ ਹੋਏ ਹਨ ਤੇ ਨਾ ਹੀ ਕੋਈ ਬੇਅਦਬੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਾਮਲਾ ਭੇਟਾ ਦੇ ਘਪਲੇ ਨਾਲ ਸਬੰਧਿਤ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਹੁਣ ਤੱਕ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਇਸ ਮੁੱਦੇ ਸਬੰਧੀ ਸਿੱਖ ਸਦਭਾਵਨਾ ਦਲ ਦਾ ਧਰਨਾ ਜਾਰੀ ਹੈ। ਇਸ ਤੋਂ ਇਲਾਵਾ ਹੋਰ ਕਈ ਸਿੱਖ ਜਥੇਬੰਦੀਆਂ ਵੀ ਲਗਾਤਾਰ ਸਵਾਲ ਖੜ੍ਹੇ ਕਰ ਰਹੀਆਂ ਹਨ। ਇਸ ਸਬੰਧੀ ਇਕ ਵੀਡੀਓ ਜਾਰੀ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਇਹ ਸਰੂਪ ਨਾ ਲਾਪਤਾ ਹੋਏ ਹਨ ਤੇ ਨਾ ਹੀ ਬੇਅਦਬੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਸ ਵੇਲੇ ਦੇ ਜ਼ਿੰਮੇਵਾਰ ਅਮਲੇ ਵੱਲੋਂ ਇਹ ਸਰੂਪ ਸੰਗਤ ਨੂੰ ਦਿੱਤੇ ਗਏ, ਪਰ ਇਨ੍ਹਾਂ ਦੀ ਭੇਟਾ ਦਰਜ ਨਹੀਂ ਕੀਤੀ ਗਈ ਤੇ ਇਹ ਭੇਟਾ ਉਨ੍ਹਾਂ ਦੀ ਜੇਬ ਵਿਚ ਚਲੀ ਗਈ। ਉਨ੍ਹਾਂ ਕਿਹਾ ਕਿ ਇਹ ਸਿੱਧੇ ਤੌਰ ‘ਤੇ ਧੋਖਾਧੜੀ ਦਾ ਮਾਮਲਾ ਹੈ ਤੇ ਇਸ ਸਬੰਧੀ ਲਗਭਗ ਦਰਜਨ ਮੁਲਾਜ਼ਮਾਂ ਨੂੰ ਜੁਰਮਾਨਾ ਲਾਉਣ ਤੇ ਸੇਵਾਵਾਂ ਖਤਮ ਕਰਨ ਦੀ ਕਾਰਵਾਈ ਕੀਤੀ ਗਈ ਹੈ।