ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰੇਗਾ ਅਮਰੀਕਾ

ਵਾਸ਼ਿੰਗਟਨ: ਅਮਰੀਕਾ ਸਾਲ ਦੇ ਅਖੀਰ ਤੱਕ ਐੱਚ-1ਬੀ ਅਤੇ ਐੱਲ 1 ਵੀਜ਼ਾ ਜਿਹੀਆਂ ਸ਼੍ਰੇਣੀਆਂ ਵਿਚ ਘਰੇਲੂ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ਕਦਮ ਨਾਲ ਸੈਂਕੜੇ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ ਖਾਸ ਕਰ ਕੇ ਭਾਰਤ ਦੇ ਹਜ਼ਾਰਾਂ ਲੋਕਾਂ ਨੂੰ ਫਾਇਦਾ ਹੋਵੇਗਾ।

ਗੌਰਤਲਬ ਹੈ ਕਿ ਸੰਨ 2004 ਤੱਕ ਗੈਰ-ਪਰਵਾਸੀ ਵੀਜ਼ਿਆਂ ਦੀਆਂ ਕੁਝ ਸ਼੍ਰੇਣੀਆਂ ਖਾਸ ਤੌਰ ‘ਤੇ ਐੱਚ-1ਬੀ ਨੂੰ ਅਮਰੀਕਾ ‘ਚ ਨਵਿਆਇਆ ਜਾ ਸਕਦਾ ਸੀ। ਇਸ ਤੋਂ ਬਾਅਦ ਵਿਦੇਸ਼ੀ ਤਕਨੀਕੀ ਮੁਲਾਜ਼ਮਾਂ ਨੂੰ ਆਪਣੇ ਪਾਸਪੋਰਟ ‘ਤੇ ਐੱਚ-1ਬੀ ਐਕਸਟੈਂਸ਼ਨ ਦੀ ਮੋਹਰ ਲਗਾਉਣ ਲਈ ਦੇਸ ਤੋਂ ਬਾਹਰ ਜਾਣਾ ਪੈਣ ਲੱਗਿਆ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਾਮਿਆਂ ਨੂੰ ਆਪਣੇ ਦੇਸ਼ ਵਿਚ ਜਾ ਕੇ ਮੋਹਰ ਲਗਵਾਉਣੀ ਪੈਂਦੀ ਹੈ। ਜਦੋਂ ਇਹ ਪਾਇਲਟ ਪ੍ਰੋਜੈਕਟ ਮੁਕੰਮਲ ਤੌਰ ‘ਤੇ ਲਾਗੂ ਹੋ ਗਿਆ ਤਾਂ ਪੇਸ਼ੇਵਰ ਮੁਲਾਜ਼ਮ ਅਮਰੀਕਾ ਵਿਚ ਹੀ ਆਪਣੇ ਵੀਜ਼ਿਆਂ ਨੂੰ ਨਵਿਆਉਣ ਲਈ ਮੋਹਰ ਲਗਵਾ ਸਕਣਗੇੇ।
ਇੱਥੇ ਦੱਸਣਾ ਬਣਦਾ ਹੈ ਕਿ ਵੀਜ਼ਾ ਨਵਿਆਉਣ ਜਾਂ ਜਾਰੀ ਕਰਨ ਲਈ ਵਿਦੇਸ਼ੀ ਕਾਮਿਆਂ ਨੂੰ 800 ਦਿਨਾਂ ਜਾਂ ਦੋ ਸਾਲ ਤੋਂ ਵੱਧ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ ਜੋ ਉਨ੍ਹਾਂ ਲਈ ਪਰੇਸ਼ਾਨੀ ਦਾ ਸਬੱਬ ਬਣਦਾ ਹੈ। ਜ਼ਿਕਰਯੋਗ ਹੈ ਕਿ ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ ਜੋ ਵਿਦੇਸ਼ੀ ਕਾਮਿਆਂ ਨੂੰ ਅਮਰੀਕਾ ਦੀਆਂ ਕੰਪਨੀਆਂ ਵਿਚ ਕੰਮ ਕਰਨ ਲਈ ਪ੍ਰਵਾਨਗੀ ਪ੍ਰਦਾਨ ਕਰਦਾ ਹੈ।
ਐੱਚ-1ਬੀ ਵੀਜ਼ਿਆਂ ਦੀ ਮਿਆਦ ਵਧਾਉਣ `ਤੇ ਜ਼ੋਰ
ਵਾਸ਼ਿੰਗਟਨ: ਅਮਰੀਕਾ ਦੇ ਤਕਨੀਕੀ ਖੇਤਰ ਵਿਚ ਵੱਡੇ ਪੱਧਰ ‘ਤੇ ਮੁਲਾਜ਼ਮਾਂ ਦੀ ਛਾਂਟੀ ਕੀਤੀ ਜਾ ਰਹੀ ਹੈ। ਇਸ ਕਾਰਨ ਪਰਵਾਸੀ ਭਾਰਤੀ ਪੇਸ਼ੇਵਰ ਮੁਲਾਜ਼ਮ ਵੀ ਬੇਰੁਜ਼ਗਾਰ ਹੁੰਦੇ ਜਾ ਰਹੇ ਹਨ। ਲੇਅਆਫ ਟਰੈਕਰ ਡਾਟ ਕਾਮ ਅਨੁਸਾਰ ਅਮਰੀਕਾ ਵਿਚ ਬੀਤੇ ਜਨਵਰੀ ਮਹੀਨੇ ਵਿਚ 91 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਹੈ ਤੇ ਆਉਣ ਵਾਲੇ ਮਹੀਨਿਆਂ ਵਿਚ ਇਹ ਅੰਕੜਾ ਵਧ ਸਕਦਾ ਹੈ। ਇਸੇ ਦੌਰਾਨ ਦੋ ਭਾਰਤੀ-ਅਮਰੀਕੀ ਸੰਸਥਾਵਾਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਆਨਲਾਈਨ ਪਟੀਸ਼ਨ ਭੇਜੀ ਹੈ ਕਿ ਬੇਰੁਜ਼ਗਾਰ ਹੋਏ ਵਿਦੇਸ਼ੀਆਂ ਦੇ ਐੱਚ-1ਬੀ ਵੀਜ਼ਿਆਂ ਦੀ ਮਿਆਦ ਦੋ ਮਹੀਨਿਆਂ ਤੋਂ ਵਧਾ ਕੇ ਇਕ ਸਾਲ ਕੀਤੀ ਜਾਵੇ ਤਾਂ ਕਿ ਉਹ ਅਮਰੀਕਾ ਵਿਚ ਹੀ ਰਹਿੰਦਿਆਂ ਨਵਾਂ ਰੁਜ਼ਗਾਰ ਲੱਭ ਸਕਣ।