ਭਾਜਪਾ `ਚ ਜਾਣ ਵਾਲਾ ਇਕ ਹੋਰ ਸਾਬਕਾ ਮੰਤਰੀ ਵਿਜੀਲੈਂਸ ਦੀ ਰਡਾਰ `ਤੇ

ਚੰਡੀਗੜ੍ਹ: ਪੰਜਾਬ ਵਿਜੀਲੈਂਸ ਬਿਊਰੋ ਨੇ ਸਾਬਕਾ ਕਾਂਗਰਸ ਮੰਤਰੀ ਤੇ ਭਾਜਪਾ ‘ਚ ਸ਼ਮੂਲੀਅਤ ਕਰਨ ਵਾਲੇ ਮੁਹਾਲੀ ਦੇ ਸਿਆਸੀ ਆਗੂ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਭਰਾ ਅਮਰਜੀਤ ਸਿੰਘ ਉਰਫ ਜੀਤੀ ਜੋ ਮੁਹਾਲੀ ਨਗਰ ਨਿਗਮ ਦਾ ਮੇਅਰ ਹੈ, ਵਿਰੁੱਧ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ਵਿਚ ਜਾਂਚ ਤੇਜ਼ ਕਰ ਦਿੱਤੀ ਹੈ।

ਪੰਜਾਬ ‘ਚ ਜਦੋਂ ਆਮ ਆਦਮੀ ਪਾਰਟੀ ਦੇ ਹੱਥ ਸੱਤਾ ਆ ਗਈ ਸੀ ਤਾਂ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਮੇਅਰ ਭਰਾ ਨੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲਿਆ ਸੀ। ਵਿਜੀਲੈਂਸ ਵੱਲੋਂ ਕਾਂਗਰਸ ਛੱਡ ਕੇ ਭਾਜਪਾ ‘ਚ ਸ਼ਮੂਲੀਅਤ ਕਰਨ ਵਾਲੇ ਤੀਜੇ ਸਾਬਕਾ ਮੰਤਰੀ ਖਿਲਾਫ਼ ਜਾਂਚ ਆਰੰਭੀ ਹੈ। ਇਸ ਤੋਂ ਪਹਿਲਾਂ ਸ਼ਾਮ ਸੁੰਦਰ ਅਰੋੜਾ ਵਿਜੀਲੈਂਸ ਦੇ ਕਾਬੂ ਆ ਚੁੱਕੇ ਹਨ ਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਰੁਧ ਵਿਜੀਲੈਂਸ ਵੱਲੋਂ ਇਸੇ ਤਰ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਵੱਲੋਂ ਮੇਅਰ ਜੀਤੀ ਖਿਲਾਫ਼ 19 ਜਨਵਰੀ ਨੂੰ ਜਾਂਚ ਖੋਲ੍ਹੀ ਗਈ ਸੀ। ਵਿਜੀਲੈਂਸ ਨੇ ਮੁਹਾਲੀ ਦੇ ਮੇਅਰ ਵੱਲੋਂ ਬਣਾਈਆਂ ਨਾਮੀ ਬੇਨਾਮੀ ਜਾਇਦਾਦਾਂ ਦੀ ਸੂਚੀ ਹੀ ਤਿਆਰ ਨਹੀਂ ਕੀਤੀ ਸਗੋਂ ਜ਼ਮੀਨਾਂ ‘ਤੇ ਕਬਜ਼ੇ, ਮੁਹਾਲੀ ਨਗਰ ਨਿਗਮ ਵੱਲੋਂ ਕੀਤੇ ਵਿਕਾਸ ਕਾਰਜਾਂ ਵਿਚ ਗੜਬੜੀਆਂ ਅਤੇ ਹੋਰ ਤੱਥ ਵੀ ਇਕੱਤਰ ਕੀਤੇ ਹਨ।
ਵਿਜੀਲੈਂਸ ਸੂਤਰਾਂ ਦਾ ਦੱਸਣਾ ਹੈ ਕਿ ਸਿੱਧੂ ਭਰਾਵਾਂ ਖਿਲਾਫ਼ ਜਾਂਚ ਲਈ ਸਰਕਾਰ ਨੇ ਨਵੰਬਰ ਮਹੀਨੇ ਦੌਰਾਨ ਹਰੀ ਝੰਡੀ ਦੇ ਦਿੱਤੀ ਸੀ। ਉਸ ਤੋਂ ਤੁਰਤ ਬਾਅਦ ਪਹਿਲਾਂ ਤਾਂ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਖ਼ਿਲਾਫ਼ ਜਾਂਚ ਆਰੰਭੀ ਗਈ ਸੀ। ਉਸ ਤੋਂ ਬਾਅਦ ਜਿਵੇਂ ਹੀ ਸਿੱਧੂ ਪਰਿਵਾਰ ਦੀਆਂ ਜਾਇਦਾਦਾਂ ਦਾ ਵੇਰਵਾ ਲੰਮਾ ਹੁੰਦਾ ਗਿਆ ਤਾਂ ਵਿਜੀਲੈਂਸ ਨੇ ਮੇਅਰ ਜੀਤੀ ਵੱਲੋਂ ਬਣਾਈਆਂ ਜਾਇਦਾਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਭਰਾਵਾਂ ਨੇ ਆਪਣੇ ਸਰਕਾਰੀ ਰੁਤਬੇ ਦੀ ਦੁਰਵਰਤੋਂ ਕਰ ਕੇ ਮੁਹਾਲੀ, ਰੋਪੜ, ਬਰਨਾਲਾ ਤੇ ਬਠਿੰਡਾ ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ‘ਚ ਜਾਇਦਾਦਾਂ ਬਣਾਈਆਂ। ਵਿਜੀਲੈਂਸ ਦੀ ਮੁਢਲੀ ਰਿਪੋਰਟ ਵਿਚ ਬਲਬੀਰ ਸਿੰਘ ਸਿੱਧੂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਬਣਾਈਆਂ ਗਈਆਂ ਜਿਨ੍ਹਾਂ ਜਾਇਦਾਦਾਂ ਅਤੇ ਸੰਪਤੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਸ ਵਿਚ ਬਠਿੰਡਾ, ਬਰਨਾਲਾ ਤੇ ਰੋਪੜ ਜ਼ਿਲ੍ਹਿਆਂ ‘ਚ ਜ਼ਮੀਨਾਂ ਸਮੇਤ ਚੰਡੀਗੜ੍ਹ ਦੇ ਸੈਕਟਰ 34 ਵਿੱਚ ਤਿੰਨ ਐਸ.ਸੀ.ਓ. ਨਬਰ 33, 34 ਅਤੇ 35 ਵਿੱਚ ਹਿੱਸਾ, ਮੇਅਰ ਭਰਾ ਦੇ ਨਾਮ ਸਾਂਝੀ 68 ਏਕੜ ਜ਼ਮੀਨ ਮੁਹਾਲੀ ਦੇ ਪਿੰਡ ਮਾਣਕਮਾਜਰਾ ‘ਚ ਸ਼ਾਮਲ ਹੈ। ਇਸ ਰਿਪੋਰਟ ਵਿਚ ਅੱਧੀ ਦਰਜਨ ਮਹਿੰਗੀਆਂ ਕਾਰਾਂ ਹੋਣ ਦਾ ਜ਼ਿਕਰ ਵੀ ਕੀਤਾ ਗਿਆ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਿੱਧੂ ਭਰਾਵਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੀ ਜਾਣਕਾਰੀ ਅਤੇ ਹੋਰ ਵੇਰਵੇ ਇਕੱਤਰ ਕੀਤੇ ਜਾ ਰਹੇ ਹਨ।
ਸਾਬਕਾ ਮੰਤਰੀ ਧਰਮਸੋਤ ਨੂੰ ਜੇਲ੍ਹ ਭੇਜਿਆ
ਮੁਹਾਲੀ: ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਗ੍ਰਿਫਤਾਰ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੁਲਿਸ ਰਿਮਾਂਡ ਖਤਮ ਹੋਣ ‘ਤੇ ਦੁਬਾਰਾ ਮੁਹਾਲੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਨਾਭਾ ਦੀ ਸੈਂਟਰਲ ਜੇਲ੍ਹ ਵਿਚ ਭੇਜ ਦਿੱਤਾ ਹੈ। ਧਰਮਸੋਤ ਖ਼ਿਲਾਫ਼ ਜੰਗਲਾਤ ਵਿਭਾਗ ਵਿਚ ਕਾਂਗਰਸ ਵਜ਼ਾਰਤ ਸਮੇਂ ਹੋਏ ਵੱਖੋ-ਵੱਖ ਘੁਟਾਲਿਆਂ ਸਬੰਧੀ ਪਹਿਲਾਂ ਹੀ ਭ੍ਰਿਸ਼ਟਾਚਾਰ ਦਾ ਕੇਸ ਚੱਲ ਰਿਹਾ ਹੈ। ਇਸ ਮਾਮਲੇ ਵਿਚ ਉਨ੍ਹਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਅਤੇ ਹੁਣ ਕਾਫੀ ਦਿਨਾਂ ਤੋਂ ਜ਼ਮਾਨਤ ‘ਤੇ ਸਨ। ਸਾਬਕਾ ਮੰਤਰੀ ‘ਤੇ ਪੈਸੇ ਲੈ ਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੀਆਂ ਨਿਯੁਕਤੀਆਂ ਤੇ ਬਦਲੀਆਂ ਕਰਨ ਦਾ ਵੀ ਦੋਸ਼ ਹੈ। ਵਿਜੀਲੈਂਸ ਅਨੁਸਾਰ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਬਾਰੇ ਪਹਿਲਾਂ ਹੀ ਜਾਂਚ ਚੱਲ ਰਹੀ ਸੀ।