ਜੇਲ੍ਹਾਂ `ਚੋਂ ਗੈਂਗਸਟਰਾਂ ਦੀ ਸਰਗਰਮੀ ਪੁਲਿਸ ਲਈ ਚੁਣੌਤੀ ਬਣੀ

ਪਟਿਆਲਾ: ਪੰਜਾਬ ਪੁਲਿਸ ਦੇ ਯਤਨਾਂ ਦੇ ਬਾਵਜੂਦ ਗੈਂਗਸਟਰਾਂ ਵੱਲੋਂ ਜੇਲ੍ਹਾਂ ‘ਚ ਰਹਿ ਕੇ ਵੀ ਸਰਗਰਮੀਆਂ ਜਾਰੀ ਹਨ। ਇਹ ਗੈਂਗਸਟਰ ਮੋਬਾਈਲ ਫੋਨਾਂ ਰਾਹੀਂ ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨਾਲ ਰਾਬਤੇ ‘ਚ ਹਨ ਤੇ ਪੰਜਾਬ ‘ਚ ਹਥਿਆਰਾਂ ਦਾ ਕਾਰੋਬਾਰ ਵੀ ਚਲਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਵੱਲੋਂ ‘ਬੰਬੀਹਾ ਗਰੁੱਪ‘ ਦੇ ਗੈਂਗਸਟਰ ਤੇਜਿੰਦਰ ਸਿੰਘ ਗੁੱਲੂ ਨੂੰ ਪੰਜ ਆਧੁਨਿਕ ਪਿਸਤੌਲਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ।

ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਇਨ੍ਹਾਂ ਹਥਿਆਰਾਂ ਦਾ ਪ੍ਰਬੰਧ ਉਸ ਨੇ ਛੇ ਸਾਲਾਂ ਤੋਂ ਫਰੀਦਕੋਟ ਜੇਲ੍ਹ ‘ਚ ਬੰਦ ਬੰਬੀਹਾ ਗਰੁੱਪ ਦੇ ਅਮਰੀਕ ਸਿੰਘ ਸ਼ੇਰੂਮਾਨ ਦੇ ਕਹਿਣ ‘ਤੇ ਕੀਤਾ ਸੀ। ਇਹ ਦੋਵੇਂ ਵਿਦੇਸ਼ਾਂ ‘ਚ ਰਹਿੰਦੇ ਗੈਂਗਸਟਰਾਂ ਦੇ ਸੰਪਰਕ ‘ਚ ਸਨ। ਐਸ.ਐਸ.ਪੀ. ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਇਹ ਗ੍ਰਿਫਤਾਰੀ ਤੇ ਬਰਾਮਦਗੀ ਥਾਣਾ ਸ਼ੰਭੂ ਦੇ ਐਸ.ਐਚ.ਓ. ਇੰਸਪੈਕਟਰ ਕਿਰਪਾਲ ਸਿੰਘ ਤੇ ਸੀ.ਆਈ.ਏ. ਪਟਿਆਲਾ ਦੇ ਇੰਚਾਰਜ ਸ਼ਮਿੰਦਰ ਸਿੰਘ ਦੀਆਂ ਟੀਮਾਂ ਨੇ ਕੀਤੀ ਹੈ। ਪੁੱਛ-ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਗੁੱਲੂ ਨੇ ਇਹ ਹਥਿਆਰ ਸ਼ੇਰੂਮਾਨ ਦੇ ਕਹਿਣ ‘ਤੇ ਖਰੀਦੇ ਸਨ। ਇਸ ਮਗਰੋਂ ਜਦੋਂ ਜੇਲ੍ਹ ‘ਚੋਂ ਲਿਆ ਕੇ ਸ਼ੇਰੂਮਾਨ ਤੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਕੋਲੋਂ ਫੋਨ ਬਰਾਮਦ ਹੋਏ। ਇਹ ਵੀ ਪਤਾ ਲੱਗਿਆ ਹੈ ਕਿ ਸ਼ੇਰੂਮਾਨ ਦੇ ਅਰਮੀਨੀਆ ‘ਚ ਰਹਿ ਰਹੇ ਗੈਂਗਸਟਰ ਗੌਰਵ ਪਟਿਆਲ ਲੱਕੀ ਵਾਸੀ ਧਨਾਸ ਤੇ ਮਨੀਲਾ ‘ਚ ਰਹਿ ਰਹੇ ਕੋਠੇਪੱਤੀ ਜ਼ਿਲ੍ਹਾ ਮੋਗਾ ਦੇ ਜੈਕਪਾਲ ਸਿੰਘ ਲਾਲੀ ਨਾਲ ਵੀ ਸਬੰਧ ਹਨ।