ਲਾਹੌਰ ਫਿਲਮ ਸਨਅਤ ਦਾ ਬਾਨੀ ਹਕੀਮ ਰਾਮ ਪ੍ਰਸ਼ਾਦ

ਮਨਦੀਪ ਸਿੰਘ ਸਿੱਧੂ
ਲਾਹੌਰ ਦਾ ਖ਼ਿਆਲ ਆਉਂਦਿਆਂ ਹੀ ਇੱਕ ਖ਼ੂਬਸੂਰਤ ਤਸਵੀਰ ਅੱਖਾਂ ਸਾਹਵੇਂ ਨੱਚ ਉੱਠਦੀ ਹੈ। ਇਸ ਦੀ ਖ਼ੂਬਸੂਰਤੀ ਦਾ ਰਾਜ਼ ਇੱਥੋਂ ਦੀ ਫਿਲਮ ਸਨਅਤ ਹੈ ਜਿਸ ਨੇ ਪੰਜਾਬ ਦੀ ਪੰਜਾਬੀ, ਹਿੰਦੀ ਅਤੇ ਖ਼ਾਮੋਸ਼ ਫਿਲਮ ਜਗਤ ਨੂੰ ਕਈ ਮਸ਼ਹੂਰ ਕਲਾਕਾਰ ਦੇ ਕੇ ਫਿਲਮ ਇਤਿਹਾਸ `ਚ ਆਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾਇਆ।

ਇਨ੍ਹਾਂ ਅਜ਼ੀਮ ਪੰਜਾਬੀ ਕਲਕਾਰਾਂ ਦੀ ਸੂਚੀ ਵਿਚ ਇੱਕ ਨਾਮ ਹਕੀਮ ਰਾਮ ਪ੍ਰਸ਼ਾਦ ਦਾ ਆਉਂਦਾ ਹੈ ਜਿਸ ਨੂੰ ਸਿਨੇਮਾ ਘਰਾਂ ਦਾ ਬਾਦਸ਼ਾਹ ਕਿਹਾ ਜਾਂਦਾ ਸੀ।
ਹਕੀਮ ਰਾਮ ਪ੍ਰਸ਼ਾਦ ਦੀ ਪੈਦਾਇਸ਼ 1902 ਵਿਚ ਲਾਹੌਰ ਦੇ ਪੰਜਾਬੀ ਹਿੰਦੂ ਪਰਿਵਾਰ ਵਿਚ ਹੋਈ। ਉਹ ਲਾਹੌਰ ਦਾ ਦੌਲਤਮੰਦ ਸ਼ਖ਼ਸ ਸੀ। ਪੰਜਾਬ ਵੰਡ ਤੋਂ ਪਹਿਲਾਂ ਉਸ ਦੇ ਲਾਹੌਰ, ਭਾਟੀ ਗੇਟ ਦੇ ਬਾਹਰਵਾਰ ਪੰਜ ਸਿਨੇਮਾਘਰ ਮੌਜੂਦ ਸਨ ਜਿਨਾਂ ਵਿਚ ‘ਵਲਿੰਗਟਨ ਸਿਨੇਮਾ`, ‘ਕੈਪੀਟਲ ਸਿਨੇਮਾ`, ‘ਐਕਸੀਲੀਜ਼ਰ ਸਿਨੇਮਾ` (ਮੌਜੂਦਾ ਰਿਟਜ਼ ਸਿਨੇਮਾ), ‘ਰੌਕਸੀ ਸਿਨੇਮਾ` (ਮੌਜੂਦਾ ਸਨੋਬਰ ਸਿਨੇਮਾ) ਅਤੇ ‘ਕਰਾਊਨ ਸਿਨੇਮਾ` ਦੇ ਨਾਮ ਜ਼ਿਕਰਯੋਗ ਹਨ। ਪੰਜਾਬ ਤੋਂ ਇਲਾਵਾ ਹਕੀਮ ਰਾਮ ਪ੍ਰਸ਼ਾਦ ਦੇ ਦਿੱਲੀ, ਸ਼ਿਮਲਾ ਅਤੇ ਅਹਿਮਦਾਬਾਦ ਵਿਚ ਸਿਨੇਮਾ ਘਰ ਮੌਜੂਦ ਸਨ। ਇਨ੍ਹਾਂ ਤੋਂ ਇਲਾਵਾ ਇੱਕ ਡਿਸਟ੍ਰੀਬਿਊਸ਼ਨ ਅਦਾਰਾ ‘ਰਾਇਲ ਪਿਕਚਰਜ਼ ਡਿਸਟ੍ਰੀਬਿਊਸ਼ਨ` ਅਤੇ ਇੱਕ ਫਿਲਮ ਸਟੂਡੀਓ ‘ਪਲੇਆਰਟ ਫੋਟੋਟੋਨ` ਦੇ ਨਾਮ ਨਾਲ ਸੀ। ਇਸੇ ਸਦਕਾ ਹਕੀਮ ਸਾਹਬ ਨੂੰ ਪੰਜਾਬ ਫਿਲਮ ਸਨਅਤ ਦਾ ਬਾਨੀ ਵੀ ਕਿਹਾ ਜਾਂਦਾ ਸੀ।
1931 ਵਿਚ ਮਹਾਂਦੀਪ ਵਿਚ ਇਨਕਲਾਬ ਆ ਗਿਆ, ਯਾਨੀ ਚੁੱਪ ਫਿਲਮਾਂ ਤੋਂ ਬਾਅਦ ਬੋਲਣ ਵਾਲੀਆਂ ਫਿਲਮਾਂ ਦਾ ਦੌਰ ਸ਼ੁਰੂ ਹੋ ਗਿਆ। 14 ਮਾਰਚ 1931 ਨੂੰ ਬੰਬਈ ਦੇ ਮੈਜਿਸਟਿਕ ਸਿਨੇਮਾ ਵਿਚ ਭਾਰਤ ਦੀ ਪਹਿਲੀ ਬੋਲਦੀ ਤੇ ਨੱਚਦੀ ਗਾਉਂਦੀ ਹਿੰਦੀ ਫਿਲਮ ‘ਆਲਮ ਆਰਾ` ਦੀ ਨੁਮਾਇਸ਼ ਹੋਈ। ਇਸ ਫਿਲਮ ਦੇ ਹਿਦਾਇਤਕਾਰ ਖ਼ਾਨ ਬਹਾਦੁਰ ਅਰਦੇਸ਼ੀਰ ਐੱਮ. ਇਰਾਨੀ ਸਨ। ਫਿਲਮ ਦਾ ਸੰਗੀਤ ਫਿਰੋਜ਼ ਸ਼ਾਹ ਮਿਸਤਰੀ ਅਤੇ ਬੀ. ਇਰਾਨੀ ਉਰਫ ਬਹਿਰਾਮ ਇਰਾਨੀ ਨੇ ਤਿਆਰ ਕੀਤਾ ਸੀ। ਫਿਲਮ ਦੇ 7 ਗੀਤਾਂ ਦਾ ਹਵਾਲਾ ਮਿਲਲਿਆ ਹੈ ਜਿਨ੍ਹਾਂ ਨੂੰ ਵਜ਼ੀਰ ਮੁਹੰਮਦ ਖ਼ਾਨ, ਜ਼ੁਬੈਦਾ, ਜਿੱਲੋ ਬਾਈ ਆਦਿ ਨੇ ਗਾਇਆ ਸੀ। ਇਸ ਫਿਲਮ ਦੇ ਅਦਾਕਾਰਾਂ ਵਿਚ ਮਾਸਟਰ ਵਿੱਠਲ, ਮਿਸ ਜ਼ੁਬੈਦਾ, ਮਿਸ ਜ਼ਿੱਲੋ ਬਾਈ, ਸੁਸ਼ੀਲਾ, ਪ੍ਰਿਥਵੀਰਾਜ ਕਪੂਰ, ਜਗਦੀਸ਼ ਸੇਠੀ, ਮੁਣਸ਼ੀ ਜ਼ਹੀਰ (ਅੰਮ੍ਰਿਤਸਰ), ਵੀ.ਐੱਲ. ਪ੍ਰਸ਼ਾਦ, ਅਲੀਜ਼ਰ ਸਖੂ ਸ਼ਾਮਲ ਸਨ। 124 ਮਿੰਟ ਦੀ ਇਹ ਫਿਲਮ 40 ਹਜ਼ਾਰ ਦੀ ਲਾਗਤ ਨਾਲ ਬਣੀ ਸੀ।
ਇਸ ਫਿਲਮ ਨੇ ਲਾਹੌਰ (ਪੰਜਾਬ) ਦੇ ਫਿਲਮਸਾਜ਼ਾਂ ਨੂੰ ਵੀ ਬੜਾ ਪ੍ਰਭਾਵਿਤ ਕੀਤਾ। ਇਨ੍ਹਾਂ ਵਿਚ ਪਹਿਲਾ ਨਾਮ ਹਕੀਮ ਰਾਮ ਪ੍ਰਸ਼ਾਦ ਦਾ ਆਉਂਦਾ ਹੈ ਜਿਨ੍ਹਾਂ ਨੇ ਇਸ ਫਿਲਮ ਨੂੰ ਰਿਲੀਜ਼ ਕਰਨ ਦਾ ਮਾਣ ਹਾਸਿਲ ਕੀਤਾ। ਲਾਹੌਰ ਵਿਚ ਇਸ ਫਿਲਮ ਦੀ ਨੁਮਾਇਸ਼ ਹਕੀਮ ਸਾਹਬ ਦੇ ਵਿਤਰਕ ਅਦਾਰੇ ਰਾਇਲ ਪਿਕਚਰਜ਼ ਡਿਸਟ੍ਰੀਬਿਊਟਰ ਕੰਪਨੀ ਦੇ ਸਹਿਯੋਗ ਨਾਲ ਹੋਈ ਸੀ। ਫਿਲਮ ਲਾਹੌਰ ਦੇ ਕੈਪੀਟਲ ਥੀਏਟਰ ਵਿਚ 14 ਅਪਰੈਲ 1931 ਨੂੰ ਨੁਮਾਇਸ਼ ਹੋਈ। ਇਸ ਫਿਲਮ ਦਾ ਲਾਹੌਰ ਵਿਚ ਇਸ ਕਦਰ ਤਹਿਲਕਾ ਮੱਚਿਆ ਸੀ ਕਿ ਦੋ ਆਨੇ ਵਾਲੀ ਟਿਕਟ ਦਾ ਰੇਟ 6 ਆਨੇ ਕਰ ਦਿੱਤਾ ਗਿਆ ਸੀ ਪਰ ਉਸ ਵੇਲੇ ਇਹ ਟਿਕਟ ਬਲੈਕ ਵਿਚ 10, 15 ਅਤੇ 20 ਰੁਪਏ ਤੱਕ ਸੇਲ ਹੋਈ।
ਇਸ ਫਿਲਮ ਦੇ ਲਾਹੌਰ ਤੋਂ ਛਪਦੇ ਰੋਜ਼ਾਨਾ ਉਰਦੂ ਅਖ਼ਬਾਰ ‘ਦਿ ਡੇਲੀ ਇਨਕਲਾਬ` ਦੇ 14 ਅਪਰੈਲ 1931 ਨੂੰ ਪ੍ਰਕਾਸ਼ਿਤ ਇਸ਼ਤਿਹਾਰ ਉੱਤੇ ਦਰਜ ਇਬਾਰਤ ਅਨੁਸਾਰ- ‘ਦੁਨਿਆਵੀ ਸਿਨੇਮਾ ਮੇਂ ਤਹਿਲਕਾ ਮਚ ਦੇਨੇ ਵਾਲੀ ਫਿਲਮ ਕੈਪੀਟਲ ਥੀਏਟਰਜ਼, ਮੈਕਲੋਡ ਰੋਡ ਮੇਂ…ਹਿੰਦੋਸਤਾਨੀ ਸੌ ਫੀਸਦੀ ਗਾਨੇ ਔਰ ਬੋਲਨੇ ਵਾਲਾ ਡਰਾਮਾ ‘ਆਲਮ ਆਰਾ` 14 ਅਪਰੈਲ ਬਰੌਜ਼ (ਦਿਨ) ਮੰਗਲਵਾਰ ਸੇ।` ਉਸ ਦੇ ਥੱਲੇ ਲਿਖਿਆ ਸੀ- ‘ਯੇਹ ਮੁਕੰਮਲ ਹਿੰਦੋਸਤਾਨੀ ਗਾਨੇ ਔਰ ਬੋਲਨੇ ਵਾਲਾ ਪਹਿਲਾ ਡਰਾਮਾ ਹੈ ਜਿਸ ਮੇਂ ਹਿੰਦੋਸਤਾਨ ਕੇ ਹੁਸੀਨਤਰੀਨ ਔਰ ਖ਼ੁਸ਼ਗੁਲ ਐਕਟਰ ਕਾਮ ਕਰਤੇ ਹੈਂ। ਇਸ ਫਿਲਮ ਕੀ ਕਹਾਣੀ ਨਿਹਾਇਤ ਅਸਲੀ ਹੈ ਜਿਸ ਕੋ ਦਿਲਕਸ਼ ਗਾਨੋ ਔਰ ਹੁਸੀਨਤਰੀਨ ਐਕਟਰਸੋਂ ਨੇ ਉਨ ਪਰ ਚਾਰ ਚਾਂਦ ਲਗਾ ਦੀਏ ਹੈਂ। ਐਸੀ ਲਾਜਵਾਬ ਫਿਲਮ ਪਹਿਲੇ ਆਪ ਨੇ ਨਹੀਂ ਦੇਖੀ ਹੋਗੀ। ਇਸਕੋ ਜ਼ਰੂਰ ਦੇਖੇਂ!`
ਸਾਲ 1931 ਤੱਕ ਲਾਹੌਰ ਦੇ ਸਿਨੇਮੇ ਘਰਾਂ ਵਿਚ ਟਿਕਟਾਂ ਦੇ ਰੇਟ 5 ਰੁਪਏ ਗੈਲਰੀ, ਇੱਕ ਰੁਪਈਆ ਸਟਾਲ, ਅੱਠ ਆਨੇ, ਚਾਰ ਆਨੇ ਆਮ ਟਿਕਟ ਸਨ। ਇਸ ਫਿਲਮ ਦੀ ਨੁਮਾਇਸ਼ ਨੇ ਲਾਹੌਰ ਵਿਚ ਵੀ ਚੁੱਪ ਫਿਲਮਾਂ ਦੇ ਦੌਰ ਨੂੰ ਖ਼ਤਮ ਕਰ ਦਿੱਤਾ ਸੀ। ਜਿਹੜੇ ਫਿਲਮਸਾਜ਼ ਚੁੱਪ ਫਿਲਮਾਂ ਬਣਾਉਣ ਦੇ ਪ੍ਰੋਗਰਾਮ ਤਿਆਰ ਕਰ ਰਹੇ ਸਨ, ਉਨ੍ਹਾਂ ਨੇ ਆਪਣੇ ਸਾਰੇ ਦੇ ਸਾਰੇ ਪ੍ਰੋਗਰਾਮ ਰੱਦ ਕਰਵਾ ਦਿੱਤੇ ਅਤੇ ਬੋਲਣ ਵਾਲੀਆਂ ਫਿਲਮਾਂ ਦੇ ਬਾਰੇ ਮਨਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ।
ਹਕੀਮ ਰਾਮ ਪ੍ਰਸ਼ਾਦ ਨੇ ਫਿਲਮ ‘ਆਲਮ ਆਰਾ` ਦੀ ਨੁਮਾਇਸ਼ ਤੋਂ ਬਹੁਤ ਜ਼ਿਆਦਾ ਸਰਮਾਇਆ ਇਕੱਠਾ ਕਰ ਲਿਆ ਸੀ। ਇਸੇ ਖ਼ੁਸ਼ੀ ਵਿਚ ਉਨ੍ਹਾਂ ਨੇ ਲਾਹੌਰ ਦੇ ਗੱਭਰੂ ਅਬਦੁੱਲ ਰਸ਼ੀਦ ਕਾਰਦਾਰ ਨੂੰ ਬੰਬਈ ਤੋਂ ਇੱਕ ਫਿਲਮ ਨਿਰਦੇਸ਼ਿਤ ਕਰਨ ਲਈ ਲਾਹੌਰ ਸੱਦ ਲਿਆ। ਕਾਰਦਾਰ ਆਪਣੇ ਨਾਲ ਆਪਣੇ ਕਰੀਬੀ ਮਿੱਤਰ ਮੁਹੰਮਦ ਇਸਮਾਇਲ (ਐੱਮ. ਇਸਮਾਇਲ) ਨੂੰ ਵੀ ਲੈ ਆਇਆ ਜੋ ਪਿੱਛਿਓਂ ਭਾਟੀ ਗੇਟ, ਲਾਹੌਰ ਦਾ ਰਹਿਣ ਵਾਲਾ ਸੀ।
ਅਬਦੁੱਲ ਰਸ਼ੀਦ ਕਾਰਦਾਰ ਨੇ ਹਕੀਮ ਰਾਮ ਪ੍ਰਸ਼ਾਦ ਦੇ ਨਾਲ ਮਿਲ ਕੇ ਮੈਕਲੋਡ ਰੋਡ, ਲਾਹੌਰ ਉੱਪਰ ‘ਰਿਟਜ਼ ਸਿਨੇਮਾ` ਦੇ ਪਿੱਛੇ ਇੱਕ ਮੰਜ਼ਿਲ ਦਾ ਸਟੂਡੀਓ ਤਾਮੀਰ ਕੀਤਾ ਜਿਸ ਦਾ ਨਾਮ ‘ਪਲੇਆਰਟ ਫੋਟੋਟੋਨ ਸਟੂਡੀਓ` ਰੱਖਿਆ ਗਿਆ ਜੋ ਅੱਜ ਵੀ ‘ਸਿਟੀ ਸਟੂਡੀਓ` ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਐੱਮ. ਇਸਮਾਇਲ ਅਤੇ ਐੱਮ. ਜ਼ਹੂਰ ਉਰਫ ਸ਼ੇਖ਼ ਮੁਹੰਮਦ ਜ਼ਹੂਰ-ਉਦ-ਦੀਨ, ਗੁੱਜਰਾਂਵਾਲਾ (ਅਦਾਕਾਰਾ ਸੁਰੱਈਆ ਦਾ ਸਕਾ ਮਾਮਾ) ਦਾ ਕਹਿਣਾ ਸੀ ਕਿ ਉਹ ਇਸ ਸਟੂਡੀਓ ਦੀ ਉਸਾਰੀ ਦੌਰਾਨ ਦੂਸਰਿਆਂ ਮਜ਼ਦੂਰਾਂ ਦੇ ਨਾਲ ਲੋਹੇ ਦੇ ਭਾਰੇ ਗਾਡਰ ਆਪਣੇ ਮੋਢਿਆਂ ਉੱਪਰ ਚੁੱਕ ਕੇ ਲਿਆਉਂਦੇ ਸਨ। ਕਾਰਦਾਰ ਦਾ ਸਾਰਾ ਯੂਨਿਟ ਰੋਜ਼ਾਨਾ ਸਟੂਡੀਓ ਦੀ ਉਸਾਰੀ ਵਿਚ ਮਸਰੂਫ ਰਹਿੰਦਾ ਅਤੇ ਇਸ ਤਰ੍ਹਾਂ ਸਾਰਿਆਂ ਦੇ ਪਿਆਰ ਤੇ ਮਿਹਨਤ-ਮੁਸ਼ੱਕਤ ਨਾਲ ਇਹ ਅਦਾਰਾ ਮੁਕੰਮਲ ਹੋ ਗਿਆ।
1932 ਵਿਚ ਹਕੀਮ ਰਾਮ ਪ੍ਰਸ਼ਾਦ ਨੇ ਆਪਣੇ ਇਸ ਫਿਲਮਸਾਜ਼ ਅਦਾਰੇ ਪਲੇਆਰਟ ਫੋਟੋਟੋਨ, ਲਾਹੌਰ ਦੇ ਬੈਨਰ ਹੇਠ ਏ. ਆਰ. ਕਾਰਦਾਰ ਉਰਫ ਅਬਦੁੱਲ ਰਸ਼ੀਦ ਕਾਰਦਾਰ ਦੀ ਹਿਦਾਇਤਕਾਰੀ ਵਿਚ ਆਪਣੀ ਪਹਿਲੀ ਬੋਲਦੀ ਹਿੰਦੀ/ਉਰਦੂ ਫਿਲਮ ‘ਹੀਰ ਰਾਂਝਾ` ਉਰਫ ‘ਹੂਰ-ਏ-ਪੰਜਾਬ` (1932) ਸ਼ੁਰੂ ਕੀਤੀ। ਵਾਰਿਸ ਸ਼ਾਹ ਦੇ ਮਸ਼ਹੂਰ ਇਸ਼ਕੀਆ ਅਫਸਾਨੇ `ਤੇ ਬਣੀ ਇਸ ਹਿੰਦੀ ਫਿਲਮ ਵਿਚ ‘ਹੀਰ` ਦਾ ਕਿਰਦਾਰ ਅੰਮ੍ਰਿਤਸਰ ਦੀ ਮਾਰੂਫ ਲੋਕ ਫਨਕਾਰਾ ਮਿਸ ਅਨਵਰ ਉਰਫ ਅਨਵਰੀ ਬਾਈ ਉਰਫ ਅਨਵਰੀ ਬੇਗ਼ਮ (ਬੁਲਬੁਲ-ਏ-ਪੰਜਾਬ) ਨੇ ਅਦਾ ਕੀਤਾ ਜਿਸ ਦੇ ਹਮਰਾਹ ‘ਰਾਂਝਾ` ਦਾ ਕਿਰਦਾਰ ਰਾਵਲਪਿੰਡੀ ਦਾ ਗੱਭਰੂ ਮੁਹੰਮਦ ਰਫੀਕ ਗਜ਼ਨਵੀ ਬੀ. ਏ. ਨੇ ਨਿਭਾ ਰਿਹਾ ਸੀ। ਇਹ ਦੋਵਾਂ ਦੀ ਪਹਿਲੀ ਫਿਲਮ ਸੀ।
ਬਾਕੀ ਕਲਾਕਾਰਾਂ ਵਿਚ ਐੱਮ. ਇਸਮਾਇਲ (ਕੈਦੋਂ), ਗੁਲ ਹਮੀਦ (ਰਾਜਾ ਅਦਲੀ), ਲਾਲਾ ਯਕੂਬ, ਹੈਦਰ ਸ਼ਾਹ, ਨਜ਼ੀਰ, ਨਵਾਬ ਕਾਰਦਾਰੀ (ਡਰਾਈਵਰ ਏ. ਆਰ. ਕਾਰਦਾਰ), ਤਰੂ ਸ਼ਾਹ ਆਦਿ ਸ਼ਾਮਲ ਸਨ। ਫਿਲਮ ਦੀ ਫੋਟੋਗ੍ਰਾਫੀ ਵੀ. ਐੱਮ. ਵਿਆਸ, ਕਹਾਣੀ ਪ੍ਰੋਫੈਸਰ ਆਬਿਦ ਅਲੀ ਆਬਿਦ, ਸੰਵਾਦ ਲਾਲਾ ਯਕੂਬ (ਲਾਹੌਰ), ਸਕਰੀਨ ਪਲੇਅ ਐੱਮ. ਸਾਦਿਕ (ਲਾਹੌਰ), ਕਲਾ ਨਿਰਦੇਸ਼ਕ ਐੱਮ. ਇਸਮਾਇਲ, ਗੀਤ/ਕਲਾਮ ਵਾਰਿਸ ਸ਼ਾਹ ਅਤੇ ਸੰਗੀਤ ਦੀਆਂ ਤਰਜ਼ਾਂ ਖ਼ੁਦ ਮੁਹੰਮਦ ਰਫੀਕ ਗਜ਼ਨਵੀ ਨੇ ਮੁਰੱਤਿਬ ਕੀਤੀਆਂ ਸਨ। ਇਹ ਗੱਲ ਕਾਬਿਲ-ਏ-ਜ਼ਿਕਰ ਹੈ ਮਸ਼ਹੂਰ ਸੰਗੀਤਕਾਰ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ` ਰਫੀਕ ਗ਼ਜ਼ਨਵੀ ਦੇ ਸਹਾਇਕ ਸੰਗੀਤਕਾਰ ਸਨ ਜਿਨ੍ਹਾਂ ਨਾਲ ਮੋਹਨੀ ਬੈਂਡ, ਲਾਹੌਰ ਦੇ ਮਾਲਕ ਮੋਹਨੀ ਕਲੈਰੇਨਟ ਵਜਾਉਂਦੇ ਸਨ।
ਇਸ ਫਿਲਮ `ਚ ਕਾਫੀ ਤਦਾਦ `ਚ ਗੀਤ ਸਨ ਪਰ ਲਾਹੌਰ ਤੋਂ ਛਪਦੇ ਰੋਜ਼ਾਨਾ ਉਰਦੂ ਅਖ਼ਬਾਰ ‘ਦਿ ਡੇਲੀ ਇਨਕਲਾਬ` ਦੇ ਇਸ਼ਤਿਹਾਰਾਂ `ਤੇ ਦਰਜ ਇਬਾਰਤ ਅਨੁਸਾਰ ਫਿਲਮ ਦੇ ਸਿਰਫ ਤਿੰਨ ਗੀਤਾਂ ਦਾ ਹਵਾਲਾ ਮਿਲ ਸਕਿਆ ਹੈ। ਪਹਿਲੇ ਦੋ ਗੀਤ ਪੰਜਾਬੀ ਜ਼ੁਬਾਨ `ਚ ‘ਰਾਂਝੇ ਨੂੰ ਲਿਆਵੋ ਮੋੜ ਕੇ ਨਾ ਜਾਵੀਂ ਰਾਂਝਣਾ ਵੇ` ਤੇ ‘ਟੁਰ ਚੱਲਿਆ ਨੀ ਰਾਂਝਾ ਮੇਰੀ ਪ੍ਰੀਤ ਨੂੰ ਤੋੜ ਕੇ` ਅਤੇ ਤੀਜੀ ਉਰਦੂ ਗ਼ਜ਼ਲ ‘ਉੱਠ ਏ ਵਫਾ ਸ਼ਾਰ ਮੇਰਾ ਹਾਲੇ ਜ਼ਾਰ ਦੇਖ`। ਇਹ ਫਿਲਮ 9 ਸਤੰਬਰ 1932 ਨੂੰ ਕੈਪੀਟਲ ਸਿਨੇਮਾ, ਮੈਕਲੋਡ ਰੋਡ, ਲਾਹੌਰ ਅਤੇ ਸਟਾਰ ਸਿਨੇਮਾ, ਭਾਟੀ ਗੇਟ, ਲਾਹੌਰ ਵਿਖੇ ਨੁਮਾਇਸ਼ ਲਈ ਪੇਸ਼ ਕਰ ਦਿੱਤੀ ਗਈ ਪਰ ਆਪਣੀ ਨਾਕਸ ਫੋਟੋਗ੍ਰਾਫੀ ਦੀ ਵਜ੍ਹਾ ਨਾਲ ਫਲਾਪ ਹੋ ਗਈ।
ਇਸ ਫਿਲਮ ਤੋਂ ਬਾਅਦ ਫਿਲਮਸਾਜ਼ ਹਕੀਮ ਰਾਮ ਪ੍ਰਸ਼ਾਦ ਨੇ ਆਪਣੀ ਦੂਜੀ ਹਿੰਦੀ/ਉਰਦੂ ਫਿਲਮ ‘ਰਾਜਾ ਗੋਪੀ ਚੰਦ` (1932) ਸ਼ੁਰੂ ਕੀਤੀ। ਇਸ ਦੀ ਹਿਦਾਇਤਕਾਰੀ ਲਈ ਬੰਬਈ ਤੋਂ ਅਖ਼ਤਰ ਨਵਾਜ਼ ਨੂੰ ਸੱਦਿਆ ਗਿਆ ਜੋ ਪਿੱਛਿਓਂ ਪਸ਼ੌਰ (ਪੇਸ਼ਾਵਰ) ਦਾ ਰਹਿਣ ਵਾਲਾ ਪੰਜਾਬੀ ਸੀ। ਫਿਲਮ ਦੇ ਸਿਤਾਰਿਆਂ ਵਿਚ ਜੱਦਣ ਬਾਈ (ਸੰਗੀਤ ਦੀ ਰਾਣੀ), ਐੱਚ.ਸੀ. ਬਾਲੀ ਉਰਫ ਹਰੀਸ਼ ਚੰਦਰ ਬਾਲੀ (ਸੰਗੀਤ ਰਤਨ), ਦੇਵ ਬਾਲਾ, ਰਾਮ ਕ੍ਰਿਸ਼ਨ ਚੌਬੇ, ਮਿਸ ਕਮਲਾ, ਐੱਮ. ਇਸਮਾਇਲ, ਡਾਕਟਰ ਸੌਫੀ, ਅਖ਼ਤਰ ਹੁਸੈਨ ਅਤੇ ਮਿਸ ਸੀਤਾ ਸ਼ਾਮਲ ਸਨ। ਇਸ ਫਿਲਮ ਲਈ ਜੱਦਣ ਬਾਈ ਨੂੰ ਕਲਕੱਤੇ ਤੋਂ ਲਾਹੌਰ ਬੁਲਾਇਆ ਗਿਆ ਸੀ। ਉਸ ਨਾਲ ਉਸ ਦੀ 4 ਸਾਲਾ ਧੀ ਬੇਬੀ ਰਾਣੀ (ਅਦਾਕਾਰਾ ਨਰਗਿਸ) ਤੇ ਪੁੱਤਰ ਅਖ਼ਤਰ ਹੁਸੈਨ (ਪਹਿਲੇ ਵਿਆਹ `ਚੋਂ) ਵੀ ਸੀ, ਜਿਸ ਨੇ ਇਸ ਫਿਲਮ `ਚ ਅਦਾਕਾਰੀ ਵੀ ਕੀਤੀ। ਬਤੌਰ ਅਦਾਕਾਰਾ ਇਹ ਜੱਦਣ ਬਾਈ ਦੀ ਪਹਿਲੀ ਫਿਲਮ ਸੀ ਅਤੇ ਇਸ ਫਿਲਮ ਵਿਚ ਕੰਮ ਕਰਨ ਤੋਂ ਬਾਅਦ ਉਹ ਬੰਬਈ ਵਾਪਸ ਚਲੀ ਗਈ ਸੀ।
ਜੱਦਣ ਬਾਈ ਨੇ ਫਿਲਮ `ਚ ਰਾਜਾ ਗੋਪੀ ਚੰਦ ਦੀ ਮਾਂ ‘ਮੈਨਾਵਤੀ` ਦਾ ਕਿਰਦਾਰ ਨਿਭਾਇਆ ਜਦੋਂ ਕਿ ਹੁਸ਼ਿਆਰਪੁਰ ਦਾ ਐੱਚ. ਸੀ ਬਾਲੀ ‘ਰਾਜਾ ਗੋਪੀਚੰਦ` ਦਾ ਟਾਈਟਲ ਰੋਲ ਕਰ ਰਿਹਾ ਸੀ। ਕਹਾਣੀ, ਗੀਤ, ਮੰਜ਼ਰਨਾਮਾ ਤੇ ਮੁਕਾਲਮੇ ਰਾਮਦਾਸ ‘ਆਜ਼ਾਦ` ਨੇ ਤਿਆਰ ਕੀਤੇ। ਫਿਲਮ ਵਿਚ ਕੁੱਲ 24 ਗੀਤ ਸਨ ਜਿਨ੍ਹਾਂ ਦੀਆਂ ਧੁਨਾਂ ਐੱਚ.ਸੀ. ਬਾਲੀ ਨੇ ਤਿਆਰ ਕੀਤੀਆਂ। ਫਿਲਮ ਦੇ ਖ਼ੂਬਸੂਰਤ ਭਜਨ ਤੇ ਗੀਤਾਂ ਦੇ ਬੋਲ ਹਨ ‘ਬਲਿਹਾਰੀ ਰਸੀਆ ਗਿਰਧਾਰੀ ਸੁੰਦਰ ਸ਼ਿਆਮ`, ‘ਆਜ ਸੁਨੋ ਰੀ ਸਖੀਆ ਸ਼ੁੱਭ ਘੜੀ ਆਈ`, ‘ਜਗਤ ਕਾ ਕਯਾ ਭਰੋਸਾ ਹੈ ਫਕਤ ਦੋ ਦਿਨ ਕਾ ਮੇਲਾ ਹੈ`, ‘ਦਿਲ ਉਸ ਸੇ ਨਾ ਭਰ ਪਾਇਆ ਰੇ`, ‘ਹਮਾਰੇ ਰਕਸ਼ਕ ਹੈਂ ਭਗਵਾਨ ਵਹੀ ਹਮਾਰੇ ਮਾਤ-ਪਿਤਾ ਹੈਂ`, ‘ਰਾਧੇ ਸ਼ਿਆਮ ਬੋਲ ਮੁਖ ਸੇ ਰਾਧੇ ਕ੍ਰਿਸ਼ਨ ਬੋਲ`, ‘ਅੰਧੇਰਾ ਉਸ ਜਗ੍ਹਾ ਪਾਇਆ ਜਹਾਂ ਥੀ ਚਮਕ`, ‘ਯੂੰ ਤੋ ਹਰ ਏਕ ਯਹਾਂ ਆ ਕੇ ਚਲਾ ਜਾਤਾ ਹੈ`, ‘ਜਬ ਗੌਰ ਕੀਆ ਹਮਨੇ ਦੁਨੀਆ ਕੀ ਹਕੀਕਤੋਂ ਕਾ` ਆਦਿ। ਇਸ ਦੇ ਗ੍ਰਾਮੋਫੋਨ ਰਿਕਾਰਡ `ਤੇ ਗਾਇਕਾਂ ਦੇ ਨਾਵਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਮੇਰੇ ਕੋਲ ਮੌਜੂਦ ਇਸ ਫਿਲਮ ਦੀ ਬੁੱਕਲੈਟ ਤੋਂ ਫਿਲਮ ਦੇ ਮੁਕੰਮਲ ਗੀਤਾਂ ਦੇ ਬੋਲ ਜ਼ਰੂਰ ਮਿਲ ਗਏ ਹਨ ਜੋ ਮੈਨੂੰ ਲਾਹੌਰ ਤੋਂ ਪ੍ਰਾਪਤ ਹੋਈ।
ਇਸ ਫਿਲਮ ਨੇ ਇੱਕ ਮੁਹੱਬਤੀ ਅਫਸਾਨੇ ਨੂੰ ਜਨਮ ਦਿੱਤਾ। ਫਿਲਮ ਦੀ ਸ਼ੂਟਿੰਗ ਦੇ ਦੌਰਾਨ ਡਾਕਟਰ ਸੋਨੀ ਤੇ ਮਿਸ ਕਮਲਾ ਦਰਮਿਆਨ ਇਸ਼ਕ ਹੋ ਗਿਆ। ਫਿਲਮ ਪੂਰੀ ਹੁੰਦਿਆਂ ਹੀ ਦੋਵਾਂ ਨੇ ਵਿਆਹ ਕਰਵਾ ਲਿਆ ਤੇ ਬੰਬਈ ਚਲੇ ਗਏ। ਆਪਣੀਆਂ ਦੋਵਾਂ ਫਿਲਮਾਂ ਦੀ ਨਾਕਾਮੀ ਤੋਂ ਬਾਅਦ ਫਿਲਮਸਾਜ਼ ਤੇ ਸਟੂਡੀਓਸਾਜ਼ ਹਕੀਮ ਰਾਮ ਪ੍ਰਸ਼ਾਦ ਨੇ ਫਿਲਮ ਨਿਰਮਾਣ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਇਸ ਤੋਂ ਬਾਅਦ ਉਹ ਆਪਣੇ ਸਿਨੇਮਾਂ ਘਰਾਂ ਵਿਚ ਹਿੰਦੀ ਤੇ ਪੰਜਾਬੀ ਫਿਲਮਾਂ ਰਿਲੀਜ਼ ਕਰ ਕੇ ਹੀ ਦੌਲਤ ਤੇ ਸ਼ੁਹਰਤ ਕਮਾਉਂਦੇ ਰਹੇ। ਵੰਡ ਤੋਂ ਪਹਿਲਾਂ ਹਕੀਮ ਸਾਹਬ ਦੇ ਕਰਾਊਨ ਟਾਕੀਜ਼ ਵਿਚ ਰਿਲੀਜ਼ਸ਼ੁਦਾ ਪੰਜਾਬੀ ਫਿਲਮਾਂ `ਚ ‘ਦੁੱਲਾ ਭੱਟੀ` ਉਰਫ ‘ਦੁਖੀ ਜਵਾਨੀ` (26 ਅਪਰੈਲ 1940), ‘ਜੱਗਾ ਡਾਕੂ` (27 ਸਤੰਬਰ 1940), ‘ਲੈਲਾ ਮਜਨੂੰ` (1 ਨਵੰਬਰ 1940), ‘ਚਤਰ ਬਕਾਵਲੀ` (2 ਮਈ 1940), ‘ਮੇਰਾ ਮਾਹੀ` (20 ਜੂਨ 1941), ‘ਗੁਲ ਬਲੋਚ` (23 ਅਗਸਤ 1946) ਤੋਂ ਇਲਾਵਾ ਵਲਿੰਗਟਨ ਟਾਕੀਜ਼ ਵਿਚ ‘ਨਿਖੱਟੂ` (1 ਅਕਤੂਬਰ 1943) ਤੇ ‘ਕੋਇਲ` (24 ਨਵੰਬਰ 1944) ਦੇ ਨਾਮ ਜ਼ਿਕਰਯੋਗ ਹਨ।
ਪੰਜਾਬ ਵੰਡ ਤੋਂ ਬਾਅਦ ਹਕੀਮ ਰਾਮ ਪ੍ਰਸ਼ਾਦ ਲਾਹੌਰ (ਪਾਕਿਸਤਾਨ) ਰਹੇ ਜਾਂ ਭਾਰਤੀ ਪੰਜਾਬ ਆ ਗਏ, ਕਾਫੀ ਛਾਣ-ਬੀਣ ਕਰਨ ਦੇ ਬਾਵਜੂਦ ਦੋਵਾਂ ਪੰਜਾਬਾਂ `ਚੋਂ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ।