ਰੀਝਾਂ-ਭਰੇ ਜਜ਼ਬੇ ਵਾਲ਼ੀ ਕਵਿੱਤਰੀ ਸੁੁਰਜੀਤ (ਟੋਰਾਂਟੋ)

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ। ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ।

ਪਿਛਲੇ ਕੁਝ ਸਮੇਂ ਤੋਂ ਉਹ ਵਾਰਤਕ ਪੁਸਤਕਾਂ ਦਾ ਢੇਰ ਲਾ ਰਹੇ ਹਨ। ਪੁਸਤਕਾਂ ਦਾ ਇਹ ਅਜਿਹਾ ਢੇਰ ਹੈ ਜਿਸ ਅੰਦਰ ਰਚਨਾਵਾਂ ਹੀਰੇ-ਮੋਤੀਆਂ ਵਾਂਗ ਪਰੋਈਆਂ ਮਿਲਦੀਆਂ ਹਨ। ਫਲਸਰੂਪ, ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਦੇ ਜ਼ਿਹਨ ਅੰਦਰ ਸਹਿਜੇ ਹੀ ਲਹਿ-ਲਹਿ ਜਾਂਦੀਆਂ ਹਨ। ‘ਪੰਜਾਬ ਟਾਈਮਜ਼’ ਲਈ ਉਨ੍ਹਾਂ ਔਰਤ ਲਿਖਾਰੀਆਂ ਦੀ ਲੜੀ ‘ਕਲਮਾਂ ਵਾਲੀਆਂ’ ਨਾਂ ਹੇਠ ਭੇਜੀ ਹੈ, ਜਿਸ ਵਿਚ ਸਾਹਿਤ ਦੇ ਨਾਲ-ਨਾਲ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਗੱਲਾਂ-ਬਾਤਾਂ ਬਹੁਤ ਸਲੀਕੇ ਨਾਲ ਕੀਤੀਆਂ ਗਈਆਂ ਹਨ। ਇਹ ਲੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲੜੀ ਦੇ ਚੌਦਵੇਂ ਪੂਰ ਵਿਚ ਉੱਘੀ ਕਵਿੱਤਰੀ ਸੁਰਜੀਤ (ਟੋਰਾਂਟੋ) ਬਾਰੇ ਗੱਲਾਂ ਹਨ।
ਕੁਝ ਸਾਲ ਪਹਿਲਾਂ ਜਦੋਂ ਅਸੀਂ, ਮੈਂ ਤੇ ਮੇਰੀ ਸਾਥਣ, ਅਮਰੀਕਾ ਗਏ, ਸਾਡਾ ਟਿਕਾਣਾ ਬੇਟੀ ਕੋਲ ਕੈਲੀਫ਼ੋਰਨੀਆ ਦਾ ਬੇਅ-ਏਰੀਆ ਸੀ। ਵੈਸੇ ਤਾਂ ਸਾਰੇ ਕੈਲੀਫ਼ੋਰਨੀਆ ਵਿਚ ਹੀ ਪੰਜਾਬੀ ਆਮ ਦਿਸਦੇ ਹਨ, ਪਰ ਬੇਅ-ਏਰੀਆ ਅਜਿਹਾ ਇਲਾਕਾ ਹੈ ਜਿਥੇ ਪੰਜਾਬੀਆਂ ਦੀ ਗਿਣਤੀ ਕਾਫ਼ੀ ਵੱਡੀ ਹੈ। ਤੇ ਸਬੱਬ ਨਾਲ ਉਸੇ ਅਨੁਪਾਤ ਵਿਚ ਇਥੇ ਪੰਜਾਬੀ ਲੇਖਕ-ਲੇਖਿਕਾਵਾਂ ਵਸੇ ਹੋਏ ਹਨ। ਜਦੋਂ ਵੀ ਉਥੇ ਕੋਈ ਸਾਹਿਤਕ ਇਕੱਠ ਹੁੰਦਾ ਹੈ, ਚੰਗੀ-ਖਾਸੀ ਗਿਣਤੀ ਵਿਚ ਸਾਹਿਤਕਾਰ ਤੇ ਸਾਹਿਤ-ਪ੍ਰੇਮੀ ਜੁੜ ਬੈਠਦੇ ਹਨ। ਤੇ ਜੇ ਇਹ ਕਹਿ ਦਿੱਤਾ ਜਾਵੇ ਕਿ ਅਜਿਹੇ ਸਾਹਿਤਕ ਇਕੱਠ ਹੁੰਦੇ ਹੀ ਰਹਿੰਦੇ ਹਨ, ਇਹ ਵੀ ਕੋਈ ਅਤਿਕਥਨ ਨਹੀਂ।
ਉਥੋਂ ਦੇ ਪੰਜਾਬੀ ਸਾਹਿਤਕਾਰਾਂ ਦੀ ਸੁਹਿਰਦ ਮਿਲਣਸਾਰੀ ਦਾ ਵੀ ਕੋਈ ਜਵਾਬ ਨਹੀਂ। ਉਹ ਸੱਜਨ ਵੀ ਜਿਨ੍ਹਾਂ ਨਾਲ ਕਦੀ ਤੁਹਾਡੀ ਚਿੱਠੀ-ਪੱਤਰੀ ਜਾਂ ਫੋਨ ਰਾਹੀਂ ਗੱਲ-ਬਾਤ ਤੱਕ ਨਹੀਂ ਹੋਈ ਹੁੰਦੀ, ਚਿਰ-ਵਿੱਛੜਿਆਂ ਵਾਂਗ ਮਿਲਦੇ ਹਨ। ਇਧਰੋਂ ਗਏ ਹਰ ਲੇਖਕ ਦੇ ਮਾਣ ਵਿਚ ਸਵਾਗਤੀ ਸਭਾ ਕੀਤੀ ਜਾਂਦੀ ਹੈ, ਉਹਦੇ ਸਾਹਿਤਕ ਗੁਣ ਗਾਏ ਜਾਂਦੇ ਹਨ ਤੇ ਉਹਨੂੰ ਮੋਹ ਪਰਗਟਾਉਂਦੀਆਂ ਨਿਸ਼ਾਨੀਆਂ ਭੇਟ ਕੀਤੀਆਂ ਜਾਂਦੀਆਂ ਹਨ। ਇਹ ਇਕ ਵੱਖਰਾ ਮੁੱਦਾ ਹੈ ਕਿ ਇਧਰਲੇ ਕਈ ਲੇਖਕ ਆਪਣੇ ਵਿਹਾਰ ਨਾਲ ਇਸ ਸਭ ਕੁਝ ਦੇ ਹਾਣ ਦੇ ਸਿੱਧ ਨਹੀਂ ਹੁੰਦੇ।
ਫੇਰ ਘਰੀਂ ਬੁਲਾਉਣ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਤੇ ਘਰ ਵੀ ਤੁਹਾਥੋਂ ਇਲਾਵਾ, ਭਾਵ ਮੇਜ਼ਬਾਨ ਤੇ ਮਹਿਮਾਨ ਦੇ ਇਕ ਜਮ੍ਹਾਂ ਇਕ ਦੀ ਥਾਂ, ਸਥਾਨਕ ਲੇਖਕ ਮਿੱਤਰਾਂ ਨੂੰ ਵੀ ਨਾਲ ਬੁਲਾ ਕੇ ਚੰਗੀ-ਖਾਸੀ ਰੌਣਕ ਲਾ ਲਈ ਜਾਂਦੀ ਹੈ। ਸਾਹਿਤਕ ਮਿਲਣੀਆਂ ਵਿਚ ਜਿਹੜੇ ਕਈ ਕਲਮਾਂ ਵਾਲ਼ੇ ਪਹਿਲੀ ਵਾਰ ਮਿਲੇ, ਉਨ੍ਹਾਂ ਵਿਚ ਪ੍ਰੋ. ਪਿਆਰਾ ਸਿੰਘ ਕੁੱਦੋਵਾਲ ਵੀ ਸਨ। ਉਹ ਲਿਖਦੇ ਹਨ ਪਰ ਪਤਾ ਨਹੀਂ ਕਿਉਂ ਇਧਰ ਨਹੀਂ ਛਪਦੇ। ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਉਨ੍ਹਾਂ ਦੇ ਲੇਖਕ ਹੋਣ ਦਾ ਪਤਾ ਉਨ੍ਹੀਂ ਦਿਨੀਂ ਹੀ ਛਪੀ ਅਮਰੀਕੀ ਪੰਜਾਬੀ ਕਹਾਣੀਆਂ ਦੀ ਪੁਸਤਕ ‘ਪੰਖ, ਪਿੰਜਰਾ ਤੇ ਪਰਵਾਜ਼’ ਵਿਚ ਸ਼ਾਮਲ ਉਨ੍ਹਾਂ ਦੀ ਕਹਾਣੀ ‘ਝੂਠ ਦਾ ਸੰਤਾਪ’ ਤੋਂ ਲੱਗਿਆ ਸੀ।
ਇਕ ਸ਼ਾਮ ਉਨ੍ਹਾਂ ਨੇ ਸਾਨੂੰ ਖਾਣੇ ਲਈ ਬੁਲਾਇਆ। ਏਨੇ ਮਿੱਤਰ ਹੋਰ ਬੁਲਾਏ ਹੋਏ ਸਨ ਕਿ ਪੂਰੀ ਮਹਿਫ਼ਲ ਸਜ ਗਈ। ਉਨ੍ਹਾਂ ਦੀ ਜੀਵਨ-ਸਾਥਣ, ਕਵਿੱਤਰੀ ਸੁਰਜੀਤ ਦੂਹਰੀ ਭੂਮਿਕਾ ਨਿਭਾ ਰਹੀ ਸੀ। ਉਹ ਬਾਜ਼ਾਰੀ ਖਾਣਾ ਮੰਗਵਾਉਣ ਦੀ ਥਾਂ ਹੱਥੀਂ ਖਾਣਾ ਬਣਾ ਰਹੀ ਹੋਣ ਕਰਕੇ ਪਵਕਾਨ ਵਿਚ ਸਮੇਂ-ਸਮੇਂ ਕੜਛੀ ਵੀ ਮਾਰ ਰਹੀ ਸੀ ਅਤੇ ਵਿਚ-ਵਿਚ ਆਪਣੀ ਕਵਿਤਾ ਸੁਣਾ ਕੇ ਵਾਹ-ਵਾਹ ਵੀ ਖੱਟ ਰਹੀ ਸੀ।
ਰਚਨਾਵਾਂ, ਭਾਵ ਕਵਿਤਾਵਾਂ ਵੀ ਸੁਣਾਈਆਂ ਜਾਂਦੀਆਂ ਰਹੀਆਂ ਤੇ ਗੱਲਾਂ ਵੀ ਚਲਦੀਆਂ ਰਹੀਆਂ। ਅਜਿਹੀਆ ਮਹਿਫ਼ਲਾਂ ਕਹਾਣੀਕਾਰਾਂ ਲਈ ਘਾਟੇਵੰਦੀਆਂ ਰਹਿੰਦੀਆਂ ਹਨ ਤੇ ਉਹ ਵਕਤੇ ਦੀ ਥਾਂ ਸਰੋਤੇ ਬਣ ਕੇ ਰਹਿ ਜਾਂਦੇ ਹਨ। ਅਜਿਹੇ ਮੌਜ-ਮੇਲੇ ਵਿਚ ਕੌਣ ਸੁਣੇਗਾ ਉਨ੍ਹਾਂ ਦੀ ਪੰਦਰਾਂ-ਵੀਹ ਮਿੰਟ ਦੀ ਕਥਾ-ਵਾਰਤਾ! ਕਵੀਆਂ ਨੂੰ ਤਾਂ ਕਾਗ਼ਜ਼ ਚੁੱਕਣ ਦੀ ਵੀ ਲੋੜ ਨਹੀਂ ਪੈਂਦੀ। ਉਹ ਰਟੀਆਂ ਹੋਈਆਂ ਭਾਂਤ-ਸੁਭਾਂਤੀਆਂ ਕਵਿਤਾਵਾਂ ਦੇ ਆਪਣੇ ਭੰਡਾਰ ਵਿਚੋਂ ਹਰ ਮੌਕੇ ਲਈ ਢੁੱਕਵੀਂ ਕਵਿਤਾ ਨਾਲ ਹਰ ਵੇਲ਼ੇ ਤਿਆਰ-ਬਰ-ਤਿਆਰ ਰਹਿੰਦੇ ਹਨ। ਕਵਿਤਾ ਮੁਕਦੀ ਤਾਂ ਅ-ਕਵੀ ਗੱਲਾਂ ਦਾ ਦੌਰ ਚਲਾ ਲੈਂਦੇ। ਅਜਿਹੇ ਹੀ ਇਕ ਮੌਕੇ ਤਰਾਰੇ ਵਿਚ ਆਏ ਹੋਏ ਗਲਪਕਾਰ ਪ੍ਰੋ. ਹਰਭਜਨ ਸਿੰਘ ਨੇ ਅਮਰੀਕਾ ਵਿਚ ਦਿੱਤੇ ਹੋਏ ਮੇਰੇ ਇਕ ਭਾਸ਼ਨ ਦੇ ਹਵਾਲੇ ਨਾਲ ਪੁੱਛਿਆ, “ਭੁੱਲਰ ਸਾਹਿਬ, ਇਹ ਜੋ ਤੁਸੀਂ ਕਰਤਾਰੀ ਪਲਾਂ ਦੀ ਗੱਲ ਕੀਤੀ ਸੀ…।” ਪ੍ਰੋ. ਕੁੱਦੋਵਾਲ, ਜੋ ਹੁਣ ਤੱਕ ਇਧਰੋਂ ਬੇਧਿਆਨੇ ਹੋ ਕੇ ਕਿਸੇ ਹੋਰ ਮਿੱਤਰ ਨਾਲ ਗੱਲੀਂ ਲੱਗੇ ਹੋਏ ਸਨ, ਇਕਦਮ ਕੰਨ ਚੁੱਕ ਕੇ ਤੇ ਪ੍ਰੋ. ਸਾਹਿਬ ਦੀ ਗੱਲ ਵਿਚਾਲਿਉਂ ਟੁੱਕ ਕੇ ਆਪਣੇ ਮੌਜੀ ਸੁਭਾਅ ਅਨੁਸਾਰ ਬੋਲੇ, “ਇਹ ਕਰਤਾਰੀ ਕੌਣ ਹੋਈ ਬਈ!”
ਇਸ ਮੋਹਖੋਰੀ ਸਾਹਿਤਕਾਰ ਜੋੜੀ ਦੇ ਘਰ ਦੀ ਇਹ ਮਹਿਫ਼ਲ ਅੱਧੀ ਰਾਤ ਤੱਕ ਚਲਦੀ ਰਹੀ। ਸਬੱਬ ਨਾਲ ਸੁਰਜੀਤ ਦੇ ਪਹਿਲੇ ਕਾਵਿ-ਸੰਗ੍ਰਹਿ ‘ਸ਼ਿਕਸਤ ਰੰਗ’ ਦੀਆਂ ਪਹਿਲੀਆਂ ਦੋ ਕਾਪੀਆਂ ਉਹਨੀਂ ਦਿਨੀਂ ਹੀ ਭਾਰਤ ਤੋਂ ਪ੍ਰਕਾਸ਼ਕ ਦੀਆਂ ਭੇਜੀਆਂ ਹੋਈਆਂ ਆਈਆਂ ਸਨ। ਉਹਨੇ ਇਕ ਕਾਪੀ ਮੈਨੂੰ ਭੇਟ ਕਰ ਦਿੱਤੀ। ਉਥੇ ਸੁਣਾਈਆਂ ਉਹਦੀਆਂ ਕਵਿਤਾਵਾਂ ਨੇ ਪੁਸਤਕ ਨੂੰ ਵਿਹਲ ਹੋਣ ਤੱਕ ਪਰ੍ਹੇ ਰੱਖ ਛੱਡਣਾ ਮੁਸ਼ਕਿਲ ਬਣਾ ਦਿੱਤਾ। ਉਹ ਇਸ ਪਲੇਠੀ ਪੁਸਤਕ ਨਾਲ ਵਿਚਾਰ ਤੇ ਕਲਾ, ਦੋਵਾਂ ਦੀ ਪਕਿਆਈ ਸਦਕਾ ਇਕ ਮਹੱਤਵਪੂਰਨ ਕਵਿੱਤਰੀ ਬਣ ਕੇ ਸਾਹਮਣੇ ਆਈ। ਉਹਦੀ ਕਵਿਤਾ ਦੇ ਅਸਰ ਦਾ ਅੰਦਾਜ਼ਾ ਇਥੋਂ ਲਾਇਆ ਜਾ ਸਕਦਾ ਹੈ ਕਿ ਮੇਰੀ ਇੱਛਾ ਹੋਈ ਕਿ ਅਮਰੀਕਾ ਦੇ ਦਿਨਾਂ ਵਿਚ ਹੀ ਜੇ ਮੈਂ ਇਸ ਪੁਸਤਕ ਬਾਰੇ ਲੇਖ ਬੀਬੀ ਸੁਰਜੀਤ ਨੂੰ ਹੱਥੀਂ ਦੇ ਸਕਾਂ, ਚੰਗੀ ਗੱਲ ਹੋਵੇ। ਪਰ ਸਾਡੇ ਉਥੋਂ ਦੀਆਂ ਭਾਤ-ਸੁਭਾਂਤੀਆਂ ਥਾਂਵਾਂ ਤੇ ਚੀਜ਼ਾਂ ਦੇਖਣ ਦੇ ਲਾਲਚ ਤੇ ਉਸ ਕਾਰਨ ਰਹੀ ਭੱਜ-ਭਜਾਈ ਨੇ ਅਜਿਹਾ ਹੋਣ ਨਾ ਦਿੱਤਾ।
ਦੇਸ ਪਰਤ ਕੇ ਮੈਂ ਕੁਝ ਹੀ ਦਿਨਾਂ ਮਗਰੋਂ ਕਾਫ਼ੀ ਵਡ-ਆਕਾਰੀ ਲੇਖ ਪੂਰਾ ਤਾਂ ਕਰ ਲਿਆ ਪਰ ਉਹ ਹੱਥ ਨਾਲ ਲਿਖਿਆ ਹੋਇਆ ਸੀ। ਕੰਪਿਊਟਰੀ ਟਾਈਪ ਅਜੇ ਮੈਨੂੰ ਆਉਂਦੀ ਨਹੀਂ ਸੀ। ਸਬੱਬ ਨਾਲ ਉਹਨੀਂ ਦਿਨੀਂ ਪਰਵਾਸੀ ਕਵੀ ਪਸ਼ੌਰਾ ਸਿੰਘ ਢਿੱਲੋਂ ਇਧਰੋਂ ਵਾਪਸ ਜਾ ਰਹੇ ਸਨ। ਲੇਖ ਮੈਂ ਉਨ੍ਹਾਂ ਨੂੰ ਉਥੋਂ ਦੀ ਡਾਕ ਵਿਚ ਪਾਉਣ ਵਾਸਤੇ ਸੌਂਪ ਦਿੱਤਾ। ਇਹ ਸੂਚਨਾ ਮੈਂ ਸੁਰਜੀਤ ਨੂੰ ਵੀ ਦੇ ਦਿੱਤੀ। ਲੇਖ ਮਿਲੇ ਤੋਂ ਉਹਨੇ 25 ਮਾਰਚ 2007 ਨੂੰ ਜੋ ਮੇਲ ਭੇਜੀ, ਉਹ ਮੈਂ ਵਡਮੁੱਲੇ ਪੁਰਸਕਾਰ ਵਜੋਂ ਸਾਂਭੀ ਹੋਈ ਹੈ।
ਇਸ ਮੇਲ ਵਿਚ ਦੇਸ ਪਰਤ ਕੇ ਉਨ੍ਹਾਂ ਨੂੰ ਤੇ ਪੁਸਤਕ ਨੂੰ ਯਾਦ ਰੱਖਣ ਲਈ ਜੋ ਸ਼ਬਦ ਮੇਰੀ ਵਡਿਆਈ ਵਿਚ ਵਰਤੇ ਗਏ, ਉਹ ਆਪ ਹੀ ਇਥੇ ਲਿਖਦਿਆਂ ਮੈਨੂੰ ਸੰਗ ਵੀ ਆ ਰਹੀ ਹੈ ਤੇ ਸੰਕੋਚ ਵੀ ਹੋ ਰਿਹਾ ਹੈ। ਉਹ ਤਾਂ ਮੈਂ ਆਪਣੇ ਤੱਕ ਹੀ ਰੱਖਾਂਗਾ ਪਰ ਇਕ ਗੱਲ ਦਾ ਜ਼ਿਕਰ ਜ਼ਰੂਰ ਕਰਾਂਗਾ ਜੋ ਪਰਦੇਸੀਂ ਵਸੇ ਸਾਹਿਤਕਾਰ ਤੇ ਸਾਹਿਤ-ਪ੍ਰੇਮੀ ਸੱਜਨਾਂ ਦਾ ਸਾਂਝਾ ਉਲਾਂਭਾ ਕਿਹਾ ਜਾ ਸਕਦਾ ਹੈ। ਇਹ ਉਲਾਂਭਾ ਹੈ ਵੀ ਠੀਕ। ਅਸਲ ਵਿਚ ਇਧਰੋਂ ਗਏ ਲੇਖਕਾਂ ਨੇ ਜਿਨ੍ਹਾਂ ਦੀਆਂ ਦਾਅਵਤਾਂ ਉਡਾਈਆਂ ਹੁੰਦੀਆਂ ਹਨ, ਉਨ੍ਹਾਂ ਨੂੰ ਤਾਂ ਭੁੱਲ ਜਾਂਦੇ ਹਨ, ਘਟੀਆ ਕਿਸਮ ਦੇ ਸਫ਼ਰਨਾਮਿਆਂ ਵਿਚ ਜਾਂ ਇਧਰਲੀਆਂ ਮਹਿਫ਼ਲਾਂ ਵਿਚ ਆਪਣੀ ਵਡੱਤਣ ਵਜੋਂ ਜ਼ਿਕਰ ਕਰਨ ਲਈ ਚੇਤੇ ਰਹਿ ਜਾਂਦੀਆਂ ਹਨ “ਜਹਾਜ਼ ਜਿੱਡੀਆਂ ਕਾਰਾਂ”, “ਕੁੰਡਿਆਂ ਵਾਲ਼ੀਆਂ ਵਿਸਕੀ ਦੀਆਂ ਬੋਤਲਾਂ” ਤੇ “ਮੁਰਗਿਆਂ ਦੀਆਂ ਟੰਗਾਂ ਦੀਆਂ ਭਰੀਆਂ ਹੋਈਆਂ ਟਰੇਆਂ”! ਸ਼ਾਇਦ ਇਹ ਸ਼ਬਦ ਭਵਿੱਖੀ ਯਾਤਰੀਆਂ ਨੂੰ ਥੋੜ੍ਹਾ ਜਿਹਾ ਮਾਨਵੀ ਹੋਣ ਲਈ ਪ੍ਰੇਰ ਸਕਣ!
ਸੁਰਜੀਤ ਨੇ ਲਿਖਿਆ, “ਅਸਲ ਵਿਚ ਮੈਨੂੰ ਆਸ ਹੀ ਨਹੀਂ ਸੀ ਕਿ ਤੁਸੀਂ ਮੈਨੂੰ ਯਾਦ ਰੱਖੋਗੇ ਜਾਂ ਮੇਰੇ ਬਾਰੇ ਲਿਖੋਗੇ। ਤੁਹਾਨੂੰ ਪੂਰੀ ਈਮਾਨਦਾਰੀ ਨਾਲ ਦੱਸਾਂ, ਅਨੇਕ ਲੇਖਕ/ ਪ੍ਰੋਫ਼ੈਸਰ ਸਾਡੇ ਘਰ ਆਉਂਦੇ ਰਹੇ ਹਨ ਪਰ ਇਥੋਂ ਜਾ ਕੇ ਕਦੀ ਵੀ ਕਿਸੇ ਨੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ, ਫੋਨ ਨਹੀਂ ਕੀਤਾ ਤੇ ਲਿਖਿਆ ਨਹੀਂ। ਇਸ ਲਈ ਮੈਂ ਦਿਲੋਂ ਆਖਦੀ ਹਾਂ ਕਿ ਤੁਸੀਂ ਖਰੇ ਮਨੁੱਖ ਹੋ!”
ਉਸ ਤੋਂ ਕੁਝ ਸਮਾਂ ਮਗਰੋਂ ਪਤਾ ਲੱਗਿਆ, ਉਹ ਅਮਰੀਕਾ ਛੱਡ ਗਏ ਹਨ ਤੇ ਕੈਨੇਡਾ ਰਹਿ ਰਹੇ ਹਨ। ਇਹ ਸਤਰਾਂ ਲਿਖਣ ਵੇਲ਼ੇ ਮੈਂ ਪੁੱਛਿਆ, ਸਿਰਫ਼ ‘ਸੁਰਜੀਤ’ ਲਿਖਣ ਨਾਲੋਂ ‘ਸੁਰਜੀਤ (ਕੈਨੇਡਾ)’ ਨਾ ਲਿਖ ਦਿਆਂ? ਉਹਨੇ ਦੱਸਿਆ, ਕੈਨੇਡਾ ਵਿਚ ਹੋਰ ਸੁਰਜੀਤਾਂ ਵੀ ਕਵਿੱਤਰੀਆਂ ਹਨ, ‘ਸੁਰਜੀਤ (ਟੋਰਾਂਟੋ)’ ਠੀਕ ਰਹੇਗਾ।
‘ਸ਼ਿਕਸਤ ਰੰਗ’ ਤੋਂ ਪਿੱਛੋਂ ਸੁਰਜੀਤ ਦੇ ਦੋ ਕਾਵਿ-ਸੰਗ੍ਰਹਿ ‘ਹੇ ਸਖੀ’ ਤੇ ‘ਵਿਸਮਾਦ’ ਹੋਰ ਛਪ ਚੁੱਕੇ ਹਨ ਅਤੇ ਇਕ ਕਹਾਣੀ-ਸੰਗ੍ਰਹਿ ‘ਪਾਰਲੇ ਪੁਲ਼’ ਵੀ ਪਾਠਕਾਂ ਦੇ ਹੱਥਾਂ ਵਿਚ ਪੁੱਜਿਆ ਹੈ। ਪਰ ਮੇਰੇ ਚੇਤੇ ਵਿਚ ਇਸ ਕਾਵਿ-ਸੰਗ੍ਰਹਿ ਨੇ ਆਪਣਾ ਸੱਜਰਾਪਨ ਜਿਉਂ-ਦਾ ਤਿਉਂ ਬਣਾਈ ਰੱਖਿਆ ਹੈ। “ਕੈਨੇਡਾ ਵਸੇ ਹੋਏ” ਦੀ ਥਾਂ “ਕੈਨੇਡਾ ਰਹਿ ਰਹੇ” ਮੈਂ ਇਸ ਲਈ ਲਿਖਿਆ ਹੈ ਕਿਉਂਕਿ ਪਹਿਲੀ ਪੀੜ੍ਹੀ ਦੇ ਪਰਵਾਸੀ ਕਿਤੇ ਵੀ ਜਾਣ, ਉਹ ਆਮ ਕਰ ਕੇ ਉਥੋਂ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ, ਉਨ੍ਹਾਂ ਪ੍ਰਾਪਤੀਆਂ ਦੇ ਤਾਰਨੇ ਪਏ ਮੁੱਲ ਦੇ ਅਹਿਸਾਸ ਕਾਰਨ, ਆਪਣੇ ਆਪ ਨੂੰ ਵਸੇ ਹੋਏ ਘੱਟ ਅਤੇ ਰਹਿ ਰਹੇ ਵਧੀਕ ਮਹਿਸੂਸ ਕਰਦੇ ਹਨ। ਇਸ ‘ਰਹਿ ਰਹੇ’ ਹੋਣ ਦੀ ਪੀੜ ਸੁਰਜੀਤ ਦੀਆਂ ਅਨੇਕਾਂ ਕਵਿਤਾਵਾਂ ਵਿਚ ਮਹਿਸੂਸ ਹੁੰਦੀ ਹੈ। ਮੇਰਾ ਲੱਖਣ ਹੈ, ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਜ਼ਰੂਰ ‘ਰਹਿਣ’ ਦੀ ਥਾਂ ਉਥੇ ‘ਵਸਣ’ ਲੱਗ ਜਾਣਗੀਆਂ।
ਸੁਰਜੀਤ ਦੇ ਇਸ ਪਲੇਠੇ ਕਾਵਿ-ਸੰਗ੍ਰਹਿ ਦੀ ਦੇਖਣ ਵਾਲੀ ਗੱਲ ਇਹ ਹੈ ਕਿ ਇਸ ਵਿਚ ਪਹਿਲੀਆਂ ਰਚਨਾਵਾਂ ਵਾਲੇ ਗੁਣ ਤਾਂ ਹਨ ਪਰ ਔਗੁਣ ਨਹੀਂ। ਪਹਿਲੀਆਂ ਰਚਨਾਵਾਂ ਅਨੇਕ ਸੂਰਤਾਂ ਵਿਚ ਅਨੁਭਵ, ਜਜ਼ਬੇ ਅਤੇ ਵਿਚਾਰ ਦੇ ਪੱਖੋਂ ਤਾਂ ਸੰਘਣੀਆਂ ਹੁੰਦੀਆਂ ਹਨ ਪਰ ਕਲਾ-ਕੌਸ਼ਲਤਾ, ਪੇਸ਼ਕਾਰੀ ਅਤੇ ਪ੍ਰਗਟਾਵੇ ਦੇ ਪੱਖੋਂ ਪੇਤਲੀਆਂ ਰਹਿ ਜਾਂਦੀਆਂ ਹਨ। ਮੈਨੂੰ ਨਹੀਂ ਪਤਾ ਕਿ ਸੁਰਜੀਤ ਨੇ ਅਭਿਆਸੀ ਕਹੀਆਂ ਜਾਣ ਵਾਲੀਆਂ ਕਵਿਤਾਵਾਂ ਇਸ ਸੰਗ੍ਰਹਿ ਤੋਂ ਬਾਹਰ ਰੱਖੀਆਂ ਹਨ ਜਾਂ ਆਰੰਭ ਤੋਂ ਹੀ ਉਹਦੀ ਕਵਿਤਾ ਦੇ ਦੋਵੇਂ ਪੱਖ ਏਨੇ ਪੁਖ਼ਤਾ ਹਨ। ਜੋ ਰਚਨਾ ਸਾਡੇ ਸਾਹਮਣੇ ਹੈ, ਉਸ ਉੱਤੇ ਵਿਚਾਰ ਅਤੇ ਕਲਾ, ਦੋਵਾਂ ਪੱਖਾਂ ਤੋਂ ਪਰਪੱਕ ਕਲਮ ਦੀ ਮੋਹਰ-ਛਾਪ ਸਪੱਸ਼ਟ ਹੈ।
ਇਸ ਸੰਗ੍ਰਹਿ ਦੀਆਂ ਕਵਿਤਾਵਾਂ ਨੂੰ ਮੋਟੇ ਤੌਰ ਉੱਤੇ ਚਾਰ ਰੰਗਾਂ ਵਿਚ ਵੰਡਿਆ ਜਾ ਸਕਦਾ ਹੈ। ਇਹ ਹਨ ਜੀਵਨ ਦੀ ਅਨਿਸਚਿਤਤਾ, ਮਨੁੱਖੀ ਸਮਾਜ ਦੀ ਵਰਤਮਾਨ ਦਸ਼ਾ-ਦਿਸ਼ਾ, ਪਰਵਾਸ ਦੀ ਪੀੜ, ਅਤੇ ਆਖ਼ਰੀ, ਪਰ ਸ਼ਾਇਦ ਸਭ ਤੋਂ ਮਹੱਤਵਪੂਰਨ, ਇਸਤਰੀ ਹੋਣ ਦਾ ਦਰਦ।
ਮਨੁੱਖੀ ਜੀਵਨ ਅਨਿਸਚਿਤਤਾਵਾਂ, ਦੁਵਿਧਾਵਾਂ, ਅਚਨਚੇਤੀਆਂ ਦੀ ਲੜੀ ਹੈ। ਸੰਭਾਵਨਾਵਾਂ ਇਕ ਸਿਰੇ ਤੋਂ ਦੂਜੇ ਤੱਕ ਕੁਝ ਵੀ ਹੋ ਸਕਦੀਆ ਹਨ। ਇਹ ਨਿਰਣਾ ਵੀ ਅਸੰਭਵ ਹੋ ਜਾਂਦਾ ਹੈ ਕਿ ਦਿਸਹੱਦੇ ਉੱਤੇ ਟਿਮਟਿਮਾਉਂਦੀ ਲੋਅ ਸਾੜਨ ਵਾਲੀ ਅੱਗ ਦੀ ਹੈ ਜਾਂ ਰਾਹ-ਦਿਖਾਵੀ ਰੌਸ਼ਨੀ ਦੀ: “ਦੂਰ ਦਿਸਹੱਦੇ ’ਤੇ ਇਕ/ ਟਿਮਟਿਮਾਂਦੀ ਜਿਹੀ ਲੋਅ/ ਜ਼ਿੰਦਗੀ ਇਹਦੇ ਦੁਆਲੇ/ ਭੰਬਟ ਬਣ ਘੁੰਮਦੀ/ ਪਰ ਕੀ ਪਤੈ ਕਿ ਇਹ/ ਸ਼ਮ੍ਹਾ ਬਣ ਸਾੜੇਗੀ ਇਸਨੂੰ/ ਜਾਂ ਰਾਹਾਂ ਰੌਸ਼ਨ ਕਰੇਗੀ!” (ਹਾਦਸੇ ਤੇ ਮੌਸਮ)
ਪਰ ਮਨੁੱਖ ਜਿੱਥੇ ਪੁੱਜ ਗਿਆ ਹੈ, ਉਸ ਵਿਚ ਰੌਸ਼ਨੀ ਦੇਣ ਵਾਲੀ ਅੱਗ ਦੀ ਘੱਟ, ਸਾੜਨ ਵਾਲੀ ਅੱਗ ਦੀ ਸੰਭਾਵਨਾ ਵਧੇਰੇ ਹੈ: “ਮੇਰੀ ਹਸਤੀ ਤੋਂ ਦਿਸਹੱਦੇ ਤੀਕ/ ਇਕ ਹਨੇਰਾ ਰਾਹ ਫੈਲ ਜਾਂਦਾ ਹੈ/ ਜੋ ਅੱਗ ਦੇ ਦਰਿਆ ਵਿਚ ਪੈਂਦਾ ਹੈ/ ਮੇਰੇ ਪਿੱਛੇ ਹਾਦਸਿਆਂ ਦੀਆਂ ਪੈੜਾਂ/ ਕੰਧਾਂ ਬਣ ਖੜੋ ਜਾਂਦੀਆਂ ਹਨ।” (ਸ਼ਾਮ ਫਿਰ ਢਲੀ ਹੈ)
ਅੱਗੇ ਅੱਗ ਦਾ ਦਰਿਆ, ਪਿੱਛੇ ਹਾਦਸਿਆਂ ਦੀਆਂ ਕੰਧਾਂ, ਜੀਅ ਕਰਦਾ ਹੈ ਵਿਸ਼ਾਲ ਸਾਗਰ ਦੀਆਂ ਲਹਿਰਾਂ ਦੇ ਸੰਗ ਹੋ ਤੁਰਨ ਨੂੰ, ਤਾਂ ਜੋ ਸਭੇ ਹਾਦਸਿਆਂ ਨੂੰ ਪਿੱਛੇ ਛੱਡ ਦੂਜੇ ਪਾਰ ਟਿਕਾਣਾ ਹੋ ਜਾਵੇ: “ਇਹਨਾਂ ਲਹਿਰਾਂ ’ਤੇ ਤੈਰਦੀ ਇਕ ਬੇੜੀ/ ਮੈਨੂੰ ਉਡੀਕ ਰਹੀ ਹੈ/ ਜੀਅ ਕਰਦੈ, ਇਸ ਬੇੜੀ ’ਤੇ ਚੜ੍ਹ/ ਇਹਨਾਂ ਲਹਿਰਾਂ ਸੰਗ ਹੋ ਤੁਰਾਂ/ ਤੇ ਪਹੁੰਚ ਜਾਵਾਂ/ ਇਸ ਚੌੜੇ ਸਮੁੰਦਰ ਦੇ ਉਸ ਪਾਰ!” ਪਰ ਦਿਲ ਦੀਆਂ ਰੀਝਾਂ ਅਤੇ ਮਨ ਦੀਆਂ ਇੱਛਾਵਾਂ ਨਾਲੋਂ ਕਠੋਰ ਯਥਾਰਥ ਬਲਵਾਨ ਹੈ: “ਅਚਨਚੇਤ ਮੇਰੇ/ ਹੱਥਾਂ ’ਚ ਫੜੇ ਚੱਪੂ/ ਕੱਚੀ ਮਿੱਟੀ ਵਾਂਗ ਭੁਰ ਕੇ/ ਲਹਿਰਾਂ ’ਤੇ ਤੈਰ ਜਾਂਦੇ ਨੇ/ ਤੇ ਇਹ ਸਮੁੰਦਰ ਮੇਰੇ ਸਾਹਮਣੇ/ ਖਾਰਾ ਸਮੁੰਦਰ ਬਣ/ ਕੋਹਾਂ ਮੀਲਾਂ ਤੱਕ ਫੈਲ ਜਾਂਦਾ ਹੈ! ਅਪਾਰ! ਅਪਹੁੰਚ!” (ਸੌੜਾ ਸਮੁੰਦਰ)
ਮਨੁੱਖ ਦੀਆਂ ਸਭ ਹੋਸ਼ਾਂ, ਸਮਝਾਂ ਅਤੇ ਚਤੁਰਾਈਆਂ ਦੇ ਬਾਵਜੂਦ ਸਭ ਕੁਝ ਇਕ ਪਲ ਵਿਚ ਸਿਮਟ ਕੇ ਰਹਿ ਜਾਂਦਾ ਹੈ, ਪਲ ਜੋ ਮਨੁੱਖ ਦੇ ਹੱਥ-ਵੱਸ ਨਹੀਂ। ਇਸ ਸੱਚ ਨੂੰ ਸਮੁੱਚੀ ਕਵਿਤਾ ‘ਇਕ ਪਲ’ ਬੜੀ ਖ਼ੂਬਸੂਰਤੀ ਨਾਲ ਉਜਾਗਰ ਕਰਦੀ ਹੈ: “ਇਕ ਪਲ ਦਾ ਨਾਂ ਹੈ ਜੀਵਨ/ ਇਕ ਪਲ ’ਚ ਜੀਵਨ ਬਣਦੈ ਮੌਤ/ ਇਕ ਪਲ ਹੀ ਹੁੰਦੀ ਹੈ ਹੋਣੀ/ ਇਕ ਪਲ ਹੀ ਸਿਰਜਦੈ ਇਤਿਹਾਸ/ ਇਹ ਜੀਵਨ ਮਹਿਜ਼/ ਇਕ ਪਲ ਦੀ ਹੀ ਗੱਲ ਹੈ ਬੱਸ!” (ਇਕ ਪਲ)
ਜੀਵਨ ਦਾ ਆਦਿ-ਅੰਤ ਅਤੇ ਅਣਦਿਸਦਾ ਭਵਿੱਖ ਵਿਗਿਆਨ ਤੋਂ ਲੈ ਕੇ ਧਰਮ ਤੱਕ ਦੇ ਸਾਹਮਣੇ ਸਦਾ ਹੀ ਇਕ ਵੱਡਾ ਸਵਾਲ ਬਣ ਕੇ ਖਲੋਤਾ ਰਿਹਾ ਹੈ। ਸੁਰਜੀਤ ਦੀਆਂ ਇਹ ਕਵਿਤਾਵਾਂ ਇਸ ਧੁੰਦ ਅਤੇ ਘੁਸਮੁਸੇ ਨੂੰ ਸੰਬੋਧਿਤ ਤਾਂ ਹਨ ਪਰ ਇਹਨਾਂ ਦੀ ਵਿਲੱਖਣਤਾ ਪ੍ਰੰਪਰਾਗਤ ਰਹੁਰੀਤੀ ਅਤੇ ਧਾਰਮਿਕ ਅਧਿਆਤਮਵਾਦ ਦੇ ਮਾਰਗ ਤੋਂ ਸੰਕੋਚ ਕਰਨਾ ਹੈ। ਸ਼ਾਇਦ ਇਹਨਾਂ ਕਵਿਤਾਵਾਂ ਨੂੰ ਵਿਗਿਆਨਕ ਸੋਚ ਵਾਲ਼ੇ ਮਨੁੱਖ ਦਾ ਅਧਿਆਤਮਵਾਦ ਕਹਿਣਾ ਵਧੇਰੇ ਠੀਕ ਰਹੇਗਾ।
ਸੁਰਜੀਤ ਦੀਆਂ ਕਵਿਤਾਵਾਂ ਦਾ ਦੂਜਾ ਸਰੋਕਾਰ ਮਨੁੱਖ ਦੇ ਵਿਗਿਆਨਕ-ਤਕਨਾਲੋਜੀਕਲ ਵਿਕਾਸ ਦੇ ਸਮਾਨੰਤਰ ਉਹਦਾ ਸਦਾਚਾਰਕ ਨਿਘਾਰ ਅਤੇ ਉਸ ਰਾਹੀਂ ਹੋਇਆ ਸੰਸਾਰ ਦਾ ਭੌਤਿਕ ਨਿਘਾਰ ਹੈ: “ਹੈਰਾਨ ਹਾਂ ਕਿ ਅੱਜ ਫੇਰ ਰਵਾਂ ਹੈ/ ਉਹੀ ਸੜਕ/ ਕੋਈ ਨਿਸ਼ਾਨ ਬਾਕੀ ਨਹੀਂ ਉਸ ਥਾਂ/ ਕੱਲ੍ਹ ਜਿੱਥੇ ਹੋਇਆ ਸੀ ਹਾਦਸਾ!” (ਸੜਕ ਫਿਰ ਰਵਾਂ ਹੈ) ਇਕ ਮਨੁੱਖ ਦਾ ਹਾਦਸਾ ਦੂਜੇ ਮਨੁੱਖਾਂ ਲਈ ਸੰਵੇਦਨਾ ਦਾ ਕਾਰਨ ਨਹੀਂ ਬਣਦਾ। ਇਕ ਮਨੁੱਖ ਦੀ ਪੀੜ ਦੂਜੇ ਮਨੁੱਖਾਂ ਵਿਚ ਦਰਦ ਨਹੀਂ ਜਗਾਉਂਦੀ। ਪੈਰਾਂ ਦੀ ਭੀੜ ਉਸ ਥਾਂ ਨੂੰ ਮਿੱਧਦੀ ਅਤੇ ਉਥੋਂ ਦੇ ਨਿਸ਼ਾਨਾਂ ਨੂੰ ਮੇਟਦੀ ਰਵਾਂ-ਚਾਲ ਲੰਘਦੀ ਜਾਂਦੀ ਹੈ ਜਿਥੇ ਕੱਲ੍ਹ ਕਿਸੇ ਨਾਲ ਹਾਦਸਾ ਵਾਪਰਿਆ ਸੀ।
ਮਨੁੱਖ ਨੇ ਅਜਿਹੀ ਅਸਦਾਚਾਰਕਤਾ ਨਾਲ ਆਪਣਾ ਮਨ ਵੀ ਪਲੀਤ ਕੀਤਾ ਹੋਇਆ ਹੈ ਅਤੇ ਆਪਣੇ ਨਿਵਾਸ, ਭਾਵ ਧਰਤੀ ਨੂੰ, ਆਪਣੇ ਦੁਆਲੇ ਦੀ ਭੌਤਿਕਤਾ ਨੂੰ ਵੀ ਪਲੀਤ ਕਰ ਛੱਡਿਆ ਹੈ। ਕਵਿੱਤਰੀ ਨੂੰ ਜਿੰਨੀ ਪੀੜ ਹਾਦਸਿਆਂ ਨੂੰ ਅਣਡਿੱਠ ਕਰ ਕੇ ਰਵਾਂ ਰਹਿੰਦੀ ਸੜਕ ਦੀ ਹੈ, ਓਨੀ ਹੀ ਪਰੇਸ਼ਾਨੀ ਮਨੁੱਖ ਵਲੋਂ ਆਪਣੀ ਹੀ ਮਾਂ, ਧਰਤੀ ਨਾਲ ਕੀਤੇ ਜਾਂਦੇ ਦੁਰਵਿਹਾਰ ਦੀ ਹੈ: “ਹੇ ਮਾਂ ਧਰਤੀ/ ਬੜਾ ਸੋਚਦੀ ਹਾਂ ਕੋਈ ਨਜ਼ਮ ਲਿਖਾਂ/ ਤੇਰੇ ਦੁੱਖਾਂ ਦੀ/ ਤੇਰੇ ਖੁਰਦੇ ਪਰਬਤਾਂ ਦੀ/ ਸੁੱਕ ਗਏ ਦਰਿਆਵਾਂ ਦੀ/ ਗੰਧਲਾ ਗਏ ਸਾਗਰਾਂ ਦੀ/ ਮੁੱਕਦੇ ਜੰਗਲਾਂ ਦੀ/ ਦੂਸ਼ਿਤ ਹੋ ਰਹੀ ਹਵਾ ਦੀ!” (ਤੇਰਾ ਦੁੱਖ ਮੇਰਾ)
ਖੁਰਦੇ ਪਰਬਤਾਂ, ਸੁੱਕਦੇ ਦਰਿਆਵਾਂ, ਗੰਧਲੇ ਸਾਗਰਾਂ, ਮੁੱਕਦੇ ਜੰਗਲਾਂ ਅਤੇ ਦੂਸ਼ਿਤ ਹਵਾ ਦੇ ਵਿਚਕਾਰ ਮਨੁੱਖ ਦੀ ਆਪਾਧਾਪੀ ਦੀ ਰਵਾਂ-ਰਵੀਂ ਦੌੜ ਦਾ ਮੁੱਖ ਕਾਰਨ ਉਸ ਵੱਲੋਂ ਆਪਣੇ ਪੁਰਖਿਆਂ ਦੀ ਮਸ਼ਾਲ-ਯਾਤਰਾ ਦੇ ਇਤਿਹਾਸ ਨੂੰ ਭੁਲਾ ਦੇਣਾ ਅਤੇ ਆਪਣੇ ਹੀ ਭਵਿੱਖ ਬਾਰੇ ਸੋਚਣ ਤੋਂ ਅਸਮਰੱਥ ਹੋ ਜਾਣਾ ਹੈ। ਕਵਿੱਤਰੀ ਮਨੁੱਖ ਨੂੰ ਇਸ ਊਣ ਬਾਰੇ ਸਾਵਧਾਨ ਕਰਦੀ ਹੈ: “ਇਸ ਵਾਰ ਜੇ ਦੀਵਾਲੀ ਦੇ ਦੀਵੇ ਜਗਾਓ/ ਤਾਂ ਇਕ ਦੀਵਾ/ ਉਨ੍ਹਾਂ ਦੇ ਨਾਂ ਦਾ ਵੀ ਜਗਾਉਣਾ/ ਜੋ ਹੱਥਾਂ ’ਚ ਮਸ਼ਾਲਾਂ ਫੜ/ ਕਾਫ਼ਲੇ ਦੇ ਅੱਗੇ ਹੋ ਤੁਰੇ/ ਹੱਕ ਤੇ ਸੱਚ ਦੀ ਜਿੱਤ ਖ਼ਾਤਰ/ ਹਕੂਮਤਾਂ ਨਾਲ ਲੜੇ/ ਆਉਣ ਵਾਲੀਆਂ ਪੀੜ੍ਹੀਆਂ ਦੇ/ ਰਾਹ ਸੁਆਰਨ ਲਈ ਸੂਲੀਆਂ ’ਤੇ ਚੜ੍ਹੇ!”
(ਇਕ ਦੀਵਾ) ਮੰਜ਼ਲ ਵੱਲ ਮਨੁੱਖ ਦੀ ਯਾਤਰਾ ਤਦੇ ਸਕਾਰਥ ਹੋ ਸਕਦੀ ਹੈ ਜੇ ਉਹ ਹੱਥਾਂ ਵਿਚ ਮਸ਼ਾਲਾਂ ਫੜ ਕੇ ਕਾਫ਼ਲਿਆਂ ਦੀ ਅਗਵਾਈ ਕਰਨ ਵਾਲੇ ਆਪਣੇ ਪੁਰਖਿਆਂ ਨੂੰ ਪ੍ਰੇਰਨਾ ਦਾ ਸੋਮਾ ਬਣਾਵੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਰਾਹ ਸੁਆਰਨ ਨੂੰ ਆਪਣਾ ਮਨੋਰਥ ਸਮਝੇ।
ਪਰਵਾਸ ਦੀ ਪੀੜ ਇਕ ਅਜਿਹੀ ਪੀੜ ਹੈ ਜਿਸ ਨੂੰ ਸ਼ਾਇਦ ਕੁਝ ਪ੍ਰਾਪਤ ਕਰਨ ਲਈ ਸਵੈ-ਇੱਛਾ ਨਾਲ ਕੁਝ ਅਜਿਹਾ ਤਿਆਗ ਦੇਣ ਵਾਲਾ ਪਰਵਾਸੀ ਹੀ ਸਮਝ ਸਕਦਾ ਹੈ ਜੋ ਅਸਲ ਵਿਚ ਤਿਆਗਣ ਵਾਲਾ ਹੁੰਦਾ ਨਹੀਂ। ਪ੍ਰਾਪਤੀ ਤਾਂ ਕੇਵਲ ਪੂੰਜੀ ਦੀ ਹੀ ਹੁੰਦੀ ਹੈ, ਉਹ ਵੀ ਇਕ ਹੱਦ ਤੱਕ। ਇਹ ਪੂੰਜੀ ਬੱਸ ਰਿਸ਼ਤਿਆਂ ਦੀ ਮੰਗ ਪੂਰੀ ਕਰਦੀ ਹੈ ਅਤੇ ਤਨ ਦੀ ਤ੍ਰਿਪਤੀ ਦਾ ਸਾਧਨ ਬਣਦੀ ਹੈ: “ਹਰ ਰਿਸ਼ਤਾ ਹੀ ਪੂੰਜੀ ਮੰਗ ਰਿਹੈ/ ਤੇ ਉਹ ਪੂੰਜੀ ਦਾ ਚਿੰਨ੍ਹ ਬਣ/ ਇਕ ਜੌਬ ਤੋਂ ਦੂਜੀ ਜੌਬ ਤੱਕ ਭਟਕ ਰਿਹੈ/ ਪੂੰਜੀ ਦੀ ਸੂਲੀ ’ਤੇ ਉਹ ਲਟਕ ਰਿਹੈ!” (ਪਰਦੇਸੀ)
ਪੂੰਜੀ ਦੀ ਇਸ ਭਟਕਣ-ਲਟਕਣ ਦੀ ਦੌੜ ਵਿਚ ਮਨ ਅਤੇ ਆਤਮਾ ਨਾਲ ਸੰਬੰਧਿਤ ਅਨਗਿਣਤ ਕੁਝ ਗੁਆ ਬੈਠਾ ਮਨੁੱਖ ਆਖ਼ਰ ਉਸ ਉਦੇਸ਼ ਤੋਂ ਵੀ ਵਿਰਵਾ ਹੋ ਜਾਂਦਾ ਹੈ ਜਿਸ ਵਾਸਤੇ ਉਹ ਇਸ ਦੌੜ ਵਿਚ ਸ਼ਾਮਲ ਹੋਇਆ ਸੀ। ਇਸ ਪੂੰਜੀ ਨੂੰ ਸਾਧਨ ਬਣਾ ਕੇ ਜੀਵਨ ਮਾਣਨ ਦੀ ਉਸ ਦੀ ਰੀਝ ਬੱਸ ਰੀਝ ਹੀ ਬਣ ਕੇ ਰਹਿ ਜਾਂਦੀ ਹੈ ਅਤੇ ਉਹਦੀ ਬੇਵਸੀ ਉਹਦੇ ਬੁੱਲ੍ਹਾਂ ਦੀ ਇਹ ਅਰਦਾਸ ਬਣ ਜਾਂਦੀ ਹੈ: “ਰੱਬਾ! ਜੀਵਨ ਦਿਨੈਂ/ ਤਾਂ ਜੀਵਨ ਮਾਣਨ ਲਈ/ ਸਮਾਂ ਤਾਂ ਦੇ ਦਿਆ ਕਰ!” (ਪੀਲੇ ਪੱਤੇ)
ਪੂੰਜੀ ਦੀ ਇਹ ਦੌੜ ਕਿੰਨੀ ਅਮਾਨਵੀ ਹੈ ਅਤੇ ਪੂੰਜੀ ਦਾ ਇਹ ਮੋਹ ਕਿੰਨਾ ਬੇਕਿਰਕ ਹੈ ਕਿ ਇਸ ਦੌੜ ਵਿਚ ਹਫ਼ਦਾ-ਹੰਭਦਾ ਮਨੁੱਖ ਉਸ ਪੂੰਜੀ ਨੂੰ ਮਾਣਨ ਤੋਂ ਤਾਂ ਅਸਮਰੱਥ ਹੁੰਦਾ ਹੀ ਹੈ, ਕੁਦਰਤ ਨੇ ਉਹਦੇ ਨਿਹਾਰਨ-ਸਲਾਹੁਣ ਲਈ ਬਿਨਾਂ ਕਿਸੇ ਮੁੱਲ ਤੋਂ ਜੋ ਕੁਝ ਉਹਦੇ ਆਲੇ-ਦੁਆਲੇ ਸਿਰਜਿਆ-ਸਜਾਇਆ ਹੈ, ਉਹਦੇ ਮਨ ਦੇ ਨੈਣ ਉਹ ਸਭ ਦੇਖਣ ਵਾਲੀ ਜੋਤ ਤੋਂ ਵੀ ਹੀਣ ਹੋ ਜਾਂਦੇ ਹਨ। ਤੇ ਜੇ ਕਦੀ ਕੋਈ ਸੁਹਾਵਣਾ ਪਲ ਉਸ ਨੂੰ ਇਨ੍ਹਾਂ ਕੁਦਰਤੀ ਨਜ਼ਾਰਿਆਂ ਦਾ ਦਰਸ਼ਕ ਬਣਾ ਦੇਵੇ, ਮਨੁੱਖ ਦੰਗ ਹੀ ਤਾਂ ਰਹਿ ਜਾਂਦਾ ਹੈ: “ਸਪਤ ਰਿਸ਼ੀਆਂ ਦੀ ਵਹਿੰਗੀ ਸੀ/ ਸਦੀਆਂ ਬਾਅਦ ਤੱਕੀ ਮੈਂ/ ਏਨਾ ਸੁਹਣਾ ਚੰਨ ਸੀ/ ਕਿ ਰਹਿ ਗਈ ਹੱਕੀ-ਬੱਕੀ ਮੈਂ!” (ਪਰਿਕਰਮਾ)
ਪਰਵਾਸ ਦੀ ਨਾ ਮੁੱਕਣ ਵਾਲੀ ਪੀੜ ਨੂੰ ਅਤੇ ਪੂੰਜੀ ਦੀ ਨਗਰੀ ਦੇ ਨਾ ਟੁੱਟਣ ਵਾਲੇ ਤਲਿੱਸਮ ਨੂੰ ਜਿਸ ਕਲਾਮਈ ਸਫ਼ਲਤਾ ਅਤੇ ਸੰਪੂਰਨਤਾ ਨਾਲ ਸੁਰਜੀਤ ਨੇ ‘ਕੀਰਤਪੁਰ ਵੱਲ’ ਨਾਂ ਦੀ ਕਵਿਤਾ ਵਿਚ ਉਜਾਗਰ ਕੀਤਾ ਹੈ, ਉਹ ਪਾਠਕ ਨੂੰ ਸੱਚ-ਮੁੱਚ ਸੋਚਾਂ ਵਿਚ ਪਾ ਦਿੰਦਾ ਹੈ। ਕਵਿਤਾ ਏਨੀ ਸੰਘਣੀ ਅਤੇ ਵਿਚਾਰ ਏਨਾ ਗੱਠਵਾਂ ਹੈ ਕਿ ਇਸ ਨਾਲ ਨਿਆਂ ਤਾਂ ਇਥੇ ਇਸ ਨੂੰ ਪੂਰੀ ਦੀ ਪੂਰੀ ਲਿਖਿਆਂ ਹੀ ਹੋ ਸਕਦਾ ਹੈ। ਪੂਰੀ ਕਵਿਤਾ ਦਾ ਪਾਠ ਪਰ ਮੈਂ ਪਾਠਕ ਲਈ ਛੱਡ ਦੇਣਾ ਅਤੇ ਉਸ ਪਾਠ ਲਈ ਪ੍ਰੇਰਨਾ ਵਜੋਂ ਕੁਝ ਸ਼ਬਦ ਕਹਿ ਦੇਣਾ ਉਚਿਤ ਸਮਝਦਾ ਹਾਂ: “ਸੰਸਾ ਹੈ ਮੈਨੂੰ/ ਕਿ ਹੁਣ ਨਹੀਂ ਨਸੀਬ ਹੋਣੀ/ ਮੈਨੂੰ ਮੇਰੇ ਪਿੰਡ ਦੀ ਜੂਹ/ ਮੈਂ ਬੱਸ ਪਰਵਾਸ ਵਿਚ ਹੀ/ ਭੁਗਤਦੇ ਰਹਿਣੈ ਇਹ ਉਮਰ-ਕੈਦ/ ਬਾਮੁਸ਼ੱਕਤ, ਬੇਇਖ਼ਤਿਆਰ/…” ਇਸ ਕੈਦਖਾਨੇ ਵਿਚਲੀ ਸੰਸਿਆਂ ਦੀ ਕਾਲ-ਕੋਠੜੀ ਵਿਚ, ਜੋ ਕਿਸੇ ਵੀ ਦੀਵੇ-ਬੱਤੀ ਤੋਂ ਵਿਰਵੀ ਹੈ, ਕੇਵਲ ਯਾਦਾਂ ਦੀ ਲੋਅ ਹੈ ਤੇ ਇਸ ਯਾਦਾਂ ਦੀ ਲੋਅ ਵਿਚ: ਸੁਣਦੀ ਹਾਂ/ ਬੁੱਲ੍ਹੇ ਦੀਆਂ ਕਾਫ਼ੀਆਂ/ ਨਾਨਕ ਦਾ ਸੰਗੀਤ/…ਤੇ ਰੋਜ਼ ਬਣਾਉਂਦੀ ਹਾਂ ਤਦਬੀਰਾਂ/ ਇਸ ਉਮਰ ਕੈਦ ਨੂੰ ਤੋੜਨ ਦੀਆਂ!…“
ਪਰ ਇਸ ਉਮਰ-ਕੈਦ ਨੇ ਤਾਂ ਟੁੱਟਣਾ ਨਹੀਂ! ਤਾਂ ਫੇਰ ਜੋ ਕੁਝ ਇਸ ਉਮਰ-ਕੈਦ ਵਿਚ ਹੀ ਬਚ ਸਕਦਾ ਹੈ, ਉਹੋ ਬਚਾਇਆ ਜਾਵੇ। ਬਚ-ਬਚਾਈ ਦੇ ਇਸ ਯਤਨ ਵਿਚ ਉਹ ਔਲਾਦ ਨੂੰ ਆਪਣੇ ਇਤਿਹਾਸ ਦੀਆਂ ਤਲੀ ਉੱਤੇ ਸੀਸ ਧਰਨ ਵਰਗੀਆਂ ਚਮਤਕਾਰੀ ਗੱਲਾਂ ਸੁਣਾਉਂਦੀ ਹੈ ਅਤੇ ਸੂਰਬੀਰਾਂ ਯੋਧਿਆਂ ਦੀਆਂ ਤਸਵੀਰਾਂ ਦਿਖਾਉਂਦੀ ਹੈ। ਆਪਣੇ ਬੱਚਿਆਂ ਨੂੰ ਆਪਣੀ ਬੋਲੀ ਅਤੇ ਰਹਿਤਲ ਨਾਲ ਜੋੜੀ ਰੱਖਣ ਲਈ ਗੁਰਦੁਆਰੇ ਅਤੇ ਸਾਹਿਤਕ-ਸਭਿਆਚਾਰਕ ਮੇਲਿਆਂ ਵਿਚ ਲੈ ਕੇ ਜਾਂਦੀ ਹੈ। ਪਰ ਇਸ ਸਭ ਕੁਝ ਬਾਰੇ ਆਪਣਾ ਪ੍ਰਤੀਕਰਮ ਉਹ ਓਪਰੀ ਭਾਸ਼ਾ ਵਿਚ ਦਿੰਦੇ ਹਨ ਅਤੇ ਸੰਵਾਦ ਦੀ ਸੰਭਾਵਨਾ ਖ਼ਤਮ ਕਰ ਦਿੰਦੇ ਹਨ। ਆਪਣੇ ਮਿੱਠੇ ਫਲਾਂ ਨੂੰ ਕੌੜੇ ਹੋਣ ਤੋਂ ਬਚਾਉਣ ਲਈ ਉਹਦਾ ਜੀਅ ਕਰਦਾ ਹੈ: “ਇਨ੍ਹਾਂ ਨੂੰ ਲੈ ਚੱਲਾਂ ਉਸ ਥਾਂ/ ਜਿੱਥੇ ਕੌੜੇ ਰੀਠੇ ਮਿੱਠੇ ਹੋਏ ਸੀ।” ਇਸ ਹਾਲਤ ਵਿਚ ਸਵਾਲਾਂ ਦਾ ਸਵਾਲ ਤਾਂ ਇਹ ਹੈ: “ਪਰ ਉਹ ਸਮਾਂ ਆਵੇਗਾ ਕਦ/ ਡਰ ਹੈ ਮੈਨੂੰ/… ਕਿਤੇ ਵਕਤ ਇੰਜ ਹੀ ਬੀਤ ਜਾਵੇ ਨਾ/ ਤੇ ਮੇਰੀ ਬਜਾਇ/ ਮੇਰਾ ਡੱਬੇ-ਬੰਦ ਵਜੂਦ ਹੀ ਪਿੰਡ ਪਰਤੇ/ ਤੇ ਜਾਂ ਕੁੱਜੇ-ਬੰਦ ਮੇਰੀ ਰਾਖ/ ਕੀਰਤਪੁਰ!”
ਉਪਰੋਕਤ ਤਿੰਨ ਭਾਂਤ ਦੀਆਂ ਕਵਿਤਾਵਾਂ ਦੇ ਮਹੱਤਵ ਨੂੰ ਕਿਸੇ ਵੀ ਤਰ੍ਹਾਂ ਘਟਾਏ ਬਿਨਾਂ ਮੇਰਾ ਮੱਤ ਹੈ ਕਿ ਸੁਰਜੀਤ ਦੀਆਂ ਸਭ ਤੋਂ ਧਿਆਨਯੋਗ ਕਵਿਤਾਵਾਂ ਉਹ ਹਨ, ਜੋ ਇਸਤਰੀ ਦੇ ਮਨੋਭਾਵਾਂ ਨੂੰ ਪ੍ਰਗਟ ਕਰਦੀਆਂ ਹਨ। ਕਥਿਤ ਨਾਰੀਵਾਦ ਦਾ ਪੰਜਾਬੀ ਸਾਹਿਤ ਵਿਚ, ਖਾਸ ਕਰ ਕੇ ਕੁਝ ਲੇਖਿਕਾਵਾਂ ਵੱਲੋਂ ਕਾਫ਼ੀ ਰੌਲ਼ਾ ਪਾਇਆ ਜਾ ਰਿਹਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਪ੍ਰਸੰਗ ਵਿਚ ਉਨ੍ਹਾਂ ਨੂੰ ਨਾ ਤਾਂ ਇਸਤਰੀ-ਪੁਰਸ਼ ਅਸੰਤੁਲਨ ਦੇ ਇਤਿਹਾਸ, ਭਾਵ ਇਸ ਦੇ ਨਿਕਾਸ-ਵਿਕਾਸ ਦੀ ਹੀ ਕੋਈ ਸੋਝੀ ਹੈ ਅਤੇ ਨਾ ਹੀ ਉਨ੍ਹਾਂ ਦੀ ਅਕਲ ਵਿਚ ਇਸ ਗੱਲ ਦੀ ਕੋਈ ਸਪਸ਼ਟ ਤਸਵੀਰ ਹੈ ਕਿ ਇਹ ਅਸੰਤੁਲਨ ਮੇਟਿਆ ਕਿਵੇਂ ਜਾ ਸਕਦਾ ਹੈ। ਉਨ੍ਹਾਂ ਵੱਲੋਂ ਮਰਦ ਨੂੰ ਨਿੰਦਣ ਦਾ ਸੌਖਾ ਰਾਹ ਫੜਿਆ ਜਾਂਦਾ ਹੈ ਅਤੇ ਜੀਵ-ਵਿਗਿਆਨਕ ਯਥਾਰਥ ਨੂੰ ਅਣਡਿੱਠ ਕਰ ਕੇ ਪੁਰਸ਼ ਵਾਲੀ ਕਾਮ-ਖੁੱਲ੍ਹ ਦੀ ਕਾਮਨਾ ਤੇ ਮੰਗ ਕੀਤੀ ਜਾਂਦੀ ਹੈ।
ਸੁਰਜੀਤ ਦੀ ਵਡਿਆਈ ਇਸ ਗੱਲ ਵਿਚ ਹੈ ਕਿ ਉਹ ਨਾਰੀ ਦੀ ਪੀੜ ਤੇ ਵੇਦਨਾ-ਸੰਵੇਦਨਾ ਨੂੰ ਅਜਿਹੀਆਂ ਲੇਖਿਕਾਵਾਂ ਨਾਲੋਂ ਵਧੀਕ ਤੀਬਰਤਾ ਨਾਲ ਅਨੁਭਵ ਕਰਦੀ ਹੈ ਤਾਂ ਵੀ ਉਨ੍ਹਾਂ ਵਾਲੇ ਸਰਲ-ਸੌਖੇ ਪਰ ਕੁਚੱਜੇ ਨਾਰੀਵਾਦ ਤੋਂ ਵੱਖਰੀ ਹੋ ਕੇ ਤੁਰਦੀ ਹੈ। ਇਸਤਰੀ ਹੋਣਾ ਹੀ ਇਸਤਰੀ ਲਈ ਸਭ ਤੋਂ ਵੱਡਾ ਸਰਾਪ ਬਣ ਗਿਆ ਹੋਣ ਦੇ ਯਥਾਰਥ ਨੂੰ ਚੰਗੀ ਤਰ੍ਹਾਂ ਸਮਝਣ ਦੇ ਬਾਵਜੂਦ ਉਹ ਦੋਸ਼ ਦਾ ਠੀਕਰਾ ਮਰਦ ਦੇ ਸਿਰ ਨਹੀਂ ਭੰਨਦੀ। ਉਹ ਮਰਦ, ਸਮਾਜ ਅਤੇ ਇਤਿਹਾਸ ਦੀਆਂ ਭੂਮਿਕਾਵਾਂ ਨੂੰ ਠੀਕ ਪ੍ਰਸੰਗ ਵਿਚ ਦੇਖਣ ਦੇ ਸਮਰੱਥ ਹੈ।
ਸੁਰਜੀਤ ਦੀਆਂ ਇਹਨਾਂ ਕਵਿਤਾਵਾਂ ਦੀ ‘ਮੈਂ’ ਸੁਰਜੀਤ ਨਹੀਂ। ਉਹਦੀ ਵਕਤਾ ਸਮੂਹਿਕ ਨਾਰੀ ਦੀ ਅਬੋਲਤਾ ਦੀ ਆਵਾਜ਼ ਹੈ। ਉਹ ਇਸਤਰੀ ਦੇ ਪੱਲੇ ਪਈ ਸਦੀਵੀ ਪੀੜ ਅਤੇ ਅਬੋਲਤਾ ਲਈ ਨਾ ਤਾਂ ਸਮਕਾਲੀ ਪੁਰਸ਼ ਨੂੰ ਪੂਰਨ ਦੋਸ਼ੀ ਮੰਨਦੀ ਹੈ ਅਤੇ ਨਾ ਹੀ ਉਸ ਨੂੰ ਇਸ ਸਥਿਤੀ ਦੇ ਦੋਸ਼ ਤੋਂ ਮੁਕਤ ਕਰਦੀ ਹੈ। ਉਹ ਪੁਰਸ਼ ਨੂੰ ਉਸ ਸਦੀਆਂ ਲੰਮੇ ਇਤਿਹਾਸ ਦੇ ਚੌਖਟੇ ਵਿਚ ਰੱਖ ਕੇ ਪਛਾਨਣ ਦਾ ਯਤਨ ਕਰਦੀ ਹੈ ਜਿਸ ਦੇ ਸ਼ਬਦਕੋਸ਼ ਵਿਚੋਂ ਨੈਤਿਕਤਾ, ਸਭਿਅਤਾ, ਸਦਾਚਾਰ, ਭਰੋਸੇ ਤੇ ਰਹਿਮ ਵਰਗੇ ਸ਼ਬਦ ਤਾਂ ਕਿਰਦੇ ਗਏ ਹਨ ਅਤੇ ਲਾਲ ਬੱਤੀ, ਮਾਸ ਦੀ ਤਿਜਾਰਤ ਤੇ ਗਿਰਝਾਂ ਵਰਗੇ ਸ਼ਬਦ ਜੁੜਦੇ ਗਏ ਹਨ।
ਉਹ ਜਾਣਦੀ ਹੈ ਕਿ ਬਹੁਤ ਲੰਮੇ ਸਮੇਂ ਤੋਂ ਮਨੁੱਖੀ ਸਮਾਜ ਵਿਚ ਪੁਰਸ਼ ਦੀ ਪ੍ਰਧਾਨਤਾ ਰਹੀ ਹੈ ਅਤੇ ਇਹ ਪੁਰਸ਼ ਹੀ ਰਿਹਾ ਹੈ ਜੋ ਇਤਿਹਾਸ ਨੂੰ ਅਜਿਹਾ ਰੂਪ ਅਤੇ ਅਜਿਹੇ ਮੋੜ ਦਿੰਦਾ ਆਇਆ ਹੈ। ਪਰ ਉਹ ਇਹ ਵੀ ਜਾਣਦੀ ਹੈ ਕਿ ਅਜਿਹੇ ਹਰ ਮੋੜ ਲਈ ਉਸ ਸਮੇਂ ਦੀਆਂ ਹਾਲਤਾਂ ਪੁਰਸ਼ ਦੀਆਂ ਵੱਡੀਆਂ ਪ੍ਰੇਰਕ ਰਹੀਆਂ ਹਨ। ਇਸੇ ਕਰਕੇ ਉਹ ਅੱਜ ਦੇ ਪੁਰਸ਼ ਦੇ ਪੁਰਖਿਆਂ ਦਾ ਦੋਸ਼ ਉਹਨੂੰ ਦੇਣ ਤੋਂ ਸੰਕੋਚ ਕਰਦੀ ਹੈ।
ਉਹ ਰਿਜਕਦਾਤਾ ਕਹਾਉਣ ਦੇ ਆਦੀ ਪੁਰਸ਼ ਨੂੰ ਆਪਣੇ ਜੀਵਨਦਾਤੀ ਹੋਣ ਦਾ ਅਹਿਸਾਸ ਵੀ ਕਰਵਾਉਂਦੀ ਹੈ ਅਤੇ ਉਸ ਤੋਂ ਆਪਣੇ ਅਜੇ ਤੱਕ ਅਨਜਵਾਬੇ ਸਵਾਲਾਂ ਦੇ ਜਵਾਬ ਵੀ ਮੰਗਦੀ ਹੈ, ਪਰ ਉਹ ਜਾਣਦੀ ਹੈ ਕਿ ਇਸਤਰੀ ਦੀ ਪੁਰਸ਼ ਨਾਲ ਬਰਾਬਰੀ ਪੁਰਸ਼ ਵਿਰੁੱਧ ਲੜ ਕੇ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਹ ਲੜਾਈ ਤਾਂ ਪੁਰਸ਼ ਨੂੰ ਨਾਲ ਲੈ ਕੇ ਪੁਰਸ਼ ਦੀ ਪ੍ਰਧਾਨੀ ਸੋਚ ਅਤੇ ਇਤਿਹਾਸ ਦੇ ਦੀਰਘਕਾਲੀ ਦੁਰਪ੍ਰਭਾਵ ਵਿਰੁੱਧ ਲੜਨੀ ਪਵੇਗੀ: “ਕਾਲੇ ਕੋਹਾਂ ਦੇ ਇਸ ਸਫਰ ਵਿਚ/ ਸਾਡੇ ਸ਼ਬਦਕੋਸ਼ ’ਚੋਂ/ ਨੈਤਿਕਤਾ, ਸਭਿਅਤਾ/ ਸਦਾਚਾਰ, ਭਰੋਸਾ ਤੇ ਰਹਿਮ ਵਰਗੇ/ ਸ਼ਬਦਾਂ ਦੇ ਅਰਥ ਨਿਰੰਤਰ ਕਿਰਦੇ ਗਏ!” ਇਸ ਸਫ਼ਰ ਦਾ ਸਿੱਟਾ ਇਹ ਨਿਕਲਿਆ ਕਿ “ਸਿਰਜਦੇ ਰਹੇ ਨਿਤ ਨਵੇਂ ਲਾਲ-ਬੱਤੀ ਬਾਜ਼ਾਰ/ ਤੇ ਮਾਸ ਦੀ ਤਿਜਾਰਤ ਕਰਦਿਆਂ/ ਗਿਰਝਾਂ ਦੀ ਜੂਨੇ ਪੈ ਗਏ!” (ਕਾਲੇ ਕੋਹਾਂ ਦਾ ਸਫ਼ਰ)
ਅਜਿਹੇ ਸਮਾਜ ਵਿਚ, ਅਜਿਹੇ ਮਾਹੌਲ ਵਿਚ ਜਿਥੇ ਚੰਗੇ ਤੇ ਮਾਨਵੀ ਸ਼ਬਦਾਂ ਦੇ ਅਰਥ ਕਿਰਦੇ ਗਏ ਹਨ ਅਤੇ ਮਾਸ ਦੀ ਤਿਜਾਰਤ ਵਧਦੀ-ਫੁਲਦੀ ਰਹੀ ਹੈ, ਮੁਟਿਆਰ ਹੋ ਰਹੀ ਕੁੜੀ ਦੀ ਹੋਣੀ ਕੀ ਹੈ: “ਸ਼ਿਕਰਿਆਂ ਨਜ਼ਰੀਂ ਪੈ ਜਾਏਗੀ ਇਕ ਦਿਨ/ ਡੋਲੀ ਅੰਦਰ ਬਹਿ ਜਾਏਗੀ ਇਕ ਦਿਨ/ ਘਰ ਤੋਂ ਦਫ਼ਤਰ/ ਦਫ਼ਤਰ ਤੋਂ ਘਰ ਦਾ ਸਫ਼ਰ ਕਰਦੀ/ ਰਹਿ ਜਾਏਗੀ ਇਕ ਦਿਨ/ ਹਾਸੇ ਇਹਦੇ ਡੁੱਲ੍ਹ ਜਾਣਗੇ/ ਬੋਲ ਏਸ ਦੇ ਰੁਲ ਜਾਣਗੇ/ ਅੰਦਰ ਵੜ-ਵੜ ਰੋਏਗੀ ਇਹ/ ਬਾਹਰੋਂ ਸਾਬਤ-ਸਬੂਤੀ ਲਗਦੀ ਹੋਏਗੀ ਇਹ!” (ਚਿੜੀਆਂ ਦਾ ਚੰਬਾ)
ਕੁਚੱਜੇ ਨਾਰੀਵਾਦ, ਜੋ ਇਸਤਰੀ ਦੇ ਆਰਥਿਕਤਾ ਨਾਲ ਜੁੜਨ ਅਤੇ ਕਿਸੇ ਹੱਦ ਤੱਕ ਸਵੈਨਿਰਭਰ ਹੋਣ ਨੂੰ ਉਹਦੀ ਮੁਕਤੀ ਅਤੇ ਮੰਜ਼ਲ ਸਮਝਦਾ ਹੈ, ਦੇ ਉਲਟ ਸੁਰਜੀਤ ਇਸ ਕਥਿਤ ਆਰਥਿਕ ਆਜ਼ਾਦੀ ਦਾ ਸੱਚ ਪਛਾਣਦੀ ਹੈ: “ਘਰ ਪਰਤਦੀ ਹਾਂ/ ਘਰ ਦਾ ਕੋਨਾ-ਕੋਨਾ ਪੁਕਾਰਦੈ/ ਕੰਮ! ਕੰਮ! ਕੰਮ/… ਘਰ ਨੂੰ ਮੇਰੀ ਲੋੜ ਹੈ/ ਦਫ਼ਤਰ ਨੂੰ ਮੇਰੀ ਲੋੜ ਹੈ/ ਬੱਚਿਆਂ ਨੂੰ ਮੇਰੀ ਲੋੜ ਹੈ/ ਉਨ੍ਹਾਂ ਦੇ ਪਿਉ ਨੂੰ ਮੇਰੀ ਲੋੜ ਹੈ/ ਪਰ ਮੇਰੀ ਲੋੜ ਦੀ ਕੀ ਪਰਿਭਾਸ਼ਾ ਹੈ!” (ਪੂਰਨ ਵਿਰਾਮ)
ਅਖੌਤੀ ਨਾਰੀਵਾਦ ਦੀ ਅਖੌਤੀ ਆਰਥਿਕ ਆਜ਼ਾਦੀ, ਜੋ ਘਰ ਅਤੇ ਦਫ਼ਤਰ ਦੀਆਂ ਕੰਧਾਂ ਵਿਚ ਕੈਦ ਹੈ, ਇਸਤਰੀ ਨੂੰ ਪਹਿਲਾਂ ਤੋਂ ਮਿਲੇ ਹੋਏ ਘਰੇਲੂ ਜੰਜਾਲਾਂ ਦੇ ਨਾਲ-ਨਾਲ ਦਫ਼ਤਰੀ ਪਰੇਸ਼ਾਨੀਆਂ ਹੋਰ ਵਧੀਕ ਸੌਂਪ ਦਿੰਦੀ ਹੈ। ਹਨੇਰਾ ਤਾਂ ਉਸ ਦੇ ਨਸੀਬੇ ਵਿਚ ਦੂਰ ਤੱਕ ਫੈਲਿਆ ਹੋਇਆ ਹੈ ਪਰ ਉਹਦੇ ਹਿੱਸੇ ਆਈ ਚੰਨ ਦੀ ਚਿੱਪਰ ਬਹੁਤ ਛੋਟੀ ਹੈ। ਤਾਂ ਵੀ ਉਹ ਇਸ ਚਿੱਪਰ ਨਾਲ ਹਨੇਰੇ ਨੂੰ ਘਟਾਉਣ ਦਾ ਯਤਨ ਕਰਦੀ ਰਹਿੰਦੀ ਹੈ: “ਜ਼ਿੰਦਗੀ ਨੂੰ/ ਇੰਜ ਅੱਗੇ ਤੋਰਿਆ ਮੈਂ/ ਜਿੰਨਾ ਕੁ ਚੰਨ ਮਿਲਿਆ/ ਨ੍ਹੇਰਿਆਂ ’ਚ ਖੋਰਿਆ ਮੈਂ!” (ਜ਼ਿੰਦਗੀ ਨੂੰ ਇਸ ਤਰ੍ਹਾਂ)
ਪਰ ਸੁਰਜੀਤ ਦੀ ਵਕਤਾ ਦੀ ਵਡਿਆਈ ਇਹ ਹੈ ਕਿ ਉਹ ਆਪਣੀਆਂ ਪੂਰਵਲੀਆਂ ਵਾਂਗ ਅਬੋਲ ਨਹੀਂ ਰਹਿੰਦੀ ਸਗੋਂ ਇਸ ਅਬੋਲਤਾ ਨੂੰ ਬੋਲ ਦਿੰਦੀ ਹੈ। ਉਹ ਪੁਰਸ਼ ਨੂੰ ਆਰਥਿਕਤਾ ਦੇ ਕਾਰਨ ਰੱਬ ਅਤੇ ਰਿਜਕਦਾਤਾ ਜਿਹੇ ਦਰਜੇ ਦੇਣੋਂ ਇਨਕਾਰੀ ਹੈ ਅਤੇ ਆਪਣੇ ਜੀਵਨਦਾਤੀ ਹੋਣ ਦੇ ਦਰਜੇ ਦਾ ਦਾਅਵਾ ਪੇਸ਼ ਕਰਦੀ ਹੈ ਜੋ ਰੱਬ ਅਤੇ ਰਿਜਕਦਾਤਾ ਦੋਵਾਂ ਦਾ ਸੁਮੇਲ ਹੈ: “ਤੂੰ ਮੇਰਾ ਰੱਬ ਨਹੀਂ/ ਨਾ ਹੀ ਮੇਰਾ ਰਿਜਕਦਾਤਾ ਹੈਂ/ ਮੈਂ ਤਾਂ ਸਦੀਆਂ ਤੋਂ/ ਤੇਰੀਆਂ ਨਸਲਾਂ ਲਈ ਮੁਸ਼ੱਕਤ ਕੀਤੀ ਹੈ/ ਭੱਤਾ ਢੋਇਆ ਹੈ/ ਚੱਕੀ ਪੀਸੀ ਹੈ/ ਤੇ ਚੌਂਕਿਆਂ ’ਚ/ ਆਪਣੀ ਕਾਇਆ ਬੁੱਢੀ ਕੀਤੀ ਹੈ/…ਤੂੰ ਮੇਰਾ ਰਿਜਕਦਾਤਾ ਨਹੀਂ/ ਮੈਂ ਤੇਰੀ ਜੀਵਨਦਾਤੀ ਹਾਂ!” (ਜੀਵਨਦਾਤੀ)
ਸਮਾਜ ਵਿਚ ਪੁਰਸ਼ ਅਤੇ ਇਸਤਰੀ ਦੇ ਵਾਸਤਵਿਕ ਸਥਾਨਾਂ ਦਾ ਇਹ ਖੁੱਲ੍ਹਾ ਐਲਾਨ ਕਰਨ ਮਗਰੋਂ ਉਹ ਪੁਰਸ਼ ਦੇ ਨਾਲ-ਨਾਲ ਸਭੇ ਫ਼ਲਸਫ਼ਿਆਂ, ਸਭੇ ਦਰਸ਼ਨਾਂ, ਸਭੇ ਸ਼ਾਸਤਰਾਂ ਨੂੰ ਸਾਂਝਾ ਸਵਾਲ ਕਰਦੀ ਹੈ ਕਿ ਜੀਵਨਦਾਤੀ ਹੋਣ ਦੇ ਬਾਵਜੂਦ ਏਡੀ ਵਿਸ਼ਾਲ ਧਰਤੀ ਉੱਤੇ ਉਹ ਕਾਤਰ ਕਿਹੜੀ ਹੈ ਜਿਸ ਨੂੰ ਉਹ ਆਪਣਾ ਘਰ ਕਹਿ ਸਕੇ: “ਮੈਨੂੰ ਆਪਣੇ ਘਰ ਦੀ ਤਲਾਸ਼ ਹੈ/ ਕੋਈ ਫ਼ਲਸਫ਼ਾ, ਕੋਈ ਦਰਸ਼ਨ, ਕੋਈ ਸ਼ਾਸਤਰ/ ਤਾਂ ਮੈਨੂ ਦੱਸੇ, ਮੇਰਾ ਘਰ ਕਿਹੜੈ?/ ਮਾਂ ਦੀ ਕੁੱਖ?/ ਬਾਬਲ ਦਾ ਵਿਹੜਾ?/ ਮਹਿਬੂਬ ਦਾ ਦਿਲ?/ ਜਾਂ ਸਹੁਰਿਆਂ ਦਾ ਮਕਾਨ?/ ਜਾਂ ਫਿਰ ਸਿਰਫ਼ ਸ਼ਮਸ਼ਾਨ?” (ਬੇਘਰ)
ਤੇ ਫੇਰ ਉਹ ਸਵਾਲਾਂ-ਸਿਰ-ਸਵਾਲ ਕਰਦੀ ਹੈ: “ਕੀ ਮੈਨੂੰ/ ਕਦੇ ਨਿਰਵਾਣ ਪ੍ਰਾਪਤ ਹੋਏਗਾ?” (ਨਿਰਵਾਣ)
ਇਸਤਰੀ ਦੇ ਇਹਨਾਂ ਸਵਾਲਾਂ ਦਾ ਕੋਈ ਜਵਾਬ ਕਿਸੇ ਕੋਲ ਨਹੀਂ। ਪੁਰਸ਼, ਸਮਾਜ, ਇਤਿਹਾਸ, ਫ਼ਲਸਫ਼ਾ, ਦਰਸ਼ਨ, ਸ਼ਾਸਤਰ ਸਭ ਕੋਈ ਜਵਾਬ ਨਾ ਔੜਨ ਕਰਕੇ ਗੂੰਗੇ ਅਤੇ ਅਬੋਲ ਹੋ ਜਾਂਦੇ ਹਨ। ਉਹ ਹਰ ਕਿਸੇ ਨੂੰ ਝੰਜੋੜ-ਝੰਜੋੜ ਕੇ ਆਖਦੀ-ਪੁਛਦੀ ਹੈ: “ਮੇਰੇ ਸਵਾਲਾਂ ਦਾ ਕੁਛ ਤਾਂ ਦੇਹ ਜਵਾਬ/ ਮੇਰੀ ਜ਼ਿੰਦਗੀ ਦਾ ਕੁਛ ਤਾਂ ਦੇਹ ਹਿਸਾਬ/… ਮੇਰੀ ਨੀਂਦ ਮੇਰੀ ਨਹੀਂ/ ਮੇਰਾ ਚੈਨ ਮੇਰਾ ਨਹੀਂ/ ਮੈਨੂੰ ਕਦੇ ਮੇਰੀ ਰਾਤ/ ਮੇਰਾ ਵੀ ਦੇਹ ਖ਼ਵਾਬ!” (ਕੁਛ ਤਾਂ ਦੇਹ ਜਵਾਬ) ਪਰ ਉਹਦਾ ਸਫ਼ਰ ਹੁਣ ਉਨ੍ਹਾਂ ਵਿਚੋਂ ਕਿਸੇ ਦੇ ਵੀ ਜਵਾਬ ਜਾਂ ਹੁੰਗਾਰੇ ਦਾ ਮੁਥਾਜ ਨਹੀਂ। ਉਹਦੀ ਯਾਤਰਾ ਹੁਣ ਰੁਕਣ ਵਾਲ਼ੀ ਨਹੀਂ: “ਮੈਨੂੰ ਨਾ ਰੋਕੋ ਹੁਣ/ ਮੈਨੂੰ ਵੀ ਛੂਹ ਲੈਣ ਦਿਓ/ ਸਮੁੰਦਰੋਂ ਪਾਰ, ਦੂਰ…/ ਉਸ ਪਰਬਤ ਸਿਖਰ ਨੂੰ/ ਜਿਥੇ ਕਦੇ ਸੂਰਜ ਅਸਤ ਨਹੀਂ ਹੁੰਦਾ/ ਜਿਥੇ ਕੋਈ ਤਾਰਾ ਨਹੀਂ ਟੁੱਟਦਾ/ ਜਿਥੇ ਗਗਨ ਛੂਹਣ ਲਈ/ ਕੋਈ ਅੱਡੀਆਂ ਨਹੀਂ ਚੁੱਕਦਾ!” (ਮੈਨੂੰ ਨਾ ਰੋਕੋ)
ਸੁਰਜੀਤ ਜਾਣਦੀ ਹੈ ਕਿ ਉਸ ਸਿਖਰ ਵੱਲ ਜਿਥੇ ਗਗਨ ਸਹਿਜ ਖਲੋਤਿਆਂ ਹੀ ਛੂਹਿਆ ਜਾ ਸਕਦਾ ਹੈ, ਦੀ ਯਾਤਰਾ ਅਤੀਤ ਦੀ ਜੰਗ ਨੂੰ ਵਰਤਮਾਨ ਵਿਚ ਲੜਨਾ ਜਾਰੀ ਰਖਦਿਆਂ ਨਹੀਂ ਕੀਤੀ ਜਾ ਸਕਦੀ। ਨਾ ਹੀ ਇਹ ਯਾਤਰਾ ਅਜਿਹੇ ਪ੍ਰੰਪਰਾਗਤ ਵਾਹਨ ਉੱਤੇ ਸਵਾਰ ਰਹਿ ਕੇ ਸੰਭਵ ਹੈ ਜਿਸ ਦਾ ਇਕ ਪਹੀਆ ਵੱਡਾ ਅਤੇ ਦੂਜਾ ਛੋਟਾ ਹੋਵੇ। ਉਹ ਇਹ ਵੀ ਜਾਣਦੀ ਹੈ ਕਿ ਦੂਜੇ ਨੂੰ ਗ਼ੁਲਾਮ ਰੱਖਣ ਵਾਲ਼ਾ ਮਨੁੱਖ ਆਪ ਵੀ ਆਜ਼ਾਦ ਨਹੀਂ ਹੋ ਸਕਦਾ, ਦੂਜੇ ਨੂੰ ਨੀਵਾਂ ਰੱਖਣ ਵਾਲਾ ਮਨੁੱਖ ਆਪ ਵੀ ਉੱਚਾ ਨਹੀਂ ਉੱਠ ਸਕਦਾ। ਇਸੇ ਕਰਕੇ ਉਹ ਇਸ ਅਸਾਵੀਂ ਹਾਲਤ ਨੂੰ ਸਾਵੀਂ-ਸਵਾਹਰੀ ਬਣਾਉਣ ਲਈ ਕੇਵਲ ਇਸਤਰੀ ਨੂੰ ਜਾਗਰਿਤ ਹੋਣ ਦਾ ਜਾਂ ਨਵੇਂ ਸਮੇਂ ਦੀਆਂ ਨਵੀਆਂ ਮੰਗਾਂ ਸੰਬੰਧੀ ਪੁਰਸ਼ ਨੂੰ ਜਾਗਰਿਤ ਹੋਣ ਦਾ ਸੱਦਾ ਹੀ ਨਹੀਂ ਦਿੰਦੀ, ਸਗੋਂ ਉਹ ਇਨਸਾਨ ਨੂੰ, ਜਿਸ ਵਿਚ ਇਸਤਰੀ ਅਤੇ ਪੁਰਸ਼ ਦੋਵੇਂ ਸ਼ਾਮਲ ਹਨ, ਜਾਗਣ ਦਾ ਹੋਕਾ ਦਿੰਦੀ ਹੈ। ਇਕ ਵਾਰ ਇਨਸਾਨ ਜਾਗਰਿਤ ਹੋ ਕੇ ਆਪਣੇ ਅੰਦਰ ਤੱਕ ਲਵੇ, ਫੇਰ ਉਸ ਵਿਚ ਅਤੇ ਪੈਗੰਬਰ ਵਿਚ ਕੋਈ ਫ਼ਰਕ ਨਹੀਂ ਰਹਿ ਜਾਂਦਾ: “ਆਪਣੇ ਤੀਜੇ ਨੇਤਰ ਨੂੰ ਖੁੱਲ੍ਹਣ ਦਿਓ/ ਤੁਹਾਡੇ ਅੰਦਰ ਦਾ ਇਨਸਾਨ/ ਹੌਲੀ ਹੌਲੀ ਜਾਗ ਉੱਠੇਗਾ/ ਤੇ ਫੇਰ ਤੁਸੀਂ ਸਤਰੰਗੀ ਪੀਂਘ ’ਤੇ ਚੜ੍ਹ ਕੇ/ ਦਰਸ਼ਕ ਵਾਂਗ ਆਪਣੀ ਜ਼ਿੰਦਗੀ ਨੂੰ ਤੱਕੋ/…ਆਓ ਅੱਗੇ ਵਧੋ/ ਤੁਸੀਂ ਸਾਰੇ ਪੈਗੰਬਰ ਹੋ/ ਜ਼ਰਾ ਅੱਗੇ ਤਾਂ ਵਧੋ!” (ਪੈਗੰਬਰ)
ਸੁਰਜੀਤ ਦੀ ਕਵਿਤਾ ਵਿਚ ਇਸਤਰੀ ਦੀ ਵੇਦਨਾ-ਸੰਵੇਦਨਾ ਹੈ, ਸਮਾਜ ਦੀ ਤੇ ਸਮਾਜ ਦੇ ਇਤਿਹਾਸ ਦੀ ਸਮਝ ਹੈ ਅਤੇ ਭਵਿੱਖ ਦੀ ਕਲਪਨਾ ਹੈ। ਇਸ ਤੋਂ ਵਡੇਰੀ ਗੱਲ, ਉਸ ਦੀ ਕਵਿਤਾ ਵਿਚ ਜਜ਼ਬੇ-ਗੁੱਧਾ ਠਰ੍ਹੰਮਾ ਹੈ ਅਤੇ ਰੀਝ-ਭਰਿਆ ਜਜ਼ਬਾ ਹੈ। ਅਜਿਹੀ ਕਵਿਤਾ ਦਾ ਸਵਾਗਤ ਕੌਣ ਨਹੀਂ ਕਰੇਗਾ!