ਲਾਹੌਰ: ਹਿੰਦੁਸਤਾਨ ਦਾ ਪੈਰਿਸ

ਦੀਨਾ ਨਾਥ ਮਲਹੋਤਰਾ
ਅਨੁਵਾਦ: ਐੱਸ. ਬਲਵੰਤ
ਦੀਨਾ ਨਾਥ ਮਲਹੋਤਰਾ ਦਾ ਪ੍ਰਕਾਸ਼ਨ ਅਤੇ ਸਮਾਜਿਕ ਜਗਤ ਵਿਚ ਬੜਾ ਵਿਲੱਖਣ ਸਥਾਨ ਹੈ। ਉਹ ਭਾਰਤ ਵਿਚ ਪੇਪਰਬੈਕ ਪ੍ਰਕਾਸ਼ਨ ਦੇ ਮੋਢੀ ਗਿਣੇ ਜਾਂਦੇ ਹਨ। ਇਸ ਲੰਮੇ ਲੇਖ ਵਿਚ ਉਨ੍ਹਾਂ ਪੰਜਾਬ ਦੇ ਮਸ਼ਹੂਰ ਸ਼ਹਿਰ ਲਾਹੌਰ ਬਾਰੇ ਕਿੱਸਾ ਛੇੜਿਆ ਹੈ ਜਿਸ ਦੀ ਪਹਿਲੀ ਕਿਸ਼ਤ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। ਇਸ ਦਾ ਅਨੁਵਾਦ ਐੱਸ ਬਲਵੰਤ ਨੇ ਕੀਤਾ ਹੈ ਜੋ ਖੁਦ ਪ੍ਰਕਾਸ਼ਨ ਦੇ ਕਾਰੋਬਾਰ ਨਾਲ ਜੁੜੇ ਰਹੇ ਹਨ।
“ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ…।”

-ਇਕ ਮਸ਼ਹੂਰ ਨਾਟਕ ਦਾ ਨਾਂ
ਪੰਜਾਬ ਹੀ ਨਹੀਂ ਸਗੋਂ ਸਾਰੇ ਉੱਤਰੀ ਭਾਰਤ ਤੋਂ ਅੱਗੇ ਵੀ ਲਾਹੌਰ ਦੀ ਖ਼ਾਸ ਪਛਾਣ ਬਣੀ ਹੋਈ ਸੀ। ਉਹ ਵਿੱਦਿਆ ਦਾ ਬਹੁਤ ਵੱਡਾ ਕੇਂਦਰ ਸੀ। ਆਪਣੀ ਚਮਕ-ਦਮਕ ਤੇ ਖ਼ਾਸ ਤੌਰ ਤਰੀਕਿਆਂ ਕਾਰਨ ਇਹ ਭਾਰਤ ਵਿਚ ਤਾਂ ਮਸ਼ਹੂਰ ਸੀ ਹੀ, ਨਾਲ ਹੀ ਇਹ ਭਾਰਤ ਦਾ ਪੈਰਿਸ ਵੀ ਕਿਹਾ ਜਾਂਦਾ ਸੀ। ਉਥੋਂ ਦੀ ਇਕ-ਇਕ ਸੜਕ ਅਤੇ ਮਾਰਕੀਟ ‘ਚ ਲੋਕ ਬਹੁਤ ਚਾਅ ਨਾਲ ਆਉਂਦੇ ਸਨ। ਇਸ ਸ਼ਹਿਰ ਬਾਰੇ ਬਹੁਤ ਸਾਰੀਆਂ ਇਤਿਹਾਸਕ ਕਹਾਣੀਆਂ ਵੀ ਜੁੜੀਆਂ ਹੋਈਆਂ ਸਨ। ਇਕ ਤਾਂ ਇਹ ਵੀ ਕਿਹਾ ਜਾਂਦਾ ਸੀ ਕਿ ਇਸ ਸ਼ਹਿਰ ਦੀ ਨੀਂਹ ਰਾਜਾ ਰਾਮਚੰਦਰ ਦੇ ਪੁੱਤਰ ਲਵ ਨੇ ਰੱਖੀ ਸੀ।
ਇਥੋਂ ਦਾ ਅਨਾਰਕਲੀ ਬਾਜ਼ਾਰ ਬਹੁਤ ਮਸ਼ਹੂਰ ਸੀ। ਉਥੇ ਵੱਡੀਆਂ-ਵੱਡੀਆਂ ਕੱਪੜੇ ਦੀਆਂ, ਜਨਰਲ ਮਰਚੈਂਟਾਂ ਦੀਆਂ, ਜੁੱਤੀਆਂ ਦੀਆਂ, ਕਰਾਕਰੀ ਦੀਆਂ ਦੁਕਾਨਾਂ ਸਨ ਤੇ ਸਾਰੇ ਪੰਜਾਬ ਦੇ ਲੋਕ ਉਥੇ ਖਰੀਦਦਾਰੀ ਕਰਨ ਆਉਂਦੇ ਸਨ! ਇਥੋਂ ਦੀਆਂ ਮਸ਼ਹੂਰ ਦੁਕਾਨਾਂ ਜਿਨ੍ਹਾਂ ਦੇ ਨਾਂ ਵਜਦੇ ਸਨ, ਉਨ੍ਹਾਂ ‘ਚੋਂ ਕੁਝ ਕੁ ਹਨ- ਭੱਲਾ ਬੂਟਾ ਵਾਲਾ ਤੇ ਕਰਨਾਲ ਬੂਟ ਸ਼ਾਪ, ਜਗਤ ਸਿੰਘ ਕਵਾਤਰਾ ਜਨਰਲ ਸਟੋਰ, ਧਨੀ ਰਾਮ ਦੀ ਲੋਹੇ ਦੇ ਸਮਾਨ ਦੀ ਦੁਕਾਨ, ਕਾਂਸ਼ੀ ਰਾਮ ਜਨਰਲ ਮਰਚੈਂਟ, ਲਾਹੌਰ ਮਿਊਜ਼ਿਕ ਸ਼ਾਪ, ਦੋ ਤਿੰਨ ਸਕੂਲੀ ਕਿਤਾਬਾਂ ਦੇ ਵੱਡੇ ਪ੍ਰਕਾਸ਼ਕਾਂ ਦੇ ਦਫਤਰ-ਗੁਲਾਬ ਚੰਦ ਕਪੂਰ ਅਤੇ ਰਾਮ ਲਾਲ ਸੂਰੀ। ਇਸੇ ਤਰ੍ਹਾਂ ਬੋਤਲਾਂ ਅਤਰ ਚੰਦ ਕਪੂਰ, ਯਾਨੀ ਏਰੀਏ ਟਿਡ ਵਾਟਰ ਵਾਲਾ, ਕੇਸਰੀ ਅਤੇ ਸ਼ੁਰੂ ਦੇ ਕਿਨਾਰੇ ਵਾਲਾ ਕੁੰਦਨ ਲਾਲ ਹਲਵਾਈ ਤੇ ਫਿਰ ਭਗਵਾਨ ਸਿੰਘ ਦਹੀਂ ਦੀ ਲੱਸੀ ਵਾਲਾ ਵੀ ਸੀ।
ਇਸ ਤੋਂ ਇਲਾਵਾ ਹੋਰ ਵੀ ਪ੍ਰਸਿੱਧ ਦੁਕਾਨਾਂ ਸਨ ਪਰ ਭਗਵਾਨ ਸਿੰਘ ਦੀ ਦੁੱਧ-ਦਹੀ ਅਤੇ ਲੱਸੀ ਦੀ ਦੁਕਾਨ ਤਾਂ ਬਹੁਤ ਹੀ ਮਸ਼ਹੂਰ ਸੀ। ਇਸ ਦੁਕਾਨ ‘ਤੇ ਤਗੜੇ-ਤਗੜੇ ਲੋਕ ਹਰ ਸਮੇਂ ਵੱਡੀਆਂ-ਵੱਡੀਆਂ ਗੜਵੀਆਂ ਜਿਨ੍ਹਾਂ ਦਾ ਸਾਈਜ਼ ਵਲਟੋਹੀਆਂ ਵਰਗਾ ਹੁੰਦਾ ਸੀ, ਵਿਚ ਲੱਸੀ ਬਣਾਉਂਦੇ ਰਹਿੰਦੇ ਸਨ। ਇਹ ਦੁਕਾਨ ਸਵੇਰੇ ਚਾਰ ਵਜੇ ਸ਼ੁਰੂ ਹੋ ਜਾਂਦੀ ਸੀ ਤੇ ਸਿਰਫ ਦੋ ਘੰਟੇ ਹੀ ਕੰਮ ਚੱਲਦਾ ਸੀ। ਸਭ ਤੋਂ ਮੂਹਰੇ ਵੱਡੀ ਭੱਠੀ ‘ਤੇ ਉਬਲਣ ਲਈ ਦੁੱਧ ਦਾ ਕੜਾਹਾ ਰੱਖਿਆ ਹੁੰਦਾ ਸੀ ਜਿਸ ਉੱਪਰ ਭਰਪੂਰ ਮਲਾਈ ਨੇ ਮੱਲ ਮਾਰੀ ਹੋਈ ਹੁੰਦੀ ਸੀ। ਉਸ ਉੱਪਰ ਵੀ ਬਾਦਾਮ ਤੇ ਛੁਹਾਰੇ ਤਰਦੇ ਨਜ਼ਰ ਆਉਂਦੇ ਸਨ। ਇਥੇ ਆਮ ਤੌਰ ‘ਤੇ ਅੱਧਾ ਕਿੱਲੋ ਦੁੱਧ ਲੈਣ ਵਾਲੇ ਲੋਕ ਆਉਂਦੇ ਤੇ ਕੁਝ ਤਕੜੇ ਤੇ ਅਮੀਰ ਲੋਕ ਤਿੰਨ ਪਾਅ ਦੁੱਧ ਲੈਣ ਆਉਂਦੇ। ਬਾਹਰੋਂ ਆਏ ਲੋਕ ਲੋਸੀ ਵੀ ਤਿੰਨ ਪਾਅ ਦਹੀਂ ਦੀ ਬਣਵਾਉਂਦੇ ਸਨ। ਕਈ ਵਾਰ ਇਸ ‘ਚ ਅਸਲੀ ਖੋਏ ਦੇ ਤਿੰਨ ਚਾਰ ਪੇੜੇ ਵੀ ਪੁਆ ਲੈਂਦੇ ਸਨ। ਇਹ ਜ਼ਬਰਦਸਤ ਲੱਸੀ ਹੁੰਦੀ ਸੀ ਤੇ ਦੁੱਧ ਦੇ ਵੱਡੇ-ਵੱਡੇ ਗਲਾਸ ਹੁੰਦੇ ਸਨ ਜਿਨ੍ਹਾਂ ਨੂੰ ਕੜੇ ਵਾਲੇ ਗਲਾਸ ਕਿਹਾ ਜਾਂਦਾ ਸੀ।
ਦੁਕਾਨ ਦੇ ਬਾਹਰ ਅੱਠ-ਦਸ ਲੋਹੇ ਦੀਆਂ ਕੁਰਸੀਆਂ ਹੁੰਦੀਆਂ ਜਿਥੇ ਲੋਕ ਆ ਕੇ ਬੈਠਦੇ ਤੇ ਦੁੱਧ ਜਾਂ ਦਹੀਂ ਦੀ ਲੱਸੀ ਪੀਂਦੇ। ਉਨ੍ਹਾਂ ਦੇ ਵਧੇਰੇ ਕਰਕੇ ਗਾਹਕ ਦੂਜੇ ਸ਼ਹਿਰਾਂ ‘ਚੋਂ ਆਏ ਹੁੰਦੇ। ਉਹ ਉੱਚੇ ਲੰਮੇ ਕੱਦ ਦੇ ਲੰਮ-ਧੜੰਮੇ ਜੱਟ ਹੁੰਦੇ ਜਿਨ੍ਹਾਂ ਦੇ ਹੱਥਾਂ ‘ਚ ਲਾਠੀਆਂ ਹੁੰਦੀਆਂ ਤੇ ਉੱਪਰ ਪਿੱਤਲ ਦੇ ਕੜੇ ਲੱਗੇ ਹੁੰਦੇ। ਇਹ ਲੋਕ ਆਮ ਤੌਰ ‘ਤੇ ਕਚਹਿਰੀ ‘ਚ ਮੁਕੱਦਮਿਆਂ ਦੀਆਂ ਤਰੀਕਾਂ ਭੁਗਤਣ ਆਉਂਦੇ ਪਰ ਪਹਿਲ ਇਹ ਹੁੰਦੀ ਕਿ ਭਗਵਾਨ ਸਿੰਘ ਦੀ ਦੁਕਾਨ ‘ਤੇ ਜਾ ਕੇ ਮਲਾਈ ਵਾਲਾ ਦੁੱਧ ਜਾਂ ਲੱਸੀ ਪੀਤੀ ਜਾਏ, ਫਿਰ ਹੀ ਅੱਗੇ ਜਾਣਾ ਹੈ। ਇਹਦੀ ਬਹੁਤ ਹੀ ਦਿਲਚਸਪ ਦਿੱਖ ਹੁੰਦੀ ਸੀ। ਕੁਝ ਲੋਕ ਕੁਰਸੀਆਂ ‘ਤੇ ਬੈਠੇ ਤੇ ਕੁਝ ਖੜ੍ਹੇ ਲੱਸੀ ਤੇ ਦੁੱਧ ਦਾ ਆਨੰਦ ਮਾਨਣ ਉਪਰੰਤ ਮੁੱਛਾਂ ਸਾਫ ਕਰ ਕੇ ਉਨ੍ਹਾਂ ਨੂੰ ਤਾਅ ਦਿੰਦੇ ਅਤੇ ਮੁੜ ਕਚਹਿਰੀ ਵਲ ਵਹੀਰਾ ਘੱਤ ਤੁਰਦੇ। ਭਗਵਾਨ ਸਿੰਘ ਦੀ ਦੁਕਾਨ ਜਿਵੇਂ ਅਨਾਰਕਲੀ ਬਾਜ਼ਾਰ ਦਾ ਪਹਿਲਾ ਮੁਕਾਮ ਬਣ ਗਈ ਸੀ। ਹਰ ਇੱਕ ਪਹਿਲਾਂ ਉਥੇ ਰੁਕਦਾ, ਸਾਹ ਲੈਂਦਾ, ਕੁਝ ਪੀਂਦਾ ਤੇ ਫਿਰ ਤੁਰ ਪੈਂਦਾ। ਇਸ ਦੁਕਾਨ ਦੀ ਮਸ਼ਹੂਰੀ ਪੂਰੇ ਪੰਜਾਬ ‘ਚ ਹੋ ਚੁੱਕੀ ਸੀ।
ਅਨਾਰਕਲੀ ਬਾਜ਼ਾਰ ਬਾਰੇ ਇਕ ਕਹਾਣੀ ਸੀ ਕਿ ਉਸ ਦਾ ਨਾਂ ਅਨਾਰਕਲੀ ਕਿਵੇਂ ਪਿਆ। ਕਹਿੰਦੇ ਨੇ, ਫਾਰਸ ਦੇਸ਼ ਦਾ ਇਕ ਸੌਦਾਗਰ ਪਰਿਵਾਰ ਆਪਣੇ ਨਾਲ ਮਾਲ-ਸਮਾਨ ਲੈ ਕੇ ਹਿੰਦੁਸਤਾਨ ਆ ਰਿਹਾ ਸੀ ਤੇ ਰਾਹ ‘ਚ ਡਾਕੂਆਂ ਨੇ ਉਹਦਾ ਸਮਾਨ ਲੁੱਟ ਲਿਆ ਤੇ ਉਹਨੂੰ ਵੀ ਮਾਰ ਦਿੱਤਾ। ਉਹਦੀ ਇਕ ਕੁੜੀ ਬਚੀ ਸੀ ਜਿਸ ਨੂੰ ਮੁਗ਼ਲ ਬਾਦਸ਼ਾਹ ਦੇ ਦਰਬਾਰ ‘ਚ ਭੇਟ ਕਰ ਦਿੱਤਾ ਗਿਆ। ਉਹ ਬਹੁਤ ਖੂਬਸੂਰਤ ਸੀ ਤੇ ਉਸ ਨੂੰ ਅਕਬਰ ਬਾਦਸ਼ਾਹ ਦੇ ਦਰਬਾਰੇ ਨੱਚਣ-ਗਾਉਣ ਲਈ ਨਾਮਜ਼ਦ ਕਰ ਦਿੱਤਾ ਗਿਆ। ਬਾਦਸ਼ਾਹ ਸਲਾਮਤ ਨੇ ਉਸ ਦਾ ਨਾਂ ‘ਅਨਾਰ ਦੀ ਕਲੀ’ ਰੱਖ ਦਿੱਤਾ ਜੋ ਮਗਰੋਂ ਅਨਾਰਕਲੀ ਬਣ ਗਿਆ ਤੇ ਉਸੇ ਦੇ ਨਾਂ ਨਾਲ ਬਾਜ਼ਾਰ ਦਾ ਨਾਂ ਪੈ ਗਿਆ।
ਮਗਰੋਂ ਦੀ ਇਕ ਕਹਾਣੀ ਇਹ ਵੀ ਹੈ ਕਿ ਉਹ ਸ਼ਾਹਜਹਾਨ ਸਲੀਮ ਦੀਆਂ ਅੱਖਾਂ ਨੂੰ ਭਾਅ ਗਈ ਤੇ ਜਦ ਉਸ ਦੇ ਪ੍ਰੇਮ-ਪ੍ਰਸੰਗ ਦਾ ਬਾਦਸ਼ਾਹ ਅਕਬਰ ਨੂੰ ਪਤਾ ਲੱਗਾ ਤਾਂ ਉਨ੍ਹਾਂ ਅਨਾਰਕਲੀ ਨੂੰ ਮਰਵਾ ਦਿੱਤਾ। ਇਸ ਅਮਰ ਪ੍ਰੇਮ-ਕਹਾਣੀ ਤੇ ਕਈ ਫਿਲਮਾਂ ਵੀ ਬਣੀਆਂ ਹਨ। ਬਾਜ਼ਾਰ ਦੇ ਨਾਂ ਨਾਲ ਅਨਾਰਕਲੀ ਦਾ ਨਾਂ ਜੁੜਨ ਨਾਲ ਉਹ ਵੀ ਅਮਰ ਹੋ ਗਈ ਤੇ ਲੋਅਰ ਮਾਲ ਰੋਡ ‘ਤੇ ਅਨਾਰਕਲੀ ਦੀ ਕਬਰ ਦੀ ਬਣੀ ਹੋਈ ਹੈ।
ਭਗਵਾਨ ਸਿੰਘ ਤੋਂ ਅੱਗੇ ਚੱਲ ਕੇ ਕਾਂਸ਼ੀਰਾਮ ਜਨਰਲ ਮਰਚੈਂਟ ਦੀ ਦੁਕਾਨ ਸੀ ਅਤੇ ਉਸ ਦੇ ਉੱਪਰ ਕਰਤਾਰ ਸਿੰਘ ਦਾ ਹਾਰਮੋਨੀਅਮ ਠੀਕ ਕਰਨ ਦਾ ਕਾਰਖਾਨਾ ਸੀ। ਉਥੇ ਹੀ ਸ਼ਾਮ ਵੇਲੇ ਇਕ ਕਮਰੇ ‘ਚ ਗਾਣਾ ਸਿਖਾਉਣ ਵਾਲੇ ਮਾਸਟਰ ਪੰਡਤ ਉੱਤਮ ਚੰਦ ਸੰਗੀਤ ਸਿਖਾਉਣ ਦਾ ਸਕੂਲ ਚਲਾਉਂਦੇ ਹੁੰਦੇ ਸਨ। ਦਿਨ ਵੇਲੇ ਉਹ ਰੱਜਦੇ ਪੁੱਜਦੇ ਘਰਾਂ ਦੀਆਂ ਇਸਤਰੀਆਂ ਨੂੰ ਉਨ੍ਹਾਂ ਦੇ ਘਰਾਂ ‘ਚ ਜਾ ਕੇ ਸੰਗੀਤ ਸਿਖਾਉਂਦੇ ਹੁੰਦੇ ਸਨ। ਉਨ੍ਹਾਂ ਦੀ ਮਸ਼ਹੂਰੀ ਇਸ ਕਰ ਕੇ ਵੀ ਸੀ ਕਿ ਉਹ ਹਾਰਮੋਨੀਅਮ ਦੇ ਉਲਟੇ ਪਾਸੇ ਬੈਠ ਅੱਖਾਂ ਬੰਦ ਕਰ ਕੇ ਵੀ ਉਸ ਨੂੰ ਵਜਾਉਣਾ ਸਿਖਾ ਸਕਦੇ ਸਨ। ਔਰਤਾਂ ‘ਚ ਇਸ ਤਰ੍ਹਾਂ ਦੂਰ ਬੈਠ ਕੇ ਸੰਗੀਤ ਸਿਖਾਉਣਾ, ਉਨ੍ਹਾਂ ਦੀ ਅਹਿਮੀਅਤ ਤੇ ਸਤਿਕਾਰ ‘ਚ ਵਾਧਾ ਕਰਦਾ ਸੀ। ਉਨ੍ਹਾਂ ਦੀ ਪ੍ਰਤਿਭਾ ਤੇ ਇਮਾਨਦਾਰੀ ਦਾ ਪ੍ਰਮਾਣ ਹੋਣ ਕਰ ਕੇ ਉਨ੍ਹਾਂ ਨੂੰ ਵੱਡੇ ਰੱਜੇ ਪੁੱਜੇ ਘਰਾਂ ‘ਚ ਜਾਣ ਦੀ ਇੱਜ਼ਤ ਹਾਸਲ ਸੀ। ਉਨ੍ਹਾਂ ਦੀ ਫੀਸ ਪੰਜ ਤੋਂ ਦਸ ਰੁਪਏ ਮਹੀਨਾ ਹੁੰਦੀ ਸੀ।
ਸੜਕ ਦੇ ਦੂਜੇ ਪਾਸੇ ਦੋ ਪਠਾਣ ਛੁਰੀਆਂ ਅਤੇ ਚਾਕੂ ਦੀ ਧਾਰ ਤੇਜ਼ ਕਰਨ ਦਾ ਕੰਮ ਕਰਦੇ ਸਨ। ਉਨ੍ਹਾਂ ਕੋਲ ਇਹ ਸਭ ਕਰਨ ਲਈ ਗੋਲ ਪੱਟੇ ਵਾਲੇ ਦੋ ਚੱਕਰ ਹੁੰਦੇ ਸਨ ਜਿਨ੍ਹਾਂ ‘ਤੇ ਉਹ ਛੁਰੀਆਂ ਅਤੇ ਚਾਕੂਆਂ ਦੀਆਂ ਧਾਰਾਂ ਤੇਜ਼ ਕਰਦੇ ਅਤੇ ਥੱਲੇ ਪਟੜੀ ਤੇ ਬੈਠੇ ਮਾਰਵਾੜੀਆਂ ਵਰਗੀਆਂ ਪਗੜੀਆਂ ਪਹਿਨੀ ਤਿੰਨ-ਚਾਰ ਆਦਮੀ ਕੰਨਾਂ ਚੋਂ ਮੈਲ ਕੱਢਣ ਦਾ ਕੰਮ ਕਰਦੇ ਸਨ। ਹੈਰਾਨੀ ਹੁੰਦੀ ਸੀ ਕਿ ਕੀ ਐਨੇ ਵਿਅਕਤੀ ਇਨ੍ਹਾਂ ਤੋਂ ਕੰਨਾਂ ‘ਚੋਂ ਮੈਲ ਕਢਵਾਉਣ ਆਉਂਦੇ ਹਨ? ਨਾਲ ਹੀ ਉਹ ਦੰਦ ਵੀ ਸਾਫ ਕਰਦੇ ਸਨ ਤੇ ਜੇ ਕਿਸੇ ਨੇ ਆਪ ਸਾਫ ਕਰਨੇ ਹੋਣ ਤਾਂ ਉਸ ਦੇ ਔਜ਼ਾਰ ਵੀ ਵੇਚਦੇ ਸਨ। ਇਹ ਇਕ ਹੀ ਗਲੇ ਅੰਦਰ ਪਏ ਹੁੰਦੇ ਸਨ- ਕੋਈ ਕੰਨ ਦੀ ਮੈਲ ਕੱਢਣ ਦਾ ਤੇ ਕੋਈ ਦੰਦ ਸਾਫ ਕਰਨ ਦਾ। ਉਹ ਲਗਾਤਾਰ ਹੋਕਾ ਲਗਾਉਂਦੇ- “ਦੰਦ ਖੁਰਚਵੀਂ, ਕੰਨ ਕਲੇਲ, ਇਕ ਆਨਾ ਦੋਵੇਂ ਮੇਲ”, ਭਾਵ ਇਕ ਆਨਾ ਖਰਚ ਕੇ ਕੰਨ ਤੇ ਦੰਦ ਸਾਫ ਕਰਨ ਦੇ ਦੋਵੇਂ ਔਜਾਰ ਹਾਸਲ ਕਰੋ। ਇਹ ਉਸ ਜ਼ਮਾਨੇ ਦੇ ਦੰਦਾਂ ਦੇ ਡਾਕਟਰ ਵੀ ਕਹਾਉਂਦੇ ਸਨ ਤੇ ਨਾਲ ਹੀ ਸੈਲਫ ਹੈਲਥ ਦੇ ਔਜ਼ਾਰ ਵੀ ਵੇਚਿਆ ਕਰਦੇ ਸਨ।
ਅੱਗੇ ਚੱਲ ਕੇ ਲਾਹੌਰ ਮਿਊਜ਼ਿਕ ਸ਼ਾਪ ਨਾਂ ਦੀ ਦੁਕਾਨ ਸੀ ਜੋ ਇਕ ਸਰਦਾਰ ਚਲਾਉਂਦਾ ਸੀ। ਉਥੇ ਹਾਰਮੋਨੀਅਮ, ਚਿਮਟੇ, ਤਬਲੇ, ਮਜ਼ੀਰੇ ਤੇ ਸੰਗੀਤ ਨਾਲ ਸਬੰਧਿਤ ਸਭ ਚੀਜ਼ਾਂ ਮਿਲਦੀਆਂ ਸਨ। ਉਥੇ ਹੀ ਅਨਾਰਕਲੀ ਬਾਜ਼ਾਰ ਨੂੰ ਕੱਟਦੀ ਹੋਈ ਸੜਕ ਇਕ ਤਰਫ ਏਬਕ ਰੋਡ ਤੇ ਦੂਜੇ ਪਾਸੇ ਗਣਪਤ ਖੇਡ ਚਲੀ ਗਈ ਸੀ। ਏਬਕ ਰੋਡ ‘ਤੇ ਸੰਨ ਇਕ ਹਜ਼ਾਰ ਈਸਵੀ ‘ਚ ਹੋਏ ਮੁਸਲਮਾਨ ਬਾਦਸ਼ਾਹ ਏਬਕ ਦੀ ਕਬਰ ਸੀ ਤੇ ਦੋ ਪ੍ਰਕਾਸ਼ਕਾਂ ਦੀਆਂ ਦੁਕਾਨਾਂ। ਉਨ੍ਹਾਂ ‘ਚੋਂ ਇਕ ਸਨ ਆਤਮਾ ਰਾਮ ਐਂਡ ਸਨਜ਼ ਜੋ ਕਾਲਜਾਂ ਲਈ ਮੈਡੀਕਲ ਸਾਇੰਸ ਦੀਆਂ ਕਿਤਾਬਾਂ ਪ੍ਰਕਾਸ਼ਤ ਕਰਦੇ ਸਨ ਜੋ ਮਗਰੋਂ ਲਾਹੌਰ ਛੱਡ ਦਿੱਲੀ ਆ ਗਏ ਸੀ; ਤੇ ਦੂਜੇ ਸਨ ਹਿੰਦੀ ਭਵਨ ਜੋ ਉਸ ਸਮੇਂ ਹਿੰਦੀ ਦੀਆਂ ਬਹੁਤ ਹੀ ਸੁੰਦਰ ਤੇ ਆਹਲਾ ਕਿਤਾਬਾਂ ਪ੍ਰਕਾਸ਼ਤ ਕਰਦੇ ਸਨ। ਇਥੇ ਹੀ ਰਾਮਲਾਲ ਦਾ ਢਾਬਾ ਸੀ ਜਿਥੇ ਇਕ ਤੋਂ ਦੋ ਆਨੇ ‘ਚ ਪੂਰਾ ਖਾਣਾ- ਯਾਨੀ ਦਾਲ, ਸਬਜ਼ੀ ਅਤੇ ਚਟਣੀਆਂ ਮਿਲ ਜਾਂਦੀਆਂ ਸਨ।
ਇਹ ਸਾਰਾ ਕੁਝ ਇਸ ਲਈ ਵੀ ਚੇਤੇ ਹੈ ਕਿ ਨਾਨਾ ਜੀ ਅਤੇ ਮਗਰੋਂ ਮਾਮਾ ਜੀ ਵੀ ਉਥੇ ਹੀ ਸਵੇਰ ਸ਼ਾਮ ਦਾ ਖਾਣਾ ਖਾਂਦੇ ਸਨ। ਉਹ ਧੀ ਜਾਂ ਭੈਣ ਦੇ ਘਰ ਖਾਣਾ ਖਾਣ ਨੂੰ ਮੁਨਾਸਬ ਨਹੀਂ ਸੀ ਸਮਝਦੇ। ਆਪਣੇ ਘਰੋਂ ਲਿਆਂਦਾ ਦੇਸੀ ਘਿਉ ਦਾ ਡੱਬਾ ਉਹ ਹਰ ਰੋਜ਼ ਆਪਣੇ ਨਾਲ ਚੁੱਕ ਲਿਜਾਂਦੇ ਤੇ ਉਸ ਘਿਉ ਦਾ, ਦਾਲ ਜਾਂ ਸਬਜ਼ੀ ਨੂੰ ਤੜਕਾ ਲਗਵਾ ਲੈਂਦੇ। ਜੇ ਉਹ ਡੱਬਾ ਹੋਟਲ ਰੱਖ ਦਿੰਦੇ ਤਾਂ ਉਸ ਉੱਪਰ ਇਕ ਛੋਟਾ ਜਿਹਾ ਜਿੰਦਰਾ ਲਗਾ ਦਿੰਦੇ ਸਨ। ਹੋਟਲ ‘ਚ ਨਾਨਾ ਜੀ ਜਾਂ ਮਾਮਾ ਜੀ ਦਾ ਘਿਓ ਵਾਲਾ ਡੱਬਾ ਨਾਲ ਲੈ, ਖਾਣਾ ਖਾਣ ਜਾਣਾ ਤੇ ਵਿਧਵਾ ਦੇ ਘਰ ਖਾਣਾ ਖਾ ਕੇ ਉਸ ਪਰਿਵਾਰ ‘ਤੇ ਬੋਝ ਨਾ ਬਣਨਾ ਉਸ ਵੇਲੇ ਦੇ ਸਮਾਜਿਕ ਤੇ ਉਨ੍ਹਾਂ ਉੱਪਰ ਪਰਿਵਾਰਕ ਸੰਸਕਾਰਾਂ ਦੇ ਪ੍ਰਤੀਕ ਸਨ।
ਗਣਪਤ ਰੋਡ ‘ਤੇ ਕਾਗਜ਼ ਦੇ ਇਕ ਵੱਡੇ ਵਪਾਰੀ ਦੀ ਦੁਕਾਨ ਸੀ ਜਿਸ ਦਾ ਨਾਂ ਸੀ ਜੈ ਦਿਆਲ ਕਪੂਰ। ਸ਼ੁਰੂ ‘ਚ ਵ੍ਰਤੀ ਭ੍ਰਾਤਾ ਪੁਸਤਕ ਪ੍ਰਕਾਸ਼ਕ ਦੀ ਦੁਕਾਨ ਤੇ ਅਖੀਰ ‘ਚ ਆਰੀਆ ਸਮਾਜ, ਅਨਾਰਕਲੀ ਅਤੇ ਉੱਪਰ ਦੀ ਮੰਜ਼ਲ ਤੇ ਰੋਜ਼ਾਨਾ ਮਿਲਾਪ ਅਖ਼ਬਾਰ ਦਾ ਦਫਤਰ ਸੀ। ਦੂਜੇ ਪਾਸੇ ਬਾਂਸਾਂ ਅਤੇ ਸਿਰਕੀਆਂ ਵੇਚਣ ਵਾਲਿਆਂ ਦੀਆਂ ਦੁਕਾਨਾਂ ਸਨ। ਇਹ ਲੋਕ ਸਿਰਕੀਆਂ ਬਣਵਾਉਣ ਲਈ ਛੋਟੇ-ਛੋਟੇ ਬੱਚਿਆਂ ਤੋਂ ਵੀ ਕੰਮ ਲੈਂਦੇ ਸਨ ਤੇ ਜੇ ਕੋਈ ਬੱਚਾ ਕੰਮ ਕਰਦੇ ਥੱਕ ਜਾਏ ਜਾਂ ਇਧਰ-ਉਧਰ ਦੇਖੇ ਤਾਂ ਉਸ ਦੀਆਂ ਉਂਗਲਾਂ ਦੇ ਉਤਲੇ ਪਾਸੇ ਉਹ ਦੋ-ਤਿੰਨ ਸੋਟੀਆਂ ਟਿਕਾਅ ਦਿੰਦੇ। ਜਦੋਂ ਚੇਤੇ ਕਰੀਦਾ ਤਾਂ ਬਾਲ ਮਜ਼ਦੂਰੀ ਦਾ ਇਹ ਦ੍ਰਿਸ਼ ਬਹੁਤ ਦਰਦਨਾਕ ਲੱਗਦਾ ਹੈ। ਸ਼ਾਇਦ ਘਰ ਦੀ ਗ਼ਰੀਬੀ ਉਨ੍ਹਾਂ ਬੱਚਿਆਂ ਨੂੰ ਉਥੇ ਧੱਕ ਲਿਆਉਂਦੀ ਸੀ। ਉਨ੍ਹਾਂ ਦਿਨਾਂ ‘ਚ ਬਾਲ ਮਜ਼ਦੂਰੀ ਤੋਂ ਉਨ੍ਹਾਂ ਬੱਚਿਆਂ ਨੂੰ ਬਚਾਉਣ ਲਈ ਕੋਈ ਕਾਨੂੰਨ ਨਹੀਂ ਸੀ।
ਅਨਾਰਕਲੀ ਦੇ ਅਖੀਰ ‘ਚ ਨੀਲਾ ਗੁੰਬਦ ਦਾ ਇਲਾਕਾ ਸੀ। ਉਥੇ ਸਾਈਕਲਾਂ ਦੀਆਂ ਦੁਕਾਨਾਂ ਸਨ ਤੇ ਜਾਨਕੀਦਾਸ ਦਾ ਜਨਰਲ ਡਿਪਾਰਟਮੈਂਟਲ ਸਟੋਰ ਸੀ। ਅੰਗਰੇਜ਼ੀ ਪੁਸਤਕਾਂ ਦੀ ਦੁਕਾਨ ਰਾਮਾ ਕ੍ਰਿਸ਼ਨਾ ਐਂਡ ਸੰਨਜ਼ ਉੱਪਰ ਹਮੇਸ਼ਾ ਭੀੜ ਲੱਗੀ ਰਹਿੰਦੀ। ਬਾਅਦ ‘ਚ ਉਨ੍ਹਾਂ ਦੇ ਭਰਾ ਨੇ ਮਿਨਰਵਾ ਬੁੱਕ ਸ਼ਾਪ ਦੇ ਨਾਂ ‘ਤੇ ਅੰਗਰੇਜ਼ੀ ਕਿਤਾਬਾਂ ਦੀ ਇਕ ਹੋਰ ਦੁਕਾਨ ਚਲਾਈ। ਇਨ੍ਹਾਂ ਦੁਕਾਨਾਂ ਤੇ ਪ੍ਰੋਫੈਸਰ, ਬੁੱਧੀਜੀਵੀ ਤੇ ਹੋਰ ਲੋਕ ਅਕਸਰ ਆਉਂਦੇ। ਕਿਤਾਬਾਂ ਦੀਆਂ ਚੰਗੀਆਂ ਦੁਕਾਨਾਂ ਅਕਸਰ ਸਿਆਣੇ ਤੇ ਬੁੱਧੀਜੀਵੀ ਲੋਕਾਂ ਲਈ ਆਪਸੀ ਮੇਲ-ਜੋਲ ਦਾ ਸਥਾਨ ਬਣ ਜਾਂਦੇ ਹਨ। ਬਾਹਰ ਥੋੜ੍ਹੀ ਦੂਰੀ ‘ਤੇ ਅੰਗਰੇਜ਼ੀ ਕਿਤਾਬਾਂ ਦੀ ਇਕ ਹੋਰ ਦੁਕਾਨ ਵੀ ਸੀ। ਇਥੇ ਵੀ ਖੋਜੀ ਲੋਕ ਆ ਕੇ ਆਪਣੀ ਪਸੰਦ ਦੀਆਂ ਕਿਤਾਬਾਂ ਚੁਣਦੇ ਸਨ। ਇਸ ਦਾ ਦੁਕਾਨਦਾਰ ਵੀ ਕਾਫੀ ਕੁਸ਼ਲ ਅਤੇ ਕਿਤਾਬਾਂ ਦਾ ਜਾਣਕਾਰ ਸੀ।
ਸੰਸਕ੍ਰਿਤ ਭਾਸ਼ਾ ਦੀਆਂ ਕਿਤਾਬਾਂ ਦੀਆਂ ਵੀ ਦੋ ਬਹੁਤ ਪ੍ਰਸਿੱਧ ਦੁਕਾਨਾਂ ਸਨ। ਇਕ ਮੋਤੀ ਲਾਲ ਬਨਾਰਸੀ ਦਾਸ ਤੇ ਦੂਜੀ ਮਿਹਰਚੰਦ ਲਛਮਣ ਦਾਸ। ਦੂਰ-ਦੂਰ ਤੋਂ ਸੰਸਕ੍ਰਿਤ ਭਾਸ਼ਾ ਦੇ ਖੋਜੀ ਇਨ੍ਹਾਂ ਦੁਕਾਨਾਂ ਤੇ ਆਉਂਦੇ। ਮਗਰੋਂ ਪਾਕਿਸਤਾਨ ਬਣਨ ਬਾਅਦ ਇਨ੍ਹਾਂ ਦੋਹਾਂ ਨੇ ਹੀ ਦਿੱਲੀ ਆ ਕੇ ਆਪੋ-ਆਪਣੇ ਆਸਨ ਜਮਾ ਲਏ ਸਨ!
ਅਨਾਰਕਲੀ ‘ਚ ਹੋਰ ਜੋ ਮਸ਼ਹੂਰ ਤੇ ਮੰਨੇ-ਪ੍ਰਮੰਨੇ ਦੁਕਾਨਦਾਰ ਸਨ, ਉਨ੍ਹਾਂ ‘ਚ ਕ੍ਰਾਕਰੀ ਵਾਲੇ ਬੀਜਾਮਲ ਮੇਲਾਰਾਮ, ਕਾਗਜ਼ ਵਾਲੇ ਰਾਮਲਾਲ ਕਪੂਰ, ਬੰਸੀਧਰ ਕਪੂਰ ਤੇ ਜੇ.ਬੀ. ਅਡਵਾਨੀ ਸਨ। ਪਿਛਲੀ ਸੜਕ ਤੇ ਅਰੋੜਬੰਸ਼ ਪ੍ਰੈਸ ਤੇ ‘ਪੈਸਾ’ ਅਖ਼ਬਾਰ ਦੇ ਦਫਤਰ ਸਨ। ਲਾਹੌਰੀ ਗੇਟ ਤੋਂ ਆਉਂਦੀ ਸੜਕ ਸਰਕੂਲਰ ਰੋਡ ਜਿਸ ‘ਚ ਆ ਕੇ ਗਣਪਤ ਰੋਡ ਵੀ ਮਿਲਦੀ ਸੀ ਤੇ ਮੋਹਨ ਲਾਲ ਰੋਡ ਵੀ, ਅੱਗੇ ਮੋਰੀ ਗੇਟ ਸੀ ਤੇ ਭਾਟੀ ਗੇਟ ਤੋਂ ਹੁੰਦੀ ਹੋਈ ਹੋਰ ਅੱਗੇ ਵਧਦੀ ਤਾਂ ਪ੍ਰਸਿੱਧ ਸੂਫੀ ਸੰਤ ਦਾਤਾ ਗੰਜਰਬਖ਼ਸ਼ ਆਉਂਦਾ ਜੋ ਮੁਸਲਮਾਨਾਂ ਦਾ ਪਵਿੱਤਰ ਸਥਾਨ ਸੀ ਜਿਥੇ ਹਮੇਸ਼ਾ ਭੀੜ ਹੀ ਲੱਗੀ ਰਹਿੰਦੀ। ਅੱਗੇ ਚੱਲ ਕੇ ਆਰੀਆ ਸਮਾਜੀਆਂ ਦਾ ਪ੍ਰਸਿੱਧ ਸਥਾਨ ਗੁਰੂਦੱਤ ਭਵਨ ਸੀ ਜਿਥੇ ਆਰੀਆ ਉਪਦੇਸ਼ਕ ਮਹਾਵਿਦਿਆਲਿਆ ਸੀ ਤੇ ਖੇਡਣ ਦੇ ਦੋ ਬਹੁਤ ਵੱਡੇ-ਵੱਡੇ ਮੈਦਾਨ। ਇਹੀ ਵੱਡੀ ਸੜਕ ਰਾਵੀ ਰੋਡ ਕਹਾਉਂਦੀ ਸੀ ਕਿਉਂਕਿ ਇਹ ਅਖੀਰ ‘ਚ ਰਾਵੀ ਨਦੀ ਤੱਕ ਪਹੁੰਚ ਕੇ ਲਾਹੌਰ ਦੀ ਸੀਮਾ ਤੈਅ ਕਰ ਦਿੰਦੀ ਸੀ।
ਅਨਾਰਕਲੀ ਦੇ ਸ਼ੁਰੂ ‘ਚ ਹੀ ਸਾਹਮਣੇ ਲਾਹੌਰੀ ਗੇਟ ਦਾ ਚੌਕ ਸੀ ਜੋ ਉਸ ਵੇਲੇ ਬਹੁਤ ਪ੍ਰਸਿੱਧ ਸੀ। ਇਕ ਪਾਸੇ ਤਾਂਗਿਆਂ ਦਾ ਅੱਡਾ ਸੀ ਜਿਥੋਂ ਤਾਂਗਿਆਂ ਵਾਲੇ ਸੁਆਰੀਆਂ ਨੇ ਉਨ੍ਹਾਂ ਨੂੰ ਲਾਹੌਰ ਦੇ ਰੇਲਵੇ ਸਟੇਸ਼ਨ ਤੱਕ ਛੱਡਣ ਲੈ ਜਾਂਦੇ ਸਨ। ਕਦੇ-ਕਦੇ ਕੋਈ ਪੁਰਾਣੀ ਮੋਟਰ ਵੀ ਸੁਆਰੀਆਂ ਦੇ ਹਿਸਾਬ ਨਾਲ ਲੋਕਾਂ ਨੂੰ ਸਟੇਸ਼ਨ ਲੈ ਜਾਂਦੀ ਸੀ। ਇਨ੍ਹਾਂ ਮੋਟਰਾਂ ਦੇ ਬਾਹਰਲੇ ਪਾਸੇ ਫੁਟਪਾਥ ਵੀ ਬਣੇ ਹੋਏ ਹੁੰਦੇ ਸਨ ਤੇ ਲੋਕ ਉਨ੍ਹਾਂ ਉੱਪਰ ਖੜ੍ਹ ਕੇ ਆਪੋ ਆਪਣੇ ਮੁਕਾਮਾਂ ‘ਤੇ ਪਹੁੰਚ ਜਾਂਦੇ ਸਨ। ਉਨ੍ਹਾਂ ਦਿਨਾਂ ‘ਚ ਉਥੋਂ ਸਟੇਸ਼ਨ ਤੱਕ ਜਾਣ ਦੇ ਸਿਰਫ ਦੋ ਆਨੇ ਕਿਰਾਇਆ ਲੱਗਦਾ ਸੀ। ਤਾਂਗੇ ਤੇ ਇਕ ਆਨਾ ਲੱਗਦਾ ਪਰ ਮੋਟਰ ਗੱਡੀ ‘ਚ ਜਾਣ ਦਾ ਤਾਂ ਮਜ਼ਾ ਹੀ ਕੁਝ ਹੋਰ ਹੁੰਦਾ। ਹੋਰ ਵੀ ਦਿਲਚਸਪ ਗੱਲ ਸੀ ਕਿ ਇਹ ਲੋਕ ਅੱਡੇ ‘ਤੇ ਖੜ੍ਹੇ ਹੋ ਕੇ ਜ਼ੋਰ-ਜ਼ੋਰ ਦੀ ਆਵਾਜ਼ਾਂ ਦੇ ਕੇ ਸੁਆਰੀਆਂ ਆਪਣੇ ਵਲ ਕੀਲਦੇ ਸਨ। ਇਨ੍ਹਾਂ ਉੱਚੀਆਂ ਆਵਾਜਾਂ ਨੂੰ ਹੋਕਾ ਲਗਾਉਣਾ ਆਖਦੇ ਸਨ। ਮੋਟਰਾਂ ਵਾਲੇ ਆਪਣੀ ਮੋਟਰ ‘ਤੇ ਲੱਗਾ ਰਬੜ ਦਾ ਭੋਂਪੂ ਵਜਾ ਕੇ ਲੋਕਾਂ ਦਾ ਧਿਆਨ ਖਿੱਚਦੇ। ਅੱਡੇ ਦਾ ਇਹ ਸ਼ੋਰਦਾਰ ਨਜ਼ਾਰਾ ਚੇਤੇ ਰੱਖਣ ਵਾਲਾ ਸੀ।
ਚੌਕ ‘ਚ ਅੱਡੇ ਦੇ ਸਾਹਮਣੇ ਹੀ ਪੰਜਾਬ ਦੇ ਮਸ਼ਹੂਰ ਵੈਦ ਕਵੀਰਾਜ ਦਾ ਦਫਤਰ ਸੀ। ਉਨ੍ਹਾਂ ਦੇ ਵੱਡੇ-ਵੱਡੇ ਇਸ਼ਤਿਹਾਰੀ ਫੱਟੇ ਥਾਂ-ਥਾਂ ਲੱਗੇ ਹੁੰਦੇ। ਇਸੇ ਸਰਕੂਲਰ ਰੋਡ ਦੇ ਕਿਨਾਰੇ ਅਨਾਰਕਲੀ ਸ਼ੁਰੂ ਹੋਣ ਤੋਂ ਪਹਿਲਾਂ ਇਕ ਪਾਸੇ ਉਰਦੂ ਦੀਆਂ ਕਿਤਾਬਾਂ ਤੇ ਰਸਾਲਿਆਂ ਦੀ ਦੁਕਾਨ ਸੀ ਜੋ ਫ਼ਜ਼ਲ ਦੀ ਦੁਕਾਨ ਦੇ ਨਾਂ ਨਾਲ ਮਸ਼ਹੂਰ ਸੀ ਤੇ ਦੂਜੇ ਪਾਸੇ ਤੁਲੀ ਹੋਈ ਮੱਛੀ ਵੇਚਣ ਵਾਲੇ ਚਮਨ ਲਾਲ ਦੀ ਦੁਕਾਨ ਸੀ ਜਿਸ ਦੀ ਤੇਜ਼ ਮਹਿਕ ਆਸੇ ਪਾਸੇ ਖਿਲਰੀ ਰਹਿੰਦੀ ਸੀ।
ਇਹ ਮੱਛੀ ਵਾਲਾ ਚਮਨ ਲਾਲ ਸ਼ਾਇਰ ਵੀ ਸੀ ਤੇ ਆਪਣੀ ਪੁਸਤਕ ‘ਮਾਂ ਦਾ ਦਿਲ’ ਵਿਚੋਂ ਆਪਣੀਆਂ ਕਵਿਤਾਵਾਂ ਕਵੀ ਦਰਬਾਰਾਂ ‘ਚ ਸੁਣਾਇਆ ਕਰਦਾ ਸੀ। ਜਦ ਉਹ ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਾ ਤਾਂ ਉਹਦੇ ਅੰਦਰ ਇੱਕ ਅਜੀਬ ਜੋਸ਼ ਹੁੰਦਾ। ਇਨ੍ਹਾਂ ਕਵਿਤਾਵਾਂ ‘ਚ ਇਕ ਕਵਿਤਾ ਐਸੀ ਸੀ ਜਿਸ ‘ਚ ਇਕ ਵਿਅਕਤੀ ਦੀ ਪ੍ਰੇਮਿਕਾ ਨੇ ਉਸ ਨੂੰ ਆਪਣੇ ਪ੍ਰੇਮ ‘ਚ ਅੰਨ੍ਹੇ ਹੋਏ ਦੇਖ ਆਪਣੀ ਮਾਂ ਦਾ ਦਿਲ ਕੱਢ ਕੇ ਲਿਆਉਣ ਲਈ ਫਰਮਾਇਸ਼ ਕੀਤੀ ਤੇ ਕਿਹਾ ਕਿ ਜੇ ਤੂੰ ਮੈਨੂੰ ਸੱਚਾ ਪ੍ਰੇਮ ਕਰਦਾ ਹੈ ਤਾਂ ਅੱਜ ਆਪਣੀ ਮਾਂ ਦਾ ਦਿਲ ਕੱਢ ਕੇ ਮੇਰੇ ਕੋਲ ਲਿਆ, ਫਿਰ ਮੈਂ ਤੈਨੂੰ ਢੇਰ ਸਾਰਾ ਪਿਆਰ ਕਰਾਂਗੀ ਤੇ ਤੈਨੂੰ ਸੱਚਾ ਪ੍ਰੇਮੀ ਮੰਨਾਂਗੀ। ਉਹ ਵਿਅਕਤੀ ਉਸ ਪ੍ਰੇਮਿਕਾ ਤੋਂ ਬਿਨਾ ਨਹੀਂ ਸੀ ਰਹਿ ਸਕਦਾ। ਸੋ, ਇਸੇ ਫ਼ਤੂਰ ‘ਚ ਉਹ ਭੱਜਾ-ਭੱਜਾ ਘਰ ਗਿਆ ਤੇ ਆਪਣੀ ਸੁੱਤੀ ਹੋਈ ਮਾਂ ਦੇ ਸੀਨੇ ‘ਚ ਛੁਰੇ ਨਾਲ ਵਾਰ ਕਰ ਉਹਦਾ ਕਲੇਜਾ ਕੱਢ ਵਾਪਸ ਆਪਣੀ ਪ੍ਰੇਮਿਕਾ ਕੋਲ ਜਾਣ ਲਈ ਭੱਜ ਪਿਆ। ਉਹ ਪ੍ਰੇਮਿਕਾ ਦੇ ਪਿਆਰ ‘ਚ ਅੰਨ੍ਹਾ ਸੀ। ਉਸ ਨੂੰ ਹੋਰ ਕੁਝ ਵੀ ਨਹੀਂ ਸੀ ਦਿਸ ਰਿਹਾ। ਬੱਸ ਪ੍ਰੇਮਿਕਾ ਤੇ ਇਕੋ ਪ੍ਰੇਮਿਕਾ। ਤੇ ਉਹ ਰਾਹ ‘ਚ ਪਏ ਇਕ ਪੱਥਰ ਨਾਲ ਠੁੱਡਾ ਖਾ ਕੇ ਧੜੱਮ ਡਿੱਗ ਪਿਆ। ਮਾਂ ਦਾ ਕਲੇਜਾ ਇਕ ਪਾਸੇ ਤੇ ਉਹ ਇਕ ਪਾਸੇ। ਫਿਰ ਵੀ ਮਾਂ ਦੇ ਕਲੇਜੇ ‘ਚੋਂ ਆਵਾਜ਼ ਆਈ, “ਪੁੱਤ ਤੈਨੂੰ ਕਿਤੇ ਸੱਟ ਤਾਂ ਨਹੀਂ ਲੱਗੀ?”
ਮਾਂ ਦੇ ਇਸ ਪਿਆਰ ਦੀ ਗਾਥਾ ਸੁਣ ਸਭ ਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਤੇ ਹਾਲ ‘ਚ ਖਾਮੋਸ਼ੀ ਭਰਿਆ ਸੰਨਾਟਾ ਹੁੰਦਾ। ਮਾਹੌਲ ਗ਼ਮਗੀਨ ਹੋ ਜਾਂਦਾ ਤੇ ਲੋਕ ਆਪਣੇ ਆਪਣੇ ਅਤੀਤ ‘ਚ ਗੁਆਚ ਜਾਂਦੇ। ਆਪੋ-ਆਪਣੀ ਮਾਂ ਦੀ ਮਮਤਾ ਦੇ ਮੋਹ ਭਰੇ ਪਲਾਂ ‘ਚ ਪਹੁੰਚ ਜਾਂਦੇ।
ਮਾਂ ਦੇ ਮੋਹ ਦੀ ਤਾਂ ਇਹ ਕੇਵਲ ਇਕ ਮਿਸਾਲ ਹੈ ਪਰ ਇਤਿਹਾਸ ਅਜਿਹੀਆਂ ਮਿਸਾਲਾਂ ਨਾਲ ਭਰਿਆ ਪਿਆ। ਫਰੋਲਣ ਵਾਲੀ ਅੱਖ ਚਾਹੀਦੀ ਹੈ। ਸੰਸਕ੍ਰਿਤ ਦੇ ਗ੍ਰੰਥਾਂ ‘ਚ ਅਨੇਕ ਕਹਾਣੀਆਂ ਪਈਆਂ ਹਨ। ਵਿਚਕਾਰਲੇ ਤੇ ਅਧੁਨਿਕ ਸਮਿਆਂ ‘ਚ ਵੀ ਮਾਂ ਦੇ ਪਿਆਰ ਦੀਆਂ ਗਾਥਾਵਾਂ ਭਰੀਆਂ ਪਈਆਂ ਹਨ। ਆਪੋ-ਆਪਣੇ ਪੁੱਤਰਾਂ ਨੂੰ ਸੂਰਵੀਰ ਬਣਾਉਣ ਵਿਚ ਮਾਵਾਂ ਦਾ ਬਹੁਤ ਯੋਗਦਾਨ ਰਿਹਾ। ਇਤਿਹਾਸ ਇਹ ਸਾਨੂੰ ਦੱਸਦਾ ਹੈ। (ਚੱਲਦਾ)