ਘੂਰ ਵਿਚਲੇ ਜਿ਼ੰਦਗੀ ਦੇ ਨਕਸ਼

ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਡਾ. ਗੁਰਬਖਸ਼ ਸਿੰਘ ਭੰਡਾਲ ਫਿਜਿ਼ਕਸ ਦੇ ਅਧਿਆਪਕ ਹਨ ਪਰ ਉਨ੍ਹਾਂ ਦੀਆਂ ਲਿਖਤਾਂ ਵਿਚ ਫਿਜਿ਼ਕਸ ਵਰਗੀ ਖੁਸ਼ਕੀ ਨਹੀਂ ਸਗੋਂ ਕਾਵਿਕ ਰਵਾਨੀ ਹੁੰਦੀ ਹੈ। ਉਹ ਜ਼ਿੰਦਗੀ ਦੇ ਸੱਚ ਦੀਆਂ ਗੱਲਾਂ ਇੰਨੇ ਸਹਿਜ ਭਾਅ ਕਰੀ ਜਾਂਦੇ ਹਨ, ਜਿਵੇਂ ਕੋਈ ਬੜਾ ਸਿਆਣਾ ਬਜ਼ੁਰਗ ਅਗਲੀ ਪੀੜ੍ਹੀ ਨੂੰ ਜ਼ਿੰਦਗੀ ਦੇ ਸੱਚ ਸੁਣਾ ਰਿਹਾ ਹੋਵੇ। ਉਹ ਅਸਲ ਵਿਚ ਕਾਵਿਕ ਵਾਰਤਕ ਦੇ ਸ਼ਾਹ-ਅਸਵਾਰ ਹਨ, ਜਿਨ੍ਹਾਂ ਦੀਆਂ ਲਿਖਤਾਂ ਜ਼ਿੰਦਗੀ ਦੇ ਸਰੋਕਾਰਾਂ ਨਾਲ ਸੰਵਾਦ ਰਚਾਉਂਦੀਆਂ ਹਨ, ਜੋ ਅੰਤਰੀਵੀ ਨਾਦ ਬਣ ਕੇ ਉਨ੍ਹਾਂ ਦੀ ਕਿਰਤ ਵਿਚ ਫੈਲਦਾ ਹੈ।

ਉਹ ਉਨ੍ਹਾਂ ਵਿਸ਼ਿਆਂ ਦੀਆਂ ਪਰਤਾਂ ਫਰੋਲਦੇ ਹਨ ਜਿਨ੍ਹਾਂ ਬਾਰੇ ਬਹੁਤ ਘੱਟ ਲਿਖਿਆ ਗਿਆ ਹੈ। ਇਸ ਲੇਖ ਵਿਚ ਉਨ੍ਹਾਂ ਨੇ ਘੂਰ ਪਿਛਲੇ ਆਪਣੇਪਣ ਦਾ ਜਿ਼ਕਰ ਕੀਤਾ ਹੈ, ਕਿਉਂਕਿ ਘੂਰਿਆ ਸਿਰਫ ਆਪਣਿਆਂ ਨੂੰ ਹੀ ਜਾ ਸਕਦਾ ਹੈ। ਉਨ੍ਹਾਂ ਨੇ ਘੂਰ ਨੂੰ ਅਣਮੁੱਲੀ ਦਾਤ ਦੱਸਿਆ ਹੈ, ਜੋ ਸਾਰਿਆਂ ਦੇ ਹਿੱਸੇ ਨਹੀਂ ਆਉਂਦੀ। ਘੂਰ ਹੀ ਹੁੰਦੀ ਹੈ, ਜੋ ਬੱਚਿਆਂ ਨੂੰ ਸਹੀ ਰਾਹ ਪਾਉਂਦੀ ਹੈ। ਮਾਪਿਆਂ, ਭੈਣ-ਭਰਾਵਾਂ, ਬਜ਼ੁਰਗਾਂ, ਅਧਿਆਪਕਾਂ ਦੀ ਘੂਰ ਹੀ ਸਾਨੂੰ ਸੁਧਾਰ ਸਕਦੀ ਹੈ ਤੇ ਜਿ਼ੰਦਗੀ ਦਾ ਰੌਸ਼ਨ ਪੱਖ ਦਿਖਾ ਸਕਦੀ ਹੈ।
ਘੂਰ, ਕਿਸੇ ਨੂੰ ਸਹਿਜ ਨਾਲ ਮਾੜੀ ਸੰਗਤ ਤੋਂ ਵਰਜਣਾ। ਓਬੜ ਰਾਹਾਂ ਵੱਲ ਜਾਂਦੇ ਕਦਮਾਂ ਨੂੰ ਰੁਕ ਜਾਣ ਲਈ ਕਹਿਣਾ। ਅਛੋਪਲੇ ਜਹੇ ਕੁਸੰਗਤ ਵਿਚ ਸ਼ਾਮਲ ਹੋ ਰਹੇ ਨੌਜਵਾਨ ਲਈ ਕੰਧ ਬਣਨਾ ਜਾਂ ਸੁਪਨਿਆਂ ਦੀ ਤਿੜਕਣ ਵਿਚ ਗਵਾਚੇ ਕਿਸੇ ਨੂੰ ਇਸ ਤਿੜਕਣ ਨੂੰ ਆਪਣੀ ਤਾਕਤ ਬਣਾਉਣ ਲਈ ਉਤੇਜਿਤ ਕਰਨਾ।
ਘੂਰ, ਕਿਸੇ ਦੀ ਨਾਕਾਮੀ ਨੂੰ ਕਾਮਯਾਬੀ ਵਿਚ ਬਦਲਣ ਦਾ ਸਬੱਬ। ਗਿਆਨ-ਤਾਂਘ ਵਿਚ ਪੈਦਾ ਹੋਈ ਕਿਸੇ ਦੀ ਘਾਟ ਨੂੰ ਪੂਰਾ ਕਰਨ ਲਈ ਹੰਭਲਾ ਮਾਰਨ ਦਾ ਸਬੱਬ ਜਾਂ ਕਿਰਤ ਤੋਂ ਪਾਸੇ ਵੱਟਣ ਵਾਲੇ ਨੂੰ ਕਿਰਤ-ਕਰਮਯੋਗਤਾ ਕਮਾਉਣ ਅਤੇ ਜਿ਼ੰਦਗੀ ਨੂੰ ਕਰਮਯੋਗੀ ਬਣਾਉਣ ਵਾਲੀ ਸੁਮੱਤ ਵੀ ਹੁੰਦੀ। ਘੂਰ, ਸਿਰਫ਼ ਸਤਹੀ ਰੂਪ ਵਿਚ ਘੂਰ ਜਾਪਦੀ। ਪਰ ਇਹ ਘੂਰ ਨਹੀਂ ਹੁੰਦੀ ਸਗੋਂ ਇਸਦੀ ਤਹਿ ਵਿਚ ਬਹੁਤ ਕੁਝ ਛੁਪਿਆ ਹੁੰਦਾ। ਇਹ ਕਿਸੇ ਵਿਅਕਤੀ ਨੂੰ ਇਨਸਾਨੀਅਤ ਦਾ ਮਾਰਗੀ ਬਣਾਉਂਦੀ, ਉਸ ਦੀਆਂ ਭਾਵਨਾਵਾਂ ਨੂੰ ਉਸਾਰੂ ਪਾਸੇ ਲਾਉਂਦੀ। ਉਸਦੀ ਨਿਰਾਸ਼ਾ ਨੂੰ ਆਸ ਦਾ ਧੀਰਜ ਬੰਨ੍ਹਾਉਂਦੀ, ਉਸਨੂੰ ਉਦਾਸੀ ਦੇ ਆਲਮ ਵਿਚੋਂ ਬਾਹਰ ਕੱਢਦੀ। ਉਸਦੀ ਸੱਖਣੀ ਝੋਲੀ ਵਿਚ ਅਜੇਹਾ ਗਿਆਨ ਵੀ ਧਰ ਜਾਂਦੀ ਜਿਹੜਾ ਹੋਰ ਕਿਧਰੋਂ ਨਹੀਂ ਥਿਆਉਂਦਾ।
ਘੂਰ ਬਹੁਤ ਵਿਰਲਿਆਂ ਦੇ ਹਿੱਸੇ ਆਉਂਦੀ। ਬਹੁਤ ਵਿਰਲੇ ਹੁੰਦੇ ਜੋ ਕਿਸੇ ਘੂਰ ਨੂੰ ਸਾਰਥਿਕ ਰੂਪ ਵਿਚ ਸਮਝਦੇ। ਇਸਦੇ ਉਸਾਰੂ ਗੁਣਾਂ ਰਾਹੀਂ ਖੁਦ ਨੂੰ ਪਰਿਵਰਤਿਤ ਕਰਦੇ। ਉਨ੍ਹਾਂ ਦਾ ਉਹ ਰੂਪ ਉਜਾਗਰ ਹੋਣ ਲੱਗਦਾ ਜਿਸ ਤੋਂ ਹੁਣ ਤੀਕ ਉਹ ਖੁਦ ਵੀ ਅਵੇਸਲੇ ਸਨ। ਜੱਗ ਵੀ ਨਹੀਂ ਸੀ ਜਾਣਦਾ ਕਿ ਇਸ ਦਾ ਇਹ ਵੀ ਰੂਪ-ਅਵਤਾਰ ਹੋ ਸਕਦਾ। ਘੂਰ ਨੂੰ ਸ਼ਾਬਦਿਕ ਅਰਥਾਂ ਵਿਚ ਸਮਝਣ ਵਾਲੇ ਬਹੁਤ ਵੱਡੀ ਕੁਤਾਹੀ ਦੇ ਕਰਨਹਾਰੇ। ਦਰਅਸਲ ਘੂਰ ਕਿਸੇ ਲਈ ਸ਼ੁੱਭ-ਭਾਵਨਾ ਵਿਚੋਂ ਪੈਦਾ ਹੋਈ ਚੇਤਨਾ ਜਿਹੜੀ ਚਿੰਤਨ ਬਣ ਕੇ ਕਿਸੇ ਦੀਆਂ ਰਾਹਾਂ ਰੁਸ਼ਨਾ ਸਕਦੀ। ਘੂਰ ਤੋਂ ਮਹਿਰੂਮ ਰਹਿਣ ਵਾਲੇ ਲੋਕ ਕਈ ਵਾਰ ਗੁਨਾਹਾਂ ਦੀ ਦਲਦਲ ਵਿਚ ਅਜੇਹੇ ਫਸਦੇ ਕਿ ਉਨ੍ਹਾਂ ਲਈ ਜਿ਼ੰਦਗੀ ਦੇ ਸਾਰੇ ਰਾਹ ਹੀ ਬੰਦ ਹੋ ਜਾਂਦੇ।
ਵੱਡੇ ਘਰਾਂ ਦੇ ਵਿਗੜੇ ਹੋਏ ਬੱਚੇ ਦਰਅਸਲ ਘੂਰ ਤੋਂ ਵਿਰਵੇ ਰਹਿ ਕੇ ਆਪਣੀ ਜਿ਼ੰਦਗੀ ਨੂੰ ਜਹੱਨੁਮ ਬਣਾਉਂਦੇ। ਸਵਰਗ ਵਿਚ ਵੱਸਦੇ ਘਰ ਨੂੰ ਵੀ ਨਰਕ ਦਾ ਨਾਮ ਦੇ ਦਿੰਦੇ। ਨਸਿ਼ਆਂ ਵਿਚ ਗਰਕ ਰਹੀ ਪੀੜ੍ਹੀ ਜੀਵਨ ਦੇ ਮਕਸਦ ਭੁੱਲ ਚੁੱਕੀ ਹੈ। ਐਸ਼ੋ-ਇਸ਼ਰਤ ਵਿਚੋਂ ਹੀ ਜੀਵਨ ਦੇ ਰੰਗਾਂ ਨੂੰ ਕਿਆਸਣ ਵਾਲੇ ਇਨ੍ਹਾਂ ਨੌਜਵਾਨਾਂ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਸਮਾਜ ਦਾ ਕਿਹੋ ਜਿਹਾ ਅੰਗ ਬਣਨਗੇ ਜਾਂ ਸਮਾਜ ਨੂੰ ਉਨ੍ਹਾਂ ਤੋਂ ਕੀ ਆਸਾਂ ਹਨ ਅਤੇ ਉਹ ਸਮਾਜ ਨੂੰ ਕਿਹੜੀ ਸੇਧ ਦੇਣਗੇ? ਇਨ੍ਹਾਂ ਵਿਚੋਂ ਹੀ ਭਵਿੱਖੀ ਸਮਾਜ ਦੇ ਚਿੰਨ੍ਹ ਸਪੱਸ਼ਟ ਹੋ ਰਹੇ ਹਨ।
ਕਿਸੇ ਨੂੰ ਹਰ ਵੇਲੇ ਨਹੀਂ ਘੂਰਿਆ ਜਾਂਦਾ। ਕਦੇ ਕਦਾਈਂ ਘੂਰਨਾ, ਉਨ੍ਹਾਂ ਦੇ ਮਨਾਂ ਵਿਚ ਇਹ ਯਾਦ ਵੀ ਕਰਵਾਉਂਦਾ ਕਿ ਕੁਝ ਤਾਂ ਗਲਤ ਹੋ ਰਿਹਾ ਜਿਸ ਕਰਕੇ ਘੂਰ ਮਿਲੀ। ਘੂਰ ਕਿਸੇ ਸਿੱਖ-ਮੱਤ ਦਾ ਪੈਗ਼ਾਮ ਹੈ ਕਿ ਕਿਤੇ ਅਜੇਹਾ ਕਰਦਿਆਂ ਪੈਰ, ਸੋਚ ਜਾਂ ਨਜ਼ਰੀਆ ਨਾ ਤਿਲਕ ਜਾਵੇ। ਘੂਰ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਹ ਸਮਝਿਆ ਜਾਵੇ ਕਿ ਘੂਰਨ ਵਾਲੇ ਦੇ ਮੇਰੇ ਨਾਲ ਕੀ ਸਬੰਧ ਨੇ? ਉਹ ਕਿਉਂ ਘੂਰ ਰਿਹਾ ਏ? ਇਸ ਘੂਰ ਦੇ ਮੇਰੇ ਲਈ ਕੀ ਅਰਥ ਨੇ? ਘੂਰਨ ਵਾਲੇ ਦਾ ਕੀ ਮੁਫ਼ਾਦ ਹੋ ਸਕਦਾ? ਯਾਦ ਰੱਖਣਾ! ਹਰ ਕੋਈ ਨਹੀਂ ਕਿਸੇ ਨੂੰ ਘੂਰ ਸਕਦਾ। ਸਿਰਫ਼ ਉਹੀ ਵਿਅਕਤੀ ਕਿਸੇ ਨੂੰ ਘੂਰ ਸਕਦਾ ਜਿਹੜਾ ਉਸ ਪ੍ਰਤੀ ਫਿ਼ਕਰਮੰਦ ਹੋਵੇ। ਉਸਦੇ ਨਫ਼ੇ-ਨੁਕਸਾਨ ਲਈ ਚਿੰਤਾਤੁਰ ਹੋਵੇ। ਉਸਦੀ ਵਿਅਕਤੀਤਵ ਨੂੰ ਨਿਖ਼ਾਰਨ ਲਈ ਚਿੰਤਤ ਹੋਵੇ ਅਤੇ ਸਰਬੱਤ ਦੇ ਭਲੇ ਨੂੰ ਪਰਮ ਧਰਮ ਮੰਨਦਾ ਹੋਵੇ।
ਘੂਰ ਸਿਰਫ਼ ਆਪਣੇ ਸਕਦੇ। ਜਿਸ ਨਾਲ ਖੂਨ ਦਾ ਰਿਸ਼ਤਾ ਹੋਵੇ, ਜਿਸ ਨਾਲ ਸੁਪਨਿਆਂ ਦੀ ਸਾਂਝ ਹੋਵੇ, ਰੂਹ ਦੀ ਨੇੜਤਾ ਹੋਵੇ, ਜਿਹੜਾ ਅੱਤ-ਕਰੀਬੀ ਹੋਵੇ, ਜਿਸਦੀਆਂ ਭਾਵਨਾਵਾਂ ਨੂੰ ਤੁਸੀਂ ਸਮਝਦੇ ਹੋਵੋ ਅਤੇ ਉਸਦੇ ਮਨ ਵਿਚ ਸੁਨਹਿਰੀ ਤੇ ਸੰਦਲੀ ਜਿ਼ੰਦਗੀ ਦਾ ਸੰਕਲਪ ਹੋਵੇ। ਸਿਰਫ਼ ਅਸੀਂ ਉਸਨੂੰ ਹੀ ਘੂਰ ਸਕਦੇ, ਜਿਹੜਾ ਘੂਰ ਨੂੰ ਮੰਨਦਾ ਵੀ ਹੋਵੇ। ਘੂਰ ਤਾਂ ਬੇਅਰਥ ਅਤੇ ਬੇਅਸਰ ਹੋ ਜਾਂਦੀ ਜਦ ਘੂਰ ਨੂੰ ਕੋਈ ਨਾ ਮੰਨੇ। ਫਿਰ ਸਮਝ ਲੈਣਾ ਚਾਹੀਦਾ ਕਿ ਜਾਂ ਤਾਂ ਘੂਰਨ ਵਾਲੇ ਨਾਲ ਤੁਹਾਡਾ ਕੋਈ ਸੰਬੰਧ ਨਹੀਂ ਜਾਂ ਤੁਹਾਡੇ ਲਈ ਘੂਰਨ ਵਾਲਾ ਅਰਥਹੀਣ ਹੋ ਗਿਆ। ਹਰ ਵਿਅਕਤੀ ਘੂਰ ਮੰਨਣ ਲਈ ਤਿਆਰ ਨਹੀਂ ਹੁੰਦਾ। ਕੁਝ ਲੋਕ ਇਸਨੂੰ ਆਪਣੀ ਹੇਠੀ ਸਮਝਦੇ ਅਤੇ ਘੂਰਨ ਵਾਲਿਆਂ ਨੂੰ ਬੇਇਜ਼ਤ ਕਰਨ ਲੱਗਿਆਂ ਦੇਰ ਨਹੀਂ ਲਾਉਂਦੇ। ਕੁਝ ਲੋਕ ਘੂਰ ਨੂੰ ਨਿੱਜੀ ਜਿ਼ੰਦਗੀ ਵਿਚ ਦਖ਼ਲਅੰਦਾਜ਼ੀ ਮੰਨ ਕੇ ਇਸ ਤੋਂ ਮੁਨਕਰ ਹੋ ਜਾਂਦੇ। ਜਦ ਕਿ ਕੁਝ ਲੋਕ ਇਸਨੂੰ ਬੇਲੋੜਾ ਸਮਝ, ਆਪਣੀ ਜਿ਼ੰਦਗੀ ਨੂੰ ਆਪਣੇ ਹੀ ਰੰਗ ਵਿਚ ਜਿਊਣ ਲਈ ਹਮੇਸ਼ਾ ਬਜਿ਼ੱਦ। ਬੰਦੇ ਨੂੰ ਸਮਝ ਉਸ ਸਮੇਂ ਆਉਂਦੀ ਜਦ ਬਹੁਤ ਦੇਰ ਹੋ ਜਾਂਦੀ। ਫਿਰ ਵਾਪਸ ਮੁੜਨਾ ਬੰਦੇ ਦੇ ਹੱਥ-ਵੱਸ ਨਹੀਂ ਰਹਿੰਦਾ।
ਘੂਰਨ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਘੂਰਨ ਵਾਲੇ ਦੀ ਜਿ਼ੰਦਗੀ ਵਿਚ ਸੁੰਦਰਤਾ, ਸੁੱਚਮਤਾ, ਸਮਝਤਾ, ਸਹਿਜਤਾ ਅਤੇ ਸੁਹਜਤਾ ਦਾ ਵਾਸ ਹੋਵੇ। ਉਹ ਜਿ਼ੰਦਗੀ ਦੇ ਅਰਥਾਂ ਦਾ ਸੁਖਨਮਈ ਪ੍ਰਮਾਣ ਹੋਵੇ। ਉਸ ਨੇ ਜਿ਼ੰਦਗੀ ਦੇ ਨਕਸ਼ਾਂ ਦੀ ਕਲਾ-ਨਕਾਸ਼ੀ ਕੀਤੀ ਹੋਵੇ। ਉਸ ਨੇ ਸਮਾਜ ਨੂੰ ਆਪਣੀ ਅੱਖ ਦੇ ਉਸ ਸ਼ੀਸ਼ੇ ਰਾਹੀਂ ਦੇਖਿਆ ਹੋਵੇ ਜਿਸ ਵਿਚ ਪਾਰਦਰਸ਼ਤਾ ਅਤੇ ਪਾਰਖੂਪੁਣਾ ਹੋਵੇ। ਉਸਨੇ ਸੁਪਨੇ ਲਏ ਹੋਣ ਅਤੇ ਇਨ੍ਹਾਂ ਨੂੰ ਪੂਰਾ ਕੀਤਾ ਹੋਵੇ। ਉਸ ਨੇ ਨਵੀਆਂ ਮੰਜ਼ਲਾਂ ਦੀ ਨਿਸ਼ਾਨਦੇਹੀ ਕੀਤੀ ਹੋਵੇ ਅਤੇ ਇਸਦੇ ਦਿਸਹੱਦਿਆਂ ‘ਤੇ ਆਪਣੀ ਪਛਾਣ ਦਾ ਸਿਰਨਾਵਾਂ ਉਕਰਿਆ ਹੋਵੇ। ਜਿਸਦੇ ਬੋਲਾਂ ਵਿਚ ਵਜ਼ਨ ਹੋਵੇ, ਕਹਿਣੀ ਤੇ ਕਰਨੀ ਵਿਚ ਕੋਈ ਅੰਤਰ ਨਾ ਹੋਵੇ ਅਤੇ ਸਮੁੱਚੇ ਸਮਾਜ ਨੂੰ ਇੱਕਸਾਰ ਅਤੇ ਅਪਣੱਤ ਨਾਲ ਦੇਖਣ ਦਾ ਹੁਨਰ ਤੇ ਹਾਸਲ ਹੋਵੇ।
ਸਮਾਜ ਵਿਚ ਵਿਚਰਦਿਆਂ ਸਾਡੇ ਆਲੇ-ਦੁਆਲੇ, ਪਰਿਵਾਰਕ ਅਤੇ ਸਮਾਜ ਵਿਚ ਬਹੁਤ ਲੋਕ ਸਾਨੂੰ ਘੂਰ ਸਕਦੇ ਕਿਉਂਕਿ ਉਨ੍ਹਾਂ ਦੇ ਮਨਾਂ ਵਿਚ ਸਾਡੇ ਲਈ ਸੁ਼ੱਭ-ਚਿੰਤਨ ਹੁੰਦਾ। ਇਹ ਚੇਤਨਾ ਦਾ ਰੂਪ ਧਾਰ ਕੇ ਮਿੱਠੀ ਜਹੀ ਘੂਰ ਦਾ ਰੂਪ ਬਣਦਾ। ਇਸ ਘੂਰ ਨੂੰ ਕਿਸ ਰੂਪ ਤੇ ਕਿਸ ਸੰਦਰਭ ਵਿਚ ਲੈਣਾ ਅਤੇ ਇਸਦੇ ਅਰਥਾਂ ਨੂੰ ਕਿੰਝ ਸਮਝਣਾ, ਇਹ ਨਿਰੋਲ ਮਨੁੱਖ ‘ਤੇ ਨਿਰਭਰ।
ਸਭ ਤੋਂ ਮੁੱਢਲੀ ਅਤੇ ਅਜ਼ੀਮ ਹੁੰਦੀ ਹੈ ਮਾਂ ਦੀ ਘੂਰ ਜਿਸ ਵਿਚ ਪਿਆਰ ਵੀ ਹੁੰਦਾ, ਲਾਡ ਤੇ ਦੁਲਾਰ ਵੀ ਹੁੰਦਾ, ਚਿੰਤਾ ਤੇ ਚਾਹਨਾ ਵੀ ਹੁੰਦੀ ਅਤੇ ਬੱਚੇ ਵਿਚ ਪੈਦਾ ਹੋਣ ਵਾਲੇ ਨਿਖਾਰ ਦਾ ਵਿਚਾਰ ਵੀ ਹੁੰਦਾ। ਮਾਂ ਸਭ ਤੋਂ ਪਹਿਲੀ ਅਧਿਆਪਕ, ਨਿੱਕੀ-ਨਿੱਕੀ ਸਿਖਿਆ ਵੀ ਦਿੰਦੀ, ਘੂਰਦੀ ਵੀ ਕਿਉਂਕਿ ਉਹ ਚਾਹੁੰਦੀ ਕਿ ਉਸਦਾ ਬੱਚਾ ਵੱਡਾ ਹੋ ਕੇ
ਵਧੀਆ ਇਨਸਾਨ ਬਣੇ। ਉਚੇਰੀ ਪੜ੍ਹਾਈ ਕਰੇ। ਵੱਡੇ ਰੁਤਬੇ ‘ਤੇ ਪਹੁੰਚੇ। ਕੁਝ ਵਿਲੱਖਣ ਤੇ ਵਿਕਲੋਤਰਾ ਕਰੇ ਅਤੇ ਸਮਾਜ ਵਿਚ ਆਪਣੇ ਪਰਿਵਾਰ ਦਾ ਨਾਮ ਉੱਚਾ ਕਰੇ। ਇਹ ਮਾਂ ਦੀ ਨਿਰੰਤਰ ਘੂਰ ਹੀ ਹੁੰਦੀ ਜੋ ਬੱਚੇ ਨੂੰ ਸਮੇਂ ਸਿਰ ਖਾਣਾ, ਸੌਣਾ, ਜਾਗਣਾ, ਪੜ੍ਹਨਾ, ਸਤਿਕਾਰ ਕਰਨਾ ਅਤੇ ਮਿਲ ਕੇ ਰਹਿਣ ਦਾ ਗੁਰ ਸਿਖਾਉਂਦੀ। ਇਸ ਨਾਲ ਅਜੇਹੀ ਸ਼ਖ਼ਸੀਅਤ ਤਾਮੀਰ ਹੁੰਦੀ ਜਿਸਦੀ ਬੱਚੇ ਦੇ ਜਨਮ ਸਮੇਂ ਹੀ ਮਾਂ ਨੇ ਕਲਪਨਾ ਕੀਤੀ ਹੁੰਦੀ।
ਇਹ ਮਾਂ ਹੀ ਹੁੰਦੀ ਜਿਹੜੀ ਘਤਿੱਤਾਂ ਕਰਨ ਤੋਂ ਵਰਜਦੀ। ਇਸਦੀ ਘੂਰ ਵਿਚ ਮਿਲੀ ਹੁੰਦੀ ਹੈ ਅਪਣੱਤ, ਗੁੱਸਾ ਅਤੇ ਮੋਹ ਦਾ ਮੂਲਮੰਤਰ ਜਿਸਨੇ ਬੱਚੇ ਨੂੰ ਵਿਗਾੜਾਂ ਤੋਂ ਬਚਾਉਣਾ ਹੁੰਦਾ ਅਤੇ ਸਿੱਧੇ ਰਾਹ ਪਾਉਣਾ ਹੁੰਦਾ। ਮਾਂ ਹੀ ਸੁਪਨੇ ਦਿੰਦੀ ਅਤੇ ਇਨ੍ਹਾਂ ਸੁਪਨਿਆਂ ਦੀ ਪੂਰਨਤਾ ਜਦ ਲਾਡਲੇ ਦੇ ਨੈਣਾਂ ਵਿਚ ਦੇਖਦੀ ਤਾਂ ਮਾਂ ਨਿਹਾਲ ਹੋ ਜਾਂਦੀ। ਉਸਨੂੰ ਜਾਪਦਾ ਕਿ ਉਸਦੀ ਮਿਹਨਤ ਨੂੰ ਭਾਗ ਲੱਗੇ ਹਨ। ਬਾਪ ਦੀ ਘੂਰ ਵਿਚ ਬੱਚਿਆਂ ਲਈ ਓਪਰੇ ਰੂਪ ਵਿਚ ਭਾਵੇਂ ਬਹੁਤ ਗੁੱਸਾ ਹੋਵੇ। ਉਸਦੀ ਝਿੜਕ ਵਿਚ ਰੋਹ ਹੋਵੇ। ਉਸਦੀ ਕੈਰੀ ਅੱਖ ਵਿਚ ਬੱਚਿਆਂ ਲਈ ਵਰਜਣਾ ਹੋਵੇ ਪਰ ਇਹ ਬਾਪ ਹੀ ਹੁੰਦਾ ਜੋ ਤਿੱਖੜ-ਦੁਪਹਿਰਾਂ ਵਰਗੇ ਜੀਵਨੀ ਪਲਾਂ ਵਿਚ ਬੱਚਿਆਂ ਲਈ ਸਿਰ ਦੇ ਪਰਨੇ ਦੀ ਛਾਂ ਕਰਨ ਤੋਂ ਵੀ ਨਹੀਂ ਹਿਚਕਦਾ। ਉਹ ਆਪਣੇ ਖਾਲੀ ਬੋਝੇ ਵਿਚੋਂ ਵੀ ਬੱਚਿਆਂ ਦੀ ਹਰ ਲੋੜ ਦੀ ਪੂਰਤੀ ਕਰਦਾ। ਉਹ ਨੰਗੇ ਪਿੰਡੇ ਰਹਿੰਦਿਆਂ ਵੀ ਬੱਚਿਆਂ ਦਾ ਤਨ ਢੱਕਦਾ। ਖੁਦ ਬਰਾਂਡੇ ਵਿਚ ਸੁੱਤਾ ਵੀ ਛੱਤ ਹੇਠ ਸੌਂ ਰਹੇ ਬੱਚਿਆਂ ਨੂੰ ਨਿਹਾਰ ਕੇ ਸ਼ੁਕਰ ਮਨਾਉਂਦਾ। ਨੰਗੇ ਪੈਰੀਂ ਤੇ ਘੱਟੇ-ਮਿੱਟੀ ਵਿਚ ਲਿਬੜੇ ਪੈਰੀਂ ਵੀ ਬੱਚਿਆਂ ਦੇ ਪੈਰਾਂ ਵਿਚ ਲਿਸ਼ਕਦੇ ਬੂਟ ਦੇਖ ਕੇ ਖੁਸ਼ ਹੁੰਦਾ। ਉਸ ਲਈ ਬੱਚੇ ਹੀ ਉਸਦਾ ਜਹਾਨ। ਉਨ੍ਹਾਂ ਦੇ ਵਿਕਾਸ ਅਤੇ ਤਰੱਕੀ ਲਈ ਭੁੱਖਾ ਰਹਿ ਕੇ ਮਿਹਨਤ-ਮਜ਼ਦੂਰੀ ਕਰਨ ਤੋਂ ਕਦੇ ਟਾਲਾ ਨਹੀਂ ਵੱਟਦਾ। ਬਾਪ ਦੀ ਘੂਰ ਨੂੰ ਇਸ ਰੂਪ ਵਿਚ ਦੇਖਣ ਅਤੇ ਉਸਦੀ ਕੀਰਤੀ ਨੂੰ ਸਲਾਮ ਕਰ ਕੇ, ਉਸ ਦੀਆਂ ਨਸੀਹਤਾਂ ਤੇ ਸਿਆਣਪਾਂ ਪੱਲੇ ਬੰਨ੍ਹਣ ਵਾਲੇ ਬੱਚੇ ਜਿ਼ੰਦਗੀ ਦਾ ਸਿਰਨਾਵਾਂ ਹੁੰਦੇ। ਅਜੇਹੇ ਬੱਚੇ ਪ੍ਰਦੇਸ ਜਾ ਕੇ ਵੀ ਮਾਪਿਆਂ ਨੂੰ ਕਦੇ ਉਡੀਕਦੇ ਦਰਾਂ ਦਾ ਦਰਬਾਨ ਨਹੀਂ ਬਣਾਉਂਦੇ। ਉਨ੍ਹਾਂ ਲਈ ਮਾਪਿਆਂ ਤੋਂ ਉਪਰ ਕੁਝ ਨਹੀਂ। ਬਾਪ ਦੀ ਘੂਰ ਵਿਚ ਪਲੇ ਬੱਚੇ ਬਹੁਤ ਵੱਡੇ ਮਰਤੱਬਿਆਂ ਦਾ ਮਾਣ ਹੁੰਦੇ।
ਜੀਵਨ ਦੇ ਪੌਡੇ ‘ਤੇ ਜਦ ਅਸੀਂ ਸਕੂਲ ਵਿਚ ਪੈਰ ਧਰਦੇ ਹਾਂ ਤਾਂ ਅਧਿਆਪਕ ਦੀ ਘੂਰ ਸਾਡੇ ਲਈ ਬਹੁਤ ਹੀ ਮਹੀਨ ਅਤੇ ਅਰਥਮਈ ਮਾਇਨੇ ਰੱਖਦੀ। ਅਧਿਆਪਕ ਸਿਰਫ਼ ਉਸ ਵੇਲੇ ਬੱਚਿਆਂ ਨੂੰ ਘੂਰਦਾ ਜਦ ਕੋਈ ਵਿਦਿਆਰਥੀ ਗਲਤੀ ਕਰਦਾ। ਉਸਦੇ ਮਨ ਵਿਚ ਨਕਾਰਾਤਮਿਕ ਸ਼ਰਾਰਤਾਂ ਕਰਨ ਦੀ ਰੁਚੀ ਪੈਦਾ ਹੁੰਦੀ। ਉਹ ਆਪਣੀ ਅਥਾਹ ਊਰਜਾ ਨੂੰ ਉਸਾਰੂ ਕਾਰਜਾਂ, ਪੜ੍ਹਾਈ ਜਾਂ ਹੋਰ ਗਤੀਵਿਧੀਆਂ ਵਿਚ ਲਾਉਣ ਦੀ ਬਜਾਏ ਨਕਾਰਾਤਮਿਕ ਸੋਚ ਦਾ ਧਾਰਨੀ ਬਣਦਾ ਜੋ ਉਸਨੂੰ ਕੰਡਿਆਲੇ ਰਾਹਾਂ ਵੰਨ੍ਹੀਂ ਤੋਰਦੀ। ਇਹ ਕੰਡਿਆਲੀਆਂ ਰਾਹਾਂ ਹੀ ਹੁੰਦੀਆਂ ਜਿਸ ਦੀਆਂ ਸੂਲਾਂ ਪੈਰਾਂ ਵਿਚ ਖੁੱਭ, ਸਾਰੀ ਉਮਰ ਦੀ ਚੀਸ ਸਾਡੇ ਨਾਵੇਂ ਕਰ ਜਾਂਦੀਆਂ। ਸਾਰੀ ਉਮਰ ਗ਼ਮ ਦਾ ਦਰਿਆ ਪੀਂਦੇ ਖੁਦ ਨੂੰ ਖੋਰਦੇ ਅਤੇ ਨਮੋਸ਼ੀ ਭਰੀ ਜਿ਼ੰਦਗੀ ਜਿਊਣ ਲਈ ਮਜਬੂਰ ਹੋ ਜਾਂਦੇ।
ਕਿਸੇ ਵੀ ਬੱਚੇ ਦੀ ਕਾਮਯਾਬੀ ਵਿਚ ਉਸਦੇ ਉਸਤਾਦ ਦਾ ਬਹੁਤ ਵੱਡਾ ਹੱਥ। ਇਸ ਪਿੱਛੇ ਉਸ ਦੀ ਘੂਰ ਬਹੁਤ ਹੀ ਮਹੱਤਤਾ ਰੱਖਦੀ। ਜੇ ਅਧਿਆਪਕ ਘੂਰਨਾ ਬੰਦ ਕਰ ਦੇਵੇ ਤਾਂ ਸਾਡੀਆਂ ਬੇਲਗ਼ਾਮ ਖਾਹਸ਼ਾਂ ਅਤੇ ਬੇਥਵੀਆਂ ਭਰਮ-ਉਡਾਰੀਆਂ ਨੂੰ ਕੌਣ ਰੋਕੇਗਾ? ਅਸੀਂ ਫਿਰ ਕਿਸੇ ਕੱਟੀ ਹੋਈ ਪਤੰਗ ਵਾਂਗ ਹਵਾ ਦੇ ਹਿਚਕੋਲਿਆਂ ਵਿਚੋਂ ਹੀ ਹੋਂਦ ਨੂੰ ਭਾਲਣ ਵਿਚ ਸਮਾਂ ਨਸ਼ਟ ਕਰ ਦੇਵਾਂਗੇ। ਅਧਿਆਪਕ ਦੀ ਰਹਿਬਰੀ ਵਿਚ ਪਲਣ ਵਾਲੇ ਬੱਚੇ ਕਿਸੇ ਸੰਸਥਾ ਦਾ ਨੂਰ, ਅਤੇ ਭਵਿੱਖੀ ਬੱਚਿਆਂ ਲਈ ਰਾਹ-ਦਸੇਰਾ। ਖ਼ੁਦ ਸੁੰਦਰ ਸਮਾਜ ਸਿਰਜ ਕੇ ਸਮਾਜਿਕ ਬਿਹਤਰੀ ਵਿਚ ਜਿ਼ਕਰਯੋਗ ਹਿੱਸਾ ਵੀ ਪਾਉਂਦੇ।
ਭਰਾ ਦੀ ਘੂਰ ਅਜੇਹੀ ਕਿ ਉਹ ਰੋਅਬ ਨਾਲ ਸਾਨੂੰ ਸਾਡੀਆਂ ਪੁੱਠੀਆਂ ਮੱਤਾਂ ਤੋਂ ਹੋੜ ਸਕਦਾ। ਮੰਝਧਾਰ ਵੱਲ ਜਾਂਦੇ ਕਦਮਾਂ ਨੂੰ ਮੋੜ ਸਕਦਾ ਅਤੇ ਸਾਡੀਆਂ ਤਰਜੀਹਾਂ ਨੂੰ ਤਦਬੀਰਾਂ ਅਤੇ ਤਕਦੀਰਾਂ ਵੰਨੀਂ ਮੋੜ ਸਕਦਾ। ਸਾਡੀਆਂ ਸੁੱਤੀਆਂ ਅਤੇ ਅਣਵਰਤੀਆਂ ਸਮਰੱਥਾਵਾਂ ਨੂੰ ਨਰੋਈ ਸੇਧ ਦੇ ਕੇ ਅਮੁੱਲ ਪ੍ਰਾਪਤੀਆਂ ਦੇ ਰਾਹ ਤੋਰ ਸਕਦਾ। ਸਾਡੇ ਵਿਚ ਅਜੇਹੀਆਂ ਮਾਣਮੱਤੀਆਂ ਤਬਦੀਲੀਆਂ ਲਿਆਉਂਦਾ ਕਿ ਉਸਨੂੰ ਵੀ ਕਿਸੇ ਦਾ ਭਰਾ ਹੋਣ ‘ਤੇ ਨਾਜ਼ ਹੁੰਦਾ। ਕਈ ਵਾਰ ਵੱਡਾ ਭਰਾ ਅਨਪੜ੍ਹ ਰਹਿ ਕੇ ਜਦ ਛੋਟੇ ਭਰਾਵਾਂ ਨੂੰ ਉੱਚੀਆਂ ਡਿਗਰੀਆਂ ਪ੍ਰਾਪਤ ਕਰਦਿਆਂ ਦੇਖਦਾ ਤਾਂ ਉਹ ਕੋਰਾ ਅਨਪੜ੍ਹ ਹੁੰਦਾ ਹੋਇਆ ਵੀ ਪੜ੍ਹਿਆਂ ਲਿਖਿਆਂ ਦਾ ਮਾਣ ਅਤੇ ਮਰਤੱਬਾ ਬਣ ਜਾਂਦਾ।
ਭੈਣ ਦੀ ਘੂਰ ਨਿੱਕੇ ਭੈਣ-ਭਰਾਵਾਂ ਲਈ ਬਹੁਤ ਗੁਣਕਾਰੀ ਜੋ ਛੋਟਿਆਂ ਨੂੰ ਚੰਗੇਰੇ ਭਵਿੱਖ ਦੀ ਸੋਝੀ ਕਰਵਾਉਂਦੀ। ਉਨ੍ਹਾਂ ਦੀਆਂ ਸੋਚਾਂ ਵਿਚ ਪਨਪਦੀਆਂ ਰੀਝਾਂ ਦੀ ਥਾਹ ਪਾਉਂਦੀ। ਉਨ੍ਹਾਂ ਦੇ ਦੀਦਿਆਂ ਵਿਚ ਸੁਪਨਈ ਦੁਨੀਆਂ ਦੀ ਜਾਗ ਲਾਉਣਾ ਸਿਰਫ਼ ਭੈਣ ਦੇ ਹਿੱਸੇ ਆਇਆ। ਜਦ ਕੋਈ ਭੈਣ-ਭਰਾ ਭਟਕਣ ਲੱਗੇ ਤਾਂ ਸਭ ਤੋਂ ਪਹਿਲਾਂ ਵੱਡੀ ਭੈਣ ਹੀ ਹੁੰਦੀ ਜੋ ਸਾਡੇ ਕੰਨ ਵੀ ਮਰੋੜ ਸਕਦੀ, ਮਿੱਠਾ ਜਿਹਾ ਘੂਰ ਵੀ ਸਕਦੀ, ਨਿੱਕੀ ਜਿਹੀ ਥਪੜੀ ਵੀ ਲਾ ਸਕਦੀ ਅਤੇ ਫਿਰ ਰੋਂਦੇ ਨੂੰ ਬੁੱਕਲ ਵਿਚ ਲੈ ਕੇ ਵਰਾ ਵੀ ਸਕਦੀ, ਸਮਝਾ ਵੀ ਸਕਦੀ ਅਤੇ ਉਸ ਦੀਆਂ ਗਲਤ-ਫਹਿਮੀਆਂ ਦੂਰ ਕਰ ਅਤੇ ਗਲਤ ਹਰਕਤਾਂ ਤੋਂ ਰੋਕ, ਨਵੇਂ ਰਾਹ ‘ਤੇ ਤੋਰ ਵੀ ਸਕਦੀ। ਕਦੇ ਵੀ ਭੈਣ ਦੀ ਘੂਰ ਦਾ ਗੁੱਸਾ ਨਾ ਮਨਾਇਓ ਸਗੋਂ ਸ਼ੁਕਰ ਕਰੋ ਕਿ ਕੋਈ ਤਾਂ ਆਪਣਾ ਹੈ ਜੋ ਤੁਹਾਨੂੰ ਘੂਰ ਸਕਦਾ। ਤੁਹਾਡੀ ਅਣਗਹਿਲੀ ਨੂੰ ਸੁਧਾਰ ਸਕਦਾ ਅਤੇ ਤੁਹਾਨੂੰ ਤੁਹਾਡੀ ਜਿ਼ੰਦਗੀ ਦਾ ਰੌਸ਼ਨ ਪੱਖ ਦਿਖਾ ਸਕਦਾ।
ਬੱਚਿਆਂ ਲਈ ਬਹੁਤ ਹੀ ਵੱਡੇ ਅਰਥ ਰੱਖਦੀ ਹੈ ਬਜੁ਼ਰਗਾਂ ਦੀ ਘੂਰ ਜੋ ਬਹੁਤ ਹੀ ਅਛੋਪਲੇ ਜਹੇ ਅਤੇ ਸਹਿਮਮਈ। ਉਹ ਝਿੜਕਦੇ ਵੀ ਲਾਡ ਨਾਲ, ਰੋਕਦੇ ਵੀ ਪਿਆਰ ਨਾਲ ਅਤੇ ਸੁਮੱਤਾਂ ਵੀ ਨਿੱਕੀਆਂ ਨਿੱਕੀਆਂ ਕਹਾਣੀਆਂ ਨਾਲ ਦਿੰਦੇ। ਉਨ੍ਹਾਂ ਕੋਲ ਜਿ਼ੰਦਗੀ ਦਾ ਤਜਰਬਾ ਅਤੇ ਇਸ ਵਿਚੋਂ ਬਹੁਤ ਕੁਝ ਗ੍ਰਹਿਣ ਕਰਨਾ ਅਤੇ ਜੀਵਨ ਦਾ ਅੰਗ ਬਣਾ ਲੈਣਾ, ਬੱਚਿਆਂ ਲਈ ਬਹੁਤ ਜ਼ਰੂਰੀ। ਬਹੁਤ ਨਿਕਰਮੇ ਹੁੰਦੇ ਉਹ ਜਿਹੜੇ ਆਪਣੇ ਬਜ਼ੁਰਗਾਂ ਦੀ ਤੌਹੀਨ ਕਰਦੇ। ਉਨ੍ਹਾਂ ਦੀਆਂ ਮੱਤਾਂ ਤੋਂ ਮੂੰਹ ਫੇਰਦੇ। ਪੁਰਾਣੀ ਪੀੜ੍ਹੀ ਕਹਿ ਕੇ ਨਕਾਰਦੇ। ਯਾਦ ਰੱਖਣਾ! ਜੋ ਸਾਡੇ ਬਜੁ਼ਰਗਾਂ ਕੋਲ ਹੈ, ਉਹ ਗੂੜ੍ਹ ਗਿਆਨ ਸਾਡੇ ਕੋਲ ਨਹੀਂ। ਸਾਡੇ ਕੋਲ ਕਿਤਾਬੀ ਗਿਆਨ ਜਦਕਿ ਬਜੁ਼ਰਗਾਂ ਕੋਲ ਜਿੰ਼ਦਗੀ ਨਾਲ ਖਹਿ ਕੇ ਲੰਘਿਆ ਉਹ ਗਿਆਨ ਜਿਹੜਾ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਕਿਸਮਤ ਵਾਲੇ ਹੁੰਦੇ ਉਹ ਲੋਕ ਜਿਨ੍ਹਾਂ ਨੂੰ ਬਜ਼ੁਰਗਾਂ ਦੀ ਪਹਿਰੇਦਾਰੀ ਨਸੀਬ ਹੋਈ ਹੋਵੇ। ਉਨ੍ਹਾਂ ਨਾਲ ਸੌਣ ਦਾ ਮੌਕਾ ਮਿਲਿਆ ਹੋਵੇ। ਉਨ੍ਹਾਂ ਦੇ ਚਿਹਰੇ ਦੀਆਂ ਝੁਰੜੀਆਂ ਵਿਚ ਉਕਰੀਆਂ ਜੀਵਨ-ਕਹਾਣੀਆਂ ਨੂੰ ਪੜ੍ਹਨ ਦਾ ਵਕਤ ਨਸੀਬ ਹੋਇਆ ਹੋਵੇ।
ਬਜ਼ੁਰਗ ਜਦ ਵੀ ਘੂਰਦਾ, ਉਹ ਸਾਡੇ ਲਈ ਇਕ ਅਜੇਹਾ ਸਬਕ ਹੁੰਦਾ ਜਿਹੜਾ ਸਾਨੂੰ ਕਿਸੇ ਵੀ ਪਾਠਸ਼ਾਲਾ ਵਿਚੋਂ ਨਹੀਂ ਮਿਲਣਾ। ਸਭ ਤੋਂ ਅਹਿਮ ਅਤੇ ਜ਼ਰੂਰੀ ਹੁੰਦਾ ਹੈ ਆਪਣੇ ਦਿਮਾਗ ਦੀ ਘੂਰ ਦੇ ਆਖੇ ਲੱਗਣਾ। ਬਹੁਤੀ ਵਾਰ ਦਿਲ ਭਾਵੁਕ ਹੋ ਕੇ ਕੁਝ ਅਜੇਹਾ ਕਰ ਸਕਦਾ ਜਿਸਦੇ ਸਿੱਟੇ ਵਿਨਾਸ਼ਕਾਰੀ ਹੋ ਸਕਦੇ। ਸੋ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਮਾਗ ਦੇ ਸੁਖਨ-ਸਵੇਰਿਆਂ ਨਾਲ ਆਪਣੇ ਹਨੇਰੇ ਪੱਖਾਂ ਨੂੰ ਰੁਸ਼ਨਾਉਂਦੇ ਰਹੀਏ। ਅੰਤਰੀਵ ਵਿਚ ਬੈਠੀਆਂ ਸੁਹਜ-ਸਿਆਣਪਾਂ ਦੀ ਘੂਰ ਸੁਣਦੇ ਰਹੀਏ ਤਾਂ ਕਿ ਆਪਣੇ ਕਰਮ, ਸੋਚ ਜਾਂ ਵਿਹਾਰ ਵਿਚ ਪੈਦਾ ਹੋਣ ਵਾਲੇ ਕੂੜ-ਕਬਾੜਾਂ, ਫਰੇਬਾਂ, ਠੱਗੀਆਂ, ਧੋਖਾਧੜੀ, ਬੇਈਮਾਨੀ, ਲਾਲਚ ਜਾਂ ਅਣਮਨੁੱਖੀ ਵਿਹਾਰ ਤੋਂ ਸਦਾ ਤੌਬਾ ਕਰਦੇ ਰਹੀਏ। ਸਾਡੇ ਲਈ ਜੀਵਨ ਦੀਆਂ ਦੁਸ਼ਵਾਰੀਆਂ ਲਈ ਕੋਈ ਥਾਂ ਨਹੀਂ ਹੋਵੇਗੀ। ਜਦ ਕੋਈ ਮਨੁੱਖ ਖੁ਼ਦ ਆਪਣੀ ਘੂਰ ਦਾ ਪਾਬੰਦ ਹੋ ਜਾਂਦਾ ਅਤੇ ਇਸ ਦੀ ਪਹਿਰੇਦਾਰੀ ਵਿਚ ਜੀਵਨ-ਪੈਂਡਿਆਂ ਦਾ ਮਾਰਗੀ ਬਣਦਾ ਤਾਂ ਜਿ਼ੰਦਗੀ ਬਹੁਤ ਹੀ ਸੰਤੁਲਿਤ, ਸੁੱਚਮਮਈ ਅਤੇ ਸੁੱਖਨਵਰ ਹੋ ਜਾਂਦੀ। ਅਜੇਹਾ ਵਕਤ ਤੁਹਾਡੀ ਜਿ਼ੰਦਗੀ ਦੀ ਸਭ ਤੋਂ ਵੱਡੀ ਅਮਾਨਤ ਅਤੇ ਇਬਾਦਤ ਹੁੰਦੇ। ਇਸ ਲਈ ਬਹੁਤ ਜ਼ਰੂਰੀ ਹੈ ਕਿ ਹੋਰ ਸਾਰੀਆਂ ਘੂਰਾਂ ਦੇ ਨਾਲ-ਨਾਲ ਆਪਣੇ ਮਸਤਕ ਵਿਚ ਬੈਠੀ ਘੂਰ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੀਏ।