ਗੁਰਬਾਣੀ ਅੰਦਰ ਨਿਹਿਤ ਹੈ ‘ਸਾਂਝੀ ਪੰਜਾਬੀ ਕੌਮ’ ਸਿਰਜਣ ਦਾ ਆਧਾਰ

ਗੁਰਬਚਨ ਸਿੰਘ
ਫੋਨ: +91-98156-98451
ਗੁਰੂ ਗੋਬਿੰਦ ਸਿੰਘ ਜੀ ਵਲੋਂ ਪ੍ਰਗਟ ਕੀਤੇ ਗਏ ਖਾਲਸਾ ਪੰਥ ਦਾ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨਾਲ ਇਹੀ ਰਿਸ਼ਤਾ ਹੈ। ਬਰਾਬਰੀ, ਆਜ਼ਾਦੀ, ਭਾਈਚਾਰਾ, ਪ੍ਰੇਮ ਭਾਵ, ਸਦਾਚਾਰ, ਸਮਾਜ ਸੇਵਾ ਆਦਿ ਸਭ ਇਸ ਫਿਲਾਸਫੀ ਵਿਚੋਂ ਇਕ ਝਰਨੇ ਵਾਂਗ ਫੁੱਟਦੇ ਤੁਰੇ ਆਉਂਦੇ ਹਨ। ਇਸੇ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਸਮੁੱਚੀ ਮਨੁੱਖ ਜਾਤੀ ਲਈ ਇਕ ਗਾਡੀ ਰਾਹ ਕਿਹਾ ਹੈ, ‘ਇਹ ਗੱਲ ਬੜੀ ਵਿਸ਼ੇਸ਼ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਸੰਕਲਪਗਤ ਪਰਮਾਤਮਾ ਨੂੰ ਨਹੀਂ ਧਿਆਇਆ ਸਗੋਂ ਆਪ ਨੇ ਬ੍ਰਹਿਮੰਡ ਦੇ ਪਰਮ-ਆਤਮ ਨੂੰ ਅਰਾਧਿਆ ਹੈ, ਜਿਸ ਕੋਲ ਆਤਮਾ ਦੇ ਸੱਚੇ ਜੀਵਨ ਦੀਆਂ ਚੰਗਿਆੜੀਆਂ ਨੂੰ ਦੂਜਿਆਂ ਵਿਚ ਸੰਚਾਰ ਕਰਨ ਦੀ ਸ਼ਕਤੀ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਦੁਆਰਾ ਸਥਾਪਿਤ ਸਿੱਖ ਸੰਗਤ ਨੂੰ ਪੰਥ ਜਾਂ ਮਾਰਗ ਦੀ ਹੀ ਸੰਗਿਆ ਦਿੱਤੀ ਹੈ ਅਤੇ ਇਸ ਨੂੰ ਕਿਸੇ ਫਿਰਕੇ ਨਾਲ ਨਹੀਂ ਜੋੜਿਆ। ਪੂਰਨਤਾ ਤਕ ਪੁੱਜਣ ਲਈ ਸਾਰੀ ਮਨੁੱਖ ਜਾਤੀ ਲਈ ਇਹ ਗਾਡੀ-ਰਾਹ ਹੈ।’

ਸ. ਹਰਚਰਨ ਸਿੰਘ ਪਰਹਾਰ ਜੀ ਨੇ ਲਿਖਿਆ ਹੈ, ‘ਪੰਜਾਬ ਦੇ ਲੋਕ ਮੁੱਦੇ ਵਿਸਾਰ ਕੇ ਸਿਰਫ ਸਿੱਖਾਂ ਦੇ ਧਾਰਮਿਕ ਮੁੱਦਿਆਂ ਤੇ ਸਿਆਸੀ ਅਕਾਂਖਿਆਵਾਂ ਉਤੇ ਹੀ ਪ੍ਰਵਚਨ ਕਰੀ ਜਾਣ ਤੇ ਵਿਤਕਰਿਆਂ ਦੇ ਬਿਰਤਾਂਤ ਸਿਰਜੀ ਜਾਣ ਨਾਲ ਕਿੰਨੇ ਕੁ ਸਾਰਥਿਕ ਸਿੱਟੇ ਨਿਕਲ ਸਕਦੇ ਹਨ? ਕੀ ਇਨ੍ਹਾਂ ਨੂੰ ਪੰਜਾਬ ਦੇ ਅਸਲ ਮੁੱਦਿਆਂ ਦੇ ਕਾਰਨ ਲੱਭਣ ਲਈ ਕੋਈ ਉਪਰਾਲਾ ਨਹੀਂ ਕਰਨਾ ਚਾਹੀਦਾ?’
ਪੰਜਾਬ ਦਾ ਇਸ ਵੇਲੇ ਸਭ ਤੋਂ ਅਹਿਮ ਮੁੱਦਾ ਪੰਜਾਬੀਆਂ ਦੀ ਏਕਤਾ ਦਾ ਹੈ, ਜਿਵੇਂ ਕਿ ਸ. ਹਜ਼ਾਰਾ ਸਿੰਘ ਮਿਸੀਸਾਗਾ ਨੇ ਲਿਖਿਆ ਹੈ, ‘ਪੰਜਾਬੀਆਂ ਨੇ ਸਾਂਝੀ ਪੰਜਾਬੀ ਕੌਮ ਸਿਰਜਣ ਲਈ ਅਜੇ ਬੜਾ ਫਾਸਲਾ ਤੈਅ ਕਰਨਾ ਹੈ।’
ਜੇ ਅਸੀਂ ਮਿੱਥੇ ਚੌਖਟਿਆਂ ਵਿਚੋਂ ਬਾਹਰ ਨਿਕਲ ਕੇ ਗੁਰਮਤਿ ਦੀ ਵਿਆਖਿਆ ਕਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਗੁਰਮਤਿ ਨੇ ਪੰਜਾਬੀ ਭਾਈਚਾਰੇ ਦੀ ਏਕਤਾ ਦਾ ਬਹੁਤ ਵਸੀਹ ਆਧਾਰ ਮੁਹੱਈਆ ਕੀਤਾ ਹੈ। ਦੋ ਵੱਡੇ ਧਰਮਾਂ-ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਵੰਡੇ ਹੋਏ ਪੰਜਾਬੀ ਸਮਾਜ ਨੂੰ ਗੁਰੂ ਨਾਨਕ ਸਾਹਿਬ ਨੇ ਇਕ ਨਵਾਂ ਅਤੇ ਸਾਂਝਾ ਸੰਕਲਪ ਦਿੱਤਾ ਹੈ।
ਜਨਮ ਸਾਖੀ ਵਿਚ ਦਰਜ ਹੈ ਕਿ ਸੁਲਤਾਨਪੁਰ ਲੋਧੀ ਵਿਖੇ ਵੇਈਂ ਵਿਚ ਟੁੱਭੀ ਮਾਰਨ ਤੋਂ ਤਿੰਨ ਦਿਨ ਬਾਅਦ ਜਦੋਂ ਗੁਰੂ ਸਾਹਿਬ ਪ੍ਰਗਟ ਹੋਏ ਤਾਂ ਉਨ੍ਹਾਂ ਦੇ ਪਹਿਲੇ ਬਚਨ ਸਨ: ‘ਨ ਕੋ ਹਿੰਦੂ ਨਾ ਮੁਸਲਮਾਨ।’
ਗੁਰੂ ਸਾਹਿਬ ਦੇ ਆਤਮਿਕ ਗਿਆਨ ਦਾ ਇਹ ਪਹਿਲਾ ਮਹਾਂਵਾਕ ਸੀ। ਉਨ੍ਹਾਂ ਦੇ ਇਸ ਮਹਾਂਵਾਕ ਨੇ ਵੇਲੇ ਦੇ ਮੁਸਲਿਮ ਰਾਜ ਵਿਚ ਹਲਚਲ ਪੈਦਾ ਕਰ ਦਿੱਤੀ। ਸੁਲਤਾਨਪੁਰ ਲੋਧੀ ਦੇ ਨਵਾਬ ਦੌਲਤ ਖਾਂ ਨੇ ਗੁਰੂ ਨਾਨਕ ਤੇ ਕਾਜ਼ੀ, ਦੋਹਾਂ ਨੂੰ ਬੁਲਾ ਭੇਜਿਆ।
ਕਾਜ਼ੀ ਦਾ ਗੁਰੂ ਸਾਹਿਬ ਨੂੰ ਕਹਿਣਾ ਸੀ: ‘ਇਕ ਹਿੰਦੂਆਂ ਦਾ ਰਾਹ ਹੈ, ਇਕ ਮੁਸਲਮਾਨਾਂ ਦਾ, ਤੁਸੀਂ ਕਿਸ ਰਾਹ ਉਤੇ ਹੋ?’ ਗੁਰੂ ਸਾਹਿਬ ਦਾ ਜੁਆਬ ਸੀ : ‘ਮੈਂ ਖੁਦਾ ਦੇ ਰਾਹ ਉਤੇ ਹਾਂ। ਖੁਦਾ ਨ ਹਿੰਦੂ ਹੈ ਨ ਮੁਸਲਮਾਨ।’
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ : ਨ ਹਮ ਹਿੰਦੂ ਨ ਮੁਸਲਮਾਨ॥ ਅਲ੍ਹਾ ਰਾਮ ਕੇ ਪਿੰਡੁ ਪਰਾਨ॥ (ਪੰਨਾ 1136)
ਇਹ ਇਕ ਦਮ ਨਵੀਂ ਸੋਚ ਹੈ। ਨਵੀਂ ਚੇਤਨਾ। ਨਾ ਅਸੀਂ ਹਿੰਦੂ ਹਾਂ ਤੇ ਨਾ ਮੁਸਲਮਾਨ ਪਰ ਸਾਡਾ ਮਨੁੱਖੀ ਸਰੀਰ ਤੇ ਜਿੰਦ ਅਲ੍ਹਾ ਤੇ ਰਾਮ ਦੀ ਦੇਣ ਹੈ। ਅਲ੍ਹਾ ਮੁਸਲਮਾਨਾਂ ਲਈ ਉਚਤਮ ਰੱਬੀ ਹਸਤੀ ਹੈ ਅਤੇ ਰਾਮ ਹਿੰਦੂਆਂ ਲਈ ਅਵਤਾਰੀ ਮਹਾਂਪੁਰਖ ਹੈ।
ਪਵਿੱਤਰ ਕੁਰਾਨ ਸ਼ਰੀਫ ਦਾ ਆਰੰਭਕ ਮਹਾਂਵਾਕ ਹੈ
ਅਲ੍ਹਾ ਦੇ ਨਾਂ ਨਾਲ ਜਿਹੜਾ ਅਤਿਅੰਤ ਮੇਹਰਬਾਨ ਅਤੇ ਰਹਿਮ ਫੁਰਮਾਉਣ ਵਾਲਾ ਹੈ।
ਪਵਿੱਤਰ ਕੁਰਾਨ ਸ਼ਰੀਫ ਵਿਚ ਕਰੀਬ ਹਰੇਕ ਸੂਰਤ ਤੋਂ ਪਹਿਲਾਂ ਇਸ ਮਹਾਂਵਾਕ ਨੂੰ ਦੁਹਰਾਇਆ ਗਿਆ ਹੈ।
ਗੁਰਮਤਿ ਦਾ ਫੁਰਮਾਨ ਹੈ
ਅਲ੍ਹਾ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ॥
(ਪੰਨਾ 727)
ਅਵਲਿ ਅਲ੍ਹਾ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
(ਪੰਨਾ 1349)
ਅਲਾੁ ਅਲਖੁ ਅਗੰਮੁ ਕਾਦਰੁ ਕਰਣਹਾਰ ਕਰੀਮੁ॥
(ਪੰਨਾ 64)
ਭਾਵ ਅਲ੍ਹਾ ਸਭ ਤੋਂ ਪਵਿਤਰ ਹੈ। ਮੈਂ ਇਸ ਕਥਨ ਉਤੇ ਸ਼ੱਕ ਤਾਂ ਕਰਾਂ ਜੇ ਕੋਈ ਦੂਜਾ ਹੋਰ ਹੋਵੇ। ਸਭ ਤੋਂ ਉਚਤਮ ਅਲ੍ਹਾ ਦੇ ਨੂਰ ਨਾਲ ਹੀ ਸਾਰੇ ਮਨੁਖ ਕੁਦਰਤ ਦੀ ਸਿਰਜਣਾ ਹਨ। ਅਲ੍ਹਾ ਲਖਿਆ ਨਹੀਂ ਜਾ ਸਕਦਾ। ਅੱਲ੍ਹਾ ਮਨੁੱਖੀ ਸੋਚ ਦੀ ਸੀਮਾ ਤੋਂ ਪਾਰ ਹੈ। ਅਲ੍ਹਾ ਸਿਰਜਣਹਾਰ, ਕਰਤਾਰ ਤੇ ਮਿਹਰਬਾਨ ਹੈ।
ਗੁਰਮਤਿ ਦਾ ਇਕ ਹੋਰ ਫੁਰਮਾਨ ਹੈ :
ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਸਤਿ ਸਤਿ ਰਾਮੁ॥
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ॥ ਰਹਾਉ॥
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ॥
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ॥
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ॥
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ॥ (ਪੰਨਾ 1202)
ਹੇ ਮੇਰੇ ਮਨ! ਸ੍ਰੀ ਰਾਮ ਦਾ ਜਾਪ ਕਰ। ਰਾਮ! ਕਿਹੜਾ ਰਾਮ? ਰਮਤ ਰਾਮ, ਜਿਹੜਾ ਅਸੀਮ ਅਤੇ ਸਦੀਵੀ ਬ੍ਰਹਿਮੰਡ (ਬ੍ਰਹਮ) ਦੇ ਕਣ-ਕਣ ਵਿਚ ਰਮਿਆ ਹੋਇਆ ਹੈ। ਜਿਹੜਾ ਰਾਮ ਸਤਿ ਸਤਿ ਭਾਵ ਸਦੀਵੀ ਸਚ ਹੈ। ਉਸ ਰਾਮ ਦਾ ਜਾਪ ਕਰ। ਅਗਲੀ ਰਹਾਉ ਦੀ ਪੰਕਤੀ ਵਿਚ ਗੁਰੂ ਸਾਹਿਬ ਆਪਣੀ ਇਸ ਧਾਰਨਾ ਨੂੰ ਫਿਰ ਦੁਹਰਾਉਂਦੇ ਹਨ। ਬੋਲੋ ਭਈਆ (ਭਰਾਵੋ)! ਰਾਮ ਰਾਮ ਰਾਮ, ਜਿਹੜਾ ਰਾਮ ਸਭ ਥਾਂ ਰਮਿਆ ਹੋਇਆ ਹੈ। ਇਹ ਰਮਿਆ ਹੋਇਆ ਰਾਮ ਹੀ ਸਭ ਕੁਝ ਹੈ। ਇਹੀ ਰਮਤ ਰਾਮ ਕਰਤਾ ਦੇ ਰੂਪ ਵਿਚ ਸਿਰਜਣਹਾਰ ਹੈ। ਇਸੇ ਰਾਮ ਦਾ ਸਾਰੇ ਜਗਤ ਵਿਚ ਪਸਾਰਾ ਹੈ। ਮੇਰਾ ਇਹ ਰਮਤ ਰਾਮ ਜਿਸ ਕਿਸੇ ਜਨ ਉਤੇ ਆਪਣੀ ਮੇਹਰ ਕਰਦਾ ਹੈ, ਉਸ ਜਨ ਦੀ ਰਾਮ ਰਾਇ ਭਾਵ ਇਸ ਰਾਜਾ ਰਾਮ ਵਿਚ ਲਿਵ ਲਗ ਜਾਂਦੀ ਹੈ। ਫਿਰ ਗੁਰੂ ਸਾਹਿਬ ‘ਹਰਿ ਸੰਤਹੁ’ ਤਥਾ ਆਪਣੇ ਚਾਰ-ਚੁਫੇਰੇ ਫੈਲੇ ਹਰਿ ਜੀਉ ਦੀ ਹੋਂਦ ਨੂੰ ਮੰਨਣ ਵਾਲੇ ਸੰਤਾਂ ਨੂੰ ਮੁਖਾਤਿਬ ਹੋ ਕੇ ਬਚਨ ਕਰਦੇ ਹਨ, ਕਿ ਇਸ ਰਾਮ ਨਾਮ ਦੀ ਵਡਿਆਈ ਇਹ ਹੈ ਕਿ ਇਹ ਰਾਮ ਨਾਮ ਕਲਯੁਗ ਵਿਚ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਜਨ ਨਾਨਕ ਨੇ ਜਦੋਂ ਦੀ ਇਸ ਰਾਜਾ ਰਾਮ ਨਾਲ ਸਾਂਝ ਪਾਈ ਹੈ, ਉਦੋਂ ਦੇ ਉਸ ਦੇ ਸਾਰੇ ਦੁਖ ਦੂਰ ਹੋ ਗਏ ਹਨ। ਗੁਰੂ ਗ੍ਰੰਥ ਸਾਹਿਬ ਵਿਚ 2533 ਵਾਰ ਰਾਮ ਦਾ ਜ਼ਿਕਰ ਕੀਤਾ ਗਿਆ ਹੈ ਪਰ ਇਹ ਰਾਮ ਉਹ ਨਹੀਂ, ਜਿਸਦਾ ਕੁਝ ਬ੍ਰਾਹਮਣੀ ਵਿਦਵਾਨ ਅਕਸਰ ਹਵਾਲਾ ਦੇਂਦੇ ਹਨ। ਇਹ ਰਾਮ ਇਸ ਬ੍ਰਹਿਮੰਡ ਦੇ ਕਣ-ਕਣ ਵਿਚ ਰਮਿਆ ਹੋਇਆ ਰਾਮ ਹੈ। ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਪਸਰੇ ਅਸੀਮ ਅਤੇ ਸਦੀਵੀ ਬ੍ਰਹਿਮੰਡੀ ਆਕਾਰ ਅਤੇ ਇਸ ਦੇ ਪ੍ਰਗਟ ਰੂੁਪ ਕੁਦਰਤ ਦੇ ਕਣ ਕਣ ਵਿਚ ਰਮਿਆ ਹੋਇਆ ਰਾਮ ਹੀ ਸਿਰਜਣਹਾਰ ਕਰਤਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਰਮਤ ਰਾਮ ਤੇ ਦਸ਼ਰਥ ਪੁਤਰ ਰਾਮ ਚੰਦਰ ਵਿਚਕਾਰ ਬੜਾ ਸਪਸ਼ਟ ਨਿਖੇੜਾ ਕੀਤਾ ਗਿਆ ਹੈ:
ਰੋਵੈ ਰਾਮੁ ਨਿਕਾਲਾ ਭਇਆ॥ ਸੀਤਾ ਲਖਮਣੁ ਵਿਛੁੜਿ ਗਇਆ॥ (954)
ਗੁਰਮਤਿ ਨੇ ਇਸ ਨਵੀਂ ਸੋਚ ਨੂੰ ਹੋਰ ਵੀ ਸਪਸ਼ਟ ਕੀਤਾ ਹੈ। ਸਮੁੱਚੀ ਖ਼ਲਕਤ ਨੂੰ ਪੈਦਾ ਕਰਨ ਵਾਲਾ ਖਾਲਕ ਸਭਨੀ ਥਾਂਈਂ ਰਮਿਆ ਹੋਇਆ ਹੈ। ਇਹ ਖਾਲਕ ਸਰਬਵਿਆਪੀ ਹੈ। ਇਹੀ ਖਾਲਕ ਕਾਰਨ ਹੈ। ਇਹੀ ਕਰਨ ਵਾਲਾ ਹੈ। ਇਹ ਖਾਲਕ ਬਖਸ਼ਿੰਦ ਹੈ। ਇਹ ਖਾਲਕ ਸਾਰਿਆਂ ਦੀ ਪਾਲਣਾ ਕਰਨ ਵਾਲਾ ਤੇ ਸਾਰਿਆਂ ਉਤੇ ਰਹਿਮਤਾਂ ਕਰਨ ਵਾਲਾ ਹੈ। ਅਲ੍ਹਾ ਦੇ ਰੂਪ ਵਿਚ ਇਹ ਖਾਲਕ ਅਪਹੁੰਚ ਅਤੇ ਬੇਅੰਤ ਹੈ। ਖੁਦਾ ਦੇ ਰੂਪ ਵਿਚ ਇਹ ਖਾਲਕ ਮਨੁੱਖੀ ਗਿਣਤੀਆਂ-ਮਿਣਤੀਆਂ ਦੇ ਕਲਾਵੇ ਵਿਚ ਨਹੀਂ ਆਉਂਦਾ। ਇਹ ਖਾਲਕ ਹੀ ਹਿੰਦੂ ਮਤਿ ਵਿਚਲਾ ਸਰਬਵਿਆਪੀ ਓਮ, ਨਮੋ, ਭਗਵੰਤ ਤੇ ਗੁਸਾਈਂ ਹੈ। ਇਹੀ ਖਾਲਕ ਧਰਤੀ ਦਾ ਮਾਲਕ ਤੇ ਜਗਤ ਦਾ ਪਾਲਕ ਹੈ। ਸਮੁੱਚੇ ਜਗਤ ਨੂੰ ਜੀਵਨ ਦੇਣ ਵਾਲਾ ਜਗਜੀਵਨ ਦਾਤਾ ਤੇ ਸਮੁੱਚੀ ਦੌਲਤ ਦਾ ਮਾਲਕ ਵੀ ਇਹੀ ਖਾਲਕ ਹੈ। ਇਸ ਖਾਲਕ ਨੂੰ ਹਿਰਦੇ ਵਿਚ ਵਸਾਉਣ ਨਾਲ ਸਾਰੇ ਡਰ ਦੂਰ ਹੋ ਜਾਂਦੇ ਹਨ। ਸਾਰੀਆਂ ਮਨੁੱਖੀ ਇੰਦਰੀਆਂ ਦਾ ਮਾਲਕ ਵੀ ਇਹੀ ਖਾਲਕ ਹੈ, ਜਿਹੜਾ ਪੂਰਨ ਹੈ, ਸਰਬਵਿਆਪੀ ਹੈ ਤੇ ਮੁਕਤੀਦਾਤਾ ਹੈ। ਪਵਿੱਤਰ ਕੁਰਾਨ ਤੇ ਕਤੇਬ ਵਿਚ ਦਰਜ ਖਾਲਕ ਵੀ ਇਹੀ ਹੈ। ਇਹੀ ਨਾਰਾਇਣ ਨਰਹਰ ਦਇਆਲ ਪੁਰਖ ਹੈ। ਇਹੀ ਰਮਿਆ ਹੋਇਆ ਰਾਮ ਹੈ। ਇਹੀ ਵਾਸਦੇਵ (ਸ੍ਰੀ ਕ੍ਰਿਸ਼ਨ ਜੀ ਦਾ ਇਕ ਨਾਂ) ਸਭ ਥਾਂ ਵਸਦਾ ਹੈ। ਗੁਰੂ ਸਾਹਿਬ ਦੇ ਬਚਨ ਹਨ ਕਿ ਹੁਣ ਗੁਰੂ ਨੇ ਮੇਰੇ ਮਨ ਦੇ ਸਾਰੇ ਭਰਮ ਦੂਰ ਕਰ ਦਿਤੇ ਹਨ ਅਤੇ ਮੈਨੂੰ ਪਤਾ ਲਗਾ ਹੈ ਕਿ ਸਾਡੇ ਚਾਰ-ਚੁਫੇਰੇ ਪਸਰਿਆ ਏਕੋ ਹੀ ਅਲ੍ਹਾ ਅਤੇ ਇਹ ਏਕੋ ਹੀ ਪਾਰਬ੍ਰਹਮ ਹੈ। ਭਾਵ ਹਿੰਦੂ ਧਰਮ ਤੇ ਇਸਲਾਮ ਵਿਚਲੀ ਰੱਬੀ ਹੋਂਦ ਤੇ ਹਸਤੀ ਇਕੋ ਹੀ ਹੈ। ਇਥੇ ਖੂਬਸੂਰਤੀ ਇਹ ਹੈ ਕਿ ਹਿੰਦੂ ਧਰਮ ਅਤੇ ਇਸਲਾਮ ਵਿਚ ਰੱਬੀ ਹਸਤੀ ਬਾਰੇ ਅਕਸਰ ਵਰਤੇ ਜਾਂਦੇ ਸਾਰੇ ਹੀ ਅਖਰ ਇਸ ਸਬਦੁ ਵਿਚ ਆ ਗਏ ਹਨ।
ਅਲ੍ਹਾ ਅਲਖ ਅਪਾਰ॥ ਰਮਤ ਰਾਮ ਘਟ ਘਟ ਆਧਾਰ॥
ਕਹੁ ਨਾਨਕ ਗੁਰਿ ਖੋਏ ਭਰਮ॥ ਏਕੋ ਅਲਾੁ ਪਾਰਬ੍ਰਹਮ॥ (ਪੰਨਾ 896)
ਸਤਿਗੁਰੁ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਵਿਚ ਕਿਤੇ ਇਹ ਨਹੀਂ ਕਿਹਾ ਕਿ ‘ਰੱਬ’, ‘ਪਰਮਾਤਮਾ’, ‘ਪ੍ਰਭੂ’, ‘ਈਸ਼ਵਰ’ ਇਕ ਹੈ। ਉਨ੍ਹਾਂ ਨੇ ਮਨੁੱਖਤਾ ਨੂੰ ਇਸ ਮਨ-ਕਲਪਿਤ ਰੱਬੀ ਭਰਮਜਾਲ ਤਂੋ ਸਦਾ ਲਈ ਮੁਕਤ ਕਰ ਦਿੱਤਾ।
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ॥
(ਪੰਨਾ 292)
ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ॥
(ਪੰਨਾ 250)
ਕਿ ਸਾਡੇ ਚਾਰ-ਚੁਫੇਰੇ ਆਲੇ-ਦੁਆਲੇ ਇਕੋ ਹੀ ਪਸਰਿਆ ਹੋਇਆ ਹੈ। ਦੂਜਾ ਕਿਤੇ ਕੋਈ ਨਜ਼ਰ ਨਹੀਂ ਆਉਂਦਾ। ਸਭ ਥਾਂ ਏਕੋ ਹੀ ਰਮਿਆ ਹੋਇਆ ਹੈ। ਦੂਸਰਾ ਨਾ ਕੋਈ ਹੋਇਆ ਹੈ ਅਤੇ ਨਾ ਹੀ ਕੋਈ ਹੋਵੇਗਾ।
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ॥
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ॥
(ਪੰਨਾ 296)
ਸੁਆਮੀ ਸਿਰਜਣਹਾਰ ਭਾਵ ਸਾਡਾ ਮਾਲਕ, ਸਾਨੂੰ ਪੈਦਾ ਕਰਨ ਤੇ ਪਾਲਣ ਵਾਲਾ (ਦਾਤਾ+ਕਰਤਾ) ਜਲ ਥਲ ਮਹੀਅਲ ਭਾਵ ਧਰਤੀ, ਸਮੁੰਦਰ, ਆਕਾਸ਼ ਵਿਚ ਰਮਿਆ ਹੋਇਆ ਹੈ। ਇਹੀ ਸਿਰਜਣਹਾਰ ਇਕ ਓਂਕਾਰ (ੴ) ਅਨੇਕ ਭਿੰਨ ਭਿੰਨ ਰੂਪਾਂ ਵਿਚ ਸਾਡੇ ਆਲੇ-ਦੁਆਲੇ ਪਸਰਿਆ ਹੋਇਆ ਹੈ। ਇਹ ਏਕੋ ਬੇਅੰਤ ਹੈ, ਅਨੰਤ ਹੈ ਤੇ ਭਿੰਨਤਾ ਦਾ ਮੁਜੱਸਮਾ ਹੈ। ਜਿਸ ਦੀ ਸ਼ਨਾਖ਼ਤ ਆਪਣੇ ਆਲੇ-ਦੁਆਲੇ ਚਾਰ-ਚੁਫੇਰੇ ਫੈਲੇ ਸੰਸਾਰ ਅਤੇ ਇਸ ਦੇ ਪ੍ਰਗਟ ਰੂਪ ਕੁਦਰਤ ਦੇ ਕਣ-ਕਣ ਵਿਚੋਂ ਹੁੰਦੀ ਹੈ।
ਸਤਿਗੁਰੁ ਨਾਨਕ ਨੇ ਪਹਿਲੀ ਵਾਰ ਮਨੁੱਖਤਾ ਨੂੰ ਏਨੇ ਸਪਸ਼ਟ ਰੂਪ ਵਿਚ ਇਹ ਆਤਮਿਕ ਗਿਆਨ ਦਿੱਤਾ ਕਿ ਸਾਡੇ ਆਲੇ-ਦੁਆਲੇ ਚਾਰ-ਚੁਫੇਰੇ ਫੈਲਿਆ ਪਸਰਿਆ ਆਕਾਰ (ਵਜੂਦ) ਰੂਪੀ ਇਹ ਅਸੀਮ ਅਤੇ ਸਦੀਵੀ ਬ੍ਰਹਿਮੰਡ (ਬ੍ਰਹਮ) ਇਕ ਇਕਹਿਰੀ ਹੋਂਦ ਹੈ ਤੇ ਇਹ ਇਕ (ਏਕੋ) ਹੈ ਤੇ ਇਹ ਸਤਿ ਹੈ। ਸ਼ੰਕਰਾਚਾਰੀਆ ਦੇ ਕਹਿਣ ਅਨੁਸਾਰ ਛਲਾਵਾ ਜਾਂ ਝੂਠ ਨਹੀਂ।
ਗੁਰੂ ਨਾਨਕ ਸਾਹਿਬ ਨੇ ਸਪਸ਼ਟ ਰੂਪ ਵਿਚ ਮਨੁਖੀ ਚੇਤਨਾ ਅੰਦਰ ਪ੍ਰਗਟ ਹੋਇਆ ਕੁਦਰਤੀ ਸੱਚ ਬਿਆਨ ਕੀਤਾ
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ॥ (ਗੁਰੂ ਗ੍ਰੰਥ ਸਾਹਿਬ, ਪੰਨਾ 695)
ਉਨ੍ਹਾਂ ਨੇ ਕੁਦਰਤ ਅਤੇ ਮਨੁਖ ਦੇ ਅਟੁਟ ਰਿਸ਼ਤੇ ਨੂੰ ਸਪਸ਼ਟ ਕੀਤਾ
ਨਿਕਟਿ ਜੀਅ ਕੈ ਸਦ ਹੀ ਸੰਗਾ ਕੁਦਰਤਿ ਵਰਤੈ ਰੂਪ ਅਰੁ ਰੰਗਾ॥ (ਪੰਨਾ 376)
ਉਨ੍ਹਾਂ ਨੇ ਕੁਦਰਤ ਅਤੇ ਮਨੁੱਖ ਦੀ ਰਚਨਾ ਬਾਰੇ ਆਪਣੇ ਤੋਂ ਪਹਿਲੀਆਂ ਚਲੀਆਂ ਆਉਂਦੀਆਂ ਸਾਰੀਆਂ ਕਲਪਿਤ ਧਾਰਨਾਵਾਂ ਨੂੰ ਨਕਾਰ ਕੇ ਇਹ ਕਿਹਾ ਕਿ ਇਹ ਦਿਸਦਾ ਅਤੇ ਅੰਤਹੀਣ ਅਣਦਿਸਦਾ ਪਸਾਰਾ ਅੰਕ ਗਣਿਤ ਦੇ ਹਿੰਦਸੇ ਇਕ ਦਾ ਵਿਸਥਾਰ ਹੈ ਤੇ ਮਨੁੱਖ ਇਸ ਪਸਾਰੇ ਦਾ ਹੀ ਇਕ ਅੰਗ ਹੈ।
ਨਾਨਕ ਸਚੁ ਦਾਤਾਰੁ ਸਿਨਾਖਤ ਕੁਦਰਤੀ॥ (ਪੰਨਾ 141)
ਕੁਦਰਤਿ ਕਰ ਕੇ ਵਸਿਆ ਸੋਇ॥ (ਪੰਨਾ 83)
ਮਾਰਕਸਵਾਦ ਅਨੁਸਾਰ ਉਹ ਸਾਰੇ ਲੋਕ ਪਦਾਰਥਵਾਦੀ ਹਨ, ਜਿਹੜੇ ਇਹ ਮੰਨਦੇ ਹਨ ਕਿ ਅੰਤਹੀਣ ਕਾਲ ਤੋਂ ਇਹ ਸੰਸਾਰ ਇਵੇਂ ਹੀ ਹੋਂਦ ਰਖਦਾ ਆ ਰਿਹਾ ਹੈ ਅਤੇ ਸਾਰੇ ਉਹ ਲੋਕ ਆਦਰਸ਼ਵਾਦੀ ਹਨ, ਜਿਹੜੇ ਕਿਸੇ ਨਾ ਕਿਸੇ ਰੂਪ ਵਿਚ ਇਹ ਮੰਨਦੇ ਹਨ ਕਿ ਇਸ ਸੰਸਾਰ ਦੀ ਰਚਨਾ ਕਿਸੇ ਮਨ-ਕਲਪਿਤ ‘ਰੱਬ’ ਨੇ ਬਣਾਈ ਹੈ। ਪਦਾਰਥਵਾਦ ਦੇ ਇਸ ਤੱਤ ਨੂੰ ਬੁੱਝੇ ਬਿਨਾਂ ਆਲਮੀ ਕਮਿਊਨਿਸਟ ਲਹਿਰ ਆਪਣੇ ਮਿੱਥੇ ਨਿਸ਼ਾਨੇ ਵੱਲ ਅੱਗੇ ਨਹੀਂ ਵਧ ਸਕਦੀ। ਮਾਰਕਸਵਾਦ ਦੇ ਪ੍ਰਗਟ ਹੋਣ ਤੋਂ ਕਰੀਬ ਤਿੰਨ ਸਦੀਆਂ ਪਹਿਲਾਂ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਆਗਮਨ ਬਾਰੇ ਲਿਖਿਆ ਹੈ :
ਨਮਸਕਾਰੁ ਗੁਰਦੇਵ ਕੋ ਸਤਿ ਨਾਮੁ ਜਿਸ ਮੰਤ੍ਰ ਸੁਣਾਇਆ।
ਭਵਜਲ ਵਿਚੋਂ ਕਢਿ ਕੇ ਮੁਕਤਿ ਪਦਾਰਥਿ ਮਾਹਿ ਸਮਾਇਆ। (ਵਾਰ 1, ਪਉੜੀ 1)
ਗੁਰੂ ਨਾਨਕ ਸਾਹਿਬ ਨੂੰ ਨਮਸਕਾਰ ਕਰਦਿਆਂ ਭਾਈ ਗੁਰਦਾਸ ਜੀ ਦੇ ਇਹ ਬਚਨ ਹਨ, ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਸਤਿ ਨਾਮੁ ਦਾ ਆਤਮਿਕ ਗਿਆਨ ਦੇ ਕੇ ਹਰੇਕ ਤਰ੍ਹਾਂ ਦੇ ਪੂਰਬਲੇ ਭਰਮਜਾਲ ਤੋਂ ਮੁਕਤ ਕਰ ਦਿਤਾ। ਗੁਰੂ ਸਾਹਿਬ ਨੇ ਸਮੁਚੀ ਮਾਨਵਤਾ ਨੂੰ ਮੁਕਤ ਪਦਾਰਥ (ੰਅਟਟੲਰ ਨਿ ਮੋਟੋਿਨ) ਭਾਵ ਪਹਿਲੇ ਸਾਰੇ ਭਰਮਜਾਲ ਤੋਂ ਮੁਕਤ ਹੋ ਕੇ ਇਸ ਸੰਸਾਰ ਵਿਚ ਨਵੀਂ ਜਿ਼ੰਦਗੀ ਜਿਉਣ ਦਾ ਆਤਮਿਕ ਗਿਆਨ ਦਿਤਾ। ਗੁਰੂ ਸਾਹਿਬ ਨੇ ਮਨੁੱਖ ਦੀ ਸੋਚ ਤੇ ਉਸ ਦੇ ਮਨ ਵਿਚੋਂ ਵਾਰ ਵਾਰ ਜੰਮਣ ਮਰਨ ਦਾ ਡਰ ਹਮੇਸ਼ਾਂ ਲਈ ਖਤਮ ਕਰ ਦਿੱਤਾ ਹੈ। ਮਰਨ ਤੋਂ ਬਾਅਦ ਪੈਦਾ ਹੋਣ ਵਾਲੇ ਵਿਛੋੜੇ ਦੇ ਸ਼ੰਕੇ (ਨਰਕ-ਸਵਰਗ ਤੇ ਪੁਨਰ ਜਨਮ ਦੇ ਭਰਮਜਾਲ) ਤੇ ਇਨ੍ਹਾਂ ਸ਼ੰਕਿਆਂ ਨਾਲ ਪੈਦਾ ਹੋਣ ਵਾਲੇ ਸਾਰੇ ਮਾਨਸਿਕ ਰੋਗ (ਡਰ) ਵੀ ਸਦਾ ਲਈ ਨਵਿਰਤ ਕਰ ਦਿੱਤੇ। ਇਹ ਸ਼ੰਕਾ ਵੀ ਸਦਾ ਲਈ ਖਤਮ ਕਰ ਦਿੱਤਾ ਕਿ ਇਹ ਸੰਸਾਰ ਇਕ ਭਰਮ ਭਾਵ ਮਾਇਆ (ਛਲਾਵਾ) ਹੈ ਤੇ ਜੰਮਣ-ਮਰਨ ਵਿਚ ਸਵਾਏ ਦੁਖ ਭਾਵ ਦੁਖ ਹੀ ਦੁਖ ਹਨ। ਸਾਕਤ ਭਾਵ ਸ਼ਕਤੀ ਦੇ ਪੁਜਾਰੀ ਮਨੁਖ ਦੇ ਦਿਮਾਗ ਵਿਚ ਹਮੇਸ਼ਾਂ ਮਰਨ ਤੋਂ ਬਾਅਦ ਮਨ ਕਲਪਿਤ ਜਮਾਂ ਦੇ ਦੰਡ ਦੇਣ ਦਾ ਡਰ ਬਣਿਆ ਰਹਿੰਦਾ ਹੈ ਤੇ ਉਹ ਆਪਣੀ ਸਾਰੀ ਜਿੰ਼ਦਗੀ ਇਸ ਡਰ ਨਾਲ ਹੀ ਲੰਘਾ ਦੇਂਦਾ ਹੈ। ਭਾਈ ਗੁਰਦਾਸ ਜੀ ਉਸ ਗੁਰੂ ਨੂੰ ਚਰਨ ਬੰਦਨਾ ਕਰਦੇ ਹਨ, ਜਿਸ ਨੇ ਸਤਿ ਸਬਦੁ ਦਾ ਗਿਆਨ ਦੇ ਕੇ ਮਨੁੱਖ ਨੂੰ ਸਦਾ ਲਈ ਜਮਾਂ ਦੇ ਇਸ ਡਰ ਤੋਂ ਵੀ ਮੁਕਤ ਕਰ ਦਿਤਾ।
ਇਹ ਮਨੁੱਖੀ ਫਿਲਾਸਫੀ ਅੰਦਰਲਾ ਇਨਕਲਾਬ ਹੈ, ਜਿਸ ਨੇ ਮਨੁੱਖਤਾ ਨੂੰ ‘ਹੁਕਮਿ ਰਜਾਈ ਚਲਣਾ’ ਤੇ ‘ਮਨਿ ਜੀਤੈ ਜਗੁ ਜੀਤੁ’ ਦੀ ਇਕ ਨਵੀਂ ਜੀਵਨ ਜੁਗਤਿ ਦਿਤੀ ਤੇ ਸਮੁੱਚੇ ਮਨੁੱਖੀ ਸਮਾਜ ਨੂੰ ਨਵੇਂ ਸਿਰਿਓਂ ਜਥੇਬੰਦ ਕਰਨ ਦਾ ਸਿਰਫ ਐਲਾਨ ਹੀ ਨਹੀਂ ਕੀਤਾ ਬਲਕਿ ਜਥੇਬੰਦ ਕਰ ਕੇ ਵਿਖਾਇਆ। ਗੁਰੂ ਗੋਬਿੰਦ ਸਿੰਘ ਜੀ ਵਲੋਂ ਪ੍ਰਗਟ ਕੀਤੇ ਗਏ ਖਾਲਸਾ ਪੰਥ ਦਾ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਨਾਲ ਇਹੀ ਰਿਸ਼ਤਾ ਹੈ। ਬਰਾਬਰੀ, ਆਜ਼ਾਦੀ, ਭਾਈਚਾਰਾ, ਪ੍ਰੇਮ ਭਾਵ, ਸਦਾਚਾਰ, ਸਮਾਜ ਸੇਵਾ ਆਦਿ ਸਭ ਇਸ ਫਿਲਾਸਫੀ ਵਿਚੋਂ ਇਕ ਝਰਨੇ ਵਾਂਗ ਫੁੱਟਦੇ ਤੁਰੇ ਆਉਂਦੇ ਹਨ। ਇਸੇ ਨੂੰ ਪ੍ਰੋਫੈਸਰ ਪੂਰਨ ਸਿੰਘ ਨੇ ਸਮੁੱਚੀ ਮਨੁੱਖ ਜਾਤੀ ਲਈ ਇਕ ਗਾਡੀ ਰਾਹ ਕਿਹਾਹੈ, ‘ਇਹ ਗੱਲ ਬੜੀ ਵਿਸ਼ੇਸ਼ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਸੰਕਲਪਗਤ ਪਰਮਾਤਮਾ ਨੂੰ ਨਹੀਂ ਧਿਆਇਆ ਸਗੋਂ ਆਪ ਨੇ ਬ੍ਰਹਿਮੰਡ ਦੇ ਪਰਮ-ਆਤਮ ਨੂੰ ਅਰਾਧਿਆ ਹੈ, ਜਿਸ ਕੋਲ ਆਤਮਾ ਦੇ ਸੱਚੇ ਜੀਵਨ ਦੀਆਂ ਚੰਗਿਆੜੀਆਂ ਨੂੰ ਦੂਜਿਆਂ ਵਿਚ ਸੰਚਾਰ ਕਰਨ ਦੀ ਸ਼ਕਤੀ ਮੌਜੂਦ ਹੈ। ਗੁਰੂ ਨਾਨਕ ਦੇਵ ਜੀ ਨੇ ਆਪਣੇ ਦੁਆਰਾ ਸਥਾਪਿਤ ਸਿੱਖ ਸੰਗਤ ਨੂੰ ਪੰਥ ਜਾਂ ਮਾਰਗ ਦੀ ਹੀ ਸੰਗਿਆ ਦਿੱਤੀ ਹੈ ਅਤੇ ਇਸ ਨੂੰ ਕਿਸੇ ਫਿਰਕੇ ਨਾਲ ਨਹੀਂ ਜੋੜਿਆ। ਪੂਰਨਤਾ ਤਕ ਪੁੱਜਣ ਲਈ ਸਾਰੀ ਮਨੁੱਖ ਜਾਤੀ ਲਈ ਇਹ ਗਾਡੀ-ਰਾਹ ਹੈ।’
ਫਿਲਾਸਫੀ ਦੀ ਪੱਧਰ ਉਤੇ ਗੁਰੂ ਸਾਹਿਬ ਦੀ ਟੱਕਰ ਬ੍ਰਾਹਮਣਵਾਦੀ ਸੋਚ ਪ੍ਰਬੰਧ ਨਾਲ ਸੀ ਤੇ ਕੁਦਰਤੀ ਸਾਧਨਾਂ ਦੀ ਮਾਲਕੀ ਲਈ ਉਨ੍ਹਾਂ ਦੀ ਟੱਕਰ ਮੁਸਲਮਾਨ ਰਜਵਾੜਾਸ਼ਾਹੀ ਨਾਲ ਸੀ। ਪਰ ਕਿਤੇ ਵੀ ਗੁਰੂ ਸਾਹਿਬ ਨੇ ਮੁਸਲਮਾਨਾਂ ਅਤੇ ਹਿੰਦੂਆਂ ਪ੍ਰਤੀ ਨਫ਼ਰਤ ਨਹੀਂ ਭਰੀ ਤੇ ਨਾ ਹੀ ਸਿੱਖ ਪੰਥ ਕਿਸੇ ਭਾਈਚਾਰੇ ਨਾਲ ਟਕਰਾਅ ਦੇ ਰੂਪ ਵਿਚ ਵਿਕਸਿਤ ਹੋਇਆ ਹੈ। ਗੁਰੂ ਦੇ ਸਿੱਖ ਦੀ ਮਨੁੱਖੀ ਹੋਂਦ ਬ੍ਰਹਿਮੰਡੀ ਹੈ। ਜੋ ਬ੍ਰਹਮੰਡ ਪਿੰਡ ਸੋ ਜਾਨੁ॥ (ਪੰਨਾ 1162) ਇਸੇ ਕਰਕੇ ਸਿੱਖ ਇਕ ਅਕਾਲ ਦਾ ਪੁਜਾਰੀ ਹੈ। ਇਸੇ ਕਰਕੇ ਉਹ ਹਰ ਵੇਲੇ ਸਰਬੱਤ ਦੇ ਭਲੇ ਤੇ ਸਰਬ-ਸਾਂਝੀਵਾਲਤਾ ਦੀ ਅਰਦਾਸ ਕਰਦਾ ਹੈ। ਇਹ ਪਛਾਣ ਧਰਤੀ ਦੇ ਕਿਸੇ ਖਿੱਤੇ ਨਾਲ ਬੱਝੀ ਹੋਈ ਨਹੀਂ ਬਲਕਿ ਸੰਸਾਰ ਭਰ ਦੇ ਲੋਕਾਂ ਦੀ ਆਤਮਿਕ ਮੁਕਤੀ ਵਾਸਤੇ ਸੰਘਰਸ਼ਸ਼ੀਲ ਹੋਣ ਲਈ ਵਚਨਬੱਧ ਹੈ। ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਅਦ ਹਿੰਦੂ-ਮੁਸਲਮਾਨ ਬਿਰਤਾਂਤ ਬਦਲ ਚੁੱਕਾ ਹੈ। ਇਸ ਬਿਰਤਾਂਤ ਨੂੰ ਅੰਗਰੇਜ਼ ਸਾਮਰਾਜੀਆਂ ਨੇ ਕਿਵੇਂ ਵਿਗਾੜਿਆ ਤੇ ਸਿੰਘ ਸਭਾਈਆਂ ਦੀ ਇਕ ਧਿਰ ਨੇ ਕਿਵੇਂ ਉਨ੍ਹਾਂ ਦਾ ਸਾਥ ਦਿੱਤਾ, ਲਿਖਤ ਲੰਮੀ ਹੋ ਜਾਣ ਦੇ ਡਰੋਂ ਇਸ ਦਾ ਵੇਰਵਾ ਅਗਲੀ ਲਿਖਤ ਵਿਚ ਦੇਣ ਦਾ ਯਤਨ ਕਰਾਂਗੇ।