ਪੰਜਾਬ ਕਲਾ ਪਰਿਸ਼ਦ ਦੇ ਵਿਹੜੇ ਰੰਧਾਵਾ ਕਲਾ ਉਤਸਵ

ਗੁਲਜ਼ਾਰ ਸਿੰਘ ਸੰਧੂ
ਪੰਜਾਬ ਆਰਟਸ ਕੌਂਸਲ ਵਲੋਂ ਕਲਾ ਭਵਨ ਚੰਡੀਗੜ੍ਹ ਵਿਖੇ ਸਾਲਾਨਾ ਐਮ.ਐਸ. ਰੰਧਾਵਾ ਕਲਾ ਉਤਸਵ ਦੇ ਪਹਿਲੇ ਦਿਨ ਪੰਜਾਬ ਦੀਆਂ ਅੱਠ ਉਘੀਆਂ ਹਸਤੀਆਂ ਨੂੰ ‘ਗੌਰਵ ਪੰਜਾਬ’ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਗੀਤਕਾਰੀ ਵਿਚ ਵੱਡੇ ਯੋਗਦਾਨ ਬਦਲੇ ਬਾਬੂ ਸਿੰਘ ਮਾਨ, ਸਾਹਿਤ ਦੇ ਖੇਤਰ ਵਿਚ ਯੋਗਦਾਨ ਲਈ ਓਮ ਪ੍ਰਕਾਸ਼ ਗਾਸੋ, ਨਾਵਲਕਾਰ ਦੇ ਤੌਰ ਉੱਤੇ ਮਨਮੋਹਨ ਬਾਵਾ, ਚਿੱਤਰਕਾਰੀ ਵਿਚ ਪ੍ਰਾਪਤੀ ਲਈ ਸਿਧਾਰਥ, ਲੋਕ ਗਾਇਕੀ ਵਾਸਤੇ ਪੂਰਨ ਚੰਦ ਵਡਾਲੀ, ਚਿੱਤਰਕਲਾ ਵਾਸਤੇ ਅਨੁਪਮ ਸੂਦ, ਲੋਕ ਕਲਾ ਲਈ ਸ਼ੰਨੋ ਖੁਰਾਣਾ ਤੇ ਨਾਟਕਕਾਰ ਸਵਰਾਜਬੀਰ ਨੂੰ ਇਹ ਪੁਰਸਕਾਰ ਦਿੱਤੇ ਗਏ।

ਦੋ ਤੋਂ ਛੇ ਫਰਵਰੀ ਤਕ ਚੱਲੇ ਇਸ ਉਤਸਵ ਦੀਆਂ ਸ਼ਾਮਾਂ ਨਾਟਕਕਾਰੀ, ਗਾਇਕੀ, ਲੋਕ ਨਾਚਾਂ ਤੇ ਕਵੀ ਦਰਬਾਰਾਂ ਨੂੰ ਸਮਰਪਿਤ ਰਹੀਆਂ। ਪਹਿਲੇ ਦਿਨ ਆਰ.ਐਸ.ਡੀ. ਕਾਲਜ ਦੇ ਵਿਦਿਆਰਥੀਆਂ ਨੇ ਹੀਰ ਵਾਰਿਸ ਦਾ ਪ੍ਰੰਪਰਾਗਤ ਗਾਇਨ ਪੇਸ਼ ਕੀਤਾ ਅਤੇ ਫਿਲਮਕਾਰ ਹਰਜੀਤ ਸਿੰਘ ਰਚਿਤ ਨੰਦ ਲਾਲ ਨੂਰਪੁਰੀ ਦੇ ਜੀਵਨ `ਤੇ ਆਧਾਰਿਤ ਫਿਲਮ ਦਿਖਾਈ ਗਈ। ਦੂਜੇ ਦਿਨ ਬਾਜ਼ੀਗਰਾਂ ਦੀ ਬਾਜ਼ੀ ਕਲਾ ਦੀ ਪੇਸ਼ਕਾਰੀ ਉਪਰੰਤ ਕਵੀ ਦਰਬਾਰ ਵਿਚ ਸੁਖਵਿੰਦਰ ਅੰਮ੍ਰਿਤ, ਗੁਰਮਿੰਦਰ ਸਿੱਧੂ, ਕੁਮਾਰ ਜਗਦੇਵ, ਬੂਟਾ ਸਿੰਘ ਚੌਹਾਨ, ਤਰਸੇਮ, ਜਗਦੀਪ, ਜਸ਼ਨਪ੍ਰੀਤ, ਲਿਲੀ ਸਵਰਨ, ਦਿਲਪ੍ਰੀਤ ਚਹਿਲ, ਰਣਧੀਰ ਦਿੜ੍ਹਬਾ, ਜਗਦੀਪ ਜਵਾਹਰਕਾ ਨੇ ਆਪੋ-ਆਪਣੀ ਸ਼ਾਇਰੀ ਪੇਸ਼ ਕੀਤੀ। ਤੀਸਰੇ ਦਿਨ ਖ਼ੁਸ਼ੀ ਮੁਹੰਮਦ ਤੇ ਸਾਧੂ ਖਾਂ ਘਨੌਰ ਵਾਲਿਆਂ ਦੀ ਪਾਰਟੀ ਨੇ ਸਰੋਤਿਆਂ ਨੂੰ ਨਕਲਾਂ ਨਾਲ ਕਰ ਕਰ ਦਿਖਾਈਆਂ। ਇਹ ਜੋੜੀ ਛੇ ਪੀੜ੍ਹੀਆਂ ਤੋਂ ਇਸ ਕਲਾ ਨੂੰ ਸਮਰਪਿਤ ਹੈ। ਸਾਧੂ ਖਾਂ ਦੇ ਸਾਥੀ ਕਲਾਕਾਰਾਂ ਨੇ ਮਿਆਰੀ ਕਾਮੇਡੀ ਵੀ ਪੇਸ਼ ਕੀਤੀ। ਇਸ ਦੇ ਨਾਲ ਹੀ ਡਾ. ਨਿਵੇਦਿਤਾ ਸਿੰਘ ਨੇ ਸੂਫੀਆਨਾ ਕਲਾਮ ਤੇ ਸ਼ਬਦ ਗਾਇਨ ਦੀਆਂ ਕਈ ਵੰਨਗੀਆਂ ਪੇਸ਼ ਕੀਤੀਆਂ।
ਉਤਸਵ ਦੀ ਆਖਰੀ ਸ਼ਾਮ ਭੰਡਾਂ ਤੇ ਢਾਡੀਆਂ ਨੇ ਵੀ ਖੂਬ ਰੰਗ ਬੰਨ੍ਹਿਆ ਤੇ ਗੁਰਚਰਨ ਚੰਨੀ ਦਾ ਨੁੱਕੜ ਨਾਟਕ ਵੀ ਪੇਸ਼ ਕੀਤਾ। ਇਸਦੇ ਨਾਲ ਹੀ ਭੀਮ ਸਿੰਘ ਲੁਬਾਣਾ ਨੇ ਗਰਾਮਾਫੋਨ ਦੇ ਪੁਰਾਣੇ ਤਵਿਆਂ ਦੀ ਪੇਸ਼ਕਾਰੀ ਦੁਆਰ ਨਿਵੇਕਲਾ ਰੰਗ ਬੰਨ੍ਹਿਆ। ਉਤਸਵ ਦਾ ਸਿਖਰ ਸਵਰਾਜਬੀਰ ਦਾ ਲਿਖਿਆ ਨਾਟਕ ‘ਆਦਿ ਅੰਤ ਦੀ ਸਾਖੀ’ ਸੀ ਜਿਸਦਾ ਨਿਰਦੇਸ਼ਨ ਕੇਵਲ ਧਾਲੀਵਾਲ ਨੇ ਕੀਤਾ। ਏਸ ਚਾਰ ਦਿਨਾਂ ਉਤਸਵ ਵਿਚ ਸਾਹਿਤਕ ਸੈਮੀਨਾਰ ਵੀ ਹੋਏ ਜਿਨ੍ਹਾਂ ਵਿਚ ਪੰਜਾਬੀ ਸਾਹਿਤ ਦੇ ਉੱਘੇ ਆਲੋਚਕਾਂ ਨੇ ਕਹਾਣੀ, ਨਾਵਲ, ਨਾਟਕ, ਵਾਰਤਕ ਤੇ ਕਵਿਤਾ ਬਾਰੇ ਡੂੰਘੀਆਂ ਗੱਲਾਂ ਕੀਤੀਆਂ। ਜੇ ਬੀ ਸੇਖੋਂ ਨੇ ਪੰਜਾਬੀ ਨਾਵਲ ਦੀ ਅਜੋਕੀ ਸਥਿਤੀ ਬਾਰੇ ਦੱਸਿਆ। ਪੰਜਾਬ ਦੀ ਅਜੋਕੀ ਨਾਟਕ ਕਲਾ ਬਾਰੇ ਕੇਵਲ ਧਾਲੀਵਾਲ ਨੇ ਚਰਚਾ ਕੀਤੀ ਤੇ ਕਹਾਣੀ ਕਲਾ ਦੇ ਵੱਖ ਵੱਖ ਪੱਖਾਂ ਬਾਬਤ ਡਾ. ਬਲਦੇਵ ਧਾਰੀਵਾਲ ਨੇ ਚਾਨਣਾ ਪਾਇਆ। ਪੰਜਾਬੀ ਵਾਰਤਕ ਬਾਰੇ ਡਾ. ਰਜਿੰਦਰਪਾਲ ਬਰਾੜ ਨੇ ਵਿਸਥਾਰਪੂਰਵਕ ਭਾਸ਼ਣ ਦਿੱਤਾ।
ਉਤਸਵ ਦੇ ਵੱਖ ਵੱਖ ਸੈਸ਼ਨਾਂ ਦੀ ਪ੍ਰਧਾਨਗੀ ਪਰਿਸ਼ਦ ਦੇ ਪ੍ਰਧਾਨ ਸੁਰਜੀਤ ਪਾਤਰ ਤੇ ਮੀਤ ਪ੍ਰਧਾਨ ਡਾ. ਯੋਗਰਾਜ, ਨੌਜਵਾਨ ਚਿੰਤਕ ਅਮਰਜੀਤ ਗਰੇਵਾਲ ਤੇ ਬਜ਼ੁਰਗ ਕਲਾ ਪ੍ਰੇਮੀ ਭਾਈ ਅਸ਼ੋਕ ਸਿੰਘ ਬਾਗੜੀਆ ਨੇ ਕੀਤੀ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਜਨਰਲ ਸਕੱਤਰ ਲਖਵਿੰਦਰ ਜੌਹਲ ਤੇ ਮੀਡੀਆ ਸਲਾਹਕਾਰ ਨਿੰਦਰ ਘੁਗਿਆਣਵੀ ਨੇ ਨਿਭਾਈ। ਪ੍ਰੀਤਮ ਰੁਪਾਲ, ਸੰਗੀਤ ਨਾਟਕ ਅਕਾਦਮੀ ਦਾ ਸਕੱਤਰ ਹੋਣ ਦੇ ਨਾਤੇ, ਕਈ ਪੇਸ਼ਕਾਰੀਆਂ ਦੀ ਰੂਹ-ਏ-ਰਵਾਂ ਰਿਹਾ।
ਪੰਜਾਬੀ ਸਾਹਿਤ ਸਭਾ ਤੋਂ ‘ਧੁੱਪ ਦੀ ਮਹਿਫਲ’
ਪੰਜਾਬੀ ਸਾਹਿਤ ਸਭਾ ਵੱਲੋਂ ਆਪਣੀ 32ਵੀਂ ‘ਧੁੱਪ ਦੀ ਮਹਿਫਲ’ ਪਹਿਲਾਂ ਵਾਂਗ ਨਵਯੁਗ ਫਾਰਮ, ਮਹਿਰੌਲੀ ਵਿਖੇ ਖ਼ੂਬਸੂਰਤ ਅੰਦਾਜ਼ ਵਿਚ ਮਨਾਈ ਗਈ ਜਿੱਥੇ ਪੰਜ ਨਾਮਵਰ ਸ਼ਖ਼ਸੀਅਤਾਂ ਡਾ. ਰਘਬੀਰ ਸਿੰਘ, ਡਾ. ਰਜਿੰਦਰ ਸਿੰਘ, ਡਾ. ਮਹਿੰਦਰ ਸਿੰਘ, ਡਾ. ਕਰਨਜੀਤ ਸਿੰਘ ਤੇ ਕੇ. ਐੱਲ ਗਰਗ ਨੂੰ ਉਨ੍ਹਾਂ ਦੀਆਂ ਸਾਹਿਤਕ ਤੇ ਸਭਿਆਚਾਰਕ ਸੇਵਾਵਾਂ ਬਦਲੇ ਸਨਮਾਨਿਆ ਗਿਆ। ਸਨਮਾਨ ਵਿਚ ਸ਼ਾਲ, ਸਨਮਾਨ ਚਿੰਨ੍ਹ, ਮਾਣ-ਪੱਤਰ ਤੇ 51-51 ਹਜ਼ਾਰ ਰੁਪਏ ਨਗਦ ਦਿੱਤੇ ਜਾਂਦੇ ਹਨ। ਪ੍ਰੋਗਰਾਮ ਦੀ ਪ੍ਰਧਾਨਗੀ ਪੰਜਾਬੀ ਤੇ ਪੰਜਾਬੀਅਤ ਲਈ ਫ਼ਿਕਰਮੰਦ ਸਾਬਕਾ ਗਵਰਨਰ ਜਨਰਲ ਜੇ.ਜੇ. ਸਿੰਘ ਨੇ ਕੀਤੀ।
ਪੌਣੇ ਤਿੰਨ ਸੌ ਦੇ ਕਰੀਬ ਜੁੜੇ ਇਸ ਲੇਖਕ-ਮੇਲੇ ਨੂੰ ਸੰਬੋਧਨ ਕਰਦਿਆਂ ਜਨਰਲ ਜੇ.ਜੇ. ਸਿੰਘ ਨੇ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਤੇ ਸਭਿਆਚਾਰ ਦੀ ਚਰਚਾ ਕਰਦਿਆਂ ਆਖਿਆ ਕਿ ਆਪਣੇ ਬੱਚਿਆਂ ਅੰਦਰ ਪੰਜਾਬੀ ਸਭਿਆਚਾਰ ਨੂੰ ਪੀੜ੍ਹੀ-ਦਰ-ਪੀੜ੍ਹੀ ਪ੍ਰਚਾਰਨ-ਪਸਾਰਨ ਲਈ ਜ਼ਰੂਰੀ ਹੈ ਕਿ ਪੰਜਾਬੀ ਸਭਿਆਚਾਰ ਤੇ ਪੰਜਾਬੀਅਤ ਨੂੰ ਵੱਡੇ ਪੱਧਰ ਉੱਤੇ ਦੇਸ਼-ਵਿਦੇਸ਼ ਵਿਚ ਪ੍ਰਚਾਰਿਆ ਜਾਵੇ। ਉਨ੍ਹਾਂ ਮੌਜੂਦਾ ਹਾਲਾਤ ਦੇ ਅਨੁਭਵ ’ਤੇ ਆਧਾਰਤ ਕਿਹਾ ਕਿ ਪੰਜਾਬੀਅਤ ਨੂੰ ਬਚਾਏ ਜਾਣ ਦੀ ਬਹੁਤ ਲੋੜ ਹੈ। ਪੰਜਾਬੀ ਭਵਨ ਦੇ ਡਾਇਰੈਕਟਰ ਬਲਬੀਰ ਮਾਧੋਪੁਰੀ ਨੇ ਸਭਾ ਵਲੋਂ ਚਲਾਈਆਂ ਜਾਂਦੀਆਂ ਦੋ ਸੌ ਲਾਇਬ੍ਰੇਰੀਆਂ, ਲੋੜਵੰਦ ਲੇਖਕਾਂ, ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਤੇ ਭਾਪਾ ਪ੍ਰੀਤਮ ਸਿੰਘ ਵਲੋਂ ਪੰਜਾਬੀ ਲੇਖਕਾਂ ਨੂੰ ਤੋਹਫ਼ੇ ਵਜੋਂ ਦਿੱਤੇ ਪੰਜਾਬੀ ਭਵਨ ਬਾਰੇ ਚਰਚਾ ਕੀਤੀ। ਇਸ ਮੌਕੇ ਜਿਨ੍ਹਾਂ ਲੇਖਕਾਂ ਦੀਆਂ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ ਉਨ੍ਹਾਂ ਵਿਚ ਅਜੀਤ ਕੌਰ, ਡਾ. ਰੇਣੁਕਾ ਸਿੰਘ, ਡਾ. ਕਰਨਜੀਤ ਸਿੰਘ, ਬਚਿੰਤ ਕੌਰ, ਬਲਬੀਰ ਮਾਧੋਪੁਰੀ, ਕੇਸਰਾ ਰਾਮ, ਸੱਜਾਦ ਜ਼ਹੀਰ, ਖਵਾਜਾ ਅਹਿਮਦ ਅੱਬਾਸ, ਐੱਸ ਬਲਵੰਤ, ਅਮਰਜੀਤ ਚੰਦਨ ਤੇ ਕਰਨ ਸਿੰਘ ਬਠਿੰਡਾ ਸ਼ਾਮਲ ਹਨ।
ਏਥੇ ਵੱਡੀ ਗਿਣਤੀ ਵਿਚ ਪਹੰੁਚੇ ਲੇਖਕਾਂ ਤੇ ਪੰਜਾਬੀ ਪ੍ਰੇਮੀਆਂ, ਖ਼ਾਸ ਤੌਰ `ਤੇ ਦੇਸ਼-ਵਿਦੇਸ਼ ਤੋਂ ਪਹੰੁਚੇ ਪ੍ਰੇਮੀਆਂ ਨੇ ਸੁਹਾਵਣੇ ਮੌਸਮ ਵਿਚ ਫੁੱਲਾਂ ਤੇ ਹਰਿਆਲੀ ਦਾ ਨਜ਼ਾਰਾ ਮਾਣਿਆ। 1943 ਵਿਚ ਸਥਾਪਤ ਹੋਈ ਇਸ ਸਭਾ ਦੀ ਦੇਖ-ਰੇਖ ਅੱਜ ਦੇ ਦਿਨ ਪੰਜਾਬੀ ਲੇਖਕ ਤੇ ਪੱਤਰਕਾਰ ਗੁਲਜ਼ਾਰ ਸਿੰਘ ਸੰਧੂ ਅਤੇ ਪ੍ਰੋਫੈਸਰ ਤੇ ਸਮਾਜ ਸੇਵਿਕਾ ਡਾ. ਰੇਣੁਕਾ ਸਿੰਘ ਕਰ ਰਹੇ ਹਨ।
ਅੰਤਿਕਾ
ਅੰਮ੍ਰਿਤਪਾਲ ਸਿੰਘ ਸ਼ੈਦਾ
ਜਦੋਂ ਪਹਿਲੀ ਦਫਾ ਬੱਚਾ ਉਚਰਦੈ ਤੋਤਲੀ ਬੋਲੀ
ਨਾ ਪੁੱਛੋ ਮਾਂ ਦੀ ਉਸ ਛਿਣ ਕੀ ਨਿਰਾਲੀ ਸ਼ਾਨ ਹੰੁਦੀ ਹੈ
ਜਦੋਂ ਕਾਮਾ ਉਠਾ ਕੇ ਸ਼ਬਦ ਅਰਥਾਂ ਦੇ ਘਰੀਂ ਜਾਂਦੇ
ਤਾਂ ਮਾਂ ਵੱਲੋਂ ਮਿਲੀ ਭਿਖਿਆ ਹੀ ਸੱਚਾ ਦਾਨ ਹੰੁਦੀ ਹੈ।