ਨਕੋਦਰ ਬੇਅਦਬੀ ਕਾਂਡ ਪੀੜਤਾਂ ਨੂੰ 37 ਵਰ੍ਹਿਆਂ ਤੋਂ ਇਨਸਾਫ ਦੀ ਉਡੀਕ

ਜਲੰਧਰ: ਨਕੋਦਰ ਵਿਚ 37 ਸਾਲ ਪਹਿਲਾਂ 4 ਫਰਵਰੀ 1986 ਨੂੰ ਵਾਪਰੇ ਬੇਅਦਬੀ ਕਾਂਡ ਦੌਰਾਨ ਪੁਲਿਸ ਨੇ ਗੋਲੀਆਂ ਮਾਰ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਨਕੋਦਰ ਵਿਚ 1986 ਦੌਰਾਨ ਵਾਪਰੀ ਇਸ ਘਟਨਾ ਤੋਂ ਬਾਅਦ ਭਗਵੰਤ ਸਿੰਘ ਮਾਨ 8ਵੇਂ ਮੁੱਖ ਮੰਤਰੀ ਬਣੇ ਹਨ ਜਿਨ੍ਹਾਂ ਅੱਗੇ ਪੀੜਤ ਪਰਿਵਾਰ ਇਨਸਾਫ ਲਈ ਤਰਲੇ ਕੱਢ ਰਹੇ ਹਨ।

ਪੁਲਿਸ ਦੀਆਂ ਗੋਲੀਆਂ ਨਾਲ ਸ਼ਹੀਦ ਹੋਣ ਵਾਲਿਆਂ ਵਿਚ ਚਾਰ ਸਿੱਖ ਨੌਜਵਾਨ ਵਿਦਿਆਰਥੀ ਰਵਿੰਦਰ ਸਿੰਘ ਲਿੱਤਰਾਂ, ਬਲਧੀਰ ਸਿੰਘ ਰਾਮਗੜ੍ਹ, ਝਿਲਮਣ ਸਿੰਘ ਗੌਰਸੀਆਂ ਅਤੇ ਹਰਮਿੰਦਰ ਸਿੰਘ ਰਾਏਪੁਰ ਸ਼ਾਮਲ ਸਨ। ਇਹ ਚਾਰੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਵੀ ਸਨ। ਪਿਛਲੇ 37 ਸਾਲਾਂ ਤੋਂ ਇਨਸਾਫ ਦੀ ਉਡੀਕ ਕਰਦੇ-ਕਰਦੇ ਤਿੰਨ ਨੌਜਵਾਨਾਂ ਦੇ ਮਾਪੇ ਤਾਂ ਇਸ ਦੁਨੀਆਂ ਤੋਂ ਵੀ ਚਲੇ ਗਏ ਹਨ। ਇਨ੍ਹਾਂ ਸ਼ਹੀਦ ਨੌਜਵਾਨਾਂ ਵਿਚ ਸ਼ਾਮਲ ਰਵਿੰਦਰ ਸਿੰਘ ਲਿੱਤਰਾਂ ਦੇ ਪਿਤਾ ਬਲਦੇਵ ਸਿੰਘ ਲਿੱਤਰਾਂ ਹਰ ਸਾਲ ਕੈਨੇਡਾ ਤੋਂ ਆ ਕੇ ਉਨ੍ਹਾਂ ਦੀ ਯਾਦ ਵਿਚ ਸਮਾਗਮ ਕਰਵਾਉਂਦੇ ਹਨ ਪਰ ਅਜੇ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਬਲਦੇਵ ਸਿੰਘ ਲਿੱਤਰਾਂ ਨੇ ਦੱਸਿਆ ਕਿ 1986 ਵਿਚ ਵਾਪਰੀ ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਅੱਠ ਮੁੱਖ ਮੰਤਰੀ ਬਣੇ ਪਰ ਇਨਸਾਫ ਕਿਸੇ ਨੇ ਵੀ ਨਹੀਂ ਦਿੱਤਾ।
ਇਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਇਸ ਗੱਲ ਦਾ ਸਭ ਤੋਂ ਵੱਧ ਰੋਸ ਹੈ ਕਿ 37 ਸਾਲਾਂ ਦੌਰਾਨ ਸਭ ਤੋਂ ਵੱਧ ਸਮਾਂ ਕਰੀਬ 15 ਸਾਲ ਪੰਥਕ ਸਰਕਾਰਾਂ ਰਹੀਆਂ ਸਨ, ਫਿਰ ਵੀ ਇਨਸਾਫ ਲਈ ਉਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪਈਆਂ ਸਨ। ਬਲਦੇਵ ਸਿੰਘ ਲਿੱਤਰਾਂ ਨੇ ਕਿਹਾ ਕਿ ਨਕੋਦਰ ਬੇਅਦਬੀ ਕਾਂਡ ਸਮੇਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਸਾਲ 2015 ਦੌਰਾਨ ਵਾਪਰੇ ਬਰਗਾੜੀ ਬੇਅਦਬੀ ਕਾਂਡ ਵੇਲੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਸਰਕਾਰ ਸੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਹਰਚਰਨ ਸਿੰਘ ਮਹਾਲੋਂ ਨਕੋਦਰ ਬੇਅਦਬੀ ਕਾਂਡ ਵਿਰੁੱਧ ਸੜਕ ‘ਤੇ ਲੱਗੇ ਧਰਨੇ ਵਿਚ ਬੈਠੇ ਸਨ।
ਸ਼੍ਰੋਮਣੀ ਕਮੇਟੀ ਵੱਲੋਂ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ
ਅੰਮ੍ਰਿਤਸਰ: ਬੇਅਦਬੀ ਘਟਨਾਵਾਂ ਦਾ ਵਿਰੋਧ ਕਰਦਿਆਂ 1986 ਵਿਚ ਨਕੋਦਰ ‘ਚ ਪੁਲਿਸ ਗੋਲੀਬਾਰੀ ਕਾਰਨ ਮਾਰੇ ਗਏ ਚਾਰ ਸਿੱਖ ਨੌਜਵਾਨਾਂ ਨੂੰ ਵੱਖ-ਵੱਖ ਸਿੱਖ ਜਥੇਬੰਦੀਆਂ ਨੇ ਯਾਦ ਕੀਤਾ। ਇਸ ਸਬੰਧੀ ਦਰਬਾਰ ਸਾਹਿਬ ਸਮੂਹ ਵਿਚ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਸਬੰਧੀ ਅਖੰਡ ਪਾਠ ਮਰਹੂਮ ਰਵਿੰਦਰ ਸਿੰਘ ਦੇ ਪਰਵਾਸੀ ਭਾਰਤੀ ਪਰਿਵਾਰ ਵੱਲੋਂ ਦਰਬਾਰ ਸਾਹਿਬ ਸਮੂਹ ਸਥਿਤ ਗੁਰਦੁਆਰਾ ਬਾਬਾ ਗੁਰਬਖਸ਼ ਸਿੰਘ ਵਿਖੇ ਰਖਵਾਇਆ ਗਿਆ ਸੀ। ਅਖੰਡ ਪਾਠ ਦੇ ਭੋਗ ਮਗਰੋਂ ਗੁਰਬਾਣੀ ਦਾ ਕੀਰਤਨ ਹੋਇਆ ਅਤੇ ਬਾਅਦ ਵਿਚ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ।
ਵਿਦੇਸ਼ੀ ਮੁਲਕਾਂ ਵੱਲੋਂ ਘਟਨਾ ਨੂੰ ‘ਸਾਕਾ ਨਕੋਦਰ` ਵਜੋਂ ਮਾਨਤਾ
ਚੰਡੀਗੜ੍ਹ: ਅਮਰੀਕਾ, ਕੈਨੇਡਾ, ਫਰਾਂਸ ਤੇ ਹੋਰ ਦੇਸ਼ਾਂ ਦੀਆਂ ਸਰਕਾਰਾਂ ਤਾਂ ਇਸ ਨੂੰ ਸਾਕਾ ਨਕੋਦਰ ਦੇ ਤੌਰ ‘ਤੇ ਮਾਨਤਾ ਦੇ ਚੁੱਕੀਆਂ ਹਨ। ਯੂ.ਐਨ.ਓ .ਵਿਚ ਮਨੁੱਖੀ ਅਧਿਕਾਰਾਂ ਬਾਰੇ ਬਣੀ ਕੌਂਸਲ ਦੇ 43ਵੇਂ ਸੈਸ਼ਨ ਦੌਰਾਨ ਸਾਕਾ ਨਕੋਦਰ ਦਾ ਮਾਮਲਾ ਉਠਾਇਆ ਗਿਆ ਹੈ। ਯੂ.ਕੇ. ਵਿਚ ਰਹਿੰਦੇ ਤੇ ਯੂ.ਐਨ.ਓ. ਦੀ ਮਨੁੱਖੀ ਅਧਿਕਾਰਾਂ ਬਾਰੇ ਬਣੀ ਕੌਂਸਲ ਦੇ ਪ੍ਰਤੀਨਿਧੀ ਡਾ. ਇਕਤਿਦਾਰ ਕਰਾਮਤ ਚੀਮਾ ਨੇ ਦੱਸਿਆ ਕਿ ਜੇ ਸਾਕਾ ਨਕੋਦਰ ‘ਤੇ ਸਰਕਾਰਾਂ ਨੇ ਪਹਿਰਾ ਦਿੱਤਾ ਹੁੰਦਾ ਤਾਂ ਬਰਗਾੜੀ ਕਾਂਡ ਨਹੀਂ ਸੀ ਵਾਪਰਨਾ।