ਵਿਰੋਧੀ ਧਿਰਾਂ ਵੱਲੋਂ ਅਡਾਨੀ ਬਾਰੇ ਮੋਦੀ ਦੀ ਚੁੱਪ `ਤੇ ਸਵਾਲ

=ਨਵੀਂ ਦਿੱਲੀ: ਅਡਾਨੀ ਗਰੁੱਪ ‘ਤੇ ਲੱਗੇ ਦੋਸ਼ਾਂ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਆਪਣਾ ਹੱਲਾ ਤਿੱਖਾ ਕਰਦਿਆਂ ਕਿਹਾ ਕਿ ਇਸ ਮਾਮਲੇ ‘ਤੇ ਮੋਦੀ ਸਰਕਾਰ ਦੀ ‘ਲੰਮੀ ਚੁੱਪ‘ ਵਿਚੋਂ ‘ਮਿਲੀਭੁਗਤ ਦੀ ਬੂ‘ ਆ ਰਹੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਹਿੰਡਨਬਰਗ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੇ ਸ਼ੇਅਰਾਂ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਵਿਚ ਗੌਤਮ ਅਡਾਨੀ ਦੀ ਅਗਵਾਈ ਵਾਲੇ ਗਰੁੱਪ ‘ਤੇ ਧੋਖਾਧੜੀ ਨਾਲ ਲੈਣ-ਦੇਣ ਕਰਨ ਤੇ ਸ਼ੇਅਰਾਂ ਦੀਆਂ ਕੀਮਤਾਂ ਵਿਚ ਹੇਰ-ਫੇਰ ਦੇ ਦੋਸ਼ ਲਾਏ ਗਏ ਹਨ।

ਕਾਂਗਰਸ ਜਰਨਲ ਸਕੱਤਰ ਜੈਰਾਮ ਰਮੇਸ਼ ਨੇ ਇਕ ਬਿਆਨ ਵਿਚ ਕਿਹਾ ਪਾਰਟੀ ਇਸ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਕਈ ਸਵਾਲ ਰੱਖੇਗੀ। ਰਮੇਸ਼ ਨੇ ਕਿਹਾ ਕਿ 2016 ਵਿਚ ਪਨਾਮਾ ਪੇਪਰਜ਼ ਦੇ ਖੁਲਾਸਿਆਂ ਤੋਂ ਬਾਅਦ ਵਿੱਤ ਮੰਤਰਾਲੇ ਨੇ ਐਲਾਨ ਕੀਤਾ ਸੀ ਕਿ ਮੋਦੀ ਨੇ ਨਿੱਜੀ ਤੌਰ ‘ਤੇ ਕਈ ਏਜੰਸੀਆਂ ਦੇ ਇਕ ਜਾਂਚ ਗਰੁੱਪ ਨੂੰ ਵਿੱਤੀ ਲੈਣ-ਦੇਣ ਦੀ ਨਿਗਰਾਨੀ ਦੇ ਹੁਕਮ ਦਿੱਤੇ ਹਨ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਵਿਚ 2016 ‘ਚ ਹੋਏ ਜੀ20 ਸਮਾਗਮ ਵਿਚ ਕਿਹਾ ਸੀ, ‘ਸਾਨੂੰ ਆਰਥਿਕ ਅਪਰਾਧ ਕਰਨ ਵਾਲੇ ਭਗੌੜਿਆਂ ਦੇ ਸੁਰੱਖਿਅਤ ਟਿਕਾਣੇ ਖਤਮ ਕਰਨ ਦੀ ਲੋੜ ਹੈ, ਕਾਲੇ ਧਨ ਨੂੰ ਸਫੈਦ ਕਰਨ ਵਾਲਿਆਂ ਨੂੰ ਲੱਭ ਕੇ ਮੁਲਕਾਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ।‘ ਰਮੇਸ਼ ਨੇ ਕਿਹਾ ਕਿ ਮੋਦੀ ਨੇ ਗੁੰਝਲਦਾਰ ਕੌਮਾਂਤਰੀ ਨਿਯਮਾਂ ਤੇ ਬੈਂਕਿੰਗ ਜਾਣਕਾਰੀ ਗੁਪਤ ਰੱਖੇ ਜਾਣ ਦਾ ਮੁੱਦਾ ਵੀ ਉਭਾਰਿਆ ਸੀ। ਉਨ੍ਹਾਂ ਮੋਦੀ ਸਰਕਾਰ ‘ਤੇ ਨਿਸ਼ਾਨਾ ਸੇਧਦਿਆਂ ਕਿਹਾ, ‘ਇਸ ਤੋਂ ਕਈ ਸਵਾਲ ਨਿਕਲਦੇ ਹਨ ਤੇ ਤੁਸੀਂ ਅਤੇ ਤੁਹਾਡੀ ਸਰਕਾਰ ‘ਹਮ ਅਡਾਨੀ ਕੇ ਹੈਂ ਕੌਨ‘ ਕਹਿ ਕੇ ਸਵਾਲਾਂ ਤੋਂ ਬਚ ਨਹੀਂ ਸਕਦੀ।‘