ਕੁਦਰਤੀ ਆਫਤਾਂ

ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਲਗਾਤਾਰ ਕੁਦਰਤੀ ਆਫਤਾਂ ਵਿਆਪ ਰਹੀਆਂ। ਇਸ ਦਾ ਸਭ ਤੋਂ ਵੱਡਾ ਕਾਰਨ ਤਾਂ ਅੱਜ ਦਾ ਪੂੰਜੀਵਾਦੀ ਵਿਕਾਸ ਮਾਡਲ ਹੈ ਪਰ ਕੁਝ ਹਿੱਸਿਆਂ ਅੰਦਰ ਧਰਤੀ ਹੇਠਲੀਆਂ ਤਬਦੀਲੀਆਂ ਕਾਰਨ ਵੀ ਮਨੁੱਖ ਨੂੰ ਅਜਿਹੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਕਾਰਨ 6000 ਤੋਂ ਵੱਧ ਜਾਨਾਂ ਚਲੀਆਂ ਗਈਆਂ ਹਨ ਅਤੇ ਹਜ਼ਾਰਾਂ ਲੋਕ ਜ਼ਖ਼ਮੀ ਹੋਏ ਹਨ। ਅਣਗਿਣਤ ਇਮਾਰਤਾਂ, ਘਰ, ਕਾਰਖ਼ਾਨੇ, ਹਸਪਤਾਲ ਅਤੇ ਹੋਰ ਅਦਾਰੇ ਤਬਾਹ ਹੋ ਗਏ ਹਨ। ਭੂਚਾਲ ਨੇ ਤੁਰਕੀ ਅਤੇ ਸੀਰੀਆ ਦੀ ਸਰਹੱਦ ਨੇੜਲੇ ਇਲਾਕਿਆਂ ਨੂੰ ਆਪਣੀ ਲਪੇਟ ਵਿਚ ਲਿਆ ਹੈ। ਸੀਰੀਆ ਵਿਚ ਇਹ ਦੁਖਾਂਤ ਹੋਰ ਵੀ ਵੱਡਾ ਹੈ ਕਿਉਂਕਿ ਇਹ ਦੇਸ਼ ਪਹਿਲਾਂ ਹੀ ਲੰਮੇ ਚਿਰ ਤੋਂ ਚੱਲ ਰਹੀ ਜੰਗ, ਭੁੱਖਮਰੀ, ਸਿਹਤ ਸਹੂਲਤਾਂ ਦੀ ਅਣਹੋਂਦ ਅਤੇ ਹੋਰ ਦੁਸ਼ਵਾਰੀਆਂ ਦਾ ਸ਼ਿਕਾਰ ਹੈ। ਹਜ਼ਾਰਾਂ ਲੋਕ ਮਲਬਿਆਂ ਦੇ ਢੇਰਾਂ ਹੇਠ ਦੱਬੇ ਪਏ ਹਨ। ਅਨੁਮਾਨਾਂ ਅਨੁਸਾਰ ਮ੍ਰਿਤਕਾਂ ਦੀ ਗਿਣਤੀ 10000 ਤੋਂ ਵਧ ਸਕਦੀ ਹੈ। ਹਜ਼ਾਰਾਂ ਦੀ ਗਿਣਤੀ ਵਿਚ ਰਾਹਤ ਤੇ ਬਚਾਅ ਕਰਮੀ ਸਹਾਇਤਾ ਕਰਨ ਵਿਚ ਜੁੱਟੇ ਹੋਏ ਹਨ। ਸਾਰੇ ਪ੍ਰਮੁੱਖ ਦੇਸ਼ਾਂ ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਨੇ ਭੂਚਾਲ ਪੀੜਤਾਂ ਦੀ ਮਦਦ ਕਰਨ ਲਈ ਰਾਹਤ ਟੀਮਾਂ ਭੇਜੀਆਂ ਹਨ।
ਭੂਚਾਲ ਮਾਪਣ ਵਾਲੇ ਪੈਮਾਨੇ ਉਤੇ ਭੂਚਾਲ ਦੀ ਤੀਬਰਤਾ 7.8 ਦੱਸੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਪਹਿਲਾ ਝਟਕਾ 7.8 ਤੀਬਰਤਾ ਵਾਲਾ ਸੀ ਅਤੇ ਦੂਸਰਾ 7.5 ਮੈਗਨੀਚਿਊਡ ਦਾ ਸੀ। ਇਨ੍ਹਾਂ ਦੋ ਵੱਡੇ ਝਟਕਿਆਂ ਤੋਂ ਬਾਅਦ ਘੱਟ ਤੀਬਰਤਾ ਵਾਲੇ ਕਈ ਝਟਕੇ ਵੀ ਆਉਂਦੇ ਰਹੇ ਜਿਸ ਨਾਲ ਲੋਕਾਂ ਅੰਦਰ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਸ ਸਾਲਾਂ ਵਿਚ ਸਿਰਫ਼ ਦੋ ਹੋਰ ਭੂਚਾਲ ਇੰਨੀ ਤੀਬਰਤਾ ਵਾਲੇ ਸਨ। ਅਸਲ ਵਿਚ ਧਰਤੀ ਹੇਠਲੀ ਪਰਤ ਕਈ ਟੈਕਟੋਨਿਕ ਪਲੇਟਾਂ ਦੀ ਬਣੀ ਹੋਈ ਹੈ ਅਤੇ ਜਦੋਂ ਇਹ ਪਲੇਟਾਂ ਆਪਸ ਵਿਚ ਖਹਿੰਦੀਆਂ ਹਨ ਤਾਂ ਵੱਡੇ ਭੂਚਾਲ ਆਉਂਦੇ ਹਨ। ਤੁਰਕੀ ਤੇ ਸੀਰੀਆ ਦੀ ਸਰਹੱਦ `ਤੇ ਤਿੰਨ ਟੈਕਟੋਨਿਕ ਪਲੇਟਾਂ (ਅੰਤੋਲੀਅਨ, ਅਰਬੀ ਤੇ ਯੂਰੇਸ਼ੀਅਨ ਪਲੇਟ) ਆਪਸ ਵਿਚ ਮਿਲਦੀਆਂ ਹਨ।ਇਨ੍ਹਾਂ ਪਲੇਟਾਂ ਦੇ ਮਿਲਾਪ ਬਿੰਦੂ ‘ਤੇ ਸਥਿਤ ਹੋਣ ਦੇ ਬਾਵਜੂਦ ਪਿਛਲੇ 200 ਸਾਲਾਂ ਵਿਚ ਇਸ ਇਲਾਕੇ ਵਿਚ ਕੋਈ ਵੱਡਾ ਭੂਚਾਲ ਨਹੀਂ ਆਇਆ। ਇਸ ਲਈ ਇਸ ਇਲਾਕੇ ਵਿਚ ਭੂਚਾਲ ਅਤੇ ਅਜਿਹੀਆਂ ਕੁਦਰਤੀ ਆਫ਼ਤਾਂ ਤੋਂ ਬਚਣ ਦਾ ਪ੍ਰਬੰਧ ਵੀ ਕੋਈ ਬਹੁਤਾਜ਼ਿਆਦਾ ਨਹੀਂ ਹੈ। ਇਸੇ ਦੌਰਾਨ ਤੁਰਕੀ ਵਿਚ ਰਾਸ਼ਟਰਪਤੀ ਰੇਸਿਪ ਤਈਅਪ ਅਰਦੋਗਾਂ ਨੇ ਪ੍ਰਭਾਵਿਤ ਸੂਬਿਆਂ ਵਿਚ ਤਿੰਨ ਮਹੀਨੇ ਲਈ ਐਮਰਜੈਂਸੀ ਲਗਾਉਣ ਦਾ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਅਨੁਸਾਰ ਸੀਰੀਆ ਦੇ ਪ੍ਰਭਾਵਿਤ ਇਲਾਕਿਆਂ ਵਿਚ ਮਦਦ ਪਹੁੰਚਾਉਣ ਵਿਚ ਕਾਫ਼ੀ ਮੁਸ਼ਕਿਲਾਂ ਆ ਰਹੀਆਂ ਹਨ ਕਿਉਂਕਿ ਸੜਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪਿਛਲੇ 11 ਸਾਲਾਂ ਤੋਂ ਚੱਲ ਰਹੇ ਗ੍ਰਹਿਯੁੱਧ ਕਾਰਨ ਸਰਕਾਰੀ ਢਾਂਚਾ ਵੀ ਢਹਿ-ਢੇਰੀ ਹੋ ਗਿਆ ਹੈ। ਇਸ ਗ੍ਰਹਿਯੁੱਧ ਵਿਚ 6 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਅਮਰੀਕਾ, ਰੂਸ, ਇਰਾਨ ਤੇ ਦਹਿਸ਼ਤਗਰਦ ਜਥੇਬੰਦੀਆਂ ਦੇ ਦਖ਼ਲ ਨੇ ਲੋਕਾਂ ਦੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ। ਸੰਸਾਰ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਭੂਚਾਲ ਕਾਰਨ 2.3 ਕਰੋੜ ਲੋਕਾਂ ਦੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਅਮਰੀਕਾ ਅਤੇ ਰੂਸ ਵਰਗੇ ਵੱਡੇ ਮੁਲਕਾਂ ਨੇ ਆਪਣੀ ਸੰਸਾਰ-ਸਿਆਸਤ ਦੇ ਹਿਸਾਬ ਸੀਰੀਆ ਨੂੰ ਜੰਗ ਦਾ ਪਿੜ ਬਣਾ ਕੇ ਰੱਖਿਆ ਹੈ। ਹੁਣ ਇਨ੍ਹਾਂ ਨੂੰ ਚਾਹੀਦਾ ਹੈ ਕਿ ਸੰਕਟ ਦੇ ਸਮੇਂ ਦੌਰਾਨ ਸੀਰੀਆ ਦੇ ਲੋਕਾਂ ਦੀ ਬਾਂਹ ਫੜੀ ਜਾਵੇ। ਕੁਝ ਖੈਰਾਇਤੀ ਸੰਸਥਾਵਾਂ ਭੂਚਾਲ ਤੋਂ ਪੀੜਤ ਲੋਕਾਂ ਨੂੰ ਰਾਹਤ ਦੇਣ ਵਿਚ ਜੁਟ ਗਈਆਂ ਹਨ। ਇਸ ਵਕਤ ਭੂਚਾਲ ਮਾਰੇ ਇਲਾਕਿਆਂ ਦੇ ਲੋਕਾਂ ਨੂੰ ਤੁਰੰਤ ਇਮਦਾਦ ਦੀ ਲੋੜ ਹੈ। ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਨੂੰ ਇਸ ਪਾਸੇ ਤਰਜੀਹੀ ਆਧਾਰ ‘ਤੇ ਕੰਮ ਕਰਚਾ ਚਾਹੀਦਾ ਹੈ ਤਾਂ ਕਿ ਉਥੇ ਹੋਈ ਤਬਾਹੀ ਨਾਲ ਪੀੜਤ ਲੋਕਾਂ ਦੀ ਮਦਦ ਹੋ ਸਕੇ।
ਸੱਚਮੁੱਚ ਇਸ ਵਕਤ ਸਮੁੱਚਾ ਸੰਸਾਰ ਵੱਖ-ਵੱਖ ਕਾਰਨਾਂ ਕਰ ਕੇ ਵੱਡੇ ਸੰਕਟਾਂ ਵਿਚੋਂ ਗੁਜ਼ਰ ਰਿਹਾ ਹੈ। ਇਨ੍ਹਾਂ ਵਿਚੋਂ ਇਕ ਸੰਕਟ ਅਮੀਰਾਂ ਅਤੇ ਗਰੀਬਾਂ ਵਿਚਕਾਰ ਵਧ ਰਿਹਾ ਪਾੜਾ ਹੈ। ਇਸ ਪਾੜੇ ਦਾ ਮੁੱਖ ਕਾਰਨ ਸੰਸਾਰ ਦੇ ਬਹੁਤ ਸਾਰੇ ਮੁਲਕਾਂ ਵਿਚ ਲਾਗੂ ਨਵ-ਉਦਾਰਵਾਦੀ ਨੀਤੀਆਂ ਹਨ। ਇਨ੍ਹਾਂ ਨੀਤੀਆਂ ਕਾਰਨ ਧਨ-ਦੌਲਤ ਕੁਝ ਕੁ ਲੋਕਾਂ ਦੇ ਹੱਥਾਂ ਵਿਚ ਸਿਮਟ ਰਹੀ ਹੈ ਅਤੇ ਫਿਰ ਜਦੋਂ ਭੂਚਾਲ ਵਰਗੀਆਂ ਮੁਸੀਬਤਾਂ ਪੈਂਦੀਆਂ ਹਨ ਤਾਂ ਸਭ ਤੋਂ ਵੱਧ ਮੁਸ਼ਕਿਲਾਂ ਗੁਰਬਤ ਮਾਰੇ ਲੋਕਾਂ ਨੂੰ ਹੀ ਸਹਿਣੀਆਂ ਪੈਂਦੀਆਂ ਹਨ। ਇਸੇ ਕਰ ਕੇ ਹੁਣ ਬਹੁਤ ਸਾਰੇ ਮੁਲਕਾਂ ਵਿਚ ਵਿਕਾਸ ਦੇ ਮੌਜੂਦਾ ਮਾਡਲ ਉਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਅਤੇ ਕਈ ਮੁਲਕਾਂ ਵਿਚ ਲੋਕ ਜਥੇਬੰਦ ਹੋ ਕੇ ਸੰਘਰਸ਼ ਦੇ ਰਾਹ ਵੀ ਪੈ ਗਏ ਹਨ। ਅਸਲ ਵਿਚ ਪੂੰਜੀਵਾਦ ਨੇ ਪਿਛਲੇ ਕੁਝ ਦਹਾਕਿਆਂ ਦੌਰਾਨ ਕੁਦਰਤ ਨਾਲ ਖਿਲਵਾੜ ਦਾ ਸਿਲਸਿਲਾ ਕੁਝ ਵਧੇਰੇ ਤੇਜ਼ ਕਰ ਦਿੱਤਾ ਹੋਇਆ ਹੈ। ਵੱਖ-ਵੱਖ ਕਾਰਪੋਰੇਟ ਅਦਾਰੇ ਆਪਣੇ ਮੁਨਾਫੇ ਨੂੰ ਮੁੱਖ ਰੱਖ ਕੇ ਕੁਦਰਤੀ ਸਰੋਤਾਂ ਦੀ ਅੰਧਾਧੁੰਦ ਵਰਤੋਂ ਕਰ ਰਹੇ ਹਨ। ਸਿੱਟੇ ਵਜੋਂ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਿਚ ਨਿੱਤ ਦਿਨ ਵਾਧਾ ਹੋ ਰਿਹਾ ਹੈ। ਇਸ ਦਾ ਇਕੋ-ਇਕ ਹੱਲ ਲੋਕਾਂ ਅੰਦਰ ਜਾਗਰੂਕਤਾ ਪੈਦਾ ਕਰਨਾ ਹੈ। ਜਾਗਰੂਕ ਲੋਕ ਹੀ ਸਰਕਾਰਾਂ ਅਤੇ ਕਾਰੋਪਰੇਟ ਸੈਕਟਰ ਵੱਲੋਂ ਕੁਦਰਤੀ ਸੋਮਿਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਠੱਲ੍ਹ ਪਾ ਸਕਦੇ ਹਨ।ਵੱਖ-ਵੱਖ ਥਾਈਂ ਇਹ ਹੋਕਰੇ ਲੱਗ ਵੀ ਰਹੇ ਹਨ ਕਿ ਵੱਧ ਤੋਂ ਵੱਧ ਲਾਮਬੰਦ ਹੋ ਕੇ ਕੁਦਰਤ ਅਤੇ ਆਮ ਮਨੁੱਖ ਨਾਲ ਕੀਤੀਆਂ ਜਾ ਰਹੀਆਂ ਵਧੀਕੀਆਂ ਖਿਲਾਫ ਮੋਰਚੇ ਮੱਲੇ ਜਾਣ; ਨਹੀਂ ਤਾਂ ਸਥਾਪਤੀ-ਤੰਤਰ ਹੁਣ ਅਜਿਹਾ ਰੂਪ ਵਟਾ ਰਿਹਾ ਹੈ ਕਿ ਹਰ ਆਮ ਸ਼ਖਸ ਇਸ ਵਿਕਾਸ ਮਾਡਲ ਦੇ ਘੇਰੇ ਵਿਚੋਂ ਬਾਹਰ ਨਿੱਕਲ ਰਿਹਾ ਹੈ।ਜ਼ਾਹਿਰ ਹੈ ਕਿ ਮੌਜੂਦਾ ਤੰਤਰ ਮੁਨਾਫੇ ਨੂੰ ਤਰਜੀਹ ਦੇ ਰਿਹਾ ਹੈ। ਚਾਹੀਦਾ ਇਹ ਹੈ ਕਿ ਕੁਦਰਤੀ ਆਫਤਾਂ ਬਾਰੇ ਕੋਈ ਸਿਆਸਤ ਕਰਨ ਦੀ ਥਾਂ ਪੀੜਤ ਲੋਕਾਂ ਦੀ ਤੁਰੰਤ ਮਦਦ ਕੀਤੀ ਜਾਵੇ।