ਸ. ਹਜ਼ਾਰਾ ਸਿੰਘ ਮਿਸੀਸਾਗਾ ਤੇ ਸ. ਹਰਚਰਨ ਸਿੰਘ ਪ੍ਰਹਾਰ ਦੀਆਂ ਲਿਖਤਾਂ ਦੇ ਹਵਾਲੇ ਨਾਲ

ਗੁਰਬਚਨ ਸਿੰਘ
98156-98451
ਸਾਕਾ ਨੀਲਾ ਤਾਰਾ ਵੀਹਵੀਂ ਸਦੀ ਦੇ ਪੰਜਾਬ ਦੇ ਇਤਿਹਾਸ – ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਦੇ ਸੰਦਰਭ ਵਿਚ ਬੜੀ ਹੀ ਤ੍ਰਾਸਦਿਕ ਘਟਨਾ ਸੀ, ਇਹ ਘਟਨਾ ਕਿਉਂ ਵਾਪਰੀ; ਕੌਣ-ਕੌਣ ਧਿਰਾਂ ਜਿ਼ੰਮੇਵਾਰ ਸਨ, ਇਸ ਸਵਾਲ `ਤੇ ਕਈ ਦਹਾਕੇ ਬੀਤ ਜਾਣ ਪਿੱਛੋਂ ਅਜੇ ਤਕ ਵੀ ਬਹਿਸ ਨਿਰੰਤਰ ਜਾਰੀ ਹੈ। ਇਸ ਦੁਖਾਂਤ ਲਈ ਕਮਿਊਨਿਸਟ ਧਿਰਾਂ ਜਿ਼ੰਮੇਵਾਰ ਸਨ ਜਾਂ ਨਹੀਂ ਜਾਂ ਕਿੰਨੀਆਂ ਕੁ ਜਿ਼ੰਮੇਵਾਰ ਸਨ, ਇਸ ਬਾਰੇ ਪੰਜਾਬ ਟਾਈਮਜ਼ ਵਿਚ ਹਰਚਰਨ ਸਿੰਘ ਪ੍ਰਹਾਰ ਦਾ ਲੇਖ ਤੇ ਫਿਰ ਉਸ ਲੇਖ ਉਪਰ ਹਜ਼ਾਰਾ ਸਿੰਘ ਟੋਰਾਂਟੋ ਦਾ ਪ੍ਰਤੀਕਰਮ ਛਪ ਚੁੱਕਾ ਹੈ। ਇਸ ਅੰਕ ਵਿਚ ਸ. ਗੁਰਬਚਨ ਸਿੰਘ ਵਲੋਂ ਭੇਜਿਆ ਗਿਆ ਉਨ੍ਹਾਂ ਦਾ ਜਵਾਬ ਛਾਪਿਆ ਜਾ ਰਿਹਾ ਹੈ। ਅੱਗੋਂ ਆਉਣ ਵਾਲੇ ਅਜਿਹੇ ਸਲੀਕੇਦਾਰ ਪ੍ਰਤੀਕਰਮਾਂ ਦਾ ਵੀ ਸਵਾਗਤ ਕੀਤਾ ਜਾਵੇਗਾ। -ਸੰਪਾਦਕ।

ਆਪਣੀ ਲਿਖਤ ‘ਪੰਜਾਬ ਦੀ ਸਿਆਸਤ ਅਤੇ ਅਸਪਸ਼ਟ ਸਿਆਸੀ ਨਿਸ਼ਾਨੇ’ ਵਿਚ ਸ. ਹਜ਼ਾਰਾ ਸਿੰਘ ਮਿਸੀਸਾਗਾ ਜੀ ਨੇ ‘ਪੰਜਾਬ ਟਾਈਮਜ਼’ ਦੇ 28 ਜਨਵਰੀ 2023 ਵਾਲੇ ਅੰਕ 4 ਵਿਚ ਹਰਚਰਨ ਸਿੰਘ ਪ੍ਰਹਾਰ ਦੀ ਪੰਜਾਬ ਦੇ ਕਮਿਊਨਿਸਟਾਂ ਅਤੇ ਸਿੱਖ ਵਿਦਵਾਨਾਂ ਦੀ ਪਹੁੰਚ ਬਾਰੇ ਛਪੀ ਲਿਖਤ ਉਤੇ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਹਰਚਰਨ ਸਿੰਘ ਪ੍ਰਹਾਰ ਦੇ ਅਕਾਲੀ ਲੀਡਰਾਂ, ਸਿੱਖ ਵਿਦਵਾਨਾਂ, ਕਮਿਊਨਿਸਟ ਚਿੰਤਕਾਂ ਤੇ ਕਮਿਊਨਿਸਟਾਂ ਤੋਂ ਸਿੱਖ ਬਣੇ ਵਿਦਵਾਨਾਂ ਬਾਰੇ ਸਵਾਲ ਵਾਜਿਬ ਹਨ, ਪਰ ਇਨ੍ਹਾਂ ਦਾ ਜਵਾਬ ਕਿਸੇ ਨੇ ਨਹੀਂ ਦੇਣਾ।’ ਉਹ ਆਪਣੀ ਲਿਖਤ ਦਾ ਅੰਤ ਇਨ੍ਹਾਂ ਸ਼ਬਦਾਂ ਨਾਲ ਕਰਦੇ ਹਨ, ‘ਹਰਚਰਨ ਸਿੰਘ ਪ੍ਰਹਾਰ ਜੀ, ਪੰਜਾਬ ਦੇ ਐਸੇ ‘ਵਿਚਾਰਕ’ ਧਰਾਤਲ ਉਤੇ ਕਿਹੜੇ ਵਿਦਵਾਨ ਨੇ ਕੀ ਜਵਾਬ ਦੇਣਾ ਸੀ? ਜਿਥੇ ਆਪੋ-ਆਪਣੀ ਵਿਚਾਰਧਾਰਾ ਵੀ ਸਪਸ਼ਟ ਨਾ ਹੋਵੇ, ਉਥੇ ਵਿਚਾਰਧਾਰਾਵਾਂ ਦੇ ਸੁਮੇਲ ਦੀ ਗੱਲ ਕਿਵੇਂ ਚਲ ਸਕਦੀ ਹੈ? ਪੰਜਾਬੀਆਂ ਨੇ ਸਾਂਝੀ ਪੰਜਾਬੀ ਕੌਮ ਸਿਰਜਣ ਲਈ ਅਜੇ ਬੜਾ ਫਾਸਲਾ ਤੈਅ ਕਰਨਾ ਹੈ।’
ਸ. ਹਰਚਰਨ ਸਿੰਘ ਪ੍ਰਹਾਰ ਜੀ ਦੀ ਲਿਖਤ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਮੈਨੂੰ ਬੜੇ ਦੁਖ ਨਾਲ ਕਹਿਣਾ ਪੈ ਰਿਹਾ ਹੈ ਕਿ ਸ. ਹਜ਼ਾਰਾ ਸਿੰਘ ਜੀ ਵਰਗੇ ‘ਪੰਜਾਬ ਟਾਈਮਜ਼’ ਦੇ ਲਗਾਤਾਰ ਰਹੇ ਪਾਠਕ ਨੂੰ ਘੱਟੋ-ਘੱਟ ਮੇਰੇ ਬਾਰੇ ਟਿੱਪਣੀ ਕਰਨ ਤੋਂ ਪਹਿਲਾਂ ਪਰਚੇ ਵਿਚ ਛਪਦੀਆਂ ਆ ਰਹੀਆਂ ਮੇਰੀਆਂ ਪਿਛਲੀਆਂ ਲਿਖਤਾਂ ਵਲ ਧਿਆਨ ਜ਼ਰੂਰ ਮਾਰ ਲੈਣਾ ਚਾਹੀਦਾ ਸੀ। ਜੇ ਜਿ਼ਆਦਾ ਨਹੀਂ ਤਾਂ ਪਿਛਲੇ ਕੁਝ ਸਾਲਾਂ ਵਿਚ ‘ਪੰਜਾਬ ਟਾਈਮਜ਼’ ਅੰਦਰ ਮੇਰੀਆਂ ਸੌ ਕੁ ਦੇ ਕਰੀਬ ਲਿਖਤਾਂ ਇਨ੍ਹਾਂ ਮਸਲਿਆਂ ਬਾਰੇ ਹੀ ਛਪੀਆਂ ਹਨ। ਆਪਣੀਆਂ ਸਾਰੀਆ ਲਿਖਤਾਂ ਵਿਚ ਮੈਂ ਮਾਰਕਸ ਦੀ ਭੌਤਿਕਵਾਦੀ ਫਿਲਾਸਫੀ ਅਤੇ ਗੁਰਮਤਿ ਨੂੰ ਆਧਾਰ ਬਣਾ ਕੇ ਆਪਣੀ ਗੱਲ ਕਹਿਣ ਦਾ ਯਤਨ ਕੀਤਾ ਹੈ। ਸਭ ਤੋਂ ਪਹਿਲਾਂ ਮੈਂ ਹੀ ਸ. ਅਜਮੇਰ ਸਿੰਘ ਦੀਆਂ ਲਿਖਤਾਂ ਦੀ ਪੜਚੋਲ ਕੀਤੀ ਸੀ। ਮੇਰੀਆਂ ਇਹ ਸਾਰੀਆ ਲਿਖਤਾਂ ‘ਪੰਜਾਬ ਟਾਈਮਜ਼’ ਦੇ ਅੱਡ-ਅੱਡ ਅੰਕਾਂ ਵਿਚ ਛਪੀਆਂ ਹੋਈਆਂ ਹਨ।
ਇਸੇ ਸਾਲ 21 ਜਨਵਰੀ ਦੇ ਅੰਕ ਵਿਚ ਛਪੀ ਮੇਰੀ ਲਿਖਤ ‘ਸਨਾਤਨੀ ਹਿੰਦੂ ਮਤਿ ਦੀ ਆਤਮਿਕ ਆਜ਼ਾਦੀ ਦਾ ਅਗਲਾ ਪੜਾਅ ਗੁਰਮਤਿ’ ਵਿਚ ਮੈਂ ਲਿਖਿਆ ਹੈ, ‘ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਬਾਅਦ ਸਰਬਵਿਆਪੀ ਪ੍ਰਗਟ ਹੋਇਆ ਸੱਚ ਇਹ ਹੈ ਕਿ ਮਨੁੱਖ ਦਾ ਸਰੀਰ ਹੀ ਉਸ ਦੀ ਅਸਲੀ ਰਾਸ ਪੂੰਜੀ ਹੈ। ਇਸ ਸਰੀਰ ਵਿਚ ਸੁਭਾਇਮਾਨ ਮਨੁੱਖ ਦਾ ਆਪਣਾ ਅਨੁਭਵੀ ਮਨ ਸਰੀਰ ਦਾ ਰਾਜਾ ਭਾਵ ਉਸ ਨੂੰ ਹਰਕਤਸ਼ੀਲ ਰੱਖਣ ਵਾਲਾ ਹੈ। ਇਸ ਮਨ ਨੂੰ ਸਵੈਜ਼ਬਤ ਵਿਚ ਰੱਖਣ ਲਈ ਮਨੁੱਖ ਦੀ ਚੇਤਨਾ ਜੇ ਆਪਣੀ ਲਿਵ ਗੁਰਮਤਿ ਗਿਆਨ ਨਾਲ ਜੋੜ ਲਵੇ ਤਾਂ ਉਹ ਸਹਿਜ ਸੁਖੀ ਜਿ਼ੰਦਗੀ ਬਤੀਤ ਕਰ ਸਕਦਾ ਹੈ। ਬਾਕੀ ਦਾ ਸਾਰਾ ਧਾਰਮਿਕ ਆਡੰਬਰ ਅਤੇ ਕਰਮਕਾਂਡ ਫਜੂ਼ਲ ਹੈ। ਮਨੁੱਖ ਦਾ ਆਪਣਾ ਚੇਤੰਨ ਮਨ ਹੀ ਹਉਮੈ ਰਾਹੀਂ ਬਣੀ ਆਪਣੀ ਝੂਠੀ ਹੋਂਦ ਅਤੇ ਬੇਲੋੜੀਆਂ ਇਛਾਵਾਂ (ਤ੍ਰਿਸਨਾ) ਤੋਂ ਛੁਟਕਾਰਾ ਪਾ ਕੇ ਸਹਿਜ ਜਿੰ਼ਦਗੀ ਜੀਅ ਸਕਦਾ ਹੈ। ਇਹੀ ਮਨ ਦੀ ਮੁਕਤੀ ਹੈ। ਇਹੀ ਮਨੁੱਖੀ ਮੁਕਤੀ (ਆਤਮਿਕ ਆਜ਼ਾਦੀ) ਦਾ ਭੇਦ ਹੈ।
ਕਾਰਲ ਮਾਰਕਸ ਤੇ ਫ੍ਰੈਡਰਿਕ ਏਂਗਲਜ ਦੀ ਭੌਤਿਕਵਾਦੀ ਫਿਲਾਸਫੀ ਦਾ ਤੱਤ ਵੀ ਇਹੀ ਹੈ ਕਿ ‘ਕੁਦਰਤ ਸਿਰਮੌਰ ਹੈ ਅਤੇ ਮਨੁੱਖ ਦਾ ਸਰੀਰ ਤੇ ਸਰੀਰੀ ਮਨ ਕੁਦਰਤ ਦੀ ਸਿਰਮੌਰ ਸਿਰਜਣਾ ਹੈ। ਇਹੀ ਸ਼ੁਧ ਭੌਤਿਕਵਾਦ ਹੈ।’… ‘ਹਰੇਕ ਚੀਜ਼ ਜਿਹੜੀ ਮਨੁੱਖ ਨੂੰ ਹਰਕਤ ਵਿਚ ਲਿਆਉਂਦੀ ਹੈ, ਉਸ ਦੇ ਮਨ ਵਿਚੋਂ ਹੋ ਕੇ ਲੰਘਦੀ ਹੈ।’… ‘ਮਨ ਮਨੁੱਖ ਦਾ ਅਸਲੀ ਤੱਤ ਹੈ ਅਤੇ ਮਨ ਦਾ ਅਸਲੀ ਸਰੂਪ ਚਿੰਤਨਸ਼ੀਲ, ਤਰਕਸੰਗਤ, ਜਗਿਆਸੂ ਮਨ ਹੈ।’… ‘ਆਪਣੇ ਸਰੀਰ ਦੀਆਂ ਸੀਮਤ ਲੋੜਾਂ ਦੀ ਸੁਚੇਤ ਪਛਾਣ ਅਤੇ ਉਨ੍ਹਾਂ ਦੀ ਪੂਰਤੀ ਹੀ ਮਨੁੱਖੀ ਆਜ਼ਾਦੀ ਦਾ ਭੇਦ ਹੈ।’… ‘ਜੇ ਮਨੁੱਖ ਆਪਣੇ ਸਾਰੇ ਗਿਆਨ ਅਤੇ ਸੰਵੇਦਨਾ (ਜਜ਼ਬਿਆਂ) ਨੂੰ ਇੰਦ੍ਰੀਆਂ ਅਤੇ ਇੰਦ੍ਰਿਆਵੀ ਅਨੁਭਵ ਰਾਹੀਂ ਪ੍ਰਾਪਤ ਕਰਦਾ ਹੈ, ਤਾਂ ਮਨੁੱਖ ਦੇ ਅਨੁਭਵ ਵਿਚ ਆਉਣ ਵਾਲੀ ਦੁਨੀਆ ਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਸ ਵਿਚ ਰਹਿੰਦਿਆਂ ਮਨੁੱਖ ਓਹੀ ਕੁਝ ਅਨੁਭਵ ਕਰੇ ਅਤੇ ਉਸੇ ਦਾ ਆਦੀ ਹੋ ਜਾਏ ਜੋ ਹਕੀਕਤ ਵਿਚ ਮਨੁੱਖੀ ਹੈ ਅਤੇ ਇਸ ਤਰ੍ਹਾਂ ਮਨੁੱਖ ਦੇ ਰੂਪ ਵਿਚ ਉਹ ਖੁਦ ਆਪਣੀ ਚੇਤਨਾ ਪ੍ਰਾਪਤ ਕਰ ਲਵੇ। ਸਹੀ ਆਤਮਸਾਤ ਕੀਤਾ ਗਿਆ ਹਿਤ (ਸੁਆਰਥ) ਹੀ ਜੇ ਸਮੁਚੀ ਨੈਤਿਕਤਾ ਦਾ ਮੌਲਿਕ ਸਿਧਾਂਤ ਹੈ, ਤਾਂ ਮਨੁੱਖ ਦੇ ਨਿੱਜੀ ਸੁਆਰਥ (ਹਿਤਾਂ) ਨੂੰ ਸਮੁਚੀ ਮਨੁੱਖਤਾ ਦੇ ਅਨੁਸਾਰੀ ਬਣਾ ਦਿੱਤਾ ਜਾਣਾ ਚਾਹੀਦਾ ਹੈ। ਹਰੇਕ ਮਨੁੱਖ ਨੂੰ ਆਪਣੀ ਹਸਤੀ (ਸਵੈ) ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਪ੍ਰਗਟ ਕਰਨ ਲਈ ਸਮਾਜਿਕ ਮੌਕੇ ਦਿੱਤੇ ਜਾਣੇ ਚਾਹੀਦੇ ਹਨ। ਬੇਸ਼ਕ ਮਨੁੱਖ ਦੀ ਸਿਰਜਣਾ ਜੇ ਉਸ ਦੇ ਆਲੇ-ਦੁਆਲੇ ਦੇ ਮਾਹੌਲ ਵਿਚੋਂ ਹੁੰਦੀ ਹੈ ਤਾਂ ਉਸ ਦੇ ਆਲੇ-ਦੁਆਲੇ ਦੇ ਮਾਹੌਲ ਨੂੰ ਮਨੁੱਖੀ ਬਣਾ ਦਿੱਤਾ ਜਾਣਾ ਚਾਹੀਦਾ ਹੈ।’
ਜਿੱਥੋਂ ਤਕ ਸ. ਹਰਚਰਨ ਸਿੰਘ ਪਰਹਾਰ ਨੇ ਫੇਸਬੁਕ ਉਤੇ ਪਾਈਆਂ ਮੇਰੀਆ ਕੁਝ ਪੋਸਟਾਂ ਨੂੰ ਆਧਾਰ ਬਣਾ ਕੇ ਟਿੱਪਣੀ ਕੀਤੀ ਹੈ, ਉਨ੍ਹਾਂ ਨੂੰ ਆਧਾਰ ਬਣਾ ਕੇ ਕੋਈ ਗੰਭੀਰ ਬਹਿਸ ਕਿਵੇਂ ਹੋ ਸਕਦੀ ਹੈ? ਹਾਲਾਂਕਿ ਉਨ੍ਹਾਂ ਨੂੰ ਪਤਾ ਹੈ ਕਿ ਮੈਂ ਸ. ਅਜਮੇਰ ਸਿੰਘ ਦੀਆਂ ਲਿਖਤਾਂ ਦੀ ਵਿਸਥਾਰੀ ਪੜਚੋਲ ਕੀਤੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਮੈਨੂੰ ਅਤੇ ਸ. ਅਜਮੇਰ ਸਿੰਘ ਨੂੰ ਇਕੋ ਪਲੜੇ ਤੋਲ ਦਿੱਤਾ ਹੈ। ਸ. ਪ੍ਰਹਾਰ ਦੇ ਕਥਨ ਅਨੁਸਾਰ, ‘ਪੰਜਾਬ ਮਸਲਾ’ ਭਾਰਤ ਵਿਚ ਸਿੱਖ ਹੱਕਾਂ/ਹਿੱਤਾਂ ਦੇ ਸਵਾਲ ਨੂੰ ਲੈ ਕੇ ਪਿਛਲੇ 70-75 ਵਰ੍ਹਿਆਂ ਤੋਂ ਕਸ਼ਮੀਰ ਜਾਂ ਫਲਸਤੀਨ ਦੇ ਮੁੱਦੇ ਵਾਂਗ ਹੀ ਨਿਰੰਤਰ ਕਲੇਸ਼ ਅਤੇ ਵਾਦ-ਵਿਵਾਦ ਦਾ ਕੇਂਦਰ ਬਣਿਆ ਹੋਇਆ ਹੈ। ਸਿੱਖ ਹਲਕਿਆਂ ਅੰਦਰ ਰਵਾਇਤੀ ਤੌਰ `ਤੇ ਗਰਮ-ਖਿਆਲ ਧਿਰਾਂ ਇਸ ਮਸਲੇ ਨੂੰ ਖੜ੍ਹਾ ਕਰਨ ਜਾਂ ਉਲਝਾਉਣ ਲਈ ਸਾਰੀ ਜ਼ਿੰਮੇਵਾਰੀ ਕਥਿਤ ਤੌਰ ਉਤੇ ਦੇਸ਼ ਦੇ ਬਹੁਗਿਣਤੀ ਭਾਈਚਾਰੇ ਦੀ ਨੁਮਾਇੰਦਗੀ ਕਰਦੀਆਂ ਕੇਂਦਰੀ ਸਰਕਾਰਾਂ ਸਿਰ ਮੜ੍ਹਦੀਆਂ ਰਹੀਆਂ ਹਨ, ਪਰ ਕਾਮਰੇਡੀ ਛੱਡ ਕੇ ਸਿੱਖ ਚਿੰਤਕ ਬਣੇ ਸ. ਅਜਮੇਰ ਸਿੰਘ ਅਤੇ ਸ. ਗੁਰਬਚਨ ਸਿੰਘ ਨੇ ਆਪਣੀਆਂ ਕਿਤਾਬਾਂ, ਯੂਟਿਊਬ ਪ੍ਰਵਚਨਾਂ ਤੇ ਸੋਸ਼ਲ ਮੀਡੀਆ ਰਾਹੀਂ ਭਾਰਤੀ ਹਾਕਮਾਂ ਤੋਂ ਵੀ ਵੱਧ ਇਸ ਸਾਰੇ ਮਸਲੇ ਲਈ ਕਾਮਰੇਡ, ਸੈਕੂਲਰ ਤੇ ਉਦਾਰਵਾਦੀ ਧਿਰਾਂ ਨੂੰ ਦੋਸ਼ੀ ਗਰਦਾਨਣਾ ਸ਼ੁਰੂ ਕੀਤਾ ਹੋਇਆ ਹੈ। ਉਂਝ, ਇਨ੍ਹਾਂ ਦੀਆਂ ਗੱਲਾਂ ਤੋਂ ਸਪਸ਼ਟ ਨਹੀਂ ਹੁੰਦਾ ਕਿ ਜੇ ਕਾਮਰੇਡਾਂ ਨੇ ਗਦਾਰੀ ਕੀਤੀ ਹੈ ਤਾਂ ਇਨ੍ਹਾਂ ਦਾ ਇਹ ਮਸਲੇ ਹੱਲ ਕਰਨ ਵਿਚ ਆਪਣਾ ਯੋਗਦਾਨ ਕੀ ਰਿਹਾ ਹੈ?’
ਪੰਜਾਬ ਮਸਲੇ ਅਤੇ ਸਿੱਖ ਹਿੱਤਾਂ ਬਾਰੇ ਮੈਂ ਕੇਂਦਰੀ ਸਰਕਾਰਾਂ ਨੂੰ ਕਿੰਨਾ ਕੁ ਬਰੀ ਕੀਤਾ ਹੈ, ਇਸ ਬਾਰੇ ਆਪਣੇ ਕੋਲਂੋ ਕੁਝ ਕਹਿਣ ਦੀ ਬਜਾਇ ਮੈਂ ਇਥੇ ਪੋ੍ਰ. ਹਰਪਾਲ ਸਿੰਘ ਪਨੂੰ ਦੀ ਮੇਰੀ ਪੁਸਤਕ ‘ਸੰਤ ਭਿੰਡਰਾਂਵਾਲੇ ਤੇ ਖਾਲਿਸਤਾਨੀ ਲਹਿਰ’ ਬਾਰੇ ਕੀਤੀ ਟਿੱਪਣੀ ਵਿਚੋਂ ਇਕ ਹਵਾਲਾ ਦੇਣਾ ਚਾਹਾਂਗਾਂ। ਹਵਾਲੇ ਅਨੁਸਾਰ, ‘ਦੂਜੀ ਸਹਿਮਤੀ ਮੇਰੀ ਗੁਰਬਚਨ ਸਿੰਘ ਨਾਲ ਅਜਮੇਰ ਸਿੰਘ ਦੀਆਂ ਲਿਖਤਾਂ ਬਾਰੇ ਹੈ। ਮੈਂ ਪੰਜਾਬ ਟਾਈਮਜ਼ ਵਿਚ ਛਪੇ ਆਪਣੇ ਤਿੰਨੇ ਲੇਖਾਂ ਵਿਚ ਪੂਰੀ ਤਾਕਤ ਨਾਲ ਇਹ ਮੁਦਾ ਉਠਾਇਆ ਹੈ, ਕਿ ਅਜਮੇਰ ਸਿੰਘ ਭਾਰਤੀ ਹਿੰਦੂਆਂ ਨੂੰ ਮੁਖਾਤਿਬ ਹੈ ਸਟੇਟ ਨੂੰ ਨਹੀਂ। ਗੁਰਬਚਨ ਸਿੰਘ ਦੀ ਨਿਗਾਹ ਇਕਦਮ ਸਿੱਧੀ ਹੈ ਅਤੇ ਸਟੇਟ ਉਪਰ ਕੇਂਦਰਿਤ ਹੈ। ਪੰਨਾ 89 ’ਤੇ ਲਿਖਿਆ ਹੈ, ‘ਦੁਖਦਾਈ ਗੱਲ ਇਹ ਹੈ ਕਿ ਸ. ਅਜਮੇਰ ਸਿੰਘ ਸਿੱਖਾਂ ਨੂੰ ਹਿੰਦੂਆਂ ਨਾਲੋਂ ਨਿਖੇੜਦੇ-ਨਿਖੇੜਦੇ, ਸਿੱਖ ਮਨਾਂ ਅੰਦਰ ਸਮੁੱਚੇ ਹਿੰਦੂ ਵਰਗ ਪ੍ਰਤੀ ਨਫਰਤ ਭਰਨ ਦਾ ਕਾਰਜ ਮਿੱਥ ਲੈਂਦੇ ਹਨ। ਉਹ ਪੰਜਾਬ ਦੀ ਨਵ-ਬਸਤੀਵਾਦੀ ਲੁੱਟ ਕਰ ਰਹੀ ਸਾਮਰਾਜੀ ਕੇਂਦਰ ਸਰਕਾਰ ਦਾ ਰਾਜਸੀ ਆਧਾਰ ਬਣੇ ਧਨਾਢ ਬ੍ਰਾਹਮਣੀ ਹਿੰਦੂਆਂ ਜਾਂ ਆਰੀਆ ਸਮਾਜੀ ਹਿੰਦੂਆਂ ਦੇ ਇਕ ਧੜੇ ਨੂੰ ਨਿਸ਼ਾਨਾ ਬਣਾਉਣ ਦੀ ਬਜਾਇ, ਸਮੁੱਚੇ ਹਿੰਦੂ ਵਰਗ ਨੂੰ ਹੀ ਆਪਣੇ ਹਮਲੇ ਦਾ ਨਿਸ਼ਾਨਾ ਬਣਾ ਧਰਦੇ ਹਨ। ਅਜਿਹੀਆਂ ਧਾਰਨਾਵਾਂ ਨੇ ਖਾਲਿਸਤਾਨੀ ਲਹਿਰ ਪ੍ਰਤੀ ਆਮ ਹਿੰਦੂ ਵਰਗ ਦੇ ਮਨਾਂ ਵਿਚ ਬਣੇ ਸ਼ੰਕੇ ਘਟਾਉਣ ਦੀ ਬਜਾਇ ਹੋਰ ਵਧਾਉਣ ਵਿਚ ਹਿੱਸਾ ਪਾਇਆ ਹੈ ਅਤੇ ਬ੍ਰਾਹਮਣਵਾਦ ਦੇ ਸ਼ਿਕਾਰ ਹਿੰਦੂ ਦਲਿਤਾਂ ਨੂੰ ਵੀ ਖਾਲਸਾ ਰਾਜ ਤੋਂ ਦੂਰ, ਸਿੱਖੀ ਦੀ ਦੁਸ਼ਮਣ ਕੇਂਦਰ ਸਰਕਾਰ ਵੱਲ ਧਕ ਦਿਤਾ ਹੈ।’…‘ਅਜਮੇਰ ਸਿੰਘ ਸਮਝਦਾ ਹੈ ਕਿ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਲੈ ਕੇ 1947 ਤਕ, ਸਿੱਖਾਂ ਦੀ ਟੱਕਰ ਕਿਉਂਕਿ ਮੁਸਲਮਾਨਾਂ ਨਾਲ ਰਹੀ ਹੈ, ਇਸ ਕਰਕੇ ਅਚੇਤ ਰੂਪ ਵਿਚ ਸਿੱਖ, ਮੁਸਲਮਾਨਾਂ ਦੇ ਵਿਰੋਧੀ ਅਤੇ ਹਿੰਦੂਆਂ ਦੇ ਹਮਦਰਦ ਹੋ ਗਏ ਹਨ। ਗੁਰਬਚਨ ਸਿੰਘ ਇਸ ਧਾਰਨਾ ਨੂੰ ਨਕਾਰਦਿਆਂ ਲਿਖਦਾ ਹੈ ਕਿ ਜਹਾਂਗੀਰ ਨੇ ਚੰਦੂ ਸ਼ਾਹ, ਗੁਰੂ ਹਰਗੋਬਿੰਦ ਸਾਹਿਬ ਦੇ ਸਪੁਰਦ ਕਰ ਦਿੱਤਾ ਸੀ ਅਤੇ ਸਿੱਖਾਂ ਨੇ ਉਸਨੂੰ ਮੌਤ ਦੇ ਘਾਟ ਉਤਾਰਿਆ। ਗੁਰੂ ਹਰਗੋਬਿੰਦ ਜੀ ਦੀ ਜਹਾਂਗੀਰ ਨਾਲ ਡਿਪਲੋਮੈਟਿਕ ਏਕਤਾ ਤੋਂ ਸਭ ਜਾਣੂ ਹਨ। ਸਾਰਾ ਪਰਿਵਾਰ ਸ਼ਹੀਦ ਹੋਣ ਤੋਂ ਬਾਅਦ ਵੀ ਗੁਰੂ ਗੋਬਿੰਦ ਸਿੰਘ ਜੀ ਦੋ ਖਤਾਂ, ਫਤਿਹਨਾਮਾ ਅਤੇ ਜ਼ਫਰਨਾਮਾ ਰਾਹੀਂ ਔਰੰਗਜ਼ੇਬ ਨਾਲ ਸੰਵਾਦ ਰਚਾ ਰਹੇ ਹਨ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਸ਼ਲਾਘਾ ਕਰਦਿਆਂ ਲਿਖਦਾ ਹੈ, ‘ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰ ਦੋਹਾਂ ਦੇ ਉਤੇ ਆਫਾਤ ਆਈ। ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕਦੇ ਨਹੀਂ ਸੀ ਤੀਸਰੀ ਜ਼ਾਤ ਆਈ।’ ਇਹ ਤੀਸਰੀ ਜ਼ਾਤ ਅੰਗਰੇਜ਼ ਹਨ, ਜਿਨ੍ਹਾਂ ਵਿਰੁੱਧ ਮਹਾਰਾਜੇ ਦੀ ਮੌਤ ਤੋਂ ਬਾਅਦ ਵੀ ਜਰਨੈਲ ਮੇਵਾ ਸਿੰਘ ਅਤੇ ਮਾਖੇ ਖਾਨ ਇਕਠੇ ਤੋਪਖਾਨੇ ਦੀ ਮਾਰ ਕਰਦੇ ਅੰਗਰੇਜ਼ਾਂ ਵਿਰੁੱਧ ਲੜ ਰਹੇ ਸਨ। ਲੇਖਕ ਨੇ ਪੀਰ ਬੁੱਧੂ ਸ਼ਾਹ, ਹਜ਼ਰਤ ਮੀਆਂ ਮੀਰ ਸਮੇਤ ਦਰਜਨਾਂ ਹਵਾਲੇ ਦੇ ਕੇ ਸਿੱਧ ਕੀਤਾ ਹੈ ਕਿ ਸਿੱਖਾਂ ਨੇ ਮੁਸਲਮਾਨਾਂ ਨੂੰ ਕਦੀ ਵੀ ਨਫਰਤ ਨਹੀਂ ਕੀਤੀ ਤੇ ਨਾ ਹੁਣ ਕਰਦੇ ਹਨ।’
ਜਿੱਥੋਂ ਤਕ ਕਾਮਰੇਡਾਂ ਅਤੇ ਸਿੱਖਾਂ ਦੀ ਸਾਂਝ ਦਾ ਮਸਲਾ ਹੈ, ਇਸ ਬਾਰੇ ਮੈਂ ਦੋ ਸਾਲ ਪਹਿਲਾਂ 8 ਦਸੰਬਰ 2020 ਨੂੰ ਇਕ ਪੋਸਟ ਪਾਈ ਸੀ, ‘ਵਾਹਿਗੁਰੂ ਦੀ ਕਲਾ!’ ਸ. ਅਜਮੇਰ ਸਿੰਘ ਹੁਰਾਂ ਦੀ ਧਿਰ ਨੇ ਦਿੱਲੀ ਮੋਰਚੇ ਬਾਰੇ ਉਦੋਂ ਇਹ ਕਿਹਾ ਸੀ ਕਿ ਇਹ ਵਾਹਿਗੁਰੂ ਦੀ ਕਲਾ ਵਾਪਰੀ ਹੈ। ਇਸ ਦਾ ਜੁਆਬ ਦੇਂਦਿਆ ਮੈਂ ਲਿਖਿਆ ਸੀ, ‘ਦੁਨੀਆਂ ਭਰ ਵਿਚ ਬੈਠੇ ਬਹੁਤ ਸਾਰੇ ਲੋਕਾਂ ਦੇ ਮਨਾਂ ਵਿਚ ਇਹ ਸੁਆਲ ਪੈਦਾ ਹੋ ਰਿਹਾ ਹੈ ਕਿ ਏਨੀ ਦ੍ਰਿੜਤਾ ਅਤੇ ਸ਼ਾਂਤਮਈ ਢੰਗ ਨਾਲ ਦਿੱਲੀ ਨੂੰ ਘੇਰਾ ਪਾਉਣ ਦੀ ਇਹ ਕਲਾ ਕਿਵੇਂ ਵਾਪਰੀ ਹੈ?
ਇਸ ਦਾ ਪਹਿਲਾ ਕਾਰਨ 1984 ਤੋਂ ਬਾਅਦ ਹੁਣ ਤਕ ਹੰਢਾਇਆ ਸਿੱਖ ਸੰਤਾਪ ਹੈ। ਜਿਹੜਾ ਸਿੱਖ ਬੇਚੈਨੀ ਦੇ ਰੂਪ ਵਿਚ ਹਰੇਕ ਸਿੱਖ ਦੇ ਮਨ ਵਿਚ ਮੌਜੂਦ ਹੈ ਅਤੇ ਜਿਹੜਾ ਦਿੱਲੀ ਕੂਚ ਵੇਲੇ ਸਿੱਖ ਜਜ਼ਬੇ ਦੇ ਰੂਪ ਵਿਚ ਪ੍ਰਗਟ ਹੋਇਆ ਹੈ। ਇਸੇ ਜਜ਼ਬੇ ਨੇ ਰਸਤੇ ਵਿਚ ਆਈਆਂ ਸਾਰੀਆਂ ਰੁਕਾਵਟਾਂ ਨੂੰ ਬੜੀ ਬਹਾਦਰੀ ਅਤੇ ਦਲੇਰੀ ਨਾਲ ਦੂਰ ਕੀਤਾ ਹੈ ਤੇ ਜਿਹੜਾ ਹੁਣ ਇਸ ਧਰਨੇ ਦੇ ਹੱਕ ਵਿਚ ਦੁਨੀਆ ਭਰ ਵਿਚ ਹੋ ਰਹੇ ਰੋਸ ਮੁਜ਼ਾਹਰਿਆਂ ਦੇ ਰੂਪ ਵਿਚ ਪ੍ਰਗਟ ਹੋ ਰਿਹਾ ਹੈ। ਇਸ ਦਾ ਦੂਜਾ ਕਾਰਨ ਪੰਜਾਬ ਵਿਚ ਚੱਲੀ ਆ ਰਹੀ ਅਗਾਂਹਵਧੂ (ਕਮਿਊਨਿਸਟ) ਲਹਿਰ ਹੈ। ਇਹ ਲਹਿਰ ਭਾਵੇਂ ਆਰਥਿਕਵਾਦੀ ਘੇਰਿਆਂ ਵਿਚ ਹੀ ਵਿਚਰਦੀ ਚਲੀ ਆ ਰਹੀ ਹੈ ਪਰ ਇਸ ਨੇ ਟਰੇਡ ਯੂਨੀਅਨ ਦੀ ਪੱਧਰ `ਤੇ ਆਪਣੇ ਆਪ ਨੂੰ ਜਥੇਬੰਦ ਕਰਨ ਦਾ ਤਜਰਬਾ ਹਾਸਲ ਕੀਤਾ ਹੈ। ਜਿਵੇਂ ਜਥੇਬੰਦ ਕਰ ਕੇ ਕਿਸਾਨਾਂ ਨੂੰ ਦਿੱਲੀ ਲਿਜਾਣ ਦਾ ਪ੍ਰੋਗਰਾਮ ਬਣਾਇਆ ਗਿਆ, ਇਹ ਆਪਣੇ ਆਪ ਵਿਚ ਹੀ ਬੇਮਿਸਾਲ ਹੈ। ਜਥੇਬੰਦੀ ਅਤੇ ਸਿੱਖ ਜ਼ਜਬੇ ਨੇ ਰਲ ਕੇ ਹੀ ਇਹ ਕ੍ਰਿਸ਼ਮਾ ਕੀਤਾ ਹੈ। ਪਰ ਦੁਖਦਾਈ ਗੱਲ ਇਹ ਹੈ ਕਿ ਅਜੇ ਵੀ ਇਹ ਦੋਵੇਂ ਧਿਰਾਂ ਇਕ ਦੂਜੇ ਦੇ ਵਿਰੋਧ ਵਿਚ ਚਲ ਰਹੀਆਂ ਹਨ। ਦੋਵੇਂ ਧਿਰਾਂ ਆਪਣੀ ਸਾਂਝ ਦੇ ਵੱਡੇ ਆਧਾਰ ਲੱਭਣ ਦੀ ਬਜਾਇ ਪੁਰਾਣੇ ਮਤਭੇਦਾਂ ਨੂੰ ਮਨਾਂ ਵਿਚ ਲੈ ਕੇ ਸਰਗਰਮ ਹਨ। ਇਹ ਦੋਵੇਂ ਧਿਰਾਂ ਆਪਣੇ ਕਾਰਨਾਮੇ ਦੀ ਮਹੱਤਤਾ ਤੋਂ ਅਣਜਾਣ ਹਨ ਕਿ ਇਨ੍ਹਾਂ ਨੇ ਇਤਿਹਾਸ ਦੇ ਵਹਿਣ ਨੂੰ ਮੋੜਨ ਦਾ ਇਕ ਇਤਿਹਾਸਕ ਕਾਰਜ ਕੀਤਾ ਹੈ, ਜਿਹੜਾ ਹਿਟਲਰ ਦੇ ਮੌਕੇ ਜਰਮਨ ਦੇ ਲੋਕ ਨਹੀਂ ਸਨ ਕਰ ਸਕੇ। ਮੋਦੀ ਦਾ ਹੰਕਾਰ ਭੰਨ ਕੇ ਇਨ੍ਹਾਂ ਨੇ ਇਸ ਖਿੱਤੇ ਦੇ ਕਰੋੜਾਂ ਲੋਕਾਂ ਦੀ ਜਾਨ ਬਚਾਈ ਹੈ। ਇਹ ਦੋਵੇਂ ਧਿਰਾਂ ਜੇ ਆਪਣੀ ਸਾਂਝ ਦੇ ਵੱਡੇ ਆਧਾਰ ਲੱਭ ਲੈਣ ਤਾਂ ਨਾ ਸਿਰਫ ਇਹ ਮਿਲ ਕੇ ਨਵੇਂ ਪੰਜਾਬ ਦੀ ਸਿਰਜਣਾ ਕਰ ਸਕਦੀਆਂ ਹਨ ਬਲਕਿ ਦੁਨੀਆ ਭਰ ਦੇ ਲੋਕਾਂ ਨੂੰ ਮਨੁੱਖੀ ਵਿਕਾਸ ਦਾ ਬਦਲਵਾਂ ਮਾਡਲ ਦੇ ਸਕਦੀਆ ਹਨ।’
ਸ. ਪ੍ਰਹਾਰ ਨੇ ਮੇਰੀ ਪੁਸਤਕ ‘ਗੁਰੂ ਨਾਨਕ ਦਾ ਧਰਮ : 21ਵੀਂ ਸਦੀ ਦਾ ਸੰਸਾਰ ਧਰਮ’ ਬਾਰੇ ਟਿੱਪਣੀ ਕਰਦਿਆਂ ਲਿਖਿਆ ਹੈ, ‘ਸ. ਗੁਰਬਚਨ ਸਿੰਘ ਨੇ ‘ਗੁਰੂ ਨਾਨਕ ਦਾ ਧਰਮ’ ਸਿਰਲੇਖ ਹੇਠਲੀ ਪੁਸਤਕ ਵਿਚ ਸਿੱਖ ਧਰਮ ਨੂੰ 21ਵੀਂ ਸਦੀ ਦਾ ਸੰਸਾਰ ਧਰਮ ਦੱਸਿਆ ਹੈ। ‘ਜਗਤੁ ਜਲੰਦਾ ਰੱਖ ਲੈ’ ਨਾਂ ਦੇ ਸ਼ੁਰੂਆਤੀ ਲੇਖ ਅਨੁਸਾਰ ਯਕੀਨਨ ‘ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ, ਸਮੁੱਚੀ ਮਨੁੱਖ ਜਾਤੀ ਦੇ ਅਨੁਭਵੀ (ਆਤਮਿਕ) ਗਿਆਨ ਦਾ ਖਜ਼ਾਨਾ ਸਿੱਖ ਪੰਥ ਅਤੇ ਪੰਜਾਬ ਦੇ ਲੋਕਾਂ ਕੋਲ਼ ਮੌਜੂਦ ਹੈ ਪਰ ਅਜੋਕੇ ਪ੍ਰਸੰਗ ਵਿਚ ਇਸ ਦਾ ਲਾਹਾ ਲੈਣ ਲਈ ਇਸ ਨੂੰ ਦੁਨੀਆ ਭਰ ਦੇ ਸਾਰੇ ਧਰਮਾਂ ਦੇ ਲੋਕਾਂ ਨਾਲ ਸਾਂਝਾ ਕਰਨ ਦੀ ਲੋੜ ਹੈ।’
…ਇਸੇ ਤਰ੍ਹਾਂ ਉਹ ਆਪਣੇ ‘ਨੇਸ਼ਨ ਸਟੇਟ ਬਨਾਮ ਖਾਲਿਸਤਾਨ’ ਲੇਖ ਵਿਚ ਲਿਖਦੇ ਹਨ: ‘ਗੁਰਮਤਿ ਅਨੁਸਾਰ ‘ਖਾਲਿਸਤਾਨ’ ਦੀ ਰਾਜਨੀਤੀ ਦਾ ਤੱਤ ਅਜਿਹੇ ਰਾਜ ਦੀ ਸਥਾਪਨਾ ਕਰਨੀ ਹੈ ਜਿੱਥੇ ਹਰ ਮਾਈ-ਭਾਈ ਇਸ ਅਸੀਮ ਕੁਦਰਤ ਨਾਲ ਇਕਸੁਰਤਾ ਤੇ ਇਸ ਦੇ ਜਾਣੇ ਹੋਏ ਨੇਮਾਂ ਵਿਚ ਰਹਿਣ ਦੇ ਯਤਨ ਕਰਦਿਆਂ ਤੇ ਇਸ ਦੇ ਗੁਣ ਗਾਉਂਦਿਆਂ ਆਤਮ-ਸੰਜਮੀ (ਸਦਾਚਾਰੀ) ਜ਼ਿੰਦਗੀ ਜੀਵੇ ਅਤੇ ਹੱਥੀਂ ਕਿਰਤ ਕਰਦਿਆਂ ਹੋਇਆਂ ਸਮੂਹ ਭਾਈਚਾਰੇ ਨਾਲ ਰਲ-ਮਿਲ ਕੇ ਵੰਡ ਛਕਣ ਦੇ ਅਸੂਲ ਤਹਿਤ ਆਪਣੀਆਂ ਤਰਕ-ਸੰਗਤ ਲੋੜਾਂ ਦੀ ਪੂਰਤੀ ਕਰੇ।’
ਇਸ ਬਾਰੇ ਸ. ਪ੍ਰਹਾਰ ਦੀ ਟਿੱਪਣੀ ਹੈ, ‘ਇਹ ਸਭ ਇਨਸਾਨੀਅਤ ਦੇ ਭਲੇ ਲਈ ਬਹੁਤ ਵਧੀਆ ਆਦਰਸ਼ ਹਨ। ਸਾਰੇ ਧਰਮਾਂ ਦੇ ਰਹਿਬਰ ਅਜਿਹੇ ਆਦਰਸ਼ਾਂ ਉਤੇ ਚਲਣ ਲਈ ਜ਼ੋਰ ਦਿੰਦੇ ਆਏ ਹਨ। ਸਵਾਲ ਤਾਂ ਇਹ ਹੈ ਕਿ ਇਨ੍ਹਾਂ ਆਦਰਸ਼ਾਂ ਨੂੰ ਅਮਲੀ ਰਾਜਨੀਤੀ ਵਿਚ ਕਿਵੇਂ ਰੂਪਮਾਨ ਕੀਤਾ ਜਾਵੇ। ਕੀ ਗੁਰਬਚਨ ਸਿੰਘ ਜਾਂ ਅਜਮੇਰ ਸਿੰਘ ਨੇ ਪਿਛਲੇ 30-40 ਸਾਲਾਂ ਵਿਚ ਇਸ ਪਾਸੇ ਕੋਈ ਕੋਸ਼ਿਸ਼ ਕੀਤੀ ਹੈ ਤੇ ਜੇ ਕੀਤੀ ਹੈ ਤਾਂ ਉਨ੍ਹਾਂ ਨੂੰ ਕਿੰਨੀ ਕੁ ਕਾਮਯਾਬੀ ਮਿਲੀ ਹੈ?…ਜਿਸ ਤਰ੍ਹਾਂ ਆਪਣੀਆਂ ਪੁਸਤਕਾਂ ਤੇ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਸ. ਗੁਰਬਚਨ ਸਿੰਘ ਧਾਰਮਿਕ/ਰੂਹਾਨੀ ਮੁਹਾਵਰੇ ਵਿਚ ਆਧੁਨਿਕ ਯੁਗ ਦੀਆਂ ਵਿਗਿਆਨਕ ਪ੍ਰਾਪਤੀਆਂ ਨੂੰ ਕਟਹਿਰੇ ਵਿਚ ਖੜ੍ਹਾ ਕਰਦੇ ਹਨ, ਕੀ ਆਧੁਨਿਕ ਵਿਗਿਆਨ ਅਤੇ ਪੱਛਮ ਸੱਭਿਅਤਾ ਨੂੰ ਮੁਢੋਂ ਛੁਟਿਆਉਣ ਲਈ ਅਜਿਹੇ ਦਾਅਵੇ ਸਯਦ ਕੁਤਬ ਜਾਂ ਮੌਲਾਨਾ ਮੌਦੂਦੀ ਆਦਿ ਵਰਗੇ ਆਪਣੀਆਂ ਕਿਤਾਬਾਂ ਰਾਹੀਂ ਨਹੀਂ ਕਰਦੇ ਆ ਰਹੇ? ਕੀ ਉਨ੍ਹਾਂ ਦੇ ਅਜਿਹੇ ਪ੍ਰਵਚਨਾਂ ਨਾਲ ਮੁਹੰਮਦ ਸਾਹਿਬ ਦੇ ‘ਇਲਾਹੀ ਵਚਨਾਂ’ ਦੀ ਸੋਚ ਦਾ ਕੋਈ ਰੂਹਾਨੀਅਤ ਵਾਲ਼ਾ ਇਸਲਾਮੀ ਦੇਸ ਉਸਰ ਸਕਿਆ ਹੈ?’
ਲਿਖਤ ਵੱਡੀ ਹੋਣ ਦੇ ਡਰੋਂ ਆਪਣੀ ਲਿਖਤ ਨੂੰ ਇੱਥੇ ਹੀ ਸਮੇਟਦੇ ਹੋਏ ਮੈਂ ਉਨ੍ਹਾਂ ਦੀ ਇਸ ਟਿੱਪਣੀ ਦਾ ਵਿਸਥਾਰੀ ਜੁਆਬ ਅਗਲੀ ਲਿਖਤ ਵਿਚ ਦੇਣ ਦਾ ਯਤਨ ਜ਼ਰੂਰ ਕਰਾਂਗਾ। ਉਂਝ ਉਨ੍ਹਾਂ ਨੂੰ ਇਸ ਵਾਸਤੇ ਦੋ ਨੁਕਤੇ ਜ਼ਰੂਰ ਧਿਆਨ ਵਿਚ ਰੱਖਣੇ ਚਾਹੀਦੇ ਹਨ। ਪਹਿਲਾ ਨੁਕਤਾ : ਮਾਰਕਸ-ਏਂਗਲਜ ਦੇ ਕਥਨ ਅਨੁਸਾਰ ਸਾਰੇ ਹੀ ਧਰਮ ਇਕ-ਦੂਜੇ ਤੋਂ ਟੁੱਟ ਕੇ ਨਹੀਂ ਬਲਕਿ ਇਕ-ਦੂਜੇ ਦੀ ਨਿਰੰਤਰਤਾ ਵਿਚ ਵਿਕਸਤ ਹੋਏ ਹਨ ਅਤੇ ਮੈਂ ‘ਪਜਾਬ ਟਾਈਮਜ਼’ ਵਿਚ ਛਪੀਆਂ ਆਪਣੀਆਂ ਅਨੇਕ ਲਿਖਤਾਂ ਅੰਦਰ ਗੁਰਮਤਿ ਕਿਵੇਂ ਸਾਰੇ ਧਰਮਾਂ ਦੀ ਨਿਰੰਤਰਤਾ ਵਿਚ ਵਿਕਸਤ ਹੋਈ ਹੈ, ਇਸ ਬਾਰੇ ਅਨੇਕ ਮਿਸਾਲਾਂ ਦਿੱਤੀਆਂ ਹਨ। ਦੂਜਾ ਨੁਕਤਾ: ਜੇ ਉਨ੍ਹਾਂ ਨੇ ਯੂਕਰੇਨ ਅੰਦਰ ਰੂਸ ਅਤੇ ਅਮਰੀਕੀ ਸਾਮਰਾਜ ਦੀ ਅਗਵਾਈ ਹੇਠਲੇ ਨਾਟੋ ਦੇਸਾਂ ਵਿਚਕਾਰ ਚੱਲ ਰਹੀ ਭਿਆਨਕ ਜੰਗ ਬਾਰੇ ਪੂਤਿਨ ਦੀਆਂ ਲਿਖਤਾਂ ਪੜ੍ਹੀਆਂ ਹਨ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੂਤਿਨ ਨੇ ਇਸ ਨੂੰ ਪੱਛਮੀ ਆਧੁਨਿਕਤਾਵਾਦ ਅਤੇ ਰਵਾਇਤੀ ਇਸਾਈਅਤ ਵਿਚਕਾਰ ਜੰਗ ਕਰਾਰ ਦਿੱਤਾ ਹੈ। ਇਹ ਕਿਵੇਂ ਹੈ, ਇਹ ਇਕ ਵਖਰੀ ਵਿਸਥਾਰੀ ਲਿਖਤ ਦਾ ਮਸਲਾ ਹੈ।
ਬਾਕੀ ਜਿਹੜਾ ਸ. ਪ੍ਰਹਾਰ ਨੇ ਇਹ ਕਿਹਾ ਹੈ ਕਿ, ‘ਕੀ ਇਨ੍ਹਾਂ ਵਿਦਵਾਨਾਂ ਨੂੰ ਪੰਜਾਬ ਦੇ ਲੋਕ ਮਸਲਿਆਂ, ਨਿੱਘਰ ਰਹੀ ਸਿਆਸਤ, ਬੌਧਿਕ ਕੰਗਾਲੀ, ਬੇਰੁਜ਼ਗਾਰੀ, ਕਰਜ਼ੇ, ਮੰਦਹਾਲੀ, ਭ੍ਰਿਸ਼ਟਾਚਾਰ, ਨਸ਼ੇ, ਸਿੱਖਾਂ ਦਾ ਵਿਦੇਸ਼ਾਂ ਨੂੰ ਪਰਵਾਸ, ਦੂਸ਼ਿਤ ਹੋ ਰਹੇ ਪਾਣੀ ਤੇ ਵਾਤਾਵਰਨ ਆਦਿ ਦੇ ਕਾਰਨ ਲੱਭਣ ਜਾਂ ਕੋਈ ਹੱਲ ਸੁਝਾਉਣ ਲਈ ਉਪਰਾਲਾ ਨਹੀਂ ਕਰਨਾ ਚਾਹੀਦਾ?’ ਇਸ ਬਾਰੇ ਜੇ ਸੰਪਾਦਕ ਸਾਹਿਬ ਨੇ ਖੁੱਲ੍ਹ ਦਿੱਤੀ ਤਾਂ ਅਗਲੀਆਂ ਲਿਖਤਾਂ ਵਿਚ ਇਨ੍ਹਾਂ ਸਾਰੇ ਮਸਲਿਆਂ ਦਾ ਜੁਆਬ ਦੇਣ ਦਾ ਯਤਨ ਕੀਤਾ ਜਾਏਗਾ। ਪੰਜਾਬੀਆਂ ਨੇ ਸਾਂਝੀ ਪੰਜਾਬੀ ਕੌਮ ਕਿਵੇਂ ਸਿਰਜਣੀ ਹੈ, ਜੇ ਮੌਕਾ ਮਿਲਿਆ ਤਾਂ ਇਸ ਦੀ ਵੀ ਵਿਆਖਿਆ ਅਗਲੀ ਲਿਖਤ ਵਿਚ ਕੀਤੀ ਜਾਏਗੀ