ਦੁੱਖ ਦੀ ਜਾਤ ਨਹੀਂ ਹੁੰਦੀ

ਡਾ ਗੁਰਬਖ਼ਸ਼ ਸਿੰਘ ਭੰਡਾਲ
ਦੁੱਖ ਸਿਰਫ਼ ਦੁੱਖ ਹੁੰਦਾ ਹੈ। ਇਸਦੀ ਤਾਸੀਰ ਇਕਸਾਰ। ਇਸਦੀ ਰੂਪਤਾ ਤੇ ਵੰਨਗੀ ਨੂੰ ਭਾਵੇਂ ਕਿੰਨਾ ਵੀ ਵੰਡ ਲਵੋ, ਦੁੱਖ, ਦੁੱਖ ਹੀ ਹੁੰਦਾ। ਦੁੱਖ ਆਪਣਾ ਜਾਂ ਪਰਾਇਆ ਤਾਂ ਹੋ ਸਕਦਾ ਪਰ ਇਸਦੀ ਚੀਸ ਸਭ ਲਈ ਸਮਾਨ। ਕੋਈ ਇਸਨੂੰ ਕਿਵੇਂ ਅਨੁਭਵ ਕਰਦਾ, ਇਹ ਮਨੁੱਖੀ ਫਿਤਰਤ `ਤੇ ਨਿਰਭਰ। ਕਈ ਲੋਕਾਂ ਲਈ ਸਿਰਫ਼ ਆਪਣਾ ਦੁੱਖ ਹੀ ਦੁੱਖ ਹੁੰਦਾ ਜਦਕਿ ਦੂਸਰੇ ਦਾ ਦੁੱਖ ਹਾਸਾ। ਦੂਸਰੇ ਦੇ ਦੁੱਖ ਵਿਚੋਂ ਸਕੂਨ ਭਾਲਣ ਵਾਲੇ ਲੋਕ ਦਰਅਸਲ ਮਨ ਵਿਚ ਬੈਠੀ ਮਨੁੱਖਤਾ ਦਾ ਮਰਸੀਆ ਅਤੇ ਇਹ ਮਰਸੀਆ ਫਿਰ ਉਨ੍ਹਾਂ ਦਾ ਹੀ ਮਰਸੀਆ ਬਣ ਜਾਂਦਾ।

ਜਦੋਂ ਕਿਸੇ ਵਿਅਕਤੀ ਦੀ ਅੱਖ ਸਿੰਮਦੀ ਜਦ ਉਹ ਕਿਸੇ ਦਰਦਨਾਕ ਹਾਦਸੇ ਬਾਰੇ ਪੜ੍ਹੇ ਜਾਂ ਸੁਣੇ, ਕਿਸੇ ਫਿਲਮ ਜਾਂ ਨਾਟਕ ਦੇ ਵੇਦਨਾਮਈ ਸੀਨ ਵਿਚ ਪਿਘਲ ਜਾਵੇ। ਜਦ ਕਿਸੇ ਦੇ ਨੈਣਾਂ ਵਿਚ ਨੀਰ ਆ ਜਾਵੇ ਜਦ ਮਾਪਿਆਂ ਨੂੰ ਜਵਾਨ ਪੁੱਤ ਦੀ ਲਾਸ਼ ਦਾ ਭਾਰ ਢੋਂਦਿਆਂ ਦੇਖਦਾ ਤਾਂ ਸਮਝੋ ਉਹ ਵਿਅਕਤੀ ਜਿ਼ੰਦਾ ਹੈ, ਜਿਉਂਦੀ ਹੈ ਉਸਦੀ ਸੰਵੇਦਨਾ। ਉਸ ਦੀਆਂ ਭਾਵਨਾਵਾਂ ਅਜੇ ਮਰੀਆਂ ਨਹੀਂ। ਮਰ ਚੁੱਕੀਆਂ ਭਾਵਨਾਵਾਂ ਵਾਲੇ ਲੋਕ ਸਿਰਫ਼ ਤਾਬੂਤ। ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਕਿ ਸਮਾਜ ਵਿਚ ਕੌਣ ਪੀੜਾ ਹੰਢਾਅ ਰਿਹਾ, ਕਿਹੜਾ ਵਗਦੇ ਨਾਸੂਰ ਕਾਰਨ ਦਰਦ ਦਰਦ ਹੋ ਰਿਹਾ ਏ ਜਾਂ ਕਿਸ ਦੀ ਪੱਤ ਨੂੰ ਚੌਰਾਹੇ ਵਿਚ ਉਛਾਲਿਆ ਜਾ ਰਿਹਾ ਅਤੇ ਕੌਣ ਕੰਧਾਂ ਦੇ ਗਲ਼ ਲੱਗ ਕੇ ਜ਼ਾਰੋ-ਜ਼ਾਰ ਰੋ ਰਿਹਾ।
ਅਜੋਕੇ ਸਮਾਜ ਨੇ ਕਿਸੇ ਦੇ ਦਰਦ ਨੂੰ ਮਖੌਲ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਬਿਗਾਨੇ ਦਰਦ ਦੀ ਖਿੱਲੀ ਉਡਾਉਣ ਵਿਚ ਅਸੀਂ ਕੋਈ ਮੌਕਾ ਨਹੀਂ ਖੁੰਝਾਉਂਦੇ। ਅਸੀਂ ਦਰਦ ਨੂੰ ਭਾਈਚਾਰਿਆਂ ਅਤੇ ਧਰਮਾਂ ਵਿਚ ਵੰਡ ਦਿੱਤਾ। ਗਰੀਬ ਤੇ ਅਮੀਰ ਦੇ ਦੁੱਖ ਵਿਚ ਵਰਗ-ਵੰਡ ਕਰ ਦਿੱਤੀ। ਮਰਦ ਅਤੇ ਔਰਤ ਦੇ ਦਰਦ ਵਿਚ ਤਕਸੀਮ ਕੀਤਾ। ਦੋਸਤ ਅਤੇ ਦੁਸ਼ਮਣ ਵਿਚ ਦੋਫਾੜ ਕਰ ਦਿੱਤਾ। ਇੰਝ ਜਾਪਦਾ ਹੈ ਜਿਵੇਂ ਮਨੁੱਖ ਲਈ ਦਰਦ ਨਹੀਂ ਸਗੋਂ ਕੋਈ ਵਸਤ ਹੈ ਜਿਸਨੂੰ ਵਰਤ ਕੇ ਅਸੀਂ ਨਿੱਜੀ ਮੁਫ਼ਾਦ ਨੂੰ ਪੂਰਾ ਕਰਦੇ ਹਾਂ। ਜਾਂ ਇਸਨੂੰ ਸੋਚ ਸੋਚ ਆਪਣੀ ਜਿ਼ੰਦਗੀ ਦੀ ਤੋਰ ਵਿਚ ਕੋਈ ਖਲਲ ਨਹੀਂ ਪਾਉਣਾ ਚਾਹੁੰਦੇ। ਕਈ ਵਾਰ ਦੋ ਦ੍ਰਿਸ਼ਾਂ ਦੀ ਤਾਸੀਰ ਇਕੋ ਜਿਹੀ ਹੁੰਦੀ ਜੋ ਸਮਾਜ ਵਿਚ ਅਕਸਰ ਹੀ ਵਾਪਰ ਰਹੇ ਵਰਤਾਰਿਆਂ ਦਾ ਰੂਪਾਂਤਰਣ। ਦੋ ਵੱਖਰੇ-ਵੱਖਰੇ ਦ੍ਰਿਸ਼ਟੀਕੋਣ, ਵਿਭਿੰਨ ਪ੍ਰਤੀਕਰਮ, ਵੱਖਰੇ ਅਹਿਸਾਸ ਅਤੇ ਵੱਖਰੇ ਰੂਪ। ਇਨ੍ਹਾਂ ਦੋ ਦ੍ਰਿਸ਼ਾਂ ਵਿਚੋਂ ਆਪਣੀ ਮਰਜ਼ੀ ਮੁਤਾਬਕ ਕੁਝ ਅਜੇਹਾ ਕਰਨਾ ਕਿ ਮੇਰੇ ਲਈ ਇਹੀ ਸਹੀ ਆ, ਇਹ ਮਨੁੱਖੀ ਫਿਤਰਤ ਵਿਚ ਕਮੀਨਗੀ ਦੀ ਇੰਤਹਾ ਅਤੇ ਨੀਚਤਾ ਦੀ ਨੀਵਾਣਤਾ। ਮਨੁੱਖ ਜਦ ਦੁੱਖ ਦੀ ਵੰਨਗੀ ਨੂੰ ਕਿਆਸੇ ਅਤੇ ਇਸਦੀ ਤਾਸੀਰ ਦੀ ਚੀਰ-ਫਾੜ ਕਰਨ ਲੱਗੇ ਅਤੇ ਫਿਰ ਸਮਝੇ ਕਿ ਮੈਂ ਸਮਾਜ ਦਾ ਸਭ ਤੋਂ ਸਨਮਾਨਿਤ ਵਿਅਕਤੀ ਹਾਂ ਤਾਂ ਸਮੁੱਚਾ ਸਮਾਜ ਨਮੋਸ਼ੀ ਵਿਚ ਡੁੱਬ ਜਾਂਦਾ।
ਅਕਸਰ ਹੀ ਸਾਡੇ ਚੌਗਿਰਦੇ ਵਿਚ ਦਰਦਾਂ ਦੀ ਪੌਣ ਵਗਦੀ ਹੈ ਪਰ ਅਸੀਂ ਹੀ ਇਸ ਤੋਂ ਅਵੇਸਲੇ।
ਦਰਦ ਦਾ ਦਰਿਆ ਵਹਿੰਦਾ ਰਿਹਾ
ਉਸਨੇ ਕੰਢੇ `ਤੇ ਉਗੇ ਬਿਰਖ਼ ਨੂੰ ਦੁੱਖ ਸੁਣਾਉਣਾ ਚਾਹਿਆ
ਦੁੱਖ ਸੁਣ ਕੇ
ਬਿਰਖ਼ ਰੰੁਡ-ਮਰੁੰਡ ਹੋ ਗਿਆ।

ਉਸਨੇ ਕੰਢਿਆਂ ਨੂੰ ਆਪਣੇ ਗ਼ਮ ਵਿਚ ਸ਼ਰੀਕ ਬਣਾਉਣਾ ਚਾਹਿਆ
ਪਰ ਖੁਰਨਸ਼ੀਲ ਕੰਢੇ
ਆਪਣੀ ਹੋਂਦ ਹੀ ਮਿਟਾ ਬੈਠੇ।
ਉਸਨੇ ਪੌਣ ਨੂੰ ਆਪਣੀ ਵੇਦਨਾ ਦੱਸਣੀ ਚਾਹੀ
ਪੌਣ ਨੇ ਹੁੰਮਸ ਦਾ ਰੂਪ ਧਾਰ ਲਿਆ।

ਆਖਰ ਨੂੰ
ਦਰਦ ਦਾ ਦਰਿਆ
ਗ਼ਮ ਦਾ ਬਰੇਤਾ ਬਣ ਗਿਆ।
ਦੁੱਖ ਦੀਆਂ ਬਾਤਾਂ ਬਹੁਤ ਲੰਮੀਆਂ। ਕਦੇ ਨਹੀਂ ਮੁੱਕਦੀਆਂ ਕਿਉਂਕਿ ਦਰਦਾਂ ਨਾਲ ਭੰਨੇ ਲੋਕ ਜਾਣਦੇ ਕਿ ਦਰਦ ਕੀ ਹੁੰਦਾ? ਕਿਵੇਂ ਇਸਨੂੰ ਪਿੰਡੇ `ਤੇ ਜਰਨਾ? ਜਿਉਂਦਿਆਂ ਹੋਇਆਂ ਵੀ ਪਲ ਪਲ ਮਰਨਾ? ਪੀੜਾ ਦਾ ਖਾਰਾ ਸਮੁੰਦਰ ਤਰਨਾ ਹੈ ਅਤੇ ਇਸ ਖਾਰੇਪਣ ਵਿਚੋਂ ਹੀ ਲੱਪ ਕੁ ਸਾਹਾਂ ਦਾ ਭਰਨਾ? ਦੁੱਖ ਵਿਚ ਵੱਡੇ ਹੋ ਜਾਂਦੇ ਨੇ ਦਿਨ ਅਤੇ ਮੁੱਕਣ ਵਿਚ ਨਹੀਂ ਆਉਂਦੀਆਂ ਰਾਤਾਂ। ਅਖਬਾਰਾਂ ਵਿਚ ਕਾਲੇ ਹਾਸ਼ੀਏ ਵਾਲੀਆਂ ਖਬਰਾਂ ਪੜ੍ਹ ਕੇ ਅਕਸਰ ਹੀ ਸਾਡੇ ਮਨ ਨੂੰ ਕੋਈ ਟੀਸ ਨਹੀਂ ਪੈਂਦੀ। ਪਰ ਜਦ ਕੋਈ ਆਪਣਾ ਕਾਲੇ ਹਾਸ਼ੀਏ ਵਾਲੀ ਖਬਰ ਬਣਦਾ ਤਾਂ ਫਿਰ ਅਹਿਸਾਸ ਹੁੰਦਾ ਕਿ ਕਾਲੇ ਹਾਸ਼ੀਏ ਦਾ ਕੀ ਅਰਥ ਹੁੰਦਾ? ਇਹ ਕਿਹੋ ਜਹੀ ਤਰਾਸਦੀ ਘਰ ਵਾਲਿਆਂ ਦੇ ਨਾਮ ਕਰ ਜਾਂਦਾ।
ਉਹ ਦਰਦ ਦਾ ਗੀਤ
ਸਾਰੀ ਰਾਤ ਗਾਉਂਦਾ ਰਿਹਾ
ਕਮਰੇ ਦੀ ਚੁੱਪ ਨੂੰ ਤੋੜਦਾ ਰਿਹਾ
ਤੇ ਕੰਧਾਂ ਨੂੰ ਸੁਣਾਉਂਦਾ ਰਿਹਾ।
ਕੰਧ `ਤੇ ਲਟਕਦੇ ਕੈਲੰਡਰ ਦੀਆਂ ਤਰੀਕਾਂ
ਵੀ ਮਿਟ ਗਈਆਂ

ਕੰਧ `ਤੇ ਟੰਗੇ ਫਰੇਮ ਵਿਚੋਂ ਨਿਕਲੀ ਤਸਵੀਰ ਨੇ
ਉਸਨੂੰ ਵਰਾਉਣਾ ਚਾਹਿਆ
ਰੌਸ਼ਨਦਾਨ ਵਿਚ ਬੈਠੀ ਚਿੜੀ ਵੀ
ਉਸਦੇ ਦੁੱਖ ਵਿਚ ਹੰਝੂ ਕੇਰਦੀ ਰਹੀ
ਫਰਸ਼ ਵਿਚਾਰੀ
ਅੱਥਰੂਆਂ ਵਿਚ ਖੁਰਦੀ ਰਹੀ
ਛੱਤ ਹੌਕਿਆਂ ਦਾ ਹੁੰਗਾਰਾ ਭਰਦੀ ਰਹੀ
ਪਰ
ਜਦ ਬੰਦੇ ਦਾ ਦਰਦ
ਅੰਬਰ ਦੀ ਹਿੱਕ ਚੀਰ ਦਿੰਦਾ
ਆਲੇ ਦੁਆਲੇ ਵਿਚ ਫੈਲ ਜਾਦੀ ਹੈ ਸੁੰਨ
ਤਾਂ ਕੁਲਹਿਣੀ ਰੁੱਤ ਦੀ ਦਸਤਕ
ਕੋਈ ਨਹੀਂ ਰੋਕ ਸਕਦਾ।
ਯਾਦ ਰੱਖੋ! ਦਰਦ ਕਿਸੇ ਦਾ ਹੋਵੇ। ਇਸਨੂੰ ਦਰਦ ਹੀ ਸਮਝੋ ਅਤੇ ਇਸਦੀ ਤਾਸੀਰ `ਤੇ ਪ੍ਰਸ਼ਨ ਚਿੰਨ੍ਹ ਪੈਦਾ ਨਾ ਕਰੋ। ਜਦ ਅਸੀਂ ਦੁੱਖ ਵਿਚੋਂ ਆਪਣੇ ਸੁੱਖ ਦੀ ਕਾਮਨਾ ਕਰ ਲੱਗ ਪੈਂਦੇ ਹਾਂ ਤਾਂ ਸਮਝੋ ਕਿ ਤੁਹਾਡੇ ਅੰਦਰਲਾ ਮਨੁੱਖ ਮਰ ਗਿਆ ਹੈ।
ਦੁੱਖ ਦਰਿਆਵਾਂ ਦੇ ਵੀ ਹੁੰਦੇ ਤੇ ਚਾਵਾਂ ਦੇ ਵੀ।
ਰੁੱਖਾਂ ਦੇ ਵੀ ਹੁੰਦੇ ਤੇ ਸੰਘਣੀਆਂ ਛਾਂਵਾਂ ਦੇ ਵੀ।
ਮਾਪਿਆਂ ਦੇ ਵੀ ਹੁੰਦੇ ਤੇ ਭੈਣ-ਭਰਾਵਾਂ ਦੇ ਵੀ।
ਅੰਬਰ ਦੇ ਹੁੰਦੇ ਅਤੇ ਤਾਰਿਆਂ ਦੀਆਂ ਛਾਂਵਾਂ ਦੇ ਵੀ।
ਧਰਤ-ਧਰਮ ਦੇ ਵੀ ਤੇ ਧੌਲ-ਧਰਮ ਹਾਰਿਆਂ ਦੇ ਵੀ।

ਦੁੱਖ ਜਿੱਤਿਆਂ ਦੇ ਵੀ ਹੁੰਦੇ ਤੇ ਦੁੱਖ ਹਾਰਿਆਂ ਦੇ ਵੀ।
ਦੁੱਖ ਮੱਥੇ `ਤੇ ਲਿਖੀਆਂ ਦੇ ਵੀ ਤੇ ਕਿਸਮਤ ਦੇ ਹਾਰਿਆਂ ਦੇ ਵੀ।
ਦੁੱਖ ਪੱਕੇ ਘਰਾਂ ਦੇ ਵੀ ਹੁੰਦੇ ਤੇ ਛੰਨਾਂ-ਢਾਰਿਆਂ ਦੇ ਵੀ।
ਦੁੱਖ ਜੁੜਵਿਆਂ ਦੇ ਵੀ ਤੇ ਦੁੱਖ ਕੱਲੇ-ਕਾਰਿਆਂ ਦੇ ਵੀ।
ਦੁੱਖ ਸ਼ਬਦਾਂ ਦੇ ਵੀ ਹੁੰਦੇ ਤੇ ਦੁੱਖ ਅਰਥਾਂ ਦੇ।
ਦੁੱਖ ਕਰਮ-ਧਰਮ ਦੇ ਵੀ ਤੇ ਦੁੱਖ ਅਨਰਥਾਂ ਦੇ ਵੀ।
ਦੁੱਖ ਬੋਲਾਂ ਦੇ ਵੀ ਹੁੰਦੇ ਤੇ ਦੁੱਖ ਚੁੱਪ ਦੇ ਵੀ।
ਦੁੱਖ ਮੌਸਮਾਂ ਦੇ ਵੀ ਹੁੰਦੇ ਤੇ ਦੁੱਖ ਰੁੱਤ ਦੇ ਵੀ।
ਦੁੱਖ ਕਲਮ ਦੇ ਵੀ ਹੁੰਦੇ ਤੇ ਦੁੱਖ ਦਵਾਤ ਦੇ ਵੀ।
ਦੁੱਖ ਦਿਨ ਦੇ ਵੀ ਹੁੰਦੇ ਤੇ ਦੁੱਖ ਰਾਤ ਦੇ ਵੀ।
ਦੁੱਖ ਝੀਲਾਂ ਦੇ ਵੀ ਤੇ ਦੁੱਖ ਸਮੁੰਦਰਾਂ ਦੇ ਵੀ।
ਦੁੱਖ ਬਾਹਰੀ ਵੀ ਹੁੰਦੇ ਤੇ ਦੁੱਖ ਅੰਦਰਾਂ ਦੇ ਵੀ।

ਪਰ ਅਜੋਕਾ ਸੰਸਾਰਕ ਦ੍ਰਿਸ਼ ਤਾਂ ਈਕੂੰ ਹੈ ਕਿ
ਚਾਰੇ ਪਾਸੇ ਦੁੱਖ ਹੀ ਦੁੱਖ ਅਤੇ ਦੁੱਖ ਦਾ ਪਹਿਰ ਪਸਾਰਾ।
ਦੁੱਖਾਂ ਦੇ ਵਿਚ ਧੁਖਦਾ ਰਹਿੰਦਾ ਇਹ ਸਮੁੱਚਾ ਸੰਸਾਰਾ।
ਦੁੱਖਾਂ ਬਾਝੋਂ ਕੁਝ ਨਹੀਂ ਸੱਜਣੋ, ਦੁੱਖਾਂ ਭਰੀ ਕਟੋਰੀ।
ਦੁੱਖ ਹੀ ਮਾਰੂ ਰਾਗ ਸੁਣਾਉਂਦੇ, ਦੁੱਖ ਹੀ ਬਣਦੇ ਲੋਰੀ।
ਦੁੱਖਾਂ ਵਿਚੋਂ ਸੁੱਖ-ਸਾਧਨਾ ਮਾਣੇ ਵਿਰਲਾ ਕੋਈ।
ਜੋ ਦੁੱਖ-ਸੁੱਖ ਨੂੰ ਸਮ ਕਰ ਜਾਣੇ ਤਾਂ ਮਹਿਕੇ ਖੁਸ਼ਬੋਈ।
ਦੁੱਖਾਂ ਦੇ ਪੀਹੜੇ `ਤੇ ਬਹਿ ਕੇ ਗਾਵੋ ਜੀਵਨ-ਨਾਦ।

ਇਸ ਵਿਚੋਂ ਹੀ ਉਗਣਾ ਚਾਹੀਦਾ ਜੀਵਨ ਦਾ ਵਿਸਮਾਦ।
ਦੁੱਖਾਂ ਦੇ ਵਿਚ ਜਿਹੜੇ ਬਣਦੇ ਤਾਰਿਆਂ ਦਾ ਪ੍ਰਛਾਵਾਂ।
ਉਨ੍ਹਾਂ ਦੀ ਦਰਗਾਹੇ ਜਾ ਕੇ ਨਤਮਸਤਕ ਹੋਣਾ ਚਾਹਵਾਂ।
ਕਿਸੇ ਦੇ ਦੁੱਖ ਵਿਚ ਪਿੱਘਲਣ ਵਾਲੇ ਰੱਬ ਦਾ ਰੂਪ ਅਨੋਖਾ।
ਉਹ ਤਾਂ ਹੁੰਦੇ ਜੀਵਨ-ਬੀਹੀ ਸਰਬ-ਸੱਖਨ ਦਾ ਹੋਕਾ।
ਕਦੇ ਕਦੇ ਦੁੱਖ ਵਿਚ ਬੰਦਾ ਨਾ ਬਿਖਰਦਾ ਹੈ, ਨਾ ਟੁੱਟਦਾ ਹੈ ਸਗੋਂ ਹਾਰ ਜਾਂਦਾ ਹੈ ਆਪਣੇ ਆਪ ਤੋਂ ਜਦ ਉਸਨੂੰ ਇਹ ਪਤਾ ਲੱਗਦਾ ਹੈ ਕਿ ਜਿਨ੍ਹਾਂ ਨੂੰ ਉਹ ਸਾਰੀ ਉਮਰ ਆਪਣੇ ਹੀ ਸਮਝਦਾ ਰਿਹਾ, ਦਰਅਸਲ ਉਹ ਆਪਣੇ ਹੀ ਨਹੀਂ ਸਨ।
ਦੁੱਖ ਵਿਚ ਪਸੀਜੇ ਹੋਏ ਨੈਣਾਂ ਵਿਚੋਂ ਨਿਕਲੇ ਅੱਥਰੂਆਂ ਦਾ ਤਾਂ ਕੋਈ ਭਾਰ ਨਹੀਂ ਹੁੰਦਾ ਪਰ ਜਦ ਇਹ ਨਿਕਲ ਜਾਂਦੇ ਨੇ ਤਾਂ ਮਨ ਕੁਝ ਹਲਕਾ ਜ਼ਰੂਰ ਹੋ ਜਾਂਦਾ। ਦੁੱਖ ਨੂੰ ਮਹਿਸੂਸ ਕੀਤਾ ਜਾ ਸਕਦਾ, ਨਾ ਦਿਖਾਇਆ ਜਾ ਸਕਦਾ ਅਤੇ ਨਾ ਸਮਝਾਇਆ ਜਾ ਸਕਦਾ। ਦੁੱਖ ਦਾ ਮਤਲਬ ਤਾਂ ਸਿਰਫ਼ ਉਹੀ ਜਾਣਦਾ ਜਿਸ `ਤੇ ਬੀਤੀ ਹੋਵੇ। ਸੁੱਖ ਦੀ ਤਲਾਸ਼ ਵਿਚ ਨਿਕਲਣ ਲੱਗਿਆਂ ਅਕਸਰ ਹੀ ਰਾਹ ਵਿਚ ਖੜੇ ਦੁੱਖ ਕਹਿ ਦਿੰਦੇ ਨੇ ਕਿ ਸਾਨੂੰ ਨਾਲ ਲੈ ਚੱਲ। ਸਾਡੇ ਤੋਂ ਬਗੈਰ ਤੈਨੂੰ ਕਿਸੇ ਨੇ ਸੁੱਖਾਂ ਦਾ ਟਿਕਾਣਾ ਨਹੀਂ ਦੱਸਣਾ। ਦੁੱਖ ਤੋਂ ਬਗੈਰ ਸੁੱਖਾਂ ਦਾ ਕੀ ਅਰਥ?
ਹਰ ਇਕ ਦਾ ਦੁੱਖ ਹੀ ਵੱਡਾ। ਕਦੇ ਨਾ ਸਮਝੋ ਛੋਟਾ।
ਇਕੋ ਜਿਹੀ ਛਾਂ ਹੈ ਵੰਡਦਾ ਦੁੱਖਾਂ ਵਾਲਾ ਬਰੋਟਾ।
ਦੁੱਖ-ਦਰਦਾਂ ਤਾਂ ਸੱਜਣਾ ਹੁੰਦੇ ਜੀਵਨ ਦੇ ਦੋ ਰੰਗ।
ਇਨ੍ਹਾਂ ਰੰਗਾਂ ਵਿਚ ਰੰਗ ਕੇ ਉਘੜਦਾ ਹੈ ਜੀਵਨ ਦਾ ਰੰਗ-ਢੰਗ।
ਇਸਨੂੰ ਤਰ ਕੇ ਹੀ ਕੋਈ ਸਕਦਾ ਏ ਭਵ-ਸਾਗਰ ਲੰਘ।
ਦੁੱਖ ਦਾ ਵੀ ਹੁੰਦਾ ਖੁਸ਼ੀਆਂ ਵਰਗਾ ਰੰਗ।
ਸਿਰਫ਼ ਸਾਡੀ ਸੋਚ ਵਿਚ ਹੋਣਾ ਚਾਹੀਦਾ ਸੋਚਣ ਦਾ ਵੱਖਰਾ ਢੰਗ।
ਇਸਨੇ ਸਾਡੇ ਜੀਵਨ ਵਿਚ ਭਰਨੀ ਨਵੀਂ ਤਰੰਗ ਅਤੇ
ਫਿਰ
ਅਸੀਂ ਦੁੱਖ-ਸੁੱਖ਼ ਵਿਚੋਂ ਭਾਲਣੀ ਨਵੀਂ ਉਮੰਗ।