ਪੰਜਾਬ ਵਾਪਸੀ

ਚਰਨਜੀਤ ਸਿੰਘ ਪੰਨੂ
ਅਮਰੀਕਾ ਵੱਸਦੇ ਲਿਖਾਰੀ ਚਰਨਜੀਤ ਸਿੰਘ ਪੰਨੂ ਦੀ ਕਹਾਣੀ ‘ਪੰਜਾਬ ਵਾਪਸੀ’ ਉਸ ਆਮ ਬੰਦੇ ਦੀ ਹੋਈ-ਬੀਤੀ ਹੈ ਜਿਹੜਾ ਪੈਰ-ਪੈਰ ‘ਤੇ ਵਧੀਕੀਆਂ ਦੇ ਵੱਸ ਪਿਆ ਹੋਇਆ ਹੈ। ਲਿਖਾਰੀ ਨੇ ਇਸ ਬੇਵੱਸੀ ਨੂੰ ਮਾਰਮਿਕ ਰੂਪ ਵਿਚ ਪੇਸ਼ ਕੀਤਾ ਹੈ। ਖੱਟੀ ਕਰਨ ਲਈ ਪਰਦੇਸੀ ਹੋਏ ਜਿਊੜਿਆਂ ਨੂੰ ਤੰਤਰ ਦਾ ਇਹ ਕੁਹਜ ਇਸੇ ਤਰ੍ਹਾਂ ਖੂੰਖਾਰ ਹੋ ਕੇ ਟੱਕਰਦਾ ਹੈ।

ਪੰਜਾਬ ਦੀਆਂ ਸਖ਼ਤ ਹਵਾਵਾਂ ਜ਼ਰਾ ਕੁ ਨਰਮ ਹੋਈਆਂ। ਅਸਮਾਨ ਵਿਚ ਤਰਦੇ ਕਾਲੇ ਬੋਲੇ ਬੱਦਲ ਖਿੰਡ ਗਏ। ਲੋਕ ਹੁਣ ਰਾਤ ਤੱਕ ਸੜਕਾਂ `ਤੇ ਫਿਰ ਸਕਦੇ ਸਨ। ਪਿੰਡੋਂ ਸ਼ਹਿਰ ਤੇ ਸ਼ਹਿਰੋਂ ਪਿੰਡ ਜਾਣ ਲਈ ਰਿਕਸ਼ੇ, ਟਾਂਗੇ, ਟੈਕਸੀਆਂ ਦੇਰ ਰਾਤ ਤੱਕ ਮਿਲ ਸਕਦੀਆਂ ਸਨ। ਲੋਕਾਂ ਸੁੱਖ ਦਾ ਸਾਹ ਲਿਆ। ਹੁਣ ਖਾੜਕੂਆਂ ਦਾ ਕੋਈ ਡਰ ਨਹੀਂ ਸੀ ਤੇ ਨਾ ਹੀ ਪੁਲਸੀਆਂ ਦਾ। ਨਾ ਹੀ ਲੋਕ ਹੁਣ ਵਰਦੀ ਵਾਲੇ ਅੱਤਵਾਦੀਆਂ ਤੋਂ, ਤੇ ਨਾ ਹੀ ਕਾਲੀਆਂ ਬਿੱਲੀਆਂ ਜਾਂ ਕਾਲੇ ਕੱਛੇ ਵਾਲੇ ਕੁੱਤਿਆਂ ਤੋਂ ਡਰਦੇ ਸਨ।
ਪੰਜਾਬ ਦੇ ਮਾਪਿਆਂ ਨੇ ਪੁਲਿਸ ਤੋਂ ਡਰਦੇ ਜਾਂ ਅੱਤਵਾਦੀਆਂ ਤੋਂ ਡਰਦੇ ਆਪਣੇ ਬੱਚੇ ਕੈਨੇਡਾ, ਅਮਰੀਕਾ ਜਾਂ ਬਾਹਰਲੇ ਸੂਬਿਆਂ ਵਿਚ ਭੇਜ ਛੱਡੇ ਸਨ, ਉਹ ਹੁਣ ਹੌਲੀ-ਹੌਲੀ ਆਪਣੇ ਘਰਾਂ ਨੂੰ ਪਨਾਹਗੀਰਾਂ ਵਾਂਗ ਪਰਤਣ ਲੱਗੇ। ਕਿੰਨਾ ਕਹਿਰ ਤੇ ਬਿਗਾਨਾਪਨ ਸੀ ਇਨ੍ਹਾਂ ਹਵਾਵਾਂ ਵਿਚ! ਕੁੱਝ ਚੋਣਵੀਂਆਂ ਜਵਾਨੀਆਂ ਖਾੜਕੂਆਂ ਨੇ ਚੁਣ ਲਈਆਂ ਤੇ ਕੁੱਝ ਹੋਰ ਬਾਕੀ ਰਹਿੰਦੇ ਨੌਜੁਆਨ ਪੁਲਿਸ ਮੁਕਾਬਲਿਆਂ ਵਿਚ ਖ਼ਤਮ ਹੋ ਗਏ ਜਾਂ ਪੁਲਿਸ ਚੁੱਕ ਕੇ ਅਣਦੱਸੀ ਥਾਂ ਲੈ ਗਈ।
ਹੁਣ ਪੰਜਾਬ ਦੇ ਵਾਤਾਵਰਨ ਵਿਚ ਨਵੀਂ ਜਵਾਨੀ ਪਰਤੀ ਸੀ। ਪੁਲਿਸ ਵਾਲਿਆਂ ਨੇ ਆਮ ਜਨਤਾ ਦੇ ਜਾਨ ਤੇ ਮਾਲ ਦੀ ਰਾਖੀ ਕਰਨ ਦਾ ਵਚਨ ਲਿਆ ਸੀ ਤੇ ਭਰੋਸਾ ਦਿਵਾਇਆ ਸੀ। ਏਸੇ ਕਰਕੇ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ-ਪੜ੍ਹ ਕੇ ਅੰਬਾਂ ਸੇਠ ਅੱਜ ਕਿੰਨੇ ਸਾਲਾਂ ਪਿੱਛੋਂ ਪੰਜਾਬ ਪਰਤਿਆ ਸੀ। ਸ਼ੰਭੂ ਬੈਰੀਅਰ `ਤੇ ਦਾਖਲ ਹੁੰਦਿਆਂ ਉਸ ਦੀਆਂ ਅੱਖਾਂ ਜ਼ਜਬਾਤਾਂ ਦੇ ਹੜ੍ਹ ਨਾਲ ਤਰ ਹੋ ਗਈਆਂ। ਚੈਕਿੰਗ ਲਈ ਟਰੱਕਾਂ ਦੀ ਲਾਈਨ ਲੱਗੀ ਹੋਈ ਸੀ…। ਪਰ ਉਸ ਨੂੰ ਤਾਂ ਅੱਜ ਜਲਦੀ ਸੀ, ਉਹ ਬਹੁਤ ਜਲਦੀ ਆਪਣੇ ਪਿੰਡ ਦੀ ਮਿੱਟੀ ਦਾ ਸਪਰਸ਼ ਮਾਣਨ ਲਈ ਵਿਆਕੁਲ ਸੀ। ਟਰੱਕ ਪਾਸੇ-ਪਾਸੇ ਕਰ ਕੇ ਉਹ ਅੱਗੇ ਲੰਘਿਆ। ਦੂਰੋਂ ਹੌਲਦਾਰ ਸਾਹਿਬ ਮੁਸਕਰਾਉਂਦੇ ਉਸ ਦੀ ਤਾਕੀ ਲਾਗੇ ਆ ਖੜ੍ਹੇ ਹੋਏ। ਉਸ ਨੇ ਜੇਬ ਵਿਚੋਂ ਵੀਹ ਦਾ ਨੋਟ ਕੱਢਿਆ, ਤੇ ਉੱਧਰ ਸਰਕਾਇਆ।
‘ਇਹ ਪੰਜਾਬ ਹੈ ਭਾਈ! ਇੱਥੇ ਵੀਹ-ਵੂਹ ਨਹੀਂ ਚੱਲਦੇ।’
‘ਮੈਂ ਵੀ ਪੰਜਾਬੀ ਹਾਂ, ਹੌਲਦਾਰਾ! ਕੀ ਹੋਇਆ ਮੇਰਾ ਨੰਬਰ ਬੰਬੇ ਦਾ ਹੈ।’
‘ਤਾਂ ਫਿਰ ਕੱਢ ਕਾਗ਼ਜ਼।’ ਅਜੇਹੇ ਦਬਕੇ ਤਾਂ ਉਹ ਹਰ ਰੋਜ਼ ਝੱਲਦਾ ਆਇਆ ਸੀ।
ਉਸ ਨੇ ਕਾਗ਼ਜ਼ ਕੱਢ ਕੇ ਉਸ ਦੇ ਹੱਥ ਫੜਾਏ। ਸਭ ਠੀਕ-ਠੀਕ ਸੀ।
‘ਲਿਖਾ ਫਿਰ ਚਲਾਨ…।’ ਹੌਲਦਾਰ ਦੀਆਂ ਮੁੱਛਾਂ ਵਿਚ ਕਾਂਬਾ ਜਿਹਾ ਛਿੜ ਗਿਆ।
‘ਕਾਹਦਾ ਚਲਾਨ …?’ ਉਸ ਨੇ ਵੀ ਅੱਗੋਂ ਡਰੈਵਰੀ ਰੋਹਬ ਝਾੜਿਆ।
‘ਤੂੰ ਗੱਡੀ ਲਾਈਨ ਤੋਂ ਪਾਸੇ ਖੜੀ ਕਰ ਕੇ ਟਰੈਫ਼ਿਕ ਵਿਚ ਰੁਕਾਵਟ ਪਾਈ ਹੈ…।’
‘ਮੈਨੂੰ ਜ਼ਰਾ ਜਲਦੀ ਹੈ, ਹੌਲਦਾਰ ਸਾਹਿਬ।’ ਹੁਣ ਉਸ ਨੇ ਪੰਜਾਹ ਦਾ ਨੋਟ ਕੱਢ ਕੇ ਉਸ ਵੱਲ ਵਧਾਇਆ।
‘ਚੱਲੋ ਓਏ…! ਕਰੋ ਇਹਦੀ ਤਲਾਸ਼ੀ ! ਉੱਤਰ ਥੱਲੇ…।’ ਹੌਲਦਾਰ ਨੇ ਡੰਡਾ ਖੜਕਾਇਆ। ਕੁੱਝ ਹੋਰ ਸਿਪਾਹੀ ਨਾਲ ਆ ਰਲੇ।
‘ਕੀ ਲੱਦਿਆ ਈ?’ ਉਨ੍ਹਾਂ ਨੇ ਖਿੱਚ ਕੇ ਉਸ ਨੂੰ ਥੱਲੇ ਉਤਾਰ ਲਿਆ।
‘ਕੇਲਾ ਹੈ…ਦੇਖ ਲੋ…।’
‘ਹਾਂ ਤੇ ਜ਼ਰਾ ਚੰਗੀ ਤਰ੍ਹਾਂ ਵੇਖੋ…ਇਹਦੇ ਵਿਚ ਪਲੇਗ ਦੇ ਕੀਟਾਣੂ ਵੀ ਹੋਣਗੇ…ਗੱਡੀ ਅੱਗੇ ਨਹੀਂ ਜਾ ਸਕਦੀ…।’ ਹੌਲਦਾਰ ਦੇ ਲਹਿਜ਼ੇ ਵਿਚ ਕੁੱਝ ਗਰਮੀ ਆ ਗਈ।
‘ਵਿਸਕੀ ਦੀਆਂ ਦੋ ਬੋਤਲਾਂ।’ ਤਲਾਸ਼ੀ ਲੈਂਦੇ ਇੱਕ ਸਿਪਾਹੀ ਨੇ ਬੋਤਲਾਂ ਉੱਪਰ ਉਲਾਰਦੇ ਆਪਣੀ ਕਾਰਗੁਜ਼ਾਰੀ ਦਾ ਸਬੂਤ ਦਿੱਤਾ।
‘ਚਲੋ ਗੱਡੀ ਥਾਣੇ ਲੈ ਚੱਲੋ… ਇਹ ਸਮਗਲਿੰਗ ਦਾ ਬਹੁਤ ਗੰਭੀਰ ਮਾਮਲਾ ਹੈ।’ ਉਹ ਸਾਰੇ ਗੱਡੀ ਵਿਚ ਚੜ੍ਹ ਗਏ। ਉਸ ਦਾ ਕਲੀਨਰ ਬੈਰੀਅਰ ਤੋਂ ਰਾਹਦਾਰੀ ਲੈ ਆਇਆ ਸੀ। ਹੁਣ ਉਸ ਦੀ ਗੱਡੀ ਪੰਜਾਬ ਵਿਚ ਸੀ, ਉਸ ਦੇ ਆਪਣੇ ਪੰਜਾਬ ਵਿਚ, ਤੇ ਪੰਜਾਬ ਦੇ ਲੋਕਾਂ ਦੇ ਰਖਵਾਲੇ ਉਸ ਦੇ ਨਾਲ ਬੈਠੇ ਸਨ।
‘ਹਾਂ ਫਿਰ, ਦੱਸ ਕੀ ਇਰਾਦਾ…?’ ਇੱਕ ਸਿਪਾਹੀ ਨੇ ਫਿਰ ਧਮਕੀ ਜਿਹੀ ਮਾਰੀ।
‘ਫੜ ਯਾਰ…।’ ਹੁਣ ਉਸ ਨੇ ਸੌ ਦਾ ਨੋਟ ਕੱਢਿਆ।
‘ਨਹੀਂ! ਇਹ ਸੌਦਾ ਨਹੀਂ ਬਣਨਾ, ਤੂੰ ਪੰਜਾਬ ਪੁਲਿਸ ਨੂੰ ਨਹੀਂ ਜਾਣਦਾ, ਇਹ ਸੌ ਪੰਜਾਹ ਤਾਂ ਭਈਆਂ ਦੇ ਸੌਦੇ ਨੇ, ਸਾਡੇ ਤਾਂ ਘੱਟੋ ਘੱਟ ਇਕ ਹਜ਼ਾਰ ਲੱਗੂ…ਜੇ ਚਲਾਨ ਹੋ ਗਿਆ ਤਾਂ ਫਿਰ ਵੇਖੀਂ ਕਿੰਨੀ ਵੀਹੀ ਸੌ ਹੁੰਦਾ ਹੈ।’ ਉਸ ਦੇ ਸਾਹਮਣੇ ਇਕਦਮ ਠਾਣੇ, ਕਚਹਿਰੀ, ਵਕੀਲ, ਮੁਨਸ਼ੀ, ਜੇਲ੍ਹ ਸਭ ਰੀਲ ਵਾਂਗ ਘੁੰਮ ਗਏ।
‘ਤੇ ਫਿਰ ਪੰਜ ਸੌ ਵਿਚ ਸਾਰ ਲਉ ਮੇਰੇ ਯਾਰ…। ਮੈਂ ਤਾਂ ਬੜੀ ਦੇਰ ਬਾਅਦ ਪੰਜਾਬ ਆਉਣ ਦੀ ਗ਼ਲਤੀ ਕੀਤੀ ਹੈ…।’
‘ਹੈ! ਸਾਲਾ ਪੰਜ ਸੌ ਦਾ…। ਅਸੀਂ ਤੇਰੇ ਮੰਗਤੇ ਹਾਂ? ਤੂੰ ਸ਼ੁਕਰ ਕਰ, ਤੇਰੇ ਛਿੱਤਰ ਪਰੇਡ ਨਹੀਂ ਹੋਈ…।’
ਡਰਾਈਵਰ ਨੇ ਕੋਈ ਹੋਰ ਚਾਰਾ ਨਾ ਚਲਦਾ ਵੇਖ ਕੇ ਸੌ-ਸੌ ਦੇ ਦਸ ਨੋਟ ਕੱਢ ਕੇ ਉੱਧਰ ਵਗਾਹ ਮਾਰੇ ਤੇ ਉਹ ਬੜੇ ਆਰਾਮ ਨਾਲ ਥੱਲੇ ਉਤਰ ਗਏ।
ਥੋੜੀ ਦੂਰ ਅੱਗੇ ਗਿਆ। ਕੁੱਝ ਖ਼ਾਕੀ ਵਰਦੀ ਵਾਲੇ ਲਾਲ ਰੁਮਾਲ ਹਿਲਾ ਰਹੇ ਸਨ।
‘ਵੱਡਾ ਸਾਹਿਬ ਹੈ ਅੱਗੇ…।’ ਇਕ ਲਾਲ ਪਗੜੀ ਵਾਲੇ ਨੇ ਪਾਸੇ ਖੜ੍ਹੀ ਕਾਰ ਵੱਲ ਇਸ਼ਾਰਾ ਕੀਤਾ।
‘ਤੂੰ ਗੱਡੀ ਇੰਨੀ ਓਵਰ ਲੋਡ ਕਿਉਂ ਕੀਤੀ? ਕਾਗ਼ਜ਼? ਟੈਕਸ?…’
ਡਰਾਈਵਰ ਨੇ ਪੰਜਾਹ ਦਾ ਨੋਟ ਕੱਢ ਕੇ ਬਾਹਰ ਵਧਾਇਆ। ਇਨ੍ਹਾਂ ਮੂਰਖਾਂ ਭੁੱਖਿਆਂ ਨਾਲ ਬਾਰ ਬਾਰ…ਕੌਣ ਸਿਰ ਖਪਾਈ ਕਰੇ! ਸੰਤਰੀ ਸਾਹਿਬ ਨੇ ਨੋਟ ਜੇਬ ਵਿਚ ਪਾਇਆ ਤੇ ਹੱਥ ਦੇ ਇਸ਼ਾਰੇ ਨਾਲ ਜਾਣ ਦੀ ਖੁੱਲ੍ਹ ਦੇ ਦਿੱਤੀ।
‘ਇਹ ਤਾਂ ਸੇਠ! ਕੋਈ ਨਕਲੀ ਸਾਹਿਬ ਹੀ ਲਗਦਾ…?’ ਕਲੀਨਰ ਨੇ ਬਾਹਰ ਝਾਤੀ ਮਾਰਦੇ ਕਿਹਾ।
‘ਚਲ ਦਫ਼ਾ ਕਰ…।’ ਸੌ ਪੰਜਾਹ ਰੂਪੈ ਪਿੱਛੇ ਆਪਣਾ ਹੋਰ ਸਮਾਂ ਖ਼ਰਾਬ ਕਰਾਂਗੇ…। ਟਾਈਮ ਹੁੰਦਾ ਤਾਂ ਸਾਲੇ ਨੂੰ ਨਾਨੀ ਯਾਦ ਕਰਾ ਦਿੰਦੇ…। ਟਰੱਕ ਦਾ ਬਾਹਰਲਾ ਨੰਬਰ ਦੇਖ ਕੇ ਲੁਧਿਆਣਾ ਬਾਈ ਪਾਸ ‘ਤੇ ਇੱਕ ਸਿਪਾਹੀ ਦੌੜਿਆ ਆਇਆ… ਉਸ ਨੇ ਮਲਕੜੇ ਜਿਹੇ ਕੱਢ ਕੇ ਪੰਜਾਹ ਦਾ ਨੋਟ ਉਸ ਦੇ ਹਵਾਲੇ ਕਰ ਦਿੱਤਾ…ਤੇ ਨਾਲੇ ਇਕ ਨੋਟ ਬੁੱਕ ਵੀ, ‘ਐਂਟਰੀ?’ ਸਿਪਾਹੀ ਨੇ ਚੁੱਪਚਾਪ ਕਾਪੀ ਵਿਚ ਕੁੱਝ ਐਕਸ ਵਾਈ ਕੋਡ ਲਿਖ ਦਿੱਤੇ। ਉਹ ਸਮਝ ਗਿਆ ਹੁਣ ਲੁਧਿਆਣਾ ਜਿ਼ਲ੍ਹਾ ਉਹ ਨਿਰਵਿਘਨ ਪਾਸ ਕਰ ਸਕਦਾ ਹੈ।
‘ਇਹ ਤਾਂ ਲਾਗ ਦੇਣਾ ਹੀ ਪੈਣੈ, ਨਹੀਂ ਤੇ ਹੋਰ ਖੱਜਲ ਖੁਆਰ ਕਰਨਗੇ।’ ਅੰਬੇ ਨੇ ਕੌੜਾ ਘੁੱਟ ਭਰਿਆ।
ਅਗਲੇ ਚੌਕ ਵਿਚ ਫਿਰ ਉਹੋ ਜਿਹੀ ਹੋਰ ਤਿੱਕੜੀ…
‘ਹੋ ਗਿਆ ਹੋ ਗਿਆ…।’ ਅੰਬੇ ਨੇ ਕਾਪੀ ਬਾਹਰ ਕੱਢ ਕੇ ਵਿਖਾਲਦੇ ਕਿਹਾ…। ਦੋ ਜਿ਼ਲ੍ਹੇ ਇਸ ਤਰ੍ਹਾਂ ਹੀ ਲੰਘ ਗਏ।
ਆਪਣਾ ਜਿ਼ਲ੍ਹਾ, ਤਰਨਤਾਰਨ ਨੇੜੇ ਆ ਰਿਹਾ ਸੀ। ਉਹ ਸ਼ਹਿਰ, ਹੁਣ ਉਸ ਦਾ ਆਪਣਾ ਇਲਾਕਾ, ਜਿਸ ਨੇ ਉਸ ਨੂੰ ਅੰਬੇ ਤੋਂ ਅੰਬਾ ਖਾੜਕੂ ਬਣਾਇਆ ਤੇ ਫਿਰ ਡਰਾਈਵਰ ਤੇ ਫਿਰ ਟਰੱਕ ਦਾ ਮਾਲਕ ਅੰਬਾ ਸੇਠ। ਉਸ ਨੇ ਸਿਰ ਨਿਵਾ ਕੇ ਧਰਤੀ ਨੂੰ ਸਿਜਦਾ ਕੀਤਾ। ਬਾਹਰ ਨਾ ਦੌੜਦਾ ਤਾਂ ਪਤਾ ਨਹੀਂ ਹੁਣ ਤੱਕ ਕਿੰਨੀਆਂ ਕੁ ਜੇਲ੍ਹਾਂ ਕੱਟਣੀਆਂ ਪੈਣੀਆਂ ਸਨ, ਪੁਲਿਸ ਦੇ ਕਿੰਨੇ ਤਸੀਹੇ ਝੱਲਣੇ ਸਨ, ਖਾੜਕੂ ਬਣਨਾ ਸੀ ਜਾਂ ਅੱਤਵਾਦੀ…ਜਾਂ ਫਿਰ ਸ਼ਹੀਦ ਕਹਾਉਣਾ ਸੀ।
ਗੱਲ ਕੀ ਸੀ? ਗੱਲ ਤਾਂ ਕੁੱਝ ਵੀ ਨਹੀਂ ਸੀ। ਥਾਣੇਦਾਰ ਨੇ ਜਦ ਪਿੰਡ ਦੇ ਸਿਮਰੂ ਅਮਲੀ ਨੂੰ ਦੋਵੇਂ ਬਾਂਹਾਂ ਬੰਨ੍ਹ ਕੇ ਮੂੰਹ ਕਾਲਾ ਕਰ ਕੇ ਪਿੰਡ ਵਿਚ ਘੁਮਾਉਣ ਲਈ ਹੁਕਮ ਦਿੱਤਾ ਸੀ ਤਾਂ ਅੰਬਾ ਹੀ ਸੀ, ਜਿਸ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਕਿਹਾ ਸੀ, ‘ਮੂੰਹ ਕਾਲਾ ਇਸ ਦਾ ਨਾ ਕਰੋ, ਉਸ ਲਾਲੇ ਦਾ ਕਰੋ ਜਿਸ ਨੇ ਲਾਲਚ ਦੇ ਕੇ ਇਸ ਨੂੰ ਭੁੱਕੀ ਵੇਚਣ ਲਈ ਦਿੱਤੀ।’ ਬੱਸ ਫਿਰ ਕੀ ਸੀ, ਥਾਣੇਦਾਰ ਵੀ ਖ਼ਿਲਾਫ਼, ਲਾਲਾ ਵੀ ਖ਼ਿਲਾਫ਼ ਤੇ ਲਾਲੇ ਦੇ ਹਮਾਇਤੀ ਵੀ ਖ਼ਿਲਾਫ਼। ਯਾਨੀ ਕਿ ਸਾਰਾ ਪਿੰਡ ਹੀ ਖ਼ਿਲਾਫ਼। ਅਮਲੀ ਦੇ ਨਾਲ ਇਹਨੂੰ ਵੀ ਫੜ ਕੇ ਥਾਣੇ ਲੈ ਗਏ। ਅਖੇ ਖਾੜਕੂ ਹੈ ਇਹ! ਇਸ ਨੇ ਪੁਲਿਸ ਮੁਕਾਬਲਾ ਕਰਨ ਦੀ ਕੋਸ਼ਿਸ਼ ਕੀਤੀ ਏ। ਪਿੰਡ ਦੇ ਪੰਚਾਂ-ਸਰਪੰਚਾਂ ਨੇ ਜਾ ਕੇ ਇਸ ਦੇ ਠੀਕ ਆਚਰਨ ਦੀ ਸਫ਼ਾਈ ਦਿੱਤੀ ਸੀ ਤੇ ਥਾਣੇਦਾਰ ਦੀ ਮੁੱਠੀ ਗਰਮ ਕਰ ਕੇ ਉਸ ਨੂੰ ਮਸਾਂ ਛੁਡਾਇਆ ਸੀ।
‘ਪੁਲਿਸ ਦਾ ਡੰਗ ਤੇਜ਼ ਹੈ ਸੱਜਣੋ, ਜਿਹਨੂੰ ਮਰਜ਼ੀ ਫੜੇ, ਜਿਹਨੂੰ ਮਰਜ਼ੀ ਛੱਡੇ, ਜਿਹਨੂੰ ਮਰਜ਼ੀ ਅੱਤਵਾਦੀ ਬਣਾ ਦੇਵੇ, ਜਿਹਨੂੰ ਮਰਜ਼ੀ ਚੋਰ…ਕੋਈ ਦਾਤ ਫ਼ਰਿਆਦ ਨਹੀਂ, ਛਿੱਤਰ ਵੀ ਮਾਰਦੇ ਨੇ ਤੇ ਰੋਣ ਵੀ ਨਹੀਂ ਦਿੰਦੇ।’ ਅਮਲੀ ਵਿਚਾਰੇ ਨੇ ਰੋਂਦੇ ਹੋਏ ਕਿਹਾ ਸੀ।
ਫਿਰ ਕੁੱਝ ਦਿਨਾਂ ਬਾਅਦ ਰਾਤ ਬਾਰਾਂ ਵਜੇ ਉਨ੍ਹਾਂ ਦਾ ਦਰਵਾਜ਼ਾ ਖੜਕਿਆ। ਬਾਪੂ ਨੇ ਡਰਦੇ ਡਰਦੇ ਦਰਵਾਜ਼ਾ ਖੋਲ੍ਹਿਆ…ਚਾਰ ਆਦਮੀ ਮੂੰਹ ਬੰਨ੍ਹੀ ਧੁੱਸ ਦਿੱਤੀ ਅੰਦਰ ਵੜ ਆਏ।
‘ਕਿਥੇ ਐ ਅੰਬਾ …?’ ਦਬਕਾਵੀਂ ਰੋਹਬਦਾਰ ਆਵਾਜ਼ ਸੁਣ ਕੇ ਮਾਂ ਕੰਬਣ ਲੱਗੀ। ਉਨ੍ਹਾਂ ਨੂੰ ਸਮਝਣ ਵਿਚ ਜ਼ਰਾ ਵੀ ਦੇਰ ਨਾ ਲੱਗੀ। ਅਖ਼ਬਾਰਾਂ ਰਸਾਲਿਆਂ ਦੀਆਂ ਸੁਰਖ਼ੀਆਂ ਵਾਲੇ ਹੀਰੋ ਕਾਲੀਆਂ ਲੋਈਆਂ ਵਿਚ ਲਪੇਟੇ ਸਾਹਮਣੇ ਖੜੇ ਸਨ।
‘ਸਾਨੂੰ ਮੁਆਫ਼ ਕਰ ਦਿਓ ਬਾਬਿਓ।’ ਸਾਡੇ ਤਾਂ ਅੱਗੇ ਹੀ ਪੁਲਿਸ ਵਾਲੇ ਖਹਿੜਾ ਨਹੀਂ ਛੱਡਦੇ।’ ਬਾਪੂ ਨੇ ਫ਼ਰਿਆਦ ਕੀਤੀ।
‘ਤੁਸੀਂ ਉਹਨੂੰ ਸਾਡੇ ਨਾਲ ਭੇਜ ਦਿਓ… ਅਸੀਂ ਉਹਨੂੰ ਕੁੱਝ ਨਹੀਂ ਕਹਿਣਾ, ਤੁਹਾਡਾ ਮੁੰਡਾ ਬਹੁਤ ਬਹਾਦਰ ਹੈ ਜੀਹਨੇ ਪੁਲਿਸ ਵਾਲੇ ਪਿੰਡੋਂ ਦੁੜਾ ਦਿੱਤੇ, ਸਾਡੀ ਪੰਥਕ ਜਥੇਬੰਦੀ ਨੂੰ ਉਸ ਦੀ ਬੜੀ ਲੋੜ ਹੈ।’ ਅਜਨਬੀ ਆਗੂ ਬਿਨਾ ਰੁਕੇ ਕਹਿੰਦਾ ਗਿਆ।
‘ਮੇਰੇ ਪੁੱਤ ਨੂੰ ਨਾ ਲਿਜਾਇਓ ਸੋਹਣਿੱ।’ ਮਾਂ ਦੀ ਲਿਲ੍ਹਕੜੀ ਉਸ ਨੇ ਦਰਵਾਜ਼ੇ ਪਿੱਛੇ ਖੜ ਕੇ ਸੁਣੀ ਸੀ।
‘ਮਾਤਾ ਜੀ! ਚਿੰਤਾ ਨਾ ਕਰੋ! ਕੋਈ ਪੁਲਿਸ ਵਾਲਾ ਤੁਹਾਡੇ ਵੱਲ ਉਂਗਲ ਕਰੇ ਤਾਂ ਅਸੀਂ ਜ਼ਿੰਮੇਵਾਰ ਹਾਂ।’
‘ਸਾਡੇ ਕੋਲ ਕਿਹੜਾ ਕੋਈ ਹੋਰ ਐ…ਸਾਨੂੰ ਬਖ਼ਸ਼ ਦਿਓ ਬੱਚਿਓ।’
‘ਤਾਂ ਫਿਰ ਕੰਨ ਖੋਲ੍ਹ ਕੇ ਸੁਣ ਲਉ…ਅਸੀਂ ਐਤਵਾਰ ਨੂੰ ਆਵਾਂਗੇ, ਜਾਂ ਉਹਨੂੰ ਸਾਡੇ ਨਾਲ ਭੇਜ ਦਿਓ ਤੇ ਜਾਂ…ਇੱਕ ਲੱਖ ਰੂਪੈ ਨਕਦ।’ ਉਹ ਚਲਦੇ ਬਣੇ।
ਅਗਲੇ ਦਿਨ ਘਰ ਨੂੰ ਤਾਲਾ ਲੱਗ ਗਿਆ ਸੀ। ਬਾਪੂ ਨੇ ਇੱਕ ਲੱਖ ਮੇਰੇ ਪੱਲੇ ਬੰਨ੍ਹ ਕੇ ਮੈਨੂੰ ਬੰਬੇ ਦੀ ਗੱਡੀ ਰਿਸ਼ਤੇਦਾਰਾਂ ਵੱਲ ਚੜ੍ਹਾ ਦਿੱਤਾ ਸੀ ਤੇ ਮਾਂ ਬਾਪੂ ਨੂੰ ਲੈ ਕੇ ਆਪਣੇ ਪੇਕੇ ਚਲੀ ਗਈ ਸੀ।
‘ਜਦੋਂ ਡੰਢ-ਠੰਢੌੜਾ ਹੋਇਆ ਤਾਂ ਅਸੀਂ ਆਪੇ ਤੈਨੂੰ ਬੁਲਾ ਲਵਾਂਗੇ।’ ਮਾਂ ਨੇ ਕਿੰਨਾ ਭਾਰਾ ਪੱਥਰ ਛਾਤੀ ਧਰ ਕੇ ਇਕਲੌਤੇ ਪੁੱਤ ਨੂੰ ਤੋਰ ਦਿੱਤਾ ਸੀ। ਪਲਕ ਝਲਕ ਵਿਚ ਬੀਤ ਚੁੱਕੀ ਡਾਇਰੀ ਦੇ ਸਾਰੇ ਪੰਨੇ ਉਸ ਦੇ ਸਾਹਮਣੇ ਆਪਣੇ ਆਪ ਉਲਟਦੇ ਗਏ।
ਟਰੱਕ ਸੜਕ ਦੇ ਪਾਸੇ ਖੜ੍ਹਾ ਕਰ ਕੇ ਉਹ ਬਾਜ਼ਾਰ ਵਿਚ ਵੜ ਗਿਆ। ਸ਼ਹਿਰ ਵਿਚ ਖੂਬ ਗਹਿਮਾ-ਗਹਿਮੀ ਸੀ। ਹੋਰ ਲੋਕਾਂ ਵਾਂਗ ਉਹ ਵੀ ਜਲਦੀ ਜਲਦੀ ਸੌਦਾ ਪੱਤਾ ਲੈ ਕੇ ਘਰ ਪਹੁੰਚਣ ਦੀ ਤੜਫਣਾ ਵਿਚ ਸੀ। ਆਂਢੀ-ਗੁਆਂਢੀ ਭਰਾ-ਭਤੀਜਿਆਂ ਲਈ ਫਲ-ਫਰੂਟ, ਮਠਿਆਈ, ਕੱਪੜੇ ਤੇ ਹੋਰ ਨਿਕ-ਸੁੱਕ ਲੈ ਕੇ ਵਾਪਸ ਮੁੜਿਆ। ਗੱਡੀ ਦੇ ਬੋਨਟ `ਤੇ ਬੈਠਾ ਸਿਪਾਹੀ ਉਸ ਨੂੰ ਆਉਂਦਾ ਵੇਖ ਕੇ ਪਹਿਲਾਂ ਮੁਸਕਰਾਇਆ ਤੇ ਫਿਰ ਘੂਰੀ ਪਾ ਕੇ ਗਰਜਿਆ।
‘ਓ ਤੇਰਾ ਏ ਟਰੱਕ ਬਾਊ…?’
‘ਹਾਂ ਜੀ…।’ ਹੱਥ ਦੇ ਲਿਫ਼ਾਫ਼ੇ ਉਸ ਤੋਂ ਮਸਾਂ ਡਿਗਦੇ ਡਿਗਦੇ ਬਚੇ।
‘ਤੈਨੂੰ ਨਹੀਂ ਪਤਾ, ਇੱਥੇ ਟਰੱਕ ਖੜ੍ਹਾ ਕਰਨਾ ਮਨ੍ਹਾ ਹੈ…? ਕੱਢ ਕਾਗ਼ਜ਼..?’
‘ਕਾਗ਼ਜ਼ ਤੂੰ ਕੀ ਕਰਨੈਂ? ਲੈ! ਜਾ ਕੇ ਨਿਆਣਿਆਂ ਨੂੰ ਪਟਾਕੇ-ਪਟੂਕੇ ਲੈ ਕੇ ਦੇਹ।’ ਜੇਬ ਵਿਚੋਂ ਵੀਹ ਦਾ ਨੋਟ ਕੱਢ ਕੇ ਉਧਰ ਕੀਤਾ।
‘ਸਾਲਾ ਪਟਾਕਿਆਂ ਦਾ.. ਦੱਸਦਾਂ ਹੁਣੇ ਤੈਨੂੰ। ਮੈਨੂੰ ਰਿਸ਼ਵਤ ਦੇਣ ਲੱਗੈਂ? ਚੱਲ ਵੱਡੇ ਸਾਹਿਬ ਕੋਲ।’ ਉਸ ਦਾ ਜੀਅ ਕੀਤਾ ਉਸ ਦੇ ਦੋ ਥੱਪੜ ਲਾ ਕੇ ਸਬਕ ਸਿਖਾਵੇ… ਪਰ ਪੁਰਾਣੀ ਅਮਲੀ ਦੀ ਕਹਾਣੀ ਯਾਦ ਕਰ ਕੇ ਸਭ ਕੁੱਝ ਵਿਚੇ ਵਿਚ ਪੀ ਗਿਆ।
‘ਅਰੇ ਕਿਆ ਬਾਤ ਹੈ ਬਾਈ…?’ ਦੋਹਾਂ ਨੂੰ ਬਹਿਸਦੇ ਵੇਖ ਕੇ ਦੂਰ ਖੜਾ ਹੌਲਦਾਰ ਉਧਰ ਆ ਧਮਕਿਆ…।
‘ਇਸ ਦਾ ਚਲਾਨ ਕੱਟੋ ਜਨਾਬ! ਇਸ ਨੇ ਜੁਰਮ ਕੀਤਾ ਹੈ…ਮੈਂ ਬੜਾ ਸਮਝਾਇਆ…ਇਹ ਮੇਰਾ ਇਸ਼ਾਰਾ ਨਹੀਂ ਸਮਝਦਾ…।’
‘ਛੋੜੋ ਯਾਰ…ਜਾਣੇ ਦੋ ਬਿਚਾਰੇ ਕੋ…ਪਤਾ ਨਹੀਂ ਕਿਤਨੀ ਦੂਰ ਸੇ ਆਇਆ ਹੈ…।’ ਹੌਲਦਾਰ ਨੇ ਡਰਾਈਵਰ ਦੀ ਹਮਦਰਦੀ ਜਿੱਤ ਲਈ।
‘ਜਾਏ ਖ਼ੁਸ਼ੀ ਨਾਲ ਜਾਏ…ਅਸੀਂ ਰੋਕ ਕੇ ਕਿਹੜਾ ਇਹਤੋਂ ਗੋਡੀ ਕਰਾਉਣੀ ਐ…ਪਰ ਸਾਡਾ ਚਾਹ-ਪਾਣੀ ਦੇ ਜਾਏ…ਬੋਤਲ ਦੇ ਦੇਵੇ।’
‘ਨਾ ਤੰਗ ਕਰੋ ਭਾਈ! ਐਤਕੀਂ ਗ਼ਲਤੀ ਨਾਲ ਆ ਗਏ ਪੰਜਾਬ…ਫਿਰ ਨਹੀਂ ਆਉਂਦੇ।’
‘ਉਸ ਨੇ ਸੀਟ ਥੱਲਿਓਂ ਇਕ ਬੋਤਲ ਕੱਢ ਕੇ ਉਨ੍ਹਾਂ ਨੂੰ ਫੜਾਈ ਤੇ ਆਪਣਾ ਪਿੱਛਾ ਛਡਾਇਆ।’
‘ਜਾਹ ਦੌੜ ਜਾ…ਇੱਥੇ ਦੁਬਾਰਾ ਗੱਡੀ ਖੜੀ ਨਾ ਕਰੀਂ।’
‘ਚੰਗਾ ਜਨਾਬ!’ ਗੱਡੀ ਸਟਾਰਟ ਕਰਦੇ ਉਹਨੇ ‘ਹਾਂ’ ਭਰੀ।
‘ਤੇ ਸੁਣ ! ਜੇ ਕਿਸੇ ਕੋਲ ਗੱਲ ਕੀਤੀ ਤਾਂ ਕੱਲ੍ਹ ਨੂੰ ਫੇਰ ਫੜਿਆ ਲਵੀਂ।’
ਉਸ ਨੇ ਸੀਟ ਪਿੱਛੇ ਭੳਂੁ ਕੇ ਵੇਖਿਆ। ਵੱਡਾ ਅਟੈਚੀ ਤੇ ਬੈਗ ਜਿਸ ਵਿਚ ਉਸ ਦੀ ਸਾਰੀ ਦਸ ਸਾਲਾਂ ਦੀ ਕਮਾਈ, ਪੈਸੇ, ਕੱਪੜੇ ਤੇ ਵਿਆਹ ਲਈ ਗਹਿਣਾ ਸੀ। ਅਜੇ ਤੱਕ ਇਨ੍ਹਾਂ ਦੀ ਨਜ਼ਰੀਂ ਨਹੀਂ ਚੜ੍ਹੇ ਸਨ, ਨਹੀਂ ਤੇ ਇਹ ਰਸਤੇ ਵਿਚ ਹੀ ਖੁੱਸ ਜਾਣੇ ਸਨ। ਉਸ ਨੇ ਸ਼ੁਕਰ ਕੀਤਾ।
‘ਇੱਧਰ ਆ ਜ਼ਰਾ…।’ ਉਸ ਨੇ ਕਲੀਨਰ ਨੂੰ ਗੱਡੀ ਚਲਾਉਣ ਦਾ ਇਸ਼ਾਰਾ ਕੀਤਾ ਤੇ ਆਪ ਸੀਟ ਥਲੋਂ ਬੈਗ ਅਟੈਚੀ ਬਾਹਰ ਖਿੱਚੇ, ਨਵੇਂ ਸੁਹਣੇ ਕੱਪੜੇ ਪਾਏ… ਤੇ ਪੱਗ ਬੰਨ੍ਹ ਕੇ ਤਰੋ ਤਾਜ਼ਾ ਹੋ ਗਿਆ। ਹੁਣ ਉਹ ਪੂਰਾ ਪੰਜਾਬੀ ਗੱਭਰੂ ਸੱਜ ਗਿਆ ਸੀ। ਹਨੇਰਾ ਉੱਤਰ ਆਇਆ ਸੀ। ਉਸ ਨੇ ਪੰਦਰਾਂ ਮਿੰਟਾਂ ਵਿਚ ਆਪਣੇ ਘਰ ਆਪਣੇ ਮਾਂ ਬਾਪ ਕੋਲ ਪਹੁੰਚ ਜਾਣਾ ਸੀ।
ਉਸ ਦੇ ਦਿਲ ਦੀ ਧੜਕਨ ਹੋਰ ਤੇਜ਼ ਹੋ ਗਈ। ਨਹਿਰ ਦੀ ਪੁਲੀ `ਤੇ ਮੁਘੜ ਮਾਰੀ ਤਿੰਨ ਚਾਰ ਆਦਮੀ ਗੱਡੀ ਅੱਗੇ ਆ ਖੜੇ ਹੋਏ।
‘ਕੱਢ ਲੈ…ਨਿਕਲ ਚੱਲ।’ ਉਸ ਨੇ ਕਲੀਨਰ ਨੂੰ ਲਲਕਾਰਿਆ। ਪਰ ਕਲੀਨਰ ਘਬਰਾ ਗਿਆ…ਗੱਡੀ ਡਿਗਦੀ ਡਿਗਦੀ ਪਾਸੇ ਕੱਚੇ ਲੱਥ ਕੇ ਟੇਢੀ ਹੋ ਗਈ।
ਤਾੜ-ਤਾੜ ਗੋਲੀਆਂ ਦੀ ਆਵਾਜ਼ ਰਾਤ ਦੀ ਹਨੇਰੀ ਹਵਾ ਦਾ ਸੀਨਾ ਪਾੜ ਗਈ।
ਉਸ ਨੇ ਕਲੀਨਰ ਸਾਈਡ ਬਾਰੀ ਖੋਲ੍ਹ ਕੇ ਦੌੜਨ ਦੀ ਕੋਸ਼ਿਸ਼ ਕੀਤੀ…ਥੋੜੀ ਦੂਰ ਜਾ ਕੇ ਠੇਡਾ ਖਾ ਕੇ ਮੂਧੇ ਮੂੰਹ ਡਿੱਗ ਪਿਆ। ਉਸ ਨੂੰ ਹਨੇਰਨੀ ਜਿਹੀ ਆਈ। ਇਹ ਕੀ ਹੋਇਆ? ਮੂਸਾ ਮੌਤੋਂ ਭੱਜਾ ਮੌਤ ਅੱਗੇ ਖੜੀ। ਕੁੱਝ ਦੇਰ ਬਾਅਦ ਉਸ ਨੂੰ ਹੋਸ਼ ਆਈ। ਆਪਣਾ ਆਪ ਸੰਭਾਲ ਕੇ ਹੌਸਲਾ ਕਰ ਕੇ ਗੱਡੀ ਵੱਲ ਮੁੜਿਆ।
ਕਲੀਨਰ ਖੂਨ ਦੀ ਛਪੜੀ `ਚ ਲੱਥ ਪੱਥ ਸੀਟ `ਤੇ ਲੁੜ੍ਹਕਿਆ ਪਿਆ ਸੀ ਤੇ ਗੱਡੀ ਵਿਚਲਾ ਸਾਰਾ ਸਾਮਾਨ ਬੈਗ ਅਟੈਚੀ ਲੀੜਾ ਕੱਪੜਾ ਸਭ ਸਾਫ਼ ਸੀ।