ਅੰਮ੍ਰਿਤਸਰ ਦੀ ਅਦਾਕਾਰਾ ਅਨਵਰੀ

ਸਾਂਝੇ ਪੰਜਾਬ ਦੀ ਉੱਘੀ ਗਾਇਕਾ ਅਤੇ ਅਦਾਕਾਰਾ ਅਨਵਰ ਉਰਫ ਅਨਵਰੀ ਬਾਈ ਉਰਫ ਅਨਵਰੀ ਬੇਗ਼ਮ ਦੀ ਪੈਦਾਇਸ਼ 1907 ਵਿਚ ਅੰਮ੍ਰਿਤਸਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿਚ ਹੋਈ। ਉਸ ਦੀ ਮਾਂ ਦਾ ਨਾਮ ਬਿੱਲੋ ਸੀ ਜੋ ਉਸਤਾਦ ਬਹਿਰੇ ਵਹੀਦ ਖ਼ਾਨ (ਕਿਰਾਨਾ ਘਰਾਣਾ) ਦੀ ਸ਼ਾਗਿਰਦ ਸੀ। ਬਿੱਲੋ ਆਪਣੀ ਧੀ ਨੂੰ ਪਾਰੋ ਦੇ ਨਾਮ ਨਾਲ ਬੁਲਾਉਂਦੀ ਸੀ। ਅਨਵਰੀ ਨੇ ਕਲਾਸਕੀ ਸੰਗੀਤ ਦੀ ਸ਼ੁਰੂਆਤੀ ਤਾਲੀਮ ਉਸਤਾਦ ਓਮਰਾਓ ਖ਼ਾਨ (ਦਿੱਲੀ ਘਰਾਣਾ) ਅਤੇ ਸਾਰੰਗੀ ਵਾਦਕ ਸ਼ਕੂਰ ਖ਼ਾਨ ਤੋਂ ਹਾਸਿਲ ਕੀਤੀ। ਉਸ ਕੋਲ ਠੁਮਰੀ, ਦਾਦਰਾ ਤੇ ਖ਼ਿਆਲ ਨੂੰ ਉਮਦਗੀ ਨਾਲ ਪੇਸ਼ ਕਰਨ ਦਾ ਹੁਨਰ ਸੀ।

ਜਦੋਂ ਹਕੀਮ ਰਾਮ ਪ੍ਰਸ਼ਾਦ ਨੇ ਏ.ਆਰ. ਕਾਰਦਾਰ (ਅਬਦੁੱਲ ਰਸ਼ੀਦ ਕਾਰਦਾਰ, ਲਾਹੌਰ) ਦੀ ਹਿਦਾਇਤਕਾਰੀ ਵਿਚ ਉਰਦੂ/ਹਿੰਦੀ ਫਿਲਮ ‘ਹੀਰ ਰਾਂਝਾ` ਉਰਫ ‘ਹੂਰ-ਏ-ਪੰਜਾਬ` (1932) ਸ਼ੁਰੂ ਕੀਤੀ ਤਾਂ ਆਲ ਇੰਡੀਆ ਰੇਡੀਓ, ਲਾਹੌਰ ਦੀ ਮਸ਼ਹੂਰ ਗੁਲੂਕਾਰਾ ਅਤੇ ਬੁਲਬੁਲ-ਏ-ਪੰਜਾਬ ਅਨਵਰੀ ਬਾਈ ਨੂੰ ਨਵੇਂ ਚਿਹਰੇ ਵਜੋਂ ਪੇਸ਼ ਕੀਤਾ। ਅਨਵਰੀ ਬਾਈ ਨੇ ਅਨਵਰ ਦੇ ਨਾਮ ਨਾਲ ਹੀਰ ਦਾ ਕਿਰਦਾਰ ਨਿਭਾਇਆ, ਰਾਂਝੇ ਦਾ ਕਿਰਦਾਰ ਰਾਵਲਪਿੰਡੀ ਦਾ ਗੱਭਰੂ ਮੁਹੰਮਦ ਰਫੀਕ ਗਜ਼ਨਵੀ ਬੀ.ਏ. ਨਿਭਾ ਰਿਹਾ ਸੀ। ਵਾਰਿਸ ਸ਼ਾਹ ਦੇ ਮਸ਼ਹੂਰ ਮੁਹੱਬਤੀ ਕਿੱਸੇ ਉੱਤੇ ਬਣੀ ਇਹ ਦੋਵਾਂ ਕਲਾਕਾਰਾਂ ਦੀ ਪਹਿਲੀ ਫਿਲਮ ਸੀ। ਫਿਲਮ ਦੀ ਕਹਾਣੀ ਪ੍ਰੋਫੈਸਰ ਆਬਿਦ ਅਲੀ ਆਬਿਦ, ਸੰਵਾਦ ਲਾਲਾ ਯਾਕੂਬ, ਸਕਰੀਨ ਪਲੇਅ ਐੱਮ. ਸਾਦਿਕ ਦੇ ਸਨ ਅਤੇ ਸੰਗੀਤਕ ਤਰਜ਼ਾਂ ਰਫੀਕ ਗਜ਼ਨਵੀ (ਸਹਾਇਕ ਭਾਈ ਗ਼ੁਲਾਮ ਹੈਦਰ ਅੰਮ੍ਰਿਤਸਰੀ) ਨੇ ਤਿਆਰ ਕੀਤੀਆਂ ਸਨ। ਫਿਲਮ ਦੇ ਇਸ਼ਤਿਹਾਰਾਂ `ਤੇ ਮੌਜੂਦ ਸਿਰਫ ਤਿੰਨ ਗੀਤਾਂ ਦਾ ਹਵਾਲਾ ਮਿਲਦਾ ਹੈ ਜਿਨ੍ਹਾਂ ਵਿਚੋਂ ਦੋ ਗੀਤ ਪੰਜਾਬੀ ਜ਼ੁਬਾਨ ਵਿਚ ‘ਰਾਂਝੇ ਨੂੰ ਲਿਆਵੋ ਮੋੜ ਕੇ ਨਾ ਜਾਵੀਂ ਰਾਂਝਣਾ ਵੇ` ਤੇ ‘ਟੁਰ ਚੱਲਿਆ ਨੀ ਰਾਂਝਾ ਮੇਰੀ ਪ੍ਰੀਤ ਨੂੰ ਤੋੜ ਕੇ` ਅਤੇ ਤੀਜੀ ਉਰਦੂ ਗ਼ਜ਼ਲ ‘ਉੱਠ ਏ ਵਫਾ ਸ਼ਾਰ ਮੇਰਾ ਹਾਲੇ ਜ਼ਾਰ ਦੇਖ` ਸੀ। ਇਹ ਫਿਲਮ 9 ਸਤੰਬਰ 1932 ਨੂੰ ਰਿਲੀਜ਼ ਹੋਈ ਪਰ ਫਲਾਪ ਰਹੀ।
ਇਸ ਫਿਲਮ ਦੌਰਾਨ ਰਫੀਕ ਗ਼ਜ਼ਨਵੀ ਤੇ ਅਨਵਰੀ ਦਰਮਿਆਨ ਮੁਹੱਬਤ ਨੇ ਜਨਮ ਲਿਆ, ਨਤੀਜੇ ਵਜੋਂ ਦੋਵਾਂ ਨੇ ਵਿਆਹ ਕਰ ਲਿਆ। ਇਸ ਤੋਂ ਬਾਅਦ ਰਫੀਕ ਅਨਵਰੀ ਨੂੰ ਨਾਲ ਲੈ ਕੇ ਬੰਬਈ ਚਲਾ ਗਿਆ। ਬੰਬਈ ਜਾ ਕੇ ਉਸ ਨੇ ਫਿਲਮ ‘ਪ੍ਰਿਥਵੀਰਾਜ ਸੰਯੋਗਿਤਾ` (1933) ਦੇ 12 ਗੀਤਾਂ ਦਾ ਸੰਗੀਤ ਤਿਆਰ ਕੀਤਾ। ਉਨ੍ਹਾਂ ਨੇ ਫਿਲਮ `ਚ ਕਵੀ ਚੰਦ ਬਰਦਾਈ ਦਾ ਪਾਰਟ ਵੀ ਅਦਾ ਕੀਤਾ। ਇਸ ਫਿਲਮ ਤੋਂ ਬਾਅਦ ਰਫੀਕ ਨੇ ਅਨਵਰੀ ਬਾਈ ਨੂੰ ਤਲਾਕ ਦੇ ਦਿੱਤਾ। ਥੋੜ੍ਹੇ ਸਮੇਂ ਬਾਅਦ ਅਨਵਰੀ ਦੇ ਘਰ ਧੀ ਨੇ ਜਨਮ ਲਿਆ ਜਿਸ ਦਾ ਨਾਮ ਜ਼ਰੀਨਾ ਰੱਖਿਆ।
ਜ਼ਰੀਨਾ ਨੇ ਨਸਰੀਨ ਦੇ ਫਿਲਮੀ ਨਾਮ ਨਾਲ ਏ.ਆਰ. ਕਾਰਦਾਰ ਨਿਰਦੇਸ਼ਤ ਇਤਿਹਾਸਕ ਹਿੰਦੀ ਫਿਲਮ ‘ਸ਼ਾਹਜਹਾਨ` (1946) ਵਿਚ ਰੂਹੀ ਦਾ ਪਾਰਟ ਨਿਭਾਇਆ ਸੀ। ਇਸ ਤੋਂ ਇਲਾਵਾ ਫਿਲਮ ‘ਏਕ ਰੋਜ਼` (1947) ਵਿਚ ਅਲ ਨਾਸਿਰ ਨਾਲ ਕੰਮ ਕੀਤਾ। ਉਹ ਲਿਆਕਤ ਆਗਾ ਨਾਲ ਵਿਆਹ ਤੋਂ ਬਾਅਦ ਜ਼ਰੀਨਾ ਆਗਾ ਕਹਾਈ। ਉਨ੍ਹਾਂ ਦੀਆਂ ਧੀਆਂ ਸਲਮਾ ਆਗਾ ਅਤੇ ਸਬਿਤਾ ਆਗਾ ਲੰਡਨ ਵਿਚ ਪੈਦਾ ਹੋਈਆਂ। ਰਫੀਕ ਗ਼ਜ਼ਨਵੀ ਨਾਲ ਤਲਾਕ ਹੋਣ ਤੋਂ ਬਾਅਦ ਅਨਵਰੀ ਆਪਣੀ ਧੀ ਨਾਲ ਲਾਹੌਰ ਆ ਗਈ ਸੀ। ਜਦੋਂ ਲਾਹੌਰ ਵਿਚ ਐੱਮ.ਸੀ. ਸਹਿਗਲ ਅਤੇ ਅਮਰ ਚੰਦ ਭਾਟੀਆ ਨੇ ਹਿੰਦੀ/ਉਰਦੂ ਫਿਲਮ ‘ਆਂਸੂਓਂ ਕੀ ਦੁਨੀਆ` ਉਰਫ ‘ਸਾਰੋਜ ਆਫ ਮੈਨ` (1936) ਸ਼ੁਰੂ ਕੀਤੀ ਤਾਂ ਇਸ ਦੇ ਨਿਰਦੇਸ਼ਕ ਏ.ਪੀ. ਉਰਫ ਆਨੰਦ ਪ੍ਰਸ਼ਾਦ ਕਪੂਰ (ਅੰਮ੍ਰਿਤਸਰ) ਨੇ ਫਿਲਮ ਵਿਚ ਅਨਵਰੀ ਨੂੰ ਸਾਥੀ ਹੀਰੋਇਨ ਦਾ ਕਿਰਦਾਰ ਦਿੱਤਾ।
1937 ਵਿਚ ਅਨਵਰੀ ਬਾਈ ਆਲ ਇੰਡੀਆ ਰੇਡੀਓ, ਲਾਹੌਰ ਦੀ ਪ੍ਰਸਿੱਧ ਗਾਇਕਾ ਬਣ ਚੁੱਕੀ ਸੀ ਜਿਸ ਦੇ ਚਰਚੇ ਲਾਹੌਰ ਹੀ ਨਹੀਂ ਬਲਕਿ ਦਿੱਲੀ, ਬੰਬਈ ਦੇ ਰੇਡੀਓ ਸਟੇਸ਼ਨਾਂ ਉੱਤੇ ਵੀ ਹੋਣ ਲੱਗ ਪਏ ਸਨ। ਲਾਹੌਰ ਰੇਡੀਓ ਉੱਤੇ ਉਸ ਨੇ ਅਨੇਕਾਂ ਗੀਤ, ਗ਼ਜ਼ਲਾਂ ਗਾਈਆਂ ਜਿਨ੍ਹਾਂ ਵਿਚ ਖ਼ਿਆਲ ਪੁਰੀਆ ਧਨਾਸਰੀ ‘ਆਜੋ ਰੇ ਬਾਲਮ` ਤੋਂ ਇਲਾਵਾ ਪੰਜਾਬੀ ਗੀਤ ‘ਦਿਲਬਰ ਯਾਰ ਆਜਾ ਰੋਂਦੀ ਹੱਸਾਂ` ਤੇ ਠੁਮਰੀ ‘ਤੇਰੇ ਬਿਨ ਬੇਚੈਨ` ਆਦਿ ਸ਼ਾਮਿਲ ਹਨ। 1939 ਦੇ ਜ਼ਮਾਨੇ `ਚ ਆਲ ਇੰਡੀਆ ਰੇਡੀਓ, ਬੰਬਈ ਦੇ ਪੰਜਾਬੀ ਨਿਰਦੇਸ਼ਕ ਜੇ.ਕੇ. ਮਹਿਰਾ (ਜੁਗਲ ਕਿਸ਼ੋਰ ਮਹਿਰਾ) ਦਾ ਅਨਵਰੀ ਨਾਲ ਰਾਬਤਾ ਹੋਇਆ ਜੋ ਉਸ ਦੇ ਹੁਸਨ ਅਤੇ ਗਾਇਕੀ ਦਾ ਮੁਰੀਦ ਸੀ। ਪੰਜਾਬ ਵੰਡ ਤੋਂ ਬਾਅਦ ਜੁਗਲ ਕਿਸ਼ੋਰ ਬੰਬਈ ਤੋਂ ਲਾਹੌਰ ਚਲਾ ਗਿਆ ਅਤੇ ਉੱਥੇ ਆਲ ਇੰਡੀਆ ਰੇਡੀਓ, ਲਾਹੌਰ ਦਾ ਨਿਰਦੇਸ਼ਕ ਬਣ ਗਿਆ।
ਅਨਵਰੀ ਅਤੇ ਉਸ ਦੀ ਧੀ ਪਹਿਲਾਂ ਹੀ ਲਾਹੌਰ ਆ ਚੁੱਕੀਆਂ ਸਨ। ਹੌਲੀ-ਹੌਲੀ ਮਹਿਰਾ ਦਾ ਅਨਵਰੀ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ ਅਤੇ ਫਿਰ ਉਸ ਨੇ ਅਨਵਰੀ ਨਾਲ ਵਿਆਹ ਦਾ ਫੈਸਲਾ ਕਰ ਲਿਆ ਪਰ ਇਹ ਵਿਆਹ ਤਦ ਹੀ ਸੰਭਵ ਹੋ ਸਕਦਾ ਸੀ ਜੇ ਉਹ ਇਸਲਾਮ ਕਬੂਲ ਕਰਦਾ ਹੈ। ਆਖ਼ਿਰਕਾਰ ਉਸ ਨੇ ਇਸਲਾਮ ਕਬੂਲ ਕਰ ਕੇ 1947 ਵਿਚ ਅਨਵਰੀ ਨਾਲ ਵਿਆਹ ਕਰਾ ਲਿਆ ਅਤੇ ਆਪਣਾ ਨਾਮ ਬਦਲ ਕੇ ਅਹਿਮਦ ਸਲਮਾਨ ਰੱਖ ਲਿਆ।
ਕੁਝ ਸਮਾਂ ਲਾਹੌਰ ਰਹਿਣ ਤੋਂ ਬਾਅਦ ਉਹ ਇੰਗਲੈਂਡ ਵਿਚ ਜਾ ਵੱਸੇ। ਉਥੇ ਦੋਵੇਂ ਜਣੇ ਸ਼ਾਸਤਰੀ ਸੰਗੀਤ ਨੂੰ ਸਮਰਪਿਤ ਹੋ ਗਏ। ਅਨਵਰੀ ਤਾਂ ਸੁਰੀਲੀ ਗਾਇਕਾ ਸੀ ਹੀ, ਲਿਹਾਜ਼ਾ ਉਸ ਦੇ ਗਾਇਨ ਨੂੰ ਸੁਣਨ ਲਈ ਨਵਾਬ ਅਤੇ ਅਮੀਰਜ਼ਾਦਿਆਂ ਦਾ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਇਤਿਹਾਸਕਾਰ ਬਲਬੀਰ ਸਿੰਘ ਕੰਵਲ ਅਨੁਸਾਰ, ਮਾਵਾਂ ਧੀਆਂ ਉੱਚੇ ਮਰਤਬੇ ਵਾਲੀਆਂ ਬਾਈਆਂ ਸਨ ਜਦੋਂ ਉਹ ਮੁਜਰੇ ਉੱਤੇ ਬਹਿੰਦੀਆਂ ਸਨ ਤਾਂ ਉੱਥੇ ਆਮ ਬੰਦਾ ਨਹੀਂ ਸੀ ਫਟਕ ਸਕਦਾ।
ਖ਼ੈਰ! ਅਨਵਰੀ ਦੀ ਸ਼ਖ਼ਸੀਅਤ ਹੀ ਅਜਿਹੀ ਸੀ ਕਿ ਉਹ ਜਿੱਥੇ ਵੀ ਜਾਂਦੀ, ਅਫਸਾਨੇ ਛੱਡ ਜਾਂਦੀ। 1980 ਵਿਚ ਉਸ ਦਾ ਖ਼ਾਵੰਦ ਜੁਗਲ ਕਿਸ਼ੋਰ ਮਹਿਰਾ ਉਰਫ ਅਹਿਮਦ ਸਲਮਾਨ ਅਕਾਲ ਚਲਾਣਾ ਕਰ ਗਿਆ। 4 ਅਪਰੈਲ 2004 ਨੂੰ ਧੀ ਨਸਰੀਨ ਵੀ ਫੌਤ ਹੋ ਗਈ। ਆਪਣੀ ਧੀ ਨੂੰ ਬੇਪਨਾਹ ਮੁਹੱਬਤ ਕਰਨ ਵਾਲੀ ਅਨਵਰੀ ਹੁਣ ਇਕੱਲੀ ਰਹਿ ਗਈ ਸੀ ਜਿਸ ਕੋਲ ਉਸ ਦੀਆਂ ਦੋਹਤੀਆਂ ਸਲਮਾ ਆਗਾ ਅਤੇ ਸਬਿਤਾ ਆਗਾ ਹੀ ਰਹਿ ਗਈਆਂ ਸਨ। ਉਹ ਤਨਹਾਈ ਵਿਚ ਆਪਣੀ ਧੀ ਨੂੰ ਯਾਦ ਕਰ ਕੇ ਬੜਾ ਰੋਂਦੀ। ਫਿਰ ਧੀ ਦੀ ਮੌਤ ਤੋਂ ਇੱਕ ਸਾਲ ਬਾਅਦ ਅਨਵਰੀ ਬਾਈ ਵੀ ਲੰਡਨ ਵਿਚ 5 ਅਪਰੈਲ 2005 ਨੂੰ 98 ਸਾਲਾਂ ਦੀ ਉਮਰ ਭੋਗ ਕੇ ਰੁਖ਼ਸਤ ਹੋ ਗਈ। ਉਸ ਨੂੰ ਕਰਾਚੀ ਲਿਆ ਕੇ ਸਪੁਰਦ-ਏ-ਖ਼ਾਕ ਕੀਤਾ ਗਿਆ।
1930ਵਿਆਂ ਦੇ ਦਹਾਕੇ ਵਿਚ ਜਦੋਂ ਅਨਵਰੀ ਬਾਈ ਗਾਇਨ ਅਤੇ ਫਿਲਮੀ ਦੁਨੀਆ ਵਿਚ ਆਈ ਸੀ ਤਾਂ ਉਸ ਜ਼ਮਾਨੇ ਵਿਚ ਅਨਵਰੀ ਦੇ ਨਾਮ ਵਾਲੀਆਂ ਕਈ ਗਾਇਕਾਵਾਂ ਤੇ ਅਦਾਕਾਰਾਵਾਂ ਵੀ ਫਿਲਮੀ ਦੁਨੀਆ ਵਿਚ ਛਾਈਆਂ ਹੋਈਆਂ ਸਨ ਜਿਨ੍ਹਾਂ ਵਿਚ ਅਨਵਰੀ ਉਰਫ ਅਨਵਰੀ ਜਹਾਨ ਬੇਗ਼ਮ (ਜਿਸ ਨੇ ਕਈ ਪੰਜਾਬੀ ਤੇ ਹਿੰਦੀ ਫਿਲਮਾਂ ਅਦਾਕਾਰੀ ਕੀਤੀ), ਦੂਜੀ 1926 ‘ਚ ਬੰਬਈ ਪੈਦਾ ਹੋਈ ਕਸ਼ਮੀਰੀ ਘਰਾਣੇ ਦੀ ਅਨਵਰੀ (ਜੋ ਅਨਵਰੀ ਨਾਚੀ ਦੇ ਨਾਮ ਨਾਲ ਮਸ਼ਹੂਰ ਸੀ) ਅਤੇ ਇਕ ਅਨਵਰੀ 1950ਵਿਆਂ ਦੇ ਦਹਾਕੇ ਵਿਚ ਵੀ ਪੰਜਾਬੀ ਤੇ ਹਿੰਦੀ ਫਿਲਮਾਂ ਵਿਚ ਚਰਿੱਤਰ ਅਦਾਕਾਰਾ ਵਜੋਂ ਕੰਮ ਕਰਦੀ ਰਹੀ ਹੈ। ਉਸ ਨੇ ਪੰਜਾਬੀ ਫਿਲਮ ‘ਪੋਸਤੀ‘ (1950), ‘ਨੌ ਬਹਾਰ‘ (1952) ਆਦਿ ‘ਚ ਅਦਾਕਾਰੀ ਕੀਤੀ ਸੀ। ਇਸ ਅਨਵਰੀ ਨੇ ਲਾਹੌਰ (ਪੰਜਾਬ) ਵਿਚ ਬਣੀਆਂ ਦੋ ਹਿੰਦੀ/ਉਰਦੂ ਫਿਲਮਾਂ ਵਿਚ ਅਦਾਕਾਰੀ ਕੀਤੀ ਤੇ ਗੀਤ ਗਾਏ। ਉਸ ਦੀਆਂ ਫਿਲਮ ਪ੍ਰਚਾਰ ਪੁਸਤਕਾਂ (ਬੁੱਕਲੈਟਸ), ਅਖ਼ਬਾਰੀ ਇਸ਼ਤਿਹਾਰਾਂ, ਰੇਡੀਓ ਤੇ ਰਸਾਲਿਆਂ ਉੱਤੇ ਦਰਜ ਇਬਾਰਤ ਅਨੁਸਾਰ ਉਸ ਦੇ ਨਾਮ ਨਾਲ ਅਨਵਰੀ ਬਾਈ ਅੰਮ੍ਰਿਤਸਰ ਹੀ ਲਿਖਿਆ ਜਾਂਦਾ ਸੀ ਜਦੋਂ ਕਿ ਬਾਕੀ ਬਾਈਆਂ ਨਾਲ ਅੰਮ੍ਰਿਤਸਰੀ ਨਹੀਂ ਲਿਖਿਆ ਹੁੰਦਾ ਸੀ।
ਅਨਵਰੀ ਬਾਈ ਅਤੇ ਜ਼ਰੀਨਾ ਤੋਂ ਬਾਅਦ ਦੋਹਤੀ ਸਲਮਾ ਆਗਾ ਨੇ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਤੋਰਿਆ। ਉੱਘੇ ਫਿਲਮਸਾਜ਼ ਤੇ ਹਿਦਾਇਤਕਾਰ ਬੀ.ਆਰ. ਚੋਪੜਾ ਉਰਫ ਬਲਦੇਵ ਰਾਜ ਚੋਪੜਾ ਨੇ ਸਲਮਾ ਆਗਾ ਨੂੰ ਪਹਿਲੀ ਵਾਰ ਆਪਣੀ ਫਿਲਮ ‘ਨਿਕਾਹ` (1982) ਵਿਚ ਨਵੀਂ ਅਦਾਕਾਰਾ ਤੇ ਗਾਇਕਾ ਵਜੋਂ ਪੇਸ਼ ਕੀਤਾ। ਇਸ ਫਿਲਮ ਵਿਚ ਉਸ ਦਾ ਗਾਇਆ ਗੀਤ ‘ਦਿਲ ਕੇ ਅਰਮਾਂ ਆਂਸੂਓਂ ਮੇਂ ਬਹਿ ਗਏ` ਬੜਾ ਮਕਬੂਲ ਹੋਇਆ ਸੀ। ਬਾਅਦ ਵਿਚ ਸਲਮਾ ਆਗਾ ਨੇ ਕਈ ਹਿੰਦੀ ਫਿਲਮਾਂ ਵਿਚ ਅਦਾਕਾਰੀ ਕੀਤੀ ਅਤੇ ਗੀਤ ਗਾਏ। ਉਸ ਨੇ ਕਈ ਪੰਜਾਬੀ ਫਿਲਮਾਂ ਵਿਚ ਵੀ ਗੀਤ ਗਾਏ ਜੋ ਬਹੁਤ ਮਸ਼ਹੂਰ ਹੋਏ। ਉਸ ਦੇ ਗਾਏ ਗੀਤਾਂ ਦੇ ਗ਼ੈਰ-ਫਿਲਮੀ ਪੰਜਾਬੀ, ਹਿੰਦੀ, ਉਰਦੂ ਗ੍ਰਾਮੋਫੋਨ ਰਿਕਾਰਡ ਤੇ ਆਡੀਓ ਕੈਸੇਟ ਵੀ ਜਾਰੀ ਹੋਏ।