ਕਲਮਾਂ ਵਾਲੀਆਂ: ਮਨੁੱਖੀ ਜੀਵਨ ਦਾ ਸਫ਼ਰਨਾਮਾ ਪਰਮਜੀਤ ਕੌਰ ਸਰਹਿੰਦ

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਮਨੁੱਖਜਾਤੀ ਤੇਜ਼-ਤਿੱਖੀਆਂ ਤਬਦੀਲੀਆਂ ਵਿਚੋਂ ਲੰਘ ਰਹੀ ਹੈ। ਜਿੰਨਾ ਕੁਝ ਪਿਛਲੀ ਇਕ ਸਦੀ ਵਿਚ ਬਦਲਿਆ ਹੈ, ਉਹ ਉਸ ਤੋਂ ਪਹਿਲਾਂ ਦੇ ਸਹਿਸਰਕਾਲ ਵਿਚ ਵੀ ਨਹੀਂ ਸੀ ਬਦਲਿਆ। ਅਸੀਂ, ਆਜ਼ਾਦੀ ਤੋਂ ਪਹਿਲਾਂ ਜੰਮੇ ਹੋਏ ਲੋਕ ਜਦੋਂ ਆਪਣੇ ਬੱਚਪਨ ਦੀਆਂ ਗੱਲਾਂ ਅੱਜ ਦੇ ਬੱਚਿਆਂ ਨੂੰ ਸੁਣਾਉਂਦੇ ਹਾਂ, ਉਨ੍ਹਾਂ ਨੂੰ ਉਹੋ ਅਚੰਭਾ ਹੁੰਦਾ ਹੈ ਜੋ ਸਾਨੂੰ ਸ਼ੁਰੂਆਤੀ ਮੱਧ-ਕਾਲ ਦੇ ਮਨੁੱਖੀ ਜੀਵਨ ਬਾਰੇ ਪੜ੍ਹ ਕੇ ਹੁੰਦਾ ਸੀ। ਜੇ ਇਸ ਤੋਂ ਵੀ ਨੇੜੇ ਆਈਏ, ਪਿਛਲੇ ਤਿੰਨ ਦਹਾਕਿਆਂ ਵਿਚ ਕੰਪਿਊਟਰ, ਇੰਟਰਨੈੱਟ ਤੇ ਮੋਬਾਈਲ ਫੋਨ ਦੇ ਪਸਾਰ ਨੇ ਤਾਂ ਦੁਨੀਆ ਦਾ ਹੁਲੀਆ ਹੀ ਬਦਲ ਕੇ ਰੱਖ ਦਿੱਤਾ ਹੈ। ਖੋਜ-ਆਧਾਰਿਤ ਵਿਗਿਆਨ ਤੇ ਤਕਨਾਲੋਜੀ ਦਾ ਏਨੀ ਲਗਾਤਾਰਤਾ ਨਾਲ ਵਿਕਾਸ ਹੋ ਰਿਹਾ ਹੈ ਕਿ ਉਨ੍ਹਾਂ ਦਾ ਜੋ ਸਰੂਪ ਕੱਲ੍ਹ ਸੀ, ਉਹ ਅੱਜ ਨਹੀਂ ਤੇ ਜੋ ਅੱਜ ਹੈ, ਉਹ ਭਲਕੇ ਨਹੀਂ ਹੋਵੇਗਾ। ਵੈਸੇ ਤਾਂ ਲਗਭਗ ਹਰ ਚੀਜ਼ ਦੇ ਚੰਗੇ-ਮਾੜੇ ਪੱਖ ਹੋ ਸਕਦੇ ਹਨ, ਪਰ ਇਹ ਅਜਿਹੀ ਤਬਦੀਲੀ ਹੈ ਜੋ ਮਨੁੱਖ ਨੂੰ ਜਿੰਨਾ ਉਭਾਰ ਰਹੀ ਹੈ, ਓਨਾ ਹੀ ਨਿਘਾਰ ਵੀ ਰਹੀ ਹੈ। ਇਕੋ ਸਮੇਂ ਅੱਗੇ ਨੂੰ ਵਧ ਰਹੇ ਤੇ ਪਿੱਛੇ ਨੂੰ ਤਿਲ੍ਹਕ ਰਹੇ ਮਨੁੱਖ ਦੀ ਮਨੁੱਖਤਾ ਖੰਡ-ਖੰਡ ਹੋ ਰਹੀ ਹੈ।

ਵਿਗਿਆਨਕ-ਤਕਨਾਲੋਜੀਕਲ ਤਬਦੀਲੀਆਂ ਦਾ ਨਤੀਜਾ ਸਮਾਜਕ-ਆਰਥਕ ਤਬਦੀਲੀਆਂ ਦੇ ਰੂਪ ਵਿਚ ਨਿਕਲਣਾ ਸੁਭਾਵਿਕ ਸੀ। ਸਮਾਜਕ-ਆਰਥਕ ਤਬਦੀਲੀਆਂ ਆਈਆਂ ਤਾਂ ਮਨੁੱਖ ਦਾ ਰਹਿਣ-ਸਹਿਣ, ਰਿਸ਼ਤੇ-ਨਾਤੇ, ਰਸਮ-ਰਿਵਾਜ, ਗੱਲ ਕੀ ਸਮੁੱਚਾ ਸਭਿਆਚਾਰ, ਸਭ ਕੁਝ ਹੋਰ ਦਾ ਹੋਰ ਹੋ ਗਿਆ। ਇਹ ਗੱਲ ਕਹਿਣ ਦੀ ਲੋੜ ਨਹੀਂ ਕਿ ਮਨੁੱਖੀ ਇਤਿਹਾਸ ਵਿਚ ਸਭਿਆਚਾਰ ਵੀ ਹੋਰ ਸਭ ਕੁਝ ਵਾਂਗ ਲਗਾਤਾਰ ਬਦਲਦਾ ਆਇਆ ਹੈ ਪਰ ਉਹ ਤਬਦੀਲੀ ਸਹਿਜ-ਸੁਭਾਵਿਕ ਹੁੰਦੀ ਸੀ। ਵੇਲ਼ਾ ਵਿਹਾ ਚੁੱਕੀਆਂ ਜਾਂ ਗਿਆਨ ਦੇ ਚਾਨਣ ਵਿਚ ਅੰਧ-ਵਿਸ਼ਵਾਸ ਦਿੱਸਣ ਲੱਗੀਆਂ ਗੱਲਾਂ ਛੱਡੀਆਂ ਜਾਂਦੀਆਂ ਜਾਂ ਛੁਟਦੀਆਂ ਰਹੀਆਂ ਤੇ ਕਈ ਸੂਰਤਾਂ ਵਿਚ ਨਵੇਂ ਰਵੀਰੇ ਪ੍ਰਚਲਿਤ ਹੁੰਦੇ ਰਹੇ। ਇਸ ਨਜ਼ਰੀਏ ਤੋਂ ਸਭਿਆਚਾਰ ਦੀ ਤੁਲਨਾ, ਭਾਸ਼ਾ ਵਾਂਗ, ਸਰੋਵਰ ਨਾਲ ਕੀਤੀ ਜਾ ਸਕਦੀ ਸੀ ਜਿਸ ਵਿਚ ਆਮ ਅਸ਼ਨਾਨੀਏ ਨੂੰ ਪਤਾ ਲੱਗੇ ਬਿਨਾ ਪੁਰਾਣਾ ਪਾਣੀ ਲਗਾਤਾਰ ਨਿੱਕਲਦਾ ਰਹਿੰਦਾ ਹੈ ਤੇ ਨਵਾਂ ਪੈਂਦਾ ਰਹਿੰਦਾ ਹੈ। ਪਰ ਸਮਾਜ ਦੀ ਹੁਣ ਵਾਲ਼ੀ ਤਬਦੀਲੀ ਅਜਿਹੀ ਸਹਿਜ ਨਹੀਂ। ਇਸ ਤਬਦੀਲੀ ਦੀ ਤੁਲਨਾ ਕਾਰ-ਸੇਵਾ ਨਾਲ ਕੀਤੀ ਜਾ ਸਕਦੀ ਹੈ ਜਦੋਂ ਇਕੋ ਹੱਲੇ ਤੇ ਹੀਲੇ ਨਾਲ ਪੂਰੇ ਦਾ ਪੂਰਾ ਪਾਣੀ ਬਦਲ ਜਾਂਦਾ ਹੈ।
ਇਹ ਚੇਤੇ ਰੱਖਣਾ ਜ਼ਰੂਰੀ ਹੈ ਕਿ ਅੱਜ ਜੋ ਰਸਮਾਂ-ਰੀਤਾਂ ਸਾਨੂੰ ਅੰਧ-ਵਿਸ਼ਵਾਸ ਜਾਂ ਹਾਸੋਹੀਣੀਆਂ ਲਗਦੀਆਂ ਹਨ, ਕਿਸੇ ਸਮੇਂ ਉਹ ਅਹਿਮ ਭੂਮਿਕਾ ਨਿਭਾਉਂਦੀਆਂ ਰਹੀਆਂ ਹਨ। ਬਿਚਾਰੇ ਗਿਆਨ-ਵਿਹੂਣੇ, ਕੁਦਰਤ ਦੀਆਂ ਅੱਥਰੀਆਂ ਮੂੰਹਜ਼ੋਰ ਸ਼ਕਤੀਆਂ ਅੱਗੇ ਬੇਵੱਸ ਮਨੁੱਖ ਦਾ ਉਹ ਵੱਡਾ ਧਰਵਾਸ ਹੁੰਦੀਆਂ ਸਨ। ਕਿਸੇ ਖ਼ੁਸ਼ੀ-ਗ਼ਮੀ, ਔਖ-ਸੌਖ ਤੇ ਕੁਦਰਤੀ ਕਰੋਪੀ ਸਮੇਂ ਉਹ ਸੰਬੰਧਿਤ ਰੀਤ ਨਿਭਾ ਕੇ ਨਾਂਹਮੁਖ ਸੰਭਾਵਨਾਵਾਂ ਵੱਲੋਂ ਬੇਫ਼ਿਕਰ ਹੋ ਜਾਂਦਾ ਸੀ। ਉਹ ਸਮਝਦਾ ਸੀ, ਮੈਂ ਨਿਸਚਤ ਨੇਮਾਂ ਅਨੁਸਾਰ ਵਿਧੀ-ਵਿਧਾਨ ਨੇਪਰੇ ਚਾੜ੍ਹ ਦਿੱਤਾ ਹੈ, ਹੁਣ ਮੈਨੂੰ ਕੋਈ ਭੈ ਨਹੀਂ! ਜੇ ਅਸੀਂ ਇਨ੍ਹਾਂ ਰਸਮਾਂ-ਰੀਤਾਂ ਨੂੰ ਸਤਹੀ, ਤਰਦੀ-ਤਰਦੀ ਨਜ਼ਰ ਨਾਲ ਨਹੀਂ, ਸਗੋਂ ਇਸ ਪੁਸਤਕ ਵਾਂਗ ਡੂੰਘੀ ਤੇ ਗੰਭੀਰ ਝਾਤ ਨਾਲ ਦੇਖੀਏ, ਅੱਜ ਸਾਨੂੰ ਅੰਧ-ਵਿਸ਼ਵਾਸ ਲਗਦੀਆਂ ਹੋਣ ਦੇ ਬਾਵਜੂਦ ਉਨ੍ਹਾਂ ਦਾ ਇਤਿਹਾਸਕ ਮਨੁੱਖੀ ਮਹੱਤਵ ਝੱਟ ਉਜਾਗਰ ਹੋ ਜਾਵੇਗਾ।
ਨਿਰੰਤਰ ਤਬਦੀਲੀ ਦੇ ਕੁਦਰਤੀ ਨੇਮ ਅਨੁਸਾਰ ਰਹੁ-ਰੀਤਾਂ ਕਈ ਰਾਹਾਂ ਉੱਤੇ ਤੁਰਦੀਆਂ ਹਨ। ਕੁਝ ਗਈਆਂ-ਗੁਜ਼ਰੀਆਂ ਹੋ ਕੇ ਮਰ-ਮੁੱਕ ਜਾਂਦੀਆਂ ਹਨ। ਮਿਸਾਲ ਵਜੋਂ ਮੇਰੇ ਬਚਪਨ ਵਿਚ ਸਾਡੇ ਇਲਾਕੇ ਵਿਚ ਲਗਭਗ ਹਰ ਘਰ ਦੇ ਖੇਤ ਦੇ ਕਿਸੇ ਬਿਰਛ ਹੇਠ ਕਿਸੇ ਔਂਤ ਮਰੇ ਚਾਚੇ-ਤਾਏ, ਬਾਬੇ-ਪੜਬਾਬੇ ਦੀ ਚਾਰ ਪੱਕੀਆਂ ਇੱਟਾਂ ਰੱਖ ਕੇ ਬਣਾਈ ਹੋਈ ਬਿਲਕੁਲ ਸਾਧਾਰਨ ਜਿਹੀ ਮਟੀ (ਮੜ੍ਹੀ) ਹੁੰਦੀ ਸੀ ਜਿਸ ਨੂੰ ਤਿੱਥ-ਤਿਹਾਰਾਂ ਨੂੰ ਪੋਚਾ ਫੇਰ ਕੇ ਤੇ ਦੀਵਾ ਬਾਲ਼ ਕੇ ਉਚੇਚਾ ਪੂਜਿਆ ਜਾਂਦਾ ਸੀ। ਮੰਤਵ ਇਹ ਸੀ ਕਿ ਉਹ ਬੇਔਲਾਦੇ ਔਂਤ ਇਸ ਚਾਪਲੂਸੀ ਨਾਲ ਖ਼ੁਸ਼ ਤੇ ਸੰਤੁਸ਼ਟ ਹੋ ਕੇ ਪਿੱਛੇ ਘਰ-ਜ਼ਮੀਨ ਦੇ ਮਾਲਕ ਬਣ ਬੈਠੇ ਇਨ੍ਹਾਂ ਪਰਿਵਾਰਾਂ ਨੂੰ ਤੰਗ ਨਾ ਕਰਨ। ਸਮਾਜਕ ਜਾਗਰਤੀ ਨਾਲ, ਕਿਸੇ ਵੀ ਲਹਿਰ, ਅੰਦੋਲਨ ਜਾਂ ਪਰਚਾਰ ਤੋਂ ਬਿਨਾ, ਹੁਣ ਉਨ੍ਹਾਂ ਦਾ ਕਿਤੇ ਕੋਈ ਨਾਂ-ਨਿਸ਼ਾਨ ਤੱਕ ਬਾਕੀ ਨਹੀਂ ਰਿਹਾ।
ਰੂਪ-ਬਦਲੀ ਦੀ ਮਿਸਾਲ ਖ਼ੁਦ ਵਿਆਹ ਤੋਂ ਮਿਲ ਜਾਂਦੀ ਹੈ। ਘਰ ਦੇ ਵਿਹੜੇ ਦਾ ਸਥਾਨ ਮੈਰਿਜ ਪੈਲੇਸ ਨੇ, ਕੋਰਿਆਂ ਦਾ ਸਥਾਨ ਮੇਜ਼-ਕੁਰਸੀਆਂ ਨੇ ਤੇ ਕੁੜੀਆਂ ਦੇ ਕੋਇਲ-ਮਿੱਠੇ ਗੀਤਾਂ ਦਾ ਸਥਾਨ ਉੱਚੇ, ਬੇਸੁਰੇ, ਧਮੱਚੜੀ ਕਥਿਤ ਸੰਗੀਤ ਨੇ ਲੈ ਲਿਆ ਹੈ। ਇਸੇ ਤਰ੍ਹਾਂ ਰੀਤਾਂ ਦੇ ਉਦੇਸ਼ ਵੀ ਬਦਲ ਜਾਂਦੇ ਹਨ। ਲਾੜੇ ਨਾਲ ਜੰਨ ਦਾ ਰਵੀਰਾ ਪੈਦਲ ਜਾਂ ਉੂਠ-ਘੋੜਿਆਂ ਵਾਲ਼ੀ ਯਾਤਰਾ ਦੇ ਪੁਰਾਣੇ ਸਮੇਂ ਦੀਆਂ ਲੁੱਟਾਂ-ਖੋਹਾਂ ਤੋਂ ਬਚਾਅ ਦੇ ਮੰਤਵ ਨਾਲ ਸ਼ੁਰੂ ਹੋਇਆ ਸੀ। ਹੁਣ ਜੰਨ ਨਿਰੋਲ ਸ਼ਾਨ-ਸ਼ੌਕਤ ਦਾ ਚਿੰਨ੍ਹ ਬਣ ਕੇ ਰਹਿ ਗਈ ਹੈ।
ਇਕ ਗੱਲ ਹੋਰ, ਇਹ ਸਭਿਆਚਾਰਕ ਵਰਤਾਰਾ ਸਾਡੇ ਪੰਜਾਬੀ ਜਾਂ ਭਾਰਤੀ ਸਮਾਜ ਦੀ ਹੀ ਵਿਸ਼ੇਸ਼ਤਾ ਨਹੀਂ, ਇਹ ਹਰ ਮਨੁੱਖੀ ਸਮਾਜ ਦੀ ਕਹਾਣੀ ਹੈ। ਇਕ ਵਾਰ ਜਦੋਂ ਅਸੀਂ ਅਮਰੀਕਾ ਗਏ, ਸਾਨੂੰ ਬੜਾ ਅਨੋਖਾ ਤੇ ਦਿਲਚਸਪ ਤਜਰਬਾ ਹੋਇਆ। ਅਸੀਂ ਸਾਨ ਫ਼ਰਾਂਸਿਸਕੋ ਦੇ ਇਲਾਕੇ ਦੇ ਨਗਰ ਸੈਨ ਹੋਜ਼ੇ ਦਾ ਕੁਇਲਟ ਮਿਊਜ਼ੀਅਮ ਦੇੇਖਣ ਗਏ। ਕੁਇਲਟ ਆਮ ਕਰ ਕੇ ਰਜਾਈ ਨੂੰ ਕਿਹਾ ਜਾਂਦਾ ਹੈ ਪਰ ਇਹ ਵੱਖ-ਵੱਖ ਰੰਗਾਂ, ਰੂਪਾਂ ਤੇ ਬਣਤਰਾਂ ਦੇ ਕੱਪੜਿਆਂ ਦੇ ਲੋੜ ਅਨੁਸਾਰ ਕੱਟੇ ਹੋਏ ਟੁਕੜਿਆਂ ਨੂੰ ਵਿਉਂਤ-ਜੋੜ ਕੇ ਸਿਰਜੇ ਗਏ ਚਿੱਤਰ ਸਨ। ਇਹ ਤੂਲਿਕਾ ਤੇ ਰੰਗਾਂ ਵਾਲ਼ੇ ਚਿਤਰਾਂ ਵਾਂਗ ਹੀ ਕਲਾਤਮਿਕ ਸਨ ਤੇ ਉਨ੍ਹਾਂ ਵਾਂਗ ਹੀ ਦਸ-ਹਜ਼ਾਰਾਂ ਡਾਲਰਾਂ ਦੇ ਮਹਿੰਗੇ ਮੁੱਲ ਦੇ ਸਨ।
ਖ਼ੈਰ, ਅਸੀਂ ਰਿਸੈਪਸ਼ਨ ਦੇ ਸੱਜੇ ਹੱਥ ਬਣੇ ਕਾਊਂਟਰ ਤੋਂ ਟਿਕਟਾਂ ਲੈ ਕੇ ਖੱਬੇ ਹੱਥ ਮਿਊਜ਼ੀਅਮ ਵਿਚ ਜਾਣ ਲੱਗੇ ਤਾਂ ਦੇਖਿਆ, ਸਾਹਮਣੀ ਕੰਧ ਨਾਲ ਦੁੱਧ-ਚਿੱਟੇ ਕੱਪੜਿਆਂ ਨਾਲ ਢਕਿਆ ਹੋਇਆ ਤੇ ਫੁੱਲਾਂ-ਪੱਤੀਆਂ ਨਾਲ ਸਜਾਇਆ ਹੋਇਆ ਇਕ ਪੌੜੀਦਾਰ ਸਟੈਂਡ ਸੀ। ਉਸ ਸਟੈਂਡ ਉੱਤੇ ਇਸਤ੍ਰੀਆਂ ਤੇ ਪੁਰਸ਼ਾਂ ਦੀਆਂ ਛੋਟੀਆਂ-ਵੱਡੀਆਂ ਫ਼ਰੇਮੀ ਤਸਵੀਰਾਂ ਸਨ, ਧੂਫ਼, ਮੋਮਬੱਤੀਆਂ, ਕੱਚੇ ਦਾਲ-ਅਨਾਜ, ਭਾਂਤ-ਭਾਂਤ ਦੇ ਫਲ, ਦੇਸੀ ਸ਼ਰਾਬ, ਕੇਕ-ਪੇਸਟਰੀਆਂ, ਚਾਕਲੇਟ, ਖੰਡ ਦੇ ਖਿਡੌਣੇ, ਆਦਿ ਸਨ ਤੇ ਖੰਡ ਦੀਆਂ ਬਣੀਆਂ ਹੋਈਆਂ ਛੋਟੀਆਂ-ਛੋਟੀਆਂ ਮਨੁੱਖੀ ਖੋਪੜੀਆਂ ਸਨ। ਉਤਸੁਕਤਾ-ਵੱਸ ਸਾਨੂੰ ਉਥੇ ਜਾ ਖਲੋਤੇ ਦੇਖ ਰਿਸੈਪਸ਼ਨਿਸਟ ਆਈ ਤੇ ਬੋਲੀ, “ਅੱਜ ਤੋਂ ਚੌਥਾ ਤੇ ਪੰਜਵਾਂ, ਦੋ ਦਿਨ ਅਸੀਂ ਮੈਕਸੀਕਨ ਲੋਕ ਆਪਣੇ ਗੁਜ਼ਰ ਚੁੱਕੇ ਸਕੇ-ਸੰਬੰਧੀਆਂ ਦੀ ਯਾਦ ਵਿਚ ‘ਮੋਇਆਂ ਦੇ ਦਿਵਸ’ ਵਜੋਂ ਮਨਾਉਂਦੇ ਹਾਂ। ਇਹ ਉਹਦੀ ਤਿਆਰੀ ਹੈ। ਇਹ ਦੋ ਦਿਨ ਉਨ੍ਹਾਂ ਨੂੰ ਪਰਲੋਕ ਤੋਂ ਸਕੇ-ਸੰਬੰਧੀਆਂ ਤੇ ਮਿੱਤਰ-ਪਿਆਰਿਆਂ ਕੋਲ ਮਾਤਲੋਕ ਆਉਣ ਦੀ ਰੱਬੀ ਆਗਿਆ ਮਿਲਦੀ ਹੈ।”
ਮੈਂ ਉਹਨੂੰ ਕੁਝ ਫ਼ਰਕਾਂ ਨਾਲ ਵੱਡੀ ਹੱਦ ਤੱਕ ਇਸ ਰਸਮ ਨਾਲ ਮੇਲ ਖਾਂਦੇ ਸਾਡੇ ਸ਼ਰਾਧਾਂ ਬਾਰੇ ਦੱਸਿਆ ਤਾਂ ਸਾਡੀ ਗਹਿਰ-ਗੰਭੀਰ ਸਭਿਆਚਾਰਕ ਚਰਚਾ ਸੁਭਾਵਿਕ ਸੀ। ਉਸ ਵਿਚ ਘਰ-ਪਰਿਵਾਰਾਂ ਦੀ ਰਹਿਤਲ ਤੇ ਸੁਭਾਅ, ਰੰਗ-ਰੂਪ ਤੇ ਨੈਣ-ਨਕਸ਼, ਚੁੱਲ੍ਹਾ-ਪਰਾਂਤ ਤੇ ਰੋਟੀ-ਦਾਲ਼, ਕਿਸਾਨੀ ਕੰਮ ਤੇ ਭਾਰਤ ਦੀ ਬਾਹਰੋਂ ਅੰਨ ਮੰਗਣ ਦੀ ਮੁਥਾਜੀ ਖ਼ਤਮ ਕਰਨ ਵਾਲ਼ਾ ਪੰਜਾਬੀ ਕਿਸਾਨਾਂ ਦੇ ਹੱਥ ਲੱਗਿਆ ਮੈਕਸੀਕਨ ਬੀ, ਆਦਿ ਬਹੁਤ ਕੁਝ ਆ ਰਲ਼ਿਆ। ਦੋਵਾਂ ਧਿਰਾਂ ਦਾ ਹੈਰਾਨ ਹੋਣਾ ਕੁਦਰਤੀ ਸੀ। ਅੰਤ ਵਿਚ ਮੈਂ ਰਿਸ਼ਤਾ ਗੰਢਿਆ, “ਕੀ ਪਤਾ, ਅਸੀਂ ਪੰਜਾਬੀ ਇੰਡੀਅਨ ਤੇ ਤੁਸੀਂ ਮੈਕਸੀਕਨ ਇਕੋ ਬਿਰਛ ਦੀਆਂ ਦੋ ਡਾਹਣੀਆਂ ਹੋਈਏ!” ਉਹ ਇਕਦਮ ਸਹਿਮਤ ਹੋ ਗਈ, “ਜ਼ਰੂਰ ਹੋਵਾਂਗੇ! ਠੀਕ ਕਹਿੰਦੇ ਹੋ, ਇਕੋ ਬਿਰਛ ਦੀਆਂ ਡਾਹਣੀਆਂ ਹੀ ਹੋਵਾਂਗੇ!”
ਇਸੇ ਤਰ੍ਹਾਂ ਅਮਰੀਕੀ ਆਦਿਵਾਸੀਆਂ ਦੇ ਇਤਿਹਾਸ ਤੇ ਜੀਵਨ ਬਾਰੇ ਜਾਣਨ ਦੀ ਇੱਛਾ ਨਾਲ ਜਦੋਂ ਮੈਂ ਉਨ੍ਹਾਂ ਦੇ ਲੋਕ-ਸਾਹਿਤ ਦੇ ਨੇੜੇ ਹੋਇਆ, ਕਈ ਲੋਕ-ਕਹਾਣੀਆਂ ਅਜਿਹੀਆਂ ਮਿਲੀਆਂ ਜੋ ਸਾਡੇ ਬਜ਼ੁਰਗਾਂ ਵੱਲੋਂ ਸਾਨੂੰ ਸੁਣਾਈਆਂ ਜਾਂਦੀਆਂ ਬਾਤਾਂ ਨਾਲ ਬਹੁਤ ਮੇਲ ਖਾਂਦੀਆਂ ਸਨ।
ਉਪਰੋਕਤ ਦੋਵਾਂ ਸੂਰਤਾਂ ਵਿਚ ਮੈਨੂੰ ਉਹ ਕਹਾਵਤ ਚੇਤੇ ਆਈ ਕਿ ਮਨੁੱਖ ਕਿਸੇ ਵੀ ਦੇਸ ਦਾ ਤੇ ਕਿਸੇ ਵੀ ਕਾਲ਼ ਦਾ ਹੋਵੇ, ਮਨੁੱਖ ਤਾਂ ਮਨੁੱਖ ਹੀ ਹੁੰਦਾ ਹੈ! ਮੇਰਾ ਭਾਵ ਹੈ, ਸਾਨੂੰ ਆਪਣੇ ਸਭਿਆਚਾਰਕ ਅਤੀਤ ਦੀ ਲਿਖਤੀ ਸੰਭਾਲ ਸਿਰਫ਼ ਆਪਣੇ ਲਈ ਤੇ ਆਪਣੇ ਕਾਰਨ ਹੀ ਨਹੀਂ, ਸਗੋਂ ਸਮੁੱਚੀ ਮਨੁੱਖਜਾਤੀ ਦੇ ਅੰਗ ਹੋਣ ਸਦਕਾ ਕੌਮਾਂਤਰੀ ਸਭਿਆਚਾਰਕ ਇਤਿਹਾਸ ਦੇ ਇਕ ਅਹਿਮ ਕਾਂਡ ਵਜੋਂ ਵੀ ਕਰਨੀ ਚਾਹੀਦੀ ਹੈ।
ਇਸ ਕਰਕੇ ਸਾਡੇ ਲਈ, ਸ਼ਬਦ ਨਾਲ ਸੰਬੰਧਿਤ ਲੋਕਾਂ ਲਈ, ਸਾਹਿਤ ਤੇ ਸਭਿਆਚਾਰ ਦੇ ਇਤਿਹਾਸਕਾਰਾਂ ਦੀ ਭੂਮਿਕਾ ਨਿਭਾਉਂਦਿਆਂ, ਮਹੱਤਵ ਇਸ ਗੱਲ ਦਾ ਹੈ ਕਿ ਸਭਿਆਚਾਰਕ ਵਿਰਸੇ ਦਾ ਜੋ ਕੁਝ ਪਿੱਛੇ ਰਹਿ ਗਿਆ ਹੈ ਜਾਂ ਮਰ-ਮੁੱਕ ਗਿਆ ਹੈ, ਉਹ ਇਤਿਹਾਸ ਦੇ ਪੰਨਿਆਂ ਉੱਤੇ ਦਰਜ ਹੋ ਕੇ ਹਰ ਹਾਲਤ ਜੀਵਤ ਰਹੇ। ਤਦ ਹੀ ਤਾਂ ਇਹ ਸੰਭਵ ਹੋਵੇਗਾ ਕਿ ਅਗਲੀਆਂ ਪੀੜ੍ਹੀਆਂ ਇਹ ਜਾਣ ਸਕਣ ਕਿ ਉਨ੍ਹਾਂ ਦਾ ਸਮਾਜ ਕਿਨ੍ਹਾਂ ਸਭਿਆਚਾਰਕ ਵਿੰਗ-ਵਲੇਵਿਆਂ ਵਿਚੋਂ ਦੀ ਯਾਤਰਾ ਕਰਦਾ ਹੋਇਆ ਅੱਜ ਵਾਲ਼ੇ ਰੰਗ-ਰੂਪ ਤੇ ਨਕਸ਼-ਨੁਹਾਰ ਨਾਲ ਉਨ੍ਹਾਂ ਦੇ ਸਾਹਮਣੇ ਹੈ। ਸਮੇਂ ਨਾਲ ਮਹੱਤਵਹੀਣ ਹੋ ਕੇ ਛੁੱਟ ਚੁੱਕੇ ਤੱਥਾਂ ਦਾ ਇਤਿਹਾਸ ਦੀ ਮਾਲ਼ਾ ਦੇ ਮਣਕਿਆਂ ਵਜੋਂ ਵੱਡਾ ਮਹੱਤਵ ਕਿਸੇ ਵਿਆਖਿਆ ਦਾ ਲੋੜਮੰਦ ਨਹੀਂ। ਜੇ ਸਾਂਭ-ਸੰਭਾਈ ਦਾ ਉਪਰਾਲਾ ਨਾ ਕੀਤਾ ਜਾਵੇ ਤਾਂ ਨਿੱਕਲਣ ਵਾਲ਼ੇ ਨਤੀਜੇ ਦੀ ਇਕ ਮਿਸਾਲ ਮੈਂ ਆਪਣੇ ਅਨੁਭਵ ਵਿਚੋਂ ਦੇਣਾ ਵਾਜਬ ਸਮਝਦਾ ਹਾਂ।
ਇਕ ਲੇਖ ਵਾਸਤੇ ਮੈਨੂੰ ਆਪਣੇ ਚੇਤੇ ਵਿਚੋਂ ਵਿੱਸਰ ਚੁੱਕੇ ਉਨ੍ਹਾਂ ਲੋਕਗੀਤਾਂ ਦੀ ਲੋੜ ਪਈ, ਜਿਨ੍ਹਾਂ ਨੂੰ ਗਾ ਕੇ ਕੁੜੀਆਂ ਭੋਜਨ ਛਕਣ ਵਾਸਤੇ ਤਿਆਰ ਜੰਨ ਨੂੰ ਬੰਨ੍ਹ ਕੇ, ਕਿਸੇ ਜਾਨੀ ਵੱਲੋਂ ਉਸੇ ਤਰ੍ਹਾਂ ਜੰਨ ਛੁਡਾਏ ਬਿਨਾਂ, ਬੁਰਕੀ ਤੋੜਨੋਂ ਵਰਜ ਦਿੰਦੀਆਂ ਸਨ। ਮਾਲਵੇ ਤੋਂ ਬਾਹਰੋਂ ਸਭਿਆਚਾਰਕ ਲੇਖਕਾਂ-ਲੇਖਿਕਾਵਾਂ ਨੇ ਦੱਸਿਆ ਕਿ ਇਹ ਰਿਵਾਜ ਉਨ੍ਹਾਂ ਦੇ ਇਲਾਕੇ ਵਿਚ ਹੁੰਦਾ ਹੀ ਨਹੀਂ ਸੀ। ਮਾਲਵੇ ਤੋਂ ਕਈ ਸਭਿਆਚਾਰਕ ਲੇਖਕਾਂ-ਲੇਖਿਕਾਵਾਂ ਨੇ ਮੇਰੀ ਭਾਲ਼ ਵਿਚ ਹੱਥ ਵਟਾਇਆ ਪਰ ਮੇਰੀ ਤਸੱਲੀ ਅਜੇ ਹੋਈ ਨਹੀਂ। ਜੇ ਕਿਸੇ ਮਲਵਈ ਵਿਅਕਤੀ ਜਾਂ ਸੰਸਥਾ ਨੇ ਉਹ ਗੀਤ ਸਾਂਭਣ ਦੀ ਖੇਚਲ ਕੀਤੀ ਹੁੰਦੀ ਤਾਂ ਇਹ ਮੁਸ਼ਕਿਲ ਪੈਦਾ ਨਾ ਹੁੰਦੀ।
ਇਹ ਇਸੇ ਪਰਸੰਗ ਵਿਚ ਹੈ ਕਿ ਪਰਮਜੀਤ ਕੌਰ ਸਰਹਿੰਦ ਦੀ ਪੁਸਤਕ ‘ਖ਼ੁਸ਼ੀਆਂ ਤੋਂ ਉਦਾਸੀਆਂ ਤੱਕ’ ਦਾ ਮਹੱਤਵ ਸਮਝਿਆ ਜਾ ਸਕਦਾ ਹੈ। ਵੈਸੇ ਇਹ ਉਹਦਾ ਕੋਈ ਪਹਿਲਾ ਉੱਦਮ ਨਹੀਂ। ਇਸ ਤੋਂ ਪਹਿਲਾਂ ਉਹ ਪੰਜ ਪੁਸਤਕਾਂ ਵਿਚ ਸਭਿਆਚਾਰਕ ਤਬਦੀਲੀਆਂ ਦਾ ਖੁਲਾਸਾ ਕਰ ਚੁੱਕੀ ਹੈ। ਉਨ੍ਹਾਂ ਵਿਚ ਸਾਕ-ਸਕੀਰੀਆਂ, ਰਹੁ-ਰੀਤਾਂ, ਤਿੱਥ-ਤਿਹਾਰਾਂ, ਰਸਮਾਂ-ਰਿਵਾਜਾਂ ਦੇ ਅਨੇਕ ਪੱਖਾਂ ਨੂੰ ਬੜੀ ਬਰੀਕ ਨਜ਼ਰ ਨਾਲ ਖੋਜ-ਘੋਖ ਕੇ ਬਿਆਨਿਆ ਗਿਆ ਹੈ। ਇਕ ਹੋਰ ਪੁਸਤਕ ‘ਪੰਜਾਬਣਾਂ ਦੇ ਗੀਤ’ ਵਿਚ ਉਹਨੇ ਲੋਕ-ਗੀਤ ਸੰਗ੍ਰਹਿਤ ਕੀਤੇ ਹਨ। ਭਾਵੇਂ ਸਾਡੇ ਅੱਜ ਦੇ ਵਿਸ਼ੇ ਨਾਲ ਉਨ੍ਹਾਂ ਦਾ ਸਿੱਧਾ ਨਾਤਾ ਨਹੀਂ ਪਰ ਉਹਦੇ ਇਕ ਯਾਤਰਾਨਾਮੇ, ਇਕ ਗ਼ਜ਼ਲ-ਸੰਗ੍ਰਹਿ ਤੇ ਤਿੰਨ ਕਾਵਿ-ਸੰਗ੍ਰਹਿਆਂ ਦੀ ਰਚਨਾਤਮਿਕ ਉੱਤਮਤਾ ਵੀ ਕਿਸੇ ਗਵਾਹੀ, ਪੁਸ਼ਟੀ ਜਾਂ ਤਾਈਦ ਦੀ ਮੁਥਾਜ ਨਹੀਂ।
ਇਸ ਪੁਸਤਕ ਵਿਚ ਲੇਖਿਕਾ ਨੇ ਮਨੁੱਖ ਦੇ ਜਨਮ ਲੈਣ ਅਤੇ ਛੋਟੀ-ਵੱਡੀ ਉਮਰ ਭੋਗ ਕੇ ਪੱਕੀ ਵਿਦਾਈ ਲੈਣ ਵਿਚਕਾਰਲੇ ਸਫ਼ਰ ਨਾਲ ਸੰਬੰਧਿਤ ਸੰਸਕਾਰਾਂ ਤੇ ਵਿਹਾਰਾਂ ਦਾ ਵਰਨਣ ਕੀਤਾ ਹੈ। ਉਹ ਬੰਦੇ ਦੇ ਜੀਵਨ ਨੂੰ ਠੀਕ ਹੀ ਉਹਦਾ ਅਣਲਿਖਿਆ ਸਫ਼ਰਨਾਮਾ ਆਖਦੀ ਹੈ। ਮਨੁੱਖ ਬਾਲ ਦੇ ਰੂਪ ਵਿਚ ਸੰਸਾਰ ਵਿਚ ਪ੍ਰਵੇਸ਼ ਕਰਦਾ ਹੈ ਤਾਂ ਭਰਪੂਰ ਖ਼ੁਸ਼ੀਆਂ ਦਾ ਵਸੀਲਾ ਬਣ ਕੇ ਆਉਂਦਾ ਹੈ। ਉਹ ਇਸ ਸੰਸਾਰ ਤੋਂ ਜਾਂਦਾ ਹੈ ਤਾਂ ਪਿੱਛੇ ਉਦਾਸੀਆਂ ਛੱਡ ਜਾਂਦਾ ਹੈ। ਪੁਸਤਕ ਵਿਚਲੇ ਫ਼ੈਲਵੇਂ ਬਿਆਨ ਤੋਂ ਪਹਿਲਾਂ ਉਹਦੇ ਨਾਂ ‘ਖ਼ੁਸ਼ੀਆਂ ਤੋਂ ਉਦਾਸੀਆਂ ਤੱਕ’ ਦੇ ਚਾਰ ਲਫ਼ਜ਼ ਹੀ ਮਨੁੱਖੀ ਸਫ਼ਰਨਾਮੇ ਦਾ ਸਾਰ ਬਾਖ਼ੂਬੀ ਦੱਸ ਦਿੰਦੇ ਹਨ। ਸਾਰੀ ਕਹਾਣੀ ਵਧਾਈਆਂ-ਲੋਰੀਆਂ ਤੋਂ ਤੁਰ ਕੇ ਵੈਣਾਂ-ਕੀਰਨਿਆਂ ਤੱਕ ਪਹੁੰਚ ਕੇ ਮੁੱਕ ਜਾਂਦੀ ਹੈ। ਮਨੁੱਖੀ ਸਫ਼ਰ ਦੀ ਜੇ ਵਧੀਆ ਸਮਾਨਤਾ ਲੱਭਣੀ ਹੋਵੇ, ਉਹ ਨਦੀ ਦੀ ਯਾਤਰਾ ਹੈ ਜੋ ਕਿਸੇ ਪਰਬਤੀ ਤੇੜ ਵਿਚੋਂ ਸਿੰਮੇ ਪਾਣੀ ਤੋਂ ਤੁਰ ਕੇ ਫ਼ੈਲਦੀ, ਵਿਗਸਦੀ, ਕਦੀ ਬਿਖ਼ਮ ਤੇ ਕਦੀ ਸਵਾਹਰੇ ਰਾਹ ਉੱਤੇ ਵਗਦੀ ਆਖ਼ਰ ਸਾਗਰ ਵਿਚ ਲੀਨ ਹੋ ਕੇ ਆਪਣੀ ਹੋਂਦ ਗੁਆ ਬੈਠਦੀ ਹੈ।
ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਦੇਖਿਆ ਜਾ ਸਕਦਾ ਹੈ। ਸਾਰੇ ਲੇਖ ਜਨਮ, ਵਿਆਹ ਤੇ ਚਲਾਣੇ ਨਾਲ ਸੰਬੰਧਿਤ ਰਸਮਾਂ-ਰੀਤਾਂ ਨੂੰ ਬਿਆਨਦੇ ਹਨ। ਮੈਨੂੰ ਇਕ ਪੇਂਡੂ ਟੋਟਕਾ ਯਾਦ ਆਉਂਦਾ ਹੈ ਜੋ ਇਕੋ ਸਮੇਂ ਹਾਸ-ਵਿਅੰਗ ਵੀ ਹੈ ਤੇ ਗੰਭੀਰ ਸੱਚ ਵੀ। ਕਿਸੇ ਨੂੰ ਅਣਨ੍ਹਾਤਾ ਦੇਖ ਕੇ ਇਕ ਜਣਾ ਕਹਿੰਦਾ, “ਭਲਿਆ-ਮਾਨਸਾ, ਕਦੇ-ਕਦੇ ਨ੍ਹਾ ਵੀ ਲਿਆ ਕਰ!” ਕੋਲ਼ੋਂ ਦੂਜਾ ਆਖਦਾ, “ਇਹਨੇ ਤਾਂ ਬੱਸ ਜ਼ਿੰਦਗੀ ਵਿਚ ਤਿੰਨ ਵਾਰ ਹੀ ਨ੍ਹਾਉਣਾ ਹੈ, ਜੰਮਦੇ ਨੂੰ ਦਾਈ ਨੇ ਨੁਹਾ ਦਿੱਤਾ, ਜੇ ਇਹਦਾ ਵਿਆਹ ਹੋ ਗਿਆ, ਨਾਈ ਨੁਹਾਊ ਤੇ ਅਖ਼ੀਰ ਵੇਲ਼ੇ ਚਾਰ ਭਾਈ ਨੁਹਾਉਣਗੇ!” ਜੇ ਸੋਚ ਕੇ ਦੇਖੀਏ, ਇਹੋ ਜੀਵਨ ਦਾ ਕੌੜਾ-ਮਿੱਠਾ ਸੰਪੂਰਨ ਸੱਚ ਹੈ। ਜੀਵਨ-ਯਾਤਰਾ ਦੇ ਇਹੋ ਤਿੰਨ ਮੌਕੇ ਹੀ ਕਿਸੇ ਮਨੁੱਖ ਦਾ ਪੂਰਾ ਇਤਿਹਾਸ ਹੋ ਨਿੱਬੜਦੇ ਹਨ। ਇਹ ਪੁਸਤਕ ਇਸ ਪੂਰੇ ਮਨੁੱਖੀ ਇਤਿਹਾਸ ਦੀ ਹੀ ਪੇਸ਼ਕਾਰੀ ਹੈ।