ਵੀਅਤਨਾਮ ਤੇ ਅਮਰੀਕਾ: ਇਤਿਹਾਸ ਦਾ ਇਕ ਵਰਕਾ

ਡਾ. ਸੁਖਦੇਵ ਹੁੰਦਲ
ਫੋਨ: +91-98131-92365
ਦਸੰਬਰ 1972 ਨੂੰ ਅਮਰੀਕੀ ਬੰਬਾਰੀ ਨਾਲ ਵੀਅਤਨਾਮੀ ਲੋਕਾਂ ਦਾ ਸਮੂਹਕ ਕਤਲੇਆਮ ਕੀਤਾ ਗਿਆ। ਅਸਲ ਵਿਚ ਸਾਮਰਾਜੀ ਜੰਗੀ ਮਨਸੂਬੇ ਹਮੇਸ਼ਾ ਸ਼ਾਂਤੀ ਦੇ ਓਹਲੇ ਹੇਠ ਸਿਰੇ ਚੜ੍ਹਾਏ ਜਾਂਦੇ ਹਨ। ਇੱਕ ਪਾਸੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਸਨ, ਦੂਜੇ ਪਾਸੇ ਹੱਲੇ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਸ਼ਾਂਤੀ ਵਾਰਤਾਵਾਂ ਨੂੰ ਵੀ ਵੀਅਤਨਾਮੀ ਆਗੂਆਂ ਉਤੇ ਕੂਟਨੀਤਕ ਦਬਾਅ ਵਧਾਉਣ ਲਈ ਵਰਤਿਆ ਜਾਂਦਾ ਸੀ। ਇਨ੍ਹਾਂ ਹਾਲਾਤ ਵਿਚੋਂ ਲੰਘਦਿਆਂ ਵੀਅਤਨਾਮੀ ਆਗੂਆਂ ਨੇ ਕਿਸ ਤਰ੍ਹਾਂ ਜਿੱਤ ਵੱਲ ਕਦਮ ਵਧਾਏ, ਉਸ ਬਾਰੇ ਚਰਚਾ ਜਮਹੂਰੀ ਅਧਿਕਾਰ ਸਭਾ, ਹਰਿਆਣਾ ਦੇ ਕਨਵੀਨਰ ਡਾ. ਸੁਖਦੇਵ ਹੁੰਦਲ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ।

ਦਸੰਬਰ 2022 ਨੂੰ ਅਮਰੀਕੀ ਬੰਬਾਰੀ ਨਾਲ ਵੀਅਤਨਾਮੀ ਲੋਕਾਂ ਦੇ ਸਮੂਹਕ ਕਤਲੇਆਮ ਦੀ 50ਵੀਂ ਵਰ੍ਹੇਗੰਢ ਸੀ। ਵੀਅਤਨਾਮ ਦੇ ਹਨੋਈ ਅਤੇ ਹਾਈਫੋਂਗ ਸ਼ਹਿਰ ਦੀ ਨਾਗਰਿਕ ਆਬਾਦੀ `ਤੇ ਅੰਨ੍ਹੇਵਾਹ ਬੰਬਾਂ ਦਾ ਮੀਂਹ ਵਰ੍ਹਾ ਦਿੱਤਾ ਗਿਆ ਸੀ। ਖਤਰਨਾਕ ਬੰਬਾਂ ਨਾਲ਼ ਭਰੇ ਫੌਜੀ ਹਵਾਈ ਜਹਾਜ਼ਾਂ ਨੇ ਵੀਅਤਨਾਮੀ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਵਿਚ ਮਨੁੱਖੀ ਇਤਿਹਾਸ ਦੇ ਭਿਆਨਕ ਕਤਲੇਆਮ ਦੀ ਕਾਰਵਾਈ ਨੂੰ ਸਿਰੇ ਚੜ੍ਹਾਉਂਦੇ ਹੋਏ 40000 ਟਨ ਗੋਲਾ-ਬਾਰੂਦ ਆਮ ਨਾਗਰਿਕ ਆਬਾਦੀ `ਤੇ ਸੁੱਟਿਆ ਸੀ। ਕ੍ਰਿਸਮਸ ਬੰਬਾਰੀ ਦੇ ਨਾਂ ਨਾਲ ਮਸ਼ਹੂਰ ਇਹ ਹਮਲਾ 1972 ਵਿਚ 18 ਦਸੰਬਰ ਤੋਂ ਲੈ ਕੇ 29 ਦਸੰਬਰ ਤੱਕ ਚੱਲਿਆ। 2000 ਤੋਂ ਵੱਧ ਲੋਕ ਮਾਰੇ ਗਏ। ਮਰਨ ਵਾਲਿਆਂ ਵਿਚ ਔਰਤਾਂ ਅਤੇ ਬੱਚਿਆਂ ਦੀ ਗਿਣਤੀ ਵੱਧ ਸੀ। ਹਨੋਈ ਦੀ ਇੱਕ ਗਲੀ ਵਿਚ ਇੱਕੋ ਰਾਤ 287 ਲੋਕ ਮਾਰੇ ਗਏ ਜਿਨ੍ਹਾਂ ਵਿਚ ਲਗਭਗ ਸਾਰੇ ਹੀ ਬੱਚੇ ਅਤੇ ਔਰਤਾਂ ਸਨ। ਹਮਲੇ ਵਿਚ 17 ਸਾਲ ਦਾ ਮਜ਼ਦੂਰ ਜੋ ਬਚ ਗਿਆ ਸੀ, ਨੇ ਬਾਅਦ ਵਿਚ ਦੱਸਿਆ ਕਿ ਬਹੁਤੇ ਲੋਕ ਸੋਚ ਰਹੇ ਸਨ ਕਿ ਅਮਰੀਕਾ ਕ੍ਰਿਸਮਸ ਦੇ ਦਿਨਾਂ ਵਿਚ ਹਮਲਾ ਨਹੀਂ ਕਰੇਗਾ। 2000 ਦੇ ਕਰੀਬ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਕਈ ਸਾਲ ਗਲੀਆਂ-ਸੜੀਆਂ ਲਾਸ਼ਾਂ ਦੀ ਬਦਬੂ ਲੋਕਾਂ ਦੀਆਂ ਯਾਦਾਂ ਵਿਚ ਰਹੀ। ਉੱਤਰੀ ਵੀਅਤਨਾਮ ਦਾ ਸਨਅਤੀ ਢਾਂਚਾ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਗਿਆ ਸੀ। 80 ਫੀਸਦੀ ਬਿਜਲੀ ਘਰ ਤਬਾਹ ਹੋ ਗਏ ਸਨ। 1600 ਦੇ ਕਰੀਬ ਫੌਜੀ ਸਾਜ਼ੋ-ਸਾਮਾਨ ਦੇ ਕਾਰਖਾਨੇ ਅਤੇ ਹੋਰ ਅਦਾਰੇ ਤਬਾਹ ਕਰ ਦਿੱਤੇ ਗਏ ਸਨ। ਹਮਲੇ ਦੇ ਆਖ਼ਰੀ ਪੜਾਅ ਵਿਚ ਅਮਰੀਕਨ ਫੌਜੀ ਮਾਹਿਰਾਂ ਨੂੰ ਹਮਲੇ ਲਈ ਕੋਈ ਨਿਸ਼ਾਨਾ ਨਹੀਂ ਲੱਭ ਰਿਹਾ ਸੀ। ਇੱਕ ਰਿਪੋਰਟ ਵਿਚ ਹਮਲੇ ਦਾ ਪੈਮਾਨਾ ਸਮਝਣ ਲਈ ਅੰਕੜੇ ਦਿੱਤੇ ਗਏ ਸਨ। 1972 ਵਿਚ ਦੋਹਾਂ ਸ਼ਹਿਰਾਂ ਦੀ ਆਬਾਦੀ 9,57,000 ਸੀ। 40,000 ਟਨ ਬਰੂਦ ਦੇ ਹਿਸਾਬ ਨਾਲ਼ ਹਰ ਆਦਮੀ ਔਰਤ ਅਤੇ ਬੱਚੇ ਦੇ ਹਿੱਸੇ 84 ਪੌਂਡ ਵਿਸਫੋਟਕ ਪਦਾਰਥ ਆਉਂਦਾ ਹੈ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹੀਰੋਸ਼ੀਮਾ ਵਿਚ ਐਟਮੀ ਹਮਲੇ ਨਾਲ ਕੀਤੀ ਤਬਾਹੀ ਦੀ ਸਮਰੱਥਾ 20,000 ਟਨ ਬਾਰੂਦ ਨਾਲ ਕੀਤੀ ਤਬਾਹੀ ਦੇ ਬਰਾਬਰ ਸੀ। ਇੱਥੇ ਉਸ ਤੋਂ ਦੁੱਗਣਾ ਬਾਰੂਦ ਸੁੱਟਿਆ ਗਿਆ ਸੀ। ਵੀਅਤਨਾਮ ਵਿਰੁੱਧ ਜੰਗ ਵਿਚ ਅਮਰੀਕਾ ਨੇ ਦੂਜੀ ਸੰਸਾਰ ਜੰਗ ਦੌਰਾਨ ਸੁੱਟੇ ਜਾਣ ਵਾਲੇ ਕੁੱਲ ਬੰਬਾਂ ਨਾਲੋਂ ਦੋ ਗੁਣਾ ਬੰਬ ਸੁੱਟੇ ਸਨ। ਕਿਸੇ ਖੇਤਰੀ ਝਗੜੇ ਵਿਚ ਵਰਤੇ ਗਏ ਬੰਬਾਂ ਦੀ ਇਹ ਮਾਤਰਾ ਇਤਿਹਾਸ ਦੀ ਸਭ ਤੋਂ ਵੱਡੀ ਮਾਤਰਾ ਸੀ। ਜਨਵਰੀ 1962 ਤੋਂ ਲੈ ਕੇ ਦਸੰਬਰ 1972 ਤੱਕ ਵੀਅਤਨਾਮੀ ਲੋਕਾਂ ਉੱਤੇ ਅਮਰੀਕਾ ਵੱਲੋਂ 76 ਲੱਖ ਟਨ ਬੰਬ ਸੁੱਟੇ ਗਏ ਜਿਹਨਾਂ ਦੀ ਤਬਾਹੀ ਸਮਰੱਥਾ 380 ਹੀਰੋਸ਼ੀਮਾ ਬੰਬਾਂ ਦੇ ਬਰਾਬਰ ਬਣਦੀ ਹੈ। ਵੀਅਤਨਾਮ ਦੀ ਲੋਕ ਫੌਜ ਨੇ ਬਹਾਦਰੀ ਨਾਲ਼ ਇਹਨਾਂ ਹਮਲਿਆਂ ਦਾ ਸਾਹਮਣਾ ਕੀਤਾ। ਵੀਅਤਨਾਮੀ ਮੁਕਤੀ ਫੌਜ ਦਾ ਦਾਅਵਾ ਸੀ ਕਿ ਉਸ ਨੇ 34 ਹਮਲਾਵਰ ਜਹਾਜ ਵੀ ਡੇਗ ਦਿੱਤੇ ਸਨ।
ਸਾਮਰਾਜੀ ਜੰਗੀ ਮਨਸੂਬੇ ਹਮੇਸ਼ਾ ਸ਼ਾਂਤੀ ਦੀ ਲਫਾਜ਼ੀ ਵਰਤਦੇ ਹੋਏ ਸਿਰੇ ਚੜ੍ਹਾਏ ਜਾਂਦੇ ਹਨ। ਇੱਕ ਪਾਸੇ ਸ਼ਾਂਤੀ ਵਾਰਤਾਵਾਂ ਚੱਲ ਰਹੀਆਂ ਸਨ ਪਰ ਸ਼ਾਂਤੀ ਵਾਰਤਾਵਾਂ ਨੂੰ ਵੀ ਵੀਅਤਨਾਮੀ ਕੌਮੀ ਮੁਕਤੀ ਘੋਲ ਦੇ ਆਗੂਆਂ `ਤੇ, ਕੂਟਨੀਤਕ ਦਬਾਅ ਵਧਾਉਣ ਲਈ ਵਰਤਿਆ ਜਾਂਦਾ ਸੀ। ਵੀਅਤਨਾਮੀ ਇਨਕਲਾਬੀ ਆਗੂਆਂ ਨੇ ਭਾਵੇਂ ਕਦੀ ਵੀ ਸ਼ਾਂਤੀ ਵਾਰਤਾਵਾਂ ਤੋਂ ਮੂੰਹ ਨਹੀਂ ਮੋੜਿਆ ਸੀ। ਅਕਤੂਬਰ 1972 ਵਿਚ ਉਸ ਵੇਲੇ ਦੇ ਅਮਰੀਕਨ ਰਾਸ਼ਟਰਪਤੀ ਨਿਕਸਨ ਦਾ ਸੁਰੱਖਿਆ ਸਲਾਹਕਾਰ ਹੈਨਰੀ ਕਸਿੰਗਰ ਬਿਆਨ ਦੇ ਰਿਹਾ ਸੀ ਕਿ ਇੱਕ ਗੁਪਤ ਮੀਟਿੰਗ ਵਿਚ ਉੱਤਰੀ ਵੀਅਤਨਾਮ ਨਾਲ ਸਮਝੌਤਾ ਹੋ ਗਿਆ ਹੈ ਅਤੇ ਛੇਤੀ ਹੀ ਸ਼ਾਂਤੀ ਸਥਾਪਤ ਹੋ ਜਾਏਗੀ। ਸ਼ਾਤੀ ਸ਼ਾਂਤੀ ਦੀ ਇਹ ਝੂਠੀ ਲਫਾਜ਼ੀ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਜਿੱਤਣ ਲਈ ਵਰਤੀ ਜਾ ਰਹੀ ਸੀ। ਚੋਣਾਂ ਜਿੱਤਣ ਤੋਂ ਬਾਅਦ ਦੱਖਣੀ ਵੀਅਤਨਾਮ ਵਿਚ ਅਮਰੀਕੀ ਕਠਪੁਤਲੀ ਹਕੂਮਤ ਨਾਲ ਗੰਢ-ਤੁਪ ਕਰ ਕੇ ਅਮਰੀਕਾ ਸ਼ਾਂਤੀ ਲਈ ਕੋਈ ਸਹਿਮਤੀ ਤੋਂ ਮੁੱਕਰ ਗਿਆ। ਅਮਰੀਕਾ ਦੀ ਧੋਖੇਬਾਜ਼ੀ ਦੇ ਨਤੀਜੇ ਵਜੋਂ ਉੱਤਰੀ ਵੀਅਤਨਾਮ ਦੇ ਨੁਮਾਇੰਦੇ ਸ਼ਾਂਤੀ ਵਾਰਤਾਵਾਂ ਦੀ ਮੀਟਿੰਗ ਵਿਚੋਂ ਬਾਹਰ ਆ ਗਏ। ਹੰਕਾਰੇ ਸਾਮਰਾਜੀ ਹਾਕਮਾਂ ਲਈ ਇਹ ਬਰਦਾਸ਼ਤ ਤੋਂ ਬਾਹਰ ਸੀ। ਉਹਨਾਂ ਨੇ ਚਿਤਾਵਨੀ ਦਿੱਤੀ ਕਿ ਵੀਅਤਨਾਮ 72 ਘੰਟਿਆਂ ਦੇ ਅੰਦਰ ਅੰਦਰ ਅਖੌਤੀ ਸ਼ਾਂਤੀ ਵਾਰਤਾ ਵਿਚ ਵਾਪਸ ਸ਼ਾਮਲ ਹੋ ਜਾਵੇ ਜਾਂ ਹਮਲੇ ਲਈ ਤਿਆਰ ਰਹੇ। 72 ਘੰਟੇ ਲੰਘ ਜਾਣ `ਤੇ ਨਿਕਸਨ ਨੇ ਵੀਅਤਨਾਮੀ ਲੋਕਾਂ ਉੱਤੇ ਹਮਲੇ ਦਾ ਹੁਕਮ ਸੁਣਾ ਦਿੱਤਾ। ਕ੍ਰਿਸਮਸ ਬੰਬਾਰੀ ਨਾਲ ਮਸ਼ਹੂਰ ਇਸ ਹਮਲੇ ਦਾ ਨਾਂ ‘ਓਪਰੇਸ਼ਨ ਲਾਈਨਬੈਕਰ-2` ਸੀ। ਵੱਡੀ ਗਿਣਤੀ ਵਿਚ ਨੀਵੀਆਂ ਉਡਾਣਾਂ ਭਰਦੇ ਜੰਗੀ ਜਹਾਜ਼ ਆਬਾਦੀ ਵਾਲੇ ਇਲਾਕੇ ਵਿਚ ਛਾਂ ਕਰ ਦਿੰਦੇ ਸਨ। ਅਸਮਾਨ ਤੋਂ ਅੱਗ ਵਰ੍ਹਾਉਂਦੇ ਜੰਗੀ ਜਹਾਜ ਨਾਗਰਿਕ ਆਬਾਦੀ `ਤੇ ਇਤਿਹਾਸ ਦੇ ਸਭ ਤੋਂ ਵੱਡੇ ਬੰਬ ਹਮਲੇ ਨੂੰ ਅੰਜਾਮ ਦੇ ਰਹੇ ਸਨ।
ਸੰਸਾਰ ਸਰਮਾਏਦਾਰੀ ਦਾ ਸੰਕਟ ਅਤੇ ਜੰਗਾਂ: ਸਾਮਰਾਜ ਜੰਗਾਂ ਦਾ ਸਰੋਤ ਹੈ। ਸਨਅਤੀ ਵਿਕਾਸ ਲਈ ਸਰਮਾਏਦਾਰੀ ਨੂੰ ਭਾਵੇਂ ਸ਼ਾਂਤੀ ਦੀ ਵੀ ਲੋੜ ਹੁੰਦੀ ਹੈ ਪਰ ਸਰਮਾਏਦਾਰਾ ਆਰਥਿਕ ਸੰਕਟ ਦੇ ਦੌਰ ਵਿਚ ਸਰਮਾਏਦਾਰੀ, ਸ਼ਾਂਤੀਪੂਰਨ ਤਰੀਕੇ ਨਾਲ ਆਪਣੇ ਮਸਲੇ ਹੱਲ ਕਰਨ ਦੀ ਯੋਗਤਾ ਗੁਆ ਦਿੰਦੀ ਹੈ। ਦੁਨੀਆ ਭਰ ਦੇ ਕੁਦਰਤੀ ਖਜ਼ਾਨਿਆਂ ਦੀ ਲੁੱਟ ਅਤੇ ਕਿਰਤੀ ਆਬਾਦੀ ਦੀ ਵਾਧੂ ਕਦਰ ਲੁੱਟਣ ਲਈ, ਖਾਸ ਕਰ ਕੇ ਲੋਕਾਂ ਦੇ ਵਿਦਰੋਹ ਨੂੰ ਦਬਾਉਣ ਲਈ, ਸਰਮਾਏਦਾਰੀ ਜੰਗਾਂ ਦਾ ਸਹਾਰਾ ਲੈਂਦੀ ਹੈ। ਵੀਅਤਨਾਮ `ਤੇ ਹਮਲੇ ਦਾ ਇਹ ਉਹ ਦੌਰ ਸੀ ਜਦੋਂ ਕਲਿਆਣਕਾਰੀ ਦੌਰ ਵਾਲਾ ਸਰਮਾਏਦਾਰਾ ਮਾਡਲ ਆਪਣੇ ਆਖ਼ਰੀ ਸਾਹ ਲੈ ਰਿਹਾ ਸੀ। ਦੁਨੀਆ ਭਰ ਵਿਚ ਅਮਰੀਕਨ ਸਾਮਰਾਜ ਦੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ ਸੀ। ਅਮਰੀਕੀ ਫੌਜੀਆਂ ਦੀਆਂ ਵੀ ਵੀਅਤਨਾਮ ਵਿਚ ਜਾਨਾਂ ਜਾ ਰਹੀਆਂ ਸਨ। ਇਸ ਜੰਗ ਵਿਚ 30 ਲੱਖ ਵੀਅਤਨਾਮੀ ਸ਼ਹੀਦ ਹੋ ਚੁੱਕੇ ਸਨ ਅਤੇ 58,000 ਅਮਰੀਕੀ ਫੌਜੀ ਵੀ ਮਾਰੇ ਜਾ ਚੁੱਕੇ ਸਨ। ਅਮਰੀਕਾ ਦੇ ਅੰਦਰੋਂ ਵੀ ਭਾਰੀ ਵਿਰੋਧ ਦੇ ਸੁਰ ਉੱਠ ਰਹੇ ਸਨ। ਨਤੀਜੇ ਵਜੋਂ ਅਮਰੀਕੀ ਸਰਕਾਰ ਨੂੰ ਆਪਣੇ ਫੌਜੀ ਵਾਪਸ ਬੁਲਾਉਣੇ ਪੈ ਰਹੇ ਸਨ। 1968 ਵਿਚ ਵੀਅਤਨਾਮ ਵਿਚ ਅਮਰੀਕੀ ਫੌਜੀਆਂ ਦੀ ਗਿਣਤੀ 5,30,000 ਸੀ ਜੋ 1972 ਵਿਚ 24,200 ਰਹਿ ਗਈ ਸੀ।
ਅਮਰੀਕਾ ਸਮੇਤ ਦੁਨੀਆ ਭਰ ਵਿਚ ਜੰਗ ਦਾ ਵਿਰੋਧ ਹੋ ਰਿਹਾ ਸੀ। 60ਵਿਆਂ ਅਤੇ 70ਵਿਆਂ ਦੀ ਜੰਗ ਵਿਰੋਧੀ ਲਹਿਰ ਦੇ ਨਾਲ ਨਾਲ ਸਨਅਤੀ ਹੜਤਾਲਾਂ ਦੀ ਲਹਿਰ ਵੀ ਜ਼ੋਰ ਫੜ ਰਹੀ ਸੀ। ਕੌਮਾਂਤਰੀ ਪੱਧਰ `ਤੇ ਮਜ਼ਦੂਰਾਂ ਅਤੇ ਨੌਜਵਾਨਾਂ ਵਿਚ ਬੇਚੈਨੀ ਵਧ ਰਹੀ ਸੀ। 1968 ਤੋਂ 1975 ਤੱਕ ਦਾ ਇਹ ਦੌਰ ਸੰਸਾਰ ਸਰਮਾਏਦਾਰੀ ਲਈ ਖ਼ਤਰੇ ਦੀ ਘੰਟੀ ਸੀ। 1968 ਵਿਚ ਫਰਾਂਸ ਵਿਚ ਵਿਦਿਆਰਥੀ ਅਤੇ ਨੌਜਵਾਨਾਂ ਨੇ ਬਗਾਵਤ ਕਰ ਦਿੱਤੀ ਸੀ। ਕਿਤੇ ਇਹ ਸੰਸਾਰ ਵਿਆਪੀ ਬੇਚੈਨੀ ਮਜ਼ਦੂਰ ਜਮਾਤ ਦੇ ਇਨਕਲਾਬੀ ਅੰਦੋਲਨ ਵਿਚ ਨਾ ਬਦਲ ਜਾਵੇ, ਸਾਮਰਾਜੀ ਤਾਕਤਾਂ ਲਈ ਇਹ ਬਰਦਾਸ਼ਤ ਕਰਨਾ ਬਹੁਤ ਔਖਾ ਸੀ। ਜਦੋਂ ਕੋਈ ਚਾਰਾ ਨਾ ਚੱਲੇ ਤਾਂ ਸਰਮਾਏਦਾਰਾ ਹਾਕਮ ਆਮ ਲੋਕਾਂ ਨੂੰ ਜੰਗ ਦੀ ਭੱਠੀ ਵਿਚ ਝੋਕ ਦਿੰਦੇ ਹਨ। ਦੂਜੇ ਪਾਸੇ ਵੀਅਤਨਾਮੀ ਕਿਰਤੀਆਂ ਦਾ ਘੋਲ ਸਾਰੇ ਸੰਸਾਰ ਦੇ ਮੁਕਤੀ ਘੋਲਾਂ ਲਈ ਪ੍ਰੇਰਨਾ ਸਰੋਤ ਬਣ ਰਿਹਾ ਸੀ। ਸਮਾਜਵਾਦੀ ਸੋਵੀਅਤ ਸੰਘ 1956 ਤੋਂ ਹੀ ਸਰਮਾਏਦਾਰਾ ਮਾਰਗੀਆਂ ਦੇ ਰਾਜ ਪਲਟੇ ਤੋਂ ਬਾਅਦ ਸਮਾਜਿਕ ਸਾਮਰਾਜ ਵਿਚ ਬਦਲ ਚੁੱਕਾ ਸੀ। ਅੰਤਰ-ਸਾਮਰਾਜੀ ਖਹਿ-ਭੇੜ ਵੀ ਸ਼ਾਂਤੀ ਦੇ ਰਾਹ ਵਿਚ ਵੱਡੀ ਰੁਕਾਵਟ ਸੀ। ਵੀਅਤਨਾਮੀ ਕਿਰਤੀਆਂ ਨੇ ਵੀਅਤਨਾਮ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿਚ ਸ਼ਾਨਦਾਰ ਅਤੇ ਬਹਾਦਰੀ ਨਾਲ ਘੋਲ ਕੀਤਾ। 1975 ਵਿਚ ਦੱਖਣੀ ਵੀਅਤਨਾਮ ਵਿਚ ਅਮਰੀਕਾ ਦੀ ਕਠਪੁਤਲੀ ਹਕੂਮਤ ਡਿੱਗ ਗਈ ਅਤੇ ਅਮਰੀਕਾ ਦੀ ਫੌਜ ਨੂੰ ਵੀਅਤਨਾਮ ਛੱਡ ਕੇ ਭੱਜਣਾ ਪਿਆ। ਵੀਅਤਨਾਮ ਵਿਚ ਅਮਰੀਕੀ ਫੌਜ ਦੀ ਸ਼ਰਮਨਾਕ ਹਾਰ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਸੀ ਕਿ ਇਨਕਲਾਬੀ ਘੋਲਾਂ ਵਿਚ ਫੈਸਲਾਕੁਨ ਤਾਕਤ ਲੋਕ ਹੁੰਦੇ ਹਨ ਨਾ ਕਿ ਹਥਿਆਰ। ਜਿੱਥੋਂ ਤੱਕ ਹਥਿਆਰਾਂ ਦਾ ਸਵਾਲ ਸੀ ਇਹ ਨਾ-ਬਰਾਬਰ ਲੜਾਈ ਸੀ। ਅਮਰੀਕੀ ਫੌਜ ਦੁਨੀਆ ਦੀ ਸਭ ਤੋਂ ਵੱਧ ਵਿਕਸਤ ਹਥਿਆਰਾਂ ਨਾਲ ਲੈਸ ਫੌਜ ਸੀ। 1972 ਦੀ ਕ੍ਰਿਸਮਸ ਬੰਬਾਰੀ ਅਤੇ ਲੰਮੇ ਸਮੇਂ ਤੱਕ ਤਬਾਹੀ ਦੇ ਹਥਿਆਰਾਂ ਦੀ ਵੀਅਤਨਾਮ ਵਿਚ ਵਰਤੋਂ ਨੇ ਸਰਮਾਏਦਾਰੀ ਦਾ ਖੂਨੀ ਚਿਹਰਾ ਬੇਨਕਾਬ ਕਰ ਦਿੱਤਾ ਸੀ।
ਸੰਸਾਰ ਵਿਚ ਸਦੀਵੀ ਸ਼ਾਂਤੀ ਲਈ ਜ਼ਰੂਰੀ ਹੈ ਕਿ ਸਰਮਾਏਦਾਰਾ ਪ੍ਰਬੰਧ ਦਾ ਭੋਗ ਪਾ ਕੇ ਸਮਾਜਵਾਦੀ ਪ੍ਰਬੰਧ ਕਾਇਮ ਹੋਵੇ। ਸਰਮਾਏਦਾਰੀ ਦਾ ਸਾਮਰਾਜੀ ਢਾਂਚਾ ਜੰਗਾਂ ਦਾ ਸਰੋਤ ਹੈ। ਦੁਨੀਆ ਭਰ ਵਿਚ ਵਧ ਰਿਹਾ ਲੋਕ ਰੋਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਰਮਾਏਦਾਰੀ ਖਿਲਾਫ ਜਨਤਕ ਸੰਘਰਸ਼ ਲਾਜ਼ਮੀ ਹੀ ਇਸ ਪ੍ਰਬੰਧ ਦੀ ਕਬਰ ਪੁੱਟਣਗੇ। ਮਨੁੱਖ ਜਾਤੀ ਦਾ ਭਵਿੱਖ ਬਹੁਤ ਸ਼ਾਨਦਾਰ ਹੈ।