ਗੁਰਾਂ ਦੇ ਨਾਂ `ਤੇ ਵਸਦਾ ਪੰਜਾਬ ਕਿਹੜੇ ਰੋਗਾਂ ਦਾ ਸ਼ਿਕਾਰ?

ਜਸਵੰਤ ਸਿੰਘ ਜ਼ਫ਼ਰ
ਪੰਜਾਬ ਇਸ ਵਕਤ ਵੱਖ-ਵੱਖ ਸਮੱਸਿਆਵਾਂ ਵਿਚ ਚੁਫੇਰਿਓਂ ਘਿਰਿਆ ਹੋਇਆ ਹੈ। ਉਘੇ ਲਿਖਾਰੀ ਜਸਵੰਤ ਸਿੰਘ ਜ਼ਫ਼ਰ ਨੇ ਆਪਣੀ ਇਸ ਲਿਖਤ ਰਾਹੀਂ ਸਵਾਲ ਉਠਾਇਆ ਹੈ ਕਿ ਪੰਜਾਬ ਵਿਚ ਹਰ ਤਰ੍ਹਾਂ ਦੀ ਨਿਆਮਤ ਹੋਣ ਦੇ ਬਾਵਜੂਦ ਇਹ ਦੁਨੀਆ ਦਾ ਸਭ ਤੋਂ ਸੋਹਣਾ, ਅਮੀਰ ਅਤੇ ਖੁਸ਼ਹਾਲ ਖਿੱਤਾ ਕਿਉਂ ਨਹੀਂ ਬਣ ਸਕਿਆ? ਸਾਰਾ ਕੁਝ ਇੰਨਾ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰ-ਮੁਖੀ ਕਿਉਂ ਹੈ? ਇਸ ਦੇ ਬਾਸ਼ਿੰਦੇ ਆਪਣੀ ਧਰਤੀ ਛੱਡ ਕੇ ਦੌੜ ਕਿਉਂ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਇ ਪੰਜਾਬੀ ਸਿਰਫ ਖੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ ਹਨ?…

ਪੰਜਾਬ ਦੀ ਧਰਤੀ ਪੱਧਰੀ ਅਤੇ ਜ਼ਰਖੇਜ਼ ਹੈ, ਹਰ ਇਕ ਇੰਚ ਉਪਜਾਊ ਹੈ। ਜਿੰਨੀ ਤਰ੍ਹਾਂ ਦੇ ਫੁੱਲ, ਫਲ਼ ਅਤੇ ਫ਼ਸਲਾਂ ਇਥੇ ਉਗਾਈਆਂ ਜਾ ਸਕਦੀਆਂ ਹਨ, ਓਨੀਆਂ ਦੁਨੀਆ ਦੀ ਹੋਰ ਕਿਸੇ ਧਰਤੀ `ਤੇ ਨਹੀਂ ਉਗਾਈਆਂ ਜਾ ਸਕਦੀਆਂ। ਏਨਾ ਖੁੱਲ੍ਹਾ ਪਾਣੀ ਵੀ ਸ਼ਾਇਦ ਹੀ ਧਰਤੀ ਦੇ ਕਿਸੇ ਹੋਰ ਖਿੱਤੇ ਨੂੰ ਨਸੀਬ ਹੋਵੇ। ਹਿਮਾਲਾ ਪਰਬਤ ਤੋਂ ਪੰਜਾਬ ਵਿਚ ਦਾਖਲ ਹੋਣ ਸਮੇਂ ਦਰਿਆਵਾਂ ਦਾ ਪਾਣੀ ਹੁੰਦਾ ਵੀ ਬਿਲਕੁਲ ਸਾਫ਼ ਅਤੇ ਸ਼ੁੱਧ ਹੈ। ਇਸ ਧਰਤੀ ਦੇ ਸਾਰੇ ਮੌਸਮ ਹਰ ਤਰ੍ਹਾਂ ਦੇ ਕੰਮ ਧੰਦੇ ਕਰਨ ਲਈ ਅਨੁਕੂਲ ਹਨ। ਗਰਮੀ, ਸਰਦੀ ਅਤੇ ਬਰਸਾਤ ਦੇ ਬਾਵਜੂਦ ਬਾਰਾਂ ਮਹੀਨੇ, ਤੀਹ ਦਿਨ ਅਤੇ ਚੌਵੀ ਘੰਟੇ ਲੋਕ ਕੰਮ ਕਰ ਸਕਦੇ ਹਨ। ਪੰਜਾਬੀ ਲੋਕ ਮਿਹਨਤੀ ਵੀ ਬਹੁਤ ਹਨ, ਬੁੱਧੀ ਅਤੇ ਸਰੀਰਕ ਤੌਰ `ਤੇ ਨਰੋਏ ਹਨ। ਵਿਰਾਸਤੀ ਵਿਚਾਰਧਾਰਕ ਅਮੀਰੀ ਦੇ ਨਾਲ-ਨਾਲ ਹਰ ਨਵੇਂ ਖਿਆਲ ਅਤੇ ਟੈਕਨੋਲੋਜੀ ਦਾ ਸਵਾਗਤ ਕਰਨ ਵਾਲੇ ਪੰਜਾਬੀ ਤਰੱਕੀਪਸੰਦ, ਅਗਾਂਹਵਧੂ ਅਤੇ ਭਵਿੱਖ ਦੇ ਵੱਡੇ ਸੁਪਨੇ ਲੈਣ ਵਾਲੇ ਹਨ।
ਇਥੇ ਹਰ ਕਿੱਤੇ, ਕਲਾ ਅਤੇ ਹੁਨਰ ਦੇ ਜਾਣਕਾਰ ਮਿਲਦੇ ਹਨ। ਔਰਤਾਂ ਵੀ ਬੰਦਿਆਂ ਨਾਲੋਂ ਘੱਟ ਕੰਮ ਕਰਨ ਵਾਲੀਆਂ ਨਹੀਂ। ਫਿਰ ਪੰਜਾਬ ਨੂੰ ਕਿਹੜੇ ਕੀੜੇ ਪਏ ਹੋਏ ਹਨ ਜਿਹਨਾਂ ਕਰਕੇ ਪੰਜਾਬ ਦੁਨੀਆ ਦਾ ਸਭ ਤੋਂ ਸੋਹਣਾ, ਅਮੀਰ ਅਤੇ ਖੁਸ਼ਹਾਲ ਖਿੱਤਾ ਨਹੀਂ ਬਣ ਸਕਿਆ? ਸਾਰਾ ਕੁਝ ਵਧੀਆ ਹੋਣ ਦੇ ਬਾਵਜੂਦ ਇਹ ਏਨਾ ਨਿਘਾਰ-ਮੁਖੀ ਕਿਉਂ ਹੈ? ਇਸ ਦੇ ਬਾਸ਼ਿੰਦੇ ਆਪਣੀ ਧਰਤੀ ਨੂੰ ਏਨੀ ਤੇਜ਼ੀ ਨਾਲ ਛੱਡ ਕੇ ਦੌੜੀ ਕਿਉਂ ਜਾ ਰਹੇ ਹਨ? ਪੰਜਾਬ ਨੂੰ ਅੱਗੇ ਵਧਾਉਣ ਦੀ ਬਜਾਇ ਪੰਜਾਬੀ ਸਿਰਫ ਖੁਦਕੁਸ਼ੀ ਜਾਂ ਹਿਜਰਤ ਕਰਨ ਦੀ ਸੋਚਣ ਜੋਗੇ ਕਿਉਂ ਰਹਿ ਗਏ ਹਨ?
ਮੈਂ ਪੰਜਾਬ ਦੇ ਸੈਂਕੜੇ ਇੰਜਨੀਅਰਾਂ ਨੂੰ ਜਾਣਦਾ ਹੋਵਾਂਗਾ ਜੋ ਇਧਰੋਂ ਇੰਜਨੀਅਰਿੰਗ ਦੀਆਂ ਵਧੀਆ ਸਰਕਾਰੀ ਜਾਂ ਪ੍ਰਾਈਵੇਟ ਨੌਕਰੀਆਂ ਛੱਡ ਕੇ ਅਮਰੀਕਾ, ਕੈਨੇਡਾ, ਆਸਟਰੇਲੀਆ ਜਾਂ ਹੋਰ ਵਿਕਸਤ ਦੇਸ਼ਾਂ ਵਿਚ ਬਤੌਰ ਇੰਜਨੀਅਰ ਕੰਮ ਕਰਦੇ ਹਨ। ਬਹੁਤ ਸਾਰੇ ਡਾਕਟਰ ਇਧਰੋਂ ਡਾਕਟਰੀ ਛੱਡ ਬਾਹਰਲੇ ਮੁਲਕਾਂ ਦੇ ਕਾਮਯਾਬ ਡਾਕਟਰ ਬਣੇ ਹੋਏ ਹਨ। ਪੰਜਾਬੀ ਵਿਗਿਆਨੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪੋ-ਆਪਣੇ ਖੇਤਰਾਂ ਵਿਚ ਨਾਮਣਾ ਖੱਟਿਆ ਹੈ।
ਏਧਰ ਸਕੂਲਾਂ, ਕਾਲਜਾਂ, ਯੂਨੀਵਸਿਟੀਆਂ ਵਿਚ ਪੜ੍ਹਾਉਂਦੇ ਰਹੇ ਕਈ ਅਧਿਆਪਕ ਹੁਣ ਵਿਕਸਤ ਦੇਸ਼ਾਂ ਦੇ ਸਕੂਲਾਂ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿਚ ਪੜ੍ਹਾਉਂਦੇ ਹਨ। ਅਨੇਕਾਂ ਪੰਜਾਬੀ ਗਾਇਕਾਂ, ਸੰਗੀਤਕਾਰਾਂ, ਚਿਤਰਕਾਰਾਂ, ਫੋਟੋਕਾਰਾਂ ਅਤੇ ਮੀਡੀਆ ਕਰਮੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਆਪੋ-ਆਪਣੇ ਖੇਤਰ ਵਿਚ ਬਹੁਤ ਨਾਮ ਅਤੇ ਨਾਮਾ ਕਮਾਇਆ ਹੈ। ਬਹੁਤ ਸਾਰੇ ਪੰਜਾਬੀ ਕਿਸਾਨਾਂ ਦੇ ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਿਚ ਵੱਡੇ-ਵੱਡੇ ਖੇਤੀ ਫਾਰਮ ਅਤੇ ਬਾਗ ਹਨ।
ਕਈ ਪੰਜਾਬੀ ਵਪਾਰੀਆਂ ਨੇ ਬਾਹਰ ਜਾ ਕੇ ਆਪਣੇ ਵਪਾਰਕ ਅਦਾਰੇ ਸਥਾਪਤ ਕੀਤੇ ਹਨ। ਆਪਣੀ ਜਾਣ-ਪਛਾਣ ਦੇ ਆਧਾਰ `ਤੇ ਕਹਿ ਸਕਦਾ ਹਾਂ ਕਿ ਪੰਜਾਬ ਦੇ ਕਿਸਾਨ, ਵਪਾਰੀ, ਇੰਜਨੀਅਰ, ਡਾਕਟਰ, ਵਿਗਿਆਨੀ, ਯੋਜਨਾਕਾਰ, ਅਧਿਆਪਕ ਅਤੇ ਹੋਰ ਕਿੱਤਾਕਾਰ ਤੇ ਹੁਨਰਮੰਦ ਵਿਕਸਤ ਦੇਸ਼ਾਂ ਦੀ ਤਰੱਕੀ ਵਿਚ ਆਪਣਾ ਹਿੱਸਾ ਪਾ ਰਹੇ ਹਨ।
ਦੂਜੇ ਸ਼ਬਦਾਂ ਵਿਚ ਪੰਜਾਬ ਦੇ ਗੁਣੀ ਕਿੱਤਾਕਾਰ ਅਤੇ ਹੁਨਰਮੰਦ ਪੰਜਾਬ ਨੂੰ ਦੁਨੀਆ ਦਾ ਸਭ ਤੋਂ ਵਿਕਸਤ ਖਿੱਤਾ ਬਣਾਉਣ ਦੀ ਯੋਗਤਾ ਰੱਖਦੇ ਹਨ ਪਰ ਉਹਨਾਂ ਦੇ ਅਜਿਹਾ ਕਰਨ ਲਈ ਪੰਜਾਬ ਅੰਦਰ ਲੋੜੀਂਦਾ ਮਹੌਲ ਗੈਰ-ਹਾਜ਼ਰ ਹੈ। ਫਿਰ ਉਹੀ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਨੂੰ ਉਹ ਕਿਹੜੇ ਕੀੜੇ ਪਏ ਹਨ ਜਿਹਨਾਂ ਨੇ ਪੰਜਾਬ ਦੇ ਸੰਘਰਸ਼, ਤਰੱਕੀ ਅਤੇ ਚੜ੍ਹਦੀ ਕਲਾ ਦੇ ਜਜ਼ਬੇ ਨੂੰ ਚੂਸ ਕੇ ਇਸ ਨੂੰ ਆਰਥਿਕ, ਮਾਨਸਿਕ ਅਤੇ ਆਤਮਿਕ ਤੌਰ `ਤੇ ਸਾਹ-ਸਤਹੀਣ ਕਰ ਦਿੱਤਾ ਹੈ?
ਉਪਰੋਕਤ ਸਵਾਲ ਦਾ ਜਵਾਬ ਤਸਵੀਰ ਦੇ ਦੂਸਰੇ ਪਾਸੇ ਪਿਆ ਹੈ। ਤਸਵੀਰ ਦਾ ਦੂਸਰਾ ਪਾਸਾ ਦਰਸਾਉਂਦਾ ਹੈ ਕਿ ਪੰਜਾਬ ਦਾ ਕੋਈ ਸਿਆਸਤਦਾਨ ਇਧਰ ਆਪਣੀ ਚਲਦੀ ਸਿਆਸਤ ਛੱਡ ਕੇ ਕਦੀ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਸਿਆਸਤਦਾਨ ਨਹੀਂ ਬਣਿਆ। ਮੇਰੀ ਜਾਣਕਾਰੀ ਵਿਚ ਪੰਜਾਬ ਦਾ ਕੋਈ ਬਿਊਰੋਕਰੇਟ ਆਪਣੀ ਇਧਰਲੀ ਨੌਕਰੀ ਛੱਡ ਕੇ ਕਿਸੇ ਬਾਹਰਲੇ ਮੁਲਕ ਦਾ ਸਿਰਕੱਢ ਨੌਕਰਸ਼ਾਹ ਨਹੀਂ ਬਣਿਆ।
ਇਸ ਸਭ ਦਾ ਨਤੀਜਾ ਇਹ ਨਿਕਲਦਾ ਹੈ ਕਿ ਸਾਡਾ ਕਾਮਯਾਬ ਸਿਆਸਤਦਾਨ ਅਤੇ ਸ਼ਕਤੀਸ਼ਾਲੀ ਬਿਊਰੋਕਰੇਟ ਵਧੀਆ ਮੁਲਕਾਂ ਦੇ ਕਿਸੇ ਕੰਮ ਦੇ ਹੀ ਨਹੀਂ, ਇਹਨਾਂ ਦੀ ਉਧਰ ਕੋਈ ਮੰਗ ਹੀ ਨਹੀਂ, ਇਹਨਾਂ ਲਈ ਉਥੇ ਕੋਈ ਥਾਂ ਹੀ ਨਹੀਂ। ਇਹ ਸਿਰਫ ਸਾਡੇ ਜਾਂ ਸਾਡੇ ਤੋਂ ਪਛੜੇ ਮੁਲਕਾਂ ਵਿਚ ਹੀ ਪਾਏ ਜਾਂਦੇ ਹਨ।
ਦੂਜੇ ਸ਼ਬਦਾਂ ਵਿਚ ਪੰਜਾਬ ਦਾ ਸਥਾਪਤ ਸਿਆਸਤਦਾਨ ਅਤੇ ਨੌਕਰਸ਼ਾਹੀ ਪ੍ਰਬੰਧ ਇਸ ਨੂੰ ਗੁਣਾਤਮਕ ਤਰੱਕੀ ਦੇ ਰਸਤੇ ਤੋਰ ਸਕਣ ਦੇ ਯੋਗ ਨਹੀਂ। ਫਿਰ ਵੀ ਪੰਜਾਬ ਵਿਚ ਇਹਨਾਂ ਦਾ ਪੂਰਾ ਦਬਦਬਾ ਹੈ। ਇਹਨਾਂ ਦੀ ਹਰ ਖੇਤਰ ਵਿਚ ਦਖਲਅੰਦਾਜ਼ੀ ਅਤੇ ਚੌਧਰ ਹੈ। ਉਪਰੋਕਤ ਉਦਾਹਰਨਾਂ ਅਤੇ ਚਰਚਾ ਨਾਲ ਪੰਜਾਬ ਨੂੰ ਪਏ ਹੋਏ ਕੀੜਿਆਂ ਦੀਆਂ ਦੋ ਮੋਟੀਆਂ ਕਿਸਮਾਂ ਦੀ ਪਛਾਣ ਹੋ ਜਾਂਦੀ ਹੈ ਜਿਹਨਾਂ ਦੀ ਕਾਰਗੁਜ਼ਾਰੀ ਨਾਲ ਸੰਸਾਰ ਦੇ ਸਭ ਤੋਂ ਉਨਤ, ਖੁਸ਼ਹਾਲ ਅਤੇ ਸੋਹਣਾ ਖਿੱਤਾ ਹੋਣ ਦੀਆਂ ਸੰਭਾਵਨਾਵਾਂ ਵਾਲੇ ਪੰਜਾਬ ਨੂੰ ਖੁਦਕੁਸ਼ੀਆਂ ਅਤੇ ਉਜਾੜੇ ਦੀ ਧਰਤੀ ਬਣ ਗਿਆ ਹੈ ਪਰ ਇਹ ਕੀੜੇ ਕੋਈ ਬਾਹਰੋਂ ਨਹੀਂ ਪਏ, ਅੰਦਰੋਂ ਪੈਦਾ ਹੋਏ ਹਨ। ਪੰਜਾਬੀ ਮਾਨਸਿਕਤਾ ਨੇ ਇਹਨਾਂ ਨੂੰ ਵਧਣ ਫੁੱਲਣ ਦਾ ਮੌਕਾ ਦਿੱਤਾ ਹੈ।
ਇਥੇ ਹਰ ਸਰਕਾਰ ਕਹਿੰਦੀ ਹੈ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ, ਕਰਮਚਾਰੀਆਂ ਨੂੰ ਤਨਖਾਹਾਂ ਦੇਣ ਅਤੇ ਹੋਰ ਜ਼ਰੂਰੀ ਖਰਚੇ ਕਰਨ ਲਈ ਪੈਸੇ ਨਹੀਂ ਹਨ। ਸਭ ਤਰ੍ਹਾਂ ਦੇ ਕਿੱਤਾਕਾਰਾਂ, ਕਿਰਤੀਆਂ, ਹੁਨਰਮੰਦਾਂ ਨੂੰ ਮਿਲਦੀਆਂ ਉਜਰਤਾਂ ਅਤੇ ਸਹੂਲਤਾਂ ਕਿਸੇ ਗਰੀਬ ਤੋਂ ਗਰੀਬ ਦੇਸ਼ ਵਾਲੀਆਂ ਹਨ ਪਰ ਚੋਣਾਂ ਵਿਚ ਮੁੱਖ ਸਿਆਸੀ ਪਾਰਟੀਆਂ ਅਤੇ ਸਿਆਸਤਦਾਨਾਂ ਦਾ ਖਰਚ ਅਮੀਰ ਤੋਂ ਅਮੀਰ ਦੇਸ਼ ਤੋਂ ਵੀ ਜ਼ਿਆਦਾ ਹੁੰਦਾ ਹੈ।
ਸੂਬੇ ਵਿਚ ਆਰਥਿਕ ਤੰਗੀ ਦੀ ਦੁਹਾਈ ਦਿੱਤੀ ਜਾਂਦੀ ਹੈ ਅਤੇ ਲੋਕਾਂ ਨੂੰ ਅਹਿਸਾਸ ਕਰਾਇਆ ਜਾਂਦਾ ਹੈ ਕਿ ਸਾਡਾ ਦੇਸ਼ ਜਾਂ ਸੂਬਾ ਗਰੀਬ ਹੈ। ਫਿਰ ਰਾਜਨੀਤਕ ਪਾਰਟੀਆਂ ਜਾਂ ਸਿਆਸੀ ਲੋਕਾਂ ਕੋਲ ਚੋਣਾਂ ਲਈ ਏਨਾ ਪੈਸਾ ਕਿਥੋਂ, ਕਿਵੇਂ ਅਤੇ ਕਿਉਂ ਆ ਜਾਂਦਾ ਹੈ? ਚੋਣਾਂ ਲੜ ਰਹੇ ਉਮੀਦਵਾਰਾਂ ਅਤੇ ਪਾਰਟੀਆਂ ਵਲੋਂ ਹਰ ਪਾਰਲੀਮਾਨੀ ਸਭਾ ਸੀਟ ‘ਤੇ ਤਕਰੀਬਨ ਇਕ-ਇਕ ਅਰਬ ਰੁਪੱਈਆ ਖਰਚਿਆ ਜਾਂਦਾ ਹੈ। ਜਿਸ ਤਰ੍ਹਾਂ ਦੀ ਸਿਆਸਤ ਅਸੀਂ ਆਪਣੇ ਪੇਸ਼ ਪਾ ਲਈ ਹੈ, ਇਹ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਮਹਿੰਗੀ ਪੈ ਰਹੀ ਹੈ। ਜਿਥੇ ਇਕ ਪੋਸਟਰ ਜਾਂ ਬੈਨਰ ਨਾਲ ਸਰ ਸਕਦਾ, ਉਥੇ ਸੌ-ਸੌ ਲਗਾਏ ਜਾਂਦੇ ਹਨ। ਅਜਿਹਾ ਕਰ ਕੇ ਸਹੀ ਸੋਚ ਵਾਲੇ ਸਿਆਣੇ ਲੋਕਾਂ ਨੂੰ ਆਤੰਕਤ ਕੀਤਾ ਜਾਂਦਾ ਹੈ ਕਿ ਉਹ ਰਾਜਨੀਤੀ ਵਿਚ ਆਉਣ ਦੀ ਸੋਚ ਵੀ ਨਾ ਸਕਣ। ਵੱਡੀ ਗਿਣਤੀ ਵਿਚ ਵੱਡੇ-ਵੱਡੇ ਹੋਰਡਿੰਗ ਲਾ ਕੇ ਸਿਆਸੀ ਬਦਮਾਸ਼ੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।
ਸਥਾਪਤ ਸਿਆਸੀ ਲੋਕਾਂ ਦਾ ਉਦੇਸ਼ ਪਾਵਰ ਹਥਿਆਉਣ ਲਈ ਪੈਸਾ ਖਰਚਣਾ ਅਤੇ ਪੈਸੇ ਇਕੱਠੇ ਕਰਨ ਲਈ ਪਾਵਰ ਹਥਿਆਉਣਾ ਬਣ ਗਿਆ ਹੈ। ਕੋਈ ਸਿਧਾਂਤਕ ਜਾਂ ਨੀਤੀਗਤ ਵਖਰੇਵਾਂ ਨਾ ਹੋਣ ਕਰ ਕੇ ਇਹ ਆਪਣੀ ਸਹੂਲਤ ਲਈ ਬੜੇ ਆਰਾਮ ਨਾਲ ਪਾਰਟੀ ਬਦਲ ਲੈਂਦੇ ਹਨ। ਉਪਰੋਂ ਵਿਰੋਧੀ ਲਗਦੀਆਂ ਪਾਰਟੀਆਂ ਅੰਦਰੋਂ ਇਕ ਦੂਜੀ ਨਾਲ ਸੀਟਾਂ ਦਾ ਦੇਣ ਲੈਣ ਵੀ ਕਰ ਲੈਂਦੀਆਂ ਹਨ। ਲੋਕ ਬੇਦਿਲੀ ਨਾਲ ਕਹਿ ਛੱਡਦੇ ਹਨ, “ਸਾਰੇ ਇਕੋ ਜਿਹੇ ਹਨ” ਜਾਂ “ਸਭ ਰਲੇ ਹੋਏ ਹਨ”। ਇਸ ਤਰ੍ਹਾਂ ਪੰਜਾਬ ਜਾਂ ਦੇਸ਼ ਅੰਦਰ ਵਧੀ ਫੁੱਲੀ ਸਿਆਸਤ ਦਾ ਕੀੜਾ ਇਸ ਦੀ ਆਰਥਿਕ ਅਤੇ ਮਾਨਸਿਕ ਸਿਹਤ ਦਾ ਦੁਸ਼ਮਣ ਬਣਿਆ ਹੋਇਆ ਹੈ।
ਅਸਲ ਆਗੂਆਂ ਨੇ ਦੇਖਣਾ ਹੁੰਦਾ ਕਿ ਲੋਕਾਂ ਦੀ ਭਲਾਈ ਕਿਸ ਗੱਲ ਵਿਚ ਹੈ; ਲੋਕਾਂ ਨੂੰ ਚੰਗੇ, ਸਿਆਣੇ ਅਤੇ ਖੁਸ਼ਹਾਲ ਕਿਵੇਂ ਬਣਾਉਣਾ ਹੈ। ਉਹ ਆਪ ਆਚਰਨ, ਵਿਹਾਰ ਅਤੇ ਕਾਨੂੰਨ ਪਾਲਣਾ ਦੇ ਉੱਚੇ ਮਿਆਰ ਅਪਣਾਉਂਦੇ ਅਤੇ ਜਨਤਾ ਲਈ ਉਦਾਹਰਨ ਬਣਦੇ ਹਨ ਪਰ ਪੰਜਾਬ ਵਿਚ ਅਜਿਹੇ ਆਗੂਆਂ ਦਾ ਕਾਲ਼ ਹੈ। ਸਾਡੇ ਵਾਂਗ ਸਾਡਾ ਸਿਆਸਤਦਾਨ ਆਪਣਾ ਵਕਤੀ ਲਾਭ ਦੇਖਦਾ ਹੈ। ਲੋਕਾਂ ਨੂੰ ਬੇਵਕੂਫ ਅਤੇ ਉਜੱਡ ਬਣਾਉਂਦਾ ਹੈ। ਰਾਜਨੀਤੀ ਦਾ ਕੰਮ ਸਮੱਸਿਆਵਾਂ ਨੂੰ ਸੁਲਝਾਉਣਾ ਜਾਂ ਮੁੱਦਿਆਂ ਨੂੰ ਨਜਿੱਠਣਾ ਹੁੰਦਾ ਹੈ ਪਰ ਸਾਡੇ ਹਰ ਪੱਧਰ ਦੇ ਮਸਲੇ ਵਧ ਰਹੇ ਹਨ। ਪੰਜਾਬ ਸਾਹ ਲੈਣ ਯੋਗ ਸਾਫ਼ ਹਵਾ ਅਤੇ ਪੀਣ ਯੋਗ ਸ਼ੁੱਧ ਪਾਣੀ ਵਰਗੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਤੋਂ ਹੀ ਵਾਂਝਾ ਹੋ ਗਿਆ ਹੈ।
ਸਾਡੇ ਸਥਾਪਤ ਸਿਆਸਤਦਾਨ ਔਸਤਨ ਹਰ ਸਵਾ ਸਾਲ ਬਾਅਦ ਆਉਣ ਵਾਲੀ ਕਿਸੇ ਨਾ ਕਿਸੇ ਚੋਣ ਲਈ ਜਿੰਨਾ ਪੈਸਾ, ਸਮਾਂ, ਸ਼ਕਤੀ, ਰਸੂਖ ਅਤੇ ਦਿਮਾਗ ਵਰਤਦੇ ਹਨ, ਜੇ ਓਨਾ ਲੋਕਾਂ ਦੀਆਂ ਸਮੱਸਿਆਵਾਂ ਨਜਿੱਠਣ ਲਈ ਲਾਉਣ ਤਾਂ ਸਵਾ ਸਾਲ ਦੇ ਅੰਦਰ ਪੰਜਾਬ ਮੋਟੀਆਂ-ਮੋਟੀਆਂ ਸਾਰੀਆਂ ਸਮੱਸਿਆਵਾਂ ਤੋਂ ਮੁਕਤ ਹੋ ਸਕਦਾ ਹੈ ਪਰ ਜਿਸ ਭਾਂਤ ਦੀ ਰਾਜਨੀਤੀ ਨੂੰ ਪੰਜਾਬ ਨੇ ਵਧਣ ਫੁੱਲਣ ਦਿੱਤਾ ਅਤੇ ਆਪਣੇ ਗਲ ਪਾ ਲਿਆ ਹੈ, ਇਹ ਆਪਣੇ ਆਪ ਵਿਚ ਸਭ ਤੋਂ ਵੱਡੀ ਸਮੱਸਿਆ ਬਣ ਗਈ ਹੈ। ਵੋਟਾਂ ਦੀ ‘ਮਜਬੂਰੀ` ਕਾਰਨ ਇਹ ਰਾਜਨੀਤੀ ਜਨਤਕ ਪ੍ਰਬੰਧ ਨੂੰ ਸੁਚਾਰੂ ਰੱਖਣ ਵਾਲੇ ਸਾਰੇ ਨਿਯਮਾਂ ਕਾਨੂੰਨਾਂ ਦੀ ਪਾਲਣਾ ਲਈ ਅੜਿੱਕਾ ਬਣਦੀ ਹੈ; ਅੜਿੱਕਾ ਹੀ ਨਹੀਂ ਬਣਦੀ ਸਗੋਂ ਕਾਨੂੰਨ ਲਾਗੂ ਕਰਨ ਵਾਲੀਆਂ ਸਾਰੀਆਂ ਸੰਸਥਾਵਾਂ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰਨ ਵਿਚ ਲੱਗੀ ਰਹਿੰਦੀ ਹੈ। ਪੁਲਿਸ ਪ੍ਰਬੰਧ ਵਿਚ ਦਖਲ ਦੇ ਕੇ ਉਸ ਦਾ ਅਪਰਾਧੀਕਰਨ ਕਰਦੀ ਹੈ। ਅਧੀਨ ਕਰਨ ਦੀ ਪ੍ਰਕਿਰਿਆ ਨੂੰ ਜ਼ੋਰ-ਸ਼ੋਰ ਅਤੇ ਅਸਰਦਾਰ ਢੰਗ ਨਾਲ ਚਲਾਉਣ ਲਈ ਸਿਆਸਤਦਾਨਾਂ ਨੂੰ ਆਪਣੇ ਟੱਬਰ ਨਾਲ ਲਾਉਣੇ ਪੈਂਦੇ ਹਨ। ਨਤੀਜੇ ਵਜੋਂ ਸਿਆਸਤ ਵਿਚ ਦੇਸ਼ ਪਿਆਰ ਜਾਂ ਲੋਕ ਭਲਾਈ ਦੀ ਜਗ੍ਹਾ ਪਰਿਵਾਰਵਾਦ ਦਾ ਬੋਲਬਾਲਾ ਹੋ ਗਿਆ ਹੈ।
ਦੂਸਰੀ ਗੱਲ, ਜਿਸ ਮੁਲਕ ਜਾਂ ਸੂਬੇ ਵਿਚ ਐਡਮਨਿਸਟ੍ਰੇਟਰ ਦਾ ਰੁਤਬਾ, ਰੋਹਬ ਜਾਂ ਦਬਦਬਾ ਕਿਸੇ ਵਿਗਿਆਨੀ, ਯੋਜਨਾਕਾਰ, ਆਰਥਿਕ ਮਾਹਿਰ, ਸਿੱਖਿਆ ਸ਼ਾਸਤਰੀ, ਤਕਨੀਕੀ ਮਾਹਿਰ ਜਾਂ ਹੋਰ ਹੁਨਰਮੰਦਾਂ ਨਾਲੋਂ ਵਧੇਰੇ ਹੋਵੇਗਾ, ਉਹ ਸਾਡੇ ਮੁਲਕ ਜਾਂ ਸੂਬੇ ਵਰਗੀ ‘ਤਰੱਕੀ` ਹੀ ਕਰੇਗਾ। ਅਸੀਂ ਪਬਲਿਕ ਸਰਵੈਂਟਸ ਨੂੰ ਲੋਕਾਂ ਦੇ ਸੇਵਾਦਾਰ ਦੀ ਬਜਾਇ ਮਾਲਕ ਜਾਂ ਹਾਕਮ ਹੋਣ ਜਾਂ ਮਹਿਸੂਸ ਕਰਨ ਦਾ ਅਧਿਕਾਰ ਦਿੱਤਾ ਹੈ। ਨੌਕਰਸ਼ਾਹੀ ਕਿਸੇ ਵੀ ਖੇਤਰ ਦੀ ਮਾਹਿਰ ਨਾ ਹੋਣ ਦੇ ਬਾਵਜੂਦ ਇਹ ਸਭ ਮਾਹਿਰਾਂ ਦੇ ਸਿਰ ‘ਤੇ ਬੈਠਦੀ ਹੈ। ਆਪਣੀ ਚਮਕ-ਦਮਕ ਅਤੇ ਰਾਜ ਸ਼ਕਤੀ ਕਾਰਨ ਇਹ ਹਰ ਤਰ੍ਹਾਂ ਦੀਆਂ ਸਰਕਾਰੀ ਕੁਰਸੀਆਂ ‘ਤੇ ਬੈਠੇ ਹੋਰ ਲੋਕਾਂ ਲਈ ਰੋਲ ਮਾਡਲ ਬਣਦੀ ਹੈ। ਨੌਕਰਸ਼ਾਹੀ ਦਾ ਮਤਲਬ ਤਾਂ ਮੁਣਸ਼ੀਗੀਰੀ ਸੀ ਪਰ ਸਰਕਾਰੀ ਮੁਣਸ਼ੀਆਂ ਦਾ ਰੋਹਬ-ਦਾਬ ਅਤੇ ਪ੍ਰਭਾਵ ਦੇਖ ਕੇ ਰੀਸੋ-ਰੀਸੀ ਸਰਕਾਰੀ ਡਾਕਟਰਾਂ ਨੂੰ ਮੈਡੀਕਲ ਅਫਸਰ ਹੋਣਾ ਚੰਗਾ ਲੱਗਾ। ਖੇਤੀ ਵਿਗਿਆਨੀ ਖੇਤੀਬਾੜੀ ਅਫਸਰ ਹੋ ਗਏ ਤੇ ਸਿੱਖਿਆ ਸ਼ਾਸਤਰੀ ਸਿੱਖਿਆ ਅਫਸਰ ਅਖਵਾਉਣ ਲੱਗੇ। ਇਸੇ ਤਰ੍ਹਾਂ ਇੰਜਨੀਅਰਿੰਗ ਅਤੇ ਵਿਕਾਸ ਨਾਲ ਸੰਬੰਧਿਤ ਹੋਰ ਸਿਰਜਣਾਤਮਕ ਖੇਤਰਾਂ ਦਾ ਗੌਰਵ ਮੁਣਸ਼ੀਪੁਣੇ ਦੇ ਤਹਿਤ ਹੈ। ਨੌਕਰਸ਼ਾਹੀ ਨੇ ਇਕ ਜਮਾਤ ਨਾ ਰਹਿ ਕੇ ਸਮੁੱਚੇ ਸਰਕਾਰੀ ਤੰਤਰ ਵਿਚ ਫੈਲੇ ਭਿਆਨਕ ਕੋਹੜ ਦਾ ਰੂਪ ਧਾਰ ਲਿਆ ਹੈ।
ਅੱਜ ਕੱਲ੍ਹ ਰਾਜ ਨੇਤਾਵਾਂ ਵਲੋਂ ਜਨਤਕ ਧਨ ਹੜੱਪਣ ਦੇ ਸਕੈਂਡਲ ਲੱਖਾਂ ਨੂੰ ਟੱਪ ਕੇ ਕਰੋੜਾਂ, ਕਰੋੜਾਂ ਤੋਂ ਅਰਬਾਂ ਅਤੇ ਹੁਣ ਖਰਬਾਂ ਨੂੰ ਛੁਹਣ ਲੱਗੇ ਹਨ ਪਰ ਨੌਕਰਸ਼ਾਹੀ ਦੀ ਅਜੇ ‘ਢਕੀ ਰਿੱਝ` ਰਹੀ ਹੈ ਕਿਉਂਕਿ ਇਸ ਦੀ ਵਿਰੋਧੀ ਧਿਰ ਅਜੇ ਪੈਦਾ ਨਹੀਂ ਹੋਈ।
ਭੁੱਲਾਂ ਚੁੱਕਾਂ ਦੀ ਖਿਮ੍ਹਾਂ।