ਫਾਜ਼ਿਲਕਾ ਦੇ ਵਿਧਾਇਕ ਸਵਨਾ ਵਿਆਹ ਦੇ ਬੰਧਨ `ਚ ਬੱਝੇ

ਫਾਜ਼ਿਲਕਾ: ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਇਥੋਂ ਦੀ ਵਸਨੀਕ ਖੁਸ਼ਬੂ ਸਾਵਨ ਸੁੱਖਾ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਆਹ ਸਮਾਗਮ ਵਿਚ ਪਹੁੰਚੇ ਤੇ ਉਨ੍ਹਾਂ ਨਵੀਂ ਵਿਆਹੀ ਜੋੜੀ ਨੂੰ ਸੁੱਭ-ਇੱਛਾਵਾਂ ਦਿੱਤੀਆਂ।

ਫ਼ਾਜ਼ਿਲਕਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਚ ਵਿਧਾਇਕ ਨਰਿੰਦਰ ਸਵਨਾ ਨੇ ਫ਼ਾਜ਼ਿਲਕਾ ਵਾਸੀ ਖੁਸ਼ਬੂ ਨਾਲ ਫੇਰੇ ਲਏ। ਇਸ ਤੋਂ ਪਹਿਲਾਂ ਇਕ ਪੈਲੇਸ ਵਿਚ ਵਿਆਹ ਦੀਆਂ ਹੋਰ ਰਸਮਾਂ ਹੋਈਆਂ। ਵਿਆਹ ਸਮਾਗਮ ‘ਚ ਪਹੁੰਚੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਅਤੇ ਵੱਖ-ਵੱਖ ਹਲਕਿਆਂ ਤੋਂ ਵਿਧਾਇਕਾਂ ਨੇ ਵੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਰਾਜ ਸਭਾ ਮੈਂਬਰ ਰਾਘਵ ਚੱਢਾ ਵੀ ਉਨ੍ਹਾਂ ਦੇ ਨਾਲ ਸਨ। ਵਿਧਾਇਕ ਸਵਨਾ ਦੇ ਵਿਆਹ ਸਮਾਗਮ ‘ਚ ਸ੍ਰੀ ਮਾਨ ਅਤੇ ਸ੍ਰੀ ਕੇਜਰੀਵਾਲ ਦੀ ਸ਼ਮੂਲੀਅਤ ਦੇ ਮੱਦੇਨਜ਼ਰ ਸ਼ਹਿਰ ‘ਚ ਸਖਤ ਸੁਰੱਖਿਆ ਬੰਦੋਬਸਤ ਕੀਤੇ ਹੋਏ ਸਨ।