ਪੰਥਕ ਆਸਰੇ ਸਿਆਸੀ ਉਭਾਰ ਲਈ ਜੁਗਤਾਂ ਘੜਨ ਲੱਗਾ ਬਾਦਲ ਦਲ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਨਵ-ਗਠਿਤ ‘ਪੰਥਕ ਸਲਾਹਕਾਰ ਬੋਰਡ` ਨੇ ਪਾਰਟੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਿੱਖਾਂ ਦੇ ਮਨਾਂ ਵਿਚੋਂ ਬਰਗਾੜੀ ਬੇਅਦਬੀ ਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਸਰੂਪਾਂ ਸਬੰਧੀ ਸ਼ੰਕੇ ਦੂਰ ਕਰਨ ਦੀ ਸਲਾਹ ਦਿੱਤੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਪਾਰਟੀ ਨੂੰ ਦਰਪੇਸ਼ ਪੰਥਕ ਚੁਣੌਤੀਆਂ ਤੇ ਸਿੱਖ ਮਾਮਲਿਆਂ ‘ਤੇ ਚਰਚਾ ਕਰਦਿਆਂ ਪਾਰਟੀ ਆਗੂਆਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਿੱਖ ਕੌਮ ਦੋਵਾਂ ਮਾਮਲਿਆਂ ਲਈ ਅਕਾਲੀ ਦਲ ਦੇ ਆਗੂਆਂ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਨੂੰ ਜ਼ਿੰਮੇਵਾਰ ਮੰਨਦੀ ਹੈ, ਇਸ ਸਬੰਧੀ ਸਿੱਖ ਮਨਾਂ ‘ਚ ਉਪਜੇ ਸ਼ੰਕੇ ਦੂਰ ਕਰਨਾ ਜਰੂਰੀ ਹੈ।
ਪਾਰਟੀ ਸੂਤਰਾਂ ਅਨੁਸਾਰ ਅਕਾਲੀ ਦਲ ਦੇ ਪੁਰਾਣੇ ਆਗੂਆਂ ਨੇ ਇਨ੍ਹਾਂ ਦੋਵਾਂ ਮਸਲਿਆਂ ‘ਚ ਸਿੱਖਾਂ ਨੂੰ ਕੋਈ ਖਾਸ ਉਜ਼ਰ ਨਾ ਹੋਣ ਦੀ ਵਕਾਲਤ ਕੀਤੀ, ਜਦੋਂ ਕਿ ਬਾਬਾ ਬੂਟਾ ਸਿੰਘ, ਦਿੱਲੀ ਦੇ ਸਿੱਖ ਆਗੂ ਪਰਮਜੀਤ ਸਿੰਘ ਸਰਨਾ, ਬਾਬਾ ਟੇਕ ਸਿੰਘ ਧਨੌਲਾ ਤੇ ਭਾਈ ਰਾਮ ਸਿੰਘ ਨੇ ਸਪੱਸ਼ਟ ਤੌਰ ‘ਤੇ ਸਿੱਖ ਕੌਮ ਵੱਲੋਂ ਅਕਾਲੀ ਆਗੂਆਂ ਨੂੰ ਕਟਹਿਰੇ ‘ਚ ਖੜ੍ਹਾ ਕਰਨ ਦੀ ਗੱਲ ਕਹੀ। ਬਾਬਾ ਬੂਟਾ ਸਿੰਘ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਬੇਹੱਦ ਗੰਭੀਰ ਹੈ ਅਤੇ ਜਿੰਨੀ ਜਲਦੀ ਇਸ ਦਾ ਨਿਬੇੜਾ ਹੋਵੇ, ਅਕਾਲੀ ਦਲ ਲਈ ਉਨਾ ਹੀ ਚੰਗਾ ਹੈ।
ਅਮਰਜੀਤ ਸਿੰਘ ਚਾਵਲਾ ਤੇ ਰਾਜਿੰਦਰ ਸਿੰਘ ਮਹਿਤਾ ਨੇ ਕਿਹਾ ਕਿ ਬੇਅਦਬੀ ਦੇ ਮਾਮਲੇ ‘ਤੇ ਅਕਾਲੀ ਦਲ ਦੇ ਆਗੂਆਂ ਖਿਲਾਫ਼ ਝੂਠੇ ਦੋਸ਼ ਲਗਾਏ ਜਾ ਰਹੇ ਹਨ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ‘ਤੇ ਮੁਹਾਲੀ ਵਿਚ ਲੱਗੇ ਕੌਮੀ ਮੋਰਚੇ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਕਿਉਂਕਿ ਇਸ ਮੋਰਚੇ ਨੂੰ ਆਮ ਸਿੱਖਾਂ ਦੀ ਹਮਾਇਤ ਮਿਲ ਰਹੀ ਹੈ। ਇਸ ਮੀਟਿੰਗ ਦੌਰਾਨ ਇਹ ਵੀ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਝੂਠੇ ਦੋਸ਼ਾਂ ਦੇ ਜਵਾਬ ਲਈ ਹਮਲਾਵਰ ਰੁਖ਼ ਅਖਤਿਆਰ ਕਰਨਾ ਚਾਹੀਦਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਨੂੰ ਸੋਸ਼ਲ ਮੀਡੀਆ ‘ਤੇ ਹੁੰਦੇ ਭੰਡੀ ਪ੍ਰਚਾਰ ਦਾ ਵੀ ਜਵਾਬ ਤੱਥਾਂ ਸਮੇਤ ਦੇਣਾ ਚਾਹੀਦਾ ਹੈ। ਅਕਾਲੀ ਦਲ ਦੇ ਪੰਥਕ ਸਲਾਹਕਾਰ ਬੋਰਡ ਨੇ 13 ਅਪਰੈਲ ਤੱਕ ਪੰਥਕ ਮਾਮਲਿਆਂ ‘ਤੇ ਸੁਧਾਰ ਸਬੰਧੀ ਰਿਪੋਰਟ ਦੇਣ ਅਤੇ 13 ਅਪਰੈਲ ਤੋਂ ਬਾਅਦ ਅੰਮ੍ਰਿਤਸਰ ਤੋਂ ਦਿੱਲੀ ਤੱਕ ਇਕ ਮਾਰਚ ਕੱਢਣ ਦਾ ਵੀ ਫੈਸਲਾ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਦੀ ਮੀਟਿੰਗ ਵਿਚ ਵੀ ਪਾਰਟੀ ਆਗੂਆਂ ਨੇ ਬੇਅਦਬੀ ਕਾਂਡ ਦੇ ਦਾਗ ਧੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਪੇਸ਼ ਹੋਣ ਅਤੇ ਭਾਰਤੀ ਜਨਤਾ ਪਾਰਟੀ ਖਿਲਾਫ਼ ਹਮਲਾਵਰ ਰੁਖ਼ ਅਖਤਿਆਰ ਕਰਨ ‘ਤੇ ਜ਼ੋਰ ਦਿੱਤਾ ਸੀ। ਮੀਟਿੰਗ ਦੌਰਾਨ ਨਵੇਂ ਅਹੁਦੇਦਾਰਾਂ ਨੇ ਇਸ ਗੱਲ ‘ਤੇ ਚਰਚਾ ਕੀਤੀ ਸੀ ਕਿ ਸਾਲ 2015 ਤੋਂ ਲੈ ਕੇ ਅੱਜ ਤੱਕ ਵਿਰੋਧੀ ਪਾਰਟੀਆਂ ਵੱਲੋਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਮਾਮਲਿਆਂ ‘ਤੇ ਪਾਰਟੀ ਅਤੇ ਪਾਰਟੀ ਆਗੂਆਂ ‘ਤੇ ਲਗਾਤਾਰ ਨਿਸ਼ਾਨਾ ਸੇਧਿਆ ਜਾ ਰਿਹਾ ਹੈ। ਇਸੇ ਕਰਕੇ ਹੀ ਪਾਰਟੀ ਇਨ੍ਹਾਂ ਮਾਮਲਿਆਂ ਕਰਕੇ ਪਿਛਲੇ ਸਮੇਂ ਦੌਰਾਨ ਸਿਆਸੀ ਤੌਰ ‘ਤੇ ਮਾਤ ਵੀ ਖਾ ਚੁੱਕੀ ਹੈ। ਨਵੇਂ ਅਹੁਦੇਦਾਰਾਂ ਨੇ ਮਸ਼ਵਰਾ ਦਿੱਤਾ ਸੀ ਕਿ ਇਸ ਮੁੱਦੇ ਦਾ ਜਿੰਨੀ ਜਲਦੀ ਹੋ ਸਕੇ ਅੰਤ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਝੂੰਦਾਂ ਕਮੇਟੀ ਦੀ ਰਿਪੋਰਟ ‘ਚ ਵੀ ਇਸ ਮੁੱਦੇ ‘ਤੇ ਅਕਾਲ ਤਖ਼ਤ ਤੋਂ ਮੁਆਫ਼ੀ ਦੀ ਸਲਾਹ ਦਿੱਤੀ ਗਈ ਸੀ।
ਪਰਮਜੀਤ ਸਿੰਘ ਸਰਨਾ ਨੇ ਮੀਟਿੰਗ ਵਿਚ ਕਿਹਾ ਕਿ ਅਕਾਲੀ ਦਲ ਨੂੰ ਇਸ ਵੇਲੇ ਬੇਅਦਬੀ ਦੇ ਮਾਮਲੇ ਵਿਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਨੂੰ ਗੁਰੂ ਗ੍ਰੰਥ ਸਾਹਿਬ ਦੇ 328 ਲਾਪਤਾ ਸਰੂਪਾਂ ਦੇ ਮਾਮਲੇ ‘ਤੇ ਉਠ ਰਹੇ ਸਵਾਲਾਂ ਕਾਰਨ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨ੍ਹਾਂ ਦੋਵਾਂ ਮਾਮਲਿਆਂ ਦਾ ਨਿਬੇੜਾ ਨਹੀਂ ਹੋ ਜਾਂਦਾ, ਉਦੋਂ ਤੱਕ ਅਕਾਲੀ ਦਲ ਨੂੰ ਸਿਆਸੀ ਤੌਰ ‘ਤੇ ਭਾਰੀ ਕੀਮਤ ਉਠਾਉਣੀ ਪਵੇਗੀ ਤੇ ਪਾਰਟੀ ਨੇ ਪਿਛੋਕੜ ਵਿੱਚ ਵੀ ਇਸ ਦਾ ਮਹਿੰਗਾ ਮੁੱਲ ਤਾਰਿਆ ਹੈ। ਸਰਨਾ ਨੇ ਲਾਪਤਾ ਸਰੂਪਾਂ ਦੇ ਮਾਮਲੇ ‘ਤੇ ਇੱਕ ਤੱਥ ਖੋਜ ਕਮੇਟੀ ਦੇ ਗਠਨ ਦਾ ਸੁਝਾਅ ਵੀ ਦਿੱਤਾ।
ਸੁਖਬੀਰ ਬਾਦਲ ਪਾਰਟੀ ਦੀ ਭਲਾਈ ਬਾਰੇ ਸੋਚਣ: ਜਗੀਰ ਕੌਰ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਨਿਸ਼ਾਨੇ ਸੇਧੇ। ਉਨ੍ਹਾਂ ਕਿਹਾ ਕਿ ਸੁਖਬੀਰ ਆਪਣੇ ਚੌਗਿਰਦੇ ਵਿਚ ਬੈਠੇ ਕੁਝ ਕੁ ਲੀਡਰਾਂ ਦੀ ਚੁੰਗਲ ਤੋਂ ਬਾਹਰ ਆ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਲਾਈ ਲਈ ਸੋਚਣ, ਨਹੀਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹੋਰ ਵੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸੁਖਬੀਰ ਆਪਣੀ ਸੋਚ ਤੋਂ ਕੰਮ ਨਹੀਂ ਲੈ ਰਹੇ ਪਰ ਉਹ (ਜਗੀਰ ਕੌਰ) ਸ਼੍ਰੋਮਣੀ ਅਕਾਲੀ ਦਲ ਦੀ ਬਿਹਤਰੀ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਫਰਵਰੀ ਵਿਚ ਸਿਆਸੀ ਤੇ ਧਾਰਮਿਕ ਪ੍ਰੋਗਰਾਮ ਕਰਵਾ ਰਹੇ ਹਨ ਤੇ ਉਹ ਲੋਕਾਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਅਸਲ ਸਿਧਾਂਤਾਂ ਨੂੰ ਲੈ ਕੇ ਜਾਣਗੇ।