ਕੁੰਵਰ ਵਿਜੈ ਪ੍ਰਤਾਪ ਦੇ ਬੇਅਦਬੀ ਮਾਮਲੇ ਦੀ ਜਾਂਚ ਕਮੇਟੀ ਤੋਂ ਅਸਤੀਫੇ `ਤੇ ਘਿਰੀ ਆਪ ਸਰਕਾਰ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਹੁਣ ‘ਆਪ` ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਵਿਧਾਨ ਸਭਾ ਦੀ ‘ਸਰਕਾਰੀ ਭਰੋਸਾ ਕਮੇਟੀ` ਤੋਂ ਦਿੱਤੇ ਅਸਤੀਫ਼ੇ `ਤੇ ਗ਼ੌਰ ਕਰਨ ਦੇ ਰੌਂਅ ਵਿਚ ਨਹੀਂ ਹਨ। ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਵਿਧਾਨ ਸਭਾ ਕਮੇਟੀ ਦੀ ਚੇਅਰਮੈਨੀ ਤੋਂ ਅਸਤੀਫ਼ਾ ਦੇ ਕੇ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਪਤਾ ਲੱਗਾ ਹੈ ਕਿ ਪੰਜਾਬ ਵਿਧਾਨ ਸਭਾ ਵੱਲੋਂ ਇਸ ਅਸਤੀਫ਼ੇ ਨੂੰ ਪ੍ਰਵਾਨ ਨਾ ਕਰਨ ਦਾ ਮਨ ਬਣਾਇਆ ਗਿਆ ਹੈ। ਚੇਤੇ ਰਹੇ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਪੀਕਰ ਨੂੰ ਈਮੇਲ ਜ਼ਰੀਏ ਬਿਨਾਂ ਕੋਈ ਕਾਰਨ ਦੱਸੇ ਆਪਣਾ ਅਸਤੀਫ਼ਾ ਭੇਜਿਆ ਸੀ।

‘ਆਪ` ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਬੇਅਦਬੀ ਦੇ ਮਾਮਲਿਆਂ `ਤੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ `ਚ ਆਪਣੀ ਸਰਕਾਰ ਨੂੰ ਕਈ ਦਫ਼ਾ ਘੇਰਦੇ ਨਜ਼ਰ ਆਏ ਹਨ ਤੇ ਸ਼ੁਰੂ ਤੋਂ ਹੀ ਸਰਕਾਰ ਨਾਲ ਉਨ੍ਹਾਂ ਦਾ ਸੁਰਤਾਲ ਠੀਕ ਨਹੀਂ ਸੀ ਬੈਠ ਰਿਹਾ ਅਤੇ ਹੁਣ ਅਸਤੀਫ਼ੇ ਨੇ ਮੁੜ ਬੇਅਦਬੀ ਦੇ ਮੁੱਦੇ `ਤੇ ਧਿਆਨ ਖਿੱਚਿਆ ਹੈ। ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਕਮੇਟੀ ਦੀ ਮਿਆਦ 31 ਮਾਰਚ ਤੱਕ ਦੀ ਹੈ। ਪਤਾ ਲੱਗਾ ਹੈ ਕਿ ਵਿਧਾਨ ਸਭਾ ਬਾਕੀ ਰਹਿੰਦੇ ਦੋ ਮਹੀਨਿਆਂ ਲਈ ਸਰਕਾਰੀ ਭਰੋਸਿਆਂ `ਤੇ ਅਮਲ ਸਬੰਧੀ ਕਮੇਟੀ ਦਾ ਨਵਾਂ ਚੇਅਰਮੈਨ ਥਾਪ ਸਕਦੀ ਹੈ ਪਰ ਉਸ ਤੋਂ ਪਹਿਲਾਂ ਅਸਤੀਫ਼ਾ ਪ੍ਰਵਾਨ ਕਰਨਾ ਪਵੇਗਾ। ਚੇਅਰਮੈਨ ਦੀ ਗ਼ੈਰ ਮੌਜੂਦਗੀ ਵਿਚ ਵਿਧਾਨ ਸਭਾ ਦਾ ਸਕੱਤਰ ਕਮੇਟੀ ਦੀ ਅਗਲੀ ਮੀਟਿੰਗ ਬੁਲਾ ਸਕਦਾ ਹੈ ਜਿਸ ‘ਚ ਕਮੇਟੀ ਮੈਂਬਰ ਆਪਣੇ ਵਿੱਚੋਂ ਹੀ ਕਾਰਜਕਾਰੀ ਚੇਅਰਮੈਨ ਦੀ ਚੋਣ ਕਰ ਸਕਦੇ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਚੇਅਰਮੈਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਰਕਾਰੀ ਭਰੋਸਿਆਂ ‘ਤੇ ਅਮਲ ਵਾਲੀ ਕਮੇਟੀ ਦੀ ਮੀਟਿੰਗ 20 ਜਨਵਰੀ ਨੂੰ ਬੁਲਾਈ ਹੋਈ ਸੀ ਜਿਸ ਵਿਚ ਡੀ.ਜੀ.ਪੀ. ਅਤੇ ਗ੍ਰਹਿ ਸਕੱਤਰ ਤੋਂ ਇਲਾਵਾ ਹੋਰਨਾਂ ਅਧਿਕਾਰੀਆਂ ਨੂੰ ਵੀ ਸੱਦਿਆ ਹੋਇਆ ਸੀ। ਮੀਟਿੰਗ ਵਿਚ ਬੇਅਦਬੀ ਦੇ ਮਾਮਲਿਆਂ ‘ਤੇ ਸਰਕਾਰੀ ਭਰੋਸਿਆਂ ‘ਤੇ ਅਮਲ ਨਾ ਹੋਣ ਬਾਰੇ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜਣਾ ਚਾਹੁੰਦੇ ਸਨ। ਪਤਾ ਲੱਗਾ ਹੈ ਕਿ ਉਕਤ ਅਫ਼ਸਰਾਂ ਨੇ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆ ਦਿੱਤਾ ਸੀ।
ਸੂਤਰ ਦੱਸਦੇ ਹਨ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਕਮੇਟੀਆਂ ਦੀ ਮਜ਼ਬੂਤੀ ਲਈ ਸਾਰੀਆਂ 15 ਕਮੇਟੀਆਂ ਦੇ ਚੇਅਰਮੈਨਾਂ ਦੀ 24 ਜਨਵਰੀ ਲਈ ਮੀਟਿੰਗ ਬੁਲਾਈ ਸੀ ਜਿਸ ‘ਚ ਬਾਕੀ ਕਮੇਟੀਆਂ ਦੇ ਚੇਅਰਮੈਨ ਤਾਂ ਸ਼ਾਮਲ ਹੋਏ ਸਨ ਪਰ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਅਸਤੀਫ਼ਾ ਭੇਜ ਦਿੱਤਾ ਸੀ।
ਅਸਤੀਫੇ ਨੇ ਸਰਕਾਰ ਦਾ ਚਿਹਰਾ ਨੰਗਾ ਕੀਤਾ: ਭਾਜਪਾ
ਚੰਡੀਗੜ੍ਹ: ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬੇਅਦਬੀ ਮਾਮਲੇ ਦੀ ਜਾਂਚ ਕਮੇਟੀ ਤੋਂ ਅਸਤੀਫਾ ਦੇਣ ਨਾਲ ਆਮ ਆਦਮੀ ਪਾਰਟੀ ਦਾ ਪੰਜਾਬ ਵਿਰੋਧੀ ਅਸਲੀ ਚਿਹਰਾ ਇਕ ਵਾਰ ਫਿਰ ਸਭ ਦੇ ਸਾਹਮਣੇ ਆ ਗਿਆ ਹੈ। ਕੁੰਵਰ ਵਿਜੇ ਪ੍ਰਤਾਪ ਬੇਅਦਬੀ ਵਰਗੇ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਨ ਲਈ ਕੰਮ ਕਰ ਰਹੇ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਦੁਖਦਾਈ ਗੱਲ ਹੈ, ਕਿਉਂਕਿ ਆਮ ਆਦਮੀ ਪਾਰਟੀ ਬੇਅਦਬੀ ਦੇ ਜਜ਼ਬਾਤੀ ਤੇ ਸੰਵੇਦਨਸ਼ੀਲ ਮੁੱਦੇ ਦੇ ਆਧਾਰ ਉਤੇ ਜਨਤਾ ਦੀਆਂ ਭਾਵਨਾਵਾਂ ਨਾਲ ਖੇਡ ਕੇ ਸੱਤਾ ਵਿਚ ਆਈ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਵਾਰ-ਵਾਰ ਵਾਅਦਾ ਕੀਤਾ ਸੀ ਕਿ ਬੇਅਦਬੀ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।