ਪੰਜਾਬ ਵਿਚ ਡੇਰਾ ਮੁਖੀ ਦੇ ਵਰਚੂਅਲ ਸਤਿਸੰਗ ਖਿਲਾਫ ਰੋਹ ਭਖਿਆ

ਭਗਤਾ ਭਾਈ: ਸ਼੍ਰੋਮਣੀ ਅਕਾਲੀ ਦਲ (ਅ) ਤੇ ਹੋਰ ਸਿੱਖ ਜਥੇਬੰਦੀਆਂ ਨੇ ਡੇਰਾ ਸਿਰਸਾ ਦੇ ਮੁਖੀ ਵੱਲੋਂ ਪੰਜਾਬ ਵਿਚਲੇ ਆਪਣੇ ਹੈੱਡਕੁਆਰਟਰ ਡੇਰਾ ਸਲਾਬਤਪੁਰਾ ਵਿਚ ਕੀਤੇ ਜਾ ਰਹੇ ਵਰਚੁਅਲ ਸਤਿਸੰਗ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਡੇਰੇ ਨੂੰ ਜਾਣ ਵਾਲੇ ਮੁੱਖ ਰਸਤੇ ਬਾਜਾਖਾਨਾ-ਬਰਨਾਲਾ ਸੜਕ ‘ਤੇ ਪਿੰਡ ਜਲਾਲ ਦੇ ਬੱਸ ਅੱਡੇ ਕੋਲ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ। ਜਥੇਬੰਦੀਆਂ ਦੇ ਵਿਰੋਧ ਕਾਰਨ ਬਾਜਾਖਾਨਾ-ਬਰਨਾਲਾ ਸੜਕ ‘ਤੇ ਵੱਡਾ ਜਾਮ ਲੱਗ ਗਿਆ, ਜਿਸ ਨੂੰ ਪੁਲਿਸ ਨੇ ਮਗਰੋਂ ਖੁੱਲ੍ਹਵਾ ਦਿੱਤਾ।

ਇਸ ਮੌਕੇ ਜਦੋਂ ਪੁਲਿਸ ਨੇ ਧਰਨਾ ਲਗਾਉਣ ਵਾਲੇ ਕਾਰਕੁਨਾਂ ਨੂੰ ਬੱਸਾਂ ਵਿਚ ਬਿਠਾਉਣ ਦਾ ਯਤਨ ਕੀਤਾ ਤਾਂ ਉਨ੍ਹਾਂ ਪੁਲਿਸ ਖ਼ਿਲਾਫ਼ ਵੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਵਿਭਾਗ ਵੱਲੋਂ ਸਵੇਰੇ ਹੀ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਇਸ ਥਾਂ ‘ਤੇ ਤਾਇਨਾਤ ਕਰ ਦਿੱਤੇ ਗਏ ਸਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਭਾਈ ਰਣਜੀਤ ਸਿੰਘ ਵਾਂਦਰ, ਬਾਬਾ ਬਲਜਿੰਦਰ ਸਿੰਘ ਲੱਛਾ, ਦਮਦਮੀ ਟਕਸਾਲ ਦੇ ਬਾਬਾ ਰੇਸ਼ਮ ਸਿੰਘ, ਗੁਰਚਰਨ ਸਿੰਘ ਭਗਤਾ, ਡਾ. ਬਲਜੀਤ ਸਿੰਘ ਸਰਾਵਾਂ ਤੇ ਹੋਰਨਾਂ ਨੇ ਦੋਸ਼ ਲਾਇਆ ਕਿ ਡੇਰਾ ਸਿਰਸਾ ਮੁਖੀ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਰਾ ਮੁਖੀ ਦਾ ਨਾਂ ਬੇਅਦਬੀ ਮਾਮਲੇ ਵਿਚ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਖ਼ਿਲਾਫ਼ ਕੋਈ ਕਾਰਵਾਈ ਕਰਨ ਦੀ ਥਾਂ ਪੁਲਿਸ ਪਹਿਰੇ ਹੇਠ ਉਸ ਦੀਆਂ ਨਾਮ ਚਰਚਾਵਾਂ ਕਰਵਾ ਰਹੀ ਹੈ। ਉਨ੍ਹਾਂ ਡੇਰਾ ਸਿਰਸਾ ਮੁਖੀ ਨੂੰ ਮੁੜ-ਮੁੜ ਪੈਰੋਲ ਦੇਣ ‘ਤੇ ਵੀ ਸਖ਼ਤ ਇਤਰਾਜ਼ ਪ੍ਰਗਟਾਉਂਦਿਆਂ ਕਿਹਾ ਕਿ ਇਕ ਪਾਸੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਸੰਗੀਨ ਦੋਸ਼ਾਂ ਹੇਠ ਸਜਾ ਭੁਗਤ ਰਹੇ ਡੇਰਾ ਮੁਖੀ ਨੂੰ ਚਾਰ ਵਾਰ ਪੈਰੋਲ ‘ਤੇ ਰਿਹਾਅ ਕੀਤਾ ਗਿਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਡੇਰਾ ਮੁਖੀ ਦੇ ਸਤਿਸੰਗ ਬੰਦ ਨਾ ਕਰਵਾਏ ਗਏ ਤਾਂ ਇਹ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।
ਉਧਰ, ਬਹਿਬਲ ਇਨਸਾਫ਼ ਮੋਰਚੇ ਦੇ ਆਗੂਆਂ ਨੇ ਪਿੰਡ ਬਹਿਬਲ ਕਲਾਂ ਨੇੜੇ ਡੇਰਾ ਸਿਰਸਾ ਮੁਖੀ ਦੇ ਵਰਚੁਅਲ ਸਤਿਸੰਗ ਵਿਚ ਸ਼ਾਮਲ ਹੋਣ ਲਈ ਸਲਾਬਤਪੁਰਾ ਜਾ ਰਹੇ ਡੇਰਾ ਪ੍ਰੇਮੀਆਂ ਦੀਆਂ ਬੱਸਾਂ ਰੋਕ ਲਈਆਂ। ਰੋਕੀਆਂ ਗਈਆਂ ਅੱਧੀ ਦਰਜਨ ਬੱਸਾਂ ਵਿਚ 300 ਤੋਂ ਵੱਧ ਡੇਰਾ ਪ੍ਰੇਮੀ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਡੇਰਾ ਪ੍ਰੇਮੀਆਂ ਨਾਲ ਭਰੀਆਂ ਬੱਸਾਂ ਪਿੰਡ ਬਹਿਬਲ ਕਲਾਂ ਨੇੜੇ ਇਨਸਾਫ਼ ਲਈ ਲੱਗੇ ਮੋਰਚੇ ਕੋਲੋਂ ਲੰਘਣ ਲੱਗੀਆਂ ਤਾਂ ਬਹਿਬਲ ਗੋਲੀ ਕਾਂਡ ਦੇ ਪੀੜਤ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਹੇਠ ਸਿੱਖ ਕਾਰਕੁਨਾਂ ਨੇ ਉਕਤ ਬੱਸਾਂ ਨੂੰ ਰੋਕ ਲਿਆ। ਇਸ ਮੌਕੇ ਕੁਝ ਸਿੱਖ ਕਾਰਕੁਨਾਂ ਤੇ ਡੇਰਾ ਪ੍ਰੇਮੀਆਂ ਵਿਚਾਲੇ ਤਕਰਾਰ ਵੀ ਹੋਈ, ਪਰ ਮੌਕੇ ‘ਤੇ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਪਹੁੰਚ ਜਾਣ ਨਾਲ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲੀਸ ਦੇ ਦਖਲ ਮਗਰੋਂ ਡੇਰਾ ਪ੍ਰੇਮੀ ਆਪਣੀਆਂ ਬੱਸਾਂ ਫਰੀਦਕੋਟ ਵਾਪਸ ਲੈ ਗਏ।
ਪੰਜਾਬ ਸਰਕਾਰ ਨੂੰ ਆਗਿਆ ਨਹੀਂ ਸੀ ਦੇਣੀ ਚਾਹੀਦੀ: ਜਥੇਦਾਰ
ਅੰਮ੍ਰਿਤਸਰ: ਜੇਲ੍ਹ ਵਿਚੋਂ ਪੈਰੋਲ ਉਤੇ ਬਾਹਰ ਆਏ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਡੇਰਾ ਸਲਾਬਤਪੁਰਾ ਵਿਖੇ ਆਨਲਾਈਨ ਨਾਮ ਚਰਚਾ ਕਰਨ ਅਤੇ ਡੇਰਾ ਪ੍ਰੇਮੀਆਂ ਨੂੰ ਸੰਬੋਧਨ ਕਰਨ ਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਰੜੀ ਨਿੰਦਾ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਕਿਸੇ ਵੀ ਕੀਮਤ ਉਤੇ ਇਸ ਦੀ ਆਗਿਆ ਨਹੀਂ ਦੇਣੀ ਚਾਹੀਦੀ ਸੀ। ਉਨ੍ਹਾਂ ਕਿਹਾ ਕਿ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਥਾਂ ਕਤਲਾਂ ਤੇ ਜਬਰ ਜਨਾਹ ਦੇ ਦੋਸ਼ੀ ਡੇਰਾ ਮੁਖੀ ਨੂੰ ਵਾਰ-ਵਾਰ ਪੈਰੋਲ ਅਤੇ ਸੁਰੱਖਿਆ ਦੇ ਕੇ ਸਰਕਾਰਾਂ ਵੱਲੋਂ ਸਿੱਖਾਂ ਨਾਲ ਸ਼ਰੇਆਮ ਵਿਤਕਰਾ ਕੀਤਾ ਜਾ ਰਿਹਾ ਹੈ।