ਪੰਜਾਬ ਦੇ ਹਾਲਾਤ ਲਈ ਇੰਦਰਾ ਗਾਂਧੀ ਜ਼ਿੰਮੇਵਾਰ: ਬਰਾੜ

ਨਵੀਂ ਦਿੱਲੀ: ਹਰਿਮੰਦਰ ਸਾਹਿਬ ਵਿਖੇ ਹੋਏ ਅਪ੍ਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਦੇ 39 ਸਾਲਾਂ ਬਾਅਦ, ਇਸ ਅਪ੍ਰੇਸ਼ਨ ਦੀ ਅਗਵਾਈ ਕਰਨ ਵਾਲੇ ਜਨਰਲ ਕੁਲਦੀਪ ਬਰਾੜ ਨੇ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਉਨ੍ਹਾਂ ਕਿਹਾ ਹੈ ਕਿ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਇੰਦਰਾ ਗਾਂਧੀ ਦੀ ਸ਼ਹਿ ਮਿਲੀ ਸੀ ਤੇ ਅਪ੍ਰੇਸ਼ਨ ਬਲੂ ਸਟਾਰ ਦੇ ਸਮੇਂ ਭਾਰਤੀ ਫੌਜ ਕੋਲ ਨਾ ਤਾਂ ਢੁਕਵੇਂ ਵਸੀਲੇ ਸਨ ਤੇ ਨਾ ਹੀ ਕਾਰਵਾਈ ਕਰਨ ਦੀ ਪੂਰੀ ਖੁੱਲ੍ਹ ਸੀ।
ਜਨਰਲ ਬਰਾੜ ਦਾ ਇਹ ਇੰਟਰਵਿਊ ਅਜਿਹੇ ਸਮੇਂ ਉਤੇ ਨਸ਼ਰ ਹੋ ਰਿਹਾ ਹੈ ਜਦੋਂ ਬੀ.ਬੀ.ਸੀ. ਵੱਲੋਂ ਗੁਜਰਾਤ ਦੰਗਿਆਂ ਉਤੇ ਵਿਵਾਦਿਤ ਦਸਤਾਵੇਜ਼ੀ ਫਿਲਮ ਨੂੰ ਲੈ ਕੇ ਵਿਰੋਧੀ ਧਿਰ ਖਾਸ ਤੌਰ ਉਤੇ ਕਾਂਗਰਸ ਹਮਲਾਵਰ ਹੋਈ ਹੈ ਅਤੇ ਕਈ ਥਾਵਾਂ ਉਤੇ ਇਸ ਦੀ ਸਕਰੀਨਿੰਗ ਕਰਵਾਈ ਜਾ ਰਹੀ ਹੈ। ਸੇਵਾਮੁਕਤ ਜਨਰਲ ਬਰਾੜ ਨੇ ਇਕ ਇੰਟਰਵਿਊ ਵਿਚ ਅਪ੍ਰੇਸ਼ਨ ਬਲੂ ਸਟਾਰ ਨੂੰ ਉਪਰੋਂ ਦਿੱਤੇ ਆਦੇਸ਼ ਮੁਤਾਬਕ ਕੀਤੀ ਕਾਰਵਾਈ ਦੱਸਿਆ ਕਿ ਉਸ ਵੇਲੇ ਦੇ ਹਾਲਾਤ ਠੀਕ ਉਂਝ ਸੀ ਜਿਵੇਂ ਮੁੱਕੇਬਾਜ਼ੀ ਦੇ ਰਿੰਗ ਵਿਚ ਕਿਸੇ ਨੂੰ ਇਕ ਹੱਥ ਬੰਨ੍ਹ ਕੇ ਉਤਾਰ ਦਿੱਤਾ ਜਾਏ ਤੇ ਕਿਹਾ ਜਾਏ ਕਿ ਤੁਸੀਂ ਲੜਨਾ ਹੈ। ਉਨ੍ਹਾਂ ਪੰਜਾਬ ਦੇ ਵਿਗੜੇ ਮਾਹੌਲ ਲਈ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਇੰਦਰਾ ਗਾਂਧੀ ਨੇ ਵਿਗੜਦਾ ਮਾਹੌਲ ਰੋਕਣ ‘ਚ ਦੇਰੀ ਕੀਤੀ।