ਹਿੰਡਨਬਰਗ ਰਿਪੋਰਟ, ਅਡਾਨੀ ਦੀ ਸਲਤਨਤ ਅਤੇ ਮੋਦੀ ਸਰਕਾਰ

ਬੂਟਾ ਸਿੰਘ ਮਹਿਮੂਦਪੁਰ
ਫੋਨ: +91-94634-74342
ਹਿੰਡਨਬਰਗ ਰਿਸਰਚ ਨੇ ਗੌਤਮ ਅਡਾਨੀ ਦੇ ਕਾਰੋਬਾਰ ਬਾਰੇ ਤਿਆਰ ਕੀਤੀ ਰਿਪੋਰਟ ਵਿਚ ਜੋ ਖੁਲਾਸੇ ਕੀਤੇ ਹਨ, ਉਸ ਮੁਤਾਬਿਕ ਇਹ ਕਾਰਪੋਰੇਟ ਫਰਾਡ ਦੇ ਇਤਿਹਾਸ ਵਿਚ ਹੋਏ ਘਿਨਾਉਣੇ ਫਰਾਡਾਂ ਵਿਚੋਂ ਇਕ ਹੈ। ਹਿੰਡਨਬਰਗ ਰਿਸਰਚ ਦਾ ਦਾਅਵਾ ਹੈ ਕਿ ਅਡਾਨੀ ਗਰੁੱਪ ਵੱਲੋਂ ਦਹਾਕਿਆਂ ਤੋਂ ਕੀਤੀ ਜਾ ਰਹੀ ਅਕਾਊਂਟਿੰਗ ਧੋਖਾਧੜੀ, ਸਟਾਕ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਪਰਦਾਫਾਸ਼ ਕੀਤਾ ਗਿਆ ਹੈ। ਅਡਾਨੀ ਨੇ ਭਾਵੇਂ ਆਪਣੇ ਬਚਾ ਲਈ ਇਸ ਨੂੰ ਭਾਰਤ ਉਤੇ ਹਮਲਾ ਕਰਾਰ ਦਿੱਤਾ ਹੈ ਪਰ ਹਕੀਕਤ ਕੀ ਹੈ, ਇਸ ਬਾਰੇ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਆਪਣੇ ਇਸ ਲੇਖ ਵਿਚ ਚਰਚਾ ਕੀਤੀ ਹੈ।

ਇਨ੍ਹਾਂ ਦਿਨਾਂ `ਚ ਦੋ ਕੌਮਾਂਤਰੀ ਰਿਪੋਰਟਾਂ ਦੀ ਕਾਫ਼ੀ ਚਰਚਾ ਹੋ ਰਹੀ ਹੈ। ‘ਔਕਸਫੈਮ` ਦੀ 16 ਜਨਵਰੀ ਨੂੰ ਜਾਰੀ ਕੀਤੀ ਰਿਪੋਰਟ ‘ਸਰਵਾਈਵਲ ਆਫ ਦਿ ਰਿਚੈਸਟ` ਨੇ ਦੁਨੀਆ `ਚ ਵਧ ਰਹੀ ਨਾ-ਬਰਾਬਰੀ ਉੱਪਰ ਚਾਨਣਾ ਪਾਇਆ ਹੈ ਕਿ ਕਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਨਵੰਬਰ 2022 ਤੱਕ ਪੈਦਾ ਹੋਈ ਕੁਲ ਨਵੀਂ ਦੌਲਤ (42 ਖ਼ਰਬ ਡਾਲਰ) ਦਾ 63% ਯਾਨੀ, ਦੋ-ਤਿਹਾਈ ਹਿੱਸਾ ਦੁਨੀਆ ਦੇ ਸਭ ਤੋਂ ਅਮੀਰ 1% ਦੀਆਂ ਜੇਬਾਂ `ਚ ਚਲਾ ਗਿਆ। ਭਾਰਤ ਵਿਚ ਸਿਰਫ਼ 5% ਧਨਾਢਾਂ ਕੋਲ ਮੁਲਕ ਦੀ 60% ਤੋਂ ਵਧੇਰੇ ਦੌਲਤ ਇਕੱਠੀ ਹੋ ਗਈ ਹੈ ਜਦਕਿ ਮੁਲਕ ਦੀ ਹੇਠਲੀ 50% ਆਬਾਦੀ ਕੋਲ ਸਿਰਫ਼ 3% ਦੌਲਤ ਹੀ ਹੈ। ਦੂਜੀ ਰਿਪੋਰਟ ‘ਅਡਾਨੀ ਗਰੁੱਪ: ਹਾਓ ਦਿ ਵਰਡ`ਜ਼ ਥਰਡ ਰਿਚੈਸਟ ਮੈਨ ਇੰਜ ਪੁਲਿੰਗ ਦਿ ਲਾਰਜੈਸਟ ਕੌਨ ਇਨ ਕਾਰਪੋਰੇਟ ਹਿਸਟਰੀ` ਵਿਚ ਅਡਾਨੀ ਗਰੁੱਪ ਵੱਲੋਂ ਆਰ.ਐੱਸ.ਐੱਸ.-ਭਾਜਪਾ ਸਰਕਾਰ ਨਾਲ ਮਿਲ ਕੇ ਕੀਤੀਆਂ ਜਾ ਰਹੀਆਂ ਹੇਰਾਫੇਰੀਆਂ ਅਤੇ ਠੱਗੀਆਂ ਨੂੰ ਨੰਗਾ ਕੀਤਾ ਗਿਆ ਹੈ। ਰਿਪੋਰਟ ਵਿਚ ਅਡਾਨੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੇਰਾਫੇਰੀ ਦੇ ਵਿਸਤਾਰ `ਚ ਵੇਰਵੇ ਦਿੱਤੇ ਹਨ।
ਭਾਰਤ ਦੇ ਸਭ ਤੋਂ ਅਮੀਰ ਅਤੇ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸ਼ਖ਼ਸ ਗੌਤਮ ਅਡਾਨੀ ਦੀ ਕਾਰਪੋਰੇਟ ਸਲਤਨਤ ਵਸਤਾਂ ਦੇ ਵਪਾਰ, ਏਅਰਪੋਰਟ, ਬੰਦਰਗਾਹਾਂ, ਯੂਟਿਲਿਟੀ ਅਤੇ ਮੁੜ-ਨਵਿਆਉਣਯੋਗ ਊਰਜਾ ਸਮੇਤ ਬਹੁਤ ਸਾਰੇ ਖੇਤਰਾਂ `ਚ ਫੈਲੀ ਹੋਈ ਹੈ। ਅਡਾਨੀ ਦੀਆਂ ਧਾਂਦਲੀਆਂ ਦਾ ਕੱਚਾ ਚਿੱਠਾ ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਸ਼ੇਅਰ ਮਾਰਕੀਟ ਵਿਚ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। 25 ਜਨਵਰੀ ਨੂੰ ਸ਼ੇਅਰਾਂ ਦੇ ਭਾਅ ਡਿਗਣ ਨਾਲ ਇਕ ਦਿਨ `ਚ ਹੀ ਅਡਾਨੀ ਨੂੰ ਤਕਰੀਬਨ 6.1 ਅਰਬ ਡਾਲਰ ਦਾ ਨੁਕਸਾਨ ਝੱਲਣਾ ਪਿਆ। ਇਸ ਗਿਰਾਵਟ ਦਾ ਕਾਰਨ ਅਮਰੀਕੀ ਸ਼ੌਰਟ ਸੈੱਲਰ ਕੰਪਨੀ ‘ਹਿੰਡਨਬਰਗ ਰਿਸਰਚ` ਵੱਲੋਂ ਜਾਰੀ ਕੀਤੀ ਗਈ ਉਪਰੋਕਤ ਰਿਪੋਰਟ ਸੀ। ਸ਼ਾਰਟ ਸੈੱਲਿੰਗ ਦਾ ਭਾਵ ਹੈ, ਇਹ ਕੰਪਨੀ ਸ਼ੇਅਰ ਮਾਰਕੀਟ ਵਿਚ ਐਸੀਆਂ ਕੰਪਨੀਆਂ ਦੇ ਸ਼ੇਅਰਾਂ `ਚ ਸੱਟਾ ਲਗਾਉਂਦੀ ਹੈ ਜਿਨ੍ਹਾਂ ਦੇ ਭਾਅ ਡਿਗਣ ਦੀ ਉਮੀਦ ਹੋਵੇ। ਹਿੰਡਨਬਰਗ ਰਿਸਰਚ ਕਿਸੇ ਕੰਪਨੀ ਨੂੰ ਨਿਸ਼ਾਨਾ ਬਣਾ ਕੇ ਉਸ ਦੀਆਂ ਗੜਬੜੀਆਂ ਫੜਦੀ ਹੈ, ਫਿਰ ਉਸ ਦੇ ਸ਼ੇਅਰ ਡਿਗ ਜਾਣ `ਤੇ ਉਨ੍ਹਾਂ ਨੂੰ ਖ਼ਰੀਦ ਕੇ ਮੁਨਾਫ਼ਾ ਕਮਾਉਂਦੀ ਹੈ। ਹਾਲੀਆ ਰਿਪੋਰਟ ਵਿਚ ਅਡਾਨੀ ਦੀ ਕਾਰਪੋਰੇਟ ਸਲਤਨਤ ਉੱਪਰ ਅੰਦਾਜ਼ਨ 17 ਅਰਬ ਡਾਲਰ ਦੀ ਹੇਰਾਫੇਰੀ, ਜਾਅਲਸਾਜ਼ੀ, ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾਏ ਗਏ ਹਨ। ਰਿਪੋਰਟ 27 ਜਨਵਰੀ ਨੂੰ ਅਡਾਨੀ ਇੰਟਰਪ੍ਰਾਈਜ਼ਿਜ਼ ਦੇ ਐੱਫ.ਪੀ.ਓ. ਜਾਰੀ ਕੀਤੇ ਜਾਣ ਤੋਂ ਸਿਰਫ਼ ਦੋ ਦਿਨ ਪਹਿਲਾਂ ਜਾਰੀ ਕੀਤੀ ਗਈ। ਐੱਫ.ਪੀ.ਓ. ਯਾਨੀ, ਜਦੋਂ ਸਟਾਕ ਐਕਸਚੇਂਜ ਵਿਚ ਸੂਚੀਦਰਜ ਕੋਈ ਕੰਪਨੀ ਨਵੇਂ ਸ਼ੇਅਰ ਵਿਕਰੀ ਲਈ ਪੇਸ਼ ਕਰਦੀ ਹੈ। ਇਸ ਨਾਲ ਅਡਾਨੀ ਇੰਟਰਪ੍ਰਾਈਜ਼ਿਜ਼ ਦੇ ਐੱਫ.ਪੀ.ਓ. ਉੱਪਰ ਘੋਰ ਸੰਕਟ ਛਾ ਗਿਆ।
ਅਮਰੀਕੀ ਪੂੰਜੀ ਨਿਵੇਸ਼ ਕੰਪਨੀ ਹਿੰਡਨਬਰਗ ਰਿਸਰਚ ਦੀ ਸਥਾਪਨਾ ਨੇਟ ਐਂਡਰਸਨ ਨਾਂ ਦੇ ਕਾਰੋਬਾਰੀ ਨੇ 2017 `ਚ ਕੀਤੀ ਸੀ। ਕੰਪਨੀ ਦਾਅਵਾ ਕਰਦੀ ਹੈ ਕਿ ਇਹ ਫੌਰੈਂਸਿਕ ਵਿਤੀ ਖੋਜ ਦੀ ਮਾਹਿਰ ਹੈ ਅਤੇ ਇਸ ਕੋਲ ਦਹਾਕਿਆਂ ਦਾ ਅਨੁਭਵ ਹੈ। ਕੰਪਨੀ ਦੀ ਵੈੱਬਸਾਈਟ ਅਨੁਸਾਰ ਇਹ ਅਸਾਧਾਰਨ ਸੂਤਰਾਂ ਤੋਂ ਮਿਲੀਆਂ ਜਾਣਕਾਰੀਆਂ ਦੇ ਆਧਾਰ `ਤੇ ਖੋਜ ਕਰਦੀ ਹੈ ਜਿਨ੍ਹਾਂ ਨੂੰ ਖੋਜਣਾ ਮੁਸ਼ਕਿਲ ਹੁੰਦਾ ਹੈ। ਹਿੰਡਨਬਰਗ ਰਿਸਰਚ ਨੇ ਪਹਿਲਾਂ ਵੀ ਕਈ ਕਾਰਪੋਰੇਟ ਕੰਪਨੀਆਂ ਬਾਰੇ ਅਜਿਹੀਆਂ ਰਿਪੋਰਟਾਂ ਜਾਰੀ ਕੀਤੀਆਂ ਹਨ। ਇਨ੍ਹਾਂ ਰਿਪੋਰਟਾਂ ਕਾਰਨ ਸਬੰਧਿਤ ਕੰਪਨੀਆਂ ਦੇ ਸ਼ੇਅਰਾਂ ਵਿਚ ਭਾਰੀ ਗਿਰਾਵਟ ਆਈ ਸੀ। 2020 `ਚ ਇਸ ਨੇ ਹੈਵੀ ਡਿਊਟੀ ਇਲੈਕਟ੍ਰਿਕ ਗੱਡੀਆਂ ਬਣਾਉਣ ਵਾਲੀ ਅਮਰੀਕੀ ਕੰਪਨੀ ਨਿਕੋਲਾ ਅਤੇ ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੂੰ ਵੀ ਨਿਸ਼ਾਨਾ ਬਣਾਇਆ ਸੀ। ਨਿਕੋਲਾ ਉੱਪਰ ਇਲਜ਼ਾਮ ਸੀ ਕਿ ਕੰਪਨੀ ਨੇ ਆਪਣੇ ਨਿਵੇਸ਼ਕਾਂ ਨੂੰ ਨਵੀਆਂ ਗੱਡੀਆਂ ਬਾਰੇ ਦੱਸ ਕੇ ਠੱਗਿਆ ਸੀ ਜਦਕਿ ਉਸ ਕੋਲ ਗੱਡੀਆਂ ਹੀ ਨਹੀਂ ਸਨ। ਇਕ ਸਮੇਂ ਨਿਕੋਲਾ ਦੀ ਮਾਰਕੀਟ ਵੈਲਿਊ 34 ਅਰਬ ਡਾਲਰ ਸੀ ਜੋ ਸੁੰਗੜ ਕੇ 1.3 ਅਰਬ ਡਾਲਰ ਰਹਿ ਗਈ। ਅਕਤੂਬਰ ਮਹੀਨੇ ਇਕ ਜਿਊਰੀ ਨੇ ਇਸ ਦੇ ਸੰਸਥਾਪਕ ਟਰੈਵਰ ਮਿਲਟਨ ਨੂੰ ਨਿਵੇਸ਼ਕਾਂ ਨਾਲ ਫਰਾਡ ਕਰਨ ਦਾ ਦੋਸ਼ੀ ਕਰਾਰ ਦਿੱਤਾ ਸੀ। 2016 ਤੋਂ ਲੈ ਕੇ ਹਿੰਡਨਬਰਗ ਰਿਸਰਚ ਐਸੀਆਂ ਦਰਜਨਾਂ ਰਿਪੋਰਟਾਂ ਜਾਰੀ ਕਰ ਚੁੱਕੀ ਹੈ ਜਿਸ ਵਿਚ ਕੋਈ ਨਾ ਕੋਈ ਸਨਸਨੀਖੇਜ਼ ਖ਼ੁਲਾਸਾ ਕੀਤਾ ਜਾਂਦਾ ਹੈ। ਹਿੰਡਨਬਰਗ ਦਾ ਕਹਿਣਾ ਹੈ ਕਿ ਅਡਾਨੀ ਗਰੁੱਪ ਬਾਰੇ ਰਿਪੋਰਟ ਉਨ੍ਹਾਂ ਨੇ ਦੋ ਸਾਲ ਲਗਾ ਕੇ ਡੂੰਘੀ ਛਾਣਬੀਣ ਕਰ ਕੇ ਤਿਆਰ ਕੀਤੀ ਹੈ ਅਤੇ ਇਸ ਰਿਪੋਰਟ ਨਾਲ ਇਸ ਕਾਰਪੋਰੇਟ ਸਮੂਹ ਦੇ ਸ਼ੇਅਰ 85% ਤੱਕ ਡਿਗ ਸਕਦੇ ਹਨ। ਰਿਪੋਰਟ ਆਉਣ ਤੋਂ ਦੋ ਦਿਨਾਂ ਦੇ ਅੰਦਰ ਹੀ ਸ਼ੇਅਰ 25% ਤੱਕ ਡਿਗ ਵੀ ਚੁੱਕੇ ਹਨ।
ਹਿੰਡਨਬਰਗ ਰਿਸਰਚ ਨੇ ਕਿਹਾ ਕਿ ਇਸ ਰਿਪੋਰਟ ਵਿਚ ਉਹ ਜੋ ਖ਼ੁਲਾਸਾ ਕਰ ਰਹੇ ਹਨ, ਉਹ ਕਾਰਪੋਰੇਟ ਫਰਾਡ ਦੇ ਇਤਿਹਾਸ ਵਿਚ ਜੇ ਸਭ ਤੋਂ ਘਿਨਾਉਣਾ ਫਰਾਡ ਨਹੀਂ ਤਾਂ ਸਭ ਤੋਂ ਘਿਨਾਉਣੇ ਫਰਾਡਾਂ ਵਿਚੋਂ ਇਕ ਜ਼ਰੂਰ ਹੈ। ‘ਅਸੀਂ ਦਹਾਕਿਆਂ ਤੋਂ ਅਡਾਨੀ ਸਮੂਹ ਵਿਖੇ ਬੇਸ਼ਰਮੀ ਨਾਲ ਕੀਤੀ ਜਾ ਰਹੀ ਅਕਾਊਂਟਿੰਗ ਧੋਖਾਧੜੀ, ਸਟਾਕ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਦਾ ਪਰਦਾਫਾਸ਼ ਕੀਤਾ ਹੈ। ਅਡਾਨੀ ਇਸ ਵੱਡੇ ਕਾਰਨਾਮੇ ਨੂੰ ਸਰਕਾਰ ਵਿਚਲੇ ਹਮਾਇਤੀਆਂ ਅਤੇ ਕੌਮਾਂਤਰੀਆਂ ਕੰਪਨੀਆਂ ਦੇ ਪਰਿਵਾਰਕ ਉਦਯੋਗ ਦੀ ਮਦਦ ਨਾਲ ਚਲਾ ਰਿਹਾ ਹੈ ਜੋ ਇਸ ਦੀਆਂ ਕਾਰਵਾਈਆਂ ਨੂੰ ਸੌਖਾ ਬਣਾਉਂਦੇ ਹਨ। ਭ੍ਰਿਸ਼ਟਾਚਾਰ ਦੇ ਇਹ ਮੁੱਦੇ ਸਰਕਾਰ ਦੀਆਂ ਕਈ ਪਰਤਾਂ ਤੱਕ ਫੈਲੇ ਹੋਏ ਹਨ…।`
ਰਿਪੋਰਟ ਕਹਿੰਦੀ ਹੈ ਕਿ ਅਡਾਨੀ ਗਰੁੱਪ ਵਿਦੇਸ਼ਾਂ `ਚ ਕਈ ਜਾਅਲੀ ਕੰਪਨੀਆਂ ਬਣਾ ਕੇ ਟੈਕਸ ਚੋਰੀ ਕਰ ਰਿਹਾ ਹੈ। ਮਾਰੀਸ਼ਸ਼, ਆਬੂਧਾਬੀ ਅਤੇ ਕੈਰੇਬੀਅਨ ਦੀਪਾਂ ਜੋ ਟੈਕਸ ਚੋਰੀ ਦੇ ਅੱਡਿਆਂ ਵਜੋਂ ਮਸ਼ਹੂਰ ਹਨ, ਵਿਚ ਕਈ ਬੇਨਾਮੀ ਕੰਪਨੀਆਂ ਹਨ ਜਿਨ੍ਹਾਂ ਦੀ ਅਡਾਨੀ ਦੀਆਂ ਕੰਪਨੀਆਂ ਵਿਚ ਹਿੱਸੇਦਾਰੀ ਹੈ। ਅਡਾਨੀ ਦੀਆਂ ਲਿਮਟਿਡ ਕੰਪਨੀਆਂ ਉੱਪਰ ਭਾਰੀ ਕਰਜ਼ਾ ਹੈ ਜਿਸ ਕਾਰਨ ਇਸ ਦੀ ਵਿਤੀ ਹਾਲਤ ਬਹੁਤ ਜ਼ੋਖ਼ਮ ਵਾਲੀ ਹੈ ਪਰ ਉੱਚੇ ਮੁਲਾਂਕਣ ਕਰਵਾ ਕੇ ਕੰਪਨੀ ਦੇ ਸ਼ੇਅਰਾਂ ਦਾ ਮੁੱਲ ਵਧਾ-ਚੜ੍ਹਾ ਕੇ 85% ਵਧੇਰੇ ਦੱਸਿਆ ਜਾ ਰਿਹਾ ਹੈ। ਇਨ੍ਹਾਂ ਇਲਜ਼ਾਮਾਂ `ਚ ਘਿਰੇ ਅਡਾਨੀ ਗਰੁੱਪ ਦਾ ਕਹਿਣਾ ਹੈ ਕਿ ਰਿਪੋਰਟ ਵਿਚ ‘ਚੋਣਵੀਆਂ ਗ਼ਲਤ ਜਾਣਕਾਰੀਆਂ` ਪੇਸ਼ ਕੀਤੀਆਂ ਗਈਆਂ ਹਨ, ਉਨ੍ਹਾਂ ਵਿਰੁੱਧ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ ਅਤੇ ਉਹ ਹਿੰਡਨਬਰਗ ਰਿਸਰਚ ਵਿਰੁੱਧ ਕਾਨੂੰਨੀ ਕਾਰਵਾਈ ਕਰਨਗੇ। ਹਿੰਡਨਬਰਗ ਰਿਸਰਚ ਦਾ ਕਹਿਣਾ ਹੈ ਕਿ ਅਸੀਂ ਆਪਣੀ ਰਿਪੋਰਟ ਵਿਚ ਸਿੱਧੇ-ਸਪਾਟ 88 ਸਵਾਲ ਪੁੱਛੇ ਸਨ। ਹੁਣ ਤੱਕ ਅਡਾਨੀ ਨੇ ਇਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੋਂ ਤੱਕ ਕੰਪਨੀ ਵੱਲੋਂ ਕਾਨੂੰਨੀ ਕਾਰਵਾਈ ਦੀ ਧਮਕੀ ਦਾ ਸਵਾਲ ਹੈ, ਉਹ ਆਪਣੇ ਦਾਅਵਿਆਂ `ਤੇ ਕਾਇਮ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਹਿੰਡਨਬਰਗ ਰਿਸਰਚ ਦਾ ਮਨੋਰਥ ਪੂਰੀ ਤਰ੍ਹਾਂ ਸਪਸ਼ਟ ਹੈ। ਉਨ੍ਹਾਂ ਨੇ ਇਹ ਰਿਪੋਰਟ ਸ਼ੇਅਰ ਮਾਰਕੀਟ ਵਿਚ ਅਡਾਨੀ ਗਰੁੱਪ ਦੇ ਸ਼ੇਅਰਾਂ ਦਾ ਲਾਹਾ ਲੈਣ ਲਈ ਤਿਆਰ ਕੀਤੀ ਹੈ ਪਰ ਇਹ ਵੀ ਸੱਚ ਹੈ ਕਿ ਉਨ੍ਹਾਂ ਨੇ ਆਪਣੀ ਰਿਪੋਰਟ ਵਿਚ ਜੋ ਖ਼ੁਲਾਸੇ ਕੀਤੇ ਹਨ, ਉਨ੍ਹਾਂ ਵਿਚੋਂ ਕੁਝ ਵੀ ਝੂਠ ਨਹੀਂ ਹੈ। ਵਿਦੇਸ਼ੀ ਅਤੇ ਦੇਸੀ ਕਾਰਪੋਰੇਟ ਸਰਮਾਏਦਾਰ ਭਾਰਤੀ ਹੁਕਮਰਾਨਾਂ ਦੀ ਮਿਲੀਭੁਗਤ ਨਾਲ ਅਥਾਹ ਹੇਰਾਫੇਰੀਆਂ ਅਤੇ ਜਾਅਲਸਾਜ਼ੀਆਂ ਕਰ ਕੇ ਸੁਪਰ ਮੁਨਾਫ਼ੇ ਕਮਾ ਰਹੇ ਹਨ। ਭਾਰਤੀ ਹੁਕਮਰਾਨ ਨਾ ਸਿਰਫ਼ ਕਾਰਪੋਰੇਟ ਸਰਮਾਏਦਾਰੀ ਨੂੰ ਬੇਸ਼ੁਮਾਰ ਟੈਕਸ ਛੋਟਾਂ ਦੇ ਕੇ ਉਨ੍ਹਾਂ ਦੇ ਸੁਪਰ ਮੁਨਾਫ਼ੇ ਯਕੀਨੀ ਬਣਾਉਂਦੇ ਹਨ ਸਗੋਂ ਭਾਰਤੀ ਲੋਕਾਂ ਵੱਲੋਂ ਟੈਕਸਾਂ ਦੇ ਰੂਪ `ਚ ਦਿੱਤੇ ਜਾ ਰਹੇ ਪੈਸੇ ਅਤੇ ਬੈਂਕਾਂ-ਬੀਮਾ ਕੰਪਨੀਆਂ `ਚ ਜਮਾਂ ਪੂੰਜੀ ਵੀ ਹੁਕਮਰਾਨ ਆਪਣੇ ਲੰਗੋਟੀਏ ਕਾਰਪੋਰੇਟਾਂ ਦੀ ਝੋਲੀ ਪਾਉਂਦੇ ਹਨ। ਹਾਂਗਕਾਂਗ ਆਧਾਰਿਤ ਪੂੰਜੀ-ਨਿਵੇਸ਼ ਗਰੁੱਪ ਸੀ.ਐੱਲ.ਐੱਸ.ਏ. ਅਨੁਸਾਰ ਅਡਾਨੀ ਨੇ ਜੋ 2 ਲੱਖ ਕਰੋੜ ਰੁਪਏ ਦਾ ‘ਕਰਜ਼ਾ` ਲਿਆ ਹੋਇਆ ਹੈ ਜੋ ਮਾਰਚ 2022 ਨੂੰ ਖ਼ਤਮ ਹੋਏ ਮਾਲੀ ਸਾਲ ਦੇ ਅੰਦਾਜ਼ਿਆਂ `ਤੇ ਆਧਾਰਿਤ ਹੈ, ਉਸ ਵਿਚੋਂ 40% ਧਨ ਐੱਲ.ਆਈ.ਸੀ. ਅਤੇ ਐੱਸ.ਬੀ.ਆਈ. ਸਮੇਤ ਭਾਰਤ ਦੇ ਪਬਲਿਕ ਸੈਕਟਰ ਦੇ ਬੈਂਕਾਂ ਅਤੇ ਵਿਤੀ ਸੰਸਥਾਵਾਂ ਦਾ ਨਿਵੇਸ਼ ਕੀਤਾ ਹੋਇਆ ਹੈ। ਬੀਮਾ ਖੇਤਰ ਦੀ ਸਰਕਾਰੀ ਕੰਪਨੀ ਐੱਲ.ਆਈ.ਸੀ. ਨੇ 25 ਜਨਵਰੀ ਤੱਕ ਅਡਾਨੀ ਗਰੁੱਪ ਦੇ ਵਧਾ-ਚੜ੍ਹਾ ਕੇ ਪੇਸ਼ ਕੀਤੇ ਗਏ ਸ਼ੇਅਰਾਂ ਵਿਚ 81262 ਕਰੋੜ ਰੁਪਇਆ ਲਗਾਇਆ ਹੋਇਆ ਸੀ। ਇਸ ਨੂੰ ਮਹਿਜ਼ ਦੋ ਸ਼ੇਅਰ ਮਾਰਕੀਟ ਸੈਸ਼ਨਾਂ `ਚ ਹੀ 18645 ਕਰੋੜ ਰੁਪਏ ਦਾ ਘਾਟਾ ਪੈ ਗਿਆ। ਸਟੇਟ ਬੈਂਕ ਆਫ ਇੰਡੀਆ ਅਤੇ ਪਬਲਿਕ ਸੈਕਟਰ ਦੇ ਨੌਂ ਹੋਰ ਲੈਣੇਦਾਰਾਂ ਨੂੰ 50571 ਕਰੋੜ ਰੁਪਏ ਦਾ ਘਾਟਾ ਝੱਲਣਾ ਪਿਆ। ਇਸੇ ਤਰ੍ਹਾਂ ਪ੍ਰਾਈਵੇਟ ਬੈਂਕਾਂ ਦੇ ਮੁਕਾਬਲੇ ਸਰਕਾਰੀ ਬੈਂਕਾਂ ਨੇ ਅਡਾਨੀ ਨੂੰ ਦੁੱਗਣਾ ਕਰਜ਼ਾ ਦਿੱਤਾ ਹੋਇਆ ਹੈ ਜਿਸ ਵਿਚੋਂ ਲੱਗਭੱਗ ਅੱਧਾ ਕਰਜ਼ਾ ਸਟੇਟ ਬੈਂਕ ਆਫ ਇੰਡੀਆ ਦਾ ਹੈ। ਇਸ ਲਈ ਜੇ ਅਡਾਨੀ ਦਾ ਕਾਰੋਬਾਰ ਡੁੱਬ ਗਿਆ ਤਾਂ ਇਹ ਐੱਲ.ਆਈ.ਸੀ. ਅਤੇ ਉਨ੍ਹਾਂ ਹੋਰ ਸਰਕਾਰੀ ਮਾਲੀ ਸੰਸਥਾਵਾਂ ਨੂੰ ਵੀ ਲੈ ਡੁੱਬੇਗਾ ਜਿਨ੍ਹਾਂ ਤੋਂ ਇਸ ਨੇ ਸਰਕਾਰ ਦੀ ਮਿਲੀਭੁਗਤ ਨਾਲ ਵੱਡੇ-ਵੱਡੇ ਉਧਾਰ ਲਏ ਹੋਏ ਹਨ।
ਔਕਸਫੈਮ ਦੀ ਰਿਪੋਰਟ ਵੀ ਪੁਸ਼ਟੀ ਕਰਦੀ ਹੈ ਕਿ ਸਿਰਫ਼ 2022 `ਚ ਹੀ ਅਡਾਨੀ ਦੀ ਦੌਲਤ ਵਿਚ 46% ਦਾ ਵਾਧਾ ਹੋਇਆ ਹੈ। ਜਦੋਂ ਕਰੋਨਾ ਮਹਾਮਾਰੀ ਕਾਰਨ ਮੁਲਕ ਦੇ ਆਮ ਲੋਕ ਲੱਖਾਂ ਦੀ ਤਾਦਾਦ `ਚ ਮਰ ਰਹੇ ਸਨ ਅਤੇ ਛੋਟੇ ਤੇ ਦਰਮਿਆਨੇ ਕਾਰੋਬਾਰ ਤਬਾਹ ਹੋ ਰਹੇ ਸਨ, ਉਦੋਂ ਭਾਰਤ ਦੇ ਕਾਰਪੋਰੇਟ ਸਰਮਾਏਦਾਰਾਂ ਦੀ ਦੌਲਤ ਹੋਰ ਵੀ ਤੇਜ਼ੀ ਨਾਲ ਵਧ ਰਹੀ ਸੀ। ਕਰੋਨਾ ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਨਵੰਬਰ 2022 ਤੱਕ ਭਾਰਤ ਵਿਚ ਅਰਬਪਤੀਆਂ ਦੀ ਦੌਲਤ `ਚ 121% ਜਾਂ ਰੋਜ਼ਾਨਾ 3608 ਕਰੋੜ ਰੁਪਏ (ਪ੍ਰਤੀ ਮਿੰਟ ਢਾਈ ਕਰੋੜ ਰੁਪਏ) ਦਾ ਵਾਧਾ ਹੋਇਆ। ਦੂਜੇ ਪਾਸੇ, ਅਜ਼ੀਮ ਪ੍ਰੇਮ ਜੀ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ ਮਹਾਮਾਰੀ ਦੇ ਇਕ ਸਾਲ ਦੇ ਅਰਸੇ `ਚ 23 ਕਰੋੜ ਭਾਰਤੀ ਗ਼ਰੀਬੀ `ਚ ਧੱਕ ਦਿੱਤੇ ਗਏ। ਮਈ 2014 `ਚ ਕੇਂਦਰੀ ਸੱਤਾ `ਚ ਆਉਣ ਤੋਂ ਪਹਿਲਾਂ ਹੀ ਮੋਦੀ ਅਤੇ ਅਡਾਨੀ ਦੀ ਯਾਰੀ ਸੁਰਖ਼ੀਆਂ ਬਣਦੀ ਰਹੀ ਜਦੋਂ ਮੋਦੀ ਅਕਸਰ ਅਡਾਨੀ ਦੇ ਪ੍ਰਾਈਵੇਟ ਜੈੱਟ ਜਹਾਜ਼ `ਚ ਸਫ਼ਰ ਕਰਦਾ ਸੀ। ਪ੍ਰਧਾਨ ਮੰਤਰੀ ਬਣ ਕੇ ਮੋਦੀ ਵਿਦੇਸ਼ਾਂ ਦਾ ਸਭ ਤੋਂ ਵੱਧ ਸਫ਼ਰ ਅਡਾਨੀ ਨਾਲ ਹੀ ਕਰਦਾ ਹੈ। ਕੇਂਦਰ ਵਿਚ ਆਰ.ਐੱਸ.ਐੱਸ.-ਭਾਜਪਾ ਦੀ ਸਰਕਾਰ ਬਣਾਉਣ ਲਈ ਅਡਾਨੀ ਨੇ ਦਰਿਆਦਿਲੀ ਨਾਲ ਧਨ ਖ਼ਰਚਿਆ ਅਤੇ ਬਦਲੇ ਵਿਚ ਮੋਦੀ ਵਜ਼ਾਰਤ ਨੇ ਆਪਣੇ ਲੰਗੋਟੀਏ ਕਾਰਪੋਰੇਟ ਦੇ ਕਾਰੋਬਾਰ ਨੂੰ ਜ਼ਰਬਾਂ ਦੇਣ ਵਾਸਤੇ ਖੁੱਲ੍ਹਾਂ, ਰਿਆਇਤਾਂ ਅਤੇ ਛੋਟਾਂ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਆਰ.ਐੱਸ.ਐੱਸ.-ਭਾਜਪਾ ਨੇ ਪਹਿਲੀਆਂ ਸਰਕਾਰਾਂ ਦੀ ਤੁਲਨਾ `ਚ ਟੈਕਸ ਨੀਤੀਆਂ, ਕਿਰਤ ਕਾਨੂੰਨਾਂ ਅਤੇ ਵਾਤਾਵਰਨ ਸੁਰੱਖਿਆ ਦੇ ਨਿਯਮਾਂ ਦੇ ਮਾਮਲੇ `ਚ ਜੋ ਬੇਤਹਾਸ਼ਾ ਬਦਲਾਅ ਲਿਆਂਦੇ, ਉਸ ਨਾਲ ਅਡਾਨੀ ਅਤੇ ਹੋਰ ਕਾਰਪੋਰੇਟਾਂ ਲਈ ਕੁਦਰਤੀ ਵਸੀਲਿਆਂ ਅਤੇ ਦੌਲਤ ਉੱਪਰ ਵਿਆਪਕ ਪੈਮਾਨੇ `ਤੇ ਕਾਬਜ਼ ਹੋਣ ਦਾ ਰਾਹ ਬਹੁਤ ਜ਼ਿਆਦਾ ਮੋਕਲ਼ਾ ਹੋ ਗਿਆ।
ਅਡਾਨੀ ਸਮੂਹ ਮੋਦੀ ਵਜ਼ਾਰਤ ਦਾ ਸਭ ਤੋਂ ਚਹੇਤਾ ਹੋਣ ਕਰ ਕੇ ਇਨ੍ਹਾਂ ਨੀਤੀਆਂ ਦਾ ਸਭ ਤੋਂ ਵਧੇਰੇ ਲਾਹਾ ਲੈ ਕੇ ਮੁਲਕ ਦੇ ਕੁਦਰਤੀ ਵਸੀਲਿਆਂ, ਪੈਦਾਵਾਰੀ ਇਕਾਈਆਂ ਅਤੇ ਸਰਕਾਰੀ ਜਾਇਦਾਦਾਂ ਉੱਪਰ ਧੜਾਧੜ ਕਬਜ਼ੇ ਕਰਦਾ ਗਿਆ ਅਤੇ ਜੋ ਸਰਮਾਇਆ ਉਹ ਇਕੱਠਾ ਕਰ ਰਿਹਾ ਸੀ, ਉਸ ਦੀ ਮਾਰਕੀਟ ਕਦਰ ਨੂੰ ਬਨਾਉਟੀ ਰੂਪ `ਚ ਵਧਾ ਕੇ ਦੁਨੀਆ ਦਾ ਤੀਜਾ ਸਭ ਤੋਂ ਅਮੀਰ ਕਾਰਪੋਰੇਟ ਬਣ ਗਿਆ। ਇਸੇ ਕਰ ਕੇ ਅਡਾਨੀ 120 ਅਰਬ ਡਾਲਰ ਮੁਨਾਫ਼ਾ ਬਟੋਰ ਸਕਿਆ, ਅਡਾਨੀ ਆਪਣੇ ਗਰੁੱਪ ਦੀਆਂ ਸੱਤ ਸੂਚੀਦਰਜ ਕੰਪਨੀਆਂ ਦਾ ਸਟਾਕ ਮੁੱਲ ਤਿੰਨ ਸਾਲਾਂ ਦੇ ਅਰਸੇ `ਚ ਔਸਤ 819% ਦੀ ਰਫ਼ਤਾਰ ਨਾਲ ਵਧਾ ਸਕਿਆ ਅਤੇ ਉਸ ਨੇ ਇਕ ਦਹਾਕੇ `ਚ ਆਪਣੀ ਦੌਲਤ ਤਿੰਨ ਸੌ ਗੁਣਾਂ ਵਧਾ ਲਈ।
ਹੁਣ ਇਕ ਵਾਰ ਤਾਂ ਅਡਾਨੀ ਗਰੁੱਪ ਲਈ ਬੜਾ ਭਾਰੀ ਸੰਕਟ ਪੈਦਾ ਹੋ ਗਿਆ ਹੈ। ਇਹ ਹੁਣ ਮੋਦੀ ਸਰਕਾਰ ਦੀ ਜਵਾਬਦੇਹੀ ਤੈਅ ਕਰਨ ਦਾ ਮੌਕਾ ਵੀ ਹੈ। ਮੋਦੀ ਸਰਕਾਰ ਆਪਣੇ ਕਾਰਪੋਰੇਟ ਲੰਗੋਟੀਏ ਯਾਰ ਨੂੰ ਬਚਾਉਣ ਲਈ ਇਹ ਬੋਝ ਟੈਕਸ ਦੇਣ ਵਾਲੇ ਲੋਕਾਂ, ਬੈਂਕਾਂ ਦੇ ਖ਼ਾਤੇਦਾਰਾਂ ਅਤੇ ਆਮ ਲੋਕਾਂ ਉੱਪਰ ਲੱਦਣ ਦੀ ਚਲਾਕੀ ਕਰ ਸਕਦੀ ਹੈ। ਇਸ ਨੂੰ ਫਿਰ ਹੀ ਰੋਕਿਆ ਜਾ ਸਕਦਾ ਹੈ ਜੇਕਰ ਭਾਰਤ ਦੇ ਲੋਕ ਇਸ ਧੋਖਾਧੜੀ ਬਾਰੇ ਸੁਚੇਤ ਹੋਣਗੇ।