ਕੌਮਾਂਤਰੀ ਸਿਆਸਤ ਦੀ ਪੈੜਚਾਲ

ਕੌਮੀ ਅਤੇ ਕੌਮਾਂਤਰੀ ਮੰਚਾਂਉਤੇ ਬੜਾ ਅਜੀਬ ਇਤਫਾਕ ਦੇਖਣ ਨੂੰ ਮਿਲ ਰਿਹਾ ਹੈ। ਬੀ.ਬੀ.ਸੀ.ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐਸਚਨ’ ਨੇ ਸਿਆਸੀ ਹਲਕਿਆਂ ਅੰਦਰ ਬੜੀ ਚਰਚਾ ਛੇੜੀ ਹੋਈ ਹੈ। ਕੇਂਦਰ ਵਿਚ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਭਾਵੇਂ ਇਸ ਨੂੰ ਭਾਰਤ ਦੀ ਪ੍ਰਭੂਸੱਤਾ ਉਤੇ ਹਮਲਾ ਕਰਾਰ ਦੇ ਕੇ ਮਸਲੇ ਨੂੰ ਪਿਛਾਂਹ ਸੁੱਟਣ ਦੀ ਕੋਸ਼ਿਸ਼ ਕੀਤੀ ਹੈ ਪਰ ਦਸਤਾਵੇਜ਼ੀ ਵਿਚ ਉਠਾਏ ਗਏ ਸਵਾਲ ਹੌਲੀ-ਹੌਲੀ ਲੋਕਾਂ ਤੱਕ ਪੁੱਜ ਰਹੇ ਹਨ ਅਤੇ ਇਨ੍ਹਾਂ ਬਾਰੇ ਨਵੇਂ ਸਿਰਿਓਂ ਚਰਚਾ ਵੀ ਚੱਲ ਰਹੀ ਹੈ।

ਦੂਜੀ ਚਰਚਾ ਭਾਰਤ ਦੇ ਵੱਡੇ ਕਾਰਪੋਰੇਟ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਮਿੱਤਰ ਗੌਤਮ ਅਡਾਨੀ, ਕਾਰੋਬਾਰੀ ਧੋਖਾਧੜੀਆਂ ਦੇ ਮਾਮਲਿਆਂ ਵਿਚ ਘਿਰ ਗਏ ਹਨ। ਇਨ੍ਹਾਂ ਧੋਖਾਧੜੀਆਂ ਬਾਰੇ ਜਿਹੜੀ ਰਿਪੋਰਟ ਨਸ਼ਰ ਹੋਈ ਹੈ, ਉਸ ਨੇ ਅਡਾਨੀ ਦੇ ਕਾਰੋਬਾਰ ਨੂੰ ਵੀ ਤਕੜਾ ਹਿਲੂਣਾ ਦਿੱਤਾ ਹੈ। ਅਡਾਨੀ ਨੇ ਵੀ ਇਹ ਰਿਪੋਰਟ ਨਸ਼ਰ ਕੀਤੇ ਜਾਣ ਨੂੰ ਭਾਰਤ ਦੀ ਅਖੰਡਤਾ ‘ਤੇ ਹਮਲਾ ਕਰਾਰ ਦੇਣ ਦਾ ਯਤਨ ਕੀਤਾ ਪਰ ਇਸ ਮਾਮਲੇ ਵਿਚ ਉਸ ਦਾ ਹਾਲ ਵੀ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਾਲਾ ਹੀ ਹੋਇਆ ਹੈ। ਅਸਲ ਵਿਚ ਇਨ੍ਹਾਂ ਦੋਹਾਂ ਮਾਮਲਿਆਂ ਵਿਚ ਜੋ ਤੱਥ ਅਤੇ ਹਕੀਕਤਾਂ ਸਾਹਮਣੇ ਆ ਰਹੀਆਂ ਹਨ, ਉਹ ਥੋੜ੍ਹਾ ਕੀਤਿਆਂ ਸੁੱਟ ਪਾਉਣ ਵਾਲੀਆਂ ਨਹੀਂ। ਇਸੇ ਕਰ ਕੇ ਇਨ੍ਹਾਂ ਮਾਮਲਿਆਂ ਨੂੰ ਦਬਾਉਣ ਦਾ ਸਰਕਾਰ ਅਤੇ ਗੌਤਮ ਅਡਾਨੀ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ। ਕੀ ਇਨ੍ਹਾਂ ਦੋਹਾਂ ਮਾਮਲਿਆਂ ਦਾ ਭਾਰਤ ਵਿਚ 2024 ਵਿਚ ਹੋ ਰਹੀਆਂ ਲੋਕ ਸਭਾ ਚੋਣਾਂ ਨਾਲ ਕੋਈ ਸਿੱਧਾ ਜਾਂ ਅਸਿੱਧਾ ਸਬੰਧ ਹੈ? ਇਸ ਬਾਰੇ ਅਜੇ ਕਿਆਸਆਰਾਈਆਂ ਹੀ ਚੱਲ ਰਹੀਆਂ ਹਨ। ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਨ੍ਹਾਂ ਮਾਮਲਿਆਂ ਦੀ ਤਸਵੀਰ ਕੁਝ ਹੋਰ ਸਾਫ ਹੋ ਜਾਵੇ।
ਇਨ੍ਹਾਂ ਦੋਹਾਂ ਮਾਮਲਿਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਤਕੜਾ ਝਟਕਾ ਦਿੱਤਾ ਹੈ। ਜਿਹੜੇ ਸਵਾਲ ਬੀ.ਬੀ.ਸੀ. ਦੀ ਦਸਤਾਵੇਜ਼ੀ ਵਿਚ ਉਠਾਏ ਗਏ ਹਨ, ਉਨ੍ਹਾਂ ਦਾ ਜਵਾਬ ਨਾ ਕਦੀ ਨਰਿੰਦਰ ਮੋਦੀ ਅਤੇ ਨਾ ਹੀ ਭਾਰਤੀ ਜਨਤਾ ਪਾਰਟੀ ਨੇ ਦਿੱਤਾ ਹੈ। ਇਸ ਦਸਤਾਵੇਜ਼ੀ ਨੇ ਮੁੱਖ ਰੂਪ ਵਿਚ ਨਰਿੰਦਰ ਮੋਦੀ ਦੀ ਕਾਰਜ ਸ਼ੈਲੀ ‘ਤੇ ਸਵਾਲ ਉਠਾਏ ਹਨ। ਅਜਿਹਾ ਕਰਦਿਆਂ 2002 ਵਿਚ ਮੁਸਲਾਮਨਾਂ ਦੇ ਹੋਏ ਕਤਲੇਆਮ ਨੂੰ ਕੇਂਦਰ ਵਿਚ ਰੱਖਿਆ ਹੈ। ਇਹ ਤੱਥ ਗਾਹੇ-ਬਗਾਹੇ ਮੀਡੀਆ ਅਤੇ ਕੁਝ ਹੋਰ ਮੰਚਾਂ ਉਤੇ ਉਭਰਦੇ ਰਹੇ ਹਨ ਪਰ ਮੋਦੀ ਦੀ ਤਾਕਤ ਹੀ ਅਜਿਹੀ ਬਣੀ ਕਿ ਹਰ ਵਾਰ ਇਨ੍ਹਾਂ ਸਵਾਲਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ। ਫਿਰ ਇਨ੍ਹਾਂ ਸਵਾਲਾਂ ਤੋਂ ਬਚਣ ਲਈ ਕਾਨੂੰਨੀ ਰਾਹ ਅਖਤਿਆਰ ਕੀਤਾ ਗਿਆ ਅਤੇ ਅਦਾਲਤ ਤੋਂ ਕਲੀਨ ਚਿੱਟ ਹਾਸਲ ਕਰ ਲਈ ਗਈ।ਉਧਰ, ਗੌਤਮ ਅਡਾਨੀ ਦੀ ਕੰਪਨੀ ਅਡਾਨੀ ਇੰਟਰਪ੍ਰਾਈਜ਼ਜ਼ ਦੇ ਫਾਲੋ-ਅੱਪ ਪਬਲਿਕ ਆਫਰ ਤਹਿਤ ਜਾਰੀ ਕੀਤੇ 20,000 ਕਰੋੜ ਰੁਪਏ ਦੇ ਸ਼ੇਅਰ ਭਾਵੇਂ ਸਮੇਂ ਸਿਰ ਵਿਕ ਗਏ ਪਰ ਹਿੰਡਨਬਰਗ ਰਿਸਰਚ ਦੀ ਰਿਪੋਰਟ ਨੇ ਇਸ ਅਦਾਰੇ ਨੂੰ ਤਕੜਾਖੋਰਾ ਲਾਇਆ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰ ਡਿੱਗਣ ਨਾਲ ਇਸ ਦਾ ਹੁਣ ਤੱਕ 70 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ। ਹਿੰਡਨਬਰਗ ਰਿਸਰਚ ਅਮਰੀਕਾ ਵਿਚ ਨਾਥਨ ਐਂਡਰਸਨ ਦੀ ਬਣਾਈ ਸੰਸਥਾ ਹੈ ਜਿਹੜੀ ਕਾਰਪੋਰੇਟ ਅਦਾਰਿਆਂ ਦੇ ਕੰਮ-ਕਾਜ ਕਰਨ ਦੇ ਤਰੀਕਿਆਂ ਬਾਰੇ ਖੋਜ ਕਰਦੀ ਹੈ। 2017 ਵਿਚ ਬਣੀ ਇਹ ਸੰਸਥਾ ਬਿਜਲਈ ਵਾਹਨ ਬਣਾਉਣ ਵਾਲੀ ਅਮਰੀਕੀ ਕੰਪਨੀ ਨਿਕੋਲਾ ਕਾਰਪੋਰੇਸ਼ਨ, ਸਿਹਤ ਬੀਮਾ ਕਰਨ ਵਾਲੀ ਅਮਰੀਕੀ ਕੰਪਨੀ ਕਲੋਵਰ ਹੈਲਥ, ਖੇਡਾਂ ਬਾਰੇ ਸੱਟਾ ਲਗਾਉਣ ਵਾਲੀ ਕੰਪਨੀ ਡਰਾਫਕਿੰਗਜ਼, ਊਰਜਾ ਕੰਪਨੀ ਔਰਮੈਟ ਟੈਕਨਾਲੋਜੀ ਅਤੇ ਕਈ ਹੋਰ ਕਾਰਪੋਰੇਟ ਅਦਾਰਿਆਂ ਬਾਰੇ ਖੋਜ ਕਰ ਚੁੱਕੀ ਹੈ। ਇਸ ਨੇ ਇਨ੍ਹਾਂ ਕੰਪਨੀਆਂ ਦੇ ਗ਼ੈਰ-ਕਾਨੂੰਨੀ ਕੰਮਾਂ ਦਾ ਪਰਦਾਫਾਸ਼ ਕੀਤਾ ਹੈ।ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿਚ ਵੀ ਤਕੜੀ ਗਿਰਾਵਟ ਆਈ ਹੈ।
ਸਿਆਸੀ ਵਿਸ਼ਲੇਸ਼ਕਾਰ ਇਨ੍ਹਾਂ ਦੋਹਾਂ ਘਟਨਾਵਾਂ ਨੂੰ ਤੀਜੀ ਘਟਨਾ ਨਾਲ ਜੋੜ ਕੇ 2024 ਵਾਲੀਆਂ ਲੋਕ ਸਭਾ ਚੋਣਾਂ ਦੇ ਪ੍ਰਸੰਗ ਵਿਚ ਵਾਚ ਰਹੇ ਹਨ। ਤੀਜੀ ਘਟਨਾ ਕਾਂਗਰਸ ਆਗੂ ਰਾਹੁਲ ਗਾਂਧੀ ਦੀ ‘ਭਾਰਤ ਜੋੜੋ ਯਾਤਰਾ’ ਹੈ। ਪਹਿਲਾਂ-ਪਹਿਲਾਂ ਤਾਂ ਇਹ ਭਾਸ ਰਿਹਾ ਸੀ ਕਿ ਇਹ ਯਾਤਰਾ ਰਾਹੁਲ ਗਾਂਧੀ ਨੂੰ ਇਕਵਾਰ ਫਿਰ ਕਾਂਗਰਸ ਦਾ ਆਗੂ ਸਥਾਪਿਤ ਕਰਨ ਦੀ ਹੀ ਕਵਾਇਦ ਹੈ ਪਰ ਜਿਉਂ-ਜਿਉਂ ਇਹ ਯਾਤਰਾ ਅੱਗੇ ਵਧਦੀ ਗਈ, ਸਿਆਸੀ ਵਿਸ਼ਲੇਸ਼ਕਾਂ ਦੇ ਵਿਚਾਰ ਵੀ ਬਦਲਦੇ ਗਏ। ਹੁਣ ਇਨ੍ਹਾਂ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਯਾਤਰਾ ਰਾਹੀਂ ਭਾਰਤੀ ਜਨਤਾ ਪਾਰਟੀ ਦੀ ਫਿਰਕੂ, ਜ਼ਹਿਰੀਲੀ ਅਤੇ ਫੁੱਟ-ਪਾਊ ਸਿਆਸਤ ਨੂੰ ਸਿੱਧਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਭਾਰਤੀ ਜਨਤਾ ਪਾਰਟੀ ਪਿਛਲੇ ਕੁਝ ਸਮੇਂ ਤੋਂ ਕਾਂਗਰਸ-ਮੁਕਤ ਭਾਰਤ ਦੇ ਨਆਰੇ ਮਾਰ ਰਹੀ ਹੈ। ਜਥੇਬੰਦਕ ਪੱਧਰ ‘ਤੇ ਅਤੇ ਵੱਖ-ਵੱਖ ਸੂੀਬਆਂ ਵਿਚ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਇਹ ਜਾਪਣ ਲੱਗ ਪਿਆ ਸੀ ਕਿ ਸੱਚਮੁੱਚ ਕਾਂਗਰਸ ਹੁਣ ਉਠਣ ਜੋਗੀ ਨਹੀਂ ਪਰ ਜਿਸ ਤਰ੍ਹਾਂ ਦੀ ਮਾਰੂ ਸਿਆਸਤ ਭਾਰਤੀ ਜਨਤਾ ਪਾਰਟੀ ਲਗਾਤਾਰ ਕਰ ਰਹੀ ਹੈ ਅਤੇ ਘੱਟਗਿਣਤੀਆਂ ਨਾਲ ਮਾੜਾ ਵਿਹਾਰ ਕਰ ਰਹੀ ਹੈ, ਉਸ ਨੇ ਕਾਂਗਰਸ ਅਤੇ ਖੇਤਰੀ ਪਾਰਟੀ ਲਈ ਸਿਆਸਤ ਕਰਨ ਦੀ ਗੁੰਜਾਇਸ਼ ਇਕ ਵਾਰ ਫਿਰ ਜਗਾ ਦਿੱਤੀ ਹੈ। ਹੁਣ ਜੇ ਕਾਂਗਰਸ ਅਤੇ ਖੇਤਰੀ ਪਾਰਟੀਆਂ ਬੀ.ਬੀ.ਸੀ. ਵਾਲੀ ਦਸਤਾਵੇਜ਼ੀ ਅਤੇ ਗੌਤਮ ਅਡਾਨੀ ਵਾਲੀ ਕਾਰੋਬਾਰੀ ਜਆਲਸਾਜ਼ੀ ਨੂੰ ਸਿਆਸੀ ਪਿੜ ਵਿਚ ਕਾਰਗਰ ਢੰਗ ਨਾਲ ਵਰਤ ਲੈਂਦੀਆਂ ਹਨ ਤਾਂ 2024 ਵਾਲੀਆਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਨੂੰ ਸਹਿਜੇ ਹੀ ਵੱਡੀ ਵੰਗਾਰ ਦਿੱਤੀ ਜਾ ਸਕਦੀ ਹੈ। ਹੁਣ ਮਸਲਾ ਸਮੁੱਚੀ ਵਿਰੋਧੀ ਧਿਰ ਦੇ ਆਪਸੀ ਤਾਲਮੇਲ ਦਾ ਹੈ। ਸੰਸਾਰ ਦੇ ਬਹੁਤੇ ਮੁਲਕਾਂ ਵਿਚ ਭਾਵੇਂ ਪਿਛਲੇ ਸਮੇਂ ਦੌਰਾਨ ਸੱਜੇ ਪੱਖੀ ਸਰਕਾਰ ਹੋਂਦ ਵਿਚ ਆਈਆਂ ਹਨ ਪਰ ਬੀ.ਬੀ.ਸੀ. ਦਸਤਾਵੇਜ਼ੀ ਅਤੇ ਗੌਤਮ ਅਡਾਨੀ ਦੀਆਂ ਧੋਖਾਧੜੀਆਂ ਨਸ਼ਰ ਹੋਣਾ ਇਹ ਸੰਕੇਤ ਦੇ ਰਿਹਾ ਹੈ ਕਿ ਕੌਮਾਂਤਰੀ ਪੱਧਰ ‘ਤੇ ਇਹ ਸੋਚ ਕੰਮ ਕਰ ਰਹੀ ਹੈ ਕਿ ਮੋਦੀ ਵਰਗਾ ਲੀਡਰ ਭਾਰਤ ਲਈ ਮਾਰੂ ਸਾਬਤ ਹੋ ਰਿਹਾ ਹੈ। ਇਸ ਸਮੁੱਚੀ ਸਿਆਸਤ ਦੀਆਂ ਗੁੰਝਲਾਂ ਆਉਣ ਵਾਲੇ ਸਮੇਂ ਵਿਚ ਖੁੱਲ੍ਹਣ ‘ਤੇ ਹੀ ਹਕੀਕਤ ਸਾਹਮਣੇ ਆਵੇਗੀ।