ਫਿਲਮ ‘ਪਠਾਨ` ਦੀ ਸਫਲਤਾ ਅਤੇ ਸਿਆਸਤ

ਫਿਲਮ ਅਦਾਕਾਰ ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ ਅਤੇ ਜੌਹਨ ਅਬਰਾਹਿਮ ਦੀ ਫਿਲਮ ‘ਪਠਾਨ` ਨੂੰ ਦੁਨੀਆ ਭਰ ਦੇ ਸਿਨੇਮਿਆਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਫਿਲਮ ਨੇ ਕਮਾਈ ਦੇ ਢੇਰ ਲਾ ਦਿੱਤੇ ਹਨ। ਭਾਰਤ ਦੇ ਕਈ ਸ਼ਹਿਰਾਂ ਵਿਚ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਇਸ ਫਿਲਮ ਨੂੰ ਦੇਖਣ ਲਈ ਦਰਸ਼ਕ ਉਤਸ਼ਾਹ ਨਾਲ ਸਿਨੇਮਾ ਘਰਾਂ ਵਿਚ ਪਹੁੰਚੇ। ਫਿਲਮ ਦਾ ਨਿਰਦੇਸ਼ਨ ਸਿਧਾਰਥ ਆਨੰਦ ਨੇ ਕੀਤਾ ਹੈ ਅਤੇ ਇਹ ਦੁਨੀਆ ਭਰ ਦੀਆਂ 8 ਹਜ਼ਾਰ ਸਕਰੀਨਾਂ ‘ਤੇ ਦਿਖਾਈ ਜਾ ਰਹੀ ਹੈ ਜਿਨ੍ਹਾਂ ਵਿਚ ਭਾਰਤ ਦੀਆਂ 5500 ਸਕਰੀਨਾਂ ਸ਼ਾਮਲ ਹਨ। ਇਸ ਫਿਲਮ ਨੂੰ ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਵੀ ਰਿਲੀਜ਼ ਕੀਤਾ ਗਿਆ ਹੈ।

ਇਸੇ ਦੌਰਾਨ ਰੋਸ ਪ੍ਰਦਰਸ਼ਨ ਦੌਰਾਨ ਇੰਦੌਰ ਵਿਚ ਇਤਰਾਜ਼ਯੋਗ ਨਾਅਰੇਬਾਜ਼ੀ ਕਰਨ ਦੇ ਦੋਸ਼ ਹੇਠ ਪੁਲਿਸ ਨੇ ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ। ਇਸ ਫਿਲਮ ਵਿਚ ਡਿੰਪਲ ਕਪਾਡੀਆ ਅਤੇ ਆਸ਼ੂਤੋਸ਼ ਰਾਣਾ ਦੀਆਂ ਵੀ ਅਹਿਮ ਭੂਮਿਕਾਵਾਂ ਹਨ। ਸ਼ਾਹਰੁਖ ਖਾਨ ਦੀ ਇਹ ਫਿਲਮ ਚਾਰ ਸਾਲ ਦੇ ਵਕਫੇ ਤੋਂ ਬਾਅਦ ਆਈ ਹੈ। ਇਸ ਤੋਂ ਪਹਿਲਾਂ 2018 ਵਿਚ ਉਸ ਦੀ ਫਿਲਮ ‘ਜ਼ੀਰੋ` ਆਈ ਸੀ। ਫਿਲਮ ਨੂੰ ਸ਼ੁਰੂਆਤ ਵਿਚ ਇੰਨਾ ਜ਼ਿਆਦਾ ਹੁੰਗਾਰਾ ਮਿਲਿਆ ਕਿ 300 ਸ਼ੋਅ ਹੋਰ ਵਧਾਉਣੇ ਪਏ।
ਭਾਰਤ ਵਿਚ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿਚ ਫਿਲਮ ‘ਪਠਾਨ` ਦਾ ਵਿਰੋਧ ਕੀਤਾ ਗਿਆ ਜਿਸ ਕਾਰਨ ਇੰਦੌਰ ਤੇ ਭੁਪਾਲ ਵਿਚ ਇਸ ਦੇ ਸਵੇਰ ਦੇ ਸ਼ੋਅ ਰੱਦ ਕਰਨੇ ਪਏੇ। ਰੋਸ ਪ੍ਰਦਰਸ਼ਨ ਕਰ ਰਹੀਆਂ ਜਥੇਬੰਦੀਆਂ ਅਨੁਸਾਰ ਫਿਲਮ ਦੇ ਗਾਣੇ ‘ਬੇਸ਼ਰਮ ਰੰਗ` ਨਾਲ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਭੁਪਾਲ ਵਿਚ ਰੋਸ ਪ੍ਰਦਰਸ਼ਨ ਕਰ ਰਹੇ ਬਜਰੰਗ ਦਲ ਦੇ ਕਾਰਕੁਨਾਂ ਨੇ ਰਾਜਮਹਿਲ ਸਿਨੇਮਾ ਹਾਲ ਦੇ ਪ੍ਰਬੰਧਕਾਂ ਨੂੰ ਫਿਲਮ ਦੇ ਪੋਸਟਰ ਹਟਾਉਣ ਲਈ ਮਜਬੂਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਫਿਲਮ ਦੇ ਪੋਸਟਰਾਂ ਨੂੰ ਪਾੜ ਵੀ ਦਿੱਤਾ। ਭੁਪਾਲ ਦੇ ਐਡੀਸ਼ਨਲ ਪੁਲਿਸ ਕਮਿਸ਼ਨਰ ਸਚਿਨ ਕੁਮਾਰ ਨੇ ਦੱਸਿਆ ਕਿ ਸਿਨੇਮਾ ਘਰਾਂ ਦੇ ਬਾਹਰ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਬਜਰੰਗ ਦਲ ਦੀ ਭੁਪਾਲ ਇਕਾਈ ਦੇ ਜਾਇੰਟ ਕਨਵੀਨਰ ਅਭਿਜੀਤ ਸਿੰਘ ਰਾਜਪੂਤ ਨੇ ਕਿਹਾ ਕਿ ਸੰਸਥਾ ਦੇ ਕਾਰਕੁਨਾਂ ਨੇ ਸ਼ਹਿਰ ਦੇ ਤਿੰਨ ਸਿਨੇਮਾ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤੇ ਹਨ ਤੇ ਪੋਸਟਰ ਹਟਾਏ। ਇਸੇ ਤਰ੍ਹਾਂ ਇਦੌਰ ਵਿਚ ਹਿੰਦੂ ਜਾਗਰਨ ਮੰਚ ਨੇ ਸਪਨਾ-ਸੰਗੀਤਾ ਸਿਨੇਮਾ ਹਾਲ ਅੱਗੇ ਰੋਸ ਪ੍ਰਦਰਸ਼ਨ ਕੀਤਾ। ਗਵਾਲੀਅਰ ਵਿਚ ਵੀ ਬਜਰੰਗ ਦਲ ਦੇ ਕਾਰਕੁਨਾਂ ਨੇ ਦੀਨਦਿਆਲ ਮਾਲ ‘ਚ ਸਥਿਤ ਮਲਟੀਪਲੈਕਸ ਦੇ ਸਾਹਮਣੇ ਰੋਸ ਪ੍ਰਦਰਸ਼ਨ ਦੌਰਾਨ ਫਿਲਮ ‘ਪਠਾਨ` ਦੀ ਸਕਰੀਨਿੰਗ ਰੋਕਣ ਦੀ ਮੰਗ ਕੀਤੀ।
ਫਰੀਦਾਬਾਦ ਦੇ ਇਕ ਸਿਨੇਮਾ ਹਾਲ ਅੰਦਰ ਬਜਰੰਗ ਦਲ ਨੇ ਤੋੜ-ਭੰਨ ਕੀਤੀ ਅਤੇ ਫਿਲਮ ਦੇ ਪੋਸਟਰ ਪਾੜ ਦਿੱਤੇ। ਬਜਰੰਗ ਦਲ ਦੇ ਕਾਰਕੁਨ ਮਥੁਰਾ ਰੋਡ ਸਥਿਤ ਆਈਨੈਕਸ ਮਾਲ ਵਿਚ ਬਣੇ ਪੀ.ਵੀ.ਆਰ. ਵਿਚ ਵੜ ਗਏ ਤੇ ਭੰਨ-ਤੋੜ ਕੀਤੀ। ਇਸੇ ਦੌਰਾਨ ਪੀ.ਵੀ.ਆਰ. ਦੇ ਪ੍ਰਬੰਧਕਾਂ ਨੇ ਦਰਸ਼ਕਾਂ ਨੂੰ ਤੁਰੰਤ ਬਾਹਰ ਕੱਢ ਦਿੱਤਾ। ਇਸ ਘਟਨਾ ਮਗਰੋਂ ਸ਼ਹਿਰ ਦੇ ਸਿਨੇਮਾ ਘਰਾਂ ਵਿਚ ਪੁਲਿਸ ਨੇ ਸੁਰੱਖਿਆ ਵਧਾ ਦਿੱਤੀ ਹੈ। ਸੀਤਾਪੁਰ ਦੇ ਮਲਟੀਪਲੈਕਸ ਵਿਚ ਫਿਲਮ ਦੀ ਸਕਰੀਨਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨੇ ਮਲਟੀਪਲੈਕਸ ਦੇ ਬਾਹਰ ਪੁਲਿਸ ਤਾਇਨਾਤ ਕੀਤੀ। ਇਸ ਫਿਲਮ ਦੇ ਵਿਰੋਧ ਵਿਚ ਰਾਸ਼ਟਰੀ ਹਿੰਦੂ ਸ਼ੇਰ ਸੈਨਾ ਨੇ ਵਿਰੋਧ ਪ੍ਰਦਰਸ਼ਨ ਕੀਤਾ ਸੀ।
ਉਧਰ, ਉਘੇ ਸੰਗੀਤਕਾਰ ਏ.ਆਰ. ਰਹਿਮਾਨ ਨੇ ਲੋਕਾਂ ਵੱਲੋਂ ਫਿਲਮਾਂ ਦੇਖੇ ਬਿਨਾ ਉਸ ਬਾਰੇ ਧਾਰਨਾਵਾਂ ਬਣਾਉਣ ਨੂੰ ‘ਮੰਦਭਾਗਾ` ਕਰਾਰ ਦਿੱਤਾ ਹੈ। ਸੰਗੀਤਕਾਰ ਨੇ ਕਿਹਾ, ‘‘ਇਹ ਮੰਦਭਾਗਾ ਹੈ ਕਿ ਲੋਕ ਬਿਨਾ ਫਿਲਮ ਦੇਖੇ ਹੀ ਉਸ ਬਾਰੇ ਅਨੁਮਾਨ ਲਾਉਂਦੇ ਹਨ।” ਰਹਿਮਾਨ ਨੇ ਰਾਜਕੁਮਾਰ ਸੰਤੋਸ਼ੀ ਦੀ ਫਿਲਮ ‘ਗਾਂਧੀ ਗੋਡਸੇ: ਏਕ ਯੁੱਧ` ਦਾ ਸੰਗੀਤ ਤਿਆਰ ਕੀਤਾ ਹੈ ਅਤੇ ਇਹ ਫਿਲਮ ਵੀ ਬਹਿਸ ਦਾ ਵਿਸ਼ਾ ਬਣੀ ਹੋਏ। ਕੁਝ ਲੋਕ ਇਹ ਦਲੀਲਾਂ ਦੇ ਰਹੇ ਹਨ ਕਿ ਇਹ ਫਿਲਮ ਮਹਾਤਮਾ ਗਾਂਧੀ ਦੀ ਵਿਰਾਸਤ ਨੂੰ ਖੋਖਲਾ ਕਰਨ ਅਤੇ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਨੂੰ ਵਡਿਆਉਣ ਦੀ ਕੋਸ਼ਿਸ਼ ਹੈ।
ਯਾਦ ਰਹੇ ਕਿ ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣ ਿਹੈ, ਫਿਲਮ ਸਨਅਤ ਨੂੰ ਫਿਰਕੂ ਆਧਾਰ ‘ਤੇ ਵੰਡ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਕੰਗਨਾ ਰਣੌਤ ਵਰਗੀ ਅਦਾਕਾਰਾ ਨੇ ਇਸ ਮਾਮਲੇ ਵਿਚ ਬੜਾ ਮਾੜਾ ਰੋਲ ਨਿਭਾਇਆ ਹੈ। ਫਿਲਮ ਸਨਅਤ ਨਾਲ ਜੁੜੇ ਸੰਜੀਦਾ ਲੋਕਾਂ ਦਾ ਆਖਣਾ ਹੈ ਕਿ ਇਸ ਤਰ੍ਹਾਂ ਕਰ ਕੇ ਨੁਕਸਾਨ ਸਿਰਫ ਫਿਲਮ ਸਨਅਤ ਦਾ ਹੀ ਹੋਵੇਗਾ। ਫਿਲਮਾਂ ਵਿਰੁਧ ਰੋਸ ਪ੍ਰਦਰਸ਼ਨ ਬਿਲਕੁਲ ਸਿਆਸਤ ਤੋਂ ਪ੍ਰੇਰਤ ਹਨ ਅਤੇ ਅਜਿਹੀਆਂ ਕਾਰਵਾਈਆਂ ਨੂੰ ਠੱਲ੍ਹ ਪੈਣੀ ਚਾਹੀਦੀ ਹੈ।
ਯਾਦ ਰਹੇ ਕਿ ਫਿਲਮ ‘ਪਠਾਨ’ ਦੀ ਨਾਇਕਾ ਦੀਪਿਕਾ ਪਾਦੂਕੋਣ ਨੇ ਦਿੱਲੀ ਵਿਚ ਵਿਦਿਆਰਥੀਆਂ ਦੇ ਅੰਦੋਲਨ ਦੀ ਹਮਾਇਤ ਕੀਤੀ ਸੀ ਜਿਸ ਕਾਰਨ ਕੱਟੜਪੰਥੀ ਉਸ ਦੇ ਮਗਰ ਪੈ ਗਏ ਅਤੇ ਉਸ ਦੀ ਹਰ ਫਿਲਮ ਦਾ ਵਿਰੋਧ ਕੀਤਾ ਗਿਆ। ਉਂਝ, ਇਸ ਦੌਰਾਨ ਇਕ ਹੋਰ ਨੁਕਤਾ ਵੀ ਸਾਹਮਣੇ ਆ ਰਿਹਾ ਹੈ। ਇਹ ਨੁਕਤਾ ਹੈ ਕਿ ਫਿਲਮ ‘ਪਠਾਨ’ ਮੂਲ ਰੂਪ ਵਿਚ ਸਥਾਪਤੀ ਦੇ ਹੱਕ ਵਿਚ ਭੁਗਤਦੀ ਹੈ। ਕੁੱਲ ਮਿਲਾ ਕੇ ਹੁਣ ਮਾਹੌਲ ਇਸ ਤਰ੍ਹਾਂ ਦਾ ਬਣਾ ਦਿੱਤਾ ਗਿਆ ਹੈ ਕਿ ਹਰ ਪਾਸੇ ਕੱਟੜਪੰਥੀਆਂ ਦੀ ਹੀ ਸਿਆਸਤ ਚੱਲ ਰਹੀ ਹੈ। ਘੱਟਗਿਣਤੀਆਂ ਨਾਲ ਜੁੜੇ ਲੋਕ ਆਪਣੀ ਦੇਸ਼ਭਗਤੀ ਸਾਬਤ ਕਰਦੇ-ਕਰਦੇ ਕੱਟੜਪੰਥੀਆਂ ਦੇ ਪਾਲੇ ਵਿਚ ਹੀ ਜਾ ਖੜ੍ਹੇ ਹੁੰਦੇ ਹਨ।