ਕਲਮਾਂ ਵਾਲੀਆਂ: ਮਨ ਦੀਆਂ ਸੈਣਤਾਂ ਦੀ ਕਹਾਣੀਕਾਰ ਸ਼ਰਨਜੀਤ ਕੌਰ

ਗੁਰਬਚਨ ਸਿੰਘ ਭੁੱਲਰ
ਫੋਨ: +9180763-63058
ਪਿੰਡ ਪਿਥੋ ਦੇ ਜੰਮਪਲ ਅਤੇ ਆਪਣੀ ਬਹੁਤੀ ਹਯਾਤੀ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਲੰਘਾਉਣ ਵਾਲੇ ਮਿਸਾਲੀ ਲਿਖਾਰੀ ਗੁਰਬਚਨ ਸਿੰਘ ਭੁੱਲਰ ਦਾ ਪੰਜਾਬੀ ਸਾਹਿਤ ਜਗਤ ਵਿਚ ਆਪਣਾ ਰੰਗ ਹੈ। ਉਨ੍ਹਾਂ ਆਪਣੇ ਪਲੇਠੇ ਨਾਵਲ ‘ਇਹੁ ਜਨਮੁ ਤੁਮਹਾਰੇ ਲੇਖੇ’ ਨਾਲ ਇਕੋ ਡਗੇ `ਤੇ ਪਿੰਡ ਲੁੱਟਣ ਵਰਗਾ ਕ੍ਰਿਸ਼ਮਾ ਵੀ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਉਹ ਵਾਰਤਕ ਪੁਸਤਕਾਂ ਦਾ ਢੇਰ ਲਾ ਰਹੇ ਹਨ। ਪੁਸਤਕਾਂ ਦਾ ਇਹ ਅਜਿਹਾ ਢੇਰ ਹੈ ਜਿਸ ਅੰਦਰ ਰਚਨਾਵਾਂ ਹੀਰੇ-ਮੋਤੀਆਂ ਵਾਂਗ ਪਰੋਈਆਂ ਮਿਲਦੀਆਂ ਹਨ। ਫਲਸਰੂਪ, ਉਨ੍ਹਾਂ ਦੀਆਂ ਲਿਖਤਾਂ ਪਾਠਕਾਂ ਦੇ ਜ਼ਿਹਨ ਅੰਦਰ ਸਹਿਜੇ ਹੀ ਲਹਿ-ਲਹਿ ਜਾਂਦੀਆਂ ਹਨ। ‘ਪੰਜਾਬ ਟਾਈਮਜ਼’ ਲਈ ਉਨ੍ਹਾਂ ਔਰਤ ਲਿਖਾਰੀਆਂ ਦੀ ਲੜੀ ‘ਕਲਮਾਂ ਵਾਲੀਆਂ’ ਨਾਂ ਹੇਠ ਭੇਜੀ ਹੈ, ਜਿਸ ਵਿਚ ਸਾਹਿਤ ਦੇ ਨਾਲ-ਨਾਲ ਜ਼ਿੰਦਗੀ ਦੇ ਹੋਰ ਬਹੁਤ ਸਾਰੇ ਪੱਖਾਂ ਬਾਰੇ ਗੱਲਾਂ-ਬਾਤਾਂ ਬਹੁਤ ਸਲੀਕੇ ਨਾਲ ਕੀਤੀਆਂ ਗਈਆਂ ਹਨ। ਇਹ ਲੜੀ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਲੜੀ ਦੇ ਬਾਰ੍ਹਵੇਂ ਪੂਰ ਵਿਚ ਉੱਘੀ ਕਹਾਣੀਕਾਰ ਸ਼ਰਨਜੀਤ ਕੌਰ ਬਾਰੇ ਗੱਲਾਂ ਹਨ।

ਜਦੋਂ ਮੈਂ ਇਹ ਲੇਖ ਲਿਖ ਰਿਹਾ ਸੀ, ਸ਼ਰਨਜੀਤ ਕੌਰ ਅਚਾਨਕ ਚਲੀ ਗਈ। ਬਦਕਿਸਮਤੀ ਨੂੰ ਮੇਰੇ ਇਸ ਲੇਖ ਵਿਚ ਉਹ ‘ਹੈ’ ਤੋਂ ‘ਸੀ’ ਬਣ ਗਈ। ਉਹਦੇ ਚਲਾਣੇ ਦੀ ਸੋਗੀ ਖ਼ਬਰ ਸੁਣਿਆਂ ਵੀ ਚੇਤੇ ਵਿਚ ਉਹਦਾ ਚਿਹਰਾ ਉੱਭਰਿਆ ਤਾਂ ਉਸੇ ਸਦੀਵੀ ਮੁਸਕਰਾਹਟ ਨਾਲ ਖਿੜਿਆ ਹੋਇਆ। ਉਹ ਚੰਡੀਗੜ੍ਹ ਦੇ ਸਾਹਿਤਕ ਜੋੜ-ਮੇਲਿਆਂ ਵਿਚ ਜ਼ਰੂਰ ਸ਼ਾਮਲ ਹੁੰਦੀ ਤੇ ਕੋਈ ਵੀ ਲੇਖਕ, ਜਿਸ ਨੂੰ ਉਹ ਕਦੀ ਮਿਲੀ ਹੋਵੇ, ਇਹ ਨਹੀਂ ਕਹਿ ਸਕਦਾ ਕਿ ਉਹ ਉਹਨੂੰ ਅਨਮੁਸਕਰਾਈ ਮਿਲੀ ਸੀ। ਮੁਸਕਰਾਉਣਾ ਉਹਦੀ ਬਾਹਰੀ ਆਦਤ ਨਹੀਂ ਸੀ, ਦਿਲ ਦਾ ਚਾਅ ਸੀ। ਇਨ੍ਹਾਂ ਚੰਦਰੇ ਦਿਨਾਂ ਵਿਚ ਉਹਦੇ ਬੀਮਾਰ ਹੋਣ ਦੀ ਸੋਅ ਤਾਂ ਕਿਥੋਂ ਮਿਲਣੀ ਸੀ, ਉਹਦੇ 12 ਸਤੰਬਰ ਨੂੰ ਹੋਏ ਚਲਾਣੇ ਦੀ ਖ਼ਬਰ ਵੀ ਚਾਰ ਦਿਨ ਪਛੜ ਕੇ 16 ਸਤੰਬਰ ਨੂੰ ਓਦੋਂ ਮਿਲੀ ਜਦੋਂ ਉਹ ਵਟਸਐਪ ਵਿਚ ਘੁੰਮਣ ਲੱਗੀ। ਕੁਦਰਤੀ ਸੀ ਕਿ ਇਕ ਸਮਕਾਲੀ ਸਾਹਿਤਕਾਰ ਦੀ ਸਿੱਧੀ ਚਲਾਣੇ ਦੀ ਖ਼ਬਰ, ਉਹ ਵੀ ਇਉਂ ਪਛੜ ਕੇ ਮਿਲਣ ਨਾਲ ਚਿੱਤ ਨੂੰ ਧੱਕਾ ਲਗਦਾ।
ਸ਼ਰਨਜੀਤ ਕੌਰ ਦੇ ਜੀਵਨ ਦਾ ਧੁਰਾ ਸਾਹਿਤ ਸੀ। ਕਲਮ ਉਹਦਾ ਸ਼ੌਕ ਵੀ ਸੀ ਤੇ ਸਹਾਰਾ ਵੀ ਜੋ ਉਹਨੂੰ ਸਭ ਦੁੱਖ-ਤਕਲੀਫ਼ਾਂ ਭੁਲਾ ਦਿੰਦਾ ਸੀ। ਉਹਨੇ ਪੀ-ਐਚ. ਡੀ. ਤੱਕ ਪੜ੍ਹਾਈ ਕੀਤੀ ਹੋਈ ਸੀ ਤੇ ਉਹਨੂੰ ਆਪਣੀ ਸਾਹਿਤਕ ਜਾਣਕਾਰੀ ਦਾ ਤੇ ਰਚਨਾਕਾਰ ਵਜੋਂ ਸਮਰੱਥਾ ਦਾ ਜਾਇਜ਼ ਮਾਣ ਸੀ। ਜਦੋਂ ਕਦੀ ਫੋਨ ’ਤੇ ਮੇਲ ਹੁੰਦਾ, ਉਹ ਬਾਕੀ ਗੱਲਾਂ ਮੁਕਾ ਕੇ ਝੱਟ ਲਿਖਣ-ਪੜ੍ਹਨ ਤੱਕ ਪਹੁੰਚ ਜਾਂਦੀ। ਅਜੇ ਕੁਝ ਹੀ ਦਿਨ ਪਹਿਲਾਂ ਉਹਦਾ ਫੋਨ ਆਇਆ ਕਿ ਇਕ ਸਲਾਹ ਲੈਣੀ ਹੈ। ਕਹਿਣ ਲੱਗੀ, “ਯਾਦ ਹੈ, ਤੁਸੀਂ ਲਿਖਿਆ ਸੀ ਕਿ ‘ਅਜੇ ਤਾਂ, ਪਤਾ ਨਹੀਂ ਕਿਉਂ ਸ਼ਰਨਜੀਤ ਕੌਰ ਨੇ ਆਪਣੇ ਕੀਤੇ ਰੀਵਿਊਆਂ ਦੇ ਸੰਗ੍ਰਹਿ ਕਰਨੇ ਸ਼ੁਰੂ ਨਹੀਂ ਕੀਤੇ! ਜਿਸ ਦਿਨ ਉਹਨੂੰ ਇਸ ਗੱਲ ਦੀ ਯਾਦ ਜਾਂ ਸਮਝ ਆ ਗਈ, ਵੱਡੀਆਂ-ਵੱਡੀਆਂ ਕਈ ਪੁਸਤਕਾਂ ਦੀ ਲੜੀ ਬਣ ਜਾਵੇਗੀ।’ ਇਹ ਕੰਮ ਤੁਸੀਂ ਹੀ ਯਾਦ ਕਰਵਾਇਆ ਹੈ। ਮੈਂ ਕੋਈ ਇਕ ਹਜ਼ਾਰ ਕਿਤਾਬਾਂ ਦੇ ਰੀਵਿਊ ਕੀਤੇ ਹੋਏ ਨੇ, ਜਿਨ੍ਹਾਂ ਵਿਚੋਂ ਕੁਝ ਤਾਂ ਛੋਟੇ-ਵੱਡੇ ਲੇਖ ਨੇ। ਛਪੇ ਹੋਏ ਡੇਢ ਹਜ਼ਾਰ ਪੰਨੇ ਬਣ ਜਾਣਗੇ। ਇਕ ਜਿਲਦ ਵਿਚ ਛਪ ਨਹੀਂ ਸਕਦੇ। ਸਮਾਂ-ਵੰਡ ਕਰ ਕੇ ਕਈ ਜਿਲਦਾਂ ਵਿਚ ਛਾਪਿਆਂ ਪਹਿਲੀਆਂ ਜਿਲਦਾਂ ਦੀਆਂ ਲਿਖਤਾਂ ਬਹੁਤ ਪੁਰਾਣੀਆਂ ਲੱਗਣਗੀਆਂ। ਹੁਣ ਗੱਲ ਨੂੰ ਕਿਸੇ ਰਾਹ ਪਾਉਣ ਦੀ ਜ਼ਿੰਮੇਵਾਰੀ ਤੁਹਾਡੀ ਹੈ।”
ਮੈਂ ਸਲਾਹ ਦਿੱਤੀ ਕਿ ਉਹ ਲਿਖਤਾਂ ਦੀ ਵੰਡ ਸਮੇਂ ਅਨੁਸਾਰ ਨਾ ਕਰੇ, ਵਿਧਾ ਅਨੁਸਾਰ ਕਰੇ। ਕਵਿਤਾ ਦੇ ਰੀਵਿਊ ਇਕ ਜਿਲਦ ਵਿਚ, ਕਹਾਣੀ ਦੇ ਇਕ ਵਿਚ ਤੇ ਇਉਂ ਹੀ ਨਾਵਲਾਂ, ਸਫ਼ਰਨਾਮਿਆਂ, ਵਾਰਤਿਕ, ਆਲੋਚਨਾ ਆਦਿ ਦੇ ਰੀਵਿਊ। ਇਉਂ ਸਭ ਕਿਤਾਬਾਂ 2020 ਤੱਕ ਆ ਪਹੁੰਚਣਗੀਆਂ ਤੇ ਪਾਠਕ ਨੂੰ ਵਿਚੋਂ ਕੋਈ ਵੀ ਪੁਰਾਣੀ ਤੇ ਬੇਹੀ ਨਹੀਂ ਲੱਗੇਗੀ। ਮੇਰੀ ਗੱਲ ਸੁਣ ਕੇ ਉਹਨੇ ਸੁਖ ਦਾ ਸਾਹ ਲਿਆ ਅਤੇ ਸੰਤੁਸ਼ਟ ਵੀ ਹੋਈ ਤੇ ਖ਼ੁਸ਼ ਵੀ। ਕਹਿੰਦੀ, “ਤੁਸੀਂ ਮੈਨੂੰ ਮੁਸ਼ਕਿਲ ਵਿਚੋਂ ਕੱਢ ਕੇ ਵਧੀਆ ਰਾਹ ਦਿਖਾ ਦਿੱਤਾ, ਮੈਂ ਅੱਜ ਹੀ ਕੰਮ ਸ਼ੁਰੂ ਕਰ ਦਿੰਦੀ ਹਾਂ।” ਇਹ ਗੱਲ ਏਨੀ ਸੱਜਰੀ ਹੈ ਕਿ ਪਤਾ ਨਹੀਂ ਉਹਨੂੰ ਕੰਮ ਸ਼ੁਰੂ ਕਰਨ ਦਾ ਸਮਾਂ ਵੀ ਮਿਲਿਆ ਹੋਣਾ ਹੈ ਕਿ ਨਹੀਂ।
ਉਹ ਕਈ ਦਹਾਕਿਆਂ ਤੋਂ ਲਗਾਤਾਰ ਲਿਖਦੀ ਆ ਰਹੀ ਅਨੁਭਵੀ ਪੰਜਾਬੀ ਲੇਖਿਕਾ ਸੀ। ਕੋਈ ਤਿੰਨ ਦਹਾਕੇ ਪਹਿਲਾਂ ਦੀ ਗੱਲ ਹੈ ਜਦੋਂ ਮੈਂ ਉਸ ਦੇ ਨਾਂ ਤੋਂ ਜਾਣੂ ਹੋਇਆ ਸੀ। ਹੋਰ ਲੇਖਕਾਂ ਦੀਆਂ ਪੁਸਤਕਾਂ ਦੇ ਉਸ ਦੇ ਕੀਤੇ ਹੋਏ ਛੋਟੇ-ਵੱਡੇ ਰੀਵਿਊ ਜਾਂ ਲੇਖ ਛਪਦੇ। ਉਸ ਦੀਆਂ ਆਪਣੀਆਂ ਕਵਿਤਾਵਾਂ, ਕਹਾਣੀਆਂ ਤੇ ਮਿੰਨੀ ਕਹਾਣੀਆਂ ਛਪਦੀਆਂ। ਇਸ ਨਾਤੇ ਕੁਦਰਤੀ ਸੀ ਕਿ ਚਾਹੇ ਕੋਈ ਪੁਸਤਕਾਂ ਦਾ ਪਾਠਕ ਹੋਵੇ ਜਾਂ ਅਖ਼ਬਾਰਾਂ-ਰਸਾਲਿਆਂ ਦਾ, ਉਹ ਇਸ ਨਾਂ ਤੋਂ ਅਨਜਾਣ ਨਹੀਂ ਸੀ ਰਹਿ ਸਕਦਾ।
ਉਸ ਨਾਲ ਮੇਰੀ ਸਿੱਧੀ ਜਾਣ-ਪਛਾਣ ਦਾ ਪੁਲ਼ ਵੀ ਇਹ ਰੀਵਿਊ ਹੀ ਬਣੇ। ਇਹ ਉਸ ਵੇਲ਼ੇ ਦੀ ਗੱਲ ਹੈ ਜਦੋਂ 1998 ਵਿਚ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਬਣ ਕੇ ਚੰਡੀਗੜ੍ਹ ਪਹੁੰਚਿਆ। ਮੈਂ ਸੰਪਾਦਕੀ ਬੂਹੇ ਤੋਂ ਉਹ ਪਰਚੀਆਂ ਚੁਕਵਾ ਦਿੱਤੀਆਂ ਸਨ ਜਿਨ੍ਹਾਂ ਵਿਚੋਂ ਇਕ ਲੈ ਕੇ ਪਹਿਲਾਂ ਆਉਣ ਵਾਲ਼ੇ ਨੂੰ ਆਪਣਾ ਨਾਂ ਅੰਦਰ ਭੇਜਣਾ ਪੈਂਦਾ ਸੀ। ਸੰਪਾਦਕ ਕੋਲ਼ ਆਉਣ ਵਾਲ਼ਾ ਲੇਖਕ ਹੋਵੇਗਾ, ਪੱਤਰਕਾਰ ਜਾਂ ਪਾਠਕ, ਆਪਣੇ ਹੀ ਸ਼ਬਦ-ਆਧਾਰਿਤ ਪਰਿਵਾਰ ਦੇ ਜੀਅ ਨੂੰ ਅੰਦਰ ਆਉਣ ਦੇਣ ਤੋਂ ਪਹਿਲਾਂ ਉਸ ਤੋਂ ਪਰਚੀ ਮੰਗ ਕੇ ਉਸ ਦੀ ਪਛਾਣ ਪੁੱਛਣੀ ਮੈਨੂੰ ਅਜੀਬ ਲੱਗੀ, ਸਗੋਂ ਆਉਣ ਵਾਲ਼ੇ ਦਾ ਨਿਰਾਦਰ ਲੱਗੀ।
ਇਕ ਦਿਨ ਬੂਹਾ ਖੁੱਲ੍ਹਿਆ ਤੇ ਇਕ ਸੁਆਣੀ ਅੰਦਰ ਆਈ। ਲਿਖਤਾਂ ਨਾਲ਼ ਛਪਦੀਆਂ ਰਹੀਆਂ ਤਸਵੀਰਾਂ ਸਦਕਾ ਉਹ ਜਾਣੀ ਹੋਈ ਤਾਂ ਲੱਗੀ ਪਰ ਨਾਂ ਪਕੜ ਵਿਚ ਨਾ ਆਇਆ। ਮੈਨੂੰ ਬੇਪਛਾਣਿਆਂ ਵਾਂਗ ਦੇਖਦਾ ਦੇਖ ਕੇ ਉਹ ਮੁਸਕਰਾਈ, “ਇੰਜ ਬੇਗਾਨਿਆਂ ਵਾਂਗ ਕੀ ਪਏ ਵਿੰਹਦੇ ਹੋ, ਮੈਂ ਸ਼ਰਨਜੀਤ ਕੌਰ ਹਾਂ, ਤੁਹਾਡੇ ਅਖ਼ਬਾਰ ਦੀ ਲੇਖਕ!”
ਮੈਂ ਜਵਾਬ ਦਿੱਤਾ, “ਤੁਸੀਂ ਪੰਜਾਬੀ ਦੀ ਜਾਣੀ-ਪਛਾਣੀ ਲੇਖਿਕਾ ਹੋ, ਆਪਣੇ ਆਪ ਨੂੰ ਮੇਰੇ ਅਖ਼ਬਾਰ ਤੱਕ ਕਿਉਂ ਸੀਮਤ ਕਰਦੇ ਹੋ?”
ਇਸ ਇਕੋ ਵਾਰਤਾਲਾਪ ਸਦਕਾ ਅਸੀਂ ਜਿਵੇਂ ਇਕ ਦੂਜੇ ਦੇ ਚਿਰਾਂ ਦੇ ਜਾਣੂ ਲੇਖਕ ਬਣ ਗਏ। ਉਸ ਦਿਨ ਉਹ ਤਿੰਨ ਪੁਸਤਕਾਂ ਦੇ ਰੀਵਿਊ ਦੇਣ ਆਈ ਸੀ। ਜਾਣ ਲੱਗਿਆਂ ਬੋਲੀ, “ਮੇਰਾ ਬੜਾ ਪੁਰਾਣਾ ਰਿਸ਼ਤਾ ਏ ਇਸ ਅਖ਼ਬਾਰ ਨਾਲ। ਇਹ ਰੀਵਿਊ ਫ਼ਾਈਲ ਵਿਚ ਨਾ ਰੱਖ ਛੋਡਨੇ, ਛੇਤੀ ਛਾਪ ਦੇਣੇ।” ਏਨੇ ਨੂੰ ਉਸ ਨੂੰ ਅਗਲੀ ਗੱਲ ਚੇਤੇ ਆ ਗਈ, “ਹਾਂ ਸੱਚ, ਪਿੱਛੂੰ ਭੇਜਦੇ ਫਿਰਸੋਂ, ਰੀਵਿਊ ਲਈ ਹੋਰ ਪੁਸਤਕਾਂ ਹੁਣੇ ਹੀ ਦੇ ਛੋਡੋ ਨਾ!”
ਮੈਨੂੰ ਉਹ ਦੂਰਦਰਸ਼ੀ ਲੱਗੀ ਤੇ ਉਸ ਦੀ ਗੱਲ ਸਿਆਣੀ ਲੱਗੀ। ਮੈਂ ਤੂੜੀ ਦੇ ਵੱਡੇ ਢੇਰ ਵਿਚੋਂ ਕੁਝ ਦਾਣੇ ਲੱਭ ਕੇ ਉਸ ਦੇ ਹਵਾਲੇ ਕਰ ਦਿੱਤੇ। ਇਸ ਪਿੱਛੋਂ ਪੁਸਤਕਾਂ ਲੈਣ ਤੇ ਰੀਵਿਊ ਜਾਂ ਕੋਈ ਹੋਰ ਰਚਨਾ ਦੇਣ ਵਾਸਤੇ ਆਉਣ ਦਾ ਉਸ ਦਾ ਸਿਲਸਿਲਾ ਲਗਾਤਾਰ ਬਣਿਆ ਰਿਹਾ। ਇਸ ਆਉਣ-ਜਾਣ ਨਾਲ਼ ਛੇਤੀ ਹੀ ਇਕ ਘੁੰਡੀ ਹੋਰ ਜੁੜ ਗਈ। ਪਿਛਲੀ ਮੁਲਾਕਾਤ ਤੋਂ ਮਗਰੋਂ ਸਿਰਫ਼ ‘ਪੰਜਾਬੀ ਟ੍ਰਿਬਿਊਨ’ ਵਿਚ ਹੀ ਨਹੀਂ, ਹੋਰ ਕਿਤੇ ਵੀ ਉਸ ਦੀ ਕੋਈ ਰਚਨਾ ਛਪ ਗਈ ਹੁੰਦੀ, ਉਹ ਆਉਂਦੀ ਤਾਂ ਇਮਤਿਹਾਨੀ ਪਰਚਾ ਪਾਉਂਦੀ, “ਮੇਰੀ ਉਹ ਰਚਨਾ ਪੜ੍ਹ ਲਈ ਸੀ ਨਾ? ਕੇਹੋ ਜਿਹੀ ਲੱਗੀ?” ਅਜਿਹੇ ਮੌਕੇ ਨਾਂਹ ਕਹਿਣ ਦੇ ਦੁਰਪ੍ਰਭਾਵ ਦਾ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ। ਇਸ ਕਰਕੇ ਉਸ ਦੀ ਅਗਲੀ ਫੇਰੀ ਤੋਂ ਪਹਿਲਾਂ ਉਸ ਦੀਆਂ ਉਹ ਸਭ ਰਚਨਾਵਾਂ ਪੜ੍ਹ ਲੈਣ ਵਿਚ ਹੀ ਭਲਾ ਹੁੰਦਾ ਸੀ ਜੋ ਉਸ ਦੀ ਪਿਛਲੀ ਫੇਰੀ ਤੋਂ ਮਗਰੋਂ ਛਪੀਆਂ ਹੁੰਦੀਆਂ ਸਨ।
ਦੋ ਕੁ ਸਾਲ ਪਹਿਲਾਂ ਉਹਨੇ ਸੱਤਵੇਂ ਕਹਾਣੀ-ਸੰਗ੍ਰਹਿ ‘…ਤੇ ਜੀਨੀ ਜਿੱਤ ਗਈ’ ਦਾ ਖਰੜਾ ਤਿਆਰ ਕੀਤਾ ਤੇ ਕੋਈ ਗੱਲ ਕੀਤੇ ਬਿਨਾਂ, ਕੁਝ ਦੱਸੇ-ਪੁੱਛੇ ਬਿਨਾਂ ਕੋਰੀਅਰ ਕਰਵਾ ਕੇ ਮੈਨੂੰ ਭੇਜ ਦਿੱਤਾ। ਨਾਲ ਇਸ ਭਾਵ ਦੀ ਚਿੱਠੀ ਸੀ ਕਿ ਮੈਂ ਛੇਤੀ ਹੀ ਇਸ ਦਾ ਮੁੱਖਬੰਦ ਲਿਖ ਕੇ ਉਹਨੂੰ ਖਰੜੇ ਸਮੇਤ ਕੋਰੀਅਰ ਕਰਵਾ ਦੇਵਾਂ। ਉਹਦੇ ਪਹਿਲਾਂ ਛਪੇ ਛੇ ਕਹਾਣੀ-ਸੰਗ੍ਰਹਿਆਂ ਨਾਲ ਹੁਣ ਇਹ ਸੱਤਵਾਂ ਜੁੜਨ ਲਗਿਆ ਸੀ। ਛੇ ਕਹਾਣੀ-ਸੰਗ੍ਰਹਿਆਂ ਵਿਚ ਸੱਤ ਪੁਸਤਕਾਂ ਹੋਰ ਵਿਧਾਵਾਂ ਦੀਆਂ ਮਿਲਾ ਕੇ ਉਹਦੀਆਂ ਤੇਰਾਂ ਪ੍ਰਕਾਸ਼ਿਤ ਪੁਸਤਕਾਂ ਮਗਰੋਂ ਇਹ ਚੌਧਵੀਂ ਸੀ।
ਕਿਸੇ ਪੁਸਤਕ ਅੱਗੇ ਲਿਖੇ ਗਏ ਮੁੱਖ-ਸ਼ਬਦਾਂ ਦਾ ਮੁੱਖ ਮਨੋਰਥ ਪਾਠਕਾਂ ਨੂੰ ਉਸ ਪੁਸਤਕ ਬਾਰੇ ਤੇ ਉਸ ਦੇ ਲੇਖਕ ਬਾਰੇ ਜਾਣਕਾਰੀ ਦੇ ਕੇ ਪੜ੍ਹਨ ਲਈ ਪ੍ਰੇਰਨਾ ਹੁੰਦਾ ਹੈ। ਪਰ ਦਹਾਕਿਆਂ ਤੋਂ ਲਿਖਦੀ ਆ ਰਹੀ ਇਸ ਲੇਖਿਕਾ ਦਾ ਆਪਣਾ ਪਾਠਕ-ਸਮੂਹ ਸੀ, ਜਿਸ ਨੂੰ ਇਹ ਦੱਸਣ ਦੀ ਕੋਈ ਲੋੜ ਨਹੀਂ ਸੀ ਰਹਿ ਜਾਂਦੀ ਕਿ ਇਹ ਲੇਖਿਕਾ ਕੌਣ ਹੈ ਤੇ ਉਸ ਦੀ ਇਸ ਪੁਸਤਕ ਤੋਂ ਉਹ ਕੀ ਆਸ ਰੱਖ ਸਕਦੇ ਹਨ।
ਇਹ ਉਸ ਦੀ ਕੋਈ ਪਹਿਲੀ ਪੁਸਤਕ ਤਾਂ ਹੈ ਨਹੀਂ ਸੀ, ਚੌਧਵੀਂ ਮੌਲਕ ਪੁਸਤਕ ਸੀ। ਲਿਖਣਾ ਉਸ ਨੇ ਕਾਲਜ-ਮੈਗ਼ਜ਼ੀਨ ਤੋਂ ਸ਼ੁਰੂ ਕੀਤਾ। 1977-78 ਵਿਚ ਉਸ ਦੀਆਂ ਲਿਖਤਾਂ ਅਖ਼ਬਾਰਾਂ-ਰਸਾਲਿਆਂ ਵਿਚ ਛਪਣ ਲੱਗ ਗਈਆਂ। 1980 ਵਿਚ ਛਪੇ ਪਹਿਲੇ ਕਹਾਣੀ-ਸੰਗ੍ਰਹਿ ‘ਆਪਣੀ ਛਾਂ’ ਨਾਲ਼ ਉਹ ਸਾਹਿਤਕ ਪੰਧ ਦੀ ਨਿਰੰਤਰ ਯਾਤਰੀ ਬਣ ਗਈ। ਇਸ ਪਿੱਛੋਂ ਉਹਦੇ ਪੰਜ ਹੋਰ ਕਹਾਣੀ-ਸੰਗ੍ਰਹਿਆਪਣਾ ਅਕਸ, ਸੁੱਕੇ ਅੱਥਰੂ, ਦ੍ਰਿਸ਼ਟ-ਅਦ੍ਰਿਸ਼ਟ, …ਤੇ ਹਿਨਾ ਚਲੀ ਗਈ, ਬੰਦ ਬੂਹੇ ਪਿੱਛੇਪ੍ਰਕਾਸ਼ਿਤ ਹੋਏ। ਇਨ੍ਹਾਂ ਪਹਿਲਾਂ ਛਪੇ ਛੇ ਕਹਾਣੀ-ਸੰਗ੍ਰਹਿਆਂ ਨਾਲ ਹੁਣ ਇਹ ਸੱਤਵਾਂ ਜੁੜਨ ਲਗਿਆ ਸੀ। ਇਨ੍ਹਾਂ ਦੇ ਨਾਲ-ਨਾਲ ਹੀ ਇਕ ਨਾਵਲ ‘ਦੁੱਧੀਂ ਦਰਦਾਂ’, ਚਾਰ ਬਾਲ-ਪੁਸਤਕਾਂ ‘ਨਿੱਕਾ ਹਾਂ ਪਰ ਸੋਚ ਹੈ ਵੱਡੀ’, ‘ਇੱਜ਼ਤ ਕਰੋ ਤੇ ਕਰਾਓ’, ‘ਪਾਲੋ ਪੜ੍ਹ ਗਈ’ ਤੇ ‘ਪੈਰਾਂ ਤੇ ਨਹੀਂ ਆਪਣੇ ਹੱਥਾਂ ਤੇ ਖਲੋਤੀ ਅਪੰਗ ਨਿੱਕੀ’ ਅਤੇ ਦੋ ਪੁਸਤਕਾਂ ਆਲੋਚਨਾ ਦੀਆਂ ‘ਹੁਣ ਪੰਜਾਬੀ ਦਾ ਮੁਦੱਈ ਡੈਨਮਾਰਕ ਵਿਚ’ ਤੇ ‘ਔਰਤ ਤੋਂ ਔਰਤ ਤੱਕ ਦਾ ਸਫ਼ਰ’ ਰਲ਼ ਗਈਆਂ। ਅਜੇ ਤਾਂ, ਪਤਾ ਨਹੀਂ ਕਿਉਂ ਉਸ ਨੇ ਆਪਣੇ ਕੀਤੇ ਰੀਵਿਊਆਂ ਦੇ ਸੰਗ੍ਰਹਿ ਕਰਨੇ ਸ਼ੁਰੂ ਨਹੀਂ ਸਨ ਕੀਤੇ! ਜੇ ਉਹਨੂੰ ਇਸ ਗੱਲ ਦੀ ਯਾਦ ਜਾਂ ਸਮਝ ਆ ਜਾਂਦੀ, ਵੱਡੀਆਂ-ਵੱਡੀਆਂ ਕਈ ਪੁਸਤਕਾਂ ਦੀ ਲੜੀ ਬਣ ਜਾਣੀ ਸੀ। ਇਕ ਹਜ਼ਾਰ ਦੇ ਕਰੀਬ ਪੁਸਤਕਾਂ ਦੇ ਰੀਵਿਊ ਜਾਂ ਲੇਖ ਉਹ ਛਪਵਾ ਚੁੱਕੀ ਸੀ। ਇਉਂ ਇਹ ਮਸਾਲਾ ਡੇਢ ਹਜ਼ਾਰ ਜਾਂ ਸ਼ਾਇਦ ਇਸ ਤੋਂ ਵੀ ਵੱਧ ਪੰਨਿਆਂ ਦਾ ਤਾਂ ਹੋ ਹੀ ਜਾਣਾ ਸੀ।
ਮੈਂ ਪੁਸਤਕਾਂ ਪੜ੍ਹਨਾ ਬਹੁਤ ਘੱਟ ਕਰ ਦਿੱਤਾ ਹੋਇਆ ਸੀ। ਮੈਂ ਬੜੇ ਬਹਾਨੇ ਲਾਏ ਤੇ ਕਿਹਾ ਕਿ ਹੁਣ ਤੈਨੂੰ ਲੋਕਾਂ ਦੀਆਂ ਕਿਤਾਬਾਂ ਦੇ ਮੁੱਖਬੰਦ ਲਿਖਣੇ ਚਾਹੀਦੇ ਹਨ ਕਿ ਆਪਣੀ ਚੌਧਵੀਂ ਕਿਤਾਬ ਦਾ ਵੀ ਮੁੱਖਬੰਦ ਲਿਖਾਉਣਾ ਚਾਹੀਦਾ ਹੈ!
ਉਹ ਹੱਸੀ, “ਤੁਸਾਂ ਦੇ ਇਨ੍ਹਾਂ ਬਹਾਨਿਆਂ ਦਾ ਸ਼ਰਨਜੀਤ ਕੌਰ ਉੱਤੇ ਕੋਈ ਅਸਰ ਨਹੀਂ ਹੋਵਣ ਵਾਲ਼ਾ।”
ਮੈਂ ਸਮਝਾਇਆ, “ਅਜਿਹੇ ਕੋਈ ਸਬੂਤ ਜਾਂ ਅੰਕੜੇ ਨਹੀਂ ਮਿਲਦੇ ਜਿਨ੍ਹਾਂ ਤੋਂ ਪਤਾ ਲੱਗੇ ਕਿ ਕਿਸੇ ਪੁਸਤਕ ਦੇ ਰੀਵਿਊ ਤੋਂ ਪ੍ਰਭਾਵਿਤ ਹੋ ਕੇ ਐਨੇ ਪਾਠਕ ਉਹਦੇ ਖ਼ਰੀਦਾਰ ਬਣ ਗਏ। ਤਦ ਵੀ ਇਹ ਮੰਨਿਆ ਜਾ ਸਕਦਾ ਹੈ ਕਿ ਰੀਵਿਊ ਨਾਲ ਲੇਖਕ ਦਾ ਕੁਝ ਪਾਠਕਾਂ ਤੱਕ ਇਹ ਜਾਣਕਾਰੀ ਪੁਜਦੀ ਕਰਨ ਦਾ ਮਤਲਬ ਜ਼ਰੂਰ ਪੂਰਾ ਹੋ ਜਾਂਦਾ ਹੈ ਕਿ ਅਮਕੇ ਲੇਖਕ ਦੀ ਅਮਕੀ ਪੁਸਤਕ ਛਪੀ ਹੈ। ਪਰ ਮੁੱਖ-ਸ਼ਬਦ ਤਾਂ ਇਹ ਮਤਲਬ ਵੀ ਪੂਰਾ ਨਹੀਂ ਕਰਦੇ ਕਿਉਂਕਿ ਰੀਵਿਊ ਤਾਂ ਆਦਤਨ ਪੜ੍ਹੇ ਜਾਂਦੇ ਅਖ਼ਬਾਰਾਂ-ਰਸਾਲਿਆਂ ਵਿਚ ਹੋਣ ਕਾਰਨ ਪਾਠਕ ਦੀ ਨਜ਼ਰ ਆਪੇ ਹੀ ਪੈ ਜਾਂਦੇ ਹਨ ਪਰ ਮੁੱਖ-ਸ਼ਬਦਾਂ ਤੱਕ ਤਾਂ ਪਾਠਕ ਤਦ ਪੁੱਜੇਗਾ ਜੇ ਉਹ ਪਹਿਲਾਂ ਪੁਸਤਕ ਤੱਕ ਪੁੱਜੇਗਾ। ਤੇ ਜੇ ਉਹਨੇ ਖ਼ਰੀਦ ਕੇ, ਮੋੜਨ ਜਾਂ ਮੁਕਰਨ ਦੇ ਇਰਾਦੇ ਨਾਲ ਮੰਗ ਕੇ ਜਾਂ ਫੇਰ ਚੋਰੀ ਕਰ ਕ ਪੁਸਤਕ ਹਾਸਲ ਕਰ ਹੀ ਲਈ ਹੈ, ਫੇਰ ਮੁੱਖਬੰਦ ਦੀ ਪੁਸਤਕ ਨੂੰ ਪਾਠਕ ਤੱਕ ਪੁਜਦੀ ਕਰਨ ਵਿਚ ਤਾਂ ਕੋਈ ਭੂਮਿਕਾ ਹੋਈ ਨਾ!
ਇਸ ਸਾਰੇ ਪ੍ਰਵਚਨ ਮਗਰੋਂ ਬੇਨਤੀ ਕੀਤੀ ਕਿ ਮੁੱਖ-ਸ਼ਬਦਾਂ ਦੇ ਛਲੀਏ ਮੋਹ ਵਿਚ ਪੈਣ ਦੀ ਥਾਂ ਉਹ ਸਿਰਫ਼ ਆਪਣੀਆਂ ਕਹਾਣੀਆਂ ਦਾ ਖਰੜਾ ਤਿਆਰ ਕਰ ਕੇ ਪ੍ਰਕਾਸ਼ਕ ਦੇ ਹਵਾਲੇ ਕਰ ਦੇਵੇ। ਪਰ ਲੇਖਿਕਾ-ਹੱਠ ਦਾ ਕੋਈ ਕੀ ਕਰੇ! ਉਹਦਾ ਫ਼ੈਸਲਾ ਅਟੱਲ ਸੀ, “ਮੈਂ ਤੇ ਇਸ ਕਹਾਣੀ-ਸੰਗ੍ਰਹਿ ਦਾ ਮੁੱਖਬੰਦ ਤੁਸਾਂ ਤੋਂ ਲਿਖਾਵਣਾ ਹੀ ਲਿਖਾਵਣਾ ਏ, ਨਹੀਂ ਤੇ ਕਹਾਣੀਆਂ ਅਲਮਾਰੀ ਵਿਚ ਸੁੱਟ ਦੇਸਾਂ ਤੇ ਇਹ ਪੁਸਤਕ ਛਪਾਵਣ ਦਾ ਇਰਾਦਾ ਸਦਾ ਸਦਾ ਵਾਸਤੇ ਛੋਡ ਦੇਸਾਂ!” ਇਹ ਧਮਕੀ ਬੜੀ ਸਖ਼ਤ ਸੀ ਤੇ ਨਾਲ ਹੀ ਇਸ ਵਿਚ ਉਹਦੀ ਸੁਭਾਵਿਕ ਅਪਣੱਤ ਵੀ ਸੀ ਤੇ ਹੱਕ-ਜਤਾਈ ਵੀ ਸੀ। ਅਜਿਹੀ ਭਾਵਨਾ ਦਾ ਨਿਰਾਦਰ ਕਰਨਾ ਮੁਸ਼ਕਿਲ ਦੇਖ ਕੇ ਆਖ਼ਰ ਮੈਨੂੰ ਝੁਕਣਾ ਪਿਆ!
ਹੁਣ ਮੇਰੇ ਸਾਹਮਣੇ ਮਸਲਾ ਇਹ ਸੀ ਕਿ ਸ਼ਰਨਜੀਤ ਵਰਗੀ ਚੰਗੀ, ਇਨਸਾਨ ਵਜੋਂ ਵੀ ਚੰਗੀ ਤੇ ਲੇਖਿਕਾ ਵਜੋਂ ਵੀ ਚੰਗੀ, ਸਮਕਾਲਨ ਦੀ ਪੁਸਤਕ ਦੇ ਮੁੱਖ-ਸ਼ਬਦਾਂ ਵਿਚ ਪਾਠਕਾਂ ਨੂੰ ਇਹ ਸਵੈ-ਸਪੱਸ਼ਟ ਸੁਨੇਹਾ ਦੇਣਾ ਹਾਸੋਹੀਣਾ ਹੋਣਾ ਸੀ ਕਿ ਉਹਨੇ ਵਧੀਆ ਕਹਾਣੀਆਂ ਲਿਖੀਆਂ ਹਨ, ਤੁਸੀਂ ਜ਼ਰੂਰ ਪੜ੍ਹੋ! ਪਰ ਮੈਂ ਇਹ ਵੀ ਨਹੀਂ ਸੀ ਚਾਹੁੰਦਾ ਕਿ ਮੁੱਖ-ਸ਼ਬਦ ਲਿਖਣੋਂ ਮੇਰੀ ਆਨਾਕਾਨੀ ਕਾਰਨ ਸ਼ਰਨਜੀਤ ਕਹਾਣੀਆਂ ਚੁੱਕ ਕੇ ਸੱਚਮੁੱਚ ਅਲਮਾਰੀ ਵਿਚ ਪਟਕ ਦੇਵੇ ਤੇ ਹਰ ਪੰਜਵੇਂ-ਸੱਤਵੇਂ ਦਿਨ ਫੋਨ ਕਰ ਕੇ ਮਿਹਣੇ ਦਿੰਦੀ ਰਹੇ, “ਤੁੱਸਾਂ ਕਾਰਨ ਮੇਰੀਆਂ ਏਨੀਆਂ ਵੱਧੀਆ ਕਹਾਣੀਆਂ ਦਾ ਸੰਗ੍ਰਹਿ ਅਨਹੋਇਆ ਹੋ ਕੇ ਰਹਿ ਗਿਆ ਏ!” ਨਤੀਜੇ ਵਜੋਂ ਆਖ਼ਰ ਮੈਂ ਉਹਦੀਆਂ ਕਹਾਣੀਆਂ ਬਾਰੇ ਦੋ-ਚਾਰ ਗੱਲਾਂ ਪਾਠਕਾਂ ਨਾਲ ਸਾਂਝੀਆਂ ਕਰਨ ਲਈ ਬੈਠ ਗਿਆ!
ਪੁਰਸ਼ ਹੱਥੋਂ ਨਾਰੀ-ਦਮਨ ਦੇ ਲੰਮੇ ਇਤਿਹਾਸ ਦੀ ਜਾਣਕਾਰ ਅਤੇ ਅਜੋਕੀ ਜਾਗਰਿਤ ਨਾਰੀ ਦੇ ਅਧਿਕਾਰਾਂ ਬਾਰੇ ਤੇ ਉਨ੍ਹਾਂ ਅਧਿਕਾਰਾਂ ਲਈ ਉਸ ਦੇ ਸੰਘਰਸ਼ ਬਾਰੇ ਸਚੇਤ ਸ਼ਰਨਜੀਤ ਕੌਰ ਦੀਆਂ ਬਹੁਤੀਆਂ ਕਹਾਣੀਆਂ ਵਿਚ ਇਸ ਮੁੱਦੇ ਦਾ ਕੇਂਦਰੀ ਵਿਸ਼ਾ ਬਣ ਕੇ ਉਭਰਨਾ ਕੁਦਰਤੀ ਸੀ। ਪਰ ਦੇਖਣ ਵਾਲ਼ਾ ਸੂਖ਼ਮ ਨੁਕਤਾ ਇਹ ਹੈ ਕਿ ਉਹ ਨਾਰੀ ਦੀ ਪੁਰਸ਼ ਨਾਲ ਨਾਬਰਾਬਰੀ ਨੂੰ ਨਾਜਾਇਜ਼ ਸਮਝਦਿਆਂ ਬਰਾਬਰੀ ਦਾ ਪਰਚਮ ਤਾਂ ਚੁਕਦੀ ਸੀ ਪਰ ਉਹ ਪਰਚਮ ਪੁਰਸ਼-ਵਿਰੋਧ ਦੇ ਤਾਣੇ-ਬਾਣੇ ਦਾ ਬੁਣਿਆ ਹੋਇਆ ਨਹੀਂ ਸੀ ਹੁੰਦਾ। ਇਸ ਜਦੋਜਹਿਦ ਵਿਚ ਉਹ ਸਮਾਜਕ ਤੇ ਆਰਥਕ ਅਧਿਕਾਰਾਂ ਦੀ ਹੀ ਨਹੀਂ, ਇਸਤਰੀ ਦੇ ਆਪਣੀ ਦੇਹ ਉੱਤੇ ਅਧਿਕਾਰ ਦੀ ਗੱਲ ਵੀ ਨਿਸੰਗ ਕਰਦੀ ਸੀ। ਉਸ ਦਾ ਕਹਿਣਾ ਸੀ ਕਿ ਅੱਜ ਦੀ ਨਾਰੀ ਸਿਰਫ਼ ਆਪਣੇ ਦੁੱਖਾਂ-ਕਲੇਸਾਂ ਤੇ ਆਪਣੀਆਂ ਰੋਕਾਂ-ਬੰਦਿਸ਼ਾਂ ਦੀ ਹੀ ਭੋਗਣਹਾਰ ਨਹੀਂ ਸਗੋਂ ਇਸ ਵਿਚ ਉਹਦੀ ਮਾਂ ਤੇ ਨਾਨੀ-ਦਾਦੀ ਦੇ ਦੁਖਦਾਈ ਅਨੁਭਵ ਵੀ ਜੁੜੇ ਹੋਏ ਹਨ।
ਕਿਸੇ ਲੇਖਕ ਜਾਂ ਲੇਖਿਕਾ ਨੇ ਜਦੋਂ ਦੇਹੀ ਅਧਿਕਾਰਾਂ ਦੀ ਗੱਲ ਕਰਨੀ ਹੋਵੇ, ਵਿਸ਼ੇ, ਭਾਸ਼ਾ ਤੇ ਨਿਭਾਅ ਦੇ ਪੱਖੋਂ ਇਕ ਹੱਦ ਉਸ ਸਾਹਮਣੇ ਉਜਾਗਰ ਹੋ ਜਾਂਦੀ ਹੈ ਜਿਸ ਨੂੰ ਉਲੰਘਣਾ ਸਮਾਜਕ ਪੱਖੋਂ ਵਾਜਬ ਨਹੀਂ ਹੁੰਦਾ। ਲੇਖਕ ਦੇ ਮੁਕਾਬਿਲ ਲੇਖਿਕਾ ਸਾਹਮਣੇ ਤਾਂ ਇਹ ਹੱਦ ਹੋਰ ਵੀ ਗੂੜ੍ਹੀ ਹੋ ਕੇ ਆ ਖਲੋਂਦੀ ਹੈ। ਮਸਲਾ ਇਹ ਹੈ ਕਿ ਕਿਸੇ ਲੇਖਕ ਜਾਂ ਲੇਖਿਕਾ ਵੱਲੋਂ ਆਪਣੀ ਬੇਬਾਕੀ, ਨਿਸੰਗਤਾ ਤੇ ਪਰਦਾ-ਸਿਰਜਕ ਕਲਾ ਨਾਲ ਇਹ ਹੱਦ ਕਿੰਨੀ ਕੁ ਪਿੱਛੇ ਧੱਕ ਕੇ ਆਪਣੀ ਰਚਨਾ ਦਾ ਖੇਤਰ ਹੋਰ ਵੱਡਾ ਕਰ ਲਿਆ ਜਾਂਦਾ ਹੈ। ਸ਼ਰਨਜੀਤ ਕੌਰ ਇਸ ਕੋਟੀ ਵਿਚ ਸ਼ਾਮਲ ਲੇਖਿਕਾ ਸੀ।
ਇਕ ਵਿਧਾ ਵਜੋਂ ਕਹਾਣੀ ਬਾਰੇ ਉਹ ਕਹਿੰਦੀ ਸੀ, “ਪੰਜਾਬੀ ਕਹਾਣੀ ਨਿਰੰਤਰ ਪੜ੍ਹੀ ਜਾਣ ਵਾਲੀ ਵਿਧਾ ਹੈ। ਇਸ ਦਾ ਵਿਸ਼ਾਗਤ ਵਿਕਾਸ ਤੇ ਵਿਧਾਗਤ ਵਿਹਾਰ ਕਾਰਜਸ਼ੀਲ ਹੈ। ਅਰਥਾਤ ਕਹਾਣੀ ਲਗਾਤਾਰ ਵਿਕਾਸ ਕਰ ਰਹੀ ਹੈ। ਅਜੋਕੇ ਪਦਾਰਥਵਾਦੀ ਯੁਗ ਵਿਚ ਮਨੁੱਖੀ ਮਨੋ-ਸੰਕਟ, ਜਿਵੇਂ ਪਿਆਰ, ਨਫ਼ਰਤ, ਵਰਜਿਤ ਰਿਸ਼ਤੇ, ਅਤ੍ਰਿਪਤੀਆਂ, ਹਵਸ, ਆਦਿ ਅਚੇਤ ਤੌਰ ’ਤੇ ਤਾਂ ਕਹਾਣੀ ਵਿਚ ਆਏ ਹੀ ਹਨ, ਸਚੇਤ ਤੌਰ ’ਤੇ ਵੀ ਕਹਾਣੀਕਾਰ ਇਨ੍ਹਾਂ ਪ੍ਰਵਿਰਤੀਆਂ ਵੱਲ ਰੁਚਿਤ ਹੋਏ ਹਨ।…ਕਾਮ ਮਨੁੱਖੀ ਪ੍ਰਵਿਰਤੀ ਹੈ ਜੋ ਜ਼ਿੰਦਗੀ ਦੇ ਸਮਾਨੰਤਰ ਚਲਦੀ ਹੈ। ਕਹਾਣੀ ਜ਼ਿੰਦਗੀ ਵਿਚੋਂ ਵਿਸ਼ੇ ਲੈ ਕੇ ਹੀ ਸਿਰਜੀ ਜਾਂਦੀ ਹੈ। ਇਸ ਲਈ ਕਿਸੇ ਵੀ ਲੇਖਕ-ਲੇਖਿਕਾ ਵਾਸਤੇ ਇਹ ਸੰਭਵ ਜਾਂ ਉਚਿਤ ਨਹੀਂ ਕਿ ਉਹ ਕਾਮ ਦੇ ਵਿਸ਼ੇ ਨੂੰ ਜਾਂ ਦੇਹ-ਸੰਬੰਧਾਂ ਨੂੰ ਆਪਣੇ ਰਚਨਾ-ਖੇਤਰ ਤੋਂ ਬਾਹਰ ਰੱਖੇ।”
ਦੁਨੀਆ-ਭਰ ਦੀਆਂ ਕਹਾਣੀਆਂ ਜਾਂ ਤਾਂ ਮਰਦਾਂ ਦੀ ਕਲਪਨਾ ਤੇ ਕਰਨੀ ਨੂੰ ਸ਼ਬਦ ਦਿੰਦੀਆਂ ਹਨ ਜਾਂ ਔਰਤ ਦੀ ਕਲਪਨਾ ਤੇ ਕਰਨੀ ਨੂੰ। ਜਾਂ ਫੇਰ ਉਹ ਮਰਦ ਤੇ ਔਰਤ ਦੇ ਰਿਸ਼ਤੇ ਦੀ ਥਾਹ ਪਾਉਣ ਦੇ ਯਤਨ ਕਰਦੀਆਂ ਰਹਿੰਦੀਆਂ ਹਨ। ਇਹ ਕਾਰਜ ਲੇਖਕ ਤੋਂ ਮਰਦ ਅਤੇ ਔਰਤ, ਦੋਵਾਂ ਦੇ ਮਨੋਵਿਗਿਆਨ ਦੀ ਕਾਫ਼ੀ ਸਮਝ ਲੋੜਦਾ ਹੈ। ਸ਼ਰਨਜੀਤ ਕੌਰ ਦੋਵਾਂ ਦੀ ਮਾਨਸਿਕਤਾ ਨੂੰ ਖ਼ੂਬ ਸਮਝਦੀ ਸੀ। ਇਹ ਤੱਥ ਉਸ ਦੀਆਂ ਕਹਾਣੀਆਂ ਨੂੰ ਸੁਭਾਵਿਕਤਾ ਬਖ਼ਸ਼ਦਾ ਸੀ।
ਔਰਤ ਨਾਲ਼ ਰਿਸ਼ਤੇ ਦੇ ਪੱਖੋਂ ਮਰਦ ਦੀ ਨੀਅਤ ਅਤੇ ਨੀਤੀ ਬਾਰੇ ਉਸ ਦਾ ਮੰਨਣਾ ਸੀ, “ਮਰਦ ਕੇਵਲ ਮਰਦ ਹੈ, ਭਾਵੇਂ ਉਹ ਅਫ਼ਸਰ ਹੋਵੇ ਜਾਂ ਕੋਈ ਅਮੀਰ ਤੇ ਜਾਂ ਫੇਰ ਕੋਈ ਸਾਧਾਰਨ ਆਦਮੀ ਜਾਂ ਗ਼ਰੀਬ। ਉਸ ਦੀ ਦ੍ਰਿਸ਼ਟੀ, ਉਸ ਦੀ ਸੋਚ, ਉਸ ਦੀ ਸਰੀਰਕ ਤੇ ਮਾਨਸਿਕ ਭੁੱਖ ਬੱਸ ਮਰਦ ਵਾਲ਼ੀ ਹੀ ਹੁੰਦੀ ਹੈ।”
ਉਹ ਖ਼ੁਦ ਔਰਤ ਸੀ ਤਾਂ, ਕੁਦਰਤੀ ਹੈ, ਔਰਤ ਦੇ ਮਨ ਨੂੰ ਹੋਰ ਵੀ ਸਪੱਸ਼ਟਤਾ ਨਾਲ਼ ਸਮਝਦੀ ਸੀ, “ਅੱਜ ਦੀ ਔਰਤ, ਤੀਜੀ ਪੀੜ੍ਹੀ ਦੀ ਔਰਤ ਦੇ ਮਨ ਨੂੰ ਜਾਣਨ-ਸਮਝਣ ਲਈ ਪਹਿਲੀ ਪੀੜ੍ਹੀ ਤੇ ਦੂਜੀ ਪੀੜ੍ਹੀ ਦੀਆਂ ਔਰਤਾਂ ਦੇ ਮਨ ਨੂੰ ਜਾਣਨਾ-ਸਮਝਣਾ ਜ਼ਰੂਰੀ ਹੈ।…ਪਹਿਲੀ ਪੀੜ੍ਹੀ ਦੀ ਔਰਤ ਦਾ ਦੁਖਾਂਤ ਆਰਥਿਕ ਪੱਖੋਂ ਮਰਦ ਦੀ ਪੂਰੀ ਅਧੀਨਗੀ ਅਤੇ ਮਰਦ ਦੇ ਦਾਬੇ ਵਾਲ਼ੀ ਜਗੀਰੂ ਸਮਾਜਕ ਸੋਚ ਦਾ ਸੰਤਾਪ ਸੀ। ਦੂਜੀ ਪੀੜ੍ਹੀ ਦੀ ਔਰਤ ਭਾਵੇਂ ਆਰਥਿਕ ਗ਼ੁਲਾਮੀ ਵਿਚੋਂ ਨਿੱਕਲਣ ਲੱਗ ਪਈ ਸੀ ਪਰ ਮਰਦ ਦਾ ਸਮਾਜਕ ਦਾਬਾ ਜਿਉਂ-ਦਾ-ਤਿਉਂ ਕਾਇਮ ਸੀ। ਤੀਜੀ ਪੀੜ੍ਹੀ ਦੀ ਜਾਗਰਿਤ ਔਰਤ ਨੂੰ ਸਿਰਫ਼ ਆਪਣਾ ਸੰਤਾਪ ਹੀ ਨਹੀਂ ਭੋਗਣਾ ਪੈਂਦਾ ਸਗੋਂ ਉਸ ਦੇ ਸੰਤਾਪ ਵਿਚ ਦਾਦੀ-ਨਾਨੀ ਤੇ ਮਾਂ ਦਾ ਸੰਤਾਪ ਵੀ ਸ਼ਾਮਲ ਹੁੰਦਾ ਹੈ। ਲੇਖਕ ਦਾ ਵਰਤਮਾਨ, ਤੀਜੀ ਪੀੜ੍ਹੀ ਦੀ ਔਰਤ ਨੂੰ ਇਸੇ ਰੂਪ ਵਿਚ ਸਮਝਣਾ ਜ਼ਰੂਰੀ ਹੈ।”
ਇਹ ਸੀ ਉਹ ਆਧਾਰ ਜਿਸ ਉੱਤੇ ਕਹਾਣੀਕਾਰ ਸ਼ਰਨਜੀਤ ਕੌਰ ਦੀ ਰਚਨਾਤਮਿਕਤਾ ਉੱਸਰੀ ਹੋਈ ਸੀ। ਕਹਾਣੀ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਣ ਦੀ ਥਾਂ ਸੁਤੰਤਰ ਵਿਕਾਸ ਕਰਨ ਦੇਣਾ, ਕਹਾਣੀ ਦੇ ਵਿਸ਼ੇਉਹ ਭਾਵੇਂ ਸਮਾਜਕ ਹੋਵੇ ਜਾਂ ਆਰਥਿਕ ਤੇ ਜਾਂ ਫੇਰ ਮਰਦ-ਔਰਤ ਰਿਸ਼ਤਾਦੀ ਮੰਗ ਅਨੁਸਾਰ ਭਾਸ਼ਾ ਤੇ ਚਿਤਰਨ ਤੋਂ ਕੋਈ ਸੰਕੋਚ ਨਾ ਕਰਨਾ ਸ਼ਰਨਜੀਤ ਕੌਰ ਦੀਆਂ ਲੇਖਿਕਾ ਵਜੋਂ ਖਾਸੀਅਤਾਂ ਸਨ।
ਉਹ ਜਿੰਨੀ ਸਾਹਿਤ ਨੂੰ ਸਮਰਪਿਤ ਸੀ, ਓਨੀ ਹੀ ਰਿਸ਼ਤਿਆਂ ਵਿਚ ਸੁਹਿਰਦ ਸੀ। ਉਹ ਸਾਰੇ ਲੇਖਕ-ਲੇਖਿਕਾਵਾਂ ਨੂੰ ਇਕੋ ਸਾਂਝੇ ਸਾਹਿਤਕ ਪਰਿਵਾਰ ਦੇ ਜੀਅ ਸਮਝਦੀ ਸੀ ਤੇ ਸਭ ਨੂੰ ਅਪਣੱਤ ਦਾ ਅਹਿਸਾਸ ਕਰਾਉਂਦੀ ਸੀ।