ਨਫ਼ਰਤ ਦਾ ਧੰਦਾ-4: ਨਫਰਤ ਦੀ ਨ੍ਹੇਰੀ ਲਿਆ ਰਹੇ ਸੱਜੇ ਪੱਖੀ ਯੂਟਿਊਬਰ
ਪਿਛਲੇ ਕੁਝ ਸਮੇਂ ਤੋਂ ਯੂਟਿੳਬ ਚੈਨਲਾਂ ਨੇ ਮੀਡੀਆ, ਖਾਸਕਰ ਸੋਸ਼ਲ ਮੀਡੀਆ ‘ਤੇ ਗਾਹ ਪਾਇਆ ਹੋਇਆ ਹੈ। ਕੱਟੜ ਤਾਕਤਾਂ ਇਸ ਮੰਚ ਨੂੰ ਖੂਬ ਵਰਤ ਰਹੀਆਂ ਹਨ। ਭਾਜਪਾ ਵਰਗੀਆਂ ਸਿਆਸੀ ਜਮਾਤਾਂ ਇਨ੍ਹਾਂ ਯੂਟਿਊਬਰਾਂ ਨੂੰ ਹੱਲਾਸ਼ੇਰੀ ਦੇ ਰਹੀਆਂ ਹਨ। ਇਸ ਪਾਰਟੀ ਦੇ ਲੀਡਰ ਮੁੱਖ ਚੈਨਲਾਂ ਦੀ ਥਾਂ ਇਨ੍ਹਾਂ ਯੂਟਿਊਬਰਾਂ ਨੂੰ ਇੰਟਰਵਿਊ ਦਿੰਦੇ ਹਨ ਅਤੇ ਆਪਣੀ ਮਰਜ਼ੀ ਦੀਆਂ ਗੱਲਾਂ ਕਰਦੇ ਹਨ। ਉਘੇ ਰਸਾਲੇ ‘ਕਾਰਵਾਂ’ ਨਾਲ ਜੁੜੇ ਨੀਲ ਮਾਧਵ ਅਤੇ ਅਲੀਸਾਨ ਜਾਫਰੀ ਨੇ ਇਸ ਮਸਲੇ ਦੀਆਂ ਤਹਿਆਂ ਫਰੋਲਦਿਆਂ ਇਕ ਲੰਮੀ ਰਿਪੋਰਟ ਤਿਆਰ ਕੀਤੀ ਹੈ ਜੋ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕਰ ਰਹੇ ਹਾਂ। ਇਸ ਦਾ ਅਨੁਵਾਦ ਸਾਡੇ ਕਾਲਮਨਵੀਸ ਬੂਟਾ ਸਿੰਘ ਮਹਿਮੂਦਪੁਰ ਨੇ ਕੀਤਾ ਹੈ। ਇਸ ਲੇਖ ਦੀ ਚੌਥੀ ਅਤੇ ਆਖਰੀ ਕਿਸ਼ਤ ਹਾਜ਼ਰ ਹੈ।
ਮੁੱਖ ਧਾਰਾ ਮੀਡੀਆ ਭਾਜਪਾ ਨੂੰ ਆਪਣਾ ਅਧਿਕਾਰਕ ਸੰਦੇਸ਼ ਸ਼ੇਅਰ ਕਰਨ ਦੀ ਇਜਾਜ਼ਤ ਦਿੰਦਾ ਹੈ, ਪਾਰਟੀ ਦਾ ਕਾਡਰ ਅਤੇ ਮੁੱਖ ਹਮਾਇਤੀ ਆਧਾਰ ਇਸ ਡਿਜੀਟਲ ਈਕੋ-ਸਿਸਟਮ ਦੇ ਖ਼ਾਸ ਦਰਸ਼ਕ ਹਨ। ਇਹ ਹਿੰਦੂਤਵੀ ਸਮੱਗਰੀ ਵੱਡੀ ਮਾਤਰਾ `ਚ ਬਣਾ ਸਕਦਾ ਹੈ ਜਿਸ ਨੂੰ ਘੋਰ ਨਫ਼ਰਤ `ਚ ਗੜੁੱਚ ਮੁੱਖ ਧਾਰਾ ਪਲੇਟਫਾਰਮ ਵੀ ਸਹੀ ਢੰਗ ਨਾਲ ਮੈਨੇਜ ਨਹੀਂ ਕਰ ਸਕਦੇ। ਪਿਛਲੇ ਸਾਲ ਅਕਤੂਬਰ ਮਹੀਨੇ ਖ਼ਬਰ ਇੰਡੀਆ ਨੇ ਅੱਸੀ ਤੋਂ ਵੱਧ ਅਤੇ ਪਿਆਰਾ ਹਿੰਦੁਸਤਾਨ ਨੇ 118 ਵੀਡੀਓ ਜਾਰੀ ਕੀਤੇ। ਇਨ੍ਹਾਂ ਵਿਚੋਂ ਹਰ ਇੱਕ ਵੀਡੀਓ ਜੋ ਆਮ ਤੌਰ `ਤੇ ਲੱਗਭੱਗ ਦਸ ਮਿੰਟ ਤੱਕ ਚੱਲਦਾ ਹੈ, ਨੂੰ ਵ੍ਹੱਟਸਐਪ ਅਤੇ ਫੇਸਬੁੱਕ ਸਮੇਤ ਸਾਰੇ ਪਲੇਟਫਾਰਮਾਂ ਉੱਪਰ ਪ੍ਰਸਾਰਿਤ ਕਰਨ ਲਈ ਛੋਟੇ ਟੁਕੜਿਆਂ `ਚ ਵੀ ਕੱਟਿਆ ਜਾ ਸਕਦਾ ਹੈ। ਭਾਜਪਾ ਨੇ ਬੜੀ ਮਿਹਨਤ ਨਾਲ ਚੋਣ ਮੁਹਿੰਮਾਂ ਲਈ ਆਪਣੇ ਗਰੁੱਪ ਬਣਾਏ ਹਨ। ਜਦੋਂ ਅਜਿਹੇ ਵੀਡੀਓ ਵਾਇਰਲ ਹੁੰਦੇ ਹਨ ਤਾਂ ਪਾਰਟੀ ਲੀਡਰਸ਼ਿਪ ਜਾਂ ਤਾਂ ਕਾਰਵਾਈ ਕਰਨ ਜਾਂ ਆਪਣੇ ਆਧਾਰ ਤੋਂ ਅਲੱਗ ਹੋਣ ਲਈ ਤਿਆਰ ਹੋ ਜਾਂਦੀ ਹੈ।
ਓ ਨਿਊਜ਼ ਹਿੰਦੀ ਦੇ ਨਾਂ ਵਾਲੇ ਯੂਟਿਊਬ ਚੈਨਲ ਦੇ ਕਰਤਾ-ਧਰਤਾ ਰਿਸ਼ਭ ਅਵਸਥੀ ਦਾ ਮੰਨਣਾ ਹੈ ਕਿ ਘੋਰ ਸੱਜੇ ਪੱਖੀ ਯੂਟਿਊਬ ਚੈਨਲਾਂ ਦੀ ਦੁਨੀਆ `ਚ ਉਸ ਦੀ ਯਾਤਰਾ ਮੁਕਾਬਲਤਨ ਖ਼ਾਸ ਰਹੀ ਹੈ। ਪੱਤਰਕਾਰੀ ਵਿਚ ਉਸ ਦੀ ਸ਼ੁਰੂਆਤ ਸਿਰਫ ਤਿੰਨ ਸਾਲ ਪਹਿਲਾਂ ਹੋਈ ਸੀ ਜਦੋਂ ਉਸ ਨੇ ਅੰਡਰ-ਗ੍ਰੈਜੂਏਟ ਕੋਰਸ ਦਾ ਪਹਿਲਾ ਸਮੈਸਟਰ ਪੂਰਾ ਕੀਤਾ ਸੀ। ਸ਼ੁਰੂ ਵਿਚ ਉਹ ਰਾਜਨੀਤੀ ਸ਼ਾਸਤਰ ਪੜ੍ਹਨਾ ਚਾਹੁੰਦਾ ਸੀ ਪਰ ਜਿਸ ਵੱਕਾਰੀ ਕਾਲਜ ਵਿਚ ਉਹ ਦਾਖ਼ਲਾ ਲੈਣਾ ਚਾਹੁੰਦਾ ਸੀ, ਉਸ ਲਈ ਲੋੜੀਂਦੇ ਨੰਬਰ ਉਸ ਕੋਲ ਨਹੀਂ ਸਨ। ਘਰ ਦੀ ਅਸਥਿਰ ਆਰਥਿਕ ਸਥਿਤੀ ਕਾਰਨ ਕਿਸੇ ਐੱਨ.ਜੀ.ਓ. ਅਤੇ ਆਪਣੇ ਸਕੂਲ ਦੇ ਅਧਿਆਪਕਾਂ ਤੋਂ ਪੈਸੇ ਇਕੱਠੇ ਕਰਨ ਲਈ ਸੰਘਰਸ਼ ਕਰਨ ਤੋਂ ਬਾਅਦ ਉਸ ਨੇ ਦਿੱਲੀ ਯੂਨੀਵਰਸਿਟੀ `ਚ ਪੱਤਰਕਾਰੀ ਦੇ ਕੋਰਸ ਵਿਚ ਦਾਖ਼ਲਾ ਲੈ ਲਿਆ।
ਉਸ ਅਨੁਸਾਰ, ਛੇ ਮਹੀਨੇ ਦੇ ਕੋਰਸ ਤੋਂ ਬਾਅਦ ਉਸ ਨੂੰ ਮਹਿਸੂਸ ਹੋਇਆ ਕਿ ਉਸ ਨੂੰ ਫੀਲਡ ਦੇ ਤਜਰਬੇ ਦੀ ਲੋੜ ਹੈ। ਉਸ ਦਾ ਪਹਿਲਾ ਉੱਦਮ ਐਕਸਪ੍ਰੈਸ ਇੰਡੀਆ ਨਿਊਜ਼ ਨਾਮ ਦੀ ਵੈਬਸਾਈਟ ਸੀ ਪਰ ਉਸ ਦੇ ਵੈੱਬ ਡਿਜ਼ਾਈਨ ਅਤੇ ਹੋਸਟਿੰਗ ਨਾਲ ਇਕ ਮਹੀਨਾ ਸੰਘਰਸ਼ ਕਰਨ ਤੋਂ ਇਕ ਮਹੀਨੇ ਬਾਅਦ ਬੰਦ ਹੋ ਗਈ। ਉਹ ਦੱਸਦਾ ਹੈ, “ਸਾਡੇ ਕੋਲ ਕੋਈ ਆਮਦਨ ਨਹੀਂ ਸੀ। ਇਹ ਗ਼ਲਤ ਧਾਰਨਾ ਹੈ ਕਿ ਮਹਿਜ਼ ਵੈੱਬਸਾਈਟ ਬਣਾ ਕੇ ਵਾਹਵਾ ਡਾਲਰ ਕਮਾਏ ਜਾ ਸਕਦੇ ਹਨ ਪਰ ਇਹ ਸੱਚ ਨਹੀਂ ਹੈ। ਸਾਨੂੰ ਉਸ ਸਮੇਂ ਇਹ ਵੀ ਨਹੀਂ ਪਤਾ ਸੀ ਕਿ ਮਾਰਕੀਟ ਵਿਚ ਕਿਹੜੀਆਂ ਚੀਜ਼ਾਂ ਕੰਮ ਕਰਦੀਆਂ ਹਨ।” ਅਵਸਥੀ ਨੂੰ ਉਮੀਦ ਸੀ ਕਿ ਯੂਟਿਊਬ ਚੈਨਲ ਵੈਬਸਾਈਟ ਨੂੰ ਗੰਭੀਰ ਵਿੱਤੀ ਤੰਗੀ `ਚੋਂ ਬਾਹਰ ਕੱਢਣ `ਚ ਮਦਦ ਕਰ ਸਕਦਾ ਹੈ। ਉਸ ਨੇ ਕੁਝ ਮਹੀਨਿਆਂ ਤੱਕ ਇਕ ਦੋਸਤ ਦੇ ਘਰੋਂ ਇਹ ਚੈਨਲ ਚਲਾਇਆ ਵੀ ਜਿਸ ਨੂੰ ਉਨ੍ਹਾਂ ਅਸਥਾਈ ਸਟੂਡੀਓ `ਚ ਬਦਲ ਲਿਆ ਸੀ। ਉਹ ਦੱਸਦਾ ਹੈ, “ਇਹ ਚਾਲ ਵੀ ਕਾਮਯਾਬ ਨਾ ਹੋਈ। ਸਾਨੂੰ ਵਿਊ ਨਹੀਂ ਮਿਲ ਰਹੇ ਸਨ ਜਦਕਿ ਮੈਂ ਆਪਣਾ ਪੈਸਾ ਲਗਾਤਾਰ ਲਗਾਉਂਦਾ ਰਿਹਾ ਸਾਂ।”
ਅਵਸਥੀ ਨੇ ਆਪਣੇ ਪਹਿਲੇ ਉੱਦਮ ਤੋਂ ਜੋ ਸਬਕ ਸਿੱਖਿਆ, ਉਹ ਮੁਲਕ ਦੇ ਮੀਡੀਆ ਮਾਹੌਲ ਦੀ ਦੱਸ ਪਾਉਂਦਾ ਹੈ। ਉਸ ਨੇ ਦੱਸਿਆ, “ਲਗਭਗ ਦੋ ਸਾਲ ਤੱਕ ਇਹ ਕੰਮ ਕਰਨ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਜੇ ਤੁਸੀਂ ਮੀਡੀਆ ਵਿਚ ਕੰਮ ਕਰਨਾ ਚਾਹੁੰਦੇ ਹੋ ਤਾਂ ਇਹ ਝਾਕ ਨਾ ਰੱਖੋ ਕਿ ਨੈਤਿਕਤਾ ਦੀ ਪਾਲਣਾ ਕਰ ਕੇ ਪੈਸਾ ਮਿਲੇਗਾ। ਇਸ ਦੀ ਬਜਾਇ ਪੈਸਾ ਕਮਾਉਣ ਲਈ ਕੁਝ ਤਿਆਰ ਕਰੋ ਅਤੇ ਆਪਣੇ ਮੀਡੀਆ ਉੱਦਮਾਂ ਦੀ ਵਰਤੋਂ ਸਿਰਫ਼ ਖ਼ਬਰਾਂ ਪ੍ਰਸਾਰਿਤ ਕਰਨ ਲਈ ਕਰੋ।” ਕਾਲਜ ਦੇ ਦੂਜੇ ਸਾਲ ਵਿਚ ਅਵਸਥੀ ਨੇ ਆਮ ਚੋਣਾਂ ਨੂੰ ਲੈ ਕੇ ਸੁਤੰਤਰ ਰੂਪ `ਚ ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਲਈ ਪ੍ਰਾਪੇਗੰਡਾ ਵੀਡੀਓ ਬਣਾਉਣ `ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਇਸ ਸਮੱਗਰੀ ਦਾ ਜ਼ਿਆਦਾਤਰ ਹਿੱਸਾ ਮਾੜੇ ਢੰਗ ਨਾਲ ਬਣਾਏ ਵੌਕਸ-ਪੌਪ ਵੀਡੀਓ ਸਨ: “ਮੁਹਿੰਮ ਮੇਰੇ ਚੈਨਲ ਦਾ ਸੁਤੰਤਰ ਕੰਮ ਸੀ। ਮੈਂ ਇਸ ਮਾਡਲ ਦੀ ਪਾਲਣਾ ਕਰਦੇ ਹੋਏ ਆਪਣੇ ਆਪ ਨੂੰ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰ ਰਿਹਾ ਸੀ।” ਈਵੈਂਟ ਦੀ ਵੀਡੀਓਗ੍ਰਾਫੀ ਲਈ ਵੀ ਉਸ ਨੂੰ ਪ੍ਰਤੀ ਸ਼ੂਟ ਲੱਗਭੱਗ 2000 ਰੁਪਏ ਮਿਲੇ। ਇਸ ਦੌਰਾਨ ਮੁੰਬਈ `ਚ ਇਕ ਕੰਟੈਂਟ ਕ੍ਰੀਏਟਰ ਨੇ ਉਸ ਨੂੰ ‘ਦਿੱਲੀ `ਚ ਰਾਸ਼ਟਰੀ ਮੁੱਦਿਆਂ `ਤੇ ਲੋਕ ਰਾਇ ਵੀਡੀਓ’ ਬਣਾਉਣ ਲਈ ਇਕਰਾਰਨਾਮਾ ਕੀਤਾ ਜਿਸ ਤੋਂ ਉਸ ਨੂੰ ਕੋਵਿਡ-19 ਲੌਕਡਾਊਨ ਤੋਂ ਪਹਿਲਾਂ ਪ੍ਰਤੀ ਨਗ ਲਈ ਸੱਤ ਸੌ ਰੁਪਏ ਮਿਲੇ।
ਲੌਕਡਾਊਨ ਦੌਰਾਨ ਅਵਸਥੀ ਦੀ ਮੁਲਾਕਾਤ ਓ ਨਿਊਜ਼ ਹਿੰਦੀ ਦੇ ਬਿਹਾਰ ਸਥਿਤ ਮਾਲਕ ਆਨੰਦ ਸ਼ੰਕਰ ਝਾਅ ਨਾਲ ਹੋਈ। ਅਵਸਥੀ ਨੇ ਦੱਸਿਆ, “ਉਸ ਨੇ ਮੇਰੇ ਨਾਲ ਚੈਨਲ ਬਣਾਉਣ ਦੀ ਆਪਣੀ ਯੋਜਨਾ ਸਾਂਝੀ ਕੀਤੀ ਪਰ ਉਸ ਸਮੇਂ ਉਨ੍ਹਾਂ ਕੋਲ ਚੈਨਲ `ਤੇ ਕੰਮ ਕਰਨ ਲਈ ਕੋਈ ਟੀਮ ਨਹੀਂ ਸੀ।” ਝਾਅ ਨੂੰ ਵੀਡੀਓ ਦਾ ਸੀਮਤ ਅਨੁਭਵ ਸੀ ਅਤੇ ਉਹ ਪੱਤਰਕਾਰ ਨਹੀਂ ਸੀ ਪਰ ਉਹ ਕਈ ਫੇਸਬੁੱਕ ਪੇਜ ਅਤੇ ਛੋਟਾ ਬਲੌਗ ਅਤੇ ਕੰਟੈਂਟ ਕ੍ਰੀਏਟਰ ਦੇ ਕਰੀਅਰ ਦਾ ਸੰਚਾਲਨ ਕਰਦਾ ਸੀ। “ਉਸ ਨੇ ਮੈਨੂੰ ਇਹ ਵੀ ਦੱਸਿਆ ਕਿ ਉਸ ਕੋਲ ਪਹਿਲਾਂ ਹੀ ਸਥਾਪਿਤ ਦਰਸ਼ਕ ਵਰਗ ਹੈ ਅਤੇ ਉਸ ਨੂੰ ਸਿਰਫ ਟੀਮ ਦੀ ਲੋੜ ਹੈ। ਉਸ ਨੇ ਮੈਨੂੰ ਦੱਸਿਆ ਕਿ ਮੇਰੀ ਟੀਮ – ਸਿਰਫ਼ ਅਵਸਥੀ ਅਤੇ ਕੈਮਰਾਪਰਸਨ ਜੋ ਉਸਦਾ ਜਮਾਤੀ ਸੀ – “ਵਿਚ ਕੰਮ ਕਰਨ ਦੀ ਪ੍ਰਤਿਭਾ ਹੈ। ਲਿਹਾਜ਼ਾ, ਅਸੀਂ ਮਿਲੇ ਅਤੇ ਹਮ ਲੋਗ ਨਾਮ ਦਾ ਚੈਨਲ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ।
ਸਟਾਕ ਵਾਲਪੇਪਰ ਅਤੇ ਤਸਵੀਰਾਂ ਵਰਤਣ ਕਰ ਕੇ ਯੂਟਿਊਬ ਉੱਪਰ ਵਾਰ-ਵਾਰ ਹਮਲਿਆਂ ਕਾਰਨ ਸੰਘਰਸ਼ ਕਰਨਾ ਪੈ ਰਿਹਾ ਸੀ, ਇਸ ਲਈ ਇਸ ਜੋੜੀ ਨੇ ਓ ਨਿਊਜ਼ ਹਿੰਦੀ ਨੂੰ ਆਪਣਾ ਮੁੱਖ ਕਾਰੋਬਾਰ ਬਣਾ ਲਿਆ। ਅਵਸਥੀ ਨੂੰ ਇਸ ਦਾ ਪ੍ਰਬੰਧਕੀ ਸੰਪਾਦਕ ਬਣਾਇਆ ਗਿਆ। ਉਨ੍ਹਾਂ ਨੇ ਮੁੱਖ ਤੌਰ `ਤੇ ਵੌਕਸ-ਪੌਪ ਵੀਡੀਓ ਦੇ ਰੂਪ `ਚ ਜ਼ਮੀਨੀ ਰਿਪੋਰਟਿੰਗ `ਤੇ ਧਿਆਨ ਕੇਂਦਰਤ ਕਰਨ ਦਾ ਫ਼ੈਸਲਾ ਕੀਤਾ।
ਅਵਸਥੀ ਨੇ ਮੈਨੂੰ ਦੱਸਿਆ, “ਮਾਹੌਲ `ਚ ਢਲਣ ਲਈ ਮੈਨੂੰ ਲੱਗਭੱਗ ਚਾਰ ਮਹੀਨੇ ਲੱਗ ਗਏ। ਪਿਆਰਾ ਹਿੰਦੁਸਤਾਨ, ਖ਼ਬਰ ਇੰਡੀਆ ਅਤੇ ਹੈੱਡਲਾਈਨਜ਼ ਇੰਡੀਆ ਵਰਗੇ ਨਾਵਾਂ ਦੀ ਘੋਰ ਸੱਜੇ ਪੱਖੀ ਕਾਰਕੁਨਾਂ ਦੀ ਦੁਨੀਆ `ਚ ਖ਼ਾਸ ਤਰ੍ਹਾਂ ਦਾ ਗੌਰਵ ਸੀ ਅਤੇ ਉਨ੍ਹਾਂ ਦੇ ਐਂਕਰਾਂ ਦੇ ਚਿਹਰੇ ਦਰਸ਼ਕਾਂ ਦੇ ਜਾਣੇ-ਪਛਾਣੇ ਸਨ, ਓ ਨਿਊਜ਼ ਹਿੰਦੀ ਦੇ ਮਾਮਲੇ `ਚ ਇੰਝ ਨਹੀਂ ਸੀ। ਉਨ੍ਹਾਂ ਚਾਰ ਮਹੀਨਿਆਂ `ਚ ਅਸੀਂ ਜਦੋਂ ਇੰਟਰਵਿਊ ਲਈ ਜਾਂਦੇ ਸੀ ਤਾਂ ਉਹ ਹਮੇਸ਼ਾ ਸਾਡੇ ਚੈਨਲ ਦੇ ਨਾਮ ਬਾਰੇ ਪੁੱਛਦੇ ਸਨ ਕਿਉਂਕਿ ਉਹ ਸਾਨੂੰ ਪਛਾਣਦੇ ਨਹੀਂ ਸਨ। ਓ ਨਿਊਜ਼ ਹਿੰਦੀ ਦਾ ਨਾਮ ਸੁਣ ਕੇ ਹੀ ਉਹ ਸਾਨੂੰ ਰੱਦ ਕਰ ਦਿੰਦੇ ਕਿਉਂਕਿ ਸਾਡੇ ਚੈਨਲ ਕੋਲ ਕੋਈ ਭਰੋਸੇਯੋਗ ਪ੍ਰਮਾਣ ਪੱਤਰ ਨਹੀਂ ਸੀ। ‘ਇਹ ਵੀ ਕੋਈ ਚੈਨਲ ਹੈ?` ਉਹ ਮਜ਼ਾਕ ਕਰਦੇ ਪਰ ਅਵਸਥੀ ਲਈ ਹਾਲਾਤ ਤੇਜ਼ੀ ਨਾਲ ਬਦਲ ਗਏ: “ਹੁਣ ਘੱਟੋ-ਘੱਟ ਜਦੋਂ ਵੀ ਅਸੀਂ ਹਿੰਦੂ ਸਨਾਤਨ ਸੰਸਕ੍ਰਿਤੀ ਨਾਲ ਸਬੰਧਿਤ ਸੰਸਥਾਵਾਂ ਅਤੇ ਸਮਾਗਮਾਂ `ਚ ਜਾਂਦੇ ਹਾਂ, ਉੱਥੇ ਲੱਗਭੱਗ ਹਰ ਕੋਈ ਸਾਨੂੰ ਪਛਾਣਦਾ ਹੈ।”
ਨਸਲਕੁਸ਼ੀ ਦੇ ਸ਼ਰੇਆਮ ਸੱਦੇ ਦਿੰਦੇ ਵੱਡੇ-ਵੱਡੇ ਇਕੱਠ ਜਿਨ੍ਹਾਂ ਵਿਚ ਕਈ ਵਾਰ ਹਜ਼ਾਰਾਂ ਲੋਕ ਮੁਸਲਮਾਨਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਹਲਫ਼ ਲੈਂਦੇ ਹਨ, ਉੱਤਰੀ ਭਾਰਤ `ਚ ਹੈਰਾਨੀਜਨਕ ਬਾਕਾਇਦਗੀ ਨਾਲ ਹੋਣੇ ਸ਼ੁਰੂ ਹੋ ਗਏ ਸਨ ਪਰ ਮੁੱਖ ਧਾਰਾ ਮੀਡੀਆ ਸੰਸਥਾਵਾਂ ਸ਼ਾਇਦ ਹੀ ਉਨ੍ਹਾਂ ਬਾਰੇ ਜਾਣਦੀਆਂ ਸਨ। ਆਮ ਤੌਰ `ਤੇ ਸਿਰਫ਼ ਖ਼ਬਰ ਇੰਡੀਆ, ਓ ਨਿਊਜ਼ ਹਿੰਦੀ ਅਤੇ ਹਿੰਦੁਸਤਾਨ 9 ਵਰਗੇ ਚੈਨਲ ਹੀ ਇਨ੍ਹਾਂ ਦੀ ਰਿਪੋਰਟ ਕਰਨ ਜਾਂਦੇ ਸਨ। 9 ਅਕਤੂਬਰ ਨੂੰ ਓ ਨਿਊਜ਼ ਹਿੰਦੀ ਨੇ ਦਿੱਲੀ ਦੀ ਸਰਹੱਦ ਨਾਲ ਲੱਗਦੀ ਸੁੰਦਰ ਨਗਰੀ `ਚ ‘ਵਿਰਾਟ ਹਿੰਦੂ ਸਭਾ’ ਨਾਂ ਦੇ ਨਫ਼ਰਤ ਭਰੇ ਇਕੱਠ ਦੀ ਕਵਰੇਜ ਕੀਤੀ ਸੀ। ਇਕੱਠ ਵਿਚ ਭਾਜਪਾ ਦੇ ਸੰਸਦ ਮੈਂਬਰ ਡਾ. ਪਰਵੇਸ਼ ਵਰਮਾ ਨੇ ਮੁਸਲਿਮ ਭਾਈਚਾਰੇ ਦੇ ਮੁਕੰਮਲ ਬਾਈਕਾਟ ਦਾ ਸੱਦਾ ਦਿੱਤਾ। ਜਦੋਂ ਅਵਸਥੀ ਹਿੰਦੂ ਸੱਭਿਆਚਾਰਕ ਸਮਾਗਮਾਂ ਦੀ ਕਵਰੇਜ ਕਰਨ ਦੀ ਗੱਲ ਕਰ ਰਿਹਾ ਸੀ ਤਾਂ ਉਹ ਇਨ੍ਹਾਂ ਘਟਨਾਵਾਂ ਦਾ ਹੀ ਜ਼ਿਕਰ ਕਰ ਰਿਹਾ ਸੀ। ਓ ਨਿਊਜ਼ ਹਿੰਦੀ ਦੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੀ ਜ਼ਿਆਦਾਤਰ ਮੁੱਖ ਧਾਰਾ ਮੀਡੀਆ ਨੇ ਇਸ ਘਟਨਾ ਦੀ ਖ਼ਬਰ ਦਿੱਤੀ।
3 ਅਪਰੈਲ ਨੂੰ ਉੱਤਰੀ ਦਿੱਲੀ ਦੇ ਬੁਰਾੜੀ `ਚ ‘ਹਿੰਦੂ ਮਹਾਂਪੰਚਾਇਤ’ ਹੋਈ ਜਿਸ ਵਿਚ ਅਤਿਵਾਦੀ ਹਿੰਦੂ ਮਹੰਤ ਯਤੀ ਨਰਸਿਮਹਾਨੰਦ ਨੇ ਕਿਹਾ ਕਿ ਹਿੰਦੂਆਂ ਨੂੰ ਮੁਸਲਮਾਨਾਂ ਵਿਰੁੱਧ ਹਥਿਆਰ ਚੁੱਕਣੇ ਚਾਹੀਦੇ ਹਨ। ਉਸ ਨੇ ਭੀੜ ਨੂੰ ਕਿਹਾ, “ਹੁਣ ਜਾਓ ਤੇ ਬੱਚੇ ਪੈਦਾ ਕਰੋ ਅਤੇ ਆਪਣੇ ਬੱਚਿਆਂ ਨੂੰ ਲੜਨ ਦੇ ਲਾਇਕ ਬਣਾਓ।” ਸਮਾਗਮ ਦੀ ਕਵਰੇਜ ਕਰਨ ਗਏ ਮੁੱਖ ਧਾਰਾ ਸੰਗਠਨਾਂ ਦੇ ਪੱਤਰਕਾਰਾਂ ਉੱਪਰ ਹਮਲਾ ਕੀਤਾ ਗਿਆ, ਓ ਨਿਊਜ਼ ਹਿੰਦੀ ਨੇ ਲੱਗਭੱਗ ਹਰ ਭਾਸ਼ਣ ਦੇ ਵੀਡੀਓ ਬਣਾਏ।
ਅਵਸਥੀ ਨੇ ਸਾਨੂੰ ਆਪਣੇ ਛੋਟੀ ਪੱਤਰਕਾਰੀ ਕਰੀਅਰ ਦੇ ਦੂਜੇ ਵੱਡੇ ਪਲ ਬਾਰੇ ਦੱਸਿਆ। ਉਸ ਨੇ ਕਿਹਾ, “ਅਸੀਂ ਲੱਗਭੱਗ ਇਕ ਸਾਲ ਤੋਂ ਇਸ ਦਾ ਇੰਤਜ਼ਾਰ ਕਰ ਰਹੇ ਸੀ।” ਆਜ਼ਾਦਪੁਰ ਫਲਾਈਓਵਰ `ਤੇ ਭਾਰਦਵਾਜ ਨਾਲ ਟਕਰਾਅ ਤੋਂ ਕੁਝ ਦਿਨ ਬਾਅਦ ਅਵਸਥੀ ਨੇ ਸਵੇਰੇ-ਸਵੇਰੇ ਆਪਣਾ ਸਾਜ਼ੋ-ਸਾਮਾਨ ਪੈਕ ਕੀਤਾ ਅਤੇ ਭਾਰਤ ਜੋੜੋ ਅੰਦੋਲਨ `ਚ ਭਾਗ ਲੈਣ ਲਈ ਜੰਤਰ-ਮੰਤਰ ਵੱਲ ਚੱਲ ਪਿਆ। ਇਸ `ਚ ਹਿੰਦੂਤਵ ਦੇ ਕਈ ਸੁਪਰਸਟਾਰ ਨਫ਼ਰਤੀ ਬੁਲਾਰੇ ਮੌਜੂਦ ਸਨ। ਉਸਨੇ ਉਤਸ਼ਾਹ ਨਾਲ ਦੱਸਿਆ, “ਪੂਰੇ ਭਾਰਤ `ਚ ਸੁਨੇਹਾ ਪਹੁੰਚਿਆ ਹੋਇਆ ਸੀ ਅਤੇ ਲੋਕ ਕਹਿ ਰਹੇ ਸਨ ਕਿ ਪੁਸ਼ਪੇਂਦਰ ਕੁਲਸ਼੍ਰੇਸ਼ਠ, ਅਸ਼ਵਨੀ ਉਪਾਧਿਆਏ ਅਤੇ ਪ੍ਰੀਤ ਭਾਈ ਆ ਰਹੇ ਹਨ।” ਇਕੱਠ ਦਾ ਉਦੇਸ਼ “ਹਿੰਦੂ-ਵਿਰੋਧੀ ਬਸਤੀਵਾਦੀ ਕਾਨੂੰਨ ਵਿਵਸਥਾ ਦਾ ਵਿਰੋਧ ਕਰਨਾ ਸੀ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਰੋਕਦੀ ਹੈ।” ਇਕੱਠ ਤੋਂ ਪਹਿਲਾਂ ਸੋਸ਼ਲ ਮੀਡੀਆ ਉੱਪਰ ਵਿਆਪਕ ਮੁਹਿੰਮ ਚਲਾਈ ਗਈ। ਅਵਸਥੀ ਇਸ ਤੋਂ ਨਾਖੁਸ਼ ਸੀ: “ਜੇ ਮੈਂ ਜਾਂਦਾ ਤਾਂ ਮੈਂ ਇਕ ਦਿਨ `ਚ ਹੀ ਘੱਟੋ-ਘੱਟ ਚਾਰ ਪੰਜ ਵੀਡੀਓ ਬਣਾਉਂਦਾ, ਤੇ ਇਹ ਵਧੀਆ ਸਮੱਗਰੀ ਹੁੰਦੀ।”
ਇਕੱਠ ਦੇ ਮੁੱਢਲੇ ਘੰਟੇ ਮੁਕਾਬਲਤਨ ਸ਼ਾਂਤ ਸਨ ਪਰ ਛੇਤੀ ਹੀ ਬੁਲਾਰਿਆਂ ਦੇ ਬੋਲਦੇ ਜਾਣ ਨਾਲ ਗੱਲ ਨਸਲਕੁਸ਼ੀ ਦੇ ਸੱਦਿਆਂ ਤੱਕ ਪਹੁੰਚ ਗਈ। ਦੁਪਹਿਰ ਤੱਕ ਬੁਲਾਰੇ ਅਤੇ ਉਨ੍ਹਾਂ ਦੇ ਵਿਸ਼ਾਲ ਸਰੋਤੇ ‘ਜਬ ਮੁੱਲੇ ਕਾਟੇ ਜਾਏਂਗੇ, ਰਾਮ ਰਾਮ ਚਿੱਲਾਏਂਗੇ’ ਦੇ ਨਾਅਰੇ ਲਗਾ ਰਹੇ ਸਨ। ਪ੍ਰੋਗਰਾਮ ਦੀ ਕਵਰੇਜ ਕਰਨ ਵਾਲੇ ਨੈਸ਼ਨਲ ਦਸਤਕ ਦੇ ਕਰੀਅਰ ਰਿਪੋਰਟਰ ਅਨਮੋਲ ਪ੍ਰੀਤਮ ਨੇ ਸਾਨੂੰ ਦੱਸਿਆ, “ਉਨ੍ਹਾਂ ਦੇ ਹਮਲਾਵਰ ਭਾਸ਼ਣਾਂ `ਚ ਨਫ਼ਰਤ ਸਿਖ਼ਰਾਂ `ਤੇ ਸੀ।” ਇਕ ਵੱਡਾ ਤਬਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਪਰ ਖੁੱਲ੍ਹੇ ਤੌਰ `ਤੇ ਹਮਲਾ ਕਰਦਾ ਹੈ ਕਿ ਅਸੰਤੁਸ਼ਟਾਂ ਪ੍ਰਤੀ ਨਰਮੀ ਕਿਉਂ ਵਰਤੀ ਜਾ ਰਹੀ ਹੈ।
ਓ ਨਿਊਜ਼ ਹਿੰਦੀ ਦੇ ਇਸ ਪ੍ਰੋਗਰਾਮ ਦੇ ਵੀਡੀਓ ਵਿਚ ਦੀਪਕ ਸਿੰਘ ਹਿੰਦੂ ਚੀਕਦੇ ਹੋਏ ਕਹਿੰਦਾ ਹੈ, “ਸਮਾਜ ਇਕਜੁੱਟ ਹੈ ਅਤੇ ਅੱਜ ਦਾ ਇਹ ਸ਼ਕਤੀ ਪ੍ਰਦਰਸ਼ਨ ਇਹ ਸੰਦੇਸ਼ ਦੇਵੇਗਾ ਕਿ ਅਸੀਂ ਦੇਸ਼ ਦੇ ਲਈ ਮਰ ਮਿਟ ਸਕਦੇ ਹਾਂ।” ਜਿਵੇਂ-ਜਿਵੇਂ ਜੋਸ਼ ਵਧਦਾ ਗਿਆ, ਜ਼ਿਆਦਾ ਸਿਰ ਮੁੱਖ ਧਾਰਾ ਦੀਆਂ ਸਮਾਚਾਰ ਸੰਸਥਾਵਾਂ ਦੇ ਪੱਤਰਕਾਰਾਂ ਵੱਲ ਮੁੜ ਗਏ ਜੋ ਅੰਸ਼ਕ ਅਵਿਸ਼ਵਾਸ ਨਾਲ ਇਸ ਕਾਰਵਾਈ ਨੂੰ ਦੇਖ ਰਹੇ ਸਨ। ਇੱਥੇ, ਕੌਮੀ ਰਾਜਧਾਨੀ ਦੇ ਕੇਂਦਰ ਵਿਚ ਸੜਕ ਉੱਪਰ ਮੁੱਖ ਧਾਰਾ ਦੇ ਮੀਡੀਆ ਸੰਗਠਨਾਂ ਨੂੰ ਸਿਆਸੀ ਸਰਗਰਮੀ `ਚ ਮੁੱਖ ਅੰਤਰ-ਧਾਰਾ (ਅੰਡਰਕਰੰਟ) ਦੇਖਣ ਦਾ ਮੌਕਾ ਮਿਲਿਆ ਜੋ ਸ਼ਾਇਦ ਹੀ ਕਦੇ ਬ੍ਰੌਡਸ਼ੀਟਾਂ `ਚ ਆਉਂਦੀ ਹੈ ਅਤੇ ਇਸ ਦੇ ਲਈ ਪ੍ਰਦਰਸ਼ਨਕਾਰੀ ਖੁਸ਼ ਨਹੀਂ ਸਨ।
ਪ੍ਰੀਤਮ ਸਵੇਰ ਤੋਂ ਹੀ ਪ੍ਰੋਗਰਾਮ ਦੀ ਕਵਰੇਜ ਕਰ ਰਿਹਾ ਸੀ। ਉਸ ਨੇ ਸਾਨੂੰ ਦੱਸਿਆ, “ਮੈਨੂੰ ਲੱਗਦਾ ਹੈ ਕਿ ਇਹ ਸਭ ਬਹੁਤ ਹੀ ਸੰਗਠਿਤ ਤਰੀਕੇ ਨਾਲ ਹੁੰਦਾ ਹੈ। ਮੇਰੇ ਨਾਲ ਜੋ ਹੋਇਆ, ਉਹ ਵੀ ਉਸੇ ਦਾ ਹਿੱਸਾ ਸੀ।” ਦੁਪਹਿਰ 2 ਵਜੇ ਦੇ ਕਰੀਬ ਪ੍ਰੀਤਮ ਦੇ ਆਲੇ-ਦੁਆਲੇ ਭੀੜ ਜੁੜ ਗਈ ਅਤੇ ਉਸ ਨੂੰ ਸਵਾਲ ਕਰਨ ਲੱਗੀ ਕਿ ਉਹ ਕਿਸ ਤਰ੍ਹਾਂ ਦਾ ਪੱਤਰਕਾਰ ਹੈ। ਸਵਾਲ ਦੁਹਰਾਏ ਗਏ। ਉਹ ਕਈ ਹੋਰ ਪੱਤਰਕਾਰਾਂ ਤੋਂ ਵੀ ਇਹੀ ਸਵਾਲ ਪੁੱਛਣਾ ਚਾਹੁੰਦੇ ਸਨ। ਉਸ ਨੇ ਸਰਕਾਰ ਨੂੰ ਸਖ਼ਤ ਸਵਾਲ ਪੁੱਛਣ ਵਾਲੇ ਪੱਤਰਕਾਰਾਂ ਦਾ ਜ਼ਿਕਰ ਕਰਦੇ ਹੋਏ ਕਿਹਾ, “ਜੇ ਰਵੀਸ਼ ਕੁਮਾਰ, ਆਰਫ਼ਾ ਖ਼ਾਨਮ ਜਾਂ ਰਾਣਾ ਅਯੂਬ ਹੁੰਦੇ, ਉਹ ਉਨ੍ਹਾਂ ਨੂੰ ਵੀ ਇਹੀ ਸਵਾਲ ਪੁੱਛਦੇ ਜੋ ਉਨ੍ਹਾਂ ਨੇ ਮੈਨੂੰ ਪੁੱਛੇ। ਇਸ ਤੋਂ ਬਾਅਦ ਉਨ੍ਹਾਂ ਨੇ ਮੇਰੇ ਨਾਲ ਧੱਕਾ-ਮੁੱਕੀ ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਭੀੜ ਨੇ ਵਾਰ-ਵਾਰ ਮੰਗ ਕੀਤੀ ਕਿ ਉਹ ‘ਜੈ ਸ੍ਰੀ ਰਾਮ’ ਦਾ ਨਾਅਰੇ ਲਗਾਵੇ ਪਰ ਜਦੋਂ ਉਸ ਨੇ ਅਜਿਹਾ ਨਹੀਂ ਕੀਤਾ ਤਾਂ ਭੀੜ ਨੇ ਉਸ ਨੂੰ ‘ਜਹਾਦੀ’ ਕਹਿਣਾ ਸ਼ੁਰੂ ਕਰ ਦਿੱਤਾ।
ਪ੍ਰੀਤਮ ਦੇ ਮਾਮਲੇ ਨੂੰ ਹਿੰਦੁਸਤਾਨ 9 ਨੇ ਫਿਲਮਾਇਆ ਸੀ। ਉਸ ਨੇ ਸਾਨੂੰ ਦੱਸਿਆ ਕਿ ਹਿੰਦੁਸਤਾਨ 9 ਦੇ ਰਿਪੋਰਟਰ ਰੋਹਿਤ ਸ਼ਰਮਾ ਨੇ ਹਮਲਾਵਰਾਂ ਨੂੰ ਉਕਸਾਇਆ। ਉਸ ਮਹੀਨੇ ਦੇ ਸ਼ੁਰੂ `ਚ ਸ਼ਰਮਾ ਨੇ ਇਕ ਭੀੜ ਦੀ ਅਗਵਾਈ ਕੀਤੀ ਜਿਸ ਨੇ ਪਾਣੀਪਤ `ਚ ਇਕ ਮਸਜਿਦ ਉੱਪਰ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਭਾਰਤ ਜੋੜੋ ਅੰਦੋਲਨ ਬਾਰੇ ਖ਼ਬਰਾਂ ਮੁੱਖ ਧਾਰਾ ਦੀਆਂ ਸੁਰਖ਼ੀਆਂ `ਚ ਆਈਆਂ ਤਾਂ ਏ.ਬੀ.ਪੀ. ਨਿਊਜ਼ ਵਰਗੇ ਚੈਨਲਾਂ ਨੂੰ ਆਪਣੀ ਕਵਰੇਜ ਲਈ ਯੂਟਿਊਬਰਾਂ ਦੀ ਫੁਟੇਜ ਉੱਪਰ ਨਿਰਭਰ ਰਹਿਣਾ ਪਿਆ।
ਜਿਉਂ-ਜਿਉਂ ਘਟਨਾ ਦੀ ਰਿਪੋਰਟ ਮੁੱਖ ਧਾਰਾ ਮੀਡੀਆ `ਚ ਫੈਲਦੀ ਗਈ, ਇਹ ਸਪੱਸ਼ਟ ਹੁੰਦਾ ਗਿਆ ਕਿ ਸਮਾਗਮ ਦੇ ਪ੍ਰਬੰਧਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਅਵਸਥੀ ਨੇ ਮੈਨੂੰ ਦੱਸਿਆ, “ਜਦੋਂ ਪ੍ਰਬੰਧਕਾਂ ਵਿਚੋਂ ਇਕ ਪ੍ਰੀਤ ਸਿੰਘ ਦੀ ਜੰਤਰ-ਮੰਤਰ `ਤੇ ਨਾਅਰੇਬਾਜ਼ੀ ਦੇ ਸਬੰਧ `ਚ ਗ੍ਰਿਫ਼ਤਾਰੀ ਹੋਣ ਵਾਲੀ ਸੀ ਤਾਂ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਉਸ ਨੇ ਆਪਣੀ ਇੰਟਰਵਿਊ ਕਰਨ ਲਈ ਕਿਹਾ।” ਉਸ ਨੇ ਕਿਹਾ ਕਿ ਹੁਣ ਸਿਰਫ਼ ਮੈਂ ਹੀ ਇੰਟਰਵਿਊ ਕਰ ਸਕਦਾ ਹਾਂ ਕਿਉਂਕਿ ਮੁੱਖ ਧਾਰਾ ਦੇ ਚੈਨਲਾਂ ਲਈ ਉਸ ਨਾਲ ਜੁੜਨਾ ਖ਼ਤਰਨਾਕ ਹੋਵੇਗਾ। ਉਸ ਦੇ ਜ਼ੋਰ ਪਾਉਣ `ਤੇ ਮੈਂ ਇੰਟਰਵਿਊ ਲਈ ਸਹਿਮਤ ਹੋ ਗਿਆ ਪਰ ਜਦੋਂ ਮੈਂ ਉਸ ਦੇ ਘਰ ਪਹੁੰਚਿਆ ਤਾਂ ਇੰਡੀਆ ਟੀ.ਵੀ. ਉੱਥੋਂ ਲਾਈਵ ਪ੍ਰਸਾਰਨ ਕਰ ਰਿਹਾ ਸੀ।” ਅਵਸਥੀ ਦੀ ਇੰਡੀਆ ਟੀ.ਵੀ. ਅਤੇ ਰਜਤ ਸ਼ਰਮਾ ਪ੍ਰਤੀ ਨਾਰਾਜ਼ਗੀ ਫਿਰ ਭੜਕ ਉੱਠੀ। “ਮੈਂ ਟੀ.ਵੀ. ਉੱਪਰ ਸੀ ਅਤੇ ਪ੍ਰੀਤ ਸਿੰਘ ਨਾਲ ਜੁੜਿਆ ਹੋਇਆ ਸੀ ਪਰ ਮੈਂ ਇੰਟਰਵਿਊ ਉੱਪਰ ਧਿਆਨ ਦੇਣ ਦਾ ਫ਼ੈਸਲਾ ਕੀਤਾ। ਗੱਲਬਾਤ ਦੇ ਕੁਝ ਹੀ ਘੰਟਿਆਂ ਦੇ ਅੰਦਰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਸਿੰਘ ਜੋ ਆਪਣੇ ਆਪ ਨੂੰ ਬੁਰਾੜੀ ਅਤੇ ਜੰਤਰ-ਮੰਤਰ ਵਿਖੇ ਸਮਾਗਮਾਂ ਦਾ ਪ੍ਰਬੰਧਕ ਦੱਸਦਾ ਸੀ, ਨੇ ਸਾਨੂੰ ਆਪਣੇ ਜਵਾਬ `ਚ ਦੱਸਿਆ, “ਸਾਨੂੰ ਕਿਸੇ ਕਵਰੇਜ ਦੀ ਲੋੜ ਨਹੀਂ ਹੈ। ਅਸੀਂ ਛਪਣ ਦੇ ਭੁੱਖੇ ਨਹੀਂ ਹਾਂ।” ਜਦੋਂ ਅਸੀਂ ਅਵਸਥੀ ਨਾਲ ਉਸ ਦੀ ਗੱਲਬਾਤ ਅਤੇ ਉਸ ਦੇ ਡਰ ਬਾਰੇ ਪੁੱਛਿਆ ਕਿ ਮੁੱਖ ਧਾਰਾ ਦੇ ਚੈਨਲ ਉਨ੍ਹਾਂ ਦੀਆਂ ਘਟਨਾਵਾਂ ਦੀ ਕਵਰੇਜ ਨਹੀਂ ਕਰਨਗੇ ਤਾਂ ਉਸ ਨੇ ਇਹ ਕਹਿੰਦੇ ਹੋਏ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸਾਡਾ ਸਵਾਲ ‘ਵਿਅਕਤੀਗਤ ਖੁੰਦਕ ਤੋਂ ਪ੍ਰੇਰਤ’ ਸੀ।
ਬਾਅਦ ਵਿਚ ਉਸੇ ਮਹੀਨੇ ਉੱਘੇ ਹਿੰਦੂਤਵੀ ਸਿਧਾਂਤਕਾਰ ਉੱਤਮ ਉਪਾਧਿਆਏ, ਭੁਪਿੰਦਰ ਤੋਮਰ ਤੇ ਦੀਪਕ ਸਿੰਘ ਹਿੰਦੂ ਅਤੇ ਭਾਜਪਾ ਦੇ ਸਾਬਕਾ ਬੁਲਾਰੇ ਅਸ਼ਵਨੀ ਉਪਾਧਿਆਏ ਜਿਨ੍ਹਾਂ ਸਾਰਿਆਂ ਨੇ ਇਸ ਸਮਾਗਮ `ਚ ਭਾਸ਼ਣ ਦਿੱਤਾ ਸੀ, ਨੂੰ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਫ਼ਿਲਹਾਲ ਇਹ ਸਾਰੇ ਜ਼ਮਾਨਤ `ਤੇ ਬਾਹਰ ਹਨ। ਦੀਪਕ ਸਿੰਘ ਹਿੰਦੂ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ। ਦਿੱਲੀ ਪੁਲਿਸ ਨੇ ਉਸ ਘਟਨਾ ਜਾਂ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਬਾਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਿਸ `ਚ ਪੱਤਰਕਾਰਾਂ `ਤੇ ਹਮਲਾ ਹੋਇਆ ਸੀ।
ਵਧੀਕ ਸੈਸ਼ਨ ਜੱਜ ਜੰਤਰ-ਮੰਤਰ ਨਾਲ ਸਬੰਧਿਤ ਕੇਸ ਦੀ ਸੁਣਵਾਈ ਕਰ ਰਿਹਾ ਸੀ। ਉਸ ਨੇ ਖ਼ਬਰ ਇੰਡੀਆ ਦੀ ਘਟਨਾ ਦੀ ਕਵਰੇਜ ਦਾ ਹਵਾਲਾ ਦਿੰਦੇ ਹੋਏ ਦਿੱਲੀ ਪੁਲਿਸ ਨੂੰ ਪੁੱਛਿਆ, “ਕੀ ਤੁਸੀਂ ਰਿਪੋਰਟਰ ਨੂੰ ਨੋਟਿਸ ਦਿੱਤਾ ਹੈ?… ਉਹ ਜਾਣਬੁੱਝ ਕੇ ਉਨ੍ਹਾਂ ਨੂੰ ਸਿੱਧੇ ਸਵਾਲਾਂ ਨਾਲ ਉਕਸਾਉਂਦਾ ਅਤੇ ਕੁਝ ਕਹਿਣ ਲਈ ਉਕਸਾਉਂਦਾ ਦੇਖਿਆ ਗਿਆ। ਸਭ ਤੋਂ ਪਹਿਲਾਂ ਤਾਂ ਉਸੇ ਨੂੰ ਬੁਲਾਇਆ ਜਾਣਾ ਚਾਹੀਦਾ ਹੈ।” ਖ਼ਬਰ ਇੰਡੀਆ ਵੀਡੀਓ ਦਾ ਸਿਰਲੇਖ ‘ਹਿੰਦੂ ਸ਼ੇਰ ਦਹਾੜਦੇ ਹੋਏ (ਯੁੱਧ) 5 ਕਾਨੂੰਨਾਂ ਵਿਰੁੱਧ’ ਇਕ ਦਿਨ `ਚ 21 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਅਤੇ ਅਦਾਲਤ ਦੀਆਂ ਟਿੱਪਣੀਆਂ ਤੋਂ ਬਾਅਦ ਹੀ ਇਸ ਨੂੰ ਹਟਾਇਆ ਗਿਆ। ਵੀਡੀਓ `ਚ ਇਕ ਬੁਲਾਰਾ ਕਹਿ ਰਿਹਾ ਹੈ, “ਅਸੀਂ ਉਨ੍ਹਾਂ ਨੂੰ ਜੜ੍ਹੋਂ ਖ਼ਤਮ ਕਰ ਦੇਵਾਂਗੇ।” ਚੌਧਰੀ ਨੇ ਸਾਨੂੰ ਦੱਸਿਆ ਕਿ ਪੁਲਿਸ ਨੇ ਉਸ ਤੋਂ ਘਟਨਾ ਬਾਰੇ ਸੰਖੇਪ `ਚ ਪੁੱਛਗਿੱਛ ਕੀਤੀ ਸੀ ਪਰ ਉਸ ਤੋਂ ਬਾਅਦ ਉਸ ਨਾਲ ਸੰਪਰਕ ਨਹੀਂ ਕੀਤਾ ਗਿਆ। ਉਸ ਨੇ ਕਿਹਾ ਕਿ ਉਸ ਨੇ ਅਦਾਲਤ ਦੀਆਂ ਟਿੱਪਣੀਆਂ ਬਾਰੇ ਕੁਝ ਨਹੀਂ ਸੁਣਿਆ ਅਤੇ ਛੇਤੀ ਹੀ ਗੱਲਬਾਤ ਮੁਕਾ ਦਿੱਤੀ।
ਜੰਤਰ-ਮੰਤਰ `ਤੇ ਇਕ ਹੋਰ ਪ੍ਰੋਗਰਾਮ ਦੀ ਵੀਡੀਓ ਵਾਇਰਲ ਹੋ ਰਹੀ ਸੀ। ਸੰਕਲਪ ਮਾਰਚ ਨਾਮਕ ਇਹ ਪ੍ਰੋਗਰਾਮ ਰਾਜਸਥਾਨ `ਚ ਦੋ ਮੁਸਲਮਾਨਾਂ ਵੱਲੋਂ ਇਕ ਹਿੰਦੂ ਦਰਜੀ ਦੀ ਹੱਤਿਆ ਦੇ ਵਿਰੋਧ `ਚ ਕੀਤਾ ਗਿਆ ਸੀ। ਜਦੋਂ ਸੁਤੰਤਰ ਰਿਪੋਰਟਰ ਪੂਜਾ ਮਾਥੁਰ ਇਸ ਸਮਾਗਮ ਦੀ ਕਵਰੇਜ ਕਰਨ ਗਈ ਤਾਂ ਭੀੜ ਨੇ ਉਸ ਨੂੰ ਤੁਰੰਤ ਘੇਰ ਲਿਆ। ਉਸ ਨੇ ਸਾਨੂੰ ਦੱਸਿਆ, “ਜਦੋਂ ਮੈਂ ਉਨ੍ਹਾਂ ਨੂੰ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਨ੍ਹਾਂ `ਚੋਂ ਕਿਸੇ ਕੋਲ ਕੋਈ ਜਵਾਬ ਨਹੀਂ ਸੀ ਅਤੇ ਉਲਟਾ ਮੈਨੂੰ ਹੀ ‘ਜੈ ਸ੍ਰੀ ਰਾਮ` ਦਾ ਨਾਅਰਾ ਲਾਉਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਜਿਸ `ਤੇ ਮੈਂ ਜਵਾਬ ਦਿੱਤਾ ਕਿ ਮੈਂ ਇੱਥੇ ਆਪਣਾ ਕੰਮ ਕਰਨ ਲਈ ਆਈ ਹਾਂ। ਮੈਂ ਨਾਅਰੇ ਲਗਾਉਣ ਲਈ ਨਹੀਂ, ਰਿਪੋਰਟ ਕਰਨ ਲਈ ਆਈ ਹਾਂ।… ਇਸ `ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਨਾਅਰਾ ਨਾ ਲਗਾਉਣ ਤੋਂ ਹੀ ਇਹ ਸਾਬਤ ਹੁੰਦਾ ਹੈ ਕਿ ਮੈਂ ਪਾਕਿਸਤਾਨੀ ਹਾਂ, ਮੈਂ ਮੁੱਲੀ ਹਾਂ, ਪੂਜਾ ਖ਼ਾਨ ਹਾਂ ਅਤੇ ਭੀੜ ਮੈਨੂੰ ਇਸ ਨੂੰ ਸਵੀਕਾਰ ਕਰਨ ਲਈ ਵਾਰ-ਵਾਰ ਕਹਿੰਦੀ ਰਹੀ। ਇਕ ਵਿਅਕਤੀ ਨੇ ਮੇਰਾ ਹੱਥ ਵੀ ਫੜ ਲਿਆ। ਮੇਰਾ ਕੈਮਰਾਪਰਸਨ ਵੀ ਡਰ ਗਿਆ।” ਮਾਥੁਰ ਨੇ ਕਿਹਾ ਕਿ ਉਨ੍ਹਾਂ ਨੇ ਭੀੜ ਵਿਚਲੇ ਲੋਕਾਂ ਨੂੰ ਤੱਥ ਜਾਂਚ ਕਰਤਾ ਮੁਹੰਮਦ ਜ਼ੁਬੈਰ ਦਾ ਸਿਰ ਕਲਮ ਕਰਨ ਦੀ ਧਮਕੀ ਦਿੰਦੇ ਹੋਏ ਸੁਣਿਆ। ਐਚ.ਸੀ.ਐਨ. ਅਤੇ ਪਿਆਰਾ ਹਿੰਦੁਸਤਾਨ ਨੇ ਪ੍ਰੋਗਰਾਮ ਦੇ ਕਈ ਭਾਸ਼ਣਾਂ ਦੇ ਵੀਡੀਓ ਅਪਲੋਡ ਕੀਤੇ।
ਖ਼ਬਰ ਇੰਡੀਆ, ਪਿਆਰਾ ਹਿੰਦੁਸਤਾਨ, ਵਰਤਮਾਨ ਭਾਰਤ, ਦਿ ਰਾਜਧਰਮ, ਹਿੰਦੁਸਤਾਨ 9 ਅਤੇ ਓ ਨਿਊਜ਼ ਹਿੰਦੀ ਨੇ ਇਸ ਲੇਖ `ਚ ਜਿਨ੍ਹਾਂ ਵੀਡੀਓਜ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਬਾਰੇ ਵਿਸਤਾਰਤ ਸਵਾਲਨਾਮੇ ਦਾ ਜਵਾਬ ਨਹੀਂ ਦਿੱਤਾ। ਨਾ ਹੀ ਅਵਸਥੀ ਅਤੇ ਨਾ ਹੀ ਚੌਧਰੀ ਨੇ ਜਵਾਬ ਦਿੱਤਾ। ਹਿੰਦੁਸਤਾਨ 9 ਦੇ ਰਿਪੋਰਟਰ ਰੋਹਿਤ ਸ਼ਰਮਾ ਨੇ ਵੀ ਸਵਾਲਾਂ ਦੇ ਜਵਾਬ ਨਹੀਂ ਦਿੱਤੇ।
ਸੱਜੇ ਪੱਖੀ ਯੂਟਿਊਬਰ ਈਕੋ-ਸਿਸਟਮ ਭਾਰਤ ਦੇ ਲਈ ਵਿਲੱਖਣ ਨਹੀਂ। ਮਿਸਾਲ ਵਜੋਂ ਅਮਰੀਕਾ ਵਿਚ ਅਲੈਕਸ ਜੋਨਸ ਵਰਗੇ ਸੱਜੇ ਪੱਖੀ ਜਿਸ ਨੇ ਸਾਜ਼ਿਸ਼ੀ ਚੈਨਲ ਇਨਫੋਵਾਰਜ ਬਣਾਇਆ ਹੈ, ਨੇ ਇਸ ਪਲੇਟਫਾਰਮ ਤੋਂ ਆਪਣਾ ਕਰੀਅਰ ਬਣਾਇਆ। ਹਾਲਾਂਕਿ ਉਸ ਤਰ੍ਹਾਂ ਦੇ ਜ਼ਿਆਦਾਤਰ ਸਮੂਹ ਜਿਵੇਂ ਟੀਕਾਕਰਨ ਵਿਰੋਧੀ ਸਮੂਹ ਤੇ ਕਿਊਏਨੋਨ ਜਿਨ੍ਹਾਂ ਉੱਪਰ ਯੂਟਿਊਬ ਦੇ ਨਿਯਮ ਲਗਾਮ ਰੱਖਦੇ ਰਹੇ ਹਨ, ਇਸ ਪਲੇਟਫਾਰਮ ਨੂੰ ਲਗਾਤਾਰ ਭੜਕਾਉਣ ਜਾਂ ਗ਼ਲਤ ਜਾਣਕਾਰੀ ਦੇਣ ਵੱਲ ਧੱਕਦੇ ਰਹੇ ਹਨ, ਜਾਂ ਉਨ੍ਹਾਂ ਦੀ ਜ਼ਿਆਦਾਤਰ ਸਮੱਗਰੀ ਨੂੰ ਵਿਮੁਦਰੀਕਰਨ ਕਰ ਦਿੱਤਾ ਗਿਆ ਹੈ। ਕੁਝ ਤਾਂ ਏਨੇ ਵੱਡੇ ਹੋ ਗਏ ਹਨ ਕਿ ਪਹੁੰਚ ਜਾਂ ਸਿਆਸੀ ਪ੍ਰਭਾਵ ਦੇ ਮਾਮਲੇ `ਚ ਵਿਰਾਸਤੀ ਮੀਡੀਆ ਸੰਸਥਾਵਾਂ ਨੂੰ ਮਹੱਤਵਪੂਰਨ ਚੁਣੌਤੀ ਦੇ ਰਹੇ ਹਨ।
ਭਾਰਤ ਵਿਚ ਇਹ ਰੁਝਾਨ ਨਹੀਂ। ਇਸ ਦਾ ਇਕ ਸੰਭਾਵੀ ਕਾਰਨ ਦੱਖਣੀ ਏਸ਼ਿਆਈ ਭਾਸ਼ਾਵਾਂ `ਚ ਨਫ਼ਰਤ ਭਰੀ ਭਾਸ਼ਣ ਸਮੱਗਰੀ ਦੀ ਨਿਸ਼ਾਨਦੇਹੀ ਕਰਨ ਲਈ ਫੇਸਬੁੱਕ ਅਤੇ ਯੂਟਿਊਬ ਦੇ ਐਲਗੋਰਿਦਮ ਦੀ ਅਸਮਰੱਥਾ ਹੈ। 2021 `ਚ ਵਿਸਲਬਲੋਅਰ ਫ੍ਰਾਂਸਿਸ ਹੌਗੇਨ ਦੁਆਰਾ ਫੇਸਬੁੱਕ ਦੇ ਜੋ ਅੰਦਰੂਨੀ ਦਸਤਾਵੇਜ਼ ਨਸ਼ਰ ਕੀਤੇ ਗਏ, ਉਹ ਦਿਖਾਉਂਦੇ ਹਨ ਕਿ ਭਾਰਤ `ਚ ਭੜਕਾਊ ਸਮੱਗਰੀ ਅਤੇ ਨਾਲ ਹੀ ਉਪਭੋਗਤਾ ਦੁਆਰਾ ਰਿਪੋਰਟ ਕੀਤੀ ਨਫ਼ਰਤ ਵਾਲੀ ਸਮੱਗਰੀ 2019 ਅਤੇ 2020 `ਚ ਵਾਧਾ ਹੋਣ ਨੂੰ ਦਰਸਾਉਂਦੀ ਹੈ। ਜੂਨ 2020 ਦੇ ਅੰਕੜਿਆਂ `ਤੇ ਆਧਾਰਿਤ ਅੰਦਰੂਨੀ ਪੇਸ਼ਕਾਰੀ `ਚ ਕਿਹਾ ਗਿਆ ਹੈ ਕਿ ਹਿੰਦੀ `ਚ ‘ਭੜਕਾਊ ਸਮੱਗਰੀ ਦਾ ਪ੍ਰਸਾਰ’ ਜਿਸ ਨੂੰ ਫੇਸਬੁੱਕ ਟਕਰਾਉ ਜਾਂ ਹਿੰਸਾ ਦੇ ਜੋਖ਼ਮ ਵਾਲੀ ਵਜੋਂ ਦਰਸਾਉਂਦਾ ਹੈ, ਦੂਜੇ ਮੁਲਕਾਂ ਨਾਲੋਂ ਵਧੇਰੇ ਸੀ।
ਹੌਗੇਨ ਦੀਆਂ ਫਾਈਲਾਂ ਦਿਖਾਉਂਦੀਆਂ ਹਨ ਕਿ ਫੇਸਬੁੱਕ ਖੋਜਕਰਤਾਵਾਂ ਨੇ ਦਿੱਲੀ, ਲਖਨਊ, ਮੁੰਬਈ ਅਤੇ ਕੋਲਕਾਤਾ `ਚ 37 ਲੋਕਾਂ ਨਾਲ ਇੰਟਰਵਿਊ ਕੀਤੀ। ਇਨ੍ਹਾਂ `ਚੋਂ 22 ਹਿੰਦੂ ਅਤੇ 15 ਮੁਸਲਮਾਨ ਸਨ। ਪੇਸ਼ਕਾਰੀ ਤੋਂ ਇਹ ਜਾਪਦਾ ਹੈ ਕਿ ਇੰਟਰਵਿਊ `ਚ ਚਿੰਨ੍ਹਤ ਕੀਤੀ ਸਮੱਗਰੀ ਅੰਦਰ ਕੁਝ ਪਾੜੇ ਸਨ ਤੇ ਜਿਸ ਨੂੰ ਫੇਸਬੁੱਕ ਦੇ ਭੜਕਾਊ-ਸਮੱਗਰੀ ਦਿਸ਼ਾ-ਨਿਰਦੇਸ਼ਾਂ ਵੱਲੋਂ ਨੁਕਸਾਨਦੇਹ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਮਿਸਾਲ ਵਜੋਂ ਪਲੈਟਫਾਰਮ ਦੇ ਦਿਸ਼ਾ-ਨਿਰਦੇਸ਼ਾਂ ਦੇ ਘੇਰੇ `ਚ ਕੁਝ ਸਮੱਗਰੀ ਸ਼ਾਮਲ ਨਹੀਂ ਕੀਤੀ ਗਈ ਜਿਸ ਦਾ ਸਵਾਲਾਂ ਦੇ ਜਵਾਬ ਦੇਣ ਵਾਲਿਆਂ ਨੇ ਜ਼ਿਕਰ ਕੀਤਾ ਹੈ, ਜਿਵੇਂ ‘ਅੰਤਰ-ਧਾਰਮਿਕ ਵਿਆਹ ਅਤੇ ਡੇਟਿੰਗ’ (ਜਿਵੇਂ ਲਵ ਜਹਾਦ) ਨਾਲ ਸਬੰਧਿਤ ਸੰਵੇਦਨਸ਼ੀਲ ਬਿਰਤਾਂਤ, ਮੁਸਲਮਾਨਾਂ ਦੁਆਰਾ ਗਊਆਂ ਦੀਆਂ ਹੱਤਿਆ ਬਾਰੇ ਸੰਵੇਦਨਸ਼ੀਲ ਬਿਰਤਾਂਤ – ਜਿਸ ਨੂੰ ਇਤਿਹਾਸਕ ਤੌਰ `ਤੇ ਫਿਰਕੂ ਰੋਹ ਭੜਕਾਉਣ ਲਈ ਵਰਤਿਆ ਜਾਂਦਾ ਹੈ – ਅਤੇ ‘ਹਿੰਸਕ ਘਟਨਾਵਾਂ ਦਾ ਵਰਣਨ ਕਰਦੀ ਸਮੱਗਰੀ (ਜਿਵੇਂ ਫਿਰਕੂ ਦੰਗਿਆਂ ਬਾਰੇ ਖ਼ਬਰਾਂ)।’
ਫੇਸਬੁੱਕ ਨੇ ਹਿੰਦੀ ਅਤੇ ਬੰਗਾਲੀ ਭਾਸ਼ਾਵਾਂ ਲਈ ਨਫ਼ਰਤੀ ਭਾਸ਼ਣਾਂ ਦਾ ਵਰਗੀਕਰਨ ਕਰਨ ਵਾਲੇ ਕਲਾਸੀਫਾਇਰ 2018 `ਚ ਸ਼ਾਮਿਲ ਕਰ ਲਏ ਸਨ – ਇਹ ਇਸ਼ਾਰਾ ਇਸ ਦੇ ਨਫ਼ਰਤੀ ਭਾਸ਼ਣ ਦਾ ਪਤਾ ਲਗਾਉਣ ਵਾਲੇ ਐਲਗੋਰਿਦਮ ਵੱਲ ਹੈ – ਜਦੋਂਕਿ 2021 ਦੇ ਸ਼ੁਰੂ `ਚ ਦੋ ਭਾਸ਼ਾਵਾਂ `ਚ ਹਿੰਸਾ ਅਤੇ ਭੜਕਾਊ ਵਰਗੀਕਰਨ ਸ਼ਾਮਲ ਕਰ ਲਏ ਗਏ। ਹਾਲਾਂਕਿ, ਕਈ ਸੱਜੇ ਪੱਖੀ ਮਾਹੌਲ ਸਿਰਜਣ ਵਾਲੇ ਜਾਣਦੇ ਹਨ ਕਿ ਫੇਸਬੁੱਕ ਅਤੇ ਯੂਟਿਊਬ ਦੇ ਕਲਾਸੀਫਾਇਰਾਂ ਤੋਂ ਸੌਖਿਆਂ ਹੀ ਕਿਵੇਂ ਬਚਣਾ ਹੈ। ਇਸ ਲਈ ਕਿਹੜੀਆਂ ਮੁਸਲਿਮ ਵਿਰੋਧੀ ਗਾਲਾਂ ਦੀ ਵਰਤੋਂ ਕਰਨੀ ਹੈ ਜਿਸ ਬਾਰੇ ਉਹ ਜਾਣਦੇ ਹਨ ਕਿ ਇਨ੍ਹਾਂ ਨੂੰ ਐਲਗੋਰਿਦਮ ਅਕਸਰ ਫੜਨ `ਚ ਕਾਮਯਾਬ ਨਹੀਂ ਹੁੰਦਾ। ਅਵਸਥੀ ਨੇ ਸਮਝਾਇਆ, “ਤੁਸੀਂ ਸਿਰਫ਼ ਕੁਝ ਸ਼ਬਦਾਂ ਨੂੰ ਵਰਤਣ ਤੋਂ ਬਚਣਾ ਹੁੰਦਾ ਹੈ। ਮਿਸਾਲ ਵਜੋਂ ਸੂਰ ਸ਼ਬਦ ਬਹੁਤ ਛੇਤੀ ਫੜਿਆ ਜਾਂਦਾ ਹੈ, ਇਸ ਲਈ ਮੈਂ ਸ਼ਾਂਤੀਦੂਤ ਸ਼ਬਦ ਦੀ ਵਰਤੋਂ ਕਰਦਾ ਹਾਂ। ‘ਸ਼ਾਂਤੀਦੂਤ’ ਸ਼ਬਦ ਇਕ ਤਰ੍ਹਾਂ ਨਾਲ ਹਿੰਦੂਤਵ ਦੇ ਇਸ ਜ਼ੋਰ ਦੇਣ ਵੱਲ ਇਸ਼ਾਰਾ ਹੈ ਕਿ ਇਸਲਾਮ ਕੁਦਰਤੀ ਤੌਰ `ਤੇ ਹਿੰਸਕ ਧਰਮ ਹੈ।” ਅਵਸਥੀ ਨੇ ਅੱਗੇ ਕਿਹਾ, “ਸੰਦੇਸ਼ ਵੀ ਚਲਿਆ ਜਾਂਦਾ ਹੈ ਅਤੇ ਵੀਡੀਓ ਵੀ ਨਹੀਂ ਰੋਕਿਆ ਜਾਂਦਾ। ਤੁਸੀਂ ਜਹਾਦੀ ਨਹੀਂ ਲਿਖ ਸਕਦੇ, ਇਸ ਲਈ ਅਸੀਂ ਜੀ-ਹਾਦੀ ਦੀ ਵਰਤੋਂ ਕਰਦੇ ਹਾਂ। ਕੁਝ ਨਵੇਂ ਚੈਨਲ ਚੁਸਲਮਾਨ, ਮੁਅਅਲਾ ਅਤੇ ਹੋਰ ਵਿਗਾੜੇ ਹੋਏ ਸ਼ਬਦਾਂ ਦੀ ਵਰਤੋਂ ਕਰਦੇ ਹਨ। ਕੁਝ ਚੈਨਲ ਹਰੇ ਟਿੱਡੇ ਦੀ ਵਰਤੋਂ ਕਰਦੇ ਹਨ।” ਅਵਸਥੀ ਹਰੇ ਟਿੱਡੇ ਤੋਂ ਬਹੁਤਾ ਖੁਸ਼ ਨਹੀਂ ਸੀ ਅਤੇ ਉਸ ਨੇ ਸਾਨੂੰ ਸਮਝਾਇਆ ਕਿ ਉਹ ਆਪਣੇ ਮਾਹੌਲ `ਚ ਉਦਾਰਵਾਦੀ ਸੀ। “ਮੈਂ ਸਿਰਲੇਖ `ਚ ਉਸ ਆਖ਼ਰੀ ਸ਼ਬਦ ਦੀ ਵਰਤੋਂ ਨਹੀਂ ਕਰ ਸਕਦਾ ਪਰ ਜੇਕਰ ਕੋਈ ਹੋਰ ਕਹਿੰਦਾ ਹੈ ਤਾਂ ਮੈਂ ਇਸ ਨੂੰ ਆਪਣੇ ਥੰਬਨੇਲ `ਚ ਡਾਇਲਾਗ ਬਾਕਸ `ਚ ਸ਼ਾਮਲ ਕਰ ਸਕਦਾ ਹਾਂ।”
ਫੇਸਬੁੱਕ ਦਾ ਐਲਗੋਰਿਦਮ ਕਿੰਨਾ ਕੁ ਕਾਰਗਰ ਸੀ, ਇਹ ਪਰਖਣ ਲਈ ਅਸੀਂ 6 ਨਵੰਬਰ ਨੂੰ ਫੇਸਬੁੱਕ ਉੱਪਰ ਨਵਾਂ ਖ਼ਾਤਾ ਬਣਾਉਣ ਦਾ ਫ਼ੈਸਲਾ ਕੀਤਾ। ਅਸੀਂ ਓ ਨਿਊਜ਼ ਹਿੰਦੀ ਦੇ ਪੰਨੇ ਨੂੰ ਸਰਚ ਅਤੇ ਲਾਈਕ ਕੀਤਾ। ਪਲੇਟਫਾਰਮ ਨੇ ਤੁਰੰਤ ਸੁਝਾਅ ਦਿੱਤਾ ਕਿ ਅਸੀਂ ਰਾਜਧਰਮ ਚੈਨਲ, ਪਿਆਰਾ ਹਿੰਦੁਸਤਾਨ, ਯੂਥ ਮੀਡੀਆ ਟੀ.ਵੀ., ਸ਼ਾਈਨਿੰਗ ਇੰਡੀਆ, ਹਿੰਦੁਸਤਾਨ 9 ਨਿਊਜ਼, ਦਿ ਨਿਊਜ਼ਪੇਪਰ ਅਤੇ ਵਰਤਮਾਨ ਭਾਰਤ ਨੂੰ ਵੀ ਫਾਲੋ ਕਰ ਸਕਦੇ ਹਾਂ ਜਿਸ ਨੂੰ ਅਸੀਂ ਲਾਈਕ ਜਾਂ ਸਬਸਕ੍ਰਾਈਬ ਕੀਤਾ। ਪਹਿਲੇ ਦਿਨ ਹੀ ਸਾਡਾ ਹੋਮਪੇਜ ਮੁਸਲਿਮ ਵਿਰੋਧੀ ਨਫ਼ਰਤੀ ਸਮੱਗਰੀ ਨਾਲ ਭਰ ਗਿਆ। ਸਾਨੂੰ ਸੁਝਾਏ ਗਏ ਵੀਡੀਓ `ਚੋਂ ਇਕ ਦਾ ਸਿਰਲੇਖ ਸੀ- “ਮੁਸਲਮਾਨ ਇਹੀ ਯੋਜਨਾ ਬਣਾ ਰਹੇ ਹਨ, ਇਹ ਭਾਈ ਹਿਸਾਬ ਸਮਝਾਉਂਦਾ ਹੈ” ਅਤੇ ਇਕ ਹੋਰ ਵੀਡੀਓ “ਕੀ ਹਿੰਦੂ ਆਬਾਦੀ ਇਸੇ ਵਜ੍ਹਾ ਕਰ ਕੇ ਘਟ ਰਹੀ ਹੈ?”
ਜਦੋਂ ਅਸੀਂ ਆਪਣੇ ਨਤੀਜੇ ਉਡੁਪਾ ਨਾਲ ਸਾਂਝੇ ਕੀਤੇ ਤਾਂ ਉਸ ਨੇ ਕਿਹਾ, “ਇਹ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਆਲਮੀ ਪੱਧਰ `ਤੇ ਕਈ ਅਨੁਭਵੀ ਅਧਿਐਨਾਂ ਨੇ ਇਹ ਸਥਾਪਿਤ ਕੀਤਾ ਹੈ ਕਿ ਸੋਸ਼ਲ ਮੀਡੀਆ ਐਲਗੋਰਿਦਮ ਪਾਲਾਬੰਦੀ ਕਰਨ ਵਾਲੀ ਸਮੱਗਰੀ, ਨੈੱਟਵਰਕ ਅਤੇ ਉਪਭੋਗਤਾਵਾਂ ਵਿਚਕਾਰ ਨਫ਼ਰਤ ਦੇ ਈਕੋ-ਸਿਸਟਮ ਨੂੰ ਵਧਾਉਣ ਅਤੇ ਫੈਲਣ `ਚ ਯੋਗਦਾਨ ਪਾਉਂਦਾ ਹੈ। ਮਿਸਾਲ ਵਜੋਂ ਅਮਰੀਕਾ `ਚ ਅਧਿਐਨਾਂ ਨੇ ਇਹ ਸਥਾਪਿਤ ਕੀਤਾ ਹੈ ਕਿ ਯੂਟਿਊਬ ਉੱਪਰ ਯੂਜਰਾਂ ਦੇ ਸਿਰਫ਼ ਕੁਝ ਕਲਿੱਕ ਕਰਨ ਤੋਂ ਬਾਅਦ ਹੀ ਅਲਗੋਰਿਦਮਿਕ ਤੌਰ `ਤੇ ਬਣਾਏ ਗਏ ਘੋਰ ਸੱਜੇ ਪੱਖੀ ਵਿਚਾਰਧਾਰਕ ਬੁਲਬੁਲੇ `ਚ ਡੁੱਬ ਜਾਣ ਦੀ ਬਹੁਤ ਸੰਭਾਵਨਾ ਹੈ।
ਯੂਟਿਊਬ ਦੇ ਇਕ ਬੁਲਾਰੇ ਨੇ ਕਿਹਾ, “ਯੂਟਿਊਬ ਕੋਲ ਵਧੀਆ ਸਥਾਪਿਤ ਕਮਿਊਨਿਟੀ ਦਿਸ਼ਾ-ਨਿਰਦੇਸ਼ ਹਨ ਜਿਨ੍ਹਾਂ ਵਿਚ ਨਫ਼ਰਤੀ ਭਾਸ਼ਣ, ਕੁਝ ਖ਼ਾਸੀਅਤਾਂ ਦੇ ਆਧਾਰ `ਤੇ ਵਿਅਕਤੀਆਂ ਜਾਂ ਸਮੂਹਾਂ ਵਿਰੁੱਧ ਹਿੰਸਾ ਜਾਂ ਨਫ਼ਰਤ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਉੱਪਰ ਪਾਬੰਦੀ ਲਗਾਉਣਾ ਸ਼ਾਮਲ ਹੈ। ਅਸੀਂ ਧਿਆਨ `ਚ ਲਿਆਂਦੇ ਜਾਣ (ਫਲੈਗ ਕੀਤੇ ਜਾਣ) `ਤੇ ਇਨ੍ਹਾਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਵੀਡੀਓ ਤੁਰੰਤ ਹਟਾ ਦਿੰਦੇ ਹਾਂ ਅਤੇ ਸਾਡੀਆਂ ਨੀਤੀਆਂ ਦੀ ਵਾਰ-ਵਾਰ ਉਲੰਘਣਾ ਕਰਨ ਵਾਲੇ ਚੈਨਲਾਂ ਨੂੰ ਬੰਦ ਕਰ ਸਕਦੇ ਹਾਂ। ਯੂਟਿਊਬ ਦੀਆਂ ਨੀਤੀਆਂ ਵਿਸ਼ਵਵਿਆਪੀ ਹਨ ਅਤੇ ਅਸੀਂ ਵਿਸ਼ੇ ਜਾਂ ਨਿਰਮਾਤਾ ਦੇ ਪਿਛੋਕੜ, ਰਾਜਨੀਤਕ ਨਜ਼ਰੀਏ, ਸਥਿਤੀ ਜਾਂ ਪ੍ਰਸੰਗ ਦੀ ਪ੍ਰਵਾਹ ਕੀਤੇ ਬਿਨਾ ਉਨ੍ਹਾਂ ਨੂੰ ਪਲੇਟਫਾਰਮ ਉੱਪਰ ਲਗਾਤਾਰ ਲਾਗੂ ਕਰਦੇ ਹਾਂ।
ਇਕ ਮੈਟਾ ਬੁਲਾਰੇ ਨੇ ਕਿਹਾ, “ਫੇਸਬੁੱਕ ਉੱਪਰ ਕਿਸ ਚੀਜ਼ ਦੀ ਇਜਾਜ਼ਤ ਕੀ ਹੈ ਅਤੇ ਕਿਸ ਦੀ ਨਹੀਂ ਹੈ, ਇਸ ਲਈ ਅਸੀਂ ਕਮਿਊਨਿਟੀ ਮਾਪਦੰਡ ਵਿਕਸਿਤ ਕੀਤੇ ਹਨ। ਅਸੀਂ ਐਸੀ ਸਮੱਗਰੀ ਦੀ ਇਜਾਜ਼ਤ ਨਹੀਂ ਦਿੰਦੇ ਜੋ ਸਾਡੇ ਭਾਈਚਾਰਕ ਮਿਆਰਾਂ ਦੀ ਉਲੰਘਣਾ ਕਰਦੀ ਹੋਵੇ। ਜਦੋਂ ਸਾਨੂੰ ਪਤਾ ਲੱਗਦਾ ਹੈ ਜਾਂ ਇਸ ਦੇ ਬਾਰੇ ਜਾਣਕਾਰੀ ਮਿਲਦੀ ਹੈ, ਇਸ ਨੂੰ ਉਦੋਂ ਹੀ ਹਟਾ ਦਿੰਦੇ ਹਾਂ। ਇਸ ਮਾਮਲੇ `ਚ ਸਾਡੇ ਲਈ ਉਜਾਗਰ ਕੀਤੇ ਲਿੰਕ ਸਾਡੇ ਕਮਿਊਨਿਟੀ ਮਿਆਰਾਂ ਦੀ ਉਲੰਘਣਾ ਨਹੀਂ ਕਰਦੇ ਹਨ।” ਉਸ ਨੇ ਇਹ ਵੀ ਕਿਹਾ, “ਅਸੀਂ ਆਪਣੇ ਪਲੈਟਫਾਰਮ ਨੂੰ ਸੁਰੱਖਿਅਤ ਰੱਖਣ ਲਈ ਹਰ ਸਾਲ ਲੋਕਾਂ ਅਤੇ ਤਕਨਾਲੋਜੀ `ਚ ਅਰਬਾਂ ਡਾਲਰਾਂ ਦਾ ਪੂੰਜੀ ਨਿਵੇਸ਼ ਕਰਦੇ ਹਾਂ। ਅਸੀਂ ਨਫ਼ਰਤੀ ਬੋਲੀ, ਗ਼ਲਤ ਜਾਣਕਾਰੀ ਅਤੇ ਨੁਕਸਾਨਦੇਹ ਸਮੱਗਰੀ ਦੇ ਹੋਰ ਰੂਪਾਂ ਨੂੰ ਪਲੈਟਫਾਰਮ ਤੋਂ ਦੂਰ ਰੱਖਣ ਲਈ ਟੀਮਾਂ ਅਤੇ ਤਕਨੀਕਾਂ `ਚ ਮਹੱਤਵਪੂਰਨ ਪੂੰਜੀ-ਨਿਵੇਸ਼ ਕੀਤਾ ਹੈ… ਅਸੀਂ ਲਾਗੂ ਕਰਨ ਨੂੰ ਸੁਧਾਰ ਰਹੇ ਹਾਂ ਅਤੇ ਆਪਣੀਆਂ ਨੀਤੀਆਂ ਨੂੰ ਅੱਪਡੇਟ ਕਰਨ ਲਈ ਵਚਨਬੱਧ ਹਾਂ ਕਿਉਂਕਿ ਨਫ਼ਰਤੀ ਭਾਸ਼ਾ ਆਨਲਾਈਨ ਵਿਕਸਤ ਹੋ ਰਹੀ ਹੈ।
ਪਲੈਟਫਾਰਮ ਵੱਲੋਂ ਨਫ਼ਰਤੀ ਭਾਸ਼ਣਾਂ ਦੇ ਫੈਲਣ ਨੂੰ ਬਿਹਤਰ ਤਰੀਕੇ ਨਾਲ ਰੋਕਣ ਲਈ ਕੀਤੇ ਗਏ ਬਦਲਾਉ ਦੇ ਬਾਵਜੂਦ ਨੋਇਡਾ ਫਿਲਮ ਸਿਟੀ ਦੇ ਅਮੀਰ ਕਾਰੋਬਾਰੀ ਜ਼ਿਲ੍ਹੇ ਦੇ ਅੰਦਰ ਸਥਿਤ ਖ਼ਬਰ ਇੰਡੀਆ ਦੇ ਦਫ਼ਤਰਾਂ ਉੱਪਰ ਸੂਰਜ ਸੌਖਿਆਂ ਡੁੱਬਦਾ ਨਹੀਂ ਜਾਪਦਾ। ਛੋਟਾ ਜਿਹਾ ਜ਼ਿਲ੍ਹਾ ਜ਼ੀ ਨਿਊਜ਼, ਆਜਤੱਕ, ਟਾਈਮਜ਼ ਨਾਓ, ਰਿਪਬਲਿਕ ਟੀ.ਵੀ., ਇੰਡੀਆ ਟੁਡੇ ਅਤੇ ਵਾਈਓਨ-ਜ਼ੀ ਦੇ ਨਵੇਂ ਕੌਮਾਂਤਰੀ ਉੱਦਮ ਸਮੇਤ ਮੁਲਕ ਦੀਆਂ ਜ਼ਿਆਦਾਤਰ ਮੀਡੀਆ ਸੰਸਥਾਵਾਂ ਦੀ ਮੇਜ਼ਬਾਨੀ ਕਰਦਾ ਹੈ। ਅਸੀਂ ਉਸ ਦਿਨ ਖ਼ਬਰ ਇੰਡੀਆ ਗਏ ਸੀ ਜਦੋਂ ਉਨ੍ਹਾਂ ਦਾ ਜ਼ਿਆਦਾਤਰ ਸਟਾਫ਼ (ਇਸ ਸਮੇਂ 15 ਹੈ) ਦਿੱਲੀ `ਚ ਮਿਉਂਸਪਲ ਚੋਣਾਂ ਬਾਰੇ ਰਿਪੋਰਟਿੰਗ ਕਰ ਰਿਹਾ ਸੀ। ਚੌਧਰੀ ਖੁਦ ਗੁਜਰਾਤ `ਚ ਵੌਕਸ-ਪੌਪ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਦਫ਼ਤਰ ਇਕ ਹਰੇ ਭਰੇ ਲਾਅਨ ਦੇ ਪਿੱਛੇ ਗੇਟ ਵਾਲੇ ਕੰਪਲੈਕਸ ਵਿਚ ਹੈ ਜਿਸ `ਚ ਕੁਝ ਪ੍ਰਮੁੱਖ ਸਟਾਕ ਬ੍ਰੋਕਰਾਂ ਅਤੇ ਕਾਨੂੰਨ ਫਰਮਾਂ ਦੇ ਦਫ਼ਤਰ ਵੀ ਹਨ। ਟੀਮ ਨੇ ਗੂਗਲ ਮੈਪ ਉੱਪਰ ਅੰਦਰ ਦੀਆਂ ਜੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਉਨ੍ਹਾਂ ਵਿਚ ਐਪਲ ਮੈਕ ਕੰਪਿਊਟਰਾਂ ਅਤੇ ਲੈਪਟਾਪਾਂ ਨਾਲ ਕਿਤਾਬਾਂ ਨਾਲ ਭਰਿਆ ਲੱਕੜ ਦਾ ਸੁੰਦਰ ਫਰਨੀਚਰ ਦਿਖਾਈ ਦਿੰਦਾ ਹੈ। ਇਸ ਦੇ ਇੰਟਰਨ ਇਸ ਦੇ ਪੇਜ ਉੱਪਰ ਸ਼ਾਨਦਾਰ ਰੀਵਿਊ ਦਿੰਦੇ ਹਨ। ਇਕ ਰੀਵਿਊ ਕਹਿੰਦਾ ਹੈ: “ਇਸ ਵਿਚ ਆਤਮਾ ਹੈ। ਆਤਮਾ ਜੋ ਜੀਵੰਤ, ਸੰਚਾਰਮਈ ਅਤੇ ਉਤਸ਼ਾਹੀ ਹੈ। ਮੈਂ ਇਸ ਆਰਾਮਦਾਇਕ ਮਾਹੌਲ `ਚ ਪੂਰੀ ਤਰ੍ਹਾਂ ਆਨੰਦ ਲੈਂਦਾ ਹਾਂ ਅਤੇ ਬਹੁਤ ਕੁਝ ਸਿੱਖਦਾ ਹਾਂ। ਇਹ ਬਿਲਕੁਲ ਅਦਭੁੱਤ ਅਤੇ ਗਿਆਨ ਵਧਾਊ ਅਨੁਭਵ ਹੈ।” ਖ਼ਬਰ ਇੰਡੀਆ ਸਿਰਫ਼ ਯੂਟਿਊਬ ਚੈਨਲ ਹੈ, ਅਜਿਹਾ ਘੱਟ ਹੀ ਲੱਗਿਆ। ਐਸਾ ਚੈਨਲ ਜਿਸ ਨੇ ਸਿਰਫ਼ ਚਾਰ ਸਾਲ ਪਹਿਲਾਂ ਆਪਣਾ ਪਹਿਲਾ ਵੀਡੀਓ ਅਪਲੋਡ ਕੀਤਾ ਸੀ – ਮੋਟਰਬਾਈਕ ਕਿਵੇਂ ਵੇਚੀਏ।
ਇਸੇ ਅਹਾਤੇ `ਚ ਟੈਲੀਵਿਜ਼ਨ ਨਿਊਜ਼ ਚੈਨਲ ਇੰਡੀਆ ਨਿਊਜ਼ 24ਗੁਣਾਂ7 ਵੀ ਹੈ ਜਿਸ ਨੂੰ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਅਤੇ ਉਸ ਦੇ ਡਿਪਟੀ ਐੱਲ. ਮੁਰੂਗਨ ਨੇ 2021 `ਚ ਧੂਮਧਾਮ ਨਾਲ ਲਾਂਚ ਕੀਤਾ ਸੀ। ਜਦੋਂ ਅਸੀਂ ਅਹਾਤੇ ਦੇ ਬਾਹਰ ਚਾਹ ਦੀ ਦੁਕਾਨ `ਤੇ ਗਏ ਤਾਂ ਉੱਥੇ ਇਕ ਸਮੂਹ ਮੌਜੂਦ ਸੀ ਜੋ ਇੰਝ ਜਾਪਦਾ ਸੀ ਕਿ ਉਹ ਨਿਊਜ਼ 24ਗੁਣਾਂ7 ਤੋਂ ਸਨ। ਸਾਰੇ ਉਦਾਸ ਸਨ। ਉਹ ਪੰਜ ਅਧੇੜ ਉਮਰ ਦੇ ਪੱਤਰਕਾਰ ਸਨ ਜਿਨ੍ਹਾਂ `ਚੋਂ ਕੁਝ ਦੇ ਗੰਜੇ ਹੋਣ ਦੇ ਲੱਛਣ ਨਜ਼ਰ ਆ ਰਹੇ ਸਨ। ਚੈਨਲ ਵਧੀਆ ਨਹੀਂ ਚੱਲ ਰਿਹਾ ਸੀ (ਖ਼ਬਰ ਇੰਡੀਆ ਨਾਲੋਂ ਯੂਟਿਊਬ `ਤੇ ਇਸ ਦੇ ਘੱਟ ਗਾਹਕ ਹਨ) ਅਤੇ ਇਸ ਨੂੰ ਘੱਟ ਕਮਾਈ ਹੋ ਰਹੀ ਸੀ।
ਉਥੇ ਮੌਜੂਦ ਇਕ ਮਿਲਾਪੜੇ ਬੰਦੇ ਨੇ ਕਿਹਾ, “ਉਨ੍ਹਾਂ ਨੇ ਉਨ੍ਹਾਂ ਨੂੰ ਨੋਟਿਸ ਦੇਣ ਦੀ ਵੀ ਖੇਚਲ ਨਹੀਂ ਕੀਤੀ।” ਇਕ ਹੋਰ ਬੋਲਿਆ, “ਹੁਣ ਕਿਸੇ ਦੀ ਨੌਕਰੀ ਸੁਰੱਖਿਅਤ ਨਹੀਂ ਹੈ।” ਲਾਗੇ ਚਾਹ ਦੀ ਦੁਕਾਨ ਦੇ ਬਾਹਰ ਚਮਕੀਲੇ ਕੱਪੜੇ ਪਹਿਨੀ ਕੁਇੰਟ ਦੇ ਪੱਤਰਕਾਰਾਂ ਦੀ ਟੋਲੀ ਅੰਗਰੇਜ਼ੀ `ਚ ਉੱਚੀ-ਉੱਚੀ ਗੱਲਾਂ ਕਰ ਰਹੀ ਸੀ। ਹਾਲ ਹੀ `ਚ ਅੰਬਾਨੀ ਨੇ ਇਸ `ਚ ਵਾਹਵਾ ਪੂੰਜੀ-ਨਿਵੇਸ਼ ਕੀਤਾ ਸੀ। ਇੰਡੀਆ ਨਿਊਜ਼ 24ਗੁਣਾਂ7 ਦੇ ਪੱਤਰਕਾਰਾਂ ਦੀ ਗੱਲਬਾਤ ਰੌਲੇ-ਰੱਪੇ `ਚ ਗੁਆਚ ਗਈ। ਅੰਤ `ਚ ਕਿਸੇ ਨੇ ਕਿਸੇ ਖ਼ਾਸ ਨੂੰ ਪੁੱਛੇ ਬਿਨਾ ਕਿਹਾ, “ਹੁਣ ਅਸੀਂ ਭਲਾ ਕਿੱਥੇ ਜਾਈਏ।” ਉਸ ਨੇ ਪਹਿਲੀ ਵਾਰ ਪਰ੍ਹਾਂ ਅੰਗਰੇਜ਼ੀ ਬੋਲਣ ਵਾਲੀ ਨਵੀਂ ਪੀੜ੍ਹੀ ਵੱਲ ਦੇਖਿਆ, ਫਿਰ ਹੌਲੀ-ਹੌਲੀ ਖ਼ਬਰ ਇੰਡੀਆ ਦੇ ਦਫ਼ਤਰ ਵੱਲ। (ਸਮਾਪਤ)