ਅੱਧੀ ਸਦੀ ਪਹਿਲਾਂ ਦੇ ਅੰਡੇਮਾਨ ਤੇ ਨਿਕੋਬਾਰ ਟਾਪੂ

ਗੁਲਜ਼ਾਰ ਸਿੰਘ ਸੰਧੂ
ਮੈਂ ਅਪ੍ਰੈਲ-ਮਈ 1973 ਵਿਚ ਇਕ ਮਹੀਨਾ ਅੰਡੇਮਾਨ ਤੇ ਨਿਕੋਬਾਰ ਰਹਿ ਕੇ ਆਇਆ ਸਾਂ। ਅਜੋਕੀ ਸਰਕਾਰ ਨੇ ਉਥੋਂ ਦੇ 21 ਟਾਪੂਆਂ ਦਾ ਨਾਂ ਪਰਮਵੀਰ ਚੱਕਰ ਵਿਜੇਤਾਵਾਂ ਦੇ ਨਾਂ `ਤੇ ਰੱਖਣ ਦਾ ਐਲਾਨ ਕੀਤਾ ਹੈ। ਇਸਦਾ ਓਥੋਂ ਦੇ ਵਸਨੀਕਾਂ ਨੂੰ ਕੀ ਧਰਵਾਸ ਹੋਵੇਗਾ ਇਹ ਤਾਂ ਸਮੇਂ ਨੇ ਦੱਸਣਾ ਹੈ ਪਰ ਇਸ ਖਬਰ ਨੇ ਮੈਨੂੰ ਆਪਣੀ ਅੱਧੀ ਸਦੀ ਪਹਿਲਾਂ ਵਾਲੀ ਯਾਦਗਾਰੀ ਫੇਰੀ ਚੇਤੇ ਕਰਵਾ ਦਿੱਤੀ ਹੈ। ਉਥੋਂ ਦੀ ਖੂਬਸੂਰਤੀ ਤੇ ਉਥੋਂ ਦੇ ਵਸਨੀਕਾਂ ਦੀਆਂ ਮੁਸ਼ਕਲਾਂ। ਨਾ ਅੰਤਾਂ ਦੀ ਗਰਮੀ ਤੇ ਨਾ ਸਰਦੀ। ਨਾ ਧੂੜ ਧੱਪਾ, ਨਾ ਚੋਰੀ ਚਕਾਰੀ। ਨਾ ਮੰਗਤੇ ਤੇ ਭਿਖਾਰੀ। ਤੇ ਨਾ ਹੀ ਜਾਤ-ਪਾਤ ਦੀ ਵੰਡ।

ਸਮੰੁਦਰੀ ਜਹਾਜ਼ ਰਾਹੀਂ ਉਥੇ ਪਹੰੁਚਣ ਵਿਚ ਤਿੰਨ ਦਿਨ ਤੇ ਰਾਤਾਂ ਲੱਗਦੀਆਂ ਹਨ। ਜਹਾਜ਼ ਵਿਚ ਮੇਰੀ ਮੁਲਾਕਾਤ ਕਰਨਲ ਦੂਬੇ ਨਾਂ ਦੇ ਉਸ ਵਿਅਕਤੀ ਨਾਲ ਹੋਈ ਜਿਹੜਾ ਗਰੇਟ ਨਿਕੋਬਾਰ ਦੇ ਹੇਠਲੇ ਕੋਨੇ ਕੈਪਬੈਲਵੇਅ ਵਿਚ ਆਦਿ-ਵਾਸੀਆਂ ਲਈ 56 ਕਿਲੋਮੀਟਰ ਲੰਬੀ ਸੜਕ ਬਣਵਾ ਰਿਹਾ ਸੀ ਤੇ ਲਛਮਣ ਸਿੰਘ ਨਾਲ ਵੀ ਕਈ ਟਾਪੂਆਂ ਦਾ ਐਸਿਸਟੈਂਟ ਕਮਿਸ਼ਨਰ ਰਹਿ ਚੁੱਕਿਆ ਸੀ। ਉਨ੍ਹਾਂ ਦਾ ਮੱਤ ਸੀ ਕਿ ਏਥੋਂ ਦੇ ਲੋਕ ਬੜੇ ਸੁਸਤ ਹਨ। ਬਿਲਕੁਲ ਮੱਠੇ। ਕਿਸੇ ਨੂੰ ਕੋਈ ਕਾਹਲ ਨਹੀਂ। ਉਨ੍ਹਾਂ ਦੀ ਜੀਵਨ ਸ਼ੈਲੀ ਹੀ ਇਹੋ ਜਿਹੀ ਹੈ।
ਫੇਰ ਜਦੋਂ ਸਾਡੇ ਜਹਾਜ਼ ਨੇ ਪੂਰੀ ਰਫਤਾਰ ਫੜ ਲਈ ਤਾਂ ਸਵੇਰ ਦੇ ਸੂਰਜ ਦੀਆਂ ਕਿਰਨਾਂ ਨਾਲ ਪਾਣੀ ਵਿਚ ਚਿੱਟੀ ਝੱਗ ਪੈਦਾ ਹੋਣ ਲੱਗੀ। ਸੂਰਜ ਦੀਆਂ ਕਿਰਨਾਂ ਇਸ ਝੱਗ ਦੇ ਆਕਾਰ ਵਿਚ ਵਾਧਾ ਕਰ ਰਹੀਆਂ ਸਨ। ਇਸ ਆਕਾਰ ਦੇ ਵੱਡੇ ਸਰੂਪ ਨੂੰ ਚਿੱਟੇ ਘੋੜੇ ਕਿਹਾ ਜਾਂਦਾ ਹੈ। ਇਨ੍ਹਾਂ ਦਾ ਜਵਾਨ ਹੋਣਾ ਸਾਗਰ ਦੇ ਗੁੱਸੇ ਦਾ ਸੂਚਕ ਸੀ। ਏਸ ਰੋਹ ਕਾਰਨ 98 ਫੀਸਦੀ ਮੁਸਾਫਰ ਉਲਟੀਆਂ ਕਰਨ ਲੱਗੇ। ਡਾਕਟਰਾਂ ਵੱਲੋਂ ਵੰਡੀ ਜਾ ਰਹੀ ਏਵੋਮੀਨ ਵੀ ਅਸਰ ਨਹੀਂ ਸੀ ਕਰ ਰਹੀ। ਕਰਮਚਾਰੀ ਨੱਕ `ਤੇ ਪੱਟੀ ਬੰਨ੍ਹ ਕੇ ਪੋਚਿਆਂ ਨਾਲ ਸਫਾਈ ਕਰਦੇ ਸਨ ਤਾਂ ਅਗਲਾ ਪੂਰ ਤਿਆਰ ਹੋ ਜਾਂਦਾ ਸੀ। ਕਿਸੇ ਕਾਰਨ ਮੈਂ ਬਚਿਆ ਰਿਹਾ ਹੈ। ਡੈੱਕ ਉੱਤੇ ਗਿਆ ਤਾਂ ਬੱਦਲ ਸੂਰਜ ਦੀ ਪੇਸ਼ ਨਹੀਂ ਸੀ ਜਾਣ ਦਿੰਦੇ। ਪਰ ਸੂਰਜ ਵੀ ਘੱਟ ਨਹੀਂ ਸੀ। ਬੱਦਲਾਂ ਨੂੰ ਝਕਾਨੀ ਦੇ ਕੇ ਮੁੜ ਨਿਕਲ ਆਉਂਦਾ।
ਅਗਲੀ ਸਵੇਰੇ ਲਛਮਣ ਸਿੰਘ ਨੇ ਇਸ਼ਾਰਾ ਕਰ ਕੇ ਰੌਸ ਨਾਂ ਦਾ ਟਾਪੂ, ਉਥੋਂ ਦੀ ਸੈਲੂਲਰ ਜੇਲ੍ਹ ਤੇ ਟੂਰਿਸਟ ਹੋਮ ਹੀ ਨਹੀਂ, ਲੈਫਟੀਨੈਂਟ ਬਲੇਅਰ ਵਲੋਂ ਉਸਾਰੇ ਬਾਲਰੂਮ, ਬੁੱਚੜਖਾਨਾ, ਬੇਕਰੀ, ਕਾਲ ਕੋਠੀਆਂ, ਹਸਪਤਾਲ ਤੇ ਚੀਫ ਕਮਿਸ਼ਨਰ ਦੀ ਕੋਠੀ ਦੇ ਖੰਡਰ ਵੀ ਵਿਖਾਏ, ਜਿਨ੍ਹਾਂ ਨੂੰ 1929 ਦੇ ਭੂਚਾਲ ਨੇ ਢਹਿ ਢੇਰੀ ਕਰ ਦਿੱਤਾ ਸੀ। ਉਹ ਕੋਹਲੂ ਵੀ ਜਿਸਨੂੰ 300 ਕੈਦੀ ਵਾਰੋ-ਵਾਰੀ ਗੇੜ ਕੇ ਤੇਲ ਕੱਢਦੇ ਸਨ। ਇਨ੍ਹਾਂ ਕੈਦੀਆਂ ਤੋਂ ਇਸ ਬੇਆਬਾਦ ਧਰਤੀ ਨੂੰ ਆਬਾਦ ਕਰਨ ਦਾ ਕੰਮ ਵੀ ਲਿਆ ਜਾਂਦਾ ਸੀ, ਜੋ ਇਮਾਰਤੀ ਲੱਕੜੀ, ਰਬੜ, ਕੌਫੀ ਤੇ ਗਰਮ ਮਸਾਲਿਆਂ ਦਾ ਖਜ਼ਾਨਾ ਸੀ।
ਯੁਗਾਂ ਯੁਗਾਂਤਰਾਂ ਤੋਂ ਇਨ੍ਹਾਂ ਟਾਪੂਆਂ ਵਿਚ ਆਦਿਵਾਸੀ ਮਾਨਵ ਰਹਿੰਦੇ ਰਹੇ ਹਨ। ਸਿਰ ਦੇ ਵਾਲ ਘੰੁਗਰਾਲੇ, ਰੰਗ ਦੇ ਕਾਲੇ, ਨੰਗ ਮੁਨੰਗੇ ਤੇ ਪੱਥਰ ਨਾਲ ਪੱਥਰ ਮਾਰ ਕੇ ਅੱਗ ਬਾਲਣ ਵਾਲੇ। ਮਾਚਿਸ ਦੀ ਆਮਦ ਨੇ ਉਨ੍ਹਾਂ ਨੂੰ ਸੋਹਲ ਵੀ ਬਣਾਇਆ ਤੇ ਭਾਰਤ ਵਾਸੀਆਂ ਦੇ ਗੁਲਾਮ ਵੀ। ਉਂਝ ਹਾਲੇ ਤੱਕ 225 ਟਾਪੂਆਂ ਵਿਚੋਂ ਕੇਵਲ ਤਿੰਨ ਦਰਜਨ ਟਾਪੂ ਆਬਾਦ ਹੋਏ ਹਨ। ਇਨ੍ਹਾਂ ਵਿਚੋਂ 21 ਟਾਪੂਆਂ ਦੇ ਨਾਂ ਬਦਲ ਕੇ ਉਨ੍ਹਾਂ ਦੀ ਹੈਰੀਟੇਜ ਹੋਂਦ ਨੂੰ ਖਤਮ ਕਰਨ ਤੋਂ ਘੱਟ ਨਹੀਂ। ਪੰਜਾਬ ਦੇ ਜਲ੍ਹਿਆਂਵਾਲਾ ਬਾਗ ਵਾਂਗ ਜਿਸਨੂੰ ਨਵੀਨੀਕਰਨ ਦਾ ਨਾਂ ਦੇ ਕੇ ਆਉਣ ਵਾਲੀਆਂ ਪੀੜ੍ਹੀਆਂ ਦੀ ਅੱਖੀਂ ਘੱਟਾ ਪਾਇਆ ਗਿਆ ਸੀ। ਇਸ ਸਰਕਾਰ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਛੁਟਿਆ ਕੇ ਕੇਵਲ ਬਹਾਦਰੀ ਨਾਂ ਦੇ ਕੇ ਵੱਡੇ ਪੱਧਰ ’ਤੇ ‘ਬਾਲ ਵੀਰ ਦਿਵਸ’ ਮਨਾਉਣਾ ਵੀ ਏਸ ਹੀ ਲੜੀ ਵਿਚ ਆਉਂਦਾ ਹੈ।
1973 ਵਾਲੀ ਸਰਕਾਰ ਇੰਝ ਨਹੀਂ ਸੀ ਕਰਦੀ। ਉਹ ਆਦਿਵਾਸੀਆਂ ਲਈ ਸੜਕਾਂ ਹੀ ਨਹੀਂ ਸੀ ਬਣਾਉਂਦੀ। ਹੋਰ ਵੀ ਭਲੇ ਕੰਮ ਕਰਦੀ ਸੀ। ਉਸ ਫੇਰੀ ਸਮੇਂ ਮੈਨੂੰ ਬਿਮਲਾ ਨਾਂ ਦੀ ਸਮਾਜ ਸੇਵਿਕਾ ਵੀ ਮਿਲੀ ਜਿਸਨੂੰ ਵੇਲੇ ਦੀ ਸਰਕਾਰ ਨੇ ਵਿਸ਼ੇਸ਼ ਮਿਸ਼ਨ ਅਧੀਨ ਉਥੇ ਭੇਜਿਆ ਸੀ। ਅੰਡੇਮਾਨੀਆਂ ਦੀ ਨਸਲ ਦਾ ਖਾਤਮਾ ਰੋਕਣ ਲਈ।
ਸਟਰੇਟ ਟਾਪੂ ਵਿਚ ਇੱਕ ਬੀ ਏ ਨਾਂ ਦੇ ਆਦਿਵਾਸੀ ਦਾ ਪਰਿਵਾਰ ਸੀ। ਉਸ ਦੀਆਂ ਦੋ ਧੀਆਂ ਸਨ ਤੇ ਛੇ ਦੋਹਤੇ-ਦੋਹਤੀਆਂ। ਇਕ ਦੋਹਤੀ ਦਾ ਨਾਂ ਸੁਰਮਈ ਸੀ। ਜਿਰਕੇ ਨਾਂ ਦਾ ਆਦਿਵਾਸੀ ਸੁਰਮਈ ਨਾਲ ਸ਼ਾਦੀ ਕਰਕੇ ਏਸ ਨਸਲ ਨੂੰ ਚਾਲੂ ਰੱਖ ਸਕਦਾ ਸੀ ਪਰ ਸੁਰਮਈ ਬਹੁਤ ਵੱਡੀ ਉਮਰ ਦੇ ਜਿਰਕੇ ਨਾਲ ਵਿਆਹ ਕਰਾਉਣਾ ਨਹੀਂ ਸੀ ਮੰਨ ਰਹੀ। ਕਬੀਲੇ ਦੇ ਬੇਔਲਾਦ ਰਾਜੇ ਦੇ ਦਖਲ ਦੇਣ ਉੱਤੇ ਵੀ ਨਹੀਂ, ਜਿਹੜਾ ਜਿਰਕੇ ਦੀ ਧੀ ਨੂੰ ਆਪਣੀ ਬਣਾ ਕੇ ਪਾਲ ਰਿਹਾ ਸੀ। ਭਾਰਤ ਸਰਕਾਰ ਵਲੋਂ ਭੇਜੀ ਗਈ ਸਮਾਜ ਸੇਵਿਕਾ ਆਪਣੇ ਪਤੀ ਸਮੇਤ ਉਥੇ ਏਸ ਲਈ ਪਹੰੁਚੀ ਸੀ ਕਿ ਬਿਮਲਾ ਆਪਣੀ ਕਲਾ ਕੌਸ਼ਲਤਾ ਨਾਲ ਦੋਵਾਂ ਪਰਿਵਾਰਾਂ ਨੂੰ ਜਿਰਕੇ-ਸੁਰਮਈ ਗੱਠਜੋੜ ਲਈ ਮਨਾਵੇ। ਉਸਨੂੰ ਸਫਲਤਾ ਮਿਲੀ ਸੀ ਜਾਂ ਨਹੀਂ ਮੈਂ ਨਹੀਂ ਜਾਣਦਾ ਪਰ ਇਹ ਜਾਣਦਾ ਹਾਂ ਕਿ 1973 ਵਾਲੀ ਸਰਕਾਰ ਏਨੀ ਫੱਫੇਕੁਟਣੀ ਨਹੀਂ ਸੀ ਜਿੰਨੀ ਉਨ੍ਹਾਂ ਟਾਪੂਆਂ ਨੂੰ ਪਰਮਵੀਰ ਵਿਜੇਤਾਵਾਂ ਦਾ ਛੁਣਛਣਾ ਦੇਣ ਵਾਲੀ। ਉਨ੍ਹਾਂ ਨੇ ਇਨ੍ਹਾਂ ਨਾਵਾਂ ਤੋਂ ਕੀ ਲੈਣਾ ਜਿਹੜੇ ਉਸ ਮਿੱਟੀ ਦੇ ਨਹੀਂ ਤੇ ਨਾ ਹੀ ਕਦੀ ਉਨ੍ਹਾਂ ਵਿਚ ਵਿਚਰੇ ਹਨ।
ਪੰਜਾਬੀ ਦਾ ਹਬੀਬ ਤਨਵੀਰ ਨਿੰਦਰ ਘੁਗਿਆਣਵੀ
ਮਹਾਰਾਸ਼ਟਰ ਦੀ ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਟੀ ਵਾਰਧਾ ਨੇ ਪੰਜਾਬੀ ਦੇ ਜਾਣੇ-ਪਹਿਚਾਣੇ ਨੌਜਵਾਨ ਲੇਖਕ ਨਿੰਦਰ ਘੁਗਿਆਣਵੀ ਨੂੰ ਯੂਨੀਵਰਸਟੀ ਦੀ ਰੈਜ਼ੀਡੈਂਟ ਰਾਈਟਰ ਚੇਅਰ ਉੱਤੇ ਵਿਜ਼ਟਿੰਗ ਪ੍ਰੋਫੈਸਰ ਨਿਯੁਕਤ ਕੀਤਾ ਹੈ। ਹੁਣ ਸਾਡਾ ਨਿੰਦਰ ਉਸ ਯੂਨੀਵਰਸਟੀ ਦੇ ਹਿੰਦੀ ਸਾਹਿਤ ਸਭਿਆਚਾਰ ਤੇ ਕਲਾ ਵਿਭਾਗ ਦੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਤੇ ਕਲਾ ਨਾਲ ਸਬੰਧਤ ਲੈਕਚਰ ਦਿਆ ਕਰੇਗਾ। ਇਸ ਚੇਅਰ `ਤੇ ਬਿਰਾਜਮਾਨ ਹੋਣ ਵਾਲੇ ਰੈਜ਼ੀਡੈਂਟ ਲੇਖਕਾਂ ਦੀ ਗਿਣਤੀ ਵੀਹ ਤੋਂ ਉੱਤੇ ਹੈ ਪਰ ਨਿੰਦਰ ਘੁਗਿਆਣਵੀ ਉਨ੍ਹਾਂ ਵਿਚੋਂ ਸਭ ਤੋਂ ਘੱਟ ਉਮਰ ਦਾ ਹੈ। ਏਸ ਤਰ੍ਹਾਂ ਜਿਵੇਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਨਾਲ ਨਿਵਾਜੇ ਜਾਣ ਵਾਲਾ ਸ਼ਿਵ ਕੁਮਾਰ ਬਟਾਲਵੀ ਸੀ। ਵਾਰਧਾ ਯੂਨੀਵਰਸਟੀ ਵਲੋਂ ਏਸ ਤਰ੍ਹਾਂ ਸਨਮਾਨੇ ਜਾਣ ਵਾਲੇ ਲੇਖਕਾਂ ਵਿਚ ਪਦਮ ਵਿਭੂਸ਼ਣ ਹਬੀਬ ਤਨਵੀਰ ਵੀ ਹੋ ਗੁਜ਼ਰਿਆ ਹੈ।
ਏਧਰ ਨਿੰਦਰ ਘੁਗਿਆਣਵੀ ਐੱਮ ਐੱਸ ਰੰਧਾਵਾ ਵਲੋਂ ਸਥਾਪਤ ਕੀਤੀ ਪੰਜਾਬ ਆਰਟਸ ਕਾਊਂਸਲ ਚੰਡੀਗੜ੍ਹ ਦਾ ਮੀਡੀਆ ਕੋਆਰਡੀਨੇਟਰ ਹੈ। ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਵਕਤ ਵਿਚ ਆਦਾਨ-ਪਰਦਾਨ ਵੀ ਹੋਵੇਗਾ। ਜੇ ਉਥੇ ਮਹਾਤਮਾ ਗਾਂਧੀ ਦਾ ਨਾਂ ਬੋਲਦਾ ਹੈ ਤਾਂ ਏਥੇ ਐਮ ਐਸ ਰੰਧਾਵਾ ਦਾ!

ਅੰਤਿਕਾ
ਮਿਰਜ਼ਾ ਗਾਲਿਬ
ਮੰਜ਼ਰ ਏਕ ਬੁਲੰਦੀ ਪਰ ਔਰ ਹਮ ਬਨਾ ਸਕਤੇ
ਕਾਸ਼ ਕਿ ਇਧਰ ਹੋਤਾ ਅਰਸ਼ ਸੇ ਮਕਾਂ ਅਪਨਾ।