ਅੰਮ੍ਰਿਤਪਾਲ ਸਿੰਘ ਲਈ ਰਾਖਵਾਂ ਹੋ ਗਿਆ ਐਤਵਾਰ ਦਾ ਦਿਨ!

ਕਰਮਜੀਤ ਸਿੰਘ ਚੰਡੀਗੜ੍ਹ
ਫੋਨ: 99150-91063
ਸਾਹਿਬਜ਼ਾਦਾ ਅਜੀਤ ਸਿੰਘ ਨਗਰ 29 ਜਨਵਰੀ- ਇਨਸਾਫ਼ ਮੋਰਚੇ ਲਈ 29 ਜਨਵਰੀ ਦਾ ਦਿਨ ਯਾਦਗਾਰੀ ਸੀ, ਜਦੋਂ ‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਹਜ਼ਾਰਾਂ ਲੋਕਾਂ ਨੇ ਵਰ੍ਹਦੀਆਂ ਕਣੀਆਂ ਦੌਰਾਨ ਸੁਣਿਆ ਅਤੇ ਜੈਕਾਰਿਆਂ ਦੀ ਗੂੰਜ ਵਿਚ ਹੁੰਗਾਰਾ ਭਰਿਆ। ਤੁਸੀਂ ਕਹਿ ਸਕਦੇ ਹੋ ਕਿ ਇਹ ਐਤਵਾਰ ਅੰਮ੍ਰਿਤਪਾਲ ਸਿੰਘ ਲਈ ਹੀ ਜਿਵੇਂ ਰਾਖਵਾਂ ਹੋ ਨਿੱਬੜਿਆ। ਉਂਜ ਤਾਂ 7 ਜਨਵਰੀ ਤੋਂ ਹੀ ਕੌਮੀ ਇਨਸਾਫ ਮੋਰਚਾ ਦੇ ਕੰਪਲੈਕਸ ਅੰਦਰ ਹਰ ਰੋਜ਼ ਲੱਗੀਆਂ ਰੌਣਕਾਂ ਵਿਚ ਜੋਸ਼ ਅਤੇ ਜਨੂੰਨ ਦੇ ਮਾਹੌਲ ਵਿਚ ਧਾਰਮਿਕ ਅਤੇ ਰਾਜਨੀਤਕ ਚੇਤਨਾ ਨੇ ਵੱਡੀ ਥਾਂ ਮੱਲੀ ਹੋਈ ਹੈ, ਪਰ ਅੱਜ ਅੰਮ੍ਰਿਤਪਾਲ ਸਿੰਘ ਦੀ ਆਮਦ ਉਤੇ ਉਸ ਦੇ ਭਾਸ਼ਣ ਨੇ ਇਸ ਚੇਤਨਾ ਨੂੰ ਪ੍ਰਚੰਡ ਵੀ ਕੀਤਾ ਅਤੇ ਇਸ ਚੇਤਨਾ ਨੂੰ ਜਥੇਬੰਦ ਹੋਣ ਲਈ ਨੌਜਵਾਨਾਂ ਨੂੰ ਪ੍ਰੇਰਨਾ ਵੀ ਦਿੱਤੀ।

ਤੁਹਾਡਾ ਪੱਤਰਕਾਰ ਦੁਪਹਿਰ ਡੇਢ ਵਜੇ ਦੇ ਕਰੀਬ ਜਦੋਂ ਵਾਈ ਪੀ ਐਸ ਚੌਂਕ ਵਿਚ ਪੁੱਜਾ ਤਾਂ ਵਾਲੰਟੀਅਰਾਂ ਨੇ ਚੌਂਕ ਤੋਂ ਅੱਗੇ ਗੱਡੀਆਂ ਦਾ ਜਾਣਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਕਿਉਂਕਿ ਅੰਮ੍ਰਿਤਪਾਲ ਸਿੰਘ ਦੇ ਸਵਾਗਤ ਲਈ ਚੌਂਕ ਦੇ ਚਾਰੇ ਪਾਸੇ ਅਤੇ ਚੌਂਕ ਤੋਂ ਉਤੇ ਸਾਰੇ ਰਾਹ ਕਤਾਰਾਂ ਦੀ ਸ਼ਕਲ ਵਿਚ ਨੌਜਵਾਨਾਂ ਨੇ ਪੂਰੀ ਤਰ੍ਹਾਂ ਮੱਲੇ ਹੋਏ ਸਨ। ਉਂਜ ਵਸੋਂ ਵਾਲੇ ਪਾਸੇ ਮੋਹਾਲੀ ਦੇ ਵਸਨੀਕ ਵੀ ਵੱਡੀ ਗਿਣਤੀ ਵਿਚ ਇੱਕ ਪਾਸੇ ਖੜ੍ਹੇ ਸਨ ਤਾਂ ਜੋ ਉਹ ਉਸ ਨੌਜਵਾਨ ਮੁੰਡੇ ਨੂੰ ਵੇਖ ਸਕਣ ਜੋ ਦਿਨਾਂ ਅਤੇ ਕੁਝ ਹੀ ਮਹੀਨਿਆਂ ਵਿਚ ਘਰ-ਘਰ ਅੰਦਰ ਕਿਸੇ ਨਾਇਕ ਵਾਂਗ ਭਾਂਤ ਭਾਂਤ ਕਿਸਮ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ।
ਜੇ ਤੁਸੀਂ ਇਸ ਖਿੱਲਰੇ ਇਕੱਠ ਨੂੰ ਵੱਖ ਵੱਖ ਥਾਵਾਂ ਉੱਤੇ ਜਾ ਕੇ ਦਸ ਤਕ ਗਿਣਤੀ ਕਰੋ ਤਾਂ ਉਨ੍ਹਾਂ ਵਿਚੋਂ ਅੱਠ ਨੌਜਵਾਨ ਮਿਲਣਗੇ ਜਿਨ੍ਹਾਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਹੋਵੇਗੀ। ਏਸ ਲਈ ਇਹ ਨੌਜਵਾਨਾਂ ਦੀਆਂ ਉਹ ਟੋਲੀਆਂ ਹਨ ਜਿਨ੍ਹਾਂ ਵਿਚ ਅੱਜ ਪਹਿਲੀ ਵਾਰ ਵੱਡੀ ਗਿਣਤੀ ਵਿਚ ਬੀਬੀਆਂ ਨੇ ਵੀ ਹਾਜ਼ਰੀ ਲਗਾਈ। ਜਦੋਂ ਮੈ ਇਕ ਨਜ਼ਰ ਪੰਡਾਲ ਵੱਲ ਵੀ ਘੁਮਾਈ ਤਾਂ ਉਥੇ ਵੀ ਬੀਬੀਆਂ ਦੀ ਚੋਖੀ ਗਿਣਤੀ ਸੀ। ਏਨੀ ਵੱਡੀ ਗਿਣਤੀ ਵਿਚ ਨੌਜਵਾਨਾਂ ਦੀ ਹਾਜ਼ਰੀ ਦੇ ਕੀ ਅਰਥ ਹਨ, ਇਹ ਵਰਤਮਾਨ ਹਾਲਤਾਂ ਵਿਚ ਮਨੋਵਿਗਿਆਨ ਦਾ ਵਿਸ਼ਾ ਹੈ। ਦਿਲਚਸਪ ਗੱਲ ਇਹ ਸੀ ਕਿ ਸੰਗਤ ਵਿਚ ਬੀਬੀਆਂ ਤੇ ਮਰਦ ਇਕੱਠੇ ਬੈਠੇ ਹੋਏ ਸਨ, ਜਿਸ ਤੋਂ ਪਤਾ ਲੱਗਦਾ ਹੈ ਕਿ ਜਿਸ ਨੂੰ ਵੀ ਜਿੱਥੇ ਕਿਤੇ ਥਾਂ ਮਿਲੀ ਉਹ ਬੈਠ ਗਿਆ ਸੀ। ਪਰ ਸਾਰੀ ਸੰਗਤ ਪੂਰੀ ਤਰ੍ਹਾਂ ਅਨੁਸ਼ਾਸਨ ਵਿਚ ਸੀ।
ਭਾਵੇਂ ਸੰਗਤਾਂ ਦਾ ਇਕੱਠ ਉਮੀਦ ਤੋਂ ਕਿਤੇ ਵੱਧ ਹੋ ਗਿਆ ਸੀ, ਇਸ ਲਈ ਕਨਾਤਾਂ ਹਟਾ ਦਿੱਤੀਆਂ ਗਈਆਂ ਸਨ ਤਾਂ ਜੋ ਵੱਧ ਤੋਂ ਵੱਧ ਲੋਕ ਅੰਮ੍ਰਿਤਪਾਲ ਸਿੰਘ ਦੀ ਤਕਰੀਰ ਨੂੰ ਸੁਣ ਸਕਣ। ਜਾਪਦਾ ਹੈ ਪ੍ਰਬੰਧਕਾਂ ਨੂੰ ਹੁਣ ਪੰਡਾਲ ਲਈ ਵੱਖਰੀ ਥਾਂ ਚੁਣਗੀ ਪਵੇਗੀ ਕਿਉਂਕਿ ਜੀਵਨ ਦੇ ਹਰ ਖੇਤਰ ਵਿਚ ਕੰਮ ਕਰਨ ਵਾਲੇ ਉੱਘੇ ਆਗੂ ਅਤੇ ਲੋਕ ਇੱਥੇ ਆਪਣੀ ਹਾਜ਼ਰੀ ਭਰਨ ਲਈ ਉਤਾਵਲੇ ਹਨ। ਉਨ੍ਹਾਂ ਦੇ ਸੰਦੇਸ਼ ਲਗਾਤਾਰ ਆ ਰਹੇ ਹਨ।
ਅੰਮ੍ਰਿਤਪਾਲ ਸਿੰਘ ਦੇ ਭਾਸ਼ਣ ਦੀ ਫੋਲਾ-ਫਰੋਲੀ ਜਾਂ ਚੀਰ ਫਾੜ ਕਰਨੀ ਹੋਵੇ ਤਾਂ ਉਸ ਦਾ ਭਾਸ਼ਣ ਹੋਰਨਾਂ ਸਿਆਸਤਦਾਨਾਂ ਨਾਲੋਂ ਕਈ ਪੱਖਾਂ ਤੋਂ ਵੱਖਰਾ ਵੀ ਹੈ ਅਤੇ ਵਿਸ਼ੇਸ਼ ਵੀ। ਅੰਮ੍ਰਿਤਪਾਲ ਸਿੰਘ ਦਲੀਲ, ਜਜ਼ਬੇ ਅਤੇ ਜਾਣਕਾਰੀ ਨੂੰ ਕੁਝ ਇਸ ਅੰਦਾਜ਼ ਵਿਚ ਮਿਲਾ ਕੇ ਪੇਸ਼ ਕਰਦਾ ਹੈ ਕਿ ਸੁਣਨ ਵਾਲੇ ਦੇ ਅੰਦਰ ਇਕ ਤਰ੍ਹਾਂ ਦੀ ਹਲਚਲ ਵੀ ਪੈਦਾ ਹੋ ਜਾਂਦੀ ਹੈ ਤੇ ਪ੍ਰੇਰਨਾ ਵੀ। ਉਹ ਸਿੱਧਾ ਤੁਹਾਡੇ ਦਿਲ ਵੱਲ ਜਾਂਦਾ ਹੈ ਅਤੇ ਵਿਦਵਾਨਾਂ ਵਾਂਗ ਨਾ ਤਾਂ ਭਾਰੇ ਭਾਰੇ ਸ਼ਬਦ ਵਰਤਦਾ ਹੈ ਅਤੇ ਨਾ ਹੀ ਸਿਆਸਤਦਾਨਾਂ ਵਾਂਗ ਗੋਲ-ਮੋਲ ਗੱਲਾਂ ਕਰਦਾ ਹੈ। ਉਸ ਦੇ ਸ਼ਬਦਾਂ ਦੇ ਲਿਬਾਸ ਵਿਚ ਸਾਦਗੀ ਅਤੇ ਗਰਜ ਦੋਵੇਂ ਹੀ ਹਨ ਪਰ ਉਹ ਸਰੋਤਿਆਂ ਅੰਦਰ ਸੋਚਣ ਤੇ ਕੁਝ ਕਰ ਗੁਜ਼ਰਨ ਦਾ ਰਾਹ ਪੱਧਰਾ ਜ਼ਰੂਰ ਕਰ ਦੇਂਦਾ ਹੈ। ਮਿਸਾਲ ਦੇ ਤੌਰ `ਤੇ ਨੌਜਵਾਨਾਂ ਦੇ ਅੰਮ੍ਰਿਤ ਛਕਣ ਲਈ ਜਿਵੇਂ ਉਹ ਆਪਣੀਆਂ ਦਲੀਲਾਂ ਅਤੇ ਇਤਿਹਾਸਕ ਮਿਸਾਲਾਂ ਦੇ ਕੇ ਉਤਸ਼ਾਹ ਤੇ ਜੋਸ਼ ਭਰ ਦੇਂਦਾ ਹੈ, ਉਹ ਜੁਗਤ ਸ਼ਾਇਦ ਹੀ ਕਿਸੇ ਧਾਰਮਿਕ ਆਗੂ ਤੇ ਸਿਆਸਤਦਾਨਾਂ ਦੇ ਹਿੱਸੇ ਆਈ ਹੋਵੇ। ਦਿਲਚਸਪ ਗੱਲ ਇਹ ਹੈ ਕਿ ਉਸ ਨੇ ਭਾਸ਼ਣ ਤੋਂ ਪਹਿਲਾਂ ਸੰਗਤਾਂ ਵਿਚ ਵਾਹਿਗੁਰੂ ਦੀ ਧੁਨੀ ਆਰੰਭ ਕਰ ਕੇ ਇਹ ਅਹਿਸਾਸ ਕਰਵਾ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਦੀ ਸਿਆਸਤ ਧਾਰਮਿਕ ਸਭਿਆਚਾਰ ਉੱਤੇ ਆਧਾਰਿਤ ਹੈ। ਕੁਝ ਲੋਕ ਉਸਨੂੰ ਧਾਰਮਿਕ ਰੰਗ ਵਿਚ ਰੰਗਿਆ ਸਿਆਸਤਦਾਨ ਕਹਿੰਦੇ ਹਨ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਟਿੱਪਣੀਆਂ ਕਰਦਿਆਂ ਉਸ ਨੇ ਐਲਾਨ ਕੀਤਾ ਕਿ ਬੰਦੀ ਸਿੰਘਾਂ ਦੀ ਰਿਹਾਈ ਬਹੁਤ ਜ਼ਰੂਰੀ ਹੈ, ਪਰ ਇਹ ਵੀ ਸੋਚੋ ਕਿ ਉਹ ਬੰਦੀ ਕਿਉਂ ਬਣੇ? ਉਸ ਦਾ ਸਿੱਧਾ ਇਸ਼ਾਰਾ ਸੰਗਤਾਂ ਨੂੰ ਆਪਣੇ ਰਾਜ ਯਾਨੀ ਖ਼ਾਲਿਸਤਾਨ ਦੀ ਮੰਗ ਬਾਰੇ ਵੀ ਯਾਦ ਕਰਾਉਣਾ ਸੀ। ਇਹ ਕਹਿ ਕੇ ਉਸ ਨੇ ਸਿੱਧ ਕਰ ਦਿੱਤਾ ਕਿ ਉਹ ਸਿਆਣਾ, ਸੁਲਝਿਆ ਹੋਇਆ ਅਤੇ ਦੂਰ ਦੀ ਸੋਚਣ ਵਾਲਾ ਆਗੂ ਹੈ। ਉਸ ਨੇ ਭਾਈ ਤਾਰਾ ਅਤੇ ਭਾਈ ਭਿਉਰਾ ਵੱਲੋਂ ਹਾਲ ਵਿਚ ਹੀ ਦਿੱਤੇ ਗਏ ਚਰਚਿਤ ਬਿਆਨਾਂ ਦੀ ਹਮਾਇਤ ਕਰਦਿਆਂ ਅਤੇ ਉਨ੍ਹਾਂ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣਾ ਹੈ। ਉਨ੍ਹਾਂ ਦੀ ਰਿਹਾਈ ਤੋਂ ਬਿਨਾਂ ਮੋਰਚਾ ਖ਼ਤਮ ਹੋ ਹੀ ਨਹੀਂ ਸਕੇਗਾ ਪਰ ਅਸੀਂ ਖ਼ਾਲਿਸਤਾਨ ਦੇ ਸਵਾਲ `ਤੇ ਕੋਈ ਸਮਝੌਤਾ ਵੀ ਨਹੀਂ ਕਰਨਾ। ਜਦੋਂ ਹੀ ਉਸ ਨੇ ਇਹ ਐਲਾਨ ਕੀਤਾ ਤਾਂ ਪੰਡਾਲ ਨੇ ਵਾਰ-ਵਾਰ ਜੈਕਾਰਿਆਂ ਦੀ ਗੂੰਜ ਵਿਚ ਇਸ ਦਾ ਸਵਾਗਤ ਕੀਤਾ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੋਰਚੇ ਲਗਦੇ ਰਹਿਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਕੌਮ ਦਾ ਤੇਲ ਪਾਣੀ ਚੈਕ ਹੁੰਦਾ ਰਹਿੰਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਰਾਜ ਦੀ ਪ੍ਰਾਪਤੀ ਲੜ ਕੇ ਹੀ ਹਾਸਲ ਹੁੰਦੀ ਹੈ ਅਤੇ ਸਿੱਖ ਇਤਿਹਾਸ ਮੁਤਾਬਕ ਰਾਜ ਸ਼ਸਤਰਾਂ ਦੇ ਅਧੀਨ ਹੀ ਕਾਇਮ ਰਹਿੰਦਾ ਹੈ। ਅੰਮ੍ਰਿਤਪਾਲ ਸਿੰਘ ਨੇ ਪੰਜਾਬ ਦੇ ਖੱਬੇਪੱਖੀ ਲੋਕਾਂ ਦੀ ਤਿੱਖੀ ਆਲੋਚਨਾ ਕੀਤੀ ਕਿ ਇਹ ਲੋਕ ਦੁਨੀਆਂ ਵਿਚ ਲੁੱਟੇ ਪੁੱਟੇ ਤੇ ਆਜ਼ਾਦੀ ਦੀ ਤਾਂਘ ਰੱਖਣ ਵਾਲਿਆਂ ਦੀ ਹਮਾਇਤ ਅਕਸਰ ਹੀ ਕਰਦੇ ਰਹਿੰਦੇ ਹਨ ਪਰ ਪੰਜਾਬ ਅੰਦਰ ਆਜ਼ਾਦੀ ਲਈ ਸੰਘਰਸ਼ ਕਰਨ ਵਾਲਿਆਂ ਦਾ ਵਿਰੋਧ ਕਿਉਂ ਕਰਦੇ ਹਨ? ਉਨ੍ਹਾਂ ਐਲਾਨ ਕੀਤਾ ਕਿ ਇਹ ਲੋਕ ਭਗੌੜੇ ਬਣ ਚੁੱਕੇ ਹਨ।