ਕੰਧ

ਕਮਲ ਸੇਖੋਂ
ਫੋਨ: +91-78886-85044
ਕਹਾਣੀਕਾਰਾ ਕਮਲ ਸੇਖੋਂ ਦੀ ਕਹਾਣੀ ‘ਕੰਧ’ ਮਖਮਲੀ ਰਿਸ਼ਤਿਆਂ ਦਾ ਬਿਰਤਾਂਤ ਹੈ। ਇਸ ਵਿਚ ਮੋਹ-ਮੁਹੱਬਤ ਦੀ ਚਾਸ਼ਣੀ ਘੁਲੀ ਹੋਈ ਪ੍ਰਤੀਤ ਹੁੰਦੀ ਹੈ। ਇਸ ਵਿਚ ਮਨੁੱਖੀ ਮਨ ਦੀਆਂ ਖਵਾਹਿਸ਼ਾਂ ਵੀ ਮੂੰਹ-ਜ਼ੋਰ ਹੋ ਕੇ ਆਪਣੀ ਆਈ ‘ਤੇ ਆਉਂਦੀਆਂ ਜਾਪਦੀਆਂ ਹਨ। ਇਸ ਮੋਹ-ਮੁਹੱਬਤ ਅਤੇ ਖਵਾਹਿਸ਼ਾਂ ਵਿਚਕਾਰ ਕੰਧਾਂ ਲਗਾਤਾਰ ਬਣਦੀਆਂ-ਵਿਗਸਦੀਆਂ ਰਹਿੰਦੀਆਂ ਹਨ। ਇਹੀ ਮਨੁੱਖਾ ਜੀਵਨ ਦਾ ਸੱਚ ਹੈ।

ਮੈਨੂੰ ਉਸ ਨਾਲ ਖਿੱਚ ਜਿਹੀ ਮਹਿਸੂਸ ਹੋਈ। ਫਲਰਟ ਕਰਨ ਵਾਲੀ ਦੁਨੀਆ ਨਾਲ ਤਾਂ ਸੋਸ਼ਲ ਮੀਡੀਆ ਭਰਿਆ ਪਿਆ ਆ। ਘਰ ਦੀ ਔਰਤ ਲਈ ਚਾਹੇ ਟਾਈਮ ਕੱਢਣ ਨਾ ਕੱਢਣ ਪਰ ਫੇਸਬੁੱਕ ਵਾਲੀ ਨਾਲ ਚੈਟਿੰਗ ਲਈ ਟਾਈਮ ਹੀ ਟਾਈਮ ਆ ਇਨ੍ਹਾਂ ਕੋਲ਼। ਪੁੱਛਣ ਵਾਲਾ ਹੋਵੇ ਬਈ ਜੋ ਘਰੇ ਵਿਆਹ ਕੇ ਲਿਆਂਦੀ ਆ, ਉਹਦੇ ਨਾਲ ਲਈਆਂ ਲਾਵਾਂ ਫੇਰਿਆਂ ਦਾ ਮਾਣ ਹੀ ਰੱਖ ਲਓ, ਖ਼ੈਰ…।
ਮਿਲਿਆ ਤਾਂ ਉਹ ਵੀ ਮੈਨੂੰ ਫੇਸਬੁੱਕ ਰਾਹੀਂ ਹੀ ਸੀ ਪਰ ਸਾਡੇ ਦੋਨਾਂ ਦੇ ਇਕੋ ਸ਼ੌਕ ਨੇ ਸਾਨੂੰ ਇਕ ਦੂਜੇ ਨਾਲ ਜੋੜ ਦਿੱਤਾ। ਦੋਵੇਂ ਕਵਿਤਾਵਾਂ ਲਿਖਦੇ ਹਾਂ। ਮੈਂ ਮੁਹੱਬਤ ਦੀ ਕਵਿਤਾ ਲਿਖਦੀ ਹਾਂ ਤੇ ਉਹ ਕ੍ਰਾਂਤੀਕਾਰੀ ਕਵੀ ਹੈ। ਅੰਮ੍ਰਿਤਾ ਪ੍ਰੀਤਮ ਲਿਖਦੀ ਹੈ-
ਜ਼ਿੰਦਗੀ ਤੁਹਾਡੇ ਉਸ ਗੁਣ ਦਾ ਇਮਤਿਹਾਨ ਲੈਂਦੀ ਏ
ਜਿਹੜਾ ਤੁਹਾਡੇ ਧੁਰ ਅੰਦਰ ਮੌਜੂਦ ਹੁੰਦਾ ਹੈ
ਮੇਰੇ ਅੰਦਰ ਮੁਹੱਬਤ ਸੀ।
ਮੈਂ ਵੀ ਮੁਹੱਬਤ ਨਾਲ ਭਰੀ ਪਈ ਹਾਂ। ਮੁਹੱਬਤ ਨੂੰ ਕਾਗ਼ਜ਼ਾਂ ‘ਤੇ ਕਵਿਤਾ ਬਣਾ ਉਤਾਰ ਲੈਂਦੀ ਹਾਂ। ਮਨ ਦੀ ਭਟਕਣ ਨੂੰ ਸ਼ਾਂਤ ਕਰਨ ਦਾ ਇਹ ਸੋਹਣਾ ਢੰਗ ਹੈ। ਕਵਿਤਾ ਲਿਖ ਫੇਸਬੁੱਕ ‘ਤੇ ਪੋਸਟ ਕਰਦੀ ਹਾਂ ਤਾਂ ਸੰਕਿਟਾਂ ਵਿਚ ਲਾਈਕ ਤੇ ਕੁਮੈਂਟਾਂ ਦੇ ਢੇਰ ਲੱਗ ਜਾਂਦੇ ਹਨ। ਜਿਸ ਦਿਨ ਨਵੀਂ ਕਵਿਤਾ ਪੋਸਟ ਕਰਦੀ ਹਾਂ ਤਾਂ ਸਾਰਾ ਦਿਨ ਸੋਹਣਾ ਲੰਘ ਜਾਂਦਾ ਹੈ। ਵਾਰੀ-ਵਾਰੀ ਫੇਸਬੁੱਕ ਖੋਲ੍ਹ ਲਾਈਕ ਤੇ ਕੁਮੈਂਟ ਦੇਖ ਕੇ ਖੁਸ਼ ਹੁੰਦੀ ਰਹਿੰਦੀ ਹਾਂ।
ਮੇਰਾ ਪਤੀ ਸ਼ਹਿਰ ਦਾ ਮੰਨਿਆ ਪ੍ਰਮੰਨਿਆਂ ਬਿਜ਼ਨਸਮੈਨ ਆ। ਮੇਰੇ ਲਈ ਉਹਦੇ ਕੋਲ਼ ਸਭ ਕੁਝ ਆ- ਬਰੈਂਡਡ ਕੱਪੜੇ, ਗਹਿਣੇ, ਕੋਠੀਆਂ, ਕਾਰਾਂ, ਨੌਕਰ-ਚਾਕਰ; ਬਸ ਨਹੀਂ ਆ ਤਾਂ ਟਾਈਮ ਨਹੀਂ ਆ। ਉਹਨੂੰ ਨਹੀਂ ਪਤਾ ਕਿ ਮੇਰੇ ਲਈ ਹੋਰ ਕੁਝ ਵੀ ਮੈਟਰ ਨਹੀਂ ਕਰਦਾ, ਬਸ ਟਾਈਮ ਚਾਹੀਦਾ ਜੋ ਉਸ ਕੋਲ਼ ਹੈ ਨਹੀਂ।
ਸ਼ਾਨਦਾਰ ਕੋਠੀ ਮੈਨੂੰ ਜੇਲ੍ਹ ਲੱਗਦੀ। ਛੱਪੇ-ਚੱਪੇ ‘ਤੇ ਕੈਮਰੇ ਦੀਆਂ ਨਜ਼ਰਾਂ, ਜੇਲ੍ਹਰ ਵਾਂਗ ਮੇਰੀ ਹਰ ਹਰਕਤ ‘ਤੇ ਨਜ਼ਰ ਰੱਖਦੀਆਂ। ਮੈਨੂੰ ਘੁਟਣ ਹੋਣ ਲੱਗਦੀ। ਨੌਕਰ ਚਾਕਰਾਂ ਦੀ ਭੀੜ ਵਿਚ ਪਾਣੀ ਦਾ ਗਲਾਸ ਵੀ ਚੁੱਕ ਕੇ ਨਹੀਂ ਪੀਣ ਹੁੰਦਾ। ਕੋਈ ਵੀ ਆਮ ਔਰਤ ਇਹੀ ਤਾਂ ਚਾਹੇਗੀ, ਰਾਣੀਆਂ ਵਰਗੀ ਜ਼ਿੰਦਗੀ ਪਰ ਮੈਂ ਇਸ ਸਭ ਤੋਂ ਖੁਸ਼ ਨਹੀਂ ਆਂ।
ਮੈਂ ਜ਼ਿੰਦਗੀ ਨੂੰ ਜਿਊਣਾ ਚਾਹੁੰਦੀ ਆਂ। ਜਿੱਥੇ ਜੀਅ ਕਰੇ, ਜਾ ਸਕਾਂ; ਰੇਹੜੀ ‘ਤੇ ਖੜ੍ਹ ਕੇ ਗੋਲ਼-ਗੱਪੇ ਜਾਂ ਆਮ ਜਿਹੀ ਦੁਕਾਨ ਤਂੋ ਡੋਸਾ ਖਾ ਸਕਾਂ। ਅਫ਼ਸੋਸ, ਮੈਂ ਇਹ ਸਭ ਚਾਹ ਕੇ ਵੀ ਨਹੀ ਕਰ ਸਕਦੀ।
ਮੈਂ ਹੈਰਾਨ ਹਾਂ ਕਿ ਉਹ ਏਨਾ ਵੱਡਾ ਬਿਜ਼ਨਸ ਕਿੱਦਾਂ ਸਾਂਭ ਲੈਂਦਾ, ਜਦੋਂ ਕਿ ਉਹਨੂੰ ਕੁਝ ਵੀ ਯਾਦ ਨਹੀਂ ਰਹਿੰਦਾ। ਬਰਥ ਡੇ, ਮੈਰਿਜ ਐਨਵਰਸਰੀ ਮੈਂ ਹੀ ਯਾਦ ਕਰਾਉਂਦੀ ਆਂ। ਐਨਵਰਸਰੀ ‘ਤੇ ਡਾਇਮੈਂਡ ਦੀ ਜਿਵੈਲਰੀ ਗਿਫਟ ਕਰ ਸਕਦਾ ਹੈ ਪਰ ‘ਕੱਲੀ ਨੂੰ ਟਾਈਮ ਨਹੀਂ ਦੇ ਸਕਦਾ। ਉਹ ਮੇਰੇ ਬਰਥ ਡੇ ‘ਤੇ ਸ਼ਹਿਰ ਦੇ ਸਭ ਤੋ ਵੱਡੇ ਹੋਟਲ ਵਿਚ ਪਾਰਟੀ ਤਾਂ ਦੇ ਸਕਦਾ ਏ ਪਰ ਇਕ ਵਾਰੀ ਮੇਰਾ ਮੱਥਾ ਚੁੰਮ ਕੇ ਵਿਸ਼ ਨਹੀਂ ਕਰ ਸਕਦਾ। ਬੋਰ ਹੋਈ ਪਈ ਆਂ ਮੈਂ ਇਸ ਜ਼ਿੰਦਗੀ ਤੋਂ। ਜੀਅ ਕਰਦਾ ਕਿਤੇ ਦੂਰ ਚਲੀ ਜਾਵਾਂ ਜਿੱਥੇ ਮੈਨੂੰ ਕੋਈ ਨਾ ਜਾਣਦਾ ਹੋਵੇ।
ਸਾਰਾ ਦਿਨ ‘ਕੱਲੀ ਬੋਰ ਹੁੰਦੀ ਹਾਂ ਤਾਂ ਲਿਖ ਪੜ੍ਹ ਲੈਂਦੀ ਹਾਂ। ਇਹ ਸ਼ੌਕ ਮੈਨੂੰ ਸਕੂਲ ਪੜ੍ਹਦਿਆਂ ਤੋਂ ਹੀ ਆ। ਇਕ ਵਾਰੀ ਪੰਜਾਬੀ ਦੀ ਕਾਪੀ ਪਿੱਛੇ ਕੁਝ ਲਿਖਿਆ। ਪੇਜ ਪਾੜਨਾ ਭੁੱਲ ਗਈ। ਸਰ ਕਾਪੀਆਂ ਚੈੱਕ ਕਰਨ ਲਈ ਸਟਾਫ ਰੂਮ ਵਿਚ ਲੈ ਗਏ। ਕਲਾਸ ਵਿਚ ਆ ਕੇ ਸਰ ਨੇ ਸਭ ਦੀਆਂ ਕਾਪੀਆਂ ਦੇ ਦਿੱਤੀਆਂ। ਮੇਰੀ ਵਾਰੀ ਲਾਸਟ ਵਿਚ ਆਈ।
“ਇਹ ਤੂੰ ਲਿਖਿਆ ਏ?” ਸਰ ਨੇ ਕਾਪੀ ਦਾ ਪੇਜ ਕੱਢ ਕੇ ਮੇਰੇ ਮੂਹਰੇ ਕਰ ਪੁੱਛਿਆ।
ਡਰਦੀ ਨੇ ‘ਹਾਂ` ਵਿਚ ਸਿਰ ਹਿਲਾ ਦਿੱਤਾ।
“ਤੈਨੂੰ ਪਤੈ ਇਹ ਕੀ ਆ?”
ਮੈਂ ਡਰ ਨਾਲ ਸਿਰ ਤੋਂ ਪੈਰਾਂ ਤੀਕ ਕੰਬ ਗਈ। ਜਵਾਬ ਦੇਣ ਦੀ ਬਜਾਇ ਮੈਂ ਨੀਵੀਂ ਪਾ ਲਈ।
“ਝੱਲੀਏ, ਇਹ ਕਵਿਤਾ ਆ।” ਸਰ ਨੇ ਕਾਪੀ ਮੈਨੂੰ ਫੜਾਉਂਦਿਆਂ ਕਿਹਾ।
“ਸੋਹਣੀ ਲਿਖੀ ਆ, ਸਕੂਲ ਦੇ ਮੈਗਜ਼ੀਨ ਲਈ ਦੇ ਦੇਈਂ ਮੈਨੂੰ।” ਸਰ ਨੇ ਮੁਸਕਰਾ ਕੇ ਕਿਹਾ।
ਸੋ ਇਸ ਤਰ੍ਹਾਂ ਮੇਰੀ ਲਿਖਣ ਦੀ ਸ਼਼ੁਰੂਆਤ ਹੋ ਗਈ। ਅਖਬਾਰਾਂ, ਮੈਗਜ਼ੀਨਾਂ ਵਿਚ ਛਪਣ ਕਰ ਕੇ ਲੇਖਕਾਂ ਵਿਚ ਪਛਾਣ ਬਣ ਗਈ। ਕਾਲਜ ਦੀ ਸਟੇਜ ਉੱਤੇ ਬੋਲੀ ਕਵਿਤਾ ‘ਤੇ ਤਾੜੀਆਂ ਦੀ ਗੂੰਜ ਨੇ ਸੁਫ਼ਨਿਆਂ ਨੂੰ ਖੰਭ ਲਾ ਦਿੱਤੇ।
ਮੈਂ ਮਿਡਲ ਕਲਾਸ ਫੈਮਿਲੀ ਤੋਂ ਆਂ। ਪਾਪਾ ਰੇਲਵੇ ਵਿਚ ਕਲਰਕ ਨੇ। ਅਸੀਂ ਦੋ ਭੈਣ ਭਰਾ ਆਂ। ਭਰਾ ਛੋਟਾ ਆ। ਮੈਂ ਬਚਪਨ ਤੋਂ ਹੀ ਪੜ੍ਹਨ ਵਿਚ ਬਹੁਤ ਹੁਸ਼ਿਆਰ ਸੀ। ਰੱਬ ਨੇ ਸੁਹੱਪਣ ਵੱਲੋਂ ਵੀ ਕੋਈ ਘਾਟ ਨਾ ਰੱਖੀ। ਬਲੌਰੀ ਅੱਖਾਂ ਕਰਕੇ ਕੁਝ ਸਹੇਲੀਆਂ ਬਿੱਲੋ ਕਹਿ ਕੇ ਛੇੜਦੀਆਂ ਤੇ ਕੁਝ ਕੱਦ ਵੇਖ ਲੰਬੋ ਕਹਿ ਦਿੰਦੀਆਂ। ਗੋਰਾ ਰੰਗ ਧੁੱਪ ਵਿਚ ਗੁਲਾਬੀ ਹੋ ਜਾਂਦਾ ਤਾਂ ਉਹ ਗੁਲਾਬੋ ਵੀ ਕਹਿ ਛੱਡਦੀਆਂ। ਹੁਸ਼ਿਆਰ ਤੇ ਸੋਹਣੀ ਹੋਣ ਕਰਕੇ ਸਹੇਲੀਆਂ ਵਿਚ ਵੱਖਰੀ ਹੀ ਟੌਹਰ ਸੀ।
ਬੀ.ਏ., ਬੀ.ਐੱਡ ਤੋਂ ਬਾਅਦ ਐੱਮ.ਏ. ਕਰਨ ਬਾਰੇ ਸੋਚ ਹੀ ਰਹੀ ਸੀ ਕਿ ਰੁਪਿੰਦਰ ਦਾ ਰਿਸ਼ਤਾ ਆ ਗਿਆ। ਰੁਪਿੰਦਰ ਸ਼ਹਿਰ ਦੇ ਕਹਿੰਦੇ ਕਹਾਉਂਦੇ ਬਿਜ਼ਨਸਮੈਨ ਸਰਦਾਰ ਚੰਦਨ ਸਿੰਘ ਸਿੱਧੂ ਦਾ ਬੇਟਾ ਏ। ਉਸਦੀ ਮਦਰ ਪਹਿਲਾ ਹੀ ਗੁਜ਼ਰ ਚੁੱਕੀ ਹੈ ਤੇ ਹੁਣ ਚੰਦਨ ਸਿੰਘ ਹਰਟ ਅਟੈਕ ਨਾਲ ‘ਤੁਰ` ਗਏ ਤਾਂ ਸਾਰਾ ਬਿਜ਼ਨਸ ਉਨ੍ਹਾਂ ਦਾ ਇਕਲੌਤਾ ਬੇਟਾ ਰੁਪਿੰਦਰ ਦੇਖਦਾ ਆ। ਘਰ ਬੈਠੇ ਬਿਠਾਏ ਏਨੇ ਤਕੜੇ ਘਰ ਦਾ ਰਿਸ਼ਤਾ ਆਇਆ ਤਾਂ ਮੰਮਾ ਪਾਪਾ ਦੇ ਪੈਰ ਧਰਤੀ ‘ਤੇ ਨਾ ਲੱਗਣ। ਰੁਪਿੰਦਰ ਨੂੰ ਸਿਰਫ ਕੁੜੀ ਸੋਹਣੀ ਤੇ ਸਿਆਣੀ ਚਾਹੀਦੀ ਸੀ। ਪਹਿਲੀ ਨਜ਼ਰ ਵਿਚ ਹੀ ਉਸ ਦੀਆਂ ਅੱਖਾਂ ਵਿਚੋਂ ‘ਹਾਂ` ਮੈਂ ਪੜ੍ਹ ਲਈ। ਬਸ ਫਿਰ ਕੀ, ਛੇਤੀ ਹੀ ਮੈਂ ਮਿਸਿਜ਼ ਰੁਪਿੰਦਰ ਸਿੰਘ ਸਿੱਧੂ ਬਣ ਗਈ।
ਮੈਂ ਤੇ ਰੁਪਿੰਦਰ ਦੋਵਂੇ ਅੱਡ-ਅੱਡ ਸੁਭਾਅ ਦੇ ਆਂ। ਰੁਪਿੰਦਰ ਬੜੇ ਰਿਜ਼ਰਵ ਜਿਹੇ ਨੇਚਰ ਦਾ ਹੈ ਤੇ ਮੈਂ ਹੱਸਣ ਖੇਡਣ ਵਾਲੀ। ਵਿਆਹ ਤੋਂ ਪਹਿਲਾਂ ਆਪਣੇ ਜੀਵਨ ਸਾਥੀ ਵਾਲੇ ਦੇਖੇ ਸੁਫਨੇ ਨਾਲ ਰੁਪਿੰਦਰ ਬਿਲਕੁਲ ਮੇਲ ਨਹੀਂ ਖਾਂਦਾ। ਉਹ ਮੇਰੇ ਸੁਫ਼ਨਿਆਂ ਦੇ ਰਾਜਕੁਮਾਰ ਵਰਗਾ ਤਾਂ ਬਿਲਕੁਲ ਵੀ ਨਹੀਂ ਆ। ਮੈਂ ਜਿੰਨਾ ਮਰਜ਼ੀ ਸਜ ਫੱਬ ਕੇ ਬਹਿ ਜਾਵਾਂ, ਉਹਦੇ ਮੂੰਹੋਂ ਕਦੇ ਦੋ ਬੋਲ ਤਾਰੀਫ਼ ਦੇ ਨਹੀਂ ਨਿਕਲੇ। ਕਦੇ ਉਹਨੇ ਸ਼ੀਸ਼ੇ ਮੂਹਰੇ ਖੜ੍ਹੀ ਨੂੰ ਪਿੱਛੋਂ ਗਲ਼ਵੱਕੜੀ ਪਾ ਕੇ ਪਿਆਰ ਨਹੀਂ ਜਿਤਾਇਆ। ਮੈਂ ਚਾਹੁੰਦੀ ਆਂ ਉਹ ਮੇਰੇ ਨਾਲ ਲਾਡ ਕਰੇ, ਲੜੇ, ਰੁੱਸੇ ਤੇ ਕਦੇ ਰੁੱਸੀ ਨੂੰ ਮਨਾਵੇ ਪਰ ਉਹ ਏਦਾਂ ਦਾ ਕੁਝ ਵੀ ਨਹੀਂ ਕਰਦਾ। ਉਹਨੂੰ ਤਾਂ ਬਸ ਬਿਜ਼ਨਸ, ਬਿਜ਼ਨਸ ਦੀ ਪਈ ਰਹਿੰਦੀ ਆ। ਪਿਆਰ ਕਰਨਾ ਤਾਂ ਉਸਨੂੰ ਆਉਂਦਾ ਈ ਨਹੀਂ। ਮੇਰੇ ਸਾਰੇ ਅਰਮਾਨ ਧਰੇ ਧਰਾਏ ਰਹਿ ਗਏ।
ਦੋ ਗੱਲਾਂ ਰੁਪਿੰਦਰ ਦੀਆਂ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ।ਪਹਿਲੀ ਇਹ ਕਿ ਮੈਨੂੰ ਬੱਚਾ ਕੰਨਸੀਵ ਕਰਨ ਵਿਚ ਪ੍ਰੋਬਲਮ ਆ ਰਹੀ ਸੀ, ਨੁਕਸ ਮੇਰੇ ਵਿਚ ਹੀ ਨਿਕਲ ਰਿਹਾ ਸੀ ਪਰ ਰੁਪਿੰਦਰ ਦੀ ਸਿਫ਼ਤ ਆ ਕਿ ਉਹਨੇ ਕਦੇ ਮੈਨੂੰ ਇਸ ਦਾ ਤਾਅਨਾ ਨਹੀਂ ਮਾਰਿਆ ਤੇ ਦੂਜੀ, ਰੁਪਿੰਦਰ ਨੇ ਨਾ ਹੀ ਮੈਨੂੰ ਕਦੇ ਲਿਖਣ ਪੜ੍ਹਨ ਤੋਂ ਤੇ ਨਾ ਹੀ ਕਿਤੇ ਜਾਣ ਤੋਂ ਰੋਕਿਆ ਆ।
ਸਭਾਵਾਂ ਵਿਚ ਜਾਣ ਕਰਕੇ ਫੇਸਬੁੱਕ ‘ਤੇ ਵੀ ਦੋਸਤਾਂ ਵਿਚ ਇਜ਼ਾਫਾ ਹੋਇਆ। ਕਈ ਵੱਡੇ ਛੋਟੇ ਲੇਖਕ ਲੇਖਿਕਾਵਾਂ ਮੇਰੀ ਫਰੈਂਡ ਲਿਸਟ ਵਿਚ ਸ਼ਾਮਿਲ ਹੋ ਗਏ। ਮੈਂ ਫੋਨ ਨੰਬਰ ਕਦੇ ਕਿਸੇ ਨੂੰ ਨਾ ਦਿੱਤਾ, ਬਸ ਮੈਸੰਜਰ ‘ਤੇ ਹੀ ਸਭਾਵਾਂ ਵਾਲੇ ਇਨਵੀਟੇਸ਼ਨ ਭੇਜ ਦਿੰਦੇ। ਹੋਰ ਵੀ ਬਹੁਤ ਲੇਖਕਾਂ ਜਾਂ ਪਾਠਕਾਂ ਦੇ ਮੈਸਿਜ ਆਉਂਦੇ ਪਰ ਮੈਂ ਇਗਨੋਰ ਕਰ ਦਿੰਦੀ।
ਉਸਦਾ ਮੈਸਿਜ ਵੀ ਮੈਸੰਜਰ ‘ਤੇ ਆਇਆ ਸੀ। ਉਹਨੇ ਮੇਰੀ ਕਵਿਤਾ ਦੀ ਤਾਰੀਫ਼ ਕੀਤੀ, ਸੋ ਚੰਗਾ ਲੱਗਾ। ਵੈਸੇ ਤਾਂ ਮੈਂ ਕਿਸੇ ਵੀ ਮੈਸਿਜ ਦਾ ਰਿਪਲਾਈ ਨਹੀਂ ਕਰਦੀ। ਮੈਂ ਉਹਦੀ ਪ੍ਰੋਫਾਇਲ ਦੇਖਣ ਲੱਗ ਪਈ। ਫਿਰ ਪਤਾ ਨਹੀਂ ਕਿਉਂ, ਮੈਂ ਉਸਦੇ ਮੈਸਿਜ ਦੇ ਰਿਪਲਾਈ ਵਿਚ ‘ਸ਼ੁਕਰੀਆ` ਲਿਖ ਕੇ ਪੋਸਟ ਕਰ ਦਿੱਤਾ। ਉਹ ਮੇਰੇ ਸ਼ਹਿਰ ਦੇ ਨਾਲ ਹੀ ਲੱਗਦੇ ਕਸਬੇ ਦਾ ਸੀ।
ਮੈਸੰਜਰ ‘ਤੇ ਰੋਜ਼ ਹੀ ਗੱਲ-ਬਾਤ ਹੋਣ ਲੱਗੀ। ਮੈਂ ਆਪਣੇ ਬਾਰੇ ਤੇ ਉਹਨੇ ਆਪਣੇ ਬਾਰੇ ਦੱਸਿਆ। ਸਾਡੇ ਫੋਨ ਨੰਬਰ ਐਕਸਚੇਂਜ ਹੋਏ। ਉਹ ਪੇਸ਼ੇ ਵਜੋਂ ਡਾਕਟਰ ਹੈ। ਹੁਣ ਅਸੀਂ ਦੋਵੇਂ ਫੋਨ ‘ਤੇ ਚੰਗੇ ਦੋਸਤ ਬਣ ਗਏ। ਕਵਿਤਾਵਾਂ ਬਾਰੇ ਗੱਲਾਂ ਹੋਣ ਲੱਗੀਆਂ। ਉਸ ਨਾਲ ਗੱਲ ਕਰ ਕੇ ਬਹੁਤ ਚੰਗਾ ਲੱਗਦਾ। ਜਿਸ ਦਿਨ ਉਹਦਾ ਮੈਸਿਜ ਜਾਂ ਕਾਲ ਨਾ ਆਉਂਦੀ ਤਾਂ ਮੇਰਾ ਮਨ ਖਿਝਿਆ-ਖਿਝਿਆ ਰਹਿੰਦਾ। ਅਜੀਬ ਜਿਹਾ ਬਦਲਾਅ ਮਹਿਸੂਸ ਕਰਨ ਲੱਗੀ ਸੀ ਮੈਂ ਆਪਣੇ ਆਪ ‘ਚ। ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣਨ ਲੱਗਾ। ਮੇਰਾ ਦਿਲ ਉਹਨੂੰ ਮਿਲਣ ਨੂੰ ਕਰਨ ਲੱਗਾ,ਆਹਮੋ-ਸਾਹਮਣੇ ਬਹਿ ਕੇ ਗੱਲਾਂ ਕਰਨ ਨੂੰ ਪਰ ਮੇਰੇ ਚੰਗੇ ਸੰਸਕਾਰ ਮੈਨੂੰ ਪਹਿਲ ਕਰਨ ਤੋਂ ਰੋਕਦੇ। ਇਕ ਦਿਨ ਰੱਬ ਨੇ ਮੇਰੀ ਸੁਣ ਲਈ।
“ਆਪਾਂ ਮਿਲੀਏ?” ਆਖ ਜਿਵੇਂ ਉਹਨੇ ਮੇਰੇ ਮਨ ਦੀ ਗੱਲ ਬੁੱਝ ਲਈ ਸੀ।
ਦਿਲ ਅੰਦਰੋ-ਅੰਦਰੀ ਖੁਸ਼ ਹੋਈ ਜਾਵੇ ਪਰ ਮੈਂ ਉਤਲੇ ਮਨੋਂ ਨਾਂਹ ਨੁੱਕਰ ਜਿਹੀ ਕਰੀ ਜਾਵਾਂ। ੀਵਚੋ-ਵਿਚ ਡਰੀ ਵੀ ਜਾਵਾਂ ਕਿ ਉਹ ਕਿਤੇ ਬੁਰਾ ਈ ਨਾ ਮੰਨ ਜਾਵੇ। ਤਿੰਨ ਕੁ ਵਾਰ ‘ਨਾਂਹ` ਕਰਨ ਤੋਂ ਬਾਅਦ ਮੇਰੇ ਬੁੱਲ੍ਹਾਂ ਨੇ ਮੁਸਕਰਾਉਂਦਿਆਂ ‘ਹਾਂ` ਕਰ ਦਿੱਤੀ।
“ਮੈਂ ਉੱਥੇ ਡਾਕਟਰ ਨਹੀਂ, ਦੋਸਤ ਬਣ ਕੇ ਆਉਣਾ, ਬਸ ਇਹ ਯਾਦ ਰੱਖੀਂ।” ਉਹਨੇ ਹਦਾਇਤ ਕੀਤੀ।
“ਜੀ।” ਆਖ ਮੈਂ ਸਹਿਮਤੀ ਪ੍ਰਗਟਾਈ।
ਉਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਉਸ ਨੂੰ ਵੀ ਮੇਰੇ ਨਾਲ ਲਗਾਉ ਜਿਹਾ ਹੋ ਗਿਆ ਏ। ਦੂਜੇ ਦਿਨ ਉਸਨੂੰ ਮਿਲਣਾ ਸੀ। ਏਨੀਆ ਬਰੈਂਡਡ ਡਰੈੱਸਿਜ਼ ਨੇ ਮੇਰੇ ਕੋਲ਼ ਪਰ ਉਸ ਦਿਨ ਪਾ ਕੇ ਜਾਣ ਵਾਸਤੇ ਕੋਈ ਚੰਗੀ ਨਾ ਲੱਗੀ। ਸਾਰੀ ਅਲਮਾਰੀ ਫਰੋਲ ਮਾਰੀ। ਦਰਅਸਲ ਮੈਂ ਕੋਈ ਪਿਆਰਾ ਜਿਹਾ ਸੂਟ ਪਾ ਕੇ ਜਾਣਾ ਚਾਹੁੰਦੀ ਸਾਂ। ਫਿਰ ਯਾਦ ਆਇਆ ਉਹ ਪਿੰਕ ਸੂਟ ਜੋ ਬੜੀ ਰੀਝ ਨਾਲ ਖ਼ਰੀਦਿਆ ਸੀ ਪਰ ਪਾਇਆ ਇਕ ਵਾਰ ਵੀ ਨਹੀਂ ਸੀ। ਪਿੰਕ ਤੇ ਹਾਟ ਪਿੰਕ ਦਾ ਕੰਬੀਨੇਸ਼ਨ ਬਹੁਤ ਹੀ ਪਿਆਰਾ ਲੱਗ ਰਿਹਾ ਸੀ। ਉਪਰ ਸੀਕਵਿਨਸ ਦਾ ਕੰਮ ਹੋਇਆ ਸੀ। ਉਹ ਸੂਟ ਪਾ ਕੇ ਸ਼ੀਸ਼ੇ ਵਿਚ ਵੇਖਣ ਲੱਗੀ ਤਾਂ ਆਪਣੇ ਆਪ ‘ਤੇ ਪਿਆਰ ਜਿਹਾ ਆਇਆ। ਹਲਕਾ ਜਿਹਾ ਮੇਕਅਪ ਕਰ, ਨਾਲ ਮੈਚਿੰਗ ਜਵੈਲਰੀ ਪਾ ਕੇ ਕਾਰ ਨੂੰ ਮਿਥੀ ਥਾਂ ਵਾਲੇ ਰਾਹ ‘ਤੇ ਪਾ ਲਿਆ।
ਦਸ ਮਿੰਟ ਦਾ ਤਾਂ ਰਾਹ ਸੀ ਸਾਰਾ। ਕਾਰ ਸਾਇਡ ‘ਤੇ ਲਾ ਕੇ ਮੈਂ ਉਹਦਾ ਫੋਨ ਮਿਲਾਇਆ। ਉਹਨੂੰ ਹਾਲੇ ਪੰਜ ਕੁ ਮਿੰਟ ਲੱਗਣੇ ਸੀ। ਮੇਰੇ ਕੋਲ਼ੋਂ ਉਡੀਕ ਨਹੀਂ ਸੀ ਹੋ ਰਹੀ। ਉਹਨੂੰ ਵੇਖਣ ਲਈ ਦਿਲ ਕਾਹਲ਼ਾ ਪਿਆ ਹੋਇਆ ਸੀ। ਅੱਜ ਉਸਨੇ ਤਸਵੀਰ ‘ਚੋਂ ਨਿਕਲ ਕੇ ਮੇਰੇ ਸਾਹਮਣੇ ਹੋਣਾ ਸੀ। ਮੇਰਾ ਝੱਲਾ ਜਿਹਾ ਦਿਲ ਵਾਰੀ ਵਾਰੀ ਫੋਨ ‘ਤੇ ਟਾਈਮ ਦੇਖ ਰਿਹਾ ਸੀ। ਇਕ-ਇਕ ਪਲ ਵਰ੍ਹੇ ਵਾਂਗ ਲੱਗ ਰਿਹਾ ਸੀ।
ਫੋਟੋਆਂ ਦੇਖੀਆਂ ਹੋਣ ਕਰਕੇ ਦੋਵਾਂ ਨੇ ਇਕ ਦੂਜੇ ਨੂੰ ਝੱਟ ਹੀ ਪਛਾਣ ਲਿਆ।
“ਤੂੰ ਫੋਟੋਆਂ ਨਾਲ਼ੋਂ ਕਿਤੇ ਵੱਧ ਸੋਹਣੀ ਏਂ।” ਉਸਨੇ ਮਿਲਦਿਆਂ ਹੀ ਮੁਸਕਰਾ ਕੇ ਕਿਹਾ।
ਇਹੋ ਜਿਹੇ ਸ਼ਬਦ ਮੈਂ ਰੁਪਿੰਦਰ ਦੇ ਮੂੰਹੋਂ ਸੁਣਨ ਨੂੰ ਤਰਸਦੀ ਰਹੀ। ‘ਸ਼ੁਕਰੀਆ` ਆਖ ਮੇਰੇ ਨੈਣ ਸ਼ਰਮ ਨਾਲ ਝੁਕ ਗਏ। ਅਸੀਂ ਦੋਵੇਂ ਰੈਸਟੋਰੈਂਟ ਦੇ ਅੰਦਰ ਚਲੇ ਗਏ। ਕੌਫੀ ਆਰਡਰ ਕਰਕੇ ਆਹਮੋ-ਸਾਹਮਣੀਆਂ ਕੁਰਸੀਆਂ ‘ਤੇ ਬਹਿ ਗਏ।
“ਕੁਝ ਬੋਲ ਤਾਂ ਜੋ ਅਹਿਸਾਸਾਂ ਦਾ ਪਤਾ ਲੱਗੇ।” ਮੈਨੂੰ ਚੁੱਪ ਵੇਖ ਉਸਨੇ ਕਿਹਾ।
“ਮੈਂ ਕੀ ਸੁਣਾਵਾਂ, ਤੁਸੀਂ ਸੁਣਾਉ।”
“ਤੇਰਾ ਸੱਚ ਜੋ ਸਿਰਫ ਤੂੰ ਜਾਣਦੀ ਏਂ।” ਉਹ ਮੇਰੇ ਬਾਰੇ ਜਾਣਨ ਲਈ ਕਾਹਲ਼ਾ ਸੀ।
ਮੈਂ ਆਪਣਾ ਲਿਖਿਆ ਸ਼ਿਅਰ ਸੁਣਾਇਆ।
“ਇਹ ਤਾਂ ਬਹੁਤ ਇਸ਼ਾਰੇ ਕਰ ਰਿਹਾ ਏ, ਕੀ ਸਮਝੀਏ?” ਸ਼ਿਅਰ ਸੁਣ ਕੇ ਉਹ ਤੁਰੰਤ ਬੋਲਿਆ।
“ਹਾ ਹਾ ਹਾ…ਕੁਝ ਵੀ ਨਈਂ, ਇਹ ਤਾਂ ਸਿਰਫ ਕਾਗ਼ਜ਼ ‘ਤੇ ਝਰੀਟਾਂ ਨੇ।” ਮੈਂ ਆਪਣੇ ਜਜ਼ਬਾਤ ਲੁਕੋਣ ਦੀ ਕੋਸ਼ਿਸ਼ ਕੀਤੀ।
“ਝਰੀਟਾਂ ਨਿਸ਼ਾਨ ਪਾਉਂਦੀਆਂ ਨੇ।” ਉਹਨੇ ਮੇਰੇ ਚਿਹਰੇ ‘ਤੇ ਨਜ਼ਰਾਂ ਗੱਡ ਲਈਆਂ, ਜਿਵੇਂ ਕੁਝ ਪੜ੍ਹ ਰਿਹਾ ਹੋਵੇ।
“ਹੁਣ ਇਸ ਸਭ ਦੀ ਨਾ ਉਮਰ ਏ ਤੇ ਨਾ ਹੀ ਹਿੰਮਤ।” ਮੇਰੇ ਅੰਦਰੋਂ ਹਉਕਾ ਜਿਹਾ ਨਿਕਲਿਆ।
“ਤੇਰੇ ਸ਼ਿਅਰ ਬੋਲ ਰਹੇ ਆ।”
“ਉਹ ਤਾਂ ਮੇਰੇ ਅੰਦਰ ਬੈਠੀ ਕਵਿੱਤਰੀ ਦੇ ਨੇ।”
“ਫਿਰ ਉਹ ਤਾਂ ਚਾਹੁੰਦੀ ਏ ਨਾ?” ਉਹ ਅੱਖਾਂ ਵਿਚ ਅੱਖਾਂ ਪਾ ਕੇ ਪੁੱਛਦਾ ਹੈ।
“ਚਾਹੀ ਜਾਏ।” ਮੈਂ ਨਜ਼ਰਾਂ ਚੁਰਾ ਲੈਂਦੀ ਹਾਂ।
“ਨਾ ਮਾਰ ਉਹਦੀਆਂ ਖਵਾਹਿਸ਼ਾਂ ਨੂੰ।”
“ਉਹਦੀ ਮਰਜ਼ੀ।”
“ਮਰਜ਼ੀ ਤੇਰਾ ਸਾਥ ਭਾਲ਼ ਰਹੀ ਏ, ਇਕ ਜ਼ਰੀਏ ਵਾਂਗ।”
“ਹੁਣ ਤਾਂ ਰੁੱਤਾਂ ਬਦਲ ਗਈਆਂ, ਸ਼ਾਮਾਂ ਪੈ ਗਈਆਂ।”
“ਸ਼ਾਮਾਂ ਚਾਨਣੀਆਂ ਵੀ ਹੁੰਦੀਆਂ, ਧੁੱਪ ਦਾ ਸੇਕ ਨਹੀਂ ਲੱਗਦਾ।”
“ਵਾਹ! ਬਹੁਤ ਸੋਹਣੀ ਗੱਲ ਆ, ਚੰਗੇ ਸ਼ਾਇਰ ਹੋ ਤੁਸੀਂ।” ਮੈਂ ਗੱਲ ਬਦਲਣੀ ਚਾਹੀ।
“ਸਿਰਫ ਗੱਲ ਸੋਹਣੀ ਤੀਕ ਸੀਮਿਤ ਕਰਨਾ?” ਉਹ ਗੁੱਝਾ ਜਿਹਾ ਮੁਸਕਰਾਇਆ।
“ਗੱਲਾਂ ਬਹੁਤ ਆਉਂਦੀਆਂ ਨੇ ਤੁਹਾਨੂੰ।”
“ਨਹੀਂ ਪਸੰਦ ਤਾਂ ਬੰਦ ਕਰ ਦਿੰਦੇ ਆਂ।”
“ਨਹੀਂ, ਨਹੀਂ…ਸੋਹਣੀਆਂ ਨੇ, ਕਰੋ। ਸ਼ਾਇਦ ਇਸ ‘ਚੋਂ ਕੋਈ ਕਹਾਣੀ ਜਨਮ ਲੈ ਲਵੇ।” ਮੈਨੂੰ ਉਸਦੀਆਂ ਗੱਲਾਂ ਚੰਗੀਆਂ ਲੱਗ ਰਹੀਆਂ ਸੀ।
“ਕਹਾਣੀ ਨਹੀਂ, ਹਕੀਕਤ ਹੋਵੇ ਬਸ। ਮੈਂ ਤੈਨੂੰ ਪੜ੍ਹਨਾ ਚਾਹੁੰਦਾ ਆਂ।”
“ਔਖੀ ਆ, ਡਾਕਟਰੀ ਨਾਲ਼ੋਂ।”
“ਕੋਈ ਨਾ, ਚਲ ਦੱਸ ਕਿਸ ਚੀਜ਼ ਵਿਚ ਵਿਸ਼ਵਾਸ ਆ?”
“ਖੂਨ ਦੇ ਰਿਸ਼ਤਿਆਂ ‘ਚ ਜਾਂ ਫਿਰ ਦੋਸਤੀ।”
“ਮੁਹੱਬਤ…?”
“ਉੱਕਾ ਵੀ ਨਹੀਂ।” ਮੈਂ ਝੂਠ ਬੋਲ ਦਿੰਦੀ ਹਾਂ।
“ਕਵਿੱਤਰੀ ਆ ਜੋ?”
“ਉਹ ਮੇਰੇ ਅੰਦਰ ਆ ਜਾਂ ਫਿਰ ਕਾਗ਼ਜ਼ਾਂ ‘ਤੇ… ਉਹਨੂੰ ਕਲਪਨਾ ਵਿਚ ਹੀ ਜਿਊਣ ਦਿਓ।”
“ਮੈਂ ਕਵਿੱਤਰੀ ਨੂੰ ਮਿਲਣਾ ਏ।”
“ਉਹ ਬਾਹਰ ਨਹੀਂ ਆਉਣਾ ਚਾਹੁੰਦੀ, ਡਰਪੋਕ ਆ।”
“ਚਾਹੁੰਦੀ ਆ, ਤੂੰ ਬੰਨ੍ਹ ਰੱਖੀ ਆ। ਕੋਈ ਨਾ, ਮੈਂ ਸਨਮਾਨ ਨਾਲ ਬਾਹਰ ਲੈ ਕੇ ਆਵਾਂਗਾ।”
“ਦੇਖਦੇ ਆਂ।” ਆਖ ਮੈਂ ਮੁਸਕਰਾ ਪਈ।
“ਲੇਖਕ ਕਿਹੜੇ-ਕਿਹੜੇ ਪਸੰਦ ਨੇ।”
“ਸ਼ਿਵ ਕੁਮਾਰ ਬਟਾਲਵੀ ‘ਤੇ ਫਿਦਾਅ ਸੀ ਕਿਸੇ ਟਾਈਮ ਮੈਂ ਪਰ ਅਫ਼ਸੋਸ, ਉਹ ਮੇਰੇ ਜੰਮਣ ਤੋਂ ਪਹਿਲਾਂ ਹੀ ਤੁਰ ਗਿਆ।”
“ਕੋਈ ਟੁੱਟਿਆ ਭੱਜਿਆ ਲੇਖਕ ਵੀ ਪਸੰਦ ਆ ਮੇਰੇ ਵਰਗਾ।” ਉਹਨੇ ਆਪਣੇ ਆਪ ਵੱਲ ਹੱਥ ਕਰ ਕੇ ਆਖਿਆ।
“ਲੇਖਕ ਤਾਂ ਟੁੱਟੇ ਭੱਜੇ ਹੀ ਹੁੰਦੇ ਆ, ਸਾਬਤ ਬੰਦਾ ਤਾਂ ਲਿਖਦਾ ਹੀ ਨਹੀਂ ਕੁਝ।”
ਕੁਝ ਦੇਰ ਦੋਵਾਂ ਵਿਚਾਲ਼ੇ ਚੁੱਪ ਛਾ ਗਈ। ਏਨੇ ਨੂੰ ਵੇਟਰ ਕੌਫੀ ਲੈ ਆਇਆ।
“ਬੋਲੋ ਕੁਝ।” ਕੌਫੀ ਦੀ ਘੁੱਟ ਭਰਦਿਆਂ ਮੈਂ ਉਹਨੂੰ ਕਿਹਾ।
“ਤੂੰ ਉਹ ਆਂ ਜੀਹਨੇ ਮੇਰੇ ਸ਼ਬਦ ਖਤਮ ਕਰ ਦਿੱਤੇ।” ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਬੋਲਿਆ।
“ਕਮਾਲ ਆ, ਮੈਂ ਤਾਂ ਸੁਣਿਆ ਸੀ ਕਿ ਕੁੜੀਆਂ ਸ਼ਬਦ ਵੰਡਦੀਆਂ ਨੇ। ਸੰਪੂਰਨ ਕਵਿਤਾ ਹੁੰਦੀਆਂ ਨੇ ਕੁੜੀਆਂ।”
“ਅਪਣਾ ਰਿਹਾ ਆਂ ਕਵਿਤਾ ਨੂੰ, ਕਵਿਤਾ ਸਮਝੇ ਤਾਂ ਈ ਆ।” ਉਹ ਮੇਰੀਆਂ ਅੱਖਾਂ ਵਿਚ ਝਾਕਿਆ।
ਉਹਨੂੰ ਮਿੱਠਾ ਪਸੰਦ ਹੈ, ਤਾਂ ਹੀ ਉਹ ਕੌਫੀ ਵਿਚ ਹੋਰ ਸ਼ੂਗਰ ਮਿਲਾਉਣ ਲੱਗਾ।
“ਕੁਝ ਮਹਿਸੂਸ ਹੋ ਰਿਹਾ ਏ?” ਮੈਨੂੰ ਲੱਗਾ ਉਹ ਮੇਰੇ ਅੰਦਰ ਹੋਈ ਹਲਚਲ ਨੂੰ ਫੜਨ ਦੀ ਕੋਸ਼ਿਸ਼ ਕਰ ਰਿਹਾ ਏ।
“ਦੋਸਤੀ।”
“ਇਕ ਸ਼ਬਦ ਵਿਚ ਹੀ ਸਮੇਟਣਾ ਸਭ ਕੁਝ?” ਸ਼ਾਇਦ ਉਹ ਮੇਰੇ ਮੂੰਹੋਂ ਕੁਝ ਹੋਰ ਸੁਣਨਾ ਚਾਹੁੰਦਾ ਸੀ।
“ਸ਼ਬਦ ਚਾਹੇ ਇਕ ਆ ਪਰ ਬਹੁਤ ਕੁਝ ਸਮੇਟ ਲੈਂਦਾ ਇਹ ਆਪਣੇ ਅੰਦਰ।”
“ਦੋਸਤੀ ਕਬੂਲ ਆ?” ਉਹਨੇ ਆਪਣਾ ਸੱਜਾ ਹੱਥ ਮੇਰੇ ਵੱਲ ਵਧਾਉਂਦਿਆਂ ਪੁੱਛਿਆ।
“ਕਬੂਲ ਆ।” ਉਹਦੇ ਹੱਥ ‘ਤੇ ਮੈਂ ਆਪਣਾ ਹੱਥ ਧਰਦਿਆਂ ਕਿਹਾ।
ਉਹਨੇ ਹਲਕਾ ਜਿਹਾ ਹੱਥ ਘੁੱਟਿਆ ਤਾਂ ਮੇਰੇ ਅੰਦਰ ਕਰੰਟ ਜਿਹਾ ਫਿਰ ਗਿਆ।
ਮੇਰੀ ਉਮੀਦ ਤੋਂ ਉਲਟ ਜਦੋਂ ਦਾ ਉਹਨੇ ਮੇਰਾ ਹੱਥ ਫੜ ਕੇ ਘੁੱਟਿਆ ਉਦੋਂ ਦੀ ਮੈਂ ਸਹਿਜ ਨਹੀਂ ਸਾਂ।
“ਚੱਲੀਏ?” ਕੌਫੀ ਖਤਮ ਕਰਦਿਆਂ ਹੀ ਮੈਂ ਪੁੱਛਿਆ।
“ਡਰ ਲੱਗਦੈ?”
“ਨਹੀਂ ਤਾਂ।”
“ਮੈਨੂੰ ਲੱਗਾ ਹੁਣ ਤੂੰ ਡਰ ਰਹੀ ਏਂ ਮੇਰੇ ਤੋਂ।”
“ਦੋਸਤ ਤੋਂ ਕਾਹਦਾ ਡਰ!” ਮੈਂ ਨਾਰਮਲ ਹੋਣ ਦੀ ਕੋਸ਼ਿਸ਼ ਕੀਤੀ।
“ਵਾਅਦਾ ਕਰ ਛੇਤੀ ਮਿਲੇਂਗੀ।”
“ਹੂੰਅ।” ਮੇਰੇ ਮੂੰਹੋਂ ਹੋਰ ਸ਼ਬਦ ਨਾ ਨਿਕਲਿਆ।
ਰੈਸਟੋਰੈਂਟ ਵਿਚੋਂ ਨਿਕਲ ਅਸੀਂ ਆਪੋ-ਆਪਣੇ ਰਾਹ ਪੈ ਗਏ। ਘਰ ਆ ਕੇ ਉਹਦੇ ਬਾਰੇ ਹੀ ਸੋਚੀ ਗਈ। ਹੈ ਭਾਵੇਂ ਉਹ ਡਾਕਟਰ ਪਰ ਚਿਹਰੇ ਪੜ੍ਹਨੇ ਬਾਖੂਬੀ ਜਾਣਦਾ ਆ। ਮੈਂ ਹਰ ਗੱਲ ਵਿਚ ਉਹਦੀ ਤੇ ਰੁਪਿੰਦਰ ਦੀ ਤੁਲਨਾ ਕਰਦੀ ਤਾਂ ਹਰ ਥਾਂ ‘ਤੇ ਉਹਦਾ ਪੱਲੜਾ ਹੀ ਭਾਰੀ ਰਿਹਾ। ਉਹ ਮੁਹੱਬਤੀ ਇਨਸਾਨ ਔਰਤ ਦੀਆਂ ਭਾਵਨਾਵਾਂ ਸਮਝਦਾ ਆ। “ਕਾਸ਼! ਰੁਪਿੰਦਰ ਵੀ ਉਹਦੇ ਵਰਗਾ ਹੁੰਦਾ।” ਮੈਂ ਲੰਬਾ ਜਿਹਾ ਸਾਹ ਲੈ ਕੇ ਛੱਡਦੀ ਹਾਂ।
“ਅੱਜ ਬੜੀ ਖੁਸ਼ ਏਂ।” ਰੁਪਿੰਦਰ ਦੇ ਇਸ ਸਵਾਲ ਨੇ ਮੈਨੂੰ ਚੌਂਕਾ ਦਿੱਤਾ। ਅੱਜ ਉਸਨੇ ਇਹ ਸਵਾਲ ਆਪਣੇ ਸੁਭਾਅ ਦੇ ਉਲਟ ਕੀਤਾ। ਪਹਿਲਾਂ ਉਹਨੇ ਕਦੇ ਏਦਾਂ ਨਹੀਂ ਕਿਹਾ। ਹੋ ਸਕਦਾ ਉਹ ਬਿਨਾਂ ਕਹੇ ਨੋਟ ਕਰਦਾ ਹੋਵੇ।
ਮਨ ਵਿਚ ਚੋਰ ਹੋਣ ਕਰਕੇ ਮੈਂ ਉਹਨੂੰ ਮਿਲਣ ਵਾਲੀ ਗੱਲ ਰੁਪਿੰਦਰ ਤੋਂ ਛੁਪਾ ਲਈ। ਅੱਜ ਪਹਿਲੀ ਵਾਰ ਸੀ ਕਿ ਰੁਪਿੰਦਰ ਨਾਲ ਨਜ਼ਰ ਮਿਲਾਉਂਦਿਆਂ ਮੈਨੂੰ ਘਬਰਾਹਟ ਜਿਹੀ ਹੋ ਰਹੀ ਸੀ।
ਉਹ ਸ਼ਬਦਾਂ ਦਾ ਜਾਦੂਗਰ ਆ। ਕੀਲਣਾ ਜਾਣਦਾ ਏ। ਹੌਲ਼ੀ-ਹੌਲ਼ੀ ਰੁਪਿੰਦਰ ਵੱਲੋਂ ਧਿਆਨ ਹਟਦਾ ਉਹਦੇ ਵੱਲ ਲੱਗਣ ਲੱਗਾ। ਉਹ ਹੀ ਸਾਰਾ ਦਿਨ ਦਿਲ ਦਿਮਾਗ਼ ‘ਤੇ ਛਾਇਆ ਰਹਿੰਦਾ। ਫੋਨ ‘ਤੇ ਘੰਟਿਆਂ ਬੱਧੀ ਗੱਲ ਕਰਕੇ ਵੀ ਮਨ ਨਾ ਭਰਦਾ।
“ਮਹੀਨਾ ਹੋ ਚੱਲਿਆ ਚੰਨ ਨੂੰ ਤੱਕਿਆਂ, ਹੁਣ ਤਾਂ ਆ ਜੋ ਚੰਨ ਜੀ।” ਉਹ ਫੋਨ ‘ਤੇ ਆਖਦਾ।
ਮੇਰਾ ਜੀਅ ਵੀ ਕਰਦਾ ਮਿਲਣ ਨੂੰ ਪਰ ਮੈਂ ਬਹਾਨੇ ਜਿਹੇ ਮਾਰ ਦਿੰਦੀ ਕਿਉਂਕਿ ਜਦੋਂ ਵੀ ਜਾਣ ਲਈ ਮਨ ਪੱਕਾ ਜਿਹਾ ਕਰਦੀ ਤਾਂ ਰੁਪਿੰਦਰ ਨਾਲ ਧੋਖਾ ਕਰਨ ਨੂੰ ਮਨ ਨਾ ਕਰਦਾ। ਮੈਂ ਦੋ ਚੱਕੀਆਂ ਵਿਚ ਪਿਸਣ ਲੱਗੀ।
ਇਸੇ ਕਸ਼ਮਕਸ਼ ਵਿਚ ਭੁੱਲ ਗਈ ਕਿ ਇਸ ਵਾਰ ਪੀਰੀਅਡਸ ਨਹੀਂ ਆਏ। ਦਿਨ ਗਿਣੇ ਤਾਂ ਦਸ ਦਿਨ ਉੱਤੇ ਹੋ ਗਏ ਸੀ। ਟੈੱਸਟ ਕੀਤਾ ਤਾਂ ਖੁਸ਼ੀ ਦੀ ਕੋਈ ਹੱਦ ਨਾ ਰਹੀ। ਰੁਪਿੰਦਰ ਦਾ ਅੰਸ਼ ਮੇਰੀ ਕੁੱਖ ਵਿਚ ਧੜਕ ਰਿਹਾ ਸੀ।
“ਕਿਵੇਂ ਦੱਸਾਂਗੀ, ਕੀ ਕਹਾਂਗੀ।” ਮੈਂ ਰੁਪਿੰਦਰ ਨੂੰ ਇਹ ਖੁਸ਼ਖਬਰੀ ਸੁਣਾਉਣ ਲਈ ਸ਼ਬਦ ਲੱਭਣ ਲੱਗੀ। ਸ਼ੀਸ਼ੇ ਮੂਹਰੇ ਖੜ੍ਹ ਕੇ ਦੇਖਿਆ ਤਾਂ ਆਪਣਾ ਅਕਸ ਬਹੁਤ ਪਿਆਰਾ ਲੱਗਾ। ਮੱਲੋ ਜ਼ੋਰੀ ਹੱਥ ਪੇਟ ਨੂੰ ਟੋਹਣ ਲੱਗੇ।
ਰੁਪਿੰਦਰ ਆਇਆ ਤਾਂ ਮੈਂ ਉਹਦੇ ਗਲ਼ ਦੁਆਲੇ ਬਾਹਾਂ ਵਲ਼ ਕੇ ਉਹਦੀਆਂ ਅੱਖਾਂ ਵਿਚ ਦੇਖਣ ਲੱਗੀ। ਉਹਨੇ ਮੇਰੇ ਅੰਦਰ ਖੌਰੂ ਪਾਉਂਦੀ ਖੁਸ਼ੀ ਨੂੰ ਝੱਟ ਵੇਖ ਲਿਆ।
“ਕੀ ਗੱਲ ਸੋਹਣਿਓ, ਖ਼ੈਰ ਆ?”
“ਕੰਨ ਕਰੋ।” ਕਹਿ ਕੇ ਮੈਂ ਰੁਪਿੰਦਰ ਦੇ ਕੰਨ ਕੋਲ਼ ਆਪਣਾ ਮੂੰਹ ਕੀਤਾ।
“ਤੁਸੀਂ ਪਾਪਾ…।” ਕਹਿ ਮੈਂ ਰੁਪਿੰਦਰ ਦਾ ਹੱਥ ਫੜ ਆਪਣੇ ਪੇਟ ‘ਤੇ ਰੱਖ ਦਿੱਤਾ।
ਰੁਪਿੰਦਰ ਨੇ ਖੁਸ਼ੀ ਨਾਲ ਮੈਨੂੰ ਘੁੱਟ ਕੇ ਕਲ਼ੇਜੇ ਨਾਲ ਲਾ ਲਿਆ। ਖੁਸ਼ੀ ਵਿਚ ਖੀਵਾ ਹੋਇਆ ਉਹ ਮੁੜ-ਮੁੜ ਮੇਰਾ ਮੱਥਾ ਚੁੰਮ ਰਿਹਾ ਸੀ।
“ਤਿਆਰ ਹੋ, ਬਾਹਰ ਡਿਨਰ ਕਰਕੇ ਆਉਂਦੇ ਆਂ।”
“ਪਹਿਲਾਂ ਸ਼ੁਕਰਾਨੇ ਲਈ ਗੁਰੂ ਘਰ ਚੱਲਾਂਗੇ।” ਆਖ ਮੈਂ ਤਿਆਰ ਹੋਣ ਲੱਗ ਪਈ।
ਉਹਦਾ ਫੋਨ ਆ ਗਿਆ। ਮੈਂ ਕੱਟ ਦਿੱਤਾ। ਬੜੀ ਵਾਰੀ ਆਇਆ। ਹਰ ਵਾਰੀ ਕੱਟਿਆ।
ਰੁਪਿੰਦਰ ਨੇ ਏਨੀਆਂ ਗੱਲਾਂ ਕੀਤੀਆਂ ਜੋ ਉਹਨੇ ਏਨੇ ਸਾਲਾਂ ਵਿਚ ਨਹੀਂ ਕੀਤੀਆਂ ਸੀ। ਆਪਣੇ ਬਚਪਨ ਦੀਆਂ, ਸਕੂਲ ਦੀਆਂ, ਕਾਲਜ ਦੀਆਂ, ਸਭ। ਘਰ ਪਰਤਦਿਆਂ ਅਹਿਸਾਸ ਹੋਇਆ ਕਿ ਰੁਪਿੰਦਰ ਵਧੀਆ ਇਨਸਾਨ ਆ। ਉਹ ਬਸ ਚੁੱਪ ਤੇ ਸ਼ਾਂਤ ਰਹਿ ਕੇ ਆਪਣੇ ਅੰਦਰਲੀ ਤਕਲੀਫ਼ ਨੂੰ ਲਕੋਣਾ ਜਾਣਦਾ ਆ।ਅੱਜ ਉਹ ਖੁਸ਼ ਆ ਤਾਂ ਲੀਰਾਂ ਦੀ ਖਿੱਦੋ ਵਾਂਗ ਖੁੱਲ੍ਹਦਾ ਹੀ ਚਲਾ ਗਿਆ। ਮੈਨੂੰ ਲੱਗਾ ਕਿ ਮੈਂ ਇਸ ਰੁਪਿੰਦਰ ਨੂੰ ਤਾਂ ਕਦੇ ਮਿਲੀ ਹੀ ਨਹੀਂ ਸੀ। ਰੁਪਿੰਦਰ ਦੇ ਇਸ ਨਵੇਂ ਰੂਪ ‘ਤੇ ਮੈਨੂੰ ਪਿਆਰ ਆਈ ਜਾਵੇ।
ਅੱਜ ਦਾ ਦਿਨ ਯਾਦਗਾਰੀ ਦਿਨ ਬਣ ਗਿਆ। ਮੈਂ ਬੇਹੱਦ ਖੁਸ਼਼ ਸੀ ਤੇ ਮੇਰੇ ਤੋਂ ਵੀ ਵੱਧ ਰੁਪਿੰਦਰ। ਫੋਨ ਵੱਜਿਆ। ਉਹਦਾ ਨੰਬਰ ਵੇਖ ਮੈਂ ਨੰਬਰ ਬਲੌਕ ਲਿਸਟ ਵਿਚ ਪਾ ਦਿੱਤਾ। ਆਪਣੇ ਵਿਚ ਉਸਰਦੀ ਕੰਧ ਨੂੰ ਢਾਹ ਕੇ ਮੈਂ ਰੁਪਿੰਦਰ ਦੀ ਬਾਂਹ ਨੂੰ ਸਿਰਹਾਣਾ ਬਣਾ ਕੇ ਪੈ ਗਈ।